Category Archives: Tarksheel

ਦਹਿਸ਼ਤ ਦੇ ਦਿਨਾਂ ਦਾ ਖ਼ੌਫ਼

ਮੇਘ ਰਾਜ ਮਿੱਤਰ, 98887 87440khalista
1978 ਤੋਂ ਲੈ ਕੇ 1993 ਤਕ ਪੰਜਾਬ ਦੇ ਲੋਕਾਂ ਨੇ ਦਹਿਸ਼ਤਗਰਦੀ ਦਾ ਖ਼ੌਫ਼ ਝੱਲਿਆ ਹੈ। ਇਹ ਅਜਿਹਾ ਕਾਲਾ ਦੌਰ ਸੀ, ਜਦੋਂ ਲੋਕ ਸੱਥਾਂ ਵਿਚ ਬੈਠ ਕੇ ਗੱਲਾਂ ਕਰਨਾ ਬੰਦ ਕਰ ਗਏ ਸਨ। ਜੇ ਕੋਈ ਗੱਲ ਕਰਨੀ ਵੀ ਹੁੰਦੀ ਤਾਂ ਘਰਾਂ ਦੇ ਅੰਦਰਲੇ ਕਮਰਿਆਂ ਵਿਚ ਜਾ ਕੇ ਕੰਨਾਂ ਵਿਚ ਹੀ ਘੁਸਰ-ਮੁਸਰ ਕਰਦੇ। ਗਲੀਆਂ ਦੇ ਕੁੱਤਿਆਂ ਨੇ ਭੌਂਕਣਾ ਬੰਦ ਕਰ ਦਿੱਤਾ ਸੀ। ਕਿਉਂਕਿ ਜਾਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਸੀ ਜਾਂ ਸੰਗਲੀਆਂ ਪਾ ਕੇ ਕਮਰਿਆਂ ਅੰਦਰ ਡੱਕ ਦਿੱਤਾ ਸੀ ਤਾਂ ਕਿ ਰਾਤ ਨੂੰ ਗਲੀਆਂ ਵਿਚ ਫਿਰਦੇ ਬੇਗਾਨੇ ਬੰਦਿਆਂ ਦੀਆਂ ਗਤੀਵਿਧੀਆਂ ਬਾਰੇ ਬਿੜਕ ਨਾ ਲੱਗੇ। ਪੰਜਾਬ ਦੇ ਸ਼ਹਿਰਾਂ ਵਿਚ ਬਹੁਤ ਸਾਰੇ ਘਰ ਖਾਲੀ ਹੋ ਗਏ ਸਨ। ਜਦੋਂ ਕਿ ਹਰਿਆਣਾ ਦੇ ਨੇੜਲੇ ਸ਼ਹਿਰਾਂ ਵਿਚ ਘਰਾਂ ਦੇ ਕਿਰਾਏ ਤੇ ਕੀਮਤਾਂ ਵਧ ਗਈਆਂ ਸਨ। ਹਸਪਤਾਲਾਂ ਵਿਚ ਹਰ ਰੋਜ਼ ਚਾਰ-ਪੰਜ ਲਾਸ਼ਾਂ ਪੋਸਟਮਾਰਟਮ ਲਈ ਆ ਰਹੀਆਂ ਸਨ। ਇਹ ਜਾਂ ਤਾਂ ਪੁਲਿਸ ਦੇ ਫ਼ਰਜ਼ੀ ਮੁਕਾਬਲਿਆਂ ਵਿਚ ਮਾਰੇ ਹੁੰਦੇ ਜਾਂ ਖ਼ਾਲਿਸਤਾਨੀਆਂ ਨੇ ਬੱਸਾਂ ਵਿਚੋਂ ਕੱਢ ਕੇ ਗੱਡੀ ਚਾੜ੍ਹੇ ਹੁੰਦੇ। ਬੰਦੇ ਦਾ ਘੋਗਾ ਚਿੱਤ ਕਰਨ ਲਈ ਘੜਿਆਂ ਵਿਚੋਂ ਪਰਚੀਆਂ ਕੱਢੀਆਂ ਜਾ ਰਹੀਆਂ ਸਨ।
ਇਨ੍ਹਾਂ ਦਿਨਾਂ ਦੌਰਾਨ ਮੇਰਾ ਬੇਟਾ ਰੂਸ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਸੀ। ਛੁੱਟੀਆਂ ਕਾਰਨ ਉਹ ਘਰ ਆ ਗਿਆ ਸੀ। ਉਸ ਨਾਲ ਪੜ੍ਹਦੀ ਇਕ ਲੜਕੀ ਨੇ ਉਸ ਨੂੰ ਡਬਲ ਬੈੱਡ ਦਾ ਇਕ ਕੰਬਲ ਫੜਾ ਦਿੱਤਾ ਤਾਂ ਜੋ ਮਾਲੇਰਕੋਟਲੇ ਕੋਲ ਉਸ ਦੇ ਘਰ ਪਹੁੰਚਾਇਆ ਜਾ ਸਕੇ। ਬੇਟੇ ਨੇ ਆਪਣੇ ਇਕ ਦੋਸਤ ਨੂੰ ਨਾਲ ਲਿਆ। ਸਕੂਟਰ ਦੀ ਪਿਛਲੀ ਸੀਟ ‘ਤੇ ਬੈਠੇ ਪੱਗ ਵਾਲੇ ਉਸ ਦੇ ਦੋਸਤ ਨੇ ਕੰਬਲ ਵਿਚਾਲੇ ਰੱਖ ਲਿਆ। ਮੈਂ ਆਪਣੇ ਬੇਟੇ ਨੂੰ ਸਿਰ ‘ਤੇ ਹੈਲਮਟ ਲੈਣ ਲਈ ਜ਼ੋਰ ਪਾਉਣ ਲੱਗ ਪਿਆ। ਪਰ ਉਹ ਹੈਲਮਟ ਨਾ ਲੈ ਕੇ ਜਾਣ ‘ਤੇ ਅੜ ਗਿਆ। ਮਾਲੇਰਕੋਟਲੇ ਤਕ ਆਉਣ-ਜਾਣ ਦਾ ਸਫ਼ਰ ਕਰੀਬ 140 ਕਿਲੋਮੀਟਰ ਸੀ। ਮੈਂ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਹੈਲਮਟ ਤੋਂ ਬਗੈਰ ਜਾਣ ਨਹੀਂ ਸੀ ਦੇਣਾ ਚਾਹੁੰਦਾ। ਉਸ ਦੇ ਦੋਸਤ ਨੇ ਇਹ ਕਹਿ ਕੇ ਮੇਰੇ ਕੋਲੋਂ ਹੈਲਮਟ ਫੜ ਲਿਆ, ”ਅੰਕਲ ਜੀ! ਸ਼ਹਿਰ ਨਿਕਲਦਿਆਂ ਹੀ ਮੈਂ ਇਸ ਦੇ ਸਿਰ ‘ਤੇ ਹੈਲਮਟ ਰੱਖ ਦਿਆਂਗਾ।” ਜਾਣ ਤੋਂ ਪੰਜ-ਸੱਤ ਮਿੰਟਾਂ ਬਾਅਦ ਹੀ ਮੇਰਾ ਬੇਟਾ ਲਹੂ-ਲੁਹਾਣ ਹੋ ਕੇ ਘਰ ਮੁੜ ਆਇਆ। ਕਹਿਣ ਲੱਗਿਆ, ”ਪਾਪਾ ਜੀ! ਅੱਜ ਤਾਂ ਤੁਸੀਂ ਮੈਨੂੰ ਬਚਾ ਲਿਆ। ਅਜੇ ਮੈਂ ਸੰਘੇੜੇ ਹੀ ਪਹੁੰਚਿਆ ਸਾਂ ਕਿ ਗਲੀ ਵਿਚੋਂ ਆਉਂਦੇ ਇਕ ਤੇਜ਼ ਰਫ਼ਤਾਰ ਰੇਹੜੇ ਨੇ ਸਾਨੂੰ ਟੱਕਰ ਮਾਰ ਦਿੱਤੀ। ਹੈਲਮਟ ਟੁੱਟ ਗਿਆ। ਇਸ ਲਈ ਮੈਂ ਉਸ ਨੂੰ ਉਥੇ ਹੀ ਸੁੱਟ ਆਇਆ ਹਾਂ।”
ਮੈਂ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ। ਡਾਕਟਰ ਨੇ ਸਿਰ ‘ਤੇ ਟਾਂਕੇ ਲਾ ਕੇ ਪੱਟੀ ਕਰ ਦਿੱਤੀ। ਉਸੇ ਸਮੇਂ ਖ਼ੂਨ ਨਾਲ ਲੱਥ-ਪੱਥ ਇਕ ਇਸਤਰੀ ਨੂੰ ਉਸ ਦਾ ਪਤੀ ਹਸਪਤਾਲ ਲੈ ਕੇ ਆਇਆ। ਉਸ ਦਾ ਚਿਹਰਾ ਥਾਂ-ਥਾਂ ਤੋਂ ਝਰੀਟਿਆ ਹੋਇਆ ਸੀ। ਮੈਂ ਉਸ ਦੇ ਘਰਵਾਲੇ ਨੂੰ ਪੁੱਛਿਆ, ”ਇਸ ਦੇ ਸੱਟਾਂ ਕਿਵੇਂ ਵੱਜੀਆਂ?” ਉਹ ਕਹਿਣ ਲੱਗਿਆ, ”ਕੱਲ੍ਹ ਖਾੜਕੂਆਂ ਦਾ ਬੰਦ ਹੋਣ ਕਾਰਨ ਅਸੀਂ ਦੋਵੇਂ ਅੱਜ ਬਰਨਾਲੇ ਘਰ ਦਾ ਸਾਮਾਨ ਖ਼ਰੀਦਣ ਆ ਰਹੇ ਸਾਂ। ਇਨ੍ਹੇ ਵਿਚ ਮੇਰੇ ਸਕੂਟਰ ਕੋਲੋਂ ਦੀ ਲੰਘ ਰਹੇ ਸਾਇਕਲ ਦੇ ਟਾਇਰ ਦਾ ਪਟਾਕਾ ਪੈ ਗਿਆ। ਸਕੂਟਰ ਦੇ ਪਿੱਛੇ ਬੈਠੀ ਮੇਰੀ ਘਰਵਾਲੀ ਨੇ ਇਹ ਕਹਿ ਕੇ ਛਾਲ ਮਾਰ ਦਿੱਤੀ ਕਿ ਅੱਤਵਾਦੀ ਆ ਗਏ.. ..ਅੱਤਵਾਦੀ ਆ ਗਏ.. .। ਸਕੂਟਰ ਤੇਜ਼ ਸੀ। ਇਸ ਲਈ ਇਹ ਸੜਕ ‘ਤੇ ਮੂੰਹ ਪਰਨੇ ਡਿੱਗ ਪਈ। ਮੂੰਹ-ਮੱਥਾ ਝਰੀਟਿਆ ਗਿਆ।”
‘ਪੰਜਾਬ ਬੰਦ’ ਤੋਂ ਇਕ ਦਿਨ ਬਾਅਦ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਸਾਥੀ ਅਧਿਆਪਕਾਂ ਨੇ ਅਜਿਹੀ ਹੀ ਇਕ ਹੋਰ ਸੱਚੀ ਘਟਨਾ ਸੁਣਾਈ। ਉਨ੍ਹਾਂ ਕਿਹਾ ਕਿ ਕੱਲ੍ਹ ਖਾੜਕੂਆਂ ਦੇ ਦਿੱਤੇ ਬੰਦ ਦੇ ਸੱਦੇ ਦੇ ਬਾਵਜੂਦ ਕਾਲਜ ਸਾਹਮਣੇ ਕੰਟੀਨ ਚਲਾਉਂਦੇ ਹੰਸੇ ਨੇ ਆਪਣੀ ਚਾਹ ਦੀ ਦੁਕਾਨ ਖੁੱਲ੍ਹੀ ਰੱਖੀ। ਸ਼ਾਮ ਨੂੰ ਸੱਤ ਕੁ ਵਜੇ ਉਹ ਅਜੇ ਘਰ ਪੁੱਜਿਆ ਹੀ ਸੀ ਕਿ ਗਲੀ ਵਿਚ ਦੋ ਬੰਦੇ ਟਾਰਚਾਂ ਲੈ ਕੇ ਉਸ ਦਾ ਘਰ ਪੁੱਛ ਰਹੇ ਸਨ। ਹੰਸਾ ਫਟਾ-ਫਟ ਪੌੜੀਆਂ ਚੜ੍ਹਿਆ ਅਤੇੇ ਬਨੇਰਾ ਟੱਪ ਕੇ ਗੁਆਂਢੀਆਂ ਦੇ ਕੋਠੇ ‘ਤੇ ਛਾਲ ਮਾਰ ਦਿੱਤੀ। ਪਿੱਛੇ ਹੀ ਸਾਡੇ ਇਕ ਅਧਿਆਪਕ ਦਾ ਘਰ ਸੀ। ਉਹ ਖੜਾਕ ਸੁਣਕੇ ਪੌੜੀਆਂ ਚੜ੍ਹ ਆਇਆ। ਲੁਕੇ ਬੈਠੇ ਹੰਸੇ ਨੂੰ ਪੁੱਛਣ ਲੱਗਿਆ, ”ਹੰਸਿਆ ਤੂੰ ਕਿਉਂ ਕੰਬ ਰਿਹੈਂ?” ਉਹ ਕਹਿਣ ਲਗਿਆ, ”ਦੋ ਖਾੜਕੂ ਮੈਨੂੰ ਮਾਰਨ ਲਈ ਲੱਭਦੇ ਫਿਰਦੇ ਨੇ।” ਅਧਿਆਪਕ ਕਹਿਣ ਲੱਗਿਆ, ”ਸਾਡੇ ਸਾਰੇ ਟੱਬਰ ਨੂੰ ਵੀ ਮਰਵਾਏਂਗਾ, ਚੱਲ ਭੱਜ ਇਥੋਂ!” ਹੰਸੇ ਨੇ ਨਾਲ ਲਗਦੇ ਇਕ ਹੋਰ ਗੁਆਂਢੀ ਦੇ ਕੋਠੇ ‘ਤੇ ਛਾਲ ਮਾਰ ਦਿੱਤੀ। ਉਹ ਵੀ ਸਾਡੇ ਸਕੂਲ ਦਾ ਕਲਰਕ ਸੀ। ਉਹ ਵੀ ਛੱਤ ‘ਤੇ ਚੜ੍ਹ ਆਇਆ। ਹੰਸੇ ਨੇ ਕਿਹਾ, ”ਮੈਂ ਅੱਜ ਦੁਕਾਨ ਖੋਲ੍ਹ ਕੇ ਰੱਖੀ ਸੀ। ਇਸ ਲਈ ਖਾੜਕੂ ਮੈਨੂੰ ਗੱਡੀ ਚਾੜ੍ਹਨ ਲਈ ਲੱਭ ਰਹੇ ਨੇ।” ਉਸ ਨੇ ਵੀ ਦੋ-ਚਾਰ ਧੱਕੇ ਮਾਰ ਕੇ ਹੰਸੇ ਨੂੰ ਭਜਾ ਦਿੱਤਾ। ਏਨੇ ਨੂੰ ਹੰਸੇ ਦੀ ਘਰਵਾਲੀ ਕੋਠੇ ਉਪਰ ਆ ਗਈ। ਕਹਿਣ ਲੱਗੀ, ”ਉਹ ਬੰਦੇ ਤਾਂ ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ ਸਨ ਅਤੇ ਪੌੜੀ ਮੰਗ ਰਹੇ ਸਨ।”
ਅਜਿਹੇ ਵਿਅਕਤੀਆਂ ਨਾਲ ਸਬੰਧਤ ਬਹੁਤ ਸਾਰੀਆਂ ਘਟਨਾਵਾਂ ਹਨ, ਜਿਨ੍ਹਾਂ ਨੇ ਦਹਿਸ਼ਤਗਰਦੀ ਦਾ ਸੰਤਾਪ ਝੱਲਿਆ ਹੈ। ਕਾਸ਼! ਅਜਿਹੇ ਦਿਨ ਮੁੜ ਨਾ ਆਉਣ।

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

-ਮੇਘ ਰਾਜ ਮਿੱਤਰ, 98887 87440
sci.thinkਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ”ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ ਐਂਵੇਂ ਹੀ ਖਾਣ-ਪੀਣ ‘ਤੇ ਬੰਦਸ਼ਾਂ ਲਾਈਆਂ ਜਾਣ।”
ਰਾਜਵੰਤ ਵੀ ਆਪਣੀ ਨੌਜਵਾਨ ਪਤਨੀ ਅਤੇ ਪੁੱਤਰਾਂ ਨੂੰ ਵਿਲਕਦੇ ਛੱਡ ਧਰਤੀ ਵਿਚ ਸਮਾ ਗਿਆ। ਉਸ ਦੀ ਸੋਚ ਭਾਵੇਂ ਪਦਾਰਥਵਾਦੀ ਸੀ, ਪਰ ਉਸ ਨੇ ਆਪਣੀ ਸਿਹਤ ਪ੍ਰਤੀ ਲੋੜੀਂਦੀ ਚੌਕਸੀ ਨਹੀਂ ਵਰਤੀ। ਨਿੱਕੀ ਜਿਹੀ ਬਿਮਾਰੀ ਨੂੰ ਅਣਗੌਲਿਆ ਕਰ ਦਿੱਤਾ, ਜੋ ਉਸ ਲਈ ਜਾਨਲੇਵਾ ਸਿੱਧ ਹੋਈ। ਮੇਰੇ ਇਸ ਲੇਖ ਦਾ ਉਦੇਸ਼ ਲੰਮੀ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਨਾ ਹੈ।
ਜ਼ਿੰਦਗੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਮਨੁੱਖੀ ਸਰੀਰ ਬਾਰੇ ਇਕ ਸਮਝ ਬਣਾ ਲੈਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਠੰਢੀ ਕਲੀ ਨੂੰ ਠੰਢੇ ਪਾਣੀ ਵਿਚ ਪਾਉਣ ਨਾਲ ਇਸ ਵਿਚ ਹਰਕਤ, ਆਵਾਜ਼ ਅਤੇ ਗਰਮਾਇਸ਼ ਆਦਿ ਪੈਦਾ ਹੋ ਜਾਂਦੇ ਹਨ। ਸਵਾਲ ਇਹ ਹੈ ਕਿ ਊਰਜਾ ਦੇ ਇਹ ਵੱਖ-ਵੱਖ ਰੂਪ ਕਿਵੇਂ ਪੈਦਾ ਹੋ ਗਏ? ਜੇ ਅਸੀਂ ਇਸ ਗੱਲ ਨੂੰ ਆਪਣੀ ਸਕੂਲੀ ਪੜ੍ਹਾਈ ਨਾਲ ਜੋੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਪਦਾਰਥਾਂ ਨੂੰ ਮਿਲਾਉਣ ਨਾਲ ਕਈ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿਚ ਊਰਜਾ ਦੀਆਂ ਵੱਖ-ਵੱਖ ਕਿਸਮਾਂ ਪੈਦਾ ਹੁੰਦੀਆਂ ਹਨ। ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਤਕ ਦਾ ਸਫ਼ਰ ਇਹਨਾਂ ਰਸਾਇਣਾਂ ਨਾਲ ਸੰਘਰਸ਼ ਦੀ ਵੱਡੀ ਗਾਥਾ ਹੈ। ਮਨੁੱਖ ਨੇ ਆਪਣੇ 250 ਕਰੋੜ ਵਰ੍ਹੇ ਦੇ ਸਫ਼ਰ ਦੌਰਾਨ ਵੱਡੇ ਤਜਰਬੇ ਕੀਤੇ ਹਨ। ਇਹਨਾਂ ਨਾਲ ਸੰਘਰਸ਼ ਕਰਦਿਆਂ ਉਸ ਨੇ ਆਪਣੇ ਸਰੀਰ ਨੂੰ ਬਹੁਤ ਸਾਰੇ ਰਸਾਇਣਾਂ ਅਨੁਸਾਰ ਢਾਲਿਆ ਹੈ। ਇਹਨਾਂ ਦੇ ਬਹੁਤ ਸਾਰੇ ਹਾਂ ਪੱਖੀ ਗੁਣਾਂ ਨੂੰ ਆਪਣੇ ਅੰਦਰ ਸਮੋਇਆ ਵੀ ਹੈ। ਜੇ ਅੱਜ ਮਨੁੱਖੀ ਸਰੀਰ ਵਿਚ ਗਰਮੀ, ਹਰਕਤ, ਆਵਾਜ਼, ਬਿਜਲੀ ਆਦਿ ਹਨ। ਇਹ ਸਾਰਾ ਕੁੱਝ ਇਹਨਾਂ ਰਸਾਇਣਿਕ ਪਦਾਰਥਾਂ ਦੀ ਹੀ ਦੇਣ ਹਨ। ਕੀ ਇਸ ਸੰਘਰਸ਼ ਦੌਰਾਨ ਉਸ ਨੂੰ ਸਭ ਕੁੱਝ ਹਾਂ ਪੱਖੀ ਹੀ ਪ੍ਰਾਪਤ ਹੁੰਦਾ ਹੈ? ਨਹੀਂ, ਇਹ ਗੱਲ ਨਹੀਂ, ਬਹੁਤ ਸਾਰੇ ਅਜਿਹੇ ਪਦਾਰਥ ਵੀ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ, ਜਿਹੜੇ ਸਰੀਰ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਅਧਿਆਇ ਦਾ ਮੁੱਖ ਮਕਸਦ ਲੋਕਾਂ ਵਿਚ ਅਜਿਹੀ ਸੋਚ ਨੂੰ ਪੈਦਾ ਕਰਨਾ ਹੈ, ਜਿਹੜੀ ਸਰੀਰਕ ਬਿਮਾਰੀਆਂ ਨੂੰ ਕੀ, ਕਿਉਂ, ਕਿਵੇਂ ਦੀ ਵਿਗਿਆਨਕ ਕਸੌਟੀ ‘ਤੇ ਪਰਖ ਕੇ ਸਰੀਰ ਲਈ ਢੁੱਕਵੀਂਆਂ ਇਲਾਜ ਪ੍ਰਣਾਲੀਆਂ ਨੂੰ ਹੀ ਤਰਜੀਹ ਦੇਵੇ। ਜ਼ਿੰਦਗੀ ਜਿਉਣ ਦੇ ਦੋ ਢੰਗਾਂ ਨਾਲ। ਇਕ ਢੰਗ ਹੈ, ਜ਼ਿੰਦਗੀ ਨੂੰ ਵਿਗਿਆਨਕ ਢੰਗ ਨਾਲ ਸਵੈ-ਵਿਸ਼ਵਾਸ ਰਾਹੀਂ ਸੰਘਰਸ਼ ਕਰਦੇ ਹੋਏ ਹੱਸਦੇ-ਹੱਸਦੇ ਜਿਉਣਾ। ਦੂਜਾ ਢੰਗ ਹੈ, ਗ਼ੈਰ-ਵਿਗਿਆਨਕ ਢੰਗ ਨਾਲ ਰੋਂਦੇ ਹੋਏ ਡਰਪੋਕਪੁਣੇ ਵਿਚ ਦਿਨ ਕੱਟੀ ਕਰਨਾ। ਤੁਸੀਂ ਕਿਸ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹੋ। ਇਹ ਤੁਹਾਡੇ ਉਪਰ ਨਿਰਭਰ ਕਰਦਾ ਹੈ।
ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਦੋ ਢੰਗਾਂ ਨਾਲ ਬਣੀਆਂ ਵਸਤੂਆਂ ਵੇਖਦੇ ਹਾਂ। ਮੌਜੂਦਾ ਸਮੇਂ ਦੀ ਮਾਰੂਤੀ ਕਾਰ ਨੂੰ ਹੀ ਲੈ ਲਓ। ਵਿਗਿਆਨੀਆਂ ਦੀ ਸੈਂਕੜੇ ਸਾਲਾਂ ਦੀ ਮਿਹਨਤ ਨਾਲ ਇਸ ਦਾ ਹਰ ਮਾਡਲ ਪਹਿਲਾਂ ਨਾਲੋਂ ਵਧੀਆ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜੇ ਇਸ ਕਾਰ ਦੇ ਨਿਰਮਾਤਾ ਇਹ ਦਾਅਵਾ ਕਰਦੇ ਹਨ ਕਿ ਉਹ ਕਾਰ ਇਕ ਲੀਟਰ ਪੈਟਰੋਲ ਵਿਚ 22 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਤਾਂ ਇਸ ਕੰਪਨੀ ਦੀ ਬਣੀ ਹਰ ਇਸ ਕਿਸਮ ਦੀ ਕਾਰ ਲਗਭਗ ਐਨੀ ਹੀ ਦੂਰੀ ਤੈਅ ਕਰਦੀ ਹੈ। ਜੇ ਇਸ ਦੇ ਨਿਰਮਾਤਾ ਕਹਿੰਦੇ ਹਨ ਕਿ ਇਸ ਦਾ ਇੰਜਣ ਬਗ਼ੈਰ ਖੁੱਲ੍ਹੇ ਤੋਂ ਇਕ ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰੇਗਾ ਤਾਂ ਇਹ ਵੀ ਲਗਭਗ ਇੰਝ ਹੀ ਹੁੰਦਾ ਹੈ ਕਿਉਂਕਿ ਇਸ ਨੂੰ ਵਿਗਿਆਨਕ ਢੰਗ ਨਾਲ ਬਣਾਇਆ ਗਿਆ ਹੈ।
ਇਸ ਤਰ੍ਹਾਂ ਛੱਤ ਉਪਰ ਲਟਕ ਰਹੇ ਬਿਜਲੀ ਦੇ ਪੱਖਿਆਂ ਨੂੰ ਹੀ ਲੈ ਲਵੋ। ਮੇਰੇ ਘਰ ਵਿਚ ਤੀਹ ਸਾਲ ਪੁਰਾਣੇ ਪੱਖੇ ਅੱਜ ਤਕ ਕੰਮ ਦੇ ਰਹੇ ਹਨ। ਇਸ ਦਾ ਕਾਰਨ ਵੀ ਏਹੀ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਅਸੀਂ ਅੱਜ-ਕੱਲ੍ਹ ਦੀ ਅੰਗਰੇਜ਼ੀ ਦਵਾਈ ਪ੍ਰਣਾਲੀ ‘ਤੇ ਨਜ਼ਰ ਮਾਰ ਸਕਦੇ ਹਾਂ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ, ਜਿਹੜੇ ਟੀ.ਬੀ. ਦੇ ਵਿਸ਼ਾਣੂ ਦੀ ਜਕੜ ਵਿਚ ਆ ਕੇ ਬਿਮਾਰ ਹੋ ਗਏ ਸਨ। ਪਰ ਮੌਜੂਦਾ ਐਲੋਪੈਥਿਕ ਪ੍ਰਣਾਲੀ ਨੇ ਉਹਨਾਂ ਵਿਚੋਂ ਇਸ ਬਿਮਾਰੀ ਨੂੰ ਸਦਾ ਲਈ ਅਲੋਪ ਕਰ ਦਿੱਤਾ ਹੈ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਦੇ ਬਹੁਤ ਸਾਰੇ ਵਿਅਕਤੀ ਤੁਹਾਨੂੰ ਅਜਿਹੇ ਮਿਲ ਜਾਣਗੇ, ਜਿਨ੍ਹਾਂ ਦੇ ਚਿਹਰਿਆਂ ਉਪਰ ਮਾਤਾ (ਚੇਚਕ) ਦੇ ਦਾਗ ਹੋਣਗੇ, ਪਰ ਉਸ ਤੋਂ ਬਾਅਦ ਉਮਰ ਦਾ ਕੋਈ ਵੀ ਵਿਅਕਤੀ ਤੁਹਾਨੂੰ ਇਸ ਕਿਸਮ ਦੇ ਦਾਗ਼ਾਂ ਵਾਲਾ ਨਹੀਂ ਮਿਲੇਗਾ ਕਿਉਂਕਿ ਭਾਰਤ ਵਿਚ ਇਸ ਬਿਮਾਰੀ ਦਾ ਇਲਾਜ ਹੀ ਇਸ ਦੀ ਖੋਜ ਤੋਂ ਲਗਭਗ 150 ਸਾਲ ਬਾਅਦ ਹੀ ਆਮ ਲੋਕਾਂ ਤਕ ਪਹੁੰਚ ਸਕਿਆ ਹੈ। ਕਹਿੰਦੇ ਹਨ ਕਿ ਚੇਚਕ ਦੇ ਟੀਕੇ ਦੇ ਖੋਜੀ ਐਡਵਰਡ ਜੈਨਰ ਨੇ ਗਵਾਲਿਨਾ ਨੂੰ ਇਹ ਕਹਿੰਦੇ ਸੁਣਿਆ ਸੀ, ”ਤੈਨੂੰ ਚੇਚਕ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਤੈਨੂੰ ਤਾਂ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਹੈ।” ਬੱਸ, ਇਹ ਸੁਣਦੇ ਹੀ ਜੈਨਰ ਕਿਸੇ ਅਜਿਹੇ ਟੀਕੇ ਦੀ ਖੋਜ ਵਿਚ ਜੁਟ ਗਿਆ, ਜੋ ਸਭ ਨੂੰ ਪਹਿਲਾਂ ਹੀ ਛੋਟੀ ਮਾਤਾ ਨਾਲ ਬਿਮਾਰ ਕਰ ਦੇਵੇ। ਅਖ਼ੀਰ ਉਸ ਨੇ ਇਕ ਮਰੀਜ਼ ਦੇ ਦਾਣਿਆਂ ਵਿਚੋਂ ਪਾਣੀ ਲਿਆ, ਜਿਸ ਦੇ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਸੀ ਅਤੇ ਇਸ ਨੂੰ ਇੱਕ ਅੱਠ ਸਾਲਾ ਬਾਲਕ ਜੇਮਜ਼ ਫ਼ਿਲਿਪਸ ਦੇ ਸਰੀਰ ‘ਤੇ ਜ਼ਖ਼ਮ ਕਰਕੇ ਛਿੜਕ ਦਿੱਤਾ। ਬੱਸ ਫਿਰ ਕੀ ਸੀ, ਉਸ ਬਾਲਕ ਦੇ ਵੀ ਛੋਟੀ ਮਾਤਾ ਨਿਕਲ ਆਈ ਤੇ ਇਹ ਵੱਡੀ ਮਾਤਾ ਦੇ ਪ੍ਰਕੋਪ ਤੋਂ ਬਚ ਗਿਆ। ਇਸ ਤਰ੍ਹਾਂ 1876 ਵਿਚ ਇਸ ਚੇਚਕ ਵਿਰੋਧੀ ਟੀਕੇ ਦੀ ਖੋਜ ਹੋ ਗਈ। ਅੱਜ ਇਸ ਟੀਕੇ ਨੇ ਧਰਤੀ ਤੋਂ ਵੱਡੀ ਮਾਤਾ ਜਾਣੀ ਚੇਚਕ ਦਾ ਨਾਮ-ਨਿਸ਼ਾਨ ਹੀ ਮਿਟਾ ਦਿੱਤਾ ਹੈ।
ਅਜਿਹੀਆਂ ਸੈਂਕੜੇ ਹੀ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹੜੀਆਂ ਐਲੋਪੈਥਿਕ ਪ੍ਰਣਾਲੀ ਦੇ ਪ੍ਰਯੋਗ ਨਾਲ ਧਰਤੀ ਤੋਂ ਅਲੋਪ ਹੋ ਗਈਆਂ ਹਨ। ਇਸ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਹਨ ਕਿਉਂਕਿ ਇਸ ਦੀ ਕੋਈ ਵੀ ਦਵਾਈ ਪ੍ਰਮਾਣਤ ਕਰਨ ਤੋਂ ਪਹਿਲਾਂ ਇਸ ਦੀ ਪਰਖ ਜਾਨਵਰਾਂ ‘ਤੇ ਕੀਤੀ ਜਾਂਦੀ ਹੈ।
ਪਹਿਲਾਂ ਇਸ ਦੀ ਰਸਾਇਣਕ ਪ੍ਰਕਿਰਿਆ ਦੀ ਜਾਂਚ ਹੁੰਦੀ ਹੈ, ਮਤਲਬ ਕਿਸੇ ਵੀ ਰੋਗ ਨੂੰ ਪੈਦਾ ਕਰਨ ਲਈ ਕਿਸ ਕਿਸਮ ਦਾ ਵਾਇਰਸ ਜ਼ੁੰਮੇਵਾਰ ਹੈ, ਇਸ ਵਾਇਰਸ ਨੂੰ ਨਸ਼ਟ ਕਰਨ ਲਈ ਕਿਹੜਾ ਰਸਾਇਣਕ ਪਦਾਰਥ ਜਾਂ ਵਾਇਰਸ ਵਰਤੋਂ ਵਿਚ ਲਿਆਂਦਾ ਜਾਵੇ। ਇਸ ਸਫਲਤਾ ਤੋਂ ਬਾਅਦ ਹੀ ਦਵਾਈ ਦੀ ਪਰਖ ਪਹਿਲਾਂ ਜਾਨਵਰਾਂ ‘ਤੇ, ਫਿਰ ਬਾਂਦਰਾਂ ‘ਤੇ ਕੀਤੀ ਜਾਂਦੀ ਹੈ। ਸਿੱਟੇ ਤੇ ਚਿੰਨ੍ਹ ਨੋਟ ਕੀਤੇ ਜਾਂਦੇ ਹਨ। ਜੇ ਸਿੱਟੇ ਉਤਸ਼ਾਹਜਨਕ ਹੋਣ ਤਾਂ ਉਸ ਤੋਂ ਬਾਅਦ ਮਨੁੱਖ ਅਤੇ ਮਨੁੱਖ ਦੇ ਗਰੁੱਪਾਂ ‘ਤੇ ਪਰਖ ਹੁੰਦੀ ਹੈ। ਇਸ ਤੋਂ ਬਾਅਦ ਹੀ ਦਵਾਈ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।
ਕਿਸੇ ਮਰੀਜ਼ ਨੂੰ ਬਾਕਾਇਦਾ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਬਿਮਾਰੀ ਦੀ ਲੈਬਾਰਟਰੀ ਜਾਂਚ ਕੀਤੀ ਜਾਂਦੀ ਹੈ। ਇਹ ਢੰਗ ਪੂਰੀ ਤਰ੍ਹਾਂ ਵਿਗਿਆਨਕ ਹੁੰਦਾ ਹੈ। ਮੰਨ ਲਉ ਮੈਨੂੰ ਸ਼ੂਗਰ ਦੀ ਬਿਮਾਰੀ ਹੈ। ਜੇ ਮੇਰਾ ਖ਼ੂਨ ਸੱਤ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜਿਆ ਜਾਵੇਗਾ ਤਾਂ ਉਹਨਾਂ ਸੱਤ ਲੈਬਾਰਟਰੀਆਂ ਦੀ ਰਿਪੋਰਟ ਲਗਭਗ ਇਕੋ ਹੀ ਹੋਵੇਗੀ। ਇਸ ਤਰ੍ਹਾਂ ਹੀ ਵੱਖ-ਵੱਖ ਬਿਮਾਰੀਆਂ ਵਿਚ ਹੁੰਦਾ ਹੈ। ਸੋ, ਬਿਮਾਰੀ ਦੀ ਹਾਲਤ ਵਿਚ ਸਭ ਤੋਂ ਵਿਗਿਆਨਕ ਢੰਗ ਇਹ ਹੀ ਹੈ ਕਿ ਬਿਮਾਰੀ ਦਾ ਪੱਕਾ ਪਤਾ ਲਾਉਣ ਲਈ ਲੋੜੀਂਦੇ ਟੈਸਟ ਜ਼ਰੂਰ ਕਰਵਾਏ ਜਾਣ। ਅੱਜ-ਕੱਲ੍ਹ ਬਹੁਤ ਸਾਰੇ ਐਲੋਪੈਥੀ ਦੇ ਡਾਕਟਰ ਮਰੀਜ਼ਾਂ ਦੀ ਟੈਸਟਾਂ ਰਾਹੀਂ ਹੀ ਲੁੱਟ-ਖਸੁੱਟ ਕਰਨ ਲੱਗ ਪਏ ਹਨ। ਜੇ ਅੱਖਾਂ ਖੋਲ੍ਹ ਕੇ ਟੈਸਟ ਕਰਵਾਏ ਜਾਣ ਤਾਂ ਇਸ ਲੁੱਟ-ਖਸੁੱਟ ਤੋਂ ਵੀ ਬਚਿਆ ਜਾ ਸਕਦਾ ਹੈ। ਅਜਿਹੇ ਡਾਕਟਰਾਂ ਕੋਲ ਕਦੇ ਨਹੀਂ ਜਾਣਾ ਚਾਹੀਦਾ, ਜਿਹੜੇ ਬਿਮਾਰੀ ਨੂੰ ਬੁੱਝਣ ਲਈ ਟੈਸਟਾਂ ਦੀ ਵਰਤੋਂ ਹੀ ਨਹੀਂ ਕਰਦੇ।
ਆਓ ਵੇਖੀਏ ਕਿ ਬਿਮਾਰੀ ਦੀ ਹਾਲਤ ਵਿਚ ਬਹੁਤ ਸਾਰੇ ਲੋਕ ਗ਼ੈਰ-ਵਿਗਿਆਨਕ ਢੰਗ ਅਪਣਾ ਕੇ ਕਿਵੇਂ ਆਪਣੀ ਬਿਮਾਰੀ ਨੂੰ ਲਾਇਲਾਜ ਬਣਾ ਲੈਂਦੇ ਹਨ।
ਬਹੁਤ ਸਾਰੇ ਵਿਅਕਤੀ ਇਹ ਜਾਣਦੇ ਹਨ ਕਿ ਸ਼ੂਗਰ ਦੀ ਬਿਮਾਰੀ ਇਸ ਲਈ ਪੈਦਾ ਹੋ ਜਾਂਦੀ ਹੈ ਕਿ ਸਾਡੇ ਸਰੀਰ ਦਾ ਇਕ ਅੰਗ ਪੈਂਕਰੀਆ ਇੰਸੂਲੀਨ ਪੈਦਾ ਕਰਨੀ ਘਟਾ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਜੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਸੰਸਾਰ ਵਿਚ ਅਜਿਹੀ ਕੋਈ ਖੋਜ ਨਹੀਂ ਹੋਈ, ਜੋ ਪੈਂਕਰੀਆ ਦੇ ਕੰਮ ਢੰਗ ਨੂੰ ਸੁਧਾਰ ਸਕੇ ਤਾਂ ਅਜਿਹੇ ਲੋਕ ਬਾਹਰੋਂ ਇੰਸੂਲੀਨ ਲੈਣ ਦੀ ਆਦਤ ਸਹਿਜੇ ਹੀ ਅਪਣਾ ਲੈਣਗੇ, ਪਰ ਇਸ ਜਾਣਕਾਰੀ ਦੇ ਹੀਣੇ ਲੋਕੀਂ ਸ਼ੂਗਰ ਦੇ ਇਲਾਜ ਲਈ ਸਾਧਾਂ-ਸੰਤਾਂ ਤੇ ਨੀਮਾਂ-ਹਕੀਮਾਂ ਦੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦੇਣਗੇ। ਸਿੱਟੇ ਵਜੋਂ ਇੰਸੂਲੀਨ ਦੀ ਘਾਟ ਸਰੀਰ ਵਿਚ ਬਿਮਾਰੀ ਦੀ ਦਸ਼ਾ ਹੋਰ ਵਿਗਾੜ ਦੇਵੇਗੀ।
ਬੁੱਧੀਮਾਨ ਵਿਅਕਤੀ ਜਾਣਦੇ ਹਨ ਕਿ ਮਾਂ ਦੇ ਪੇਟ ਵਿਚਲੇ ਬੱਚੇ ਦੇ ਸੈਕਸ ਦਾ ਫ਼ੈਸਲਾ ਗਰਭਧਾਰਨ ਕਰਨ ਦੇ ਪਹਿਲੇ ਦਿਨ ਹੀ ਹੋ ਜਾਂਦਾ ਹੈ। ਇਸਤਰੀ ਵਿਚ ਤਾਂ ਕਰੋਮੋਸੋਮ 23 ਜੋੜੇ ਸਾਰੇ ਹੀ XX ਕਰੋਮੋਸੋਮ ਹੁੰਦੇ ਹਨ, ਪਰ ਮਰਦਾਂ ਵਿਚ 23ਵਾਂ ਜੋੜਾ XY ਕਰੋਮੋਸੋਮ ਹੁੰਦਾ ਹੈ। ਜੇਕਰ ਮਰਦ ਦੇ 23ਵੇਂ ਜੋੜੇ ਦਾ X ਭਾਗ ਇਸਤਰੀ ਦੇ ਕਰੋਮੋਸੋਮ ਨਾਲ ਜੁੜਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਮਰਦ ਦੇ ਤੇਈਵੇਂ ਜੋੜੇ ਦਾ Y ਭਾਗ ਇਸਤਰੀ ਦੇ ਤੇਈਵੇਂ ਜੋੜੇ X ਨਾਲ ਜੁੜਦਾ ਹੈ ਤਾਂ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ। ਮਰਦ-ਇਸਤਰੀ ਕਰੋਮੋਸੋਮ ਦਾ ਮੇਲ ਤਾਂ ਸੰਭੋਗ ਦੇ 48 ਘੰਟੇ ਦੇ ਅੰਦਰ-ਅੰਦਰ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਾਧਾਂ-ਸੰਤਾਂ ਦੀ ਰਾਖ ਜਾਂ ਪਾਣੀ ਅਤੇ ਵੈਦ-ਹਕੀਮਾਂ ਦੀਆਂ ਲਈਆਂ ਪੁੜੀਆਂ ਕੀ ਕੋਈ ਅਸਰ ਕਰ ਸਕਣਗੀਆਂ?
ਮੈਂ ਬਹੁਤ ਸਾਰੇ ਵਿਅਕਤੀਆਂ ਨੂੰ, ਜਿਨ੍ਹਾਂ ਵਿਚ ਬਰਨਾਲਾ ਦਾ ਇਕ ਅਖੌਤੀ ਤਰਕਸ਼ੀਲ ਇਹ ਕਹਿੰਦੇ ਸੁਣਿਆ ਹੈ ਕਿ ਉਹਨਾਂ ਦੇ ਘਰ ਜੋ ਇਕੋ-ਇਕ ਬੇਟੀ ਪੈਦਾ ਹੋਈ ਹੈ, ਉਹ ਕਾਲੇਕੇ ਵਾਲੇ ਸਾਧ ਦੀ ਕਿਰਪਾ ਨਾਲ ਹੋਈ ਹੈ। ਹੁਣ ਇਸ ਭੜੂਏ ਨੂੰ ਕੋਈ ਪੁੱਛੇ ਕਿ ਸਾਧ ਨੇ ਉਸ ਦੇ ਕਰੋਮੋਸੋਮ ਨੂੰ ਉਸ ਦੀ ਪਤਨੀ ਦੇ ਬੱਚੇਦਾਨੀ ਅੰਦਰ ਅੰਡੇ ਤਕ ਪੁੱਜਦਾ ਕਰਨ ਲਈ ਰਾਹ ਕਿਵੇਂ ਪੱਧਰਾ ਕੀਤਾ? ਮੈਂ ਹਜ਼ਾਰਾਂ ਅਜਿਹੇ ਵਿਅਕਤੀ ਵੇੇਖੇ ਹਨ, ਜਿਹੜੇ ਬਿਮਾਰੀਆਂ ਤੋਂ ਬਚਣ ਲਈ ਧਾਗੇ, ਤਵੀਤ ਕਰਵਾਉਂਦੇ ਰਹਿੰਦੇ ਹਨ, ਪਰ ਉਹਨਾਂ ਨੂੰ ਹੋਣ ਵਾਲੀ ਬਿਮਾਰੀ ਨੂੰ ਇਹ ਧਾਗੇ-ਤਵੀਤ ਕਿਵੇਂ ਰੋਕਦੇ ਹਨ। ਇਸ ਦਾ ਕਦੇ ਵੀ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।
ਲੋਕਾਂ ਦੀ ਇਸ ਪਿੱਛਲੱਗੂ ਸੋਚ ਦਾ ਫ਼ਾਇਦਾ ਹੀ ਸਾਧ-ਸੰਤ ਤੇ ਨੀਮ-ਹਕੀਮ ਉਠਾਉਂਦੇ ਹਨ। ਜਦੋਂ ਕੋਈ ਵਿਅਕਤੀ ਇਹਨਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ ਤਾਂ ਇਹ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੰਦੇ ਹਨ। ਡਰੇ ਹੋਏ ਵਿਅਕਤੀ ਨੂੰ ਦੋਵੇਂ ਹੱਥੀਂ ਲੁੱਟਣਾ ਸੁਖਾਲਾ ਹੁੰਦਾ ਹੈ।
ਕੁੱਝ ਦਿਨ ਪਹਿਲਾਂ ਪੰਜਾਬੀ ਅਖ਼ਬਾਰਾਂ ਵਿਚ ਇਹ ਖ਼ਬਰ ਵੀ ਪ੍ਰਕਾਸ਼ਤ ਹੋਈ ਕਿ ਗੁਜਰਾਤੀ ਵਿਗਿਆਨੀ ਹੱਡੀਆਂ ਦੇ ਕੈਂਸਰ ਦਾ ਮਰੀਜ਼ ਸੀ। ਉਸ ਨੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਸੁਣੀ ਤਾਂ ਉਸ ਦਾ ਹੱਡੀਆਂ ਦਾ ਕੈਂਸਰ ਸਦਾ ਲਈ ਠੀਕ ਹੋ ਗਿਆ। ਭਾਵੇਂ ਸਾਰੀ ਪੜਤਾਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਪੱਤਰਕਾਰ ਇਸੇ ਕੈਂਸਰ ਨਾਲ ਮੌਤ 2006 ਵਿੱਚ ਹੋ ਗਈ ਸੀ। ਜੇ ਇਸ ਕਿਸਮ ਦੇ ਗੰਭੀਰ ਰੋਗ ਇਸ ਤਰ੍ਹਾਂ ਹੀ ਠੀਕ ਹੋ ਜਾਂਦੇ ਹਨ ਤਾਂ ਸਿੱਖਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਰਨਤਾਰਨ ਵਿਖੇ ਕੋਹੜ ਦੇ ਇਲਾਜ ਦਾ ਦਵਾਖਾਨਾ ਖੋਲ੍ਹਣ ਦੀ ਕੀ ਲੋੜ ਸੀ? ਬਿਮਾਰੀਆਂ ਤਾਂ ਪਸ਼ੂਆਂ ਅਤੇ ਫ਼ਸਲਾਂ ਨੂੰ ਵੀ ਲੱਗ ਜਾਂਦੀਆਂ ਹਨ, ਫਿਰ ਤਾਂ ਇਹ ਵੀ ਇਸ ਢੰਗ ਨਾਲ ਠੀਕ ਕੀਤੀਆਂ ਜਾ ਸਕਦੀਆਂ ਹੋਣਗੀਆਂ? ਅਸਲ ਵਿਚ ਇਹ ਵਿਅਕਤੀ ਇਸ ਢੰਗ ਨਾਲ ਠੀਕ ਨਹੀਂ ਹੋਇਆ ਹੋਣਾ, ਭਰਪੂਰ ਅੰਗਰੇਜ਼ੀ ਦਵਾਈਆਂ ਦਾ ਪੂਰਾ ਇਲਾਜ ਕਰਵਾ ਕੇ ਠੀਕ ਹੋਇਆ ਹੋਵੇਗਾ। ਪਰ ਕੁੱਝ ਹੋਰ ਲੋਕਾਂ ਦੀਆਂ ਇਲਾਜ ਵਿਧੀਆਂ ਵਿਚਕਾਰੋਂ ਛੁਡਵਾ ਕੇ ਉਹਨਾਂ ਨੂੰ ਇਸ ਦੀ ਮੌਤ ਦੇ ਨੇੜੇ ਜ਼ਰੂਰ ਕਰ ਦਿੱਤਾ ਹੋਵੇਗਾ। ਭਾਵੇਂ ਅਜਿਹੇ ਵਿਅਕਤੀ ਨੈਤਿਕ ਪੱਖੋਂ ਸਜ਼ਾ ਦੇ ਹੱਕਦਾਰ ਹੁੰਦੇ ਹਨ, ਪਰ ਇਥੋਂ ਦੀਆਂ ਸਰਕਾਰਾਂ ਤਾਂ ਅੰਧਵਿਸ਼ਵਾਸਾਂ ਨੂੰ ਵਧਾਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦੀਆਂ ਹਨ।
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਸ੍ਰੀ ਪ੍ਰਮੋਦ ਮਹਾਜਨ ਨੂੰ ਉਸ ਦੇ ਛੋਟੇ ਭਰਾ ਪ੍ਰਦੀਪ ਮਹਾਜਨ ਨੇ ਜਾਇਦਾਦ ਦੇ ਝਗੜੇ ਕਾਰਨ ਗੋਲੀਆਂ ਮਾਰ ਦਿੱਤੀਆਂ ਸਨ। ਇਕ ਪਾਸੇ ਤਾਂ ਸਭ ਤੋਂ ਵਧੀਆ ਡਾਕਟਰ ਜ਼ੋਰ ਲਾ ਰਹੇ ਸਨ, ਦੂਜੇ ਪਾਸੇ ਸਭ ਤੋਂ ਯੋਗ ਮੰਨੇ ਜਾਂਦੇ ਪੁਜਾਰੀ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਯੱਗਾਂ, ਹਵਨਾਂ ਰਾਹੀਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ। ਡਾਕਟਰਾਂ ਦੀ ਮਿਹਰਬਾਨੀ ਸਦਕਾ ਜੇ ਮਹਾਜਨ ਬਚ ਜਾਂਦਾ ਤਾਂ ਇਸ ਦਾ ਸਾਰਾ ਸਿਹਰਾ ਇਥੋਂ ਦੇ ਅਧਿਆਤਮਵਾਦੀਆਂ ਨੂੰ ਦੇ ਦਿੱਤਾ ਜਾਣਾ ਸੀ। ਸੁਆਦ ਤਾਂ ਫਿਰ ਆਉਂਦਾ ਜੇ ਅਜਿਹੇ ਮੌਕੇ ਯੱਗਾਂ-ਹਵਨਾਂ ਦੀ ਸੱਚੀ ਸ਼ਕਤੀ ਦੀ ਪਰਖ ਹੀ ਕਰ ਲਈ ਜਾਂਦੀ।
ਬਹੁਤ ਸਾਰੇ ਵਿਗਿਆਨੀ ਅਜਿਹੇ ਵੀ ਹੁੰਦੇ ਹਨ, ਜਿਹੜੇ ਦਾਅਵਾ ਤਾਂ ਵਿਗਿਆਨਕ, ਤਰਕਸ਼ੀਲ ਜਾਂ ਨਾਸਤਿਕ ਹੋਣ ਦਾ ਕਰਦੇ ਹਨ, ਪਰ ਅਸਲ ਵਿਚ ਸਮੱਸਿਆ ਆਉਣ ‘ਤੇ ਆਪਣੇ ਰਸਤੇ ਤੋਂ ਥਿੜ੍ਹਕ ਜਾਂਦੇ ਹਨ। ਮੈਂ ਕਈ ਅਜਿਹੇ ਵਿਗਿਆਨੀਆਂ ਬਾਰੇ ਵੀ ਜਾਣਕਾਰੀ ਰੱਖਦਾ ਹਾਂ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਪਰ ਉਹ ਹੁਡਨੀ ਦੀਆਂ ਜਾਦੂ ਦੀਆਂ ਸ਼ਕਤੀਆਂ ਤੋਂ ਪ੍ਰਭਾਵਤ ਹੋ ਕੇ ਉਸ ਦੇ ਜਾਦੂ ਨੂੰ ਹਕੀਕੀ ਸਮਝਦੇ ਰਹੇ ਹਨ ਅਤੇ ਉਨ੍ਹਾਂ ਵਿਚ ਕਰਾਮਾਤੀ ਸ਼ਕਤੀਆਂ ਹੋਣ ਦੇ ਦਾਅਵੇ ਵੀ ਕੀਤੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਵਿਅਕਤੀ ਹਰ ਕਿਸਮ ਦੀ ਜਾਣਕਾਰੀ ਦਾ ਮਾਹਰ ਨਹੀਂ ਬਣ ਸਕਦਾ। ਕਿਸੇ ਨਾ ਕਿਸੇ ਖੇਤਰ ਵਿਚ ਉਹ ਊਣਾ ਹੋ ਜਾਂਦਾ ਹੈ। ਜੇ ਉਸ ਦੀ ਸੋਚ ਵਿਗਿਆਨਕ ਨਹੀਂ ਤਾਂ ਉਸ ਖੇਤਰ ਵਿਚ ਉਸ ਦਾ ਵਤੀਰਾ ਪਿੱਛਲੱਗੂਆਂ ਵਾਲਾ ਹੋ ਨਿਬੜਦਾ ਹੈ। ਉਂਝ ਤਾਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਹੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ, ਪਰ ਬਿਮਾਰੀ ਦੀ ਹਾਲਤ ਵਿਚ ਤਾਂ ਇਹ ਹੋਰ ਵੀ ਵੱਧ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਇਥੇ ਤਾਂ ਸਵਾਲ ਹੀ ਹੋਂਦ ਦਾ ਹੁੰਦਾ ਹੈ। ਸੋ ਜ਼ਿੰਦਗੀ ਦੀ ਹਰ ਘਟਨਾ ਨੂੰ ਕੀ, ਕਿਉਂ ਤੇ ਕਿਵੇਂ ਦੀ ਕਸੌਟੀ ‘ਤੇ ਪਰਖਣ ਦੀ ਆਦਤ ਜ਼ਰੂਰ ਪਾ ਹੀ ਲੈਣੀ ਚਾਹੀਦੀ ਹੈ। ਸੋ, ਕਿਵੇਂ ਅਸੀਂ ਲੀਰਾਂ ਦੀ ਖਿੱਦੋ ਨੂੰ ਉਧੇੜਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਵਿਚੋਂ ਪਰਤ ਦਰ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜ਼ਿੰਦਗੀ ਵਿਚ ਵਾਪਰਣ ਵਾਲੀ ਹਰ ਘਟਨਾ ਦੀ ਜਾਂਚ-ਪੜਤਾਲ ਕਰਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਦਾ ਸੰਚਾਰ ਪੂਰੀ ਤਰ੍ਹਾਂ ਜਾਣਨਯੋਗ ਹੈ। ਕਰੋੜਾਂ ਵਿਅਕਤੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਇਹ ਜਾਣਨਯੋਗ ਹੋਇਆ ਹੈ।
ਅਜਿਹੇ ਮੌਕੇ ਪਿਛੇ ਲੱਗ ਕੇ ਜ਼ਿੰਦਗੀ ਨੂੰ ਨਰਕ ਬਣਾ ਲੈਣਾ ਸਿਆਣਪ ਨਹੀਂ। ਆਓ। ਵਿਗਿਆਨਕ ਸੋਚ ਦੀ ਇਕ ਚਿਣਗ ਨਾਲ ਦੁਨਿਆਵੀ ਸਮੁੰਦਰ ਵਿਚ ਚਾਨਣ ਦੀਆਂ ਕੁੱਝ ਬੂੰਦਾਂ ਲੱਭੀਏ ਤੇ ਧਰਤ ਦੇ ਵਿਸ਼ਾਲ ਜਨਸਮੂਹਾਂ ਵਿਚ ਇਹਨਾਂ ਦੀਆਂ ਰਿਸ਼ਮਾਂ ਵਿਖੇਰੀਏ ਅਤੇ ਆਪਣੇ ਉਪਰ ਪਿਛਲੀਆਂ ਪੀੜ੍ਹੀਆਂ ਦੇ ਚੜ੍ਹੇ ਕਰਜ਼ ਨੂੰ ਉਤਾਰੀਏ।

ਸਾਧਵੀ ਬਣਨ ਦੀ ਜਿੱਦ ‘ਤੇ ਅੜੀ ਲੜਕੀ

-ਮੇਘ ਰਾਜ ਮਿੱਤਰ, 98887 87440
s1ਮਈ 2016 ਦੇ ਆਖ਼ਰੀ ਹਫ਼ਤੇ ਦੀ ਗੱਲ ਹੈ, ਇੱਕ ਪਰਿਵਾਰ ਆਪਣੀ ਚੌਦਾਂ ਸਾਲ ਦੀ ਧੀ ਨੂੰ ਲੈ ਕੇ ਮੇਰੇ ਕੋਲ ਆਇਆ। ਕਹਿਣ ਲੱਗਿਆ, ”ਸਾਡੀ ਲੜਕੀ ਨੇ ਇਸ ਗੱਲ ਦੀ ਜਿੱਦ ਫੜੀ ਹੋਈ ਹੈ ਕਿ ਇਹ ਸਾਧਵੀ ਬਣ ਕੇ ਆਸ਼ਰਮ ਵਿਚ ਰਹਿਣਾ ਚਾਹੁੰਦੀ ਹੈ। ਬਹੁਤ ਸਮਝਾਉਣ ਦੇ ਬਾਵਜੂਦ ਅਸੀਂ ਇਸ ਨੂੰ ਰਸਤੇ ‘ਤੇ ਨਹੀਂ ਲਿਆ ਸਕੇ। ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਠੀਕ ਰਸਤੇ ‘ਤੇ ਪਾਇਆ ਹੈ। ਸਾਡੀ ਧੀ ‘ਤੇ ਵੀ ਕ੍ਰਿਪਾ ਕਰੋ।” ਮੈਂ ਇਹ ਜਾਣਦਾ ਸੀ ਕਿ ਲੜਕੀ ਦਾ ਇਨ੍ਹਾਂ ਗੱਲਾਂ ਵਿਚ ਵਿਸ਼ਵਾਸ ਉਂਝ ਹੀ ਨਹੀਂ ਬਣਿਆ। ਬਚਪਨ ਵਿਚ ਮਿਲਿਆ ਕੋਈ ਨਾ ਕੋਈ ਮਾਹੌਲ ਬੱਚਿਆਂ ਦੇ ਸੰਵੇਦਨਸ਼ੀਲ ਮਨਾਂ ਵਿਚ ਇਸ ਵਿਸ਼ਵਾਸ ਦੀ ਉਸਾਰੀ ਕਰਦਾ ਹੈ। ਮੈਂ ਪਰਿਵਾਰ ਨੂੰ ਪੁੱਛਿਆ, ”ਇਸ ਲੜਕੀ ਦਾ ਇਹ ਵਿਸ਼ਵਾਸ ਕਿਵੇਂ ਬਣਿਆ?” ਉਹ ਕਹਿਣ ਲੱਗੇ, ”ਇਸ ਦੇ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ। ਅਸੀਂ ਜੈਨ ਧਰਮ ਵਿਚ ਵਿਸ਼ਵਾਸ ਕਰਦੇ ਹਾਂ। ਡੇਰੇ ਦੇ ਕੁੱਝ ਸਾਧੂ ਅਤੇ ਸਾਧਵੀਆਂ ਸਾਡੇ ਘਰ ਦੋ ਕੁ ਹਫ਼ਤਿਆਂ ਲਈ ਰੁਕੇ। ਇਹ ਲੜਕੀ ਉਨ੍ਹਾਂ ਦੀ ਸੇਵਾ ਕਰਦੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਨੇ ਇਹ ਗੱਲ ਦੁਹਰਾਉਣੀ ਸ਼ੁਰੂ ਕਰ ਦਿੱਤੀ ਕਿ ਮੈਂ ਵੀ ਆਸ਼ਰਮ ਵਿਚ ਜਾਣਾ ਹੈ।”
ਮੈਂ ਸਮੁੱਚੇ ਪਰਿਵਾਰ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਦੁਨੀਆਂ ਵਿਚ ਛੋਟੇ-ਮੋਟੇ ਚਾਰ ਹਜ਼ਾਰ ਦੇ ਕਰੀਬ ਧਰਮ, ਮੱਠ ਜਾਂ ਡੇਰੇ ਹਨ ਅਤੇ ਹੋਰ ਹਜ਼ਾਰਾਂ ਹੀ ਹੋਂਦ ਵਿਚ ਆਉਂਦੇ ਅਤੇ ਅਲੋਪ ਹੁੰਦੇ ਰਹਿੰਦੇ ਹਨ। ਕੁੱਝ ਸਥਾਪਤ ਵੀ ਹੋ ਜਾਂਦੇ ਹਨ ਅਤੇ ਅਲੱਗ ਧਰਮ ਪੈਦਾ ਹੋ ਜਾਂਦਾ ਹੈ। ਇਨ੍ਹਾਂ ਨੂੰ ਮੰਨਣ ਵਾਲਾ ਹਰੇਕ ਵਿਅਕਤੀ ਸੋਚਦਾ ਹੈ ਕਿ ਮੇਰਾ ‘ਰੱਬ’ ਠੀਕ ਹੈ ਬਾਕੀ ਸਾਰੇ ਰੱਬ ਗਲਤ ਹਨ। ਇਹ ਹੀ ਅੰਤਿਮ ਸੱਚ ਹੈ, ਜਦਕਿ ਇਹ ਸੱਚਾਈ ਨਹੀਂ ਹੈ। ਪਰਿਵਾਰ ਕਹਿਣ ਲੱਗਿਆ, ”ਸਾਡੇ ਜੈਨ ਧਰਮ ਵਾਲੇ ਤਾਂ ਮੁਕਤੀ ਲਈ ਭਗਤੀ ਕਰਦੇ ਹਨ।” ਮੈਂ ਫਿਰ ਦੁਹਰਾਇਆ, ”ਮੁਕਤੀ ਕੀ ਹੁੰਦੀ ਹੈ? ਕਿਸ ਚੀਜ਼ ਤੋਂ ਮੁਕਤ ਹੋਣਾ ਹੁੰਦਾ ਹੈ?” ਪਰਿਵਾਰ ਦਾ ਜਵਾਬ ਸੀ, ”ਮੁਕਤੀ ਤਾਂ ਮਰ ਕੇ ਹੀ ਮਿਲਦੀ ਹੈ।” ਮੈਂ ਦੱਸਿਆ, ”ਇਹ ਤਾਂ ਬਹੁਤ ਸੁਖਾਲੀ ਗੱਲ ਹੈ, ਸਲਫ਼ਾਸ ਦੀ ਇਕ-ਇਕ ਗੋਲੀ ਉਨ੍ਹਾਂ ਨੂੰ ਸਦਾ ਲਈ ਮੁਕਤ ਕਰ ਸਕਦੀ ਹੈ?” ਪਰਿਵਾਰ ਸੋਚਾਂ ਵਿਚ ਪੈ ਗਿਆ। ਇਸ ਤੋਂ ਬਾਅਦ ਮੈਂ ਲੜਕੀ ਨੂੰ ਸਮਝਾਉਣ ਲਈ ਅਲੱਗ ਕਮਰੇ ਵਿਚ ਲੈ ਗਿਆ।
ਲੜਕੀ ਦਸਵੀਂ ਕਲਾਸ ਦੀ ਵਿਦਿਆਰਥਣ ਸੀ। ਦਿਮਾਗ਼ੀ ਪੱਖੋਂ ਬਹੁਤ ਚੁਸਤ ਅਤੇ ਹੁਸ਼ਿਆਰ ਸੀ। ਮੈਂ ਉਸ ਨੂੰ ਪੁੱਛਿਆ, ”ਤੈਨੂੰ ਪਤਾ ਹੈ ਕਿ ਜੈਨ ਸਾਧਵੀ ਬਣਨ ਲਈ ਕਿੰਨੇ ਦੁੱਖ ਝੱਲਣੇ ਪੈਂਦੇ ਹਨ?” ਉਹ ਕਹਿਣ ਲੱਗੀ, ”ਮੇਰੇ ਸਿਰ ਦੇ ਸਾਰੇ ਵਾਲ ਉਹ ਖਿੱਚ-ਖਿੱਚ ਕੇ ਪੁੱਟ ਦੇਣਗੇ। ਸਾਰੀ ਉਮਰ ਮੂੰਹ ‘ਤੇ ਪੱਟੀ ਬੰਨ੍ਹਣੀ ਪਊਗੀ। ਨੰਗੇ ਪੈਰੀਂ ਰਹਿਣਾ ਪਊ। ਵਿਆਹ ਵੀ ਨਹੀਂ ਕਰਵਾ ਸਕਾਂਗੀ। ਜ਼ਿਆਦਾ ਯਾਤਰਾ ਪੈਦਲ ਹੀ ਕਰਨੀ ਪਊ। ਸਾਰਾ ਸਮਾਂ ਲੋਕਾਂ ਦੇ ਪਰਿਵਾਰਾਂ ਵਿਚ ਜਾਂ ਆਸ਼ਰਮਾਂ ਵਿਚ ਹੀ ਬਤੀਤ ਕਰਨਾ ਪਊ।” ਮੈਂ ਉਸ ਨੂੰ ਕਿਹਾ ਕਿ ਜੇ ਤੂੰ ਸਾਧਵੀ ਨਹੀਂ ਬਣਦੀ ਤਾਂ ਤੂੰ ਇਕ ਨਰਸ, ਡਾਕਟਰ, ਇੰਜੀਨੀਅਰ, ਏਅਰ ਹੋਸਟੈੱਸ ਅਤੇ ਅਧਿਅਪਕਾ ਵੀ ਬਣ ਸਕਦੀ ਹੈ। ਹੋ ਸਕਦਾ ਹੈ ਕਿ ਤੇਰੇ ਕੋਲ ਆਪਣੀ ਕਾਰ ਵੀ ਹੋਵੇ। ਕੁੱਝ ਸਮੇਂ ਬਾਅਦ ਪਰਿਵਾਰ ਵਾਲੇ ਤੇਰਾ ਵਿਆਹ ਕਰ ਦੇਣਗੇ। ਉਸ ਸਮੇਂ ਤੈਨੂੰ ਹੱਸਣ-ਖੇਡਣ ਲਈ ਤੇਰਾ ਜੀਵਨ ਸਾਥੀ ਵੀ ਮਿਲ ਜਾਵੇਗਾ। ਦੁਨੀਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਤੂੰ ਆਪਣੀ ਹਿੰਮਤ ਨਾਲ ਕਿਤੇ ਵੀ ਉਡਾਰੀ ਭਰ ਸਕਦੀ ਹੈਂ। ਇਸ ਤਰ੍ਹਾਂ ਮੈਂ ਲਗਭਗ ਦੋ ਘੰਟੇ ਉਸ ਦੇ ਸੁਆਲਾਂ ਦੇ ਜਵਾਬ ਹੀ ਦਿੰਦਾ ਰਿਹਾ।
ਉਸ ਦਾ ਸਭ ਤੋਂ ਵੱਡਾ ਸਵਾਲ ਤਾਂ ਆਤਮਾ ਦੀ ਹੋਂਦ ਬਾਰੇ ਸੀ। ਮੈਂ ਉਸ ਨੂੰ ਕਿਹਾ ਕਿ ਆਤਮਾ ਨਾਂਅ ਦੀ ਕੋਈ ਚੀਜ਼ ਇਸ ਬ੍ਰਹਿਮੰਡ ਵਿਚ ਨਹੀਂ ਹੈ। ਆਤਮਾ ਕੋਈ ਵੀ ਪਦਾਰਥਕ ਵਸਤੂ ਨਹੀਂ ਹੈ। ਵਿਗਿਆਨ ਅਨੁਸਾਰ, ਹਰੇਕ ਮਾਦਾ ਆਕਾਰ ਰੱਖਦਾ ਹੈ, ਉਸ ਦਾ ਭਾਰ ਹੁੰਦਾ ਹੈ, ਉਹ ਥਾਂ ਘੇਰਦਾ ਹੈ। ਸਮੁੱਚੇ ਬ੍ਰਹਿਮੰਡ ਵਿਚ ਅਜਿਹੀ ਕੋਈ ਵੀ ਵਸਤੂ ਨਹੀਂ ਜਿਸ ਦੇ ਤਿੰਨੇ ਗੁਣ ਨਾ ਹੋਣ। ਵਿਗਿਆਨੀਆਂ ਨੇ ਤਾਂ ਇਲੈਕਟ੍ਰੋਨਾਂ, ਪ੍ਰੋਟੋਨਾਂ ਦੇ ਭਾਰ ਅਤੇ ਆਕਾਰ ਤਕ ਦੱਸ ਦਿੱਤੇ ਹਨ। ਅੱਜ ਤਕ ਕਿਸੇ ਵੀ ਡਾਕਟਰ ਨੇ ਆਤਮਾ ਦੇ ਭਾਰ, ਆਕਾਰ ਅਤੇ ਥਾਂ ਘੇਰਨ ਦੀ ਪੁਸ਼ਟੀ ਨਹੀਂ ਕੀਤੀ। ਬੱਚੇ ਦੇ ਜਨਮ ਸਮੇਂ ਆਤਮਾ ਦੇ ਪ੍ਰਵੇਸ਼ ਕਰਨ ਬਾਰੇ ਵੀ ਉਸ ਦੇ ਮਨ ਵਿਚ ਕੁੱਝ ਸਵਾਲ ਸਨ। ਮੈਂ ਉਸ ਨੂੰ ਦੱਸਿਆ ਕਿ ਜਾਪਾਨੀ ਤਾਂ ਗਰਭ ਧਾਰਨ ਕਰਨ ਸਮੇਂ ਆਤਮਾ ਦੇ ਪ੍ਰਵੇਸ਼ ਕਰਨ ਵਿਚ ਯਕੀਨ ਕਰਦੇ ਹਨ। ਪਿਤਾ ਮਾਂ ਦੀ ਕੁੱਖ ਵਿਚ ਮਾਦਾ ਸੈੱਲ ਪ੍ਰਵੇਸ਼ ਕਰਵਾਉਂਦਾ ਹੈ। ਮਾਂ ਅਤੇ ਪਿਤਾ ਦੇ ਮਿਲਾਪ ਨਾਲ ਪੈਦਾ ਹੋਇਆ ਸੈੱਲ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਵਧ ਕੇ ਦੋ ਟੁਕੜਿਆਂ ਵਿਚ ਟੁੱਟ ਜਾਂਦਾ ਹੈ। ਦੋ ਨਵੇਂ ਸੈੱਲ ਹੋਂਦ ਵਿਚ ਆ ਜਾਂਦੇ ਹਨ। ਕੁੱਝ ਸਮੇਂ ਬਾਅਦ ਇਹ ਸੈੱਲ ਵਧ ਕੇ ਵਿਚਾਲਿਉਂ ਟੁੱਟ ਜਾਂਦੇ ਹਨ ਅਤੇ ਚਾਰ ਵਿਚ ਬਦਲ ਜਾਂਦੇ ਹਨ। ਇਸ ਤਰ੍ਹਾਂ ਲਗਭਗ 280 ਦਿਨ ਮਾਂ ਦੇ ਪੇਟ ਵਿਚ ਭਰੂਣ ਵਿਕਾਸ ਕਰਦਾ ਰਹਿੰਦਾ ਹੈ। ਇਸ ਵਾਧੇ ਲਈ ਲੋੜੀਂਦੀ ਖ਼ੁਰਾਕ ਉਸ ਨੂੰ ਮਾਂ ਦੀ ਖ਼ੁਰਾਕ ਵਿਚੋਂ ਮਿਲਦੀ ਰਹਿੰਦੀ ਹੈ। ਜਨਮ ਤੋਂ ਬਾਅਦ ਬੱਚਾ ਮਾਂ ਦੇ ਦੁੱਧ ਦੇ ਰੂਪ ਵਿਚ ਅਤੇ ਬਾਹਰੋਂ ਖ਼ੁਰਾਕ ਲੈਣੀ ਸ਼ੁਰੂ ਕਰ ਦਿੰਦਾ ਹੈ। ਲਗਭਗ ਚਾਲੀ ਸਾਲਾਂ ਦੀ ਉਮਰ ਤਕ ਸਰੀਰ ਵਿਚ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤਕ ਜਿੰਨ੍ਹੇ ਕੁ ਸੈੱਲ ਸਾਡੇ ਸਰੀਰ ਵਿਚ ਹਰ ਰੋਜ਼ ਬਣਦੇ ਹਨ, ਲਗਭਗ ਉਨ੍ਹੇ ਕੁ ਹੀ ਮਰਦੇ ਰਹਿੰਦੇ ਹਨ। ਇਸ ਲਈ ਸਰੀਰ ਸਾਵਾਂ ਜਿਹਾ ਰਹਿੰਦਾ ਹੈ। ਪੰਜਾਹ ਸਾਲ ਦੀ ਉਮਰ ਤੋਂ ਬਾਅਦ ਹਰ ਰੋਜ਼ ਪੈਦਾ ਹੋਣ ਨਾਲੋਂ ਮਰਨ ਵਾਲੇ ਸੈੱਲਾਂ ਦੀ ਗਿਣਤੀ ਵਧ ਜਾਂਦੀ ਹੈ। ਸਰੀਰ ਢਹਿੰਦੀਆਂ ਕਲਾਵਾਂ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਅੱਸੀ-ਨੱਬੇ ਸਾਲ ਦੀ ਉਮਰ ਵਿਚ ਪਹੁੰਚਦਿਆਂ ਸਰੀਰ ਵਿਚ ਸੈੱਲਾਂ ਦੀ ਗਿਣਤੀ ਏਨੀ ਘੱਟ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਜਵਾਬ ਦੇ ਜਾਂਦੀ ਹੈ, ਜਿਸ ਨਾਲ ਸਾਡੀ ਮੌਤ ਹੋ ਜਾਂਦੀ ਹੈ। ਸਾਡੇ ਸਰੀਰ ਨੂੰ ਜਲਾ ਜਾਂ ਦਫ਼ਨਾ ਦਿੱਤਾ ਜਾਂਦਾ ਹੈ। ਸਿੱਟੇ ਵਜੋਂ, ਦਰੱਖਤਾਂ ਤੋਂ ਲਈ ਖ਼ੁਰਾਕ ਆਕਸੀਜਨ ਅਤੇ ਪਾਣੀ ਦੇ ਰੂਪ ਵਿਚ ਦਰੱਖਤਾਂ ਨੂੰ ਵਾਪਸ ਮੁੜ ਜਾਂਦੀ ਹੈ।
ਲੜਕੀ ਇਸ ਗੱਲ ਦੇ ਉਪਰ ਜ਼ੋਰ ਦੇ ਰਹੀ ਸੀ ਕਿ ਆਤਮਾ ਸਦੀਵੀ ਹੁੰਦੀ ਹੈ। ਇਹ ਨਾ ਜਲਦੀ ਹੈ ਅਤੇ ਨਾ ਹੀ ਨਸ਼ਟ ਹੁੰਦੀ ਹੈ। ਕੋਈ ਵੀ ਦੂਸਰਾ ਵਿਅਕਤੀ ਇਸ ਨੂੰ ਆਪਣੇ ਵੱਸ ਵਿਚ ਨਹੀਂ ਕਰ ਸਕਦਾ। ਇਸ ਗੱਲ ਦੀ ਵਿਆਖਿਆ ਕਰਨ ਲਈ ਮੈਂ ਉਸ ਨੂੰ ਦੱਸਿਆ ਕਿ ਡਾਕਟਰ ਆਪਣੇ ਮਰੀਜ਼ ਨੂੰ ਟੀਕਾ ਲਾ ਕੇ ਜਾਂ ਐਨਅਸਥੀਜੀਆ ਦੇ ਕੇ ਜਦੋਂ ਵੀ ਚਾਹੁਣ ਅਤੇ ਜਿੰਨ੍ਹੇ ਵੀ ਸਮੇਂ ਲਈ ਚਾਹੁਣ ਬੇਹੋਸ਼ ਕਰ ਸਕਦੇ ਹਨ। ਉਸ ਸਮੇਂ ਕਿਸੇ ਵਿਅਕਤੀ ਦੀ ਆਤਮਾ ਕਿੱਥੇ ਰਹਿੰਦੀ ਹੈ? ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਤਮਾ ਡਾਕਟਰ ਦੇ ਕੰਟਰੋਲ ਵਿਚ ਚਲੀ ਜਾਂਦੀ ਹੈ। ਅਮਰੀਕਾ ਵਾਲਿਆਂ ਨੇ ਹੀਰੋਸੀਮਾ ਅਤੇ ਨਾਗਸਾਕੀ ‘ਤੇ ਐਟਮ ਬੰਬ ਸੁੱਟ ਕੇ ਇਕ-ਦੋ ਮਿੰਟ ਵਿਚ ਲੱਖਾਂ ਹੀ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕੀ ਆਤਮਾਵਾਂ ਨੂੰ ਉਨ੍ਹਾਂ ਨੇ ਜ਼ਬਰਦਸਤੀ ਨਹੀਂ ਸੀ ਮੁਕਤ ਕੀਤਾ? ਮੁੜ-ਮੁੜ ਕੇ ਉਸ ਲੜਕੀ ਦਾ ਵਿਸ਼ਵਾਸ ਜੈਨੀਆਂ ਦੀ ਭਗਤੀ ਰਾਹੀਂ ਹੋਣ ਵਾਲੀ ਮੁਕਤੀ ਦੇ ਨੁਕਤੇ ਵੱਲ ਨੂੰ ਜਾ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਜੇ ਜੈਨੀ ਇਨ੍ਹਾਂ ਛੇਤੀ ਮੁਕਤ ਹੋਣਾ ਚਾਹੁੰਦੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਿਮਾਰੀ ਸਮੇਂ ਡਾਕਟਰੀ ਮਦਦ ਨਹੀਂ ਲੈਣੀ ਚਾਹੀਦੀ। ਮੁਕਤੀ ਛੇਤੀ ਮਿਲ ਜਾਵੇਗੀ। ਮੈਂ ਉਸ ਨੂੰ ਆਤਮਾ ਬਾਰੇ ਭਰਮ ਦੀ ਮੁਕਤੀ ਲਈ ਕੁੱਝ ਉਦਾਹਰਣਾਂ ਅਜਿਹੀਆਂ ਦੱਸੀਆਂ, ਜਿਨ੍ਹਾਂ ਵਿਚ ਮਰਨ ਤੋਂ ਕਈ-ਕਈ ਘੰਟੇ ਬਾਅਦ ਵੀ ਵਿਅਕਤੀ ਜਿਉਂਦੇ ਹੋਏ ਸਨ। ਅਜਿਹੀਆਂ ਮੌਤਾਂ ਸਮੇਂ ਵਿਅਕਤੀ ਅਜਿਹੇ ਸਥਾਨਾਂ ‘ਤੇ ਹੁੰਦੇ ਹਨ, ਜਿਥੇ ਠੰਢ ਕਾਰਨ ਦਿਮਾਗ਼ੀ ਸੈੱਲ ਨਹੀਂ ਮਰਦੇ। ਅਜਿਹੇ ਸੈੱਲਾਂ ਨੂੰ ਮੁੜ ਜੀਵਤ ਕਰਨਾ ਸੰਭਵ ਹੁੰਦਾ ਹੈ। ਆਸੂਤੋਸ਼ ਬਾਰੇ ਵੀ ਉਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਮੁੜ ਕਦੇ ਵੀ ਜੀਵਤ ਨਹੀਂ ਹੋ ਸਕੇਗਾ।
ਪਾਣੀ ਵਿਚ ਡੁੱਬ ਕੇ ਮਰੀਆਂ ਮੱਖੀਆਂ ਨੂੰ ਜਿਉਂਦਾ ਕਰਨ ਦਾ ਢੰਗ ਵੀ ਉਸ ਨੂੰ ਸਿਖਾਇਆ ਗਿਆ। ਗੱਲਾਂ-ਗੱਲਾਂ ਵਿਚ ਉਸ ਨੂੰ ਦੱਸਿਆ ਗਿਆ ਕਿ ਗਿਆਨ ਵੀ ਵਿਕਾਸ ਕਰਦਾ ਰਹਿੰਦਾ ਹੈ। ਅੱਜ ਤੋਂ ਤਿੰਨ ਸੌ ਵਰ੍ਹੇ ਪਹਿਲਾਂ ਜਦੋਂ ਵੀ ਕਿਸੇ ਵਿਅਕਤੀ ਨੂੰ ਪੁੱਛਿਆ ਜਾਂਦਾ ਸੀ ਕਿ ਬਰਸਾਤ ਕਿਵੇਂ ਹੁੰਦੀ ਹੈ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਇੰਦਰ ਦੇਵਤਾ ਮੀਂਹ ਪਾਉਂਦਾ ਹੈ। ਅੱਜ ਤੀਜੀ ਜਮਾਤ ਦਾ ਵਿਦਿਆਰਥੀ ਵੀ ਦੱਸਦਾ ਹੈ ਕਿ ਵਾਸ਼ਪੀਕਰਨ ਰਾਹੀਂ ਬੱਦਲ ਬਣਦੇ ਹਨ, ਜੋ ਵਰ੍ਹ ਜਾਂਦੇ ਹਨ।
ਅਜਿਹੇ ਵਿਅਕਤੀਆਂ ਵਿਚ ਇਹ ਵਹਿਮ ਹੁੰਦਾ ਹੈ ਕਿ ਮੁਕਤੀ ਤੋਂ ਬਾਅਦ ਆਤਮਾ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ। ਮੈਂ ਬਹੁਤ ਸਾਰੇ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ, ਜਿਨ੍ਹਾਂ ਨੇ ਚਾਲੀ-ਪੰਜਾਹ ਵਰ੍ਹੇ ਭਗਤੀ ਵਿਚ ਬਤੀਤ ਕੀਤੇ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛੀ ਦਾ ਹੈ ਕਿ ਕੀ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਹਨ ਤਾਂ 99.99 ਫ਼ੀਸਦੀ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ। ਜੋ ਵਿਰਲੇ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ, ਉਹ ਵੀ ਭਰਮ ਵਿਚ ਹੁੰਦੇ ਹਨ। ਜਿਵੇਂ ਕਿਸੇ ਨਸ਼ਈ ਵਿਅਕਤੀਆਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਉਹ ਹਵਾ ਵਿਚ ਉੱਡ ਰਿਹਾ ਹੈ। ਪਰ ਵੇਖਣ ਵਾਲਿਆਂ ਨੂੰ ਉਹ ਜ਼ਮੀਨ ‘ਤੇ ਹੀ ਵਿਖਾਈ ਦਿੰਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਮਨੋਭਰਮ ਦਾ ਸ਼ਿਕਾਰ ਹੋ ਜਾਂਦੇ ਹਨ। ਛੇਤੀ ਹੀ ਉਨ੍ਹਾਂ ਦੀ ਸਥਿਤੀ ਪਾਗਲਾਂ ਵਾਲੀ ਬਣ ਜਾਂਦੀ ਹੈ। ਉਂਝ ਵੀ ਵੱਖ-ਵੱਖ ਧਰਮਾਂ ਅਤੇ ਆਸ਼ਰਮਾਂ ਵਾਲਿਆਂ ਦੇ ਪ੍ਰਮਾਤਮਾ ਦੇ ਦਰਸ਼ਨ ਵੱਖ-ਵੱਖ ਹੁੰਦੇ ਹਨ। ਪੰਜਾਬ ਦੇ ਸਿੱਖਾਂ ਨੂੰ ਉਹ ਪੱਗੜੀ ਵਾਲਾ ਵਿਖਾਈ ਦਿੰਦਾ ਹੈ। ਭਾਰਤ ਦੇ ਹਿੰਦੂਆਂ ਨੂੰ ਕ੍ਰਿਸ਼ਨ ਦੇ ਰੂਪ ਵਿਚ ਦਿਸਦਾ ਹੈ। ਯੂਰਪ ਦੇ ਈਸਾਈਆਂ ਨੂੰ ਈਸਾ ਮਸੀਹ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਇਸ ਵੱਖਰੇਪਣ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਸ ਦੀ ਕੋਈ ਹੋਂਦ ਨਹੀਂ।
ਜਦੋਂ ਮੈਂ ਉਸ ਲੜਕੀ ਨੂੰ ਕਿਹਾ ਕਿ ਚੌਦਾਂ ਸਾਲ ਦੀ ਉਮਰ ਵਿਚ ਤੇਰਾ ਘਰ ਛੱਡ ਕੇ ਜਾਣਾ ਕਾਨੂੰਨੀ ਪੱਖੋਂ ਗ਼ਲਤ ਹੈ ਤੇ ਇਸ ਤਰ੍ਹਾਂ ਤੇਰੇ ਮਾਪਿਆਂ ਨੂੰ ਅਤੇ ਤੈਨੂੰ ਲਿਜਾਣ ਵਾਲਿਆਂ ਨੂੰ ਸਜ਼ਾ ਹੋ ਸਕਦੀ ਹੈ। ਪਰ ਉਹ ਕਹਿਣ ਲੱਗੀ ਕਿ ਜਦੋਂ ਸਾਧਵੀਆਂ ਦੀ ਦੀਕਸ਼ਾ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲੇ ਤਾਂ ਖੁਦ ਉਥੇ ਪਹਿਰਾ ਦੇ ਰਹੇ ਹੁੰਦੇ ਹਨ। ਮੈਂ ਕਿਹਾ ਕਿ ਭਾਰਤ ਵਿਚ ਅਜਿਹਾ ਸੰਭਵ ਹੈ। ਹਜ਼ਾਰਾਂ ਅਪਰਾਧ ਪੁਲਿਸ ਵਾਲੇ ਖ਼ੁਦ ਕਰਵਾਉਂਦੇ ਹਨ। ਇਸ ਲਈ ਤੂੰ ਆਪਣਾ ਫ਼ੈਸਲਾ ਸੋਚ ਵਿਚਾਰ ਕੇ ਲਈਂ। ਕਿਤੇ ਤੇਰੇ ਮਾਪਿਆਂ ਅਤੇ ਆਸ਼ਰਮ ਵਾਲਿਆਂ ਨੂੰ ਸਮੱਸਿਆ ਨਾ ਖੜ੍ਹੀ ਹੋ ਜਾਵੇ। ਉਂਝ ਵੀ ਜੇ ਤੂੰ ਇਕ ਵਾਰ ਚਲੀ ਗਈ ਤਾਂ ਤੇਰਾ ਵਾਪਸ ਮੁੜਨਾ ਔਖਾ ਹੋ ਜਾਵੇਗਾ ਕਿਉਂਕਿ ਤੂੰ ਆਪਣੇ ਦੁਆਲੇ ਅਜਿਹਾ ਮਾਹੌਲ ਸਿਰਜ ਲਵੇਂਗੀ, ਜਿਸ ਵਿਚੋਂ ਬਾਹਰ ਆਉਣਾ ਲਗਭਗ ਅਸੰਭਵ ਹੁੰਦਾ ਹੈ। ਕੁੱਝ ਦਿਨਾਂ ਬਾਅਦ ਮੈਨੂੰ ਲੜਕੀ ਦੇ ਘਰਦਿਆਂ ਤੋਂ ਇਹ ਪਤਾ ਲੱਗਿਆ ਕਿ ਸ਼ਾਇਦ ਲੜਕੀ ਆਪਣੀ ਜਿੱਦ ਤੋਂ ਹਟ ਜਾਵੇਗੀ।
ਅੰਤ ਵਿਚ ਮੈਂ ਜਵਾਨ ਹੋ ਰਹੇ ਪੁੱਤਰਾਂ-ਧੀਆਂ ਦੇ ਮਾਪਿਆਂ ਨੂੰ ਇਹ ਸਲਾਹ ਦੇਵਾਂਗਾ ਕਿ ਉਹ ਆਪਣੇ ਪੁੱਤਰਾਂ-ਧੀਆਂ ਨੂੰ ਆਪਣੇ ਵਿਸ਼ਵਾਸਾਂ ਵਿਚ ਨਾ ਪਾਉਣ। ਹਰੇਕ ਵਿਅਕਤੀ ਸੋਚਦਾ ਹੈ ਕਿ ਉਸ ਦਾ ਧਰਮ ਜਾਂ ਉਸ ਦਾ ਰੱਬ ਅੰਤਿਮ ਸੱਚ ਹੈ। ਅਜਿਹਾ ਕੁੱਝ ਵੀ ਨਹੀਂ। ਦੁਨੀਆ ਹਰ ਪਲ ਹਰ ਘੜੀ ਬਦਲ ਰਹੀ ਹੈ। ਜਿਹੜੀਆਂ ਗੱਲਾਂ ਨੂੰ ਅਸੀਂ ਅਤੀਤ ਵਿਚ ਸੱਚ ਮੰਨਦੇ ਸੀ, ਅੱਜ ਇੰਟਰਨੈੱਟ ਦੀ ਦੁਨੀਆਂ ਨੇ ਉਹ ਝੂਠੀਆਂ ਸਾਬਤ ਕਰ ਦਿੱਤੀਆਂ ਹਨ। ਆਓ ਜ਼ਮਾਨੇ ਦੇ ਨਾਲ-ਨਾਲ ਬਦਲਣਾ ਸਿੱਖੀਏ।

ਮੈਂ ਸਨਮਾਨ ਵਾਪਸ ਕਿਉਂ ਕਰ ਰਿਹਾ ਹਾਂ?

india-more-writers-return-akademi-awards-in-protest-against-killing-of-rationalists-1210201512310962ਅੱਜ ਸੈਂਕੜੇ ਪੰਜਾਬੀ ਲੇਖਕ ਸਰਕਾਰੀ ਅਕਾਦਮੀਆਂ ਤੋਂ ਸਨਮਾਨ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਜੁਗਾੜ ਲਾ ਰਹੇ ਹਨ, ਪਰ ਮੈਂ ਇਸ ਸਨਮਾਨ ਨੂੰ ਵਾਪਸ ਕਰ ਰਿਹਾ ਹਾਂ। ਇਹ ਸਨਮਾਨ, ਉਸ ਸਮੇਂ ਵਾਪਸ ਕਰਨੇ ਹੋਰ ਵੀ ਔਖੇ ਹੋ ਜਾਂਦੇ ਹਨ, ਜਦੋਂ ਸਨਮਾਨ ਚਿੰਨ੍ਹ ਨਾਲ ਕੋਈ ਰਾਸ਼ੀ ਵੀ ਜੁੜੀ ਹੋਈ ਹੋਵੇ। 60ਵਿਆਂ ਨੂੰ ਟੱਪੇ ਕਿਸੇ ਵਿਅਕਤੀ ਲਈ ਏਡੀ-ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਮਨ ‘ਤੇ ਬੋਝ ਰੱਖਣਾ ਹੀ ਪੈਂਦਾ ਹੈ। ਮੈਂ ਅਪਣਾ ਸ਼੍ਰੋਮਣੀ ਸਾਹਿਤਕਾਰ ਸਨਮਾਨ ਦੀ ਵਾਪਸੀ ਸਮੇਂ ਪੰਜਾਬ ਦੇ ‘ਨੈਲਸਨ ਮੰਡੇਲਾ’ ਜੀ ਨੂੰ ਸੰਬੋਧਨ ਕਰਕੇ ਹੀ ਲਿਖ ਰਿਹਾ ਹਾਂ। ਮੇਰੇ ਖਿਆਲ ਵਿਚ, ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਕੋਈ ਦਰਜਾ ਦਿੱਤਾ ਹੈ ਤਾਂ ਉਹਨਾਂ ਨੇ ਸਮੁੱਚੇ ਤੱਥਾਂ ਦੀ ਘੋਖ ਤਾਂ ਕੀਤੀ ਹੀ ਹੋਵੇਗੀ। ਮੈਂ ਆਪ ਜੀ (ਪੰਜਾਬ ਦੇ ‘ਨੈਲਸਨ ਮੰਡੇਲਾ’) ਦੇ ਧਿਆਨ ਵਿਚ ਪਿਛਲੇ ਅੱਠ ਸਾਲਾਂ ਦੀਆਂ ਪ੍ਰਾਪਤੀਆਂ ਲਿਆ ਰਿਹਾ ਹਾਂ।
ਪੰਜਾਬ ਦੇ ਸਾਢੇ ਤੇਰਾਂ ਹਜ਼ਾਰ ਪਿੰਡਾਂ ਵਿਚ ਅੱਜ ਹਰ ਪਿੰਡ ਦੇ 40-50 ਘਰਾਂ ਦੇ ਚਿਰਾਗ ‘ਚਿੱਟੇ’ ਦੀ ਜਕੜ ਵਿਚ ਆ ਚੁੱਕੇ ਹਨ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਚਿਰਾਗਾਂ ਨੂੰ ਬੁਝਣੋਂ ਰੋਕਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਜਿਸ ਦੀ ਸੰਭਾਵਨਾ ਘੱਟ ਹੀ ਹੈ। ਇਸ ਦੇ ਲਈ ਪੰਜਾਬ ਦੇ ਘੱਟੋ-ਘੱਟ ਪੰਜ ਲੱਖ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ ‘ਤੇ ਬਰਬਾਦੀ ਵੱਲ ਜਾਣਗੇ ਹੀ। ਜੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਤਾਂ ਹੋਰ ਕੌਣ ਹੈ? ਇਸੇ ਤਰ੍ਹਾਂ ਰੇਤ-ਬਜਰੀ ਦੀ ਥੁੜ ਕਾਰਨ ਤਿੰਨ ਸਾਲ ਤੋਂ ਇਮਾਰਤਾਂ ਦੀ ਉਸਾਰੀ ਦਾ ਕੰਮ ਲਗਭਗ ਠੱਪ ਪਿਆ ਹੈ। ਭੱਠਿਆਂ ਦੇ ਮਾਲਕ ਅਤੇ ਪਥੇਰੇ ਲਗਭਗ ਵਿਹਲੇ ਬੈਠ ਕੇ ਖਾਂਦੇ ਰਹੇ ਹਨ ਅਤੇ ਇਮਾਰਤਾਂ ਦੀ ਉਸਾਰੀ ਵਿਚ ਜੁਟੇ ਮਜ਼ਦੂਰ ਅਤੇ ਮਿਸਤਰੀ ਬੇਰੁਜ਼ਗਾਰ ਹੋ ਰਹੇ ਹਨ। ਇਸ ਤਰਾਂ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨਾਂ ਨੇ ਤਿਣਕਾ-ਤਿਣਕਾ ਜੋੜ ਕੇ ਕੁੱਝ ਪੂੰਜੀ ਜਮ੍ਹਾਂ ਕੀਤੀ ਹੋਵੇਗੀ, ਉਹ ਇਸ ਮੁਸ਼ਕਲ ਦੌਰ ਵਿਚ ਕੰਗਾਲੀ ਦੀਆਂ ਬਰੂਹਾਂ ‘ਤੇ ਪੁੱਜ ਗਏ ਹਨ। ਇਸ ਤੋਂ ਅੱਗੇ ਵੀ ਕਿਸਾਨਾਂ ਦੀ ਨਰਮੇ ਦੀ ਫ਼ਸਲ, ਜੇ ਨਕਲੀ ਦਵਾਈਆਂ ਅਤੇ ਘਟੀਆ ਬੀਜ਼ਾਂ ਉਪਰ ਹੋਏ ਚਿੱਟੇ ਮੱਛਰ ਦੇ ਹਮਲੇ ਕਾਰਨ ਬਰਬਾਦ ਹੋਈ ਹੈ ਤਾਂ ਇਹ ਆਪ ਜੀ ਵੱਲੋਂ ਆਪਣੇ ਅਫ਼ਸਰਾਂ ਅਤੇ ਵਜ਼ੀਰਾਂ ਨੂੰ ਦਿੱਤੀ ਹੱਲਾਸ਼ੇਰੀ ਕਰ ਕੇ ਹੀ ਵਾਪਰੀ ਹੈ। ਇਸ ਦੀਆਂ ਕੁੱਝ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਕੁੱਝ ਸਮੇਂ ਨੇ ਖੋਲ੍ਹ ਦੇਣੀਆਂ ਹਨ।
ਇਸ ਤੋਂ ਅੱਗੇ ਆਪ ਮੰਡੇਲਾ ਜੀ ਦੀ ਕਿਰਪਾ ਨਾਲ ਇੱਥੇ ਬਹੁਤ ਸਾਰੇ ਡੇਰੇ ਤੇ ਮੱਠ ਅਰਬਾਂਪਤੀ ਕਰ ਹੋ ਗਏ ਹਨ, ਜਿਨ੍ਹਾਂ ਲਈ ਵਿਸ਼ਾਲ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਉਨਾਂ ਨੂੰ ਚੌੜੀਆਂ, ਪੱਕੀਆਂ ਅਤੇ ਸੁੰਦਰ ਸੜਕਾਂ ਬਣਵਾ ਦਿੱਤੀਆਂ ਗਈਆਂ ਹਨ। ਜਿਹੜੇ ਸਾਧ-ਸੰਤ ਪੰਜਾਬ ਵਿਚ ਆਉਂਦੇ ਹਨ, ਭਾਵੇਂ ਉਹ ਕੁਮਾਰ ਸਵਾਮੀ, ਆਸਾਰਾਮ ਬਾਪੂ, ਰਾਮਦੇਵ ਜਾਂ ਇਨ੍ਹਾਂ ਵਰਗਾ ਕੋਈ ਹੋਰ ਹੋਵੇ, ਉਹ ਅਰਬਾਂਪਤੀ ਹੋ ਕੇ ਜਾਂਦੇ ਹਨ। ਤੁਸੀਂ ਉਨਾਂ ਤੋਂ ਅਸ਼ੀਰਵਾਦ ਲੈਂਦੇ ਵੀ ਹੋ ਅਤੇ ਬਦਲੇ ਵਿਚ ਖ਼ਜ਼ਾਨੇ ਦਾ ਮੂੰਹ ਵੀ ਖੋਲਦੇ ਹੋ। ਭਾਵੇਂ ਪੰਜਾਬ ਦੇ ਲੋਕਾਂ ਨੂੰ ਆਲੇ-ਦੁਆਲੇ ਦੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਟੈਕਸ ਵੀ ਅਦਾ ਕਰਨਾ ਪਵੇ।
ਮੰਡੇਲਾ ਜੀ, ਤੁਹਾਡੇ ਸਪੁੱਤਰ, ਨੂੰਹ ਅਤੇ ਹੋਰ ਰਿਸ਼ਤੇਦਾਰਾਂ ਨੇ ਆਰਬਿਟ ਬੱਸਾਂ ਰਾਹੀਂ ਭਾਵੇਂ ਰੋਡਵੇਜ਼ ਕੰਗਾਲੀ ਦੇ ਕਿਨਾਰੇ ਪਹੁੰਚਾ ਦਿੱਤੀ ਹੈ, ਪਰ ਫਿਰ ਵੀ ਕੁੱਝ ਗਿਣੇ-ਮਿੱਥੇ ਲੋਕਾਂ ਨੂੰ ਤਾਂ ਇਨ੍ਹਾਂ ਬੱਸਾਂ ਦੀਆਂ ਏ.ਸੀ. ਤੇ ਆਰਾਮਦਾਇਕ ਬੱਸਾਂ ਦੀਆਂ ਸਹੂਲਤਾਂ ਪ੍ਰਾਪਤ ਹੋ ਹੀ ਰਹੀਆਂ ਹਨ। ਮੈਨੂੰ ਲਗਦਾ ਹੈ ਕਿ ਜੇ ਤੁਹਾਨੂੰ ਪੰਜ-ਦਸ ਸਾਲ ਦਾ ਹੋਰ ਮੌਕਾ ਮਿਲ ਗਿਆ ਤਾਂ ਤੁਹਾਡੀਆਂ ਆਰਬਿਟ ਬੱਸਾਂ ਨੇ ਹਵਾਈ ਜਹਾਜ਼ਾਂ ਵਿਚ ਬਦਲ ਜਾਣਾ ਹੈ। ਸ਼ਾਇਦ, ਇਨ੍ਹਾਂ ਦੀ ਗਿਣਤੀ ਵੀ ਦਸ-ਵੀਹ ਗੁਣਾ ਵਧ ਜਾਵੇ। ਪਰ ਪੀ.ਆਰ.ਟੀ.ਸੀ. ਦੇ ਵਰਕਰਾਂ ਨੂੰ ਤਾਂ ਪੈਨਸ਼ਨਾਂ ਦੇ ਪੈਸੇ ਵੀ ਉਸ ਸਮੇਂ ਤੱਕ ਨਹੀਂ ਮਿਲਣੇ, ਕਿਉਂਕਿ ਇਹ ਪੈਸੇ ਤਾਂ ਕਿਸੇ ਨਾ ਕਿਸੇ ਰੂਪ ਵਿਚ ਤੁਹਾਡੀਆਂ ਆਰਬਿਟਾਂ ਵਿਚ ਸਮਾ ਗਏ ਹਨ। ਪੰਜਾਬ ਦੇ ਮੰਡੇਲਾ ਜੀ ਦੀ ਅਗਵਾਈ ਵਿਚ ਫ਼ਾਸਟਵੇਅ ਚੈਨਲ ਛੋਟੇ-ਮੋਟੇ ਚੈਨਲਾਂ ਨੂੰ ਤਾਂ ਖਾ ਚੁੱਕਿਆ ਹੈ। ਹੁਣ ਤਾਂ ਉਹ ਸਾਧਾਂ-ਸੰਤਾਂ, ਜੋਤਿਸ਼ੀਆਂ, ਨੀਮ-ਹਕੀਮਾਂ ਦੀਆਂ ਇਸ਼ਤਿਹਾਰਬਾਜ਼ੀਆਂ ਰਾਹੀਂ ਵੱਡੀਆਂ ਰਕਮਾਂ ਵਸੂਲ ਕਰ ਕੇ ਆਪ ਤਾਂ ਅਮੀਰ ਹੋ ਹੀ ਰਿਹਾ ਹੈ ਤੇ ਨਾਲ ਹੀ ਇਨ੍ਹਾਂ ਠੱਗਾਂ ਦੀਆਂ ਝੋਲੀਆਂ ਭਰ ਰਿਹਾ ਹੈ। ਪਰ ਜਨਤਾ ਵਿਚਾਰੀ ਹੇਠਾਂ ਨੂੰ ਹੀ ਜਾ ਰਹੀ ਹੈ। ਇਸੇ ਤਰ੍ਹਾਂ ਸਾਇਕਲ ਉਦਯੋਗ ਤੇ ਲੋਹਾ ਸਨਅੱਤ ਵੀ ਤੁਹਾਡੀ ਅਗਵਾਈ ਵਿਚ ਵਾਹਵਾ ਤਰੱਕੀ ਕਰ ਰਹੇ ਹਨ। ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ। ਇਹ ਸਭ ਤੁਹਾਡੀ ‘ਸੁਯੋਗ ਅਗਵਾਈ’ ਵਿਚ ਹੋ ਰਿਹਾ ਹੈ।
ਸਰਕਾਰੀ ਸਕੂਲਾਂ ਨੂੰ ਤੁਸੀਂ ਬਹੁਤ ਸਾਰੀਆਂ ਸਹੂਲਤਾਂ ਨਾਲ ਮਾਲਾ-ਮਾਲ ਕਰ ਦਿੱਤਾ ਹੈ। ਅੱਜ ਹਰੇਕ ਸਕੂਲ ਵਿਚ ਸਾਰੇ ਬੱਚਿਆਂ ਨੂੰ ਬੈਠਣ ਲਈ ਸ਼ਾਨਦਾਰ ਇਮਾਰਤਾਂ, ਵਧੀਆ ਫ਼ਰਨੀਚਰ ਅਤੇ ਪੂਰਾ ਸਟਾਫ਼ ਉਪਲਬਧ ਹੈ ਤਾਂਹੀਉਂ ਤਾਂ ਤੁਸੀਂ ਆਪਣੇ ਪੋਤੇ-ਪੋਤੀ ਨੂੰ ਸਰਕਾਰੀ ਸਕੂਲਾਂ ਵਿਚ ਭੇਜਣ ਦੀ ਤਿਆਰੀ ਕਰ ਰਹੇ ਹੋ। ਜੇ ਕਿਸੇ ਪਰਿਵਾਰ ਵਿਚ ਨਿੱਕੀ ਜਿਹੀ ਬਿਮਾਰੀ ਵੜ ਜਾਂਦੀ ਹੈ ਤਾਂ ਉਨਾਂ ਦਾ ਘਰ-ਵਾਰ ਸਭ ਕੁੱਝ ਵਿਕ ਜਾਂਦਾ ਹੈ। ਜੇ ਅਧਿਆਪਕਾਂ ਦੇ ਮੁਜ਼ਾਹਰੇ ਹੁੰਦੇ ਹਨ ਤਾਂ ਤੁਹਾਡੀ ਪੁਲਿਸ ਉਨਾਂ ਤੋਂ ਰਜਾਈਆਂ ਖੋਹ ਲੈਂਦੀ ਹੈ ਅਤੇ ਤੁਹਾਡੇ ਪਾਲੇ ਹੋਏ ਗੁੰਡੇ ਅਤੇ ਵਜ਼ੀਰ ਧਰਨਿਆਂ ਅਤੇ ਮੁਜ਼ਾਹਰਿਆਂ ਨੂੰ ਰੋਕਣ ਲਈ ਲਾਠੀਆਂ ਲੈ ਕੇ ਪੁਲਿਸ ਦੇ ਨਾਲ ਜਾ ਖੜੋਂਦੇ ਹਨ।
ਮੇਘ ਰਾਜ ਮਿੱਤਰ
9888787440

ਸ਼੍ਰਿਸ਼ਟੀ ਕਿਵੇਂ ਚੱਲ ਰਹੀ ਹੈ?

Earth_Globeਲੋਕਾਂ ਦੇ ਮਨ ਵਿਚ ਆਮ ਹੀ ਇਹ ਧਾਰਨਾ ਪੈਦਾ ਹੁੰਦੀ ਹੈ ਕਿ ਜੇ ਸ਼੍ਰਿਸ਼ਟੀ ਨੂੰ ਚਲਾਉਣ ਵਾਲਾ ਕੋਈ ਨਹੀਂ ਤਾਂ ਸ਼੍ਰਿਸ਼ਟੀ ਕਿਵੇਂ ਚੱਲ ਰਹੀ ਹੈ? ਇਸ ਵਰਤਾਰੇ ਨੂੰ ਸਮਝਣ ਤੋਂ ਪਹਿਲਾਂ ਕੁੱਝ ਹੋਰ ਗੱਲਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਦਾਰਥ ਸਦਾ ਸੀ, ਸਦਾ ਹੈ ਅਤੇ ਸਦਾ ਰਹੇਗਾ। ਬ੍ਰਹਿਮੰਡ ਦੀ ਹੋਂਦ ਸਿਰਫ਼ ਪਦਾਰਥ ਨਾਲ ਹੀ ਹੈ। ਹਰੇਕ ਕਿਸਮ ਦੀ ਊਰਜਾ ਭਾਵੇਂ ਉਹ ਪ੍ਰਕਾਸ਼ ਹੋਵੇ, ਆਵਾਜ਼ ਹੋਵੇ ਜਾਂ ਗਰਮੀ ਹੋਵੇ। ਇਹ ਸਭ ਪਦਾਰਥ ਦੀਆਂ ਕਿਸਮਾਂ ਹਨ। ਪਦਾਰਥ ਦੇ ਖਿੰਡਣ ਨਾਲ ਪ੍ਰਕਾਸ਼ ਪੈਦਾ ਹੁੰਦਾ ਹੈ। ਪਦਾਰਥ ਦੇ ਟਕਰਾਉਣ ਨਾਲ ਗਰਮੀ ਪੈਦਾ ਹੁੰਦੀ ਹੈ ਤੇ ਕੰਬਾਹਟ ਨਾਲ ਆਵਾਜ਼ ਪੈਦਾ ਹੁੰਦੀ ਹੈ। ਜਦੋਂ ਵੀ ਪਦਾਰਥ ਦਾ ਕੋਈ ਰੂਪ ਜਾਂ ਮਾਤਰਾ ਨਸ਼ਟ ਹੁੰਦੀ ਹੈ ਤਾਂ ਉਸੇ ਮਾਤਰਾ ਵਿਚ ਪਦਾਰਥ ਦੇ ਕਿਸੇ ਹੋਰ ਰੂਪ ਦੀ ਸਿਰਜਣਾ ਹੁੰਦੀ ਹੈ। ਵਿਗਿਆਨ ਅਨੁਸਾਰ, ਪ੍ਰਕਿਰਤੀ ਨੂੰ ਚਲਾਉਣ ਵਾਲੇ ਚਾਰ ਮੁੱਢਲੇ ਨਿਯਮ ਹਨ। ਇਨਾਂ ਚਾਰ ਨਿਯਮਾਂ ਵਿਚ ਆਪਸੀ ਕੀ ਸਬੰਧ ਹੈ ਜਾਂ ਨਿਯਮਾਂ ਨੂੰ ਇਕੱਠੇ ਕਰਨ ਦੇ ਯਤਨਾਂ ਸਬੰਧੀ ਖੋਜ-ਪੜਤਾਲ ਆਉਣ ਵਾਲੇ ਸਮੇਂ ਵਿਚ ਹੋ ਸਕਦੀ ਹੈ।
ਪਹਿਲਾ ਨਿਯਮ
ਬ੍ਰਹਿਮੰਡ ਵਿਚ ਹਰ ਵਸਤੂ ਦੂਸਰੀ ਵਸਤੂ ਨੂੰ ਆਪਣੇ ਭਾਰ ਅਨੁਸਾਰ ਆਪਣੇ ਵੱਲ ਖਿੱਚਦੀ ਹੈ। ਦੂਰੀ ਵਧਣ ਨਾਲ ਇਹ ਖਿੱਚ-ਸ਼ਕਤੀ ਘੱਟ ਜਾਂਦੀ ਹੈ। ਬ੍ਰਹਿਮੰਡ ਵਿਚ ਤਾਰੇ, ਗ੍ਰਹਿ, ਉਪਗ੍ਰਹਿ, ਗਲੈਕਸੀਆਂ ਤੇ ਧੂਮਕੇਤੂ ਇਕ-ਦੂਜੇ ਨੂੰ ਖਿੱਚ ਰਹੇ ਹਨ। ਇਨ੍ਹਾਂ ਵਿਚ ਪੈਦੇ ਹੋਏ ਸਮਤੋਲ ਕਰ ਕੇ ਇਹ ਇਕ-ਦੂਜੇ ਦੇ ਦੁਆਲੇ ਗਤੀਸ਼ੀਲ ਹਨ। ਜਦੋਂ ਕਿਤੇ ਵੀ ਕਿਸੇ ਦੀ ਆਪਸੀ ਦੂਰੀ ਘਟ ਜਾਂਦੀ ਹੈ ਤਾਂ ਘੁੰਮਣ ਗਤੀ ਘੱਟ ਜਾਂਦੀ ਹੈ ਅਤੇ ਉਹ ਇਕ-ਦੂਜੇ ਨਾਲ ਟਕਰਾ ਵੀ ਜਾਂਦੇ ਹਨ। ਧਰਤੀ ਦੇ ਭਾਰਤੀ ਖਿੱਤੇ ਵਿਚ ਤਿੰਨ ਕੁ ਸਾਲ ਪਹਿਲਾਂ ਇਕ ਤਰਾਸਦੀ ਇਸੇ ਨਿਯਮ ਕਾਰਨ ਵਾਪਰੀ ਸੀ। ਪਹਾੜਾਂ ਵਿਚ ਉਚਾਈ ‘ਤੇ ਹੋਈ ਭਾਰੀ ਬਾਰਿਸ਼ ਕਾਰਨ ਨਦੀਆਂ ਰਾਹੀਂ ਵੱਡੀ ਮਾਤਰਾ ਵਿਚ ਪਾਣੀ ਧਰਤੀ ਦੇ ਕੇਂਦਰ ਵੱਲ ਨੂੰ ਖਿੱਚਿਆ ਜਾਣ ਲੱਗ ਪਿਆ। ਇਸ ਪਾਣੀ ਅਤੇ ਪਹਾੜਾਂ ਵਿਚੋਂ ਆਈ ਮਿੱਟੀ ਦੇ ਵਹਿਣ ਕਾਰਨ ਕੇਦਾਰਨਾਥ ਵਿਖੇ ਬਹੁਤ ਸਾਰੇ ਧਾਰਮਿਕ ਸਥਾਨਾਂ, ਵਾਹਨਾਂ ਅਤੇ ਮਨੁੱਖਾਂ ਨੇ ਇਸ ਤਰਾਸਦੀ ਦਾ ਸੰਤਾਪ ਭੋਗਿਆ। ਇਸ ਤਰਾਂ ਇਹ ਗੁਰੂਤਾ-ਆਕਰਸ਼ਣ ਦਾ ਨਿਯਮ ਬਹੁਤ ਸ਼ਕਤੀਸ਼ਾਲੀ ਹੈ, ਪਰ ਇਹ ਇਕ ਕਮਜ਼ੋਰ ਬਲ ਹੈ। ਹਾਂ, ਇਸ ਤੋਂ ਵੀ ਸ਼ਕਤੀਸ਼ਾਲੀ ਬਲ ਬ੍ਰਹਿਮੰਡ ਵਿਚ ਕਾਰਜ ਕਰ ਰਹੇ ਹਨ।
ਦੂਜਾ ਨਿਯਮ
ਇਹ ਨਿਯਮ ਨਿਊਕਲੀ ਬਲਾਂ ਦਾ ਹੈ। ਐਟਮ (ਪ੍ਰਮਾਣੂ) ਬੰਬਾਂ ਰਾਹੀਂ ਹੁੰਦੀ ਤਬਾਹੀ ਬਹੁਤ ਸਾਰੇ ਵਿਅਕਤੀਆਂ ਨੇ ਵੇਖੀ-ਸੁਣੀ ਹੈ। ਇਕ ਛੋਟੇ ਜਿਹੇ ਐਟਮ ਬੰਬ ਨੇ ਜਾਪਾਨ ਦੇ ਸ਼ਹਿਰ ਹੀਰੋਸੀਮਾ ਅਤੇ ਨਾਗਾਸਾਕੀ ਦੇ ਲੱਖਾਂ ਵਿਅਕਤੀਆਂ ਨੂੰ ਭੁੰਨ ਕੇ ਰੱਖ ਦਿੱਤਾ ਸੀ। ਅਸਲ ਵਿਚ, ਬ੍ਰਹਿਮੰਡ ਦੇ ਸਾਰੇ ਸੂਰਜਾਂ ਵਿਚ ਐਟਮੀ ਬੰਬਾਂ ਵਾਲੀਆਂ ਕਿਰਿਆਵਾਂ ਹੀ ਵਾਪਰ ਰਹੀਆਂ ਹਨ। ਸੂਰਜ ਉਪਰ ਵੀ ਹਾਈਡ੍ਰੋਜਨ ਗੈਸ ਦੇ ਹੀਲੀਅਮ ਵਿਚ ਬਦਲਣ ਕਾਰਨ ਨਿਊਕਲੀਅਸ ਸੰਯੋਜਣ ਹੋ ਰਿਹਾ ਹੈ। ਅਥਾਹ ਪ੍ਰਕਾਸ਼ ਅਤੇ ਗਰਮੀ ਪੈਦਾ ਹੋ ਰਹੀ ਹੈ।
ਤੀਜਾ ਨਿਯਮ
ਇਹ ਨਿਯਮ ਬਿਜਲਈ ਚੁੰਬਕੀ ਬਲਾਂ ਦਾ ਹੈ। ਲੋਹੇ ਦੀ ਇਕ ਤਾਰ ਵਿਚ ਬਿਜਲੀ ਲੰਘਾਉਣ ਨਾਲ ਉਹ ਚੁੰਬਕ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਸਿਧਾਂਤ ‘ਤੇ ਸਾਰੇ ਪੱਖੇ, ਮੋਟਰਾਂ ਆਦਿ ਬਣਦੇ ਹਨ। ਇਹ ਬਲ ਇਕ ਸ਼ਕਤੀਸ਼ਾਲੀ ਬਲ ਹੈ। ਸੂਰਜ ਵਿਚੋਂ ਉਠਦੇ ਤੂਫ਼ਾਨ ਇਨ੍ਹਾਂ ਬਿਜਲਈ ਚੁੰਬਕੀ ਬਲਾਂ ਕਾਰਨ ਹੀ ਧਰਤੀ ਤੱਕ ਮਾਰ ਕਰ ਜਾਂਦੇ ਹਨ।
ਚੌਥਾ ਨਿਯਮ
ਇਸ ਨਿਯਮ ਰਾਹੀਂ ਧਰਤੀ ਦੇ ਉਪਰ ਵੱਖ-ਵੱਖ ਸਾਰੀਆਂ ਚੀਜ਼ਾਂ ਦਾ ਨਿਰਮਾਣ ਹੁੰਦਾ ਹੈ। ਹਾਈਡ੍ਰੋਜ਼ਨ ਗੈਸ ਹੀਲੀਅਮ ਵਿਚ ਬਦਲਦੀ ਹੈ, ਹੀਲੀਅਮ ਕਾਰਬਨ ਵਿਚ ਬਦਲ ਜਾਂਦੀ ਹੈ ਅਤੇ ਕਾਰਬਨ, ਆਕਸੀਜਨ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਤਰਾਂ ਸਮੁੱਚੇ ਬ੍ਰਹਿਮੰਡ ਵਿਚ ਉਪਜੇ ਸਾਰੇ ਤੱਤ ਇਕ ਦੂਜੇ ਵਿਚ ਬਦਲਦੇ ਹਨ। ਕਿਸੇ ਗ੍ਰਹਿ, ਉਪਗ੍ਰਹਿ ਜਾਂ ਤਾਰੇ ‘ਤੇ ਕਾਰਬਨ ਦੀ ਮਾਤਰਾ ਜ਼ਿਆਦਾ ਹੈ। ਕਿਸੇ ਹੋਰ ‘ਤੇ ਲੋਹਾ ਵੱਧ ਮਾਤਰਾ ਵਿਚ ਮਿਲਦਾ ਹੈ। ਹੋ ਸਕਦਾ ਹੈ, ਕੋਈ ਉਲਕਾਪਾਤੀ ਸੋਨੇ ਦਾ ਹੀ ਬਣਿਆ ਹੋਵੇ। ਇਸ ਤਰਾਂ ਕਿਸੇ ਉਪਰ ਚਾਂਦੀ ਦੀ ਮਾਤਰਾ ਵਧੇਰੇ ਹੋ ਸਕਦੀ ਹੈ। ਸੂਰਜਾਂ ਦੁਆਰਾ ਪੈਦਾ ਕੀਤੀ ਜਾ ਰਹੀ ਵੱਖ-ਵੱਖ ਮਾਤਰਾ ਵਿਚ ਗਰਮੀ, ਵੱਖਰੇ-ਵੱਖਰੇ ਤੱਤਾਂ ਦਾ ਨਿਰਮਾਣ ਕਰਦੀ ਹੈ। ਧਰਤੀ ‘ਤੇ ਬਣੀਆਂ ਸਾਰੀਆਂ ਵਸਤੂਆਂ ਇਨਾਂ ਇਕ ਜਾਂ ਦੋ ਜਾਂ ਤਿੰਨ ਤੱਤਾਂ ਦੀ ਅਲੱਗ-ਅਲੱਗ ਮਾਤਰਾ ਮਿਲਾਉਣ ਨਾਲ ਬਣ ਜਾਂਦੀਆਂ ਹਨ।
ਉਪਰੋਕਤ ਨਿਯਮਾਂ ਤੋਂ ਸਪੱਸ਼ਟ ਹੈ ਕਿ ਸ਼੍ਰਿਸ਼ਟੀ ਆਪਣੇ-ਆਪ ਕੁੱਝ ਨਿਯਮਾਂ ਤਹਿਤ ਚੱਲ ਰਹੀ ਹੈ ਤੇ ਚੱਲਦੀ ਰਹੇਗੀ।
-ਮੇਘ ਰਾਜ ਮਿੱਤਰ

9888787440

ਸੰਕਾ ਨਵਿਰਤੀ

ਪ੍ਰਸ਼ਨ :- ਤੁਹਾਡਾ ਜਨਮ ਕਦੋ ਹੋਇਆ
ਉੱਤਰ :- ਸਕੂਲੀ ਸਰਟੀਫਿਕੇਟ ਅਨੁਸਾਰ ਤਾਂ ਮੇਰੇ ਜਨਮ ਦੀ ਮਿਤੀ ਦਸ ਅਗਸਤ ਉਨੀਂ ਸੌ ਉਨੰਜਾ ਹੈ। ਪਰ ਮੈਂ ਸੋਚਦਾ ਹਾਂ ਇਹ ਮੇਰੇ ਜਨਮ ਦੀ ਸ਼ੁਰੂਆਤ ਨਹੀਂ ਹੈ। ਬੱਚੇ ਦਾ ਜਨਮ ਤਾਂ ਵਿਗਿਆਨਕਾਂ ਅਨੁਸਾਰ ਇੱਕ ਲੰਬੀ ਪ੍ਰਕ੍ਰਿਆ ਦਾ ਹਿੱਸਾ ਹੈ। ਕੀ ਜਨਮ ਮਾਂ ਦੀ ਅੰਡੇਦਾਨੀ ਵਿੱਚ ਪੈਦਾ ਹੋਣ ਵਾਲੇ ਆਂਡੇ ਨੂੰ ਗਿਣਿਆ ਜਾਵੇ ਜਾਂ ਉਸ ਸਮੇਂ ਨੂੰ ਗਿਣਿਆ ਜਾਵੇ ਜਦੋਂ ਮਾਂ ਦੇ ਪੇਟ ਵਿੱਚ ਆਂਡਾ ਪੈਦਾ ਹੋਇਆ ਸੀ? ਜਾਂ ਪਿਤਾ ਦੇ ਵੀਰਯਕੋਸ਼ ਵਿੱਚ ਪੈਦਾ ਹੋਵੇ ਉਸ ਸ਼ੁਕਰਾਣੂ ਤੋਂ ਗਿਣਿਆ ਜਾਵੇ? ਜਾਂ ਉਹ ਸ਼ੁਕਰਾਣੂ ਜਿਸ ਸਮੇਂ ਆਂਡੇ ਵਿੱਚ ਦਾਖਲ ਹੋਵੇ? ਜਾਂ ਉਸ ਸਮੇਂ ਨੂੰ ਜਦੋਂ ਸ਼ੁਕਰਾਣੂ ਤੇ ਆਂਡਾ ਸੈਲ ਜੁੜਕੇ ਭਰੂਣ ਦੇ ਪਹਿਲੇ ਸੈਲ ਦਾ ਨਿਰਮਾਣ ਕਰਦੇ ਹਨ।
ਅਸਲ ਵਿੱਚ ਭਰੂਣ ਦਾ ਪਹਿਲਾ ਸੈਲ ਟੁੱਟ ਕੇ ਅਲੱਗ-ਅਲੱਗ ਦੋ ਜਾਂ ਤਿੰਨ ਵਿੱਚ ਵੀ ਬਦਲ ਸਕਦਾ ਹੈ? ਫਿਰ ਜੌੜੇ ਭਰਾ ਜਾਂ ਭੈਣ ਜਾਂ ਤਿੰਨ ਭੈਣ ਭਰਾ ਵੀ ਪੈਦਾ ਹੋ ਸਕਦੇ ਹਨ। ਜਾਂ ਫਿਰ 280 ਦਿਨ ਬਾਅਦ ਮਾਂ ਦੇ ਪੇਟ ਵਿੱਚੋਂ ਬਾਹਰ ਆਉਣ ਨੂੰ? ਇਹ ਗੰਭੀਰ ਵਿਸਾ ਹੈ ਜੋ ਕਾਫੀ ਬਹਿਸ ਦੀ ਮੰਗ ਕਰਦਾ ਹੈ।

ਪ੍ਰਸ਼ਨ :- ਕੀ ਆਪਣਾ ਧਰਮ ਕਿਸੇ ਦੂਸਰੇ ਤੇ ਜਬਰਦਸਤੀ ਠੋਸਿਆ ਜਾ ਸਕਦਾ ਹੈ? ਜਾਂ ਸਰਕਾਰਾਂ ਧਰਮ ਮੰਨਣ ਵਿੱਚ ਜਬਰਦਸਤੀ ਕਰ ਸਕਦੀਆਂ ਹਨ?
ਉੱਤਰ :- ਹਰੇਕ ਵਿਅਕਤੀ ਦਾ ਆਪਣੇ ਰੱਬ ਵਿੱਚ ਯਕੀਨ ਨਿਜੀ ਹੁੰਦਾ ਹੈ। ਉਹਨਾਂ ਦੇ ਉਸਨੂੰ ਮੰਨਣ ਜਾਂ ਨਾ ਮੰਨਣ ਦੇ ਢੰਗ ਵੀ ਅਲੱਗ-ਅਲੱਗ ਹੁੰਦੇ ਹਨ। ਇਸ ਲਈ ਕਿਸੇ ਨੂੰ ਵੀ ਆਪਣਾ ਧਰਮ ਮੰਨਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਲੋਕਾਂ ਦੀ ਸ਼ਕਤੀ ਨਾਲ ਹੀ ਬਣਦੀਆਂ, ਉਸਰਦੀਆਂ ਜਾਂ ਢਹਿੰਦੀਆਂ ਹਨ। ਇਸ ਲਈ ਸਰਕਾਰਾਂ ਵੀ ਲੋਕਾਂ ਨੂੰ ਇੱਕ ਵਿਸ਼ੇਸ਼ ਧਰਮ ਵਿੱਚ ਯਕੀਨ ਕਰਨ ਲਈ ਮਜਬੂਰ ਨਹੀਂ ਕਰ ਸਕਦੀਆਂ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਸਾਡਾ ਖਹਿੜਾ ਛੁਡਵਾਇਆ ਸੀ। ਜੇ ਭਾਰਤੀ ਹਾਕਮ ਵੀ ਸਾਨੂੰ ਧਾਰਮਿਕ ਤੌਰ ‘ਤੇ ਗੁਲਾਮ ਬਣਾਉਣ ਦਾ ਯਤਨ ਕਰਨਗੇ ਤਾਂ ਲੋਕ ਵਿਦਰੋਹ ਦੀਆਂ ਹਨੇਰੀਆਂ ਨੇ ਚਲੱਣਾ ਹੀ ਹੈ ਤੇ ਇਹਨਾਂ ਹਨੇਰੀਆਂ ਨੇ ਤੁਫਾਨਾਂ ਦਾ ਰੂਪ ਧਾਰਨ ਕਰਨਾ ਹੀ ਹੈ।

ਪ੍ਰਸ਼ਨ :- ਕੀ ਪ੍ਰਾਚੀਨ ਸਭਿਅਤਾ ਵੇਲੇ ਵਿਗਿਆਨ ਜ਼ਿਆਦਾ ਵਿਕਸਤ ਸੀ?
ਉੱਤਰ :- ਇਹ ਸੁਆਲ ਤਿਵਾੜੀ ਜੀ ਨੇ ਗਲੋਬਲ ਪੰਜਾਬ ਤੇ ਮੈਨੂੰ ਪੁੱਛਿਆ ਸੀ। ਅਸਲ ਵਿੱਚ ਮੇਹਰਗੜ ਪਾਕਿਸਤਾਨ ਵਿੱਚ ਕੋਇਟੇ ਦੇ ਨਜ਼ਦੀਕ ਇੱਕ ਕਸਬਾ ਹੈ, ਇੱਥੋਂ ਦੀ ਸਭਿਅਤਾ ਹੁਣ ਤੱਕ ਖੁਦਾਈ ਹੋਈਆਂ ਸਭਿਅਤਾਵਾਂ ਵਿੱਚੋਂ ਸਭ ਤੋਂ ਪੁਰਾਣੀ ਸੱਭਿਅਤਾ ਪ੍ਰਮਾਣਿਤ ਹੋਈ ਹੈ। ਇਸ ਤੋਂ ਪਿੱਛੋਂ ਹੜੱਪਾ ਤੇ ਮਹਿੰਜਦੜੋ ਦੀਆਂ ਸੱਭਿਅਤਾਵਾਂ ਦਾ ਨਾਂ ਆਉਂਦਾ ਹੈ। ਸਾਡੀਆਂ ਇਹਨਾਂ ਸੱਭਿਅਤਾਵਾਂ ਦੇ ਬਸਿੰਦਿਆਂ ਨੇ ਇਹ ਸਿੱਖ ਲਿਆ ਸੀ ਕਿ ਪਾਣੀ ਹਮੇਸ਼ਾ ਉਚਾਈ ਤੋਂ ਨਿਵਾਈ ਵੱਲ ਆਉਂਦਾ ਹੈ। ਉਹਨਾਂ ਇਮਾਰਤਾਂ ਦੀ ਉਸਾਰੀ ਦੇ ਕੁਝ ਢੰਗ ਤਰੀਕੇ ਵੀ ਵਿਕਸਿਤ ਕਰ ਲਏ ਸਨ। ਉਹਨਾਂ ਸਮਿਆਂ ਵਿੱਚ ਅਜਿਹੇ ਹੁਨਰ ਸਿੱਖ ਲੈਣਾ ਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਵੱਡੀ ਗੱਲ ਹੁੰਦੀ ਸੀ। ਪਰ ਜੇ ਇਹ ਕਿਹਾ ਜਾਵੇ ਕਿ ਉਸ ਸਮੇਂ ਦੀ ਵਿਗਿਆਨ ਅੱਜ ਦੇ ਵਿਗਿਆਨ ਨਾਲੋਂ ਕਿਤੇ ਅੱਗੇ ਸੀ ਇਹ ਗਲਤ ਹੈ।

ਪ੍ਰਸ਼ਨ :- ਮੁਰਦਾ ਸ਼ਰੀਰ ਕੁਝ ਸਮੇਂ ਬਾਅਦ ਪਾਣੀ ਵਿੱਚ ਤੈਰਨ ਕਿਉਂ ਲੱਗ ਜਾਂਦਾ ਹੈ?
ਉੱਤਰ :- ਮੌਤ ਤੋਂ ਬਾਅਦ ਸ਼ਰੀਰ ਵਿੱਚ ਕੁਝ ਰਸਾਇਣਕ ਪ੍ਰਕਿਰਿਆਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹਨਾਂ ਰਸਾਇਣਕ ਕ੍ਰਿਆਵਾਂ ਦੀ ਉਪਜ ਕਾਰਨ ਸ਼ਰੀਰ ਵਿੱਚ ਕਈ ਗੈਸਾਂ ਦੀ ਪੈਦਾਵਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਗੈਸਾਂ ਕਾਰਨ ਸ਼ਰੀਰ ਫੁੱਲਣਾ ਸ਼ੁਰੂ ਕਰ ਦਿੰਦਾ ਹੈ। ਉਸਦਾ ਆਕਾਰ ਵੱਧਣ ਕਾਰਨ ਉਸਦੀ ਘਣਤਾ ਘੱਟ ਹੋ ਜਾਂਦੀ ਹੈ। ਸਿੱਟੇ ਵੱਜੋਂ ਮੁਰਦਾ ਸ਼ਰੀਰ ਤੈਰਨਾ ਸ਼ੁਰੂ ਕਰ ਦਿੰਦਾ ਹੈ। ਗੈਸਾਂ ਦੀ ਮਾਤਰਾਂ ਕੁਝ ਸਮੇਂ ਬਾਅਦ ਹੀ ਵੱਧਦੀ ਹੈ। ਇਸ ਲਈ ਲਾਸ਼ ਵੀ ਪਾਣੀ ਵਿੱਚ ਡੁੱਬਣ ਤੋਂ ਬਾਅਦ ਹੀ ਕੁਝ ਘੰਟਿਆ ਬਾਅਦ ਪਾਣੀ ਦੀ ਸਤਾ ਦੇ ਉਪਰ ਆ ਕੇ ਤੈਰਨਾ ਸ਼ੁਰੂ ਕਰਦੀ ਹੈ।

ਪ੍ਰਸ਼ਨ :- ਮਨ ਕੀ ਹੈ?
ਉੱਤਰ :- ਮਨੁੱਖੀ ਦਿਮਾਗ ਵਿੱਚ ਵਾਪਰਦੀਆਂ ਰਸਾਇਣਕ ਤੇ ਬਿਜਲੀ ਕ੍ਰਿਆਵਾਂ ਤੇ ਸੰਕੇਤਾਂ ਦਾ ਸਮੂਹ ਹੈ। ਮਨੁੱਖ ਨੇ ਮਨ ਨੂੰ ਸਮਝਣ ਤੋਂ ਬਾਅਦ ਹੀ ਕੰਪਿਊਟਰ ਚਿਪ ਨੂੰ ਜਾਣਕਾਰੀ ਸਗ੍ਰਿਹ ਦਾ ਸੋਮਾ ਬਣਾਇਆ ਹੈ।

ਪ੍ਰਸ਼ਨ :- ਮਨੁੱਖ ਵਿੱਚ ਬੋਲਣਾ ਤੇ ਹਰਕਤ ਕਰਨਾ ਕੀ ਹੈ?
ਉੱਤਰ :- ਮਨੁੱਖੀ ਮਨ ਇੱਕ ਪਦਾਰਥ ਹੈ। ਪਦਾਰਥ ਵਿੱਚ ਅਜਿਹੇ ਗੁਣ ਹੋ ਹੀ ਸਕਦੇ ਹਨ। ਜਿਵੇਂ ਚੂਨੇ ਵਿੱਚ ਪਾਣੀ ਪਾਉਣ ਨਾਲ ਗਰਮੀ, ਆਵਾਜ਼ ਤੇ ਹਰਕਤ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਕਰੋੜਾਂ ਵਰ੍ਹਿਆਂ ਦੇ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਤੇ ਵਿਉਂਤ ਵੱਧ ਕੀਤੇ ਇਹ ਗੁਣ ਮਨੁੱਖੀ ਮਨ ਵਿੱਚ ਪ੍ਰਾਪਤ ਹੋ ਗਏ ਹਨ। ਹਰ ਪੀੜ੍ਹੀ ਡੀ. ਐਨ. ਏ ਰਾਹੀਂ ਇਹ ਗੁਣ ਆਪਣੇ ਵਾਰਮਾਂ ਦੇ ਸਪੁਰਦ ਕਰਦੀ ਜਾਂਦੀ ਹੈ।

ਪ੍ਰਸ਼ਨ :- ਪੁਨਰ ਜਨਮ ਕੀ ਹੁੰਦਾ ਹੈ?
ਉੱਤਰ :- ਕਿਸੇ ਬੁੱਢੇ, ਜੁਆਨ ਜਾਂ ਬੱਚੇ ਦੇ ਮਨ ਵਿੱਚ ਉਪਜੇ ਖਿਆਲ ਹੀ ਹਨ ਤੇ ਖਿਆਲਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਹੁੰਦਾ। ਭੰਗ ਪੀ ਕੇ ਤੁਹਾਨੂੰ ਆਪਣਾ ਆਪ ਅਸਮਾਨ ਵਿੱਚ ਉੱਡਦਾ ਨਜ਼ਰ ਆਵੇਗਾ, ਪਰ ਇਹ ਹਕੀਕੀ ਨਹੀਂ ਹੋਵੇਗਾ। ਇਸ ਤਰ੍ਹਾਂ ਪੁਨਰਜਨਮ ਵੀ ਸੁਪਨੇ ਵਾਂਗੂ ਕਿਸੇ ਮਨ ਦੇ ਖਿਆਲ ਹੀ ਹੁੰਦਾ ਹੈ।

ਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ

ਮੇਘ ਰਾਜ ਮਿਤੱਰ
14 ਨੰਬਵਰ 2014 ਤੋਂ ਅਠਾਰਾ ਨੰਬਵਰ 2014 ਤੱਕ ਮੈਨੂੰ ਈਸ਼ਵਰੀਆਂ ਵਿਸ਼ਵਦਿਆਲਾ ਮਾਉਂਟ ਆਬੂ ਵਿੱਚ ਰਹਿਣ ਦਾ ਮੌਕਾ ਮਿਲਿਆ। ਮੇਰੇ ਨਾਲ ਸੰਗਰੂਰ ਤੋਂ ਕੁਝ ਰੀਟਾਇਰਡ ਅਧਿਆਪਕ ਵੀ ਸਨ। ਬਲਕਿ ਇਹਨਾਂ ਸਾਥੀਆਂ ਦੇ ਸਹਿਯੋਗ ਨਾਲ ਹੀ ਮੈਨੂੰ ਬ੍ਰਹਮ ਕੁਮਾਰੀਆਂ ਦੇ ਜੀਵਨ ਤੇ ਵਿਚਾਰਧਾਰਾ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਬ੍ਰਹਮ ਕੁਮਾਰੀ ਆਸ਼ਰਮ ਵਿੱਚ ਸਫ਼ਾਈ, ਖਾਣ-ਪੀਣ ਅਤੇ ਰਹਾਇਸ਼ ਦੇ ਪ੍ਰਬੰਧ ਬਹੁਤ ਹੀ ਪ੍ਰਸੰਸਾ ਯੋਗ ਹਨ। ਇਹਨਾਂ ਦਾ ਆਪਣੇ ਸਰੀਰਾਂ ਦੀ ਸਫ਼ਾਈ ਵੱਲ ਧਿਆਨ, ਕਿਸੇ ਨੂੰ ਵੀ ਟੋਕਾ-ਟਾਕੀ ਨਾ ਕਰਨ ਦਾ ਰੁਝਾਣ ਵੀ ਬਹੁਤ ਵਧੀਆ ਹੈ। ਇਸ ਮਿਸ਼ਨ ਦੇ ਵਾਲੰਟੀਅਰ ਵੀ ਨਿਸ਼ਕਾਮ ਸੇਵਾ ਵਿੱਚ ਯਕੀਨ ਰੱਖਦੇ ਹਨ, ਪੈਸੇ ਪੱਖੋ ਵੀ ਇਹ ਆਪਣੇ ਮੈਂਬਰਾਂ ਉੱਪਰ ਹੀ ਨਿਰਭਰ ਹਨ। ਨਿਰਸੰਦੇਹ ਮਾਊਂਟ ਆਬੂ ਦਾ ਇਹਨਾਂ ਦਾ ਸੈਂਟਰ ਵੇਖਣ ਯੋਗ, ਰਹਿਣ ਯੋਗ ਤੇ ਮਾਨਣ ਯੋਗ ਹੈ।
ਪਰ ਇਹ ਗੱਲਾਂ ਮੇਰੇ ਲਈ ਬਹੁਤੀਆਂ ਮਹੱਤਵਪੂਰਨ ਨਹੀਂ ਸਨ। ਮੇਰੇ ਲਈ ਤਾਂ ਇਹਨਾਂ ਦੇ ਵਿਚਾਰ ਤੇ ਵਿਚਾਰਧਾਰਾ ਵੱਧ ਜ਼ਰੂਰੀ ਸੀ। ਵਿਚਾਰਧਾਰਾ ਦੇ ਪੱਖ ਤੋਂ ਇਨ੍ਹਾਂ ਦਾ ਪੱਧਰ ਅੱਜ ਦੇ ਵਿਗਿਆਨਕ ਯੁੱਗ ਦੇ ਮੇਚ ਦਾ ਨਹੀਂ ਹੈ। ਕੁਝ ਨੁਕਤੇ ਜੋ ਮੈਂ ਨੋਟ ਕੀਤੇ ਹਨ ਉਹ ਨਿਮਨਲਿਖਤ ਹਨ :-
1. ਵਿਅਕਤੀਗਤ ਅਨੁਭਵ ਤੇ ਅਧਾਰਤ ਹੈ :- ਬ੍ਰਹਮਕੁਮਾਰੀ ਆਸ਼ਰਮ ਵਾਲਿਆਂ ਦੀ ਸਾਰੀ ਵਿਚਾਰਧਾਰਾ ਸਾਡੇ ਰਿਸ਼ੀਆਂ, ਮੁਨੀਆਂ ਦੁਆਰਾ ਪਿਛਲੀਆਂ ਸਦੀਆਂ ਵਿੱਚ ਮਹਿਸੂਸ ਕੀਤੇ ਗਏ ਅਨੁਭਵਾਂ ਤੇ ਅਧਾਰਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਇਹ ਰਿਸ਼ੀ, ਮੁੰਨੀ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਭਗਤੀ ਵਿੱਚ ਬਤੀਤ ਕਰਦੇ ਸਨ। ਭਗਤੀ ਜਾਂ ਸਮਾਧੀ ਵਿੱਚ ਜਦੋਂ ਕੋਈ ਬੰਦਾ ਲੰਬਾ ਸਮਾਂ ਬੈਠ ਜਾਂਦਾ ਹੈ ਤਾਂ ਉਹਨਾਂ ਵਿੱਚੋਂ ਕਈਆਂ ਨੂੰ ”ਪ੍ਰਮਾਤਮਾ” ਜਾਂ ”ਆਤਮਾ” ਦੇ ਦਰਸ਼ਨ ਹੋ ਜਾਣੇ ਸੁਭਾਵਕ ਹੀ ਹੁੰਦੇ ਹਨ। ਵਿਗਿਆਨ ਇਹ ਗੱਲ ਮੰਨ ਕੇ ਤੁਰਦੀ ਹੈ ਕਿ ਜੇ ਕਿਸੇ ਚੀਜ ਦੀ ਹੋਂਦ ਹੈ ਤਾਂ ਉਹ ਉਨ੍ਹਾਂ ਨੂੰ ਇੱਕੋਂ ਰੂਪ ਵਿੱਚ ਨਜ਼ਰ ਆਵੇਗੀ। ਮਸਲਨ ਜੇ ਸਮਾਧੀ ਲਾਉਣ ਵਾਲਾ ਵਿਅਕਤੀ ਸਿੱਖ ਧਰਮ ਦਾ ਸ਼ਰਧਾਲੂ ਹੈ ਤਾਂ ਉਸਨੂੰ ਪ੍ਰਮਾਤਮਾ ਸ਼੍ਰੀ ਗੁਰੂ ਨਾਨਕ ਦੇਵ ਜਾਂ ਸ਼੍ਰੀ ਗੁਰੂ ਗੋਬਿੰਦ ਦੇ ਰੂਪ ਵਿੱਚ ਨਜ਼ਰ ਆਵੇਗਾ ਪਰ ਜੇ ਸਰਧਾਲੂ ਈਸਾਈ ਹੈ ਤਾਂ ਉਸਨੂੰ ਦਰਸ਼ਨ ਦੇਣ ਵਾਲਾ ਯਿਸੂ ਮਸ਼ੀਹ ਦੇ ਰੂਪ ਵਿੱਚ ਨਜ਼ਰ ਆਵੇਗਾ। ਜੇ ਸਮਾਧੀ ਵਿੱਚ ਮਗਨ ਵਿਅਕਤੀ ਮੁਸਲਿਮ ਧਰਮ ਦਾ ਪੈਰੋਕਾਰ ਹੈ ਤਾਂ ਉਸਨੂੰ ਸ਼੍ਰੀ ਹਜਰਤ ਮਹੁੰਮਦ ਜਾਂ ਅੱਲ੍ਹਾ ਵਿਖਾਈ ਦੇਵੇਗਾ, ਜੇ ਉਹ ਕਿਸੇ ਬਹੁ ਭੁਜਾਵੀ ਦੇਵੀ ਦਾ ਸ਼ਰਧਾਲੂ ਹੈ ਤਾਂ ਦਰਸ਼ਨ ਦੇਣ ਵਾਲੀ ਦੇਵੀ ਚਾਰ ਜਾਂ ਅੱਠ ਭੁਜਾਵਾਂ ਦੀ ਵੀ ਹੋ ਸਕਦੀ ਹੈ। ‘ਦਰਸ਼ਨ ਦੇਣ ਵਾਲੇ’ ਸਮਾਧੀ ਲਾਉਣ ਵਾਲੇ ਵਿਅਕਤੀ ਦੀ ਧਾਰਮਿਕ ਸੋਚ ‘ਤੇ ਨਿਰਭਰ ਹੁੰਦੇ ਹਨ। ਇਸ ਲਈ ਇਹ ਬਦਲਦੇ ਹਨ ਇਸ ਲਈ ਇਹ ਗੱਲ ਵਿਗਿਆਨਕ ਵਰਤਾਰਾ ਕਸੱਵਟੀ ‘ਤੇ ਪੂਰੀ ਨਹੀਂ ਉਤਰਦੀ ਕਿਉਂਕਿ ਇਹ ਤਬਦੀਲ ਹੁੰਦਾ ਹੈ। ਇਸ ਲਈ ਇਹ ਅਨੁਭਵ ਵਿਗਿਆਨਕ ਨਹੀਂ ਹਨ।
ਮੈਂ ਆਪਣੇ ਸਕੂਲੀ ਸਮੇਂ ਵਿੱਚ ਸੁੱਖੇ ਦੇ ਪਕੌੜੇ ਖਾ ਲਏ ਸਨ। ਕੁਝ ਸਮੇਂ ਬਾਅਦ ਹੀ ਮੈਨੂੰ ਅਨੁਭਵ ਹੋਣ ਲੱਗ ਪਿਆ ਕਿ ਮੈਂ ਹਵਾ ਵਿੱਚ ਮੰਜੇ ਸਮੇਤ ਹੀ ਉੱਡ ਰਿਹਾ ਹਾਂ। ਬਾਅਦ ਵਿੱਚ ਮੈਂ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਤੋਂ ਪਤਾ ਕੀਤਾ ਤਾਂ ਉਹ ਕਹਿਣ ਲੱਗੇ ਹਵਾ ਵਿੱਚ ਉੱਡਣਾ ਤਾਂ ਤੇਰਾ ਭਰਮ ਸੀ। ਸੋ ਕਿਸੇ ਰਿਸ਼ੀ ਮੁਨੀ ਨੂੰ ਸਮਾਧੀ ਦੌਰਾਨ ਅਜਿਹੇ ਅਨੁਭਵ ਹੋ ਹੀ ਸਕਦੇ ਹਨ, ਪਰ ਉਹ ਹਕੀਕਤ ਨਹੀਂ ਹੁੰਦੇ।
ਮੈਂ ਆਪਣੀ ਜ਼ਿੰਦਗੀ ਦੇ ਪਿਛਲੇ ਤੀਹ ਵਰ੍ਹਿਆਂ ਵਿੱਚ ਹਜ਼ਾਰਾਂ ਹੀ ਵਿਅਕਤੀਆਂ ਵਿੱਚੋਂ ”ਭੂਤ ਪ੍ਰੇਤ” ਕੱਢੇ ਹਨ। ਕੀ ਉਹ ਵਿਅਕਤੀ ਝੂਠ ਬੋਲ ਰਹੇ ਸਨ ਕਿ ਸਾਡੇ ਵਿੱਚ ਸਾਡੀ ਮਰੀ ਹੋਈ ‘ਤਾਈ’ ‘ਚਾਚੀ’ ਦੀ ਭੂਤ ਦਖਲ ਹੋ ਗਈ ਹੈ, ਜਾਂ ਮੈਂ ਉਹਨਾਂ ਵਿੱਚੋਂ ਸੱਚੀ ਮੁੱਚੀ ”ਭੂਤ” ਹੀ ਕੱਢੇ ਸਨ। ਅਸਲ ਵਿੱਚ ਭੂਤਾਂ ਪ੍ਰੇਤਾਂ ਤੋਂ ਸਤਾਏ ਵਿਅਕਤੀ ਝੂਠ ਨਹੀਂ ਬੋਲਦੇ ਸਨ। ਸਾਡੇ ਆਲੇ ਦੁਆਲੇ ‘ਤੇ ਸਮੱਸਿਆਵਾਂ ਨੇ ਉਹਨਾਂ ਵਿੱਚ ਭੂਤਾਂ ਪ੍ਰੇਤਾਂ ਦਾ ਝੂਠਾ ਵਿਸ਼ਵਾਸ ਭਰ ਦਿੱਤਾ ਸੀ। ਅਸੀਂ ਆਪਣੇ ਯਤਨਾਂ ਨਾਲ ਜਾਂ ਦਲੀਲਾਂ ਨਾਲ ਉਹਨਾਂ ਵਿੱਚੋਂ ਇਹ ਵਿਸ਼ਵਾਸ ਖ਼ਤਮ ਕਰ ਦਿੱਤੇ ਉਹ ਠੀਕ ਹੋ ਗਏ। ਸੋ ਅਜਿਹੇ ਵਿਅਕਤੀਆਂ ਦੇ ਅਨੁਭਵ ਜ਼ਰੂਰ ਸਾਡੇ ਸਾਹਮਣੇ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਵਿਅਕਤੀਗਤ ਅਨੁਭਵ ਬਹੁਤੀਆਂ ਹਾਲਤਾਂ ਵਿੱਚ ਝੂਠੇ ਹੀ ਹੁੰਦੇ ਹਨ। ਸਾਡੀ ਸੰਸਥਾ ਕੋਲ ਤਿੰਨ ਸੌ ਤੋਂ ਵੱਧ ਵਿਅਕਤੀ ਅਜਿਹੇ ਵੀ ਆਏ ਹਨ ਜਿਹਨਾਂ ਨੂੰ ਵਿਖਾਈ ਦੇਣ ਵਾਲੇ ”ਭੂਤ-ਪ੍ਰੇਤ” ਜੀਵਤ ਵਿਅਕਤੀਆਂ ਦੇ ਸਨ।
ਮੈਂ ਆਪਣੀ ਜ਼ਿੰਦਗੀ ਵਿੱਚ ਅਖ਼ਬਾਰਾਂ ਵਿੱਚ ਛਪੀਆਂ ”ਪੁਨਰਜਨਮ” ਦੀਆਂ 30 ਕੁ ਘਟਨਾਵਾਂ ਦੀ ਜਾਂਚ ਪੜਤਾਲ ਕੀਤੀ ਹੈ। ਪੁਨਰਜਨਮ ਹੋਣ ਦਾ ਦਾਅਵਾ ਕਰਨ ਵਾਲੇ ਬਹੁਤੇ ਛੋਟੀ ਉਮਰ ਦੇ ਬਾਲਕ ਹੁੰਦੇ ਹਨ। ਇਹ ਵੀ ਹਕੀਕਤ ਹੈ ਕਿ ਬਾਲਕ ਛੋਟੀ ਉਮਰ ਵਿੱਚ ਝੂਠ ਬੋਲਣ ਦੇ ਘੱਟ ਹੀ ਆਦੀ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਇਹ ਭਰਮ ਜ਼ਰੂਰ ਪੈਦਾ ਹੋ ਜਾਂਦੇ ਸਨ ਕਿ ਉਹ ਪਿਛਲੇ ਜਨਮ ਵਿੱਚ ‘ਮਰੇ ਹੋਏ ਵਿਅਕਤੀ’ ਸਨ। ਪਰ ਸਾਡੀ ਜਾਂਚ ਦੇ ਨਤੀਜੇ ਇਹ ਦਰਸਾਉਂਦੇ ਸਨ ਕਿ ਉਹਨਾਂ ਦੇ ਪੁਨਰਜਨਮ ਦੇ ਦਾਅਵੇ ਝੂਠੇ ਹੀ ਸਨ। ਇਸ ਲਈ ਉਨ੍ਹਾਂ ਨੂੰ ਪੁਨਰ ਜਨਮ ਦੇ ਭਰਮ ਜ਼ਰੂਰ ਖੜ੍ਹੇ ਹੁੰਦੇ ਸਨ ਪਰ ਇਹ ਹਕੀਕੀ ਨਹੀਂ ਸਨ।
ਮੇਰੇ ਕੋਲ ਇੱਕ ਅਜਿਹੇ ਲੜਕੇ ਨੂੰ ਵੀ ਲਿਆਂਦਾ ਗਿਆ ਜੋ ਵਾਰ-ਵਾਰ ਆਪਣੇ ਮੂੰਹ ‘ਤੇ ਹੱਥ ਰੱਖਦਾ ਸੀ। ਜਦੋਂ ਮੈਂ ਉਸਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ ਤਾਂ ਉਸਦਾ ਜੁਆਬ ਸੀ ਕਿ ਮੈਥੋਂ ਸਾਡੀ ”ਧਾਰਮਿਕ ਪੁਸਤਕ” ਨੂੰ ਗਾਲ ਨਿਕਲਦੀ ਹੈ। ਉਸਨੂੰ ਰੋਕਣ ਲਈ ਮੈਂ ਆਪਣੇ ਮੂੰਹ ‘ਤੇ ਹੱਥ ਰੱਖਦਾ ਹਾਂ। ਇਸ ਤਰ੍ਹਾਂ ਹੀ ਇੱਕ ਪੇਂਡੂ ਲੜਕੀ ਨੂੰ ਪਿੰਡ ਦੇ ਮੁੰਡੇ ਦਾ ਹੀ ਭਰਮ ਖੜਾ ਹੁੰਦਾ ਸੀ ਕਿ ਉਹ ਆਪਣਾ ਅਗੂੰਠਾ ਉਸਦੇ ਗੁਪਤ ਅੰਗ ਵਿੱਚ ਪਾਉਂਦਾ ਹੈ। ਇਹਨਾਂ ਦੋਹਾਂ ਕੇਸਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਰਾਂ ਕੋਲੋਂ ਦਿੱਤੀ ਗਈ ਦਵਾਈ ਨੇ ਉਨ੍ਹਾਂ ਦੇ ਇਹ ਅਨੁਭਵ ਸਦਾ ਲਈ ਖ਼ਤਮ ਕਰ ਦਿੱਤੇ।
ਬ੍ਰਹਮ ਕੁਮਾਰੀਆਂ ਪੁਨਰਜਨਮ ਤੇ ਮੌਤ ਬਾਅਦ ਜ਼ਿੰਦਗੀ ਵਿੱਚ ਵੀ ਵਿਸ਼ਵਾਸ ਰੱਖਦੀਆਂ ਹਨ। ਅਸੀਂ ਸੰਸੋਹਣ ਕ੍ਰਿਆ ਰਾਹੀ ਅਜਿਹੇ ਅਨੁਭਵ ਪੈਦਾ ਕਰਕੇ ਤੇ ਖ਼ਤਮ ਕਰਕੇ ਵੀ ਵੇਖੇ ਹਨ।
2. ਪਹਿਲਾ ਸਤਯੁੱਗ ਹੁੰਦਾ ਸੀ ਹੁਣ ਕੱਲਯੁੱਗ ਹੈ :- ਬ੍ਰਹਮ ਕੁਮਾਰੀਆਂ ਇਸ ਗੱਲ ਵਿੱਚ ਵੀ ਯਕੀਨ ਕਰਦੀਆਂ ਹਨ ਕਿ ਪਿਛਲਾ ਯੁੱਗ ਚੰਗਾ ਸੀ। ਹੁਣ ਦਾ ਯੁੱਗ ਮਾੜਾ ਹੈ। ਉਹ ਇਸ ਸਬੰਧੀ ਅਸਲੀਅਤ ਨੂੰ ਭੁੱਲ ਜਾਂਦੀਆਂ ਹਨ। ਅਸਲ ਵਿੱਚ ਸਤਯੁੱਗ ਜਾਂ ਕੱਲਯੁੱਗ ਸਮੇਂ-ਸਮੇਂ ਦੀਆਂ ਸਰਕਾਰਾਂ ‘ਤੇ ਨਿਰਭਰ ਕਰਦੇ ਹਨ। ਜੇ ਕਿਸੇ ਦੇਸ਼ ਦੀ ਸਰਕਾਰ ਚੰਗੀ ਹੈ ਉੱਥੇ ਅੱਜ ਵੀ ਸੱਤਯੁੱਗ ਹੈ ਜਿੱਥੇ ਅੱਜ ਵੀ ਲੜਾਈਆਂ ਚੱਲ ਰਹੀਆਂ ਹਨ ਉੱਥੇ ਅੱਜ ਵੀ ਕੱਲਯੁੱਗ ਹੈ। ਜੇ ਭਾਰਤ ਦੀ ਹੀ ਗੱਲ ਕਰੀਏ ਤੇ ਪਿਛਲੇ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਚਲੱਦਾ ਹੈ ਕਿ ਵੱਡੇ-ਵੱਡੇ ਅਕਾਲ ਧਰਤੀ ‘ਤੇ ਪੈਂਦੇ ਸਨ ਜਿਸ ਨਾਲ ਕਰੋੜਾਂ ਲੋਕ ਅਨਾਜ ਦੇ ਦਾਣੇ ਨੂੰ ਤਰਸਦੇ ਭੁੱਖ ਨਾਲ ਮਰ ਜਾਂਦੇ ਸਨ। ਲੋਕ ਆਪਣੇ ਬੱਚਿਆਂ ਨੂੰ ਭੁੱਖ ਨਾਲ ਤੜਪਦੇ ਅਤੇ ਆਪਣੀਆਂ ਅੱਖਾਂ ਮੂਹਰੇ ਉਹਨਾਂ ਦੀ ਜਾਨ ਨਿਕਲਦੀ ਵੇਖਦੇ। ਇਸਦੇ ਨਾਲ ਹੀ ਕਰੋੜਾਂ ਲੋਕ ਪਲੇਗ, ਕਾਲੇ ਬੁਖਾਰ ਵਰਗੀਆਂ ਮਾਰੂ ਬੀਮਾਰੀਆਂ ਨਾਲ ਚੱਲ ਵੱਸਦੇ। ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ। ਇੱਕ ਦੀ ਲਾਸ਼ ਸੰਸਕਾਰ ਲਈ ਲੈ ਕੇ ਜਾਂਦੇ ਘਰ ਆਉਂਦਿਆਂ ਨੂੰ ਦੂਜੇ ਦੀ ਮੌਤ ਹੋ ਚੁੱਕੀ ਹੁੰਦੀ। ਹਰ ਪਿੰਡ ਹਰ ਘਰ ਵਿੱਚ ਸੋਗ ਵਿਸਿਆ ਹੁੰਦਾ ਕੀ ਅਜਿਹੇ ਯੁੱਗਾਂ ਨੂੰ ਸੱਤਯੁੱਗ ਕਹਾਂਗੇ।
ਜੇ ਅਗਾਂਹ ਗੱਲ ਕਰੀਏ ਆਮ ਲੋਕਾਂ ਕੋਲ ਤਾਂ ਰਹਿਣ ਲਈ ਕੁੱਲੀਆਂ ਜਾਂ ਢਾਰੇ ਹੀ ਹੁੰਦੇ ਸਨ। ਉਹਨਾਂ ਕੋਲ ਹੁੰਦਾ ਹੀ ਕੁਝ ਨਹੀਂ ਸੀ ਇਸ ਲਈ ਡਾਕੇ ਵੀ ਕਾਹਦੇ ਪੈਣੇ ਹੁੰਦੇ। ਪਰ ਜੋ ਉਸ ਸਮੇਂ ਦੇ ਅਮੀਰ ਹੁੰਦੇ ਸਨ ਉਹਨਾਂ ਦੀ ਜ਼ਿੰਦਗੀ ਵੀ ਸੁਖਾਲੀ ਨਹੀਂ ਸੀ ਹੁੰਦੀ। ਉਹ ਹਵੇਲੀਆਂ ਤਾਂ ਬਣਾਉਂਦੇ ਪਰ ਉਹਨਾਂ ਵਿੱਚ ਕਿਸੇ ਕਿਸਮ ਦੀ ਵਾਰੀ ਜਾਂ ਰੋਸ਼ਨਦਾਨ ਨਾ ਰੱਖਦੇ। ਤਾਂ ਜੋ ਘਰ ਵਿੱਚ ਰਾਤ ਬਰਾਤੇ ਡਾਕੂ ਨਾ ਆ ਸਕਣ। ਫਿਰ ਵੀ ਰਾਤਾਂ ਡਰ-ਡਰ ਕੇ ਗੁਜਾਰਦੇ ਉਹਨਾਂ ਦੀਆਂ ਅੱਖਾਂ ਦਿਨ ਦਾ ਚਾਨਣ ਵੇਖਣ ਨੂੰ ਤਰਸ ਜਾਂਦੀਆਂ ਜਿਹਨਾਂ ਲੋਕਾਂ ਨੇ ਰਜਵਾੜਿਆਂ ਦੇ ਰਾਜ ਤੇ ਜਿਮੀਂਦਾਰਾਂ ਦੀਆਂ ਵਧੀਕੀਆ ਬ੍ਰਦਾਸ਼ਤ ਕੀਤੀਆਂ ਹਨ ਉਹ ਹੀ ਦੱਸ ਸਕਦੇ ਹਨ ਕਿਵੇਂ ਦਿਨ ਦਿਹਾੜੇ ਉਹਨਾਂ ਦੀਆਂ ਇਸਤਰੀਆਂ ਨੂੰ ਹਵੇਲੀਆਂ ਵਿੱਚ ਉਨ੍ਹਾਂ ਦੇ ਲੱਠਮਾਰ ਖਿੱਚ ਕੇ ਲੈ ਜਾਂਦੇ ਸਨ ਤੇ ਮਰਦਾਂ ਦੇ ਵਿਦਰੋਹ ਕਰਨ ‘ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਸੀ। ਅਜਿਹੇ ਯੁੱਗਾਂ ਨੂੰ ਸੱਤਯੁੱਗ ਤਾਂ ਨਹੀਂ ਕਿਹਾ ਜਾ ਸਕਦਾ। ਇਤਿਹਾਸ ਦੇ ਵਰਕੇ ਫਰੋਲਣ ‘ਤੇ ਪਤਾ ਲੱਗਦਾ ਹੈ ਕਿ ਜਿਉਂ ਜਿਉਂ ਅਸੀਂ ਇਤਿਹਾਸ ਦੀਆਂ ਪਿਛਲੀਆਂ ਪਰਤਾਂ ਵੱਲ ਅੱਗੇ ਵੱਧਦੇ ਹਾਂ ਤਾਂ ਬੀਮਾਰੀਆਂ, ਜਿਆਦਤੀਆਂ, ਆਫਤਾਂ ਦੀ ਮਾਤਰਾਂ ਵੀ ਵੱਧ ਹੁੰਦੀ ਸੀ।
ਭਾਰਤ ਦੀ ਧਰਤੀ ‘ਤੇ ਪ੍ਰਾਚੀਨ ਤੋਂ ਪ੍ਰਾਚੀਨ ਸੱਭਿਅਤਾ ਦੇ ਚਿੰਨ੍ਹ ਜੋ ਮਿਲੇ ਹਨ ਉਹ ਅੱਠ ਕੁ ਹਜ਼ਾਰ ਵਰੇ ਪਹਿਲਾਂ ਦੇ ਕੋਇਟੇ ਦੇ ਕੋਲੋ ਪਾਕਿਸਤਾਨ ਦੇ ਮੇਹਰਗੜ ਤੋਂ ਪ੍ਰਾਪਤ ਹੋਏ ਹਨ। ਸਿੰਧ ਘਾਟੀ ਦੀ ਸੱਭਿਅਤਾ ਇਸਤੋਂ ਹਜ਼ਾਰ ਕੁ ਵਰ੍ਹੇ, ਪਿੱਛੋਂ ਦੀ ਹੈ। ਫਿਰ ਸੱਤਯੁੱਗ ਕਿਹੜੇ ਸਮੇਂ ਵਿੱਚ ਹੋਵੇਗਾ। ਹੋ ਸਕਦਾ ਹੋਵੇ ਪਰ ਕਿਸੇ ਰਿਆਸਤ ਦਾ ਰਾਜਾ ਚੰਗਾ ਹੁੰਦਾ ਹੋਵੇ ਉਥੋਂ ਦੀ ਪਰਜਾ ਸੁਖੀ ਜ਼ਰੂਰ ਹੁੰਦੀ ਹੋਵੇਗੀ। ਉਹਨਾਂ ਦੀਆਂ ਮਨੁੱਖੀ ਕਦਰਾਂ ਕੀਮਤਾਂ ਅੱਜ ਦੇ ਮਨੁੱਖ ਨਾਲੋਂ ਸ਼ਾਇਦ ਚੰਗੀਆਂ ਹੁੰਦੀਆਂ ਹੋਣ, ਪਰ ਕੁੱਲ ਮਿਲਾਕੇ ਜ਼ਿਆਦਾ ਲੋਕਾਈ ਧਰਤੀ ‘ਤੇ ਅੱਜ ਨਾਲੋਂ ਵੱਧ ਦੁੱਖੀ ਰਹੀ ਹੈ। ਉਸ ਸਮੇਂ ਦੇ ਰਾਜੇ ਮਹਾਰਾਜੇ ਕਿਹੜਾ ਅੱਜ ਜਿੰਨੇ ਸੁੱਖੀ ਹੋਣਗੇ। ਸ਼ਿਕਾਰ ਕਰਨਾ ਆਪਣੇ ਰਾਜ ਵਿੱਚ ਇੱਕ ਖੂੰਜੇ ਤੋਂ ਦੂਜੇ ਤੱਕ ਪਹੁੰਚਣਾ ਉਹਨਾਂ ਲਈ ਅੱਜ ਨਾਲੋਂ ਸੁਖਾਲਾ ਕਦੇ ਵੀ ਨਹੀਂ ਹੋਇਆ ਹੋਣਾ।
ਸੋ ਸੱਤਯੁੱਗ ਤੇ ਕੱਲਯੁੱਗ ਸਰਕਾਰਾਂ ‘ਤੇ ਨਿਰਭਰ ਹੈ। ਬ੍ਰਹਮਕੁਮਾਰੀਆਂ ਦਾ ਧਿਆਨ ਮੌਜੂਦਾ ਰਾਜਸੀ ਪ੍ਰਬੰਧ ਨੂੰ ਮਜ਼ਬੂਤ ਕਰਨ ਵੱਲ ਹੀ ਹੈ। ਉਹ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਵੱੱਲੋਂ ਧਿਆਨ ਬਦਲ ਕੇ ਆਤਮਾ, ਪ੍ਰਮਾਤਮਾ ਵੱਲ ਨੂੰ ਲਾ ਰਹੇ ਹਨ ਜਿਹਨਾਂ ਦੀ ਨਾ ਕਦੇ ਹੋਂਦ ਸੀ ਤੇ ਨਾ ਹੀ ਹੋਵੇਗੀ।
3 ਵਿਗਿਆਨ ਦੀ ਕਸੌਟੀ ‘ਤੇ ਆਤਮਾ, ਪ੍ਰਮਾਤਮਾ :- ਬ੍ਰਹਮਕੁਮਾਰੀਆਂ ਦੀ ਵਿਚਾਰਧਾਰਾ ਨੂੰ ਸਮਝਣ ਲਈ ਉਹਨਾਂ ਦੀਆਂ ਕੈਸਟਾਂ ਤੇ ਕਿਤਾਬਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹ ਆਤਮਾ ਨੂੰ ਸੂਖਮ ਬਿੰਦੂ ਆਕਾਰ ਹੀ ਸਮਝਦੇ ਹਨ ਤੇ ਤਾਰਿਆਂ ਤੋਂ ਪਰੇ ਉਹਨਾਂ ਦਾ ਨਿਵਾਸ ਸਥਾਨ ਹੈ। ਕੁੱਲ ਮਿਲਾ ਕੇ ਉਹਨਾਂ ਦੀ ਸਮਝ ਇਹ ਹੈ ਕਿ ਪ੍ਰਮਾਤਮਾ ਤੇ ਆਤਮਾ ਅਨੁਭਵ ਕਰਨ ਦੀਆਂ ਚੀਜ਼ਾਂ ਹਨ। ਇਹਨਾਂ ਨੂੰ ਸਮਝ ਉਹ ਹੀ ਵਿਅਕਤੀ ਸਕਦਾ ਹੈ ਜਿਸ ਕੋਲ ਇਨ੍ਹਾਂ ਨੂੰ ਸਮਝਣ ਦੀ ਬੁੱਧੀ ਹੋਵੇ। ਨਾਸਤਿਕ ਅਤੇ ਹੋਰ ਕਿਸਮ ਦੇ ਧਰਮਾਂ ਵਾਲੇ ਇਸਨੂੰ ਸਮਝ ਨਹੀਂ ਸਕਦੇ।
ਅਸਲ ਵਿੱਚ ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਸਾਨੂੰ ਵਿਗਿਆਨ ਵੱਲ ਪਰਤਣਾ ਪਵੇਗਾ। ਵਿਗਿਆਨ ਅਨੁਸਾਰ ਪਦਾਰਥ ਦੀ ਪ੍ਰੀਭਾਸ਼ਾ ਹੁੰਦੀ ਹੈ ਉਹ ਵਸਤੂ ਜੋ ਥਾਂ ਘੇਰਦੀ ਹੈ, ਜਿਸਦਾ ਆਕਾਰ ਅਤੇ ਭਾਰ ਹੁੰਦਾ ਹੈ। ਸੋ ਹਰੇਕ ਕਿਸਮ ਦੀ ਚੇਤਨਾ ਵੀ ਪਦਾਰਥ ਵਿੱਚ ਹੀ ਰਹਿ ਸਕਦੀ ਹੈ। ਅਸਲ ਵਿੱਚ ਚੇਤਨਾ ਪਦਾਰਥ ਦੇ ਕੁਝ ਗੁਣਾਂ ਦਾ ਸੁਮੇਲ ਹੀ ਹੈ। ਮਨੁੱਖੀ ਦਿਮਾਗ ਦੇ ਮਾਹਰ ਦੱਸਦੇ ਹਨ ਕਿ ਦਿਮਾਗ ਵਿੱਚ ਰਸਾਇਣਕ ਕ੍ਰਿਆਵਾਂ ਤੇ ਬਿਜਲੀ ਕ੍ਰਿਆਵਾਂ ਰਾਹੀਂ ਹੀ ਗਿਆਨ ਜਮ੍ਹਾਂ ਹੁੰਦਾ ਹੈ ਤੇ ਸ਼ਰੀਰ ਦੀਆਂ ਭੌਤਿਕ ਕ੍ਰਿਆਵਾਂ ਦਾ ਨਿਰਅਤੰਰਿਣ ਹੁੰਦਾ ਹੈ, ਮਨੁੱਖੀ ਸ਼ਰੀਰ ਵੱਖ-ਵੱਖ ਸੈਲਾਂ ਦਾ ਸਮੂਹ ਹੈ। ਸੈਲਾਂ ਦੇ ਇਕੱਠ ਮਿਲਕੇ ਅੰਗ ਬਣਾਉਂਦੇ ਹਨ। ਅੰਗ ਪ੍ਰਣਾਲੀਆਂ, ਅੰਗਾਂ ਦੇ ਸਮੂਹ ਤੋਂ ਬਣਦੀਆਂ ਹਨ। ਲਹੂ ਗੇੜ, ਸਾਹ ਪ੍ਰਣਾਲੀ ਦਿਮਾਗੀ ਪ੍ਰਬੰਧ ਸਭ ਅੰਗ ਪ੍ਰਣਾਲੀਆਂ ਹਨ। ਜਦੋਂ ਕੋਈ ਮਹੱਤਵ ਪੂਰਨ ਅੰਗ ਪ੍ਰਣਾਲੀ ਆਪਣਾ ਕੰਮ ਬੰਦ ਕਰ ਦਿੰਦੀ ਹੈ ਤਾਂ ਸ਼ਰੀਰ ਦਾ ਕਾਰਜ ਵੀ ਘੱਟ ਹੋ ਜਾਂਦਾ ਹੈ ਜਾਂ ਰੁੱਕ ਜਾਂਦਾ ਹੈ।
ਮਨੁੱਖੀ ਸ਼ਰੀਰ ਰੇਡੀਓ ਜਾਂ ਟੈਲੀਵੀਯਨ ਜਾਂ ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਰੇਡੀਓ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਇਸ ਵਿੱਚੋਂ ਆਤਮਾ ਨਿਕਲ ਗਈ ਹੈ ਸਗੋ ਚੁੱਕ ਕੇ ਮਕੈਨਿਕ ਕੋਲ ਲੈ ਜਾਂਦੇ ਹਾਂ, ਮਕੈਨਿਕ ਉਸ ਵਿੱਚ ਆਤਮਾ ਨਹੀਂ ਪਾਉਂਦਾ ਸਗੋਂ ਉਸਦੀ ਪ੍ਰਣਾਲੀ ਵਿੱਚ ਨੁਕਸ਼ ਲੱਭ ਕੇ ਉਸਨੂੰ ਦਰੁਸਤ ਕਰਦਾ ਹੈ ਤੇ ਉਹ ਠੀਕ ਹੋ ਜਾਂਦਾ ਹੈ। ਮਨੁੱਖੀ ਸ਼ਰੀਰ ਵਿੱਚ ਪਏ ਨੁਕਸ਼ ਦੂਰ ਕਰਨ ਲਈ ਡਾਕਟਰਾਂ ਕੋਲ ਲੈ ਕੇ ਜਾਣਾ ਪੈਂਦਾ ਹੈ ਤੇ ਬਹੁਤੀਆਂ ਹਾਲਤਾਂ ਵਿੱਚ ਉਹ ਨੁਕਸ਼ ਦੂਰ ਕਰ ਦਿੰਦੇ ਹਨ। ਇਸ ਖੇਤਰ ਵਿੱਚ ਦਿਨੋਂ-ਦਿਨ ਨਵੀਆਂ ਉਪਲਬਧੀਆਂ ਤੇ ਖੋਜਾਂ ਹੋ ਰਹੀਆਂ ਹਨ। ਉਹ ਦਿਨ ਦੂਰ ਨਹੀਂ ਸ਼ਰੀਰ ਵਿੱਚੋਂ ਨਿਕਲ ਚੁੱਕੀ ਆਤਮਾ ਮੁੜ ਸ਼ਰੀਰ ਵਿੱਚ ਦਾਖਲ ਹੋ ਜਾਇਆ ਕਰੇਗੀ।
ਬ੍ਰਹਮ ਕੁਮਾਰੀ ਆਸ਼ਰਮ ਬਾਰੇ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਆਤਮਾ ਪ੍ਰਮਾਤਮਾ ਤਾਂ ਊਰਜਾ ਦੇ ਹੀ ਇੱਕ ਰੂਪ ਹਨ ਜਦੋਂ ਕਿ ਵਿਗਿਆਨ ਅਨੁਸਾਰ ਉੂਰਜਾ ਪਦਾਰਥ ਹੀ ਹੈ। ਇਸ ਲਈ ਆਤਮਾ ਪ੍ਰਮਾਤਮਾ ਬਾਰੇ ਉੁਨ੍ਹਾਂ ਦਾ ਇਹ ਕਹਿਣਾ ਕਿ ਅਨੁਭਵ ਹੈ। ਉੁਨ੍ਹਾਂ ਵਿਅਕਤੀਆਂ ਲਈ ਠੀਕ ਹੈ ਜਿਹੜੇ ਇਹ ਸਮਝਦੇ ਹਨ ਕਿ ਉਹਨਾਂ ਨੂੰ ਆਪਣੇ ਵਿਚਾਰਾਂ ਵਿੱਚ ਮਘਨ ਹੋ ਕੇ ਪ੍ਰਮਾਤਮਾ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੀਦਾ ਹੈ। ਹਰ ਸਮੱਸਿਆ ਸਮੇਂ ਉਸਨੂੰ ਯਾਦ ਕਰਦੇ ਹੋਏ ਮੁਸਕਰਾਉਣਾ ਚਾਹੀਦਾ ਹੈ। ਪਰ ਇਹ ਮਨੁੱਖੀ ਤਰੱਕੀ ਤੇ ਮਨੁੱਖੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ।

4. ਨਿੱਜੀ ਉਦਾਹਰਣਾਂ ਨਾਲੋਂ ਗਰੁੱਪਾਂ ਦੀਆਂ ਉਦਾਹਰਣਾਂ ਵੱਧ ਜ਼ਰੂਰੀ ਹੁੰਦੀਆਂ ਹਨ :- ਬ੍ਰਹਮਕੁਮਾਰੀ ਆਸ਼ਰਮ ਦੇ ਬੁਲਾਰੇ ਤੇ ਕਿਤਾਬਾਂ ਨਿੱਜੀ ਉਦਾਹਰਣਾਂ ਨਾਲ ਭਰੀਆਂ ਹੋਈਆਂ ਹਨ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਨਿੱਜੀ ਉਦਾਹਰਣਾਂ ਵਿਅਕਤੀਆਂ ਦੇ ਸਮੂਹ ਨੂੰ ਕੋਈ ਅਗਵਾਈ ਦੇ ਸਕਦੀਆਂ ਹਨ। ਇਸਦੀ ਉਦਾਹਰਣ ਤੁਹਾਨੂੰ ਅੰਗਰੇਜੀ ਦਵਾਈ ਦੀ ਖੋਜ ਤੇ ਪਰਖ ਦੇ ਢੰਗਾਂ ਵਿੱਚੋਂ ਮਿਲ ਸਕਦੀ ਹੈ। ਕਿਸੇ ਵੀ ਦਵਾਈ ਦੀ ਪਰਖ ਲਈ ਉਸਨੂੰ ਪਹਿਲਾਂ ਰਸਾਇਣਕ ਢੰਗ ਨਾਲ ਸਮਝਿਆ ਜਾਂਦਾ ਹੈ। ਜਿਵੇਂ ਕਿਸੇ ਬਿਮਾਰੀ ਲਈ ਜੁੰਮੇਵਾਰ ਰੇਗਾਣੂ ਦੀ ਪਹਿਚਾਣ ਕਰਕੇ ਉਸਦੀ ਬਣਤਰ ਨੂੰ ਸਮਝਿਆ ਜਾਂਦਾ ਹੈ ਫਿਰ ਉਸ ਰੋਗਾਣੂ ਨੂੰ ਮਾਰਨ ਵਾਲੇ ਰਸਾਇਣਕ ਪਦਾਰਥਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਫਿਰ ਉਹਨਾਂ ਰਸਾਇਣਕ ਪਦਾਰਥਾਂ ਨੂੰ ਉਸ ਰੋਗਾਣੁੂੂ ਨਾਲ ਗ੍ਰਸਤ ਹੋਏ ਜੀਵਾਂ ‘ਤੇ ਪਰਖਿਆ ਜਾਂਦਾ ਹੈ ਕਿਉਂਕਿ ਮਨੁੱਖ ਦਾ ਵਿਕਾਸ ਬਣਮਾਨਸ ਤੋਂ ਹੋਇਆ ਸੀ ਤੇ ਬਣਮਾਨਸ ਕੁਝ ਦੂਰੀ ਤੋਂ ਚੂਹਿਆਂ ਦੇ ਰਿਸ਼ਤੇਦਾਰ ਹਨ। ਇਸ ਲਈ ਪਹਿਲਾਂ ਪਰਖ ਚੂਹਿਆਂ ‘ਤੇ ਫਿਰ ਬਾਂਦਰਾਂ ‘ਤੇ ਉਸ ਤੋਂ ਅੱਗੇ ਬਣਮਾਨਸਾਂ ‘ਤੇ ਮਨੁੱਖਾਂ ‘ਤੇ ਕੀਤੀ ਜਾਂਦੀ ਹੈ। ਇਹ ਅਧਿਐਨ ਕਿਸੇ ਇੱਕ ਮਨੁੱਖ ‘ਤੇ ਨਹੀਂ ਸਗੋਂ ਮਨੁੱਖਾਂ ਦੇ ਗਰੁੱਪਾਂ ‘ਤੇ ਕੀਤਾ ਜਾਂਦਾ ਹੈ। ਫਿਰ ਉਸ ਦਵਾਈ ਨੂੰ ਬਾਜ਼ਾਰ ਵਿੱਚ ਭੇਜਿਆ ਜਾਂਦਾ ਹੈ। ਬ੍ਰਹਮ ਕੁਮਾਰੀ ਆਸ਼ਰਮ ਵਾਲੇ ਮੌਤ ਤੋਂ ਬਚ ਕੇ ਮੁੜ ਜਿਉਂਦੇ ਹੋਏ ਵਿਅਕਤੀ ਦੇ ਤਜਰਬਿਆਂ ਦੀਆਂ ਉਦਾਹਰਣਾਂ ਦਿੰਦੇ ਹਨ। ਕਹਿੰਦੇ ਹਨ ਕਿ ਅਮਰੀਕਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਉਸਨੇ ਆਪਣੇ ਵਿੱਚੋਂ ਆਤਮਾ ਨੂੰ ਨਿਕਲ ਕੇ ਜਾਂਦੇ ਹੋਏ ਵੇਖਿਆ। ਅਸਲ ਵਿੱਚ ਅਜਿਹਾ ਨਹੀਂ ਦੁਨੀਆਂ ਦੇ ਬਹੁਤ ਸਾਰੇ ਵਿਅਕਤੀਆਂ ਨੇ ਮੌਤ ਸਮੇਂ ਆਪਣੇ ਤਜਰਬਿਆਂ ਨੂੰ ਕਿਤਾਬਾਂ ਵਿੱਚ ਸਮੇਟਿਆਂ ਹੈ। ਹਰੇਕ ਵਿਅਕਤੀ ਨੇ ਮੌਤ ਬਾਅਦ ਆਪਦੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ। ਕਿਸੇ ਨੇ ਕਿਹਾ ਹੈ ਕਿ ਮੈਂ ਹਨੇਰਾ ਵੇਖਿਆ ਜੋ ਹਰ ਸਮੇਂ ਧੁੰਦਲਾ ਹੁੰਦਾ ਗਿਆ। ਕਿਸੇ ਨੇ ਕਿਹਾ ਹੈ ਕਿ ਮੈਨੂੰ ਕੁਝ ਪਤਾ ਹੀ ਨਹੀਂ ਲੱਗਿਆ ਕੋਈ ਆਤਮਾ ਦੇ ਨਿਕਲ ਜਾਣ ਦੀ ਗੱਲ ਕਰਦਾ ਹੈ। ਇਸ ਸਬੰਧੀ ਕੋਈ ਇੱਕ ਜਾਂ ਸਪੱਸ਼ਟ ਵਿਚਾਰ ਨਹੀਂ।
5 ਟੈਲੀਪੈਥੀ :- ਬ੍ਰਹਮ ਕੁਮਾਰੀ ਆਸ਼ਰਮ ਨਾਲ ਦੁਨੀਆਂ ਦੇ ਦਸ ਲੱਖ ਲੋਕ ਜੁੜੇ ਹੋਏ ਹਨ। ਇਹ ਸਾਰੇ ਟੈਲੀਪੈਥੀ ਵਿੱਚ ਯਕੀਨ ਕਰਦੇ ਹਨ ਟੈਲੀਪੈਥੀ ਅਜਿਹੀ ਝੂਠੀ ਵਿਦਿਆ ਹੈ ਜਿਸ ਦੇ ਵਿਸ਼ਵਾਸੀ ਇਸ ਗੱਲ ਵਿੱਚ ਯਕੀਨ ਕਰਦੇ ਹਨ ਕਿ ਕਿਸੇ ਦੇ ਮਨ ਅੰਦਰ ਚੱਲ ਰਹੇ ਵਿਚਾਰਾਂ ਨੂੰ ਕਿਸੇ ਦੂਰ ਬੈਠੇ ਵਿਅਕਤੀ ਦੁਆਰਾ ਪੜ੍ਹਿਆ ਜਾ ਸਕਦਾ ਹੈ। ਇੱਥੇ ਵੀ ਇਹਨਾਂ ਦੇ ਵਿਚਾਰ ਵਿਗਿਆਨ ਵਿਰੋਧੀ ਹਨ ਜੋ ਇਹ ਕਹਿੰਦੀ ਹੈ ਕਿ ਕਿਸੇ ਕਿਸਮ ਦੀ ਚੇਤਨਾ, ਗਿਆਨ ਜਾਂ ਜਾਣਕਾਰੀ ਕਿਸੇ ਪਦਾਰਥ ਵਿੱਚ ਹੀ ਵਜੂਦ ਰੱਖ ਸਕਦੀ ਹੈ। ਇਹਨਾਂ ਵਿਚਾਰਾਂ ਦੀ ਗਤੀ ਲਈ ਜਾਂ ਇੱਕ ਥਾਂ ਤੋਂ ਦੂਜੇ ਤੇ ਜਾਣ ਲਈ ਮਾਧਿਅਮ ਦੀ ਲੋੜ ਹੁੰਦੀ ਹੈ। ਬ੍ਰਹਮਕੁਮਾਰੀ ਕਦੇ ਵੀ ਇਹ ਦੱਸਣ ਦਾ ਯਤਨ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਵਿਚਾਰ ਕਿਸੇ ਦੂਸਰੇ ਵਿਅਕਤੀ ਤੱਕ ਕਿਵੇਂ ਪਹੁੰਚ ਜਾਂਦੇ ਹਨ। ਅਸਲ ਵਿੱਚ ਟੈਲੀਪੈਥੀ ਦੇ ਵਿਚਾਰ ਦੀ ਪੈਦਾਵਾਰ ਮਨੁੱਖੀ ਮਨ ਵਿੱਚ ਹਰ ਰੋਜ ਪੈਦਾ ਹੋਣ ਵਾਲੀਆਂ ਸੈਂਕੜੇ ਕਲਪਨਾਵਾਂ ਵਿੱਚੋਂ ਹੁੰਦੀ ਹੈ। ਮਨੁੱਖੀ ਮਨ, ਮਨੁੱਖ ਦਾ ਕਦੇ ਵੀ ਨਾ ਸੌਣ ਵਾਲਾ ਅੰਸ ਹੈ। ਇਸ ਵਿੱਚ ਹਰ ਵੇਲੇ ਰਸਾਇਣਕ ਤੇ ਇਲੈਕਟਰਾਨਿਕ ਕ੍ਰਿਆਵਾਂ ਰਾਹੀਂ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਸੌਣ ਸਮੇਂ ਪੈਦਾ ਹੋਏ ਵਿਚਾਰ ਸਾਡੇ ਯਾਦ ਨਹੀਂ ਰਹਿੰਦੇ ਪਰ ਅਰਧ ਕੱਚੀ ਨੀਂਦ ਵਿੱਚ ਪੈਦਾ ਹੋਏ ਵਿਚਾਰ ਸਾਡੇ ਲਈ ਸੁਪਨੇ ਬਣ ਜਾਂਦੇ ਹਨ। ਜਾਗਣ ਸਮੇਂ ਹੋਇਆ ਕਲਪਨਾਵਾਂ ਵਿੱਚੋਂ ਬਹੁਤੀਆਂ ਅਸੀਂ ਭੁੱਲ ਜਾਂਦੇ ਹਾਂ ਕੁੱਝ ਸਾਡੇ ਯਾਦ ਰਹਿ ਜਾਂਦੀਆਂ ਹਨ। ਗਲਤ ਨਿਕਲੀਆਂ ਕਲਪਨਾਵਾਂ ਦਾ ਜਿਕਰ ਕੋਈ ਵਿਅਕਤੀ ਕਰਦਾ ਨਹੀਂ ਪਰ ਜੇ ਕੋਈ ਇੱਕ ਅੱਧੀ ਸੱਚ ਨਿਕਲ ਜਾਂਦੀ ਹੈ ਉਸਦਾ ਪ੍ਰਚਾਰ ਅਸੀਂ ਜੋਰ ਸੋਰ ਨਾਲ ਕਰਦੇ ਹਾਂ।
ਸੰਸਾਰ ਵਿੱਚ ਅੱਜ ਤੱਕ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੋਇਆ ਜਾਂ ਹੈ ਜਿਹੜਾ ਕਿਸੇ ਵਿਅਕਤੀ ਨਾਲ ਵਾਪਰਨ ਵਾਲੀ ਘਟਨਾ ਦੀ ਪਹਿਲਾ ਪੇਸ਼ੀਨਗੋਈ ਕਰ ਸਕਦਾ ਹੋਵੇ ਜਾਂ ਹੈ। ਅਜਿਹੇ ਦਾਅਵਾ ਕਰਨ ਵਾਲੇ ਵਿਅਕਤੀ ਦੁਨੀਆਂ ਵਿੱਚ ਬਹੁਤ ਹਨ ਪਰ ਪ੍ਰਯੋਗਿਕ ਪਰਖ ਸਮੇਂ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਸਫਲ ਹੋਇਆ ਹੋਵੇ। ਜੇ ਇੱਕ ਵੀ ਵਿਅਕਤੀ ਅਜਿਹਾ ਹੁੰਦਾ ਤਾਂ ਜਪਾਨ ਵਿੱਚ ਆਈ ਸੁਨਾਮੀ ਸਮੇਂ ਲੋਕਾਂ ਨੂੰ ਬਚਾਇਆ ਜਾ ਸਕਦਾ ਅੱਜ ਭਾਵੇਂ ਵਿਗਿਆਨਕ ਢੰਗਾਂ ਰਾਹੀਂ ਸੁਨਾਮੀ ਦੀ ਸਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪਰ ਟੈਨੀਪੈਥੀ ਰਾਹੀਂ ਅਜਿਹਾ ਸੰਭਵ ਨਹੀਂ ਹੈ। ਇੰਦਰਾ ਗਾਂਧੀ ਦੇ ਅਧੀਨ ਹਜ਼ਾਰਾਂ ਅਫਸਰਾਂ ਵਿੱਚੋਂ ਇੱਕ ਵੀ ਇਸ ਝੂਠੀ ਪੈਥੀ ਦਾ ਮਾਹਰ ਹੁੰਦਾ, ਤਾਂ ਇੰਦਰਾ ਗਾਂਧੀ ਨੂੰ ਆਪਣੇ ਗਾਰਡਾਂ ਹੱਥੋਂ ਗੋਲੀ ਨਾਲ ਮਰਨਾ ਨਾ ਪੈਂਦਾ।
6. ਦੁਨੀਆਂ ਦੇ ਖਾਤਮੇ ਦਾ ਵਿਚਾਰ :- ਬ੍ਰਹਮਕੁਮਾਰੀਆਂ ਦੀਆਂ ਕਿਤਾਬਾਂ ਵਿੱਚ ਕਈ ਥਾਂਵਾਂ ‘ਤੇ ਇਹ ਦਰਜ਼ ਕੀਤਾ ਹੁੰਦਾ ਹੈ ਕਿ ਦੁਨੀਆਂ ਛੇਤੀ ਖ਼ਤਮ ਹੋ ਜਾਵੇਗੀ ਉਹਨਾਂ ਅਨੁਸਾਰ ਇਹ ਕੱਲਯੁੱਗ ਦਾ ਸਮਾਂ ਹੈ ਤੇ ਛੇਤੀ ਹੀ ਇਹ ਖ਼ਤਮ ਹੋ ਕੇ ਸੱਤਯੁੱਗ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਸਾਰੀ ਦੁਨੀਆਂ ਬ੍ਰਹਮ ਕੁਮਾਰੀ ਵਿਚਾਰਧਾਰਾ ਵੱਲ ਪ੍ਰੇਰਤ ਹੋ ਜਾਵੇਗੀ ਅਸਲ ਵਿੱਚ ਇਹ ਗੱਲ ਵੀ ਕਾਲਪਨਿਕ ਹੈ। ਅਜਿਹਾ ਨਹੀਂ ਹੋਵੇਗਾ ਕਿਉਂਕਿ ਅੱਜ ਦੁਨੀਆਂ ਵਿੱਚ ਅਮੀਰਾਂ ਤੇ ਗਰੀਬਾਂ ਵਿੱਚ ਆਰਥਿਕ ਰੂਪ ਵਿੱਚ ਵੱਡੇ ਪਾੜੇ ਹਨ। ਜਿੰਨਾ ਚਿਰ ਇਹ ਅੰਤਰ ਘੱਟ ਨਹੀਂ ਹੁੰਦੇ ਉਨ੍ਹਾਂ ਚਿਰ ਦੁਨੀਆਂ ਵਿੱਚ ਸੁੱਖ ਸ਼ਾਂਤੀ ਨਹੀਂ ਹੋ ਸਕਦੀ ਇਸ ਅੰਤਰ ਨੂੰ ਘਟਾਉਣ ਵਿੱਚ ਬ੍ਰਹਮ ਕੁਮਾਰੀ ਆਸ਼ਰਮ ਵਾਲੇ ਕਿਸੇ ਕਿਸਮ ਦਾ ਕੋਈ ਰੋਲ ਅਦਾ ਨਹੀਂ ਕਰ ਰਹੇ ਹਨ।
7. ਮੋਹ ਦੇ ਰਿਸ਼ਤਿਆ ਨੂੰ ਘਟਾਉਣਾ :- ਬ੍ਰਹਮ ਕੁਮਾਰੀ ਵਿਚਾਰਧਾਰਾ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਜਾਂ ਘੱਟ ਕਰਕੇ ਆਪਣਾ ਧਿਆਨ ਆਪਣੇ ਵੱਲ ਕੇਂਦਰਤ ਕਰਨ ਤੇ ਹੀ ਜੋਰ ਦਿੰਦੀ ਹੈ। ਉਹ ਮਨੁੱਖ ਦੀਆਂ ਕਾਮੁਕ ਲੋੜਾਂ ਨੂੰ ਨਜ਼ਰ ਅੰਦਾਜ ਕਰਦੇ ਹਨ। ਮਨੁੱਖੀ ਰਿਸ਼ਤਿਆਂ ਦੇ ਆਪਸੀ ਮੋਹ ਬਾਰੇ ਉਹਨਾਂ ਦੀ ਇਹ ਸੋਚ ਸੁਆਰਥੀ ਜਾਪਦੀ ਹੈ। ਲੱਗਭਗ ਉਨ੍ਹਾਂ ਦੇ ਪੰਜਾਹ ਹਜ਼ਾਰ ਮੈਂਬਰ ਸਿਰਫ ਤੇ ਸਿਰਫ ਭਗਤੀ ਵਿੱਚ ਹੀ ਰੁਝੇ ਹੋਏ ਹਨ। ਸਮਾਜ ਨਾਲ ਉਹਨਾਂ ਦਾ ਲੈਣ ਦੇਣ ਆਪਣੀ ਵਿਚਾਰਧਾਰਾਂ ਨੂੰ ਫੈਲਾਉਣ ਵਾਸਤੇ ਹੀ ਹੈ। ਉਹ ਇਹ ਸੋਚਦੇ ਹਨ ਕਿ ਖੁਦ ਨੂੰ ਪ੍ਰਮਾਤਮਾਂ ਤੇ ਆਤਮਾ ਦੇ ਲੜ ਲਾਕੇ ਦੁਨੀਆਂ ਵਿੱਚ ਮਹਾਂ ਪ੍ਰੀਵਰਤਨ ਹੋ ਜਾਵੇਗਾ। ਉਹ ਦੁਨਿਆਵੀ ਦੁੱਖਾਂ ਜਾਂ ਸੁੱਖਾਂ ਨਾਲ ਉਹ ਬਹੁਤਾ ਵਾਸਤਾ ਨਹੀਂ ਰੱਖਦੇ ਪਰ ਆਪਣੇ ਅੰਦਰ ਆਤਮਾ ਦੀ ਮੌਜੂਦਗੀ ਉਹਨਾਂ ਦੀ ਮੁਸਕਰਾਹਟ ਕਾਇਮ ਰੱਖਦੀ ਹੈ। ਇਸੇ ਲਈ ਉਹ ਦੁਨੀਆਂ ਵਿੱਚ ਵਾਪਰਨ ਵਾਲੇ ਦੁੱਖਾਂ-ਸੁੱਖਾਂ ਤੋਂ ਉਹ ਆਪਣੇ ਆਪ ਨੂੰ ਨਿਰਲੇਪ ਰੱਖਦੇ ਹਨ। ਆਪਣੇ ਆਸ਼ਰਮ ਵਿੱਚ ਨਾ ਉਹ ਅਖ਼ਬਾਰਾਂ ਰੱਖਦੇ ਹਨ ਤੇ ਨਾ ਹੀ ਵਧੀਆ ਸਾਹਿਤ ਨਾਲ ਉਹਨਾਂ ਦਾ ਕੋਈ ਵਾਸਤਾ ਹੁੰਦਾ ਹੈ। ਉਹ ਕਹਿੰਦੇ ਹਨ ਅਖ਼ਬਾਰਾਂ ਤੇ ਟੈਲੀਵੀਯਨ ਪ੍ਰੋਗਰਾਮਾਂ ਵਿੱਚ ਸਿਰਫ ਤੇ ਸਿਰਫ ਕਤਲਾਂ, ਦੁਰਘਟਨਾਵਾਂ ਤੇ ਲੁੱਟਾਂ ਖੋਹਾਂ ਦੀਆਂ ਖਬਰਾਂ ਹੁੰਦੀਆਂ ਹਨ ਜਿਹਨਾਂ ਨੂੰ ਪੜਕੇ ਮਨ ਉਦਾਸ ਹੁੰਦਾ ਹੈ, ਇਸ ਤਰ੍ਹਾਂ ਉਹ ਮਨੁੱਖੀ ਮਨ ਨੂੰ ਕੰਟਰੋਲ ਕਰਨ ਲਈ ਉਸ ਨੂੰ ਆਪਣੇ ਹੀ ਸਾਹਿਤ ਦੁਆਲੇ ਹੀ ਕੇਂਦਰਤ ਕਰਦੇ ਹਨ ਅੰਤ ਵਿੱਚ ਮੇਰੀ ਸਮਝ ਅਨੁਸਾਰ ਬੇਰੁਜਗਾਰੀ, ਗਰੀਬੀ, ਤੇ ਭੁੱਖਮਾਰੀ ਸਬੰਧੀ ਸਮੱਸਿਆਵਾਂ ਕਾਰਨ ਲੋਕ ਰੋਹ ਪੈਦਾ ਹੋ ਰਿਹਾ ਹੈ। ਇਹ ਵਿਚਾਰਧਾਰਾ ਮੌਜੂਦਾ ਤਾਣੇ-ਬਾਣੇ ਨੂੰ ਉਸ ਲੋਕ ਰੋਹ ਤੋਂ ਬਚਾਉਣ ਦਾ ਇੱਕ ਸਾਧਨ ਮਾਤਰ ਹੀ ਹੈ।

ਰਾਮਪਾਲ ਦੇ ਹਸ਼ਰ ਤੋਂ ਸਬਕ ਸਿੱਖਣ ਦੀ ਲੋੜ

ਤਰਕਸ਼ੀਲ ਸੋਸਾਇਟੀ ਪਿਛਲੇ ਇਕੱਤੀ ਸਾਲ ਤੋਂ ਲੋਕਾਂ ਨੂੰ ਹੋਕਾ ਦੇ ਕੇ ਕਹਿ ਰਹੀ ਹੈ ਕਿ ਸਾਰੇ ਸਾਧ, ਸੰਤ, ਰਿਸ਼ੀ, ਸਵਾਮੀ ਤੇ ਡੇਰਿਆਂ ਦੇ ਮਾਲਕ ਆਮ ਇਨਸਾਨ ਹੀ ਹੁੰਦੇ ਹਨ। ਹਰੇਕ ਮਨੁੱਖ ਦੀ ਤਰ੍ਹਾਂ ਉਨ੍ਹਾਂ ਦੀਆਂ ਵੀ ਲੋੜਾਂ ਹੁੰਦੀਆਂ ਹਨ। ਪੈਸੇ ਤੇ ਸ਼ਰਧਾਲੂਆਂ ਦੀ ਬਹੁਤਾਤ ਉਹਨਾਂ ਨੂੰ ਭੋਗ ਬਿਲਾਸੀ ਬਣਾ ਦਿੰਦੀ ਹੈ। ਆਪਣੇ ਕੁਕਰਮਾਂ ਨੂੰ ਛੁਪਾਉਣ ਲਈ ਉਹਨਾਂ ਦਾ ਮੌਕਾਪ੍ਰਸਤ ਸਰਕਾਰਾਂ ਨੂੰ ਸਹਿਯੋਗ ਦੇਣਾ ਉਨ੍ਹਾਂ ਦੀ ਲੋੜ ਬਣ ਜਾਂਦੀ ਹੈ। ਗੰਦੀ ਸਿਆਸਤ ਵੋਟਾਂ ਲਈ ਇਹਨਾਂ ਦਾ ਇਸਤੇਮਾਲ ਕਰਦੀ ਹੈ। ਪਰ ਜਦੋਂ ਉਹ ਮੌਜ਼ੁਦਾ ਤਾਣੇ-ਬਾਣੇ ਲਈ ਲਲਕਾਰ ਬਣ ਜਾਂਦੇ ਹਨ ਤਾਂ ਪੁਲੀਸ, ਫੌਜ, ਕਾਨੂੰਨ ਤੇ ਜੇਲ੍ਹਾਂ ਦਾ ਇਸਤੇਮਾਲ ਸ਼ੁਰੂ ਹੋ ਜਾਂਦਾ ਹੈ। ਆਸ਼ਾ ਰਾਮ ਦਾ ਹਸ਼ਰ ਤੁਸੀਂ ਵੇਖ ਹੀ ਚੁੱਕੇ ਹੋ। ਰਾਮਪਾਲ ਦਾ ਹਸ਼ਰ ਤੁਹਾਡੇ ਸਾਹਮਣੇ ਹੈ। ਸਾਰੇ ਡੇਰੇਦਾਰ ਅਜਿਹੇ ਹੀ ਹਨ। ਲੋੜ ਹੈ ਅਗਾਂਹਵਧੁ ਪਾਰਟੀਆਂ ਤੇ ਲੋਕਾਂ ਨੂੰ ਇਹਨਾਂ ਪ੍ਰਤੀ ਸਪੱਸ਼ਟ ਪਹੁੰਚ ਅਪਣਾਉਣ ਦੀ।
ਬਹੁਤ ਸਾਰੀਆਂ ਜੱਥੇਬੰਦੀਆਂ ਇਹਨਾਂ ਪ੍ਰਤੀ ਚੁੱਪ ਧਾਰੀ ਬੈਠੀਆਂ ਰਹਿ ਕੇ ਇਹਨਾਂ ਦੇ ਪੱਖ ਵਿੱਚ ਹੀ ਭੁਗਤ ਰਹੀਆਂ ਹਨ। ਉਹ ਇਸ ਖਿਆਲੀ ਦੁਨੀਆਂ ਵਿੱਚ ਰਹਿ ਰਹੇ ਹਨ ਕਿ ਕਿਸੇ ਵੇਲੇ ਇਹ ਸਾਡੇ ਪੱਖ ਵਿੱਚ ਭੁਗਤ ਸਕਦੇ ਹਨ, ਪਰ ਅਜਿਹਾ ਨਾ ਧਰਤੀ ਤੇ ਕਦੇ ਹੋਇਆ ਹੈ ਨਾ ਹੀ ਹੋਵੇਗਾ। ਸੰਤ ਰਾਮਪਾਲ ਦੇ ਆਸ਼ਰਮ ਦੀਆਂ ਕੁੱਝ ਝਲਕੀਆਂ ਉਪਰੋਕਤ ਗੱਲਾਂ ਦੀ ਹੀ ਪੁਸ਼ਟੀ ਕਰਦੀਆਂ ਹਨ।
ਧੰਦੇ ਨੂੰ ਸਥਾਪਤ ਕਰਨਾ :- ਸੰਤ ਰਾਮਪਾਲ ਨੇ ਪਹਿਲਾ-ਪਹਿਲਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਬੀਰ ਦੇ ਭਜਨ ਤੇ ਕੀਰਤਨ ਕਰਨੇ ਸ਼ੁਰੂ ਕੀਤੇ, ਜਦੋਂ ਉਹ ਥੋੜਾ ਜਿਹਾ ਸਥਾਪਤ ਹੋ ਗਿਆ ਤਾਂ ਉਸਨੇ ਆਪਣੀ ਜੇ. ਈ. ਦੀ ਨੌਕਰੀ ਛੱਡ ਕੇ ਡੇਰਾ ਉਸਾਰ ਲਿਆ। ਆਪਣੇ ਪਹਿਲਾ ਬਣਾਏ ਸਰਧਾਲੂਆਂ ਨੂੰ ਡੇਰੇ ਵਿੱਚ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਗਰੀਬ ਵਿਅਕਤੀ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਉਹ ਇਹ ਧਾਰ ਕੇ ਜਾਂਦਾ ਹੈ ਕਿ ਮੈਂ ਡੇਰੇ ਵਿੱਚੋਂ ਕੁਝ ਖਾਂਦਾ ਹਾਂ ਤਾਂ ਉਸਤੋਂ ਵੱਧ ਉਸ ਡੇਰੇ ਨੂੰ ਦੇਵਾ। ਇਸ ਲਈ ਉਹ ਕੰਮ ਦੇ ਰੁੂਪ ਵਿੱਚ ਜਾਂ ਪੈਸੇ ਦੇ ਰੂੁਪ ਵਿੱਚ ਕੁਝ ਨਾ ਕੁਝ ਡੇਰੇ ਦੀ ਗੋਲਕ ਵਿੱਚ ਪਾਉਂਦਾ ਹੈ। ਕਿਸੇ ਪ੍ਰਾਪਤੀ ਸਮੇਂ ਉਹ ਹੋਰ ਵੱਡੀ ਰਕਮ ਉਸ ਡੇਰੇ ਨੂੰ ਜਾਂ ਧਾਰਮਿਕ ਸਥਾਨ ‘ਤੇ ਚੜ੍ਹਾਉਂਦਾ ਹੈ। ਘਰ ਵਿੱਚ ਲੜਕੇ ਦੀ ਪ੍ਰਾਪਤੀ ਹੋਵੇ ਨੌਕਰੀ ਲੱਗੀ ਹੋਵੇ ਜਾਂ ਵਿਦੇਸ਼ਾਂ ਦਾ ਵੀਜਾ ਮਿਲਿਆ ਹੋਵੇ ਕਿਸੇ ਗਰੀਬ ਦੀ ਮਦਦ ਕਰਨ ਦੀ ਬਜਾਏ ਡੇਰਿਆਂ ਦੀ ਚਾਂਦੀ ਬਣਦੀ ਹੈ। ਇਸ ਤਰ੍ਹਾਂ ਇਹ ਡੇਰੇ ਦਿਨੋ ਦਿਨ ਤਰੱਕੀ ਕਰਦੇ ਰਹਿੰਦੇ ਹਨ। ਰਾਮਪਾਲ ਦੀ ਅਥਾਹ ਧਨ ਦੌਲਤ ਇਸੇ ਵਰਤਾਰੇ ਦੀ ਪੈਦਾਵਾਰ ਹੈ। ਇਹ ਡੇਰੇ ਆਪਣੇ ਕਿੱਤੇ ਨੂੰ ਹੋਰ ਸਥਾਪਤ ਕਰਨ ਲਈ ਭੂਤਾਂ ਕਢੱਣੀਆਂ ਕਰਾਮਾਤਾਂ ਦਾ ਜਾਲ ਬੁਣਨਾ, 108 ਜਾਂ 1008 ਹੋਣ ਦਾ ਨਾਟਕ ਕਰਨਾ, ਦੁੱਧ ਨਾਲ ਨਹਾਉਣਾ ਤੇ ਉਸੇ ਦੁੱਧ ਦੀ ਖੀਰ ਬਣਾਉਣਾ ਤੇ ਭਗਤਾਂ ਨੂੰ ਵਰਤਾਉਣਾ, ਕਿਤਾਬਾਂ ਤਿਆਰ ਕਰਨਾ, ਬੈਬਸਾਈਟਾਂ ਅਤੇ ਸੀਡੀਆਂ ਤਿਆਰ ਕਰਵਾਉਣ ਦੇ ਢੰਗ ਤਰੀਕੇ ਅਪਣਾਉਣ ਲੱਗ ਪੈਂਦੇ ਹਨ। ਇਸ ਤਰ੍ਹਾਂ ਪੈਸੇ ਦਾ ਨਿਰੰਤਰ ਵਹਾਅ ਉਹਨਾਂ ਦੇ ਖਜਾਨੇ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੰਦਾ ਹੈ।
ਪੰਜ ਸੱਤ ਹਜਾਰ ਬੰਦੇ ਦਾ ਖਾਣਾ ਕਹਿਣ ਲਈ ਤਾਂ ਡੇਰਾ ਤਿਆਰ ਕਰਦਾ ਹੈ ਅਸਲ ਵਿੱਚ ਉਥੇ ਜਾਣ ਵਾਲੇ ਲੋਕ ਹੀ ਪੈਸੇ ਦੇ ਕੇ ਤਿਆਰ ਕਰਵਾਉਂਦੇ ਹਨ। ਹਰਾਮ ਦੇ ਪੈਸੇ ਦੀ ਬਹੁਤਾਤ ਬੰਦੇ ਵਿੱਚ ਹਰੇਕ ਕਿਸਮ ਦੇ ਐਬ ਵੀ ਲੈ ਕੇ ਆਉਂਦੀ ਹੈ। ਡੇਰੇ ਵਿੱਚੋਂ ਕੰਡੋਮ, ਪ੍ਰੈਗਨੈਂਸੀ ਕਿਟਾ ਮਿਲਣਾ, ਲੇਡੀ ਬਾਥਰੂਮਾਂ ਵਿੱਚ ਸੀ. ਸੀ. ਕੈਮਰੇ ਆਦਿ ਰਾਮਪਾਲ ਦੇ ਭੋਗ ਬਿਲਾਸ ਅਤੇ ਹੋਰ ਐਬਾ ਦੀਆਂ ਨਿਸ਼ਾਨੀਆਂ ਹਨ। ਹਰੇਕ ਡੇਰੇ ਵਿੱਚ ਅਜਿਹਾ ਹੁੰਦਾ ਹੀ ਹੈ। ਇਹ ਹੋਣਾ ਲਾਜਮੀ ਵੀ ਹੈ। ਕਿਉਂਕਿ ਖਾਣੇ ਤੋਂ ਬਾਅਦ ਮਨੁੱਖ ਦੀ ਦੂਜੀ ਵੱਡੀ ਲੋੜ ਕਾਮ ਹੈ। ਸਾਡੇ ਲੋਕ ਇਸ ਸਚਾਈ ਨੂੰ ਮਨੋ ਵਿਸਾਰ ਦਿੰਦੇ ਹਨ। ਕਾਮ ਇਕਲੇ ਮਰਦਾਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਇਸਤਰੀਆਂ ਨੂੰ ਵੀ ਇਸ ਦੀ ਬਰਾਬਰ ਦੀ ਲੋੜ ਹੁੰਦੀ ਹੈ। ਇਸ ਲਈ ਭੁੱਖੀਆਂ ਇਸਤਰੀਆਂ ਤੇ ਮਰਦਾਂ ਲਈ ਇਹ ਡੇਰੇ ਇੱਕ ਪਰਦੇ ਦਾ ਕੰਮ ਵੀ ਸ਼ੁਰੂ ਕਰ ਦਿੰਦੇ ਹਨ। ਡੇਰੇ ਦੇ ਭਗਤ ਹੋਣ ਦਾ ਗਿਲਾਫ ਪਾ ਕੇ ਵਾਹਵਾ ਖੱਟ ਲਈ ਜਾਂਦੀ ਹੈ। ਇਸ ਆੜ ਵਿੱਚ ਕਾਮੁਕ ਭੁੱਖ ਵੀ ਪੂਰੀ ਹੁੰਦੀ ਰਹਿੰਦੀ ਹੈ।
ਡੇਰੇਦਾਰ ਜਦੋਂ ਸੋਚਦਾ ਹੈ ਕਿ ਮੈਂ ਪੈਸੇ ਤੇ ਭੋਗ ਵਿਲਾਸ ਤੋਂ ਰੱਜ ਚੁੱਕਿਆ ਹਾਂ ਤਾਂ ਉਹ ਇਸ ਭਰਮ ਦਾ ਸ਼ਿਕਾਰ ਬਣ ਜਾਂਦਾ ਹੈ ਕਿ ਹੁਣ ਮੈਂ ਆਪਣੀ ਫੌਜ ਖੜੀ ਕਰਾਂ ਤੇ ਆਪਣੇ ਸਾਮਰਾਜ ਦਾ ਵਿਸਤਾਰ ਕਰਾ। ਆਲੇ-ਦੁਆਲੇ ਦੇ ਕੁਝ ਡੇਰਿਆਂ ਦੀ ਈਰਖਾ ਵੀ ਉਹਨਾਂ ਨੂੰ ਇਸ ਪਾਸੇ ਨੂੰ ਲੈ ਤੁਰਦੀ ਹੈ। ਫਿਰ ਡੇਰੇ ਨੂੰ ਕਿਲੇ ਦਾ ਰੂਪ ਦੇਣਾ ਸ਼ੁਰੂ ਕਰ ਦਿੰਦੇ ਹਨ। ਆਪਣੇ ਬਚਾਓ ਲਈ ਤੇ ਵਿਸਤਾਰ ਲਈ ਫੌਜ ਖੜੀ ਕਰਨਾ ਉਹਨਾਂ ਦੀ ਜ਼ਰੂਰਤ ਬਣ ਜਾਂਦੀ ਹੈ।
ਸਿਆਸੀ ਗਿਰਝਾਂ, ਬਗਲਿਆਂ ਦਾ ਰੂਪ ਧਾਰ ਕੇ ਵੋਟਾਂ ਦੀ ਪ੍ਰਾਪਤੀ ਲਈ ਇਹਨਾਂ ਡੇਰਿਆਂ ਦੀ ਚੌਂਕੀ ਭਰਨਾ ਸ਼ੁਰੂ ਕਰ ਦਿੰਦੀਆਂ ਹਨ, ਬੀ. ਜੇ. ਪੀ. ਦੇ ਸਥਾਨਕ ਤਿੰਨੇ ਐਮ. ਐਲ. ਏ. ਡੇਰੇ ਦੀ ਅਪੀਲ ਤੇ ਹੀ ਅਸੈਬੰਲੀ ਵਿੱਚ ਪਹੁੰਚੇ ਹਨ। ਪਰ ਜਦੋਂ ਡੇਰੇ ਨੇ ਮੌਜੂਦਾ ਢਾਂਚੇ ਨੂੰ ਅੱਖਾਂ ਵਿਖਾਉਣੀਆਂ ਤੇ ਲਲਕਾਰਨਾ ਸ਼ੁਰੂ ਕਰ ਦਿੱਤਾ ਤਾਂ ਇਸਨੂੰ ਕੁਚਲਣਾ ਉਹਨਾਂ ਦੀ ਮਜਬੂਰੀ ਬਣ ਜਾਂਦਾ ਹੈ।
ਇਹ ਇਤਿਹਾਸ ਇਕੱਲਾ ਰਾਮਪਾਲ ਦਾ ਨਹੀਂ ਹੈ। ਨਿਰਮਲ ਬਾਬਾ, ਸਿਰਸਾ ਵਾਲਾ ਬਾਬਾ, ਦੇ ਹੋਰ ਬਹੁਤ ਸਾਰਿਆਂ ਦਾ ਸਰਕਾਰੀ ਸਹਿ ਤੇ ਇਸੇ ਪਾਸੇ ਤੁਰਨਾ ਜਾਰੀ ਹੈ। ਜਦੋਂ ਕਿਸੇ ਵੀ ਸਿਆਸਤ ਲਈ ਇਹ ਰਾਹ ਦਾ ਕੰਢਾ ਬਣੇ ਤਾਂ ਉਹਨਾਂ ਦਾ ਪਤਨ ਸ਼ੁਰੂ ਹੋ ਜਾਵੇਗਾ।
ਮੇਘ ਰਾਜ ਮਿਤੱਰ

ਵਿਗਿਆਨਕ ਸੋਚ

ਮੇਘ ਰਾਜ ਮਿੱਤਰ (+91 98887 87440)

 ਆਪਣੇ ਲਈ, ਆਪਣੇ ਪ੍ਰੀਵਾਰ ਖ਼ਾਤਰ, ਆਪਣੇ ਲੋਕਾਂ ਵਾਸਤੇ ਅਤੇ ਸਮੁੱਚੀ ਧਰਤੀ ਦੇ ਵਸਨੀਕਾਂ ਲਈ ਵਧੀਆ ਸੁੱਖ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੀ ਜ਼ਿੰਦਗੀ ਹੈ। ਹੁਣ ਤੱਕ ਪ੍ਰਾਪਤ ਸੁਵਿਧਾਵਾਂ ਉਨ੍ਹਾਂ ਵਿਗਿਆਨਕਾਂ, ਫਿਲਾਸਫਰਾਂ, ਕਲਾਕਾਰਾਂ ਅਤੇ ਬੱੁਧੀਜੀਵੀਆਂ ਦੀ ਦੇਣ ਹਨ ਜਿਨ੍ਹਾਂ ਨੇ ਖੁਦ ਅੰਧਕਾਰਾਂ ਵਿੱਚ ਜੀਵਨ ਬਤੀਤ ਕਰਦੇ ਹੋਏ ਇਸ ਦੁਨੀਆਂ ਵਿੱਚ ਚਾਨਣ ਦੇ ਬੀਜ ਖਿਲਾਰੇ ਹਨ। ਜ਼ਿੰਦਗੀ ਜਿਉਣਾ ਇੱਕ ਕਲਾ ਹੈ। ਇਹ ਕਲਾ ਸਿਰਫ਼ ਉਹਨਾਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਵਿਗਿਆਨਕ ਸੋਚ ਨੂੰ ਅਪਣਾਇਆ ਹੈ। ਵਿਗਿਆਨਕ ਸੋਚ ਤੋਂ ਸੱਖਣੇ ਵਿਅਕਤੀ ਜ਼ਿੰਦਗੀ ਜਿਉਦੇ ਨਹੀਂ ਸਗੋਂ ਜ਼ਿੰਦਗੀ ਘੜੀਸਦੇ ਹਨ। ਆਓ ਵੇਖੀਏ ਕਿ ਇਹ ਵਿਗਿਆਨਕ ਸੋਚ ਹੈ ਕੀ?
ਜ਼ਿੰਦਗੀ ਦੇ ਰੋਜ਼ਾਨਾ ਕੰਮ ਧੰਦਿਆਂ ਨੂੰ ਕਰਦਿਆਂ ਪਰਖਾਂ, ਨਿਰੀਖਣਾਂ ਤੇ ਪ੍ਰਯੋਗਾਂ ਰਾਹੀਂ ਸੱਚ ਨੂੰ ਲੱਭਣਾ ਤੇ ਉਸਨੂੰ ਜ਼ਿੰਦਗੀ ਦੇ ਅਮਲ ਵਿੱਚ ਢਾਲਣਾ ਹੀ ਵਿਗਿਆਨਕ ਸੋਚ ਹੈ। ਉਦਾਹਰਣ ਦੇ ਤੌਰ ਤੇ ਕੋਈ ਵਿਅਕਤੀ ਬਾਲਟੀ ਵਿੱਚ ਪਾਣੀ ਦੀ ਟੂਟੀ ਵਿੱਚੋਂ ਪੈ ਰਹੇ ਪਾਣੀ ਦੀ ਆਵਾਜ਼ ਨੂੰ ਸੁਣ ਕੇ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਪਾਣੀ ਦੀ ਬਾਲਟੀ ਅਜੇ ਭਰੀ ਨਹੀਂ। ਹੁਣ ਉਹ ਇਸ ਨਿਰੀਖਣ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਆਵਾਜ਼ ਰਾਹੀਂ ਥੋੜ੍ਹੀ ਜਿਹੀ ਸੱਟ ਮਾਰ ਕੇ ਇਹ ਦੱਸ ਦਿੰਦਾ ਹੈ ਕਿ ਕੱਚ ਦਾ ਗਲਾਸ ਟੁੱਟਿਆ ਹੈ ਜਾਂ ਸਾਬਤ ਹੈ ਤੇ ਇਸ ਤੋਂ ਵੀ ਅੱਗੇ ਵਧਦਿਆਂ ਉਹ ਤੇਲ ਦੇ ਢੋਲਾਂ ਨੂੰ ਖੜਕਾ ਕੇ ਦੱਸ ਸਕਦਾ ਹੈ ਕਿ ਉਹ ਭਰੇ ਹਨ ਜਾਂ ਖਾਲੀ? ਹੌਲੀ-ਹੌਲੀ ਉਹ ਇਹ ਦੱਸਣ ਦੇ ਸਮਰੱਥ ਹੋ ਜਾਵੇਗਾ ਕਿ ਢੋਲ ਵਿੱਚ ਮੁਬਲੈਲ ਹੈ ਜਾਂ ਮਿੱਟੀ ਦਾ ਤੇਲ। ਇਸ ਤਰ੍ਹਾਂ ਇਹਨਾਂ ਪ੍ਰਯੋਗਾਂ, ਪ੍ਰੀਖਣਾਂ ਤੇ ਨਿਰੀਖਣਾਂ ਰਾਹੀਂ ਪ੍ਰਾਪਤ ਗਿਆਨ ਨੂੰ ਜੇ ਤਰਤੀਬ ਵਿਚ ਕਰ ਲਿਆ ਜਾਵੇ ਤਾਂ ਇਹ ਵਿਗਿਆਨ ਅਖਵਾਉਦਾ ਹੈ।
ਪਰ ਕਿਉਕਿ ਅਸੀਂ ਜ਼ਿੰਦਗੀ ਦੇ ਸਾਰੇ ਅਮਲਾਂ ਵਿੱਚ ਵਿਗਿਆਨਕ ਸੋਚ ਅਪਣਾਉਣ ਦੇ ਆਦੀ ਨਹੀਂ ਹੋਏ ਹੁੰਦੇ। ਇਸ ਲਈ ਅਸੀਂ ਬਹੁਤ ਸਾਰੇ ਪੱਖਾਂ ਤੋਂ ਅਸਫ਼ਲ ਹੋ ਜਾਂਦੇ ਹਾਂ। ਉਦਾਹਰਣ ਦੇ ਤੌਰ ਤੇ ਕੋਈ ਠੱਗ ਜੋਤਸ਼ੀ ਕਿਸੇ ਵਿਅਕਤੀ ਨੂੰ ਡਰਾ ਦਿੰਦਾ ਹੈ ਕਿ ‘‘ਇੱਕ ਸਾਲ ਦੇ ਅੰਦਰ ਤੇਰੀ ਮੌਤ ਹੋ ਜਾਣੀ ਹੈ।’’ ਹੁਣ ਉਹ ਵਿਅਕਤੀ ਇਹ ਨਹੀਂ ਸੋਚੇਗਾ ਕਿ ਜੋਤਸ਼ੀ ਨੂੰ ਇਸ ਗੱਲ ਦੀ ਜਾਣਕਾਰੀ ਕਿਵੇਂ ਹੋਈ? ਕੀ ਜੋਤਸ਼ੀ ਦੀ ਜਾਣਕਾਰੀ ਦਾ ਵਿਗਿਆਨ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜੇ ਉਸਨੂੰ ਕਿਸੇ ਲੈਬੋਰਟਰੀ ਨੇ ਖ਼ੂਨ ਟੈਸਟ ਕਰਕੇ ਇਹ ਦੱਸਿਆ ਹੁੰਦਾ ਕਿ ‘‘ਤੈਨੂੰ ਸ਼ੂਗਰ ਹੈ’’ ਤਾਂ ਉਸਨੇ ਲਾਜ਼ਮੀ ਹੀ ਇਸ ਦੀ ਪਰਖ ਕੁਝ ਹੋਰ ਲੈਬੋਰਟਰੀਆਂ ਤੋਂ ਕਰਵਾਉਣੀ ਸੀ ਤੇ ਉਸਨੂੰ ਆਪਣੀ ਸ਼ੂਗਰ ਦੇ ਲੇਬਲ ਬਾਰੇ ਪੂਰੀ ਜਾਣਕਾਰੀ ਹੋ ਜਾਣੀ ਸੀ। ਸੋ ਜੇ ਮੇਰੇ ਦੇਸ਼ ਦੇ ਲੋਕ ਕਿਸੇ ਵੀ ਘਟਨਾ ਦੀਆਂ ਕਈ-ਕਈ ਪਰਖਾਂ ਕਰਵਾਉਣੀਆਂ ਸ਼ੁਰੂ ਕਰ ਦੇਣ ਤਾਂ ਵੀ ਬਹੁਤ ਸਾਰੀਆਂ ਅਜਿਹੀਆਂ ਗੈਰ ਵਿਗਿਆਨਕ ਗੱਲਾਂ ਤੋਂ ਬਚਿਆ ਜਾ ਸਕਦਾ ਹੈ।
ਅਸੀਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਗ੍ਹਾ-ਜਗ੍ਹਾ ਇਹ ਹੋਕਾ ਦਿੰਦੇ ਫਿਰ ਰਹੇ ਹਾਂ ਕਿ ਤਰਕਸ਼ੀਲਾਂ ਦੇ ਪੰਜ ਕਿੰਤੂ ਹਨ ਇਹ ਹਨ ਕੀ, ਕਿਉ, ਕਿਵੇਂ, ਕਦੋਂ ਤੇ ਕਿੱਥੇ। ਜੇ ਸਾਡੀ ਲੋਕਾਈ ਇਹਨਾਂ ਕਿੰਤੂਆਂ ਨੂੰ ਜ਼ਿੰਦਗੀ ਦੇ ਅਮਲ ਵਿਚ ਸ਼ਾਮਿਲ ਕਰ ਲੈਂਦੀ ਹੈ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
ਆਪਣੀ ਜ਼ਿੰਦਗੀ ਦੇ ਅਮਲ ਵਿੱਚੋਂ ਅਸੀਂ ਇਹ ਗੱਲ ਵੀ ਸਿੱਖੀ ਹੈ ਕਿ ਸਮੁੱਚੀ ਧਰਤੀ ਉੱਪਰ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਪਿੱਛੇ ਕੋਈ ਨਾ ਕੋਈ ਵਿਗਿਆਨ ਦਾ ਨਿਯਮ ਹੁੰਦਾ ਹੈ। ਕੋਈ ਵੀ ਘਟਨਾ ਅਜਿਹੀ ਹੋ ਹੀ ਨਹੀਂ ਸਕਦੀ ਜਿਸ ਦੇ ਪਿੱਛੇ ਵਿਗਿਆਨਕ ਦਾ ਕੋਈ ਕਾਰਨ ਨਾ ਹੋਵੇ। ਇਹ ਹੋ ਸਕਦਾ ਹੈ ਕਿ ਕਿਸੇ ਘਟਨਾ ਵਾਪਰਨ ਦੇ ਨਿਯਮ ਦੀ ਸਾਨੂੰ ਜਾਣਕਾਰੀ ਨਾ ਹੋਵੇ। ਕਿਉਕਿ ਸਮੁੱਚੇ ਬ੍ਰਹਿਮੰਡ ਵਿੱਚ ਅਰਬਾਂ ਖ਼ਰਬਾਂ ਅਜਿਹੇ ਰਹੱਸ ਹਨ। ਜਿਨ੍ਹਾਂ ਬਾਰੇ ਅੱਜ ਦੇ ਵਿਗਿਆਨਕਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਕੁਝ ਸਦੀਆਂ ਪਹਿਲਾਂ ਦੇ ਬਹੁਤ ਸਾਰੇ ਰਹੱਸਾਂ ਤੋਂ ਅੱਜ ਪਰਦਾ ਉੱਠ ਚੁੱਕਿਆ ਹੈ। ਰਹਿੰਦੇ ਰਹੱਸਾਂ ਨੂੰ ਖੋਜਣ ਲਈ ਲੱਖਾਂ ਵਿਗਿਆਨਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਸਦੀ ਵਿੱਚ ਵੀ ਬਹੁਤ ਸਾਰੇ ਰਹੱਸਾਂ ਦੇ ਪਰਦੇ ਲਹਿ ਜਾਣੇ ਹਨ। ਪਰ ਇੱਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਾਰੇ ਵਿਗਿਆਨਕ ਨਿਯਮ ਸਦੀਵੀ ਸੱਚ ਹੁੰਦੇ ਹਨ। ਇਹ ਸਮੇਂ ਤੇ ਹਾਲਤਾਂ ਅਨੁਸਾਰ ਨਹੀਂ ਬਦਲਦੇ। ਵਿਗਿਆਨ ਹਮੇਸ਼ਾ ਪ੍ਰੀਵਰਤਨਸ਼ੀਲ ਹੈ ਇਹ ਧਾਰਮਿਕ ਗਰੰਥਾਂ ਦੀ ਤਰ੍ਹਾਂ ਜੜ੍ਹ ਨਹੀਂ। ਕਿਸੇ ਸਮੇਂ ਇਹ ਸਮਝਿਆ ਜਾਂਦਾ ਸੀ ਕਿ ਪ੍ਰਕਾਸ਼ ਸ਼ਰਲ ਰੇਖਾ ਵਿੱਚ ਚੱਲਦਾ ਹੈ ਪਰ ਅੱਜ ਇਹ ਸਚਾਈ ਨਹੀਂ ਪ੍ਰਕਾਸ਼ ਵੀ ਪਾਈਪਾਂ ਵਿੱਚੋਂ ਲੰਘਦਾ ਹੋਇਆ ਤਰ੍ਹਾਂ-ਤਰ੍ਹਾਂ ਦੇ ਸਾਈਨ ਬੋਰਡਾਂ ਨੂੰ ਰੁਸਨਾਉਦਾ ਹੈ।
ਕਈ ਵਾਰ ਤਾਂ ਸਾਨੂੰ ਸਾਡੇ ਵਿਗਿਆਨ ਪੜੇ੍ਹ ਲਿਖੇ ਲੋਕਾਂ ਦੀ ਸੋਚ ਤੇ ਵੀ ਅਫ਼ਸੋਸ ਹੁੰਦਾ ਹੈ। ਇੱਕ ਸਾਇੰਸ ਦਾ ਅਧਿਆਪਕ ਮੈਨੂੰ ਕਹਿਣ ਲੱਗਿਆ ਕਿ ਮੇਰੇ ਸੰਤ ਜੀ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਇੱਕ ਵੱਡਾ ਪੱਥਰ ਕੁਟੀਆ ਕੋਲੋਂ ਚੁੱਕਵਾ ਕਿ 200 ਮੀਟਰ ਦੂਰ ਪੁਚਾ ਦਿੱਤਾ ਸੀ। ਮੈਂ ਉਸਨੂੰ ਪੁੱਛਿਆ ਕਿ ਫਿਰ ਤੂੰ ਬਲ ਨੂੰ ਪ੍ਰਭਾਸਿਤ ਕਿਵੇਂ ਕਰੇਗਾ? ਜੇ ਬਲ ਦੀ ਪ੍ਰੀਭਾਸ਼ਾ ਦੀ ਵਿਆਖਿਆ ਹੀ ਠੀਕ ਨਹੀਂ ਤਾਂ ਸਾਡੀ ਵਿਗਿਆਨ ਦਾ ਕੀ ਬਣੇਗਾ? ਬਹੁਤ ਸਾਰੇ ਲੋਕੀ ਕਹਿੰਦੇ ਹਨ ਕਿ ਡੇਰੇ ਵਿਚ ਜੇ ਸ਼ਰਾਬ ਦੀ ਬੋਤਲ ਲੈ ਕੇ ਜਾਉ ਤਾਂ ਇਹ ਪਾਣੀ ਵਿੱਚ ਬਦਲ ਜਾਂਦੀ ਹੈ। ਸ਼ਰਾਬ ਹਾਈਡ੍ਰੋਜਨ, ਆਕਸੀਜਨ ਤੇ ਕਾਰਬਨ ਦਾ ਇੱਕ ਯੋਗਿਕ ਹੈ ਅਤੇ ਪਾਣੀ ਵਿੱਚ ਸਿਰਫ਼ ਹਾਈਡ੍ਰੋਜਨ ਤੇ ਆਕਸੀਜਨ ਹੀ ਹੁੰਦੀ ਹੈ। ਹੁਣ ਅਲਕੋਹਲ ਵਿੱਚੋਂ ਕਾਰਬਨ ਕਿੱਧਰ ਗਈ। ਸਾਡੀ ਇਹ ਸਮੀਕਰਨ (3 5) ਸੰਤੁਲਿਤ ਨਹੀਂ ਹੁੰਦੀ। ਇਸ ਲਈ ਸਾਡੀ ਵਿਗਿਆਨ ਦਾ ਕੀ ਬਣੇਗਾ?
ਇਹ ਗੱਲ ਨਹੀਂ ਕਿ ਪੜ੍ਹੇ ਲਿਖੇ ਲੋਕ ਹੀ ਵਿਗਿਆਨਕ ਸੋਚ ਦੇ ਧਾਰਨੀ ਹੋ ਸਕਦੇ ਹਨ ਮੈਂ ਆਪਣੀ ਜ਼ਿੰਦਗੀ ਵਿਚ ਅਨਪੜ੍ਹ ਵਿਅਕਤੀਆਂ ਨੂੰ ਵੀ ਵਿਗਿਆਨਕ ਸੋਚ ਦੇ ਧਾਰਨੀ ਹੁੰਦੇ ਵੇਖਿਆ ਹੈ। ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਇਕ ਅਨਪੜ੍ਹ ਵਿਅਕਤੀ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਕਰਦਾ ਸੀ। ਉਸ ਨੇ ਵਿਹਲੇ ਸਮੇਂ ਵਿੱਚ ਕਿਸੇ ਤੋਂ ਤਰਕਸ਼ੀਲ ਕਿਤਾਬਾਂ ਵਿੱਚ ਲਿਖੀਆਂ ਗੱਲਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਉਹ ਇੱਕ ਪੰਜਾਬੀ ਦਾ ਕੈਦਾ ਲੈ ਆਇਆ। ਇਸ ਤਰ੍ਹਾਂ ਕਰਦਾ-ਕਰਦਾ ਉਹ ਤਰਕਸ਼ੀਲ ਕਿਤਾਬਾਂ ਪੜ੍ਹਨ ਲੱਗ ਪਿਆ। ਫਿਰ ਉਸ ਨੇ ਸਾਈਕਲਾਂ ਦੀ ਮੁਰੰਮਤ ਦਾ ਕੰਮ ਛੱਡ ਕੇ ਕੰਬਾਈਨਾਂ ਦੀ ਮੁਰੰਮਤ ਦਾ ਕੰਮ ਸਿੱਖ ਲਿਆ ਤੇ ਅੱਜ ਕੱਲ੍ਹ ਉਹ ਕੰਬਾਈਨਾਂ ਦੀ ਫੈਕਟਰੀ ਦਾ ਇੱਕ ਹਿੱਸੇਦਾਰ ਹੈ।
ਸਾਡਾ ਸਮੁੱਚਾ ਆਲਾ-ਦੁਆਲਾ ਅਜੂਬਿਆਂ ਨਾਲ ਭਰਿਆ ਪਿਆ ਹੈ। ਮਾਦੇ ਤੋਂ ਅਮੀਬੇ ਤੱਕ ਤੇ ਅਮੀਬੇ ਤੋਂ ਮਨੁੱਖ ਤੱਕ ਦੀ ਅਰਬਾਂ ਵਰ੍ਹਿਆਂ ਦੀ ਯਾਤਰਾ ਬਹੁਤ ਰੋਚਿਕ ਹੈ। ਧਰਤੀ ਦੇ ਜਰੇ-ਜਰੇ ਵਿੱਚ ਵਿਗਿਆਨ ਹੈ। ਜੁਗਨੂੰ ਦੇ ਟਿਮਟਿਮਾਉਣ ਤੋਂ ਲੈ ਕੇ ਕੁੱਤੇ ਦੇ ਟੰਗ ਚੱੁਕ ਕੇ ਮੂਤਣ ਤੱਕ ਹਰੇਕ ਘਟਨਾ ਪਿੱਛੇ ਵਿਗਿਆਨਕ ਕਾਰਨ ਹੈ। ਸਾਨੂੰ ਇਨ੍ਹਾਂ ਚੀਜ਼ਾਂ ਦਾ ਗਿਆਨ ਆਪਣੇ ਅੰਦਰ ਸਮਾਉਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਗਿਆਨ ਇੱਕ ਦਿਨ ਵਿੱਚ ਸਾਨੂੰ ਪ੍ਰਾਪਤ ਨਹੀਂ ਹੋਣਾ ਸਗੋਂ ਇਹ ਤਾਂ ਸਾਨੂੰ ਨਿੱਤ ਦਿਨ ਗਿਆਨ ਦੇ ਸਾਗਰ ਵਿੱਚ ਗੋਤਾ ਲਾਉਣ ਦੀ ਆਦਤ ਪਾ ਕੇ ਹੀ ਆਉਣਾ ਹੈ। ਕਿਸੇ ਵੇਲੇ ਮੇਰੀ ਇੱਕ ਗਣਿਤ ਅਧਿਆਪਕ ਦੋਸਤ ਨੇ ਮੈਨੂੰ ਲਿਖਿਆ ਸੀ ਕਿ ਇੱਕ ਵਾਰ ਉਹ ਆਪਣੇ ਅਧਿਆਪਕ ਲਈ ਚਾਹ ਬਣਾ ਕੇ ਲਿਆਈ। ਉਸ ਵਿੱਚ ਮਿੱਠਾ ਘੱਟ ਸੀ। ਉਸਦਾ ਅਧਿਆਪਕ ਕਹਿਣ ਲੱਗਿਆ ਕਿ ਤੂੰ ਜਾਂ ਤਾਂ ਗਣਿਤ ਪੜ੍ਹਿਆ ਨਹੀਂ ਜਾਂ ਇਸਨੂੰ ਜ਼ਿੰਦਗੀ ਦੇ ਅਮਲ ਵਿਚ ਢਾਲਿਆ ਨਹੀਂ। ਉਸ ਅਧਿਆਪਕਾਂ ਨੇ ਪੁੱਛਿਆ, ‘‘ਸਰ ਮੈਂ ਗਣਿਤ ਨੂੰ ਜ਼ਿੰਦਗੀ ਵਿੱਚ ਕਿਉ ਨਹੀਂ ਢਾਲਿਆ?’’ ਅਧਿਆਪਕ ਕਹਿਣ ਲੱਗਿਆ ‘‘ਤੂੰ ਗਣਿਤ ਵਿੱਚ ਮਿਸ਼ਰਣ ਵਾਲੇ ਪਾਠ ਦੇ ਸਾਰੇ ਸੁਆਲ ਹੱਲ ਕੀਤੇ ਸਨ। ਪਰ ਰਸੋਈ ਵਿੱਚ ਤੂੰ ਖੰਡ, ਪੱਤੀ ਅਤੇ ਦੁੱਧ ਦਾ ਮਿਸ਼ਰਣ ਹੀ ਠੀਕ ਢੰਗ ਨਾਲ ਤਿਆਰ ਨਹੀਂ ਕਰ ਸਕੀ।’’ ਸਾਰੇ ਖਾਣੇ 4-5 ਚੀਜ਼ਾਂ ਦਾ ਵਿਸ਼ੇਸ਼ ਸਮੇਂ ਲਈ ਵਿਸ਼ੇਸ਼ ਤਾਪਮਾਨ ਤੇ ਪਕਾਏ ਮਿਸ਼ਰਣ ਹੀ ਹੁੰਦੇ ਹਨ। ਇੱਕ ਵਿਗਿਆਨਕ ਸੋਚ ਦਾ ਧਾਰਨੀ ਹੀ ਇੱਕ ਵਧੀਆ ਕੁੱਕ ਹੋ ਸਕਦਾ ਹੈ।
ਇਸੇ ਤਰ੍ਹਾਂ ਖੇਤੀ ਬਾੜੀ ਵਿੱਚ ਉਹ ਹੀ ਕਿਸਾਨ ਵਧੀਆ ਪੈਦਾਵਾਰ ਕਰ ਸਕਦੇ ਹਨ ਜਿਨ੍ਹਾਂ ਨੇ ਜ਼ਿੰਦਗੀ ਦੇ ਅਮਲ ਵਿੱਚ ਵਿਗਿਆਨ ਨੂੰ ਅਪਣਾਇਆ ਹੋਵੇਗਾ ਬੀਜ਼ਾਂ ਦੀ ਚੋਣ, ਖਾਦਾਂ ਦੀ ਚੋਣ, ਦਵਾਈਆਂ ਦੀ ਚੋਣ, ਸਮੇਂ ਦੀ ਚੋਣ ਮੌਸਮ ਦੀ ਚੋਣ ਸਭ ਕੁਝ ਵਿਗਿਆਨਕ ਜਾਣਕਾਰੀ ਨਾਲ ਸਬੰਧਤ ਹੈ। ਉਹ ਹੀ ਫੈਕਟਰੀਆਂ ਕਾਮਯਾਬ ਹੁੰਦੀਆਂ ਹਨ ਜਿਨ੍ਹਾਂ ਵਿੱਚ ਤਿਆਰ ਕੀਤੀਆਂ ਮਸ਼ੀਨਰੀਆਂ ਘੱਟ ਇੰਧਨ ਵਰਤ ਕੇ ਵੱਧ ਸਮੇਂ ਲਈ ਕਾਰਗਰ ਰਹਿੰਦੀਆਂ ਹਨ।
ਇਸੇ ਤਰ੍ਹਾਂ ਸਿਹਤ ਦਾ ਹੁੰਦਾ ਹੈ। ਜੋ ਵਿਅਕਤੀ ਇਹ ਜਾਣਦਾ ਹੈ ਕਿ 90% ਸਿਹਤ ਕਿਸੇ ਵਿਅਕਤੀ ਦੇ ਆਪਣੇ ਖਾਣ, ਪੀਣ, ਸੋਚ, ਕਸਰਤ ਤੇ ਨਿਰਭਰ ਹੁੰਦੀ ਹੈ ਉਹ ਵਿਅਕਤੀ ਲੰਬਾ ਜੀਵਨ ਜਿਉ ਜਾਂਦੇ ਹਨ। ਕੁਦਰਤ ਜਾਂ ਪ੍ਰਮਾਤਮਾ ਤੇ ਭਰੋਸਾ ਕਰਕੇ ਜ਼ਿੰਦਗੀ ਉਨ੍ਹਾਂ ਦੇ ਸਹਾਰੇ ਤੇ ਛੱਡਣ ਵਾਲੇ ਵਿਅਕਤੀਆਂ ਦੀ ਜ਼ਿੰਦਗੀ ਦੀ ਡੋਰ ਅੱਧ ਵਿਚਾਲਿਉ ਹੀ ਟੱੁਟ ਜਾਂਦੀ ਹੈ। ਮੇਰਾ ਇੱਕ ਮਿੱਤਰ ਸਾਰਾ ਦਿਨ ਸਾਈਕਲ ਤੇ ਸਵਾਰ ਹੋ ਕੇ ਹੀ ਹਰ ਰੋਜ਼ 20-30 ਕਿਲੋਮੀਟਰ ਦਾ ਸਫ਼ਰ ਕਰ ਜਾਂਦਾ ਸੀ। ਇਸ ਹਿਸਾਬ ਨਾਲ ਉਸਨੂੰ ਆਪ ਸਹੇੜੀਆਂ ਬੀਮਾਰੀਆਂ ਬਲੱਡ ਪ੍ਰੈਸ਼ਰ ਆਦਿ ਨਹੀਂ ਸੀ ਹੋਣੇ ਚਾਹੀਦੇ ਸਨ। ਪਰ ਨਾਲ ਹੀ ਗਊ ਭਗਤ ਹੋਣ ਕਰਕੇ ਉਹ ਹਰ ਰੋਜ਼ ਗਊਸ਼ਾਲਾ ਵਿੱਚ ਜਾ ਕੇ ਇੱਕ ਕਿਲੋ ਗਊ ਦਾ ਦੁੱਧ 57 ਸਾਲ ਦੀ ਉਮਰ ਵਿੱਚ ਵੀ ਪੀ ਜਾਂਦਾ। ਸਾਡੇ ਕਾਫ਼ੀ ਸਮਝਾਉਣ ਦੇ ਬਾਵਜੂਦ ਉਹ ਨਾ ਰੁਕਿਆ ਤੇ ਆਖ਼ਰ ਅਧਰੰਗ ਦਾ ਸ਼ਿਕਾਰ ਹੋ ਕੇ ਤਿੰਨ ਸਾਲ ਮੰਜੇ ਤੇ ਲਿਟ ਕੇ ਸਦੀਵੀ ਵਿਛੋੜਾ ਦੇ ਗਿਆ।
ਜਿਵੇਂ ਹੁੰਦਾ ਹੈ ਜ਼ਿਆਦਾ ਅਧਿਆਤਮਕਵਾਦੀ ਜਾਂ ਧਾਰਮਿਕ ਬੰਦੇ ਵਿਗਿਆਨ ਵਿਰੋਧੀ ਹੁੰਦੇ ਹਨ। galileoਆਧੁਨਿਕ ਸਰੀਰ ਵਿਗਿਆਨ (1) ਦੇ ਜਨਮਦਾਤਾ ਵਾਸਲੀਅਸ ਨੂੰ ਆਪਣੀ ਮਾਂ ਦੇ ਸਰੀਰ ਦੀ ਚੀਰ ਫਾੜ ਕਰਨ ਕਾਰਨ ਧਾਰਮਿਕ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ। ਗਲੈਲੀਓ ਨੂੰ ਇਹ ਕਹਿਣ ਤੇ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਲਈ ਕਾਲ ਕੋਠੜੀ ਵਿੱਚ ਜਾਣਾ ਪਿਆ ਆਦਿ ਦੀਆਂ ਅਨੇਕਾਂ ਉਦਾਹਰਣਾਂ ਸਾਡੇ ਸਾਹਮਣੇ ਹਨ। ਅੱਜ ਦੇ ਸਾਰੇ ਧਾਰਮਿਕ ਆਗੂ ਜਾਣਦੇ ਹਨ ਕਿ ਕਿਵੇਂ ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ਨੂੰ ਸੁੱਖ ਸਹੂਲਤਾਂ ਨਾਲ ਭਰਪੂਰ ਕੀਤਾ ਹੈ ਫਿਰ ਵੀ ਉਹ ਆਪਣੇ ਭਾਸ਼ਣਾਂ, ਦੀਵਾਨਾਂ ਤੇ ਕੀਰਤਨਾਂ ਰਾਹੀਂ ਵਿਗਿਆਨਕਾਂ ਨੂੰ ਗਾਲਾਂ ਕੱਢਣੋਂ ਗੁਰੇਜ਼ ਨਹੀਂ ਕਰਦੇ। ਬਾਬਾ ਰਾਮ ਦੇਵ ਵੀ ਇਨ੍ਹਾਂ ਵਿਚੋਂ ਇੱਕ ਹੈ। ਆਪਣੇ ਬੋਲਣ ਲਈ ਮਾਈਕ, ਆਪਣਾ ਚਿਹਰਾ ਵਿਖਾਉਣ ਲਈ ਵੀ. ਡੀ. ਓ. ਕੈਮਰਾ ਆਪਣੀ ਦਵਾਈਆਂ ਪਿਸਵਾਉਣ ਲਈ ਮਸ਼ੀਨਾਂ ਸਾਰੀਆਂ ਹੀ ਸਾਇੰਸ ਦੀਆਂ ਵਰਤਦਾ ਹੈ। ਪਰ ਕਹਿੰਦਾ ਹੈ ਕਿ ਵਿਗਿਆਨਕਾਂ ਨੂੰ ਇਹ ਨਹੀਂ ਪਤਾ ਪਹਿਲਾਂ ਮੁਰਗੀ ਆਈ ਜਾਂ ਆਂਡਾ ਜਾਂ ਮਨੁੱਖ ਦਾ ਵਿਕਾਸ ਬਾਂਦਰ ਤੋਂ ਕਿਵੇਂ ਹੋਇਆ ਹੈ? ਸਭ ਸਾਇੰਸਦਾਨ ਝੂਠ ਬੋਲ ਰਹੇ ਹਨ। ਕਈ ਵਾਰੀ ਬਾਬਾ ਰਾਮ ਦੇਵ ਜੀ ਇਹ ਵੀ ਕਹਿ ਦਿੰਦੇ ਹਨ ਕਿ ਵਿਗਿਆਨ ਦੀਆਂ ਸਾਰੀਆਂ ਖੋਜਾਂ ਪਹਿਲਾਂ ਹੀ ਸਾਡੇ ਗਰੰਥਾਂ ਵਿੱਚ ਦਰਜ ਹਨ। ਪ੍ਰਾਚੀਨ ਗਰੰਥ ਸਾਡੇ ਬੁੱਧੀਮਾਨ ਪੁਰਖਿਆਂ ਦੀਆਂ ਰਚਨਾਵਾਂ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਗੱਲਾਂ ਵਧੀਆ ਅਤੇ ਫਾਇਦੇਮੰਦ ਵੀ ਲਿਖੀਆਂ ਹੋਈਆਂ ਹਨ। ਪਰ ਗੰ੍ਰਥਾਂ ਦੇ ਲਿਖਣ ਸਮੇਂ ਵਿਗਿਆਨ ਬਹੁਤ ਹੀ ਮੁਢਲੀ ਹਾਲਤ ਵਿਚ ਸੀ। ਇਸ ਲਈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਗਰੰਥਾਂ ਵਿੱਚ ਦਰਜ ਹਨ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ। ਇੱਕ ਵੱਖਰੇ ਚੈਪਟਰ ਵਿੱਚ ਅਸੀਂ ਵੈਦਾਂ ਵਿੱਚ ਦਰਜ ਦਵਾਈਆਂ ਅਤੇ ਟੋਟਕਿਆਂ ਬਾਰੇ ਚਰਚਾ ਕਰਾਂਗੇ।
ਇਹ ਗੱਲ ਵੀ ਨਹੀਂ ਹੈ ਕਿ ਸਾਰਾ ਪੁਜਾਰੀ ਵਰਗ ਹੀ ਵਿਗਿਆਨ ਵਿਰੋਧੀ ਹੁੰਦਾ ਹੈ। ਗਿਰਜੇ ਦੇ ਇੱਕ ਪੁਜਾਰੀ ਮੈਂਡਲ ਦਾ ਨਾਂ ਵਿਗਿਆਨਕਾਂ ਲਈ ਸਨਮਾਨਜਨਕ ਹੈ ਕਿਉਕਿ ਉਸ ਨੇ ਗਿਰਜੇ ਵਿੱਚ ਹੀ ਫੁਲਵਾੜੀ ਲਾ ਕੇ ਮਟਰਾਂ ਦੀਆਂ ਬੌਣੀਆਂ ਅਤੇ ਲੰਬੀਆਂ ਨਸਲਾਂ ਤੇ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਸੀ ਕਿ ਵਿਰਾਸਤੀ ਗੁਣ ਮਾਂ ਪਿਉ ਤੋਂ ਬੱਚਿਆਂ ਵਿੱਚ ਕਿਵੇਂ-ਕਿਵੇਂ ਤੇ ਕਿਸ ਤਰਤੀਬ ਵਿੱਚ ਜਾਂਦੇ ਹਨ?
ਅੰਤ ਵਿੱਚ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਹਿੰਦੁਸਤਾਨ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਸਾਡੇ ਸਿਆਸਤਦਾਨਾਂ ਨੂੰ ਵਿਗਿਆਨ ਦੇ ਲੜ ਲੱਗਣਾ ਚਾਹੀਦਾ ਹੈ। ਸਿਰਫ਼ ਤੇ ਸਿਰਫ਼ ਕਲਿਆਣਕਾਰੀ ਸਿਆਸਤ ਹੀ ਲੋਕਾਂ ਦਾ ਕਲਿਆਣ ਕਰ ਸਕਦੀ ਹੈ। ਇੱਥੋਂ ਦੇ ਮੰਦਰਾਂ, ਗੁਰਦੁਆਰਿਆਂ ਤੇ ਗਿਰਜਿਆਂ ਕੋਲ ਪਹਿਲਾਂ ਹੀ ਬਹੁਤ ਕੁਝ ਹੈ। ਇਹਨਾਂ ਦੀ ਸੇਵਾ ਸੰਭਾਲ ਵਿੱਚ ਜੁਟੇ ਵਿਅਕਤੀ ਪਹਿਲਾਂ ਹੀ ਮਾਲੋ ਮਾਲ ਹਨ। ਕਿਉਕਿ ਇਹਨਾਂ ਸਥਾਨਾਂ ਤੇ ਚੜ੍ਹਾਇਆ ਹੋਇਆ ਕਿਸੇ ਦਾ ਇੱਕ ਪੈਸਾ ਵੀ ਪ੍ਰਮਾਤਮਾ ਕੋਲ ਨਹੀਂ ਪੁੱਜਦਾ ਸਗੋਂ ਇਨ੍ਹਾਂ ਦਲਾਲਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਹੁਕਮਰਾਨ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਹੀ ਕਰੋੜਾਂ ਪਤੀ ਬਣਾਉਣ ਲਈ ਲੱਗੇ ਰਹੇ ਹਨ ਪਰ ਆਮ ਇਨਸਾਨ ਦਿਨੋਂ ਦਿਨ ਕੰਗਾਲ ਹੋ ਰਿਹਾ ਹੈ।
ਮਨੁੱਖਤਾ ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਿਗਿਆਨਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਧਰਤੀ ਇੰਨ੍ਹੀਂ ਸਮਰੱਥ ਹੈ ਕਿ ਇਹ ਇਸਦੇ ਸੱਤ ਅਰਬ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਆਰਾਮ ਨਾਲ ਪ੍ਰਦਾਨ ਕਰ ਸਕਦੀ ਹੈ। ਮੇਰੇ ਭਾਰਤ ਦੇ ਲੋਕਾਂ ਨੂੰ ਖੁਸ਼ਹਾਲ ਤਾਂ ਸਿਰਫ਼ ਇੱਥੋਂ ਦੇ ਸਿਆਸਤਦਾਨ ਹੀ ਕਰ ਸਕਦੇ ਹਨ। ਉਹ ਅਮੀਰਾਂ, ਗਰੀਬਾਂ ਵਿੱਚ ਵਧ ਰਹੇ ਪਾੜੇ ਨੂੰ ਘਟਾ ਕੇ, ਧਾਰਮਿਕ ਸਥਾਨਾਂ ਨੂੰ ਦਿੱਤੀਆਂ ਜਾਣ ਵਾਲੀ ਮਾਇਕ ਸਹਾਇਤਾ ਬੰਦ ਕਰਕੇ ਅਤੇ ਉਹਨਾਂ ਕੋਲੋਂ ਵਾਧੂ ਜ਼ਮੀਨ ਜਾਇਦਾਦ ਲੈ ਕੇ ਅਤੇ ਇਸ ਨੂੰ ਲੋਕਾਂ ਵਿੱਚ ਵੰਡਕੇ ਅਜਿਹਾ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ। ਸਰਕਾਰ ਇਸ ਗੱਲ ਵੱਲ ਵੀ ਧਿਆਨ ਦੇਵੇ ਕਿ ਧਾਰਮਿਕ ਫਸਾਦ ਮਨੁੱਖ ਜਾਤੀ ਦੇ ਨਾਂ ਉੱਪਰ ਕਲੰਕ ਹੁੰਦੇ ਹਨ ਕਿਸੇ ਵੀ ਧਰਮ ਦੇ ਫਸਾਦੀਆਂ ਨੂੰ ਫ਼ਾਂਸੀ ਚਾੜ੍ਹਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਵੱਧ ਪੈਸਾ ਵੀ ਸੁੱਖ ਸਹੂਲਤਾਂ ਨਹੀਂ ਦਿੰਦਾ ਸਗੋਂ ਜ਼ਿੰਦਗੀ ਜਿਉਣ ਦੇ ਵਿਗਿਆਨਕ ਢੰਗ ਵੀ ਸਰਕਾਰ ਵੱਲੋਂ ਲੋਕਾਂ ਨੂੰ ਸਿਖਾਏ ਜਾਣੇ ਚਾਹੀਦੇ ਹਨ।

ਬਾਬੇ ਦੇ ਵਾਦ ਵਿਵਾਦ

ਮੇਘ ਰਾਜ ਮਿੱਤਰ (+91 98887 87440)

ਮਨੁੱਖ ਅਤੇ ਜਾਨਵਰਾਂ ਦੀਆਂ ਹੱਡੀਆਂ ਦਵਾਈਆਂ ਵਿੱਚ : ਮਾਰਚ 2005 ਵਿੱਚ ਦਿਵਿਆ ਯੋਗ ਮੰਦਰ ਟਰੱਸਟ ਦੇ ਕੁਝ ਮੁਲਾਜ਼ਮਾਂ ਨੇ ਘੱਟ ਉਜਰਤਾਂ ਅਤੇ ਪ੍ਰਾਵੀਡੈਂਟ ਫੰਡ ਵਿੱਚ ਕਟੌਤੀ ਆਦਿ ਦੇ ਵਿਰੋਧ ਵਿੱਚ ਹੜਤਾਲ ਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਸਮਝੌਤੇ ਤੇ ਪੁੱਜਣ ਲਈ ਤਿੰਨ ਧਿਰੀ ਮੀਟਿੰਗ ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਬੁਲਾਈ। ਇਸ ਵਿੱਚ ਹੜਤਾਲੀ ਮੁਲਾਜ਼ਮਾਂ ਦੇ ਆਗੂ, ਟਰੱਸਟ ਦੇ ਆਹੁਦੇਦਾਰ ਤੇ ਜ਼ਿਲ੍ਹਾ ਅਧਿਕਾਰੀ ਸ਼ਾਮਿਲ ਹੋਏ। ਇੱਕ ਸਮਝੌਤਾ ਵੀ ਹੋ ਗਿਆ। ਸਮਝੌਤੇ ਤੋਂ ਬਾਅਦ ਕੁਝ ਮੁਲਾਜਮਾਂ ਨੂੰ ਇਹ ਕਹਿਕੇ ਬਰਤਰਫ਼ ਕਰ ਦਿੱਤਾ ਗਿਆ ਕਿ ਇਹ ਕਮਿਊਨਿਸਟਾਂ ਦੇ ਏਜੰਟ ਹਨ। ਇਸ ਤੋਂ ਬਾਅਦ ਇਸ ਕੇਸ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਅਗਵਾਈ ਵਿੱਚ ਚੱਲ ਰਹੀ ਜਥੇਬੰਦੀ ‘ਸੀਟੂ’ ਨੇ ਆਪਣੇ ਹੱਥ ਲੈ ਲਿਆ। ਕੱਢੇ ਮੁਲਾਜ਼ਮਾਂ ਨੇ ਇਹ ਵੀ ਰਿਪੋਰਟ ਕੀਤੀ ਕਿ ਬਾਬਾ ਰਾਮ ਦੇਵ ਜੀ ਦੀਆਂ ਦਵਾਈਆਂ ਵਿੱਚ ਮਨੁੱਖ ਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੋਈਆਂ ਹਨ। ਉਂਝ ਆਯੁਰਵੈਦ ਵਿੱਚ ਇਹਨਾਂ ਨੂੰ ਵਰਤਣ ਤੇ ਵੀ ਕੋਈ ਪਾਬੰਦੀ ਨਹੀਂ। ਉਹਨਾਂ ਬਰਤਰਫ਼ ਕੀਤੇ ਮੁਲਾਜ਼ਮਾਂ ਨੇ ‘ਕੁਲੀਆਂ ਭਸ਼ਮ’ ਤੇ ‘ਯੋਵਨਅਮਿਰਤ’ ਵਟੀ ਨਾਂ ਦੀਆਂ ਇਹ ਆਯੁਰਵੈਦਿਕ ਦਵਾਈਆਂ ਟਰੱਸਟ ਦੇ ਹਰਿਦੁਆਰ ਵਾਲੇ ਹਸਪਤਾਲ ਬ੍ਰਹਮਕਲਪ ਚਿਕਿਤਸਲਿਆਂ ਤੋਂ ਖ੍ਰੀਦੀਆਂ ਤੇ ਰਸੀਦਾਂ ਲਈਆਂ। ਇਹਨਾਂ ਦਵਾਈਆਂ ਨੂੰ ਸਰਕਾਰੀ ਪ੍ਰਯੋਗਸ਼ਾਲਾਵਾਂ ਵਿੱਚ ਪਰਖਣ ਲਈ ਭੇਜ ਦਿੱਤਾ। ਇਹਨਾਂ ਲੈਬਾਂ ਨੇ ਮਨੁੱਖ ਤੇ ਜਾਨਵਰਾਂ ਦੀਆਂ ਹੱਡੀਆਂ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ। ਫਿਰ ਇਹਨਾਂ ਦਵਾਈਆਂ ਦੇ ਚਾਰ ਨਮੂਨਿਆਂ ਦੀ ਮੁੜ ਪਰਖ ਸ੍ਰੀਰਾਮ ਇਸਟੀਚਿਊਟ ਆਫ਼ ਇਡੰਸਟਰੀਅਲ ਰੀਸਰਚ ਦਿੱਲੀ ਤੋਂ ਕਰਵਾਈ ਗਈ ਜਿਨ੍ਹਾਂ ਨੇ ਇਹ ਰਿਪੋਰਟ ਦੇ ਦਿੱਤੀ ਕਿ ਇਸ ਵਿੱਚ ਕੋਈ ਵੀ ਇਤਰਾਜ਼ਯੋਗ ਪਦਾਰਥ ਨਹੀਂ ਤੇ ਇਹ ਸ਼ੁੱਧ ਜੜ੍ਹੀ ਬੂਟੀਆਂ ਹਨ। ਇਸ ਤਰ੍ਹਾਂ ਬਾਬਾ ਰਾਮਦੇਵ ਇਸ ਚਾਰਜ ਤੋਂ ਮੁਕਤ ਹੋ ਗਿਆ। ਟਰੱਸਟ ਦੇ ਸੈਕਟਰੀ ਅਚਾਰੀਆ ਬਾਲ ਕਿਸ਼ਨ ਦਾ ਕਹਿਣਾ ਸੀ ਕਿ ਸਮੁੰਦਰੀ ਸਿੱਪੀਆਂ ਦੇ ਸੈਲ ਜ਼ਰੂਰ ਦਵਾਈ ਵਿੱਚ ਪੀਸ ਕੇ ਪਾਏ ਗਏ ਹਨ। ਅਜੇ ਤੱਕ ਕੱਢੇ ਮੁਲਾਜ਼ਮ ਬਰਤਰਫ਼ ਹੀ ਹਨ ਤੇ ਸਰਕਾਰ ਨੇ ਅਜੇ ਤੱਕ ਮੁਲਾਜ਼ਮਾਂ ਦੀ ਬਰਤਰਫ਼ੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।
ਏਡਜ਼ ਨੂੰ ਪੂਰੀ ਤਰ੍ਹਾਂ ਆਯੁਰਵੈਦ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ
ਬਾਬਾ ਰਾਮ ਦੇਵ ਦੇ ਮੈਗਜ਼ੀਨ ‘ਯੋਗ ਸੰਦੇਸ਼’ ਅਤੇ ਬਾਬੇ ਦੀਆਂ ਵੈੱਬ ਸਾਈਟ () ਤੇ ਇਹ ਦਾਅਵਾ ਆਮ ਤੌਰ ਤੇ ਹੀ ਕੀਤਾ ਜਾਂਦਾ ਸੀ ਕਿ ਏਡਜ਼ ਦੇ ਮਰੀਜ਼ਾਂ ਵਿੱਚ 34੪ ਸੈੱਲਾਂ ਦੀ ਘਟੀ ਗਿਣਤੀ ਨੂੰ ਆਯੁਰਵੈਦ ਦੀਆਂ ਦਵਾਈਆਂ ਦੇ ਮਿਸ਼ਰਣ ਦੀ ਵਰਤੋਂ ਕਰਕੇ ਵਧਾਇਆ ਜਾ ਸਕਦਾ ਹੈ। ਏਡਜ਼ ਦੇ ਮਰੀਜ਼ਾਂ ਵਿੱਚ ਇਹ 34੪ ਸੈੱਲਾਂ ਦੀ ਗਿਣਤੀ 50,100 ਅਤੇ 150 ਤੱਕ ਰਹਿ ਜਾਂਦੀ ਹੈ। ਬਾਬੇ ਦੇ ਕਹਿਣ ਅਨੁਸਾਰ ਬਾਬੇ ਦੀਆਂ ਦਵਾਈਆਂ ਇਸ ਗਿਣਤੀ ਨੂੰ 400,500 ਜਾਂ 600 ਤੱਕ ਵੀ ਲਿਜਾ ਸਕਦੀਆਂ ਹਨ। ਜਦੋਂ ਭਾਰਤ ਦੇ ਸਿਹਤ ਮੰਤਰਾਲੇ ਨੇ ਬਾਬਾ ਰਾਮਦੇਵ ਨੂੰ ਇੱਕ ਨੋਟਿਸ ਦੇ ਕੇ ਸਪੱਸ਼ਟੀਕਰਨ ਮੰਗਿਆ ਤਾਂ ਬਾਬਾ ਕਹਿਣ ਲੱਗਿਆ ਕਿ ਮੀਡੀਆ ਨੇ ਉਸਦੇ ਬਿਆਨਾਂ ਨੂੰ ਤੋੜ ਮਰੋੜ ਕੇ ਛਾਪਿਆ ਹੈ। ਉਸਨੇ ਇਹ ਕਦੇ ਨਹੀਂ ਕਿਹਾ ਕਿ ਯੋਗਾਂ ਰਾਹੀਂ 194 ਦਾ ਇਲਾਜ ਕੀਤਾ ਜਾ ਸਕਦਾ ਹੈ। ਬਲਕਿ ਉਸਨੇ ਤਾਂ ਇਹ ਕਿਹਾ ਸੀ ਕਿ ਆਯੁਰਵੈਦ ਕੈਂਸਰ ਨੂੰ ਰੋਕ ਸਕਦੀ ਹੈ। ਏਡਜ਼ ਹੋਣ ਦੀ ਸੂਰਤ ਵਿੱਚ ਤਾਂ ਯੋਗ ਨਾਲ ਉਤਸ਼ਾਹਜਨਕ ਸੁਧਾਰ ਕੀਤੇ ਜਾ ਸਕਦੇ ਹਨ।
ਪੁੱਤਰਵਟੀ ਦਵਾਈ : ਅੱਜ ਦੀ ਵਿਗਿਆਨ ਇਹ ਗੱਲ ਪੁਕਾਰ-ਪੁਕਾਰ ਕਹਿ ਰਹੀ ਹੈ ਕਿ ਮਾਂ ਦੇ ਪੇਟ ਵਿੱਚ ਲੜਕਾ ਹੋਵੇਗਾ ਜਾਂ ਲੜਕੀ ਇਸ ਗੱਲ ਦਾ ਗਰਭ ਧਾਰਨ ਦੇ ਪਹਿਲੇ ਦਿਨ ਹੀ ਫ਼ੈਸਲਾ ਹੋ ਜਾਂਦਾ ਹੈ। ਉਸਤੋਂ ਬਾਅਦ ਦੁਨੀਆਂ ਦੀ ਕੋਈ ਵੀ ਦਵਾਈ ਬੱਚੇ ਦਾ ਸੈਕਸ ਤਬਦੀਲ ਨਹੀਂ ਕਰ ਸਕਦੀ। ਹਿੰਦੋਸਤਾਨ ਦੇ ਹਜ਼ਾਰਾਂ ਸਾਧੂ ਮਹਾਤਮਾ ਤੇ ਨੀਮ ਹਕੀਮ ਲੋਕਾਂ ਦੀ ਲੁੱਟ-ਖਸੁੱਟ ਇਸ ਗੱਲ ਨਾਲ ਹੀ ਕਰੀ ਜਾ ਰਹੇ ਹਨ। ਬਾਬਾ ਰਾਮ ਦੇਵ ਵੀ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਪੁੱਤਰ ਪੈਦਾ ਕਰਨ ਲਈ ਪੁੱਤਰਵਟੀ ਦਾ ਇਸਤੇਮਾਲ ਕਰ ਰਿਹਾ ਸੀ। ਲੋਕਾਂ ਦੇ ਰੋਹ ਤੋਂ ਡਰਦਿਆਂ ਹੁਣ ਭਾਵੇਂ ਉਸ ਨੇ ਇਸ ਦਵਾਈ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ ਅਤੇ ਆਪਣੀਆਂ ਦਵਾਈਆਂ ਦੀਆਂ ਲਿਸਟਾਂ ਵਿੱਚੋਂ ਵੀ ਇਹ ਦਵਾਈ ਕੱਢ ਦਿੱਤੀ ਹੈ। ਕੇਂਦਰ ਦੇ ਸਿਹਤ ਮੰਤਰਾਲੇ ਨੇ ਉਤਰਾਂਚਲ ਦੇ ਸਿਹਤ ਮੰਤਰਾਲੇ ਨੂੰ ਚਿੱਠੀ ਭੇਜ ਕੇ ਇਸ ਪੁੱਤਰਵਟੀ ਨਾਂ ਦੀ ਦਵਾਈ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ ਕਿਉਕਿ ਆਲ ਇੰਡੀਆ ਡੈਮੋਕਰੇਟਿਕ ਵੂਮੈਨਸ ਐਸੋਸੀਏਸ਼ਨ ਤੇ ਹੋਰ ਜਥੇਬੰਦੀਆਂ ਨੇ ਇਸ ਗੱਲ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤਰ ਪੈਦਾ ਕਰਨ ਵਾਲੀਆਂ ਦਵਾਈਆਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਬਣਾਉਣ ਵਾਲਿਆਂ ਅਤੇ ਉਤਸ਼ਾਹਤ ਕਰਨ ਵਾਲਿਆਂ ਦੇ ਖਿਲਾਫ਼ ਐਕਸ਼ਨ ਵੀ ਲੈਣਾ ਚਾਹੀਦਾ ਹੈ। ਇਸਤਰੀਆਂ ਦੀ ਜਥੇਬੰਦੀ ਦੀ ਪ੍ਰਧਾਨ ਸ੍ਰੀਮਤੀ ਨੋਟਿਆਲ ਦਾ ਕਹਿਣਾ ਸੀ ਕਿ ਕਾਂਗਰਸ ਤੇ ਭਾਜਪਾ ਸਰਕਾਰਾਂ ਬਾਬੇ ਲਈ ਰਿਐਤਦਿਲੀ ਵਰਤ ਰਹੀਆਂ ਹਨ ਭਾਵੇਂ ‘ਪੁੱਤਰਵਟੀ’ ਬਣਾ ਕੇ ਤੇ ਵੇਚ ਕੇ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਬਾਬਾ ਰਾਮ ਦੇਵ ਦੀਆਂ ਟਿੱਪਣੀਆਂ ਵਿਰੁੱਧ ਰੋਸ ਵਿਖਾਵਾ
2 ਅਗਸਤ 2008 ਨੂੰ ਕੈਨੇਡਾ ਦੀ ਰਾਜਧਾਨੀ ਵੈਨਕੂਵਰ ਦੇ ਸ਼ਹਿਰ ਸਰੀ ਦੇ ਮਿਲੈਨੀਅਮ ਪਾਰਕ ਵਿੱਚ 100 ਕੁ ਵਿਅਕਤੀ ਇਕੱਠੇ ਹੋਏ ਤੇ ਉਨ੍ਹਾਂ ਨੇ ਰਾਮ ਦੇਵ ਦੇ ਵਿਰੁੱਧ ਤਿੰਨ ਘੰਟੇ ਲਗਾਤਾਰ ਅਮਨ ਪੂਰਵਕ ਰੋਸ ਵਿਖਾਵਾ ਕੀਤਾ। ਰਾਮ ਦੇਵ ਜੀ ਦਾ ਯੋਗਾ ਕੈਂਪ ਸਵੇਰੇ 6.00 ਵਜੇ ਤੋਂ 8.30 ਵਜੇ ਤੱਕ ਚਲਦਾ ਸੀ ਪਰ ਵਿਖਾਵਾਕਾਰੀ ਤਾਂ 5.30 ਵਜੇ ਹੀ ਪਹੁੰਚਣਾ ਸ਼ੁਰੂ ਹੋ ਗਏ ਸਨ।
ਅਸਲ ਵਿੱਚ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਵਿੱਚ ਮੀਡੀਆ ਦੇ ਲੋਕ ਵੀ ਸ਼ਾਮਿਲ ਸਨ ਨੇ ਬਾਬਾ ਰਾਮਦੇਵ ਨੂੰ ਸਪਾਂਸ਼ਰ ਕਰਨ ਵਾਲੇ ਆਗੂਆਂ ਨੂੰ ਕੁੱਝ ਸੁਆਲ ਪੁੱਛਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸੁਆਲਾਂ ਵਿੱਚ ਰਾਮਦੇਵ ਦੀਆਂ ਫੈਕਟਰੀਆਂ ਵਿੱਚ ਹੁੰਦੇ ਮਜ਼ਦੂਰਾਂ ਦੇ ਸੋਸ਼ਣ, ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਮਨੁੱਖਾਂ ਤੇ ਜਾਨਵਰਾਂ ਦੀਆਂ ਹੱਡੀਆਂ ਦੀ ਮਿਲਾਵਟ, ਪੁੱਤਰਵਟੀ, ਕੈਂਸਰ ਤੇ ਏਡਜ਼ ਵਰਗੀਆਂ ਬੀਮਾਰੀਆਂ ਦੇ ਉਸਦੇ ਦਾਅਵਿਆਂ ਸਬੰਧੀ ਸਨ। ਪ੍ਰਬੰਧਕਾਂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਸੁਆਲ ਬਾਬਾ ਰਾਮ ਦੇਵ ਜੀ ਨੂੰ ਪੁੱਛਣਗੇ। ਜਦੋਂ ਸਪਾਂਸਰਾਂ ਵੱਲੋਂ ਇਹ ਸੁਆਲ ਬਾਬਾ ਰਾਮ ਦੇਵ ਜੀ ਅੱਗੇ ਰੱਖੇ ਗਏ ਤਾਂ ਬਾਬਾ ਜੀ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਸਮੇਂ ਆਪੇ ਤੋਂ ਬਾਹਰ ਹੋ ਗਏ। ਉਹਨਾਂ ਨੇ ਕਿਹਾ ‘‘ਉਸਦੀਆਂ ਦਵਾਈਆਂ ਦੇ ਸੈਂਪਲ ਪਾਸ ਹੋ ਚੁੱਕੇ ਹਨ ਤੇ ਉਹ ਆਪਣੇ ਕਾਮਿਆਂ ਨੂੰ ਹੋਰਾਂ ਕੰਪਨੀਆਂ ਨਾਲੋਂ ਜ਼ਿਆਦਾ ਤਨਖਾਹ ਦੇ ਰਿਹਾ ਹੈ। ਇਹ ਸੁਆਲ ਚਾਰ ਕੁ ਸਿਰ ਫਿਰੇ ਕਮਿਊਨਿਸਟ ਪੁੱਛ ਰਹੇ ਹਨ। ਇਹ ਨਾਸਤਿਕ ਲੋਕ ਹਨ ਇਨ੍ਹਾਂ ਦਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਆਜ਼ਾਦੀ ਘੁਲਾਟੀਆਂ ਤੋਂ ਇਲਾਵਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨਾਲ ਵੀ ਕੋਈ ਸਬੰਧ ਨਹੀਂ। ਇਹ ਮਾਰਕਸ, ਲੈਨਿਨ ਤੇ ਮਾਓ ਦੇ ਚੇਲੇ ਹਨ। ਇਹਨਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ ਚਲੇ ਜਾਣਾ ਚਾਹੀਦਾ ਹੈ।’’ ਉਸਦੀਆਂ ਇਹਨਾਂ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤੇ ਉਹਨਾਂ ਨੇ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕਰ ਲਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ‘‘ਕਮਿਊਨਿਸਟ ਤਾਂ ਮਾਨਵਵਾਦੀ ਹੁੰਦੇ ਹਨ ਉਹ ਤਾਂ ਸਾਰੇ ਸੰਸਾਰ ਦੇ ਲੋਕਾਂ ਨੂੰ ਇੱਕ ਸਮਝਦੇ ਹਨ। ਉਹਨਾਂ ਦਾ ਧਰਮਾਂ, ਜਾਤਾਂ, ਨਸਲਾਂ ਤੇ ਰੰਗਾਂ ਦੇ ਆਧਾਰ ਤੇ ਉਸਰੀਆਂ ਜਥੇਬੰਦੀਆਂ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ। ਕਮਿਊਨਿਸਟ ਤਾਂ ਅਮੀਰ, ਗਰੀਬ ਵਿੱਚ ਵਧ ਰਹੇ ਖੱਪੇ ਦੇ ਵਿਰੁੱਧ ਹਨ।’’ ਅੰਤ ਵਿੱਚ ਤਰਕਸ਼ੀਲ ਆਗੂ ਅਵਤਾਰ ਗਿੱਲ ਨੇ ਕਿਹਾ ਕਿ ਅਸੀਂ ਆਪਣਾ ਪੱਖ ਲੋਕ ਕਚਹਿਰੀ ਵਿੱਚ ਰੱਖ ਦਿੱਤਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਬਾਬੇ ਦੇ ਵਿਰੁੱਧ ਡਟੀ
ਬਾਬੇ ਵੱਲੋਂ ਐਲੋਪੈਥਿਕ ਦਵਾਈਆਂ ਤੇ ਡਾਕਟਰਾਂ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਜੈ ਕੁਮਾਰ ਨੇ ਕਿਹਾ ਹੈ ਕਿ ਉਹ ਬਾਬੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਿਰੁੱਧ ਛੇਤੀ ਹੀ ਡਾਕਟਰਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਨੇ ਭਾਰਤੀ ਡਾਕਟਰਾਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਬਾਬੇ ਵੱਲੋਂ ਗੰਭੀਰ ਤੇ ਪੁਰਾਣੀਆਂ ਬੀਮਾਰੀਆਂ ਬਾਰੇ ਇਲਾਜ ਕਰਨ ਦਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮਦੇਵ ਦੀਆਂ ਦਵਾਈਆਂ ਦੀ ਪ੍ਰਯੋਗਕ ਪਰਖ ਅਜੇ ਤੱਕ ਨਹੀਂ ਹੋਈ। ਇਸ ਲਈ ਇਨ੍ਹਾਂ ਨੂੰ ਵਰਤਣਾ ਗ਼ਲਤ ਹੈ।
ਬਾਬੇ ਦੀ ਸੰਜੀਵਨੀ ਬੂਟੀ
ਉਤਰਾਖੰਡ ਦੀ ਸਰਕਾਰ ਬਾਬੇ ਦੁਆਰਾ ਲੱਭੀ ਗਈ ‘ਸੰਜੀਵਨੀ ਬੂਟੀ’ ਦੇ ਦਾਅਵੇ ਦੀ ਪਰਖ ਵੀ ਕਰ ਰਹੀ ਹੈ। ਇਹ ਉਹੀ ਹੀ ਸੰਜੀਵਨੀ ਬੂਟੀ ਹੈ ਜਿਸਦਾ ਜ਼ਿਕਰ ਰਮਾਇਣ ਵਿੱਚ ਵੀ ਆਉਦਾ ਹੈ। ਕਹਿੰਦੇ ਹਨ ਕਿ ਰਾਵਣ ਨਾਲ ਲੜਾਈ ਸਮੇਂ ਲਛਮਣ ਬੇਹੋਸ਼ ਹੋ ਗਿਆ ਸੀ, ਉਸਨੂੰ ਠੀਕ ਕਰਨ ਲਈ ਹਨੂੰਮਾਨ ਜੀ ਇਸ ਬੂਟੀ ਨੂੰ ਸਮੇਤ ਪਹਾੜ ਹੀ ਚੁੱਕ ਲਿਆਏ ਸਨ।