Category Archives: Athiest

ਤਰਕਸ਼ੀਲ ਲਹਿਰ ਦੀ ਪੱਚੀਵੀਂ ਵਰ੍ਹੇਗੰਢ ’ਤੇ

ugliਮੇਘ ਰਾਜ ਮਿੱਤਰ (+91 98887 87440)

ਅੱਜ ਦੀ ਤਰਕਸ਼ੀਲ ਲਹਿਰ ਇਸ ਗੱਲ ਵਿੱਚ ਵਿਸ਼ਵਾਸ ਕਰਦੀ ਹੈ ਕਿ ਹਰੇਕ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜੇ ਅਸੀਂ ਪੰਜਾਬ ਵਿੱਚ ਤਰਕਸ਼ੀਲ ਲਹਿਰ ਦੇ ਵਿਕਸਿਤ ਹੋਣ ਦੇ ਕਾਰਨਾਂ ਨੂੰ ਨਹੀਂ ਫਰੋਲਾਂਗੇ ਤਾਂ ਮੇਰਾ ਖ਼ਿਆਲ ਹੈ ਅਸੀਂ ਤਰਕਸ਼ੀਲ ਲਹਿਰ ਨਾਲ ਇਨਸਾਫ਼ ਨਹੀਂ ਕਰ ਰਹੇ ਹੋਵਾਂਗੇ। ਤਰਕਸ਼ੀਲ ਲਹਿਰ ਨਾਲ ਸਬੰਧਤ ਵਿਅਕਤੀ ਜਿਹੜੇ ਇਸ ਗੱਲ ਨੂੰ ਛੁਪਾਉਣ ਦਾ ਯਤਨ ਕਰਦੇ ਹਨ ਉਹ ਸੁਆਰਥੀ ਹਨ ਤੇ ਕਿਸੇ ਨਾ ਕਿਸੇ ਰੂਪ ਵਿਚ ਇਸ ਲਹਿਰ ਦੇ ਵਿਕਾਸ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਲੋਚਦੇ ਹਨ।

1983-84 ਵਿੱਚ ਪੰਜਾਬ ਦੇ ਖਾਲਸਤਾਨੀਆਂ ਵੱਲੋਂ ਬੱਸਾਂ ਵਿੱਚੋਂ ਕੱਢ ਕੇ ਹਿੰਦੂਆਂ ਦਾ ਕਤਲੇਆਮ ਕੀਤਾ ਜਾ ਰਿਹਾ ਸੀ ਤੇ ਹਿੰਦੂ ਜਨੂੰਨੀਆਂ ਵੱਲੋਂ 3000 ਨਿਰਦੋਸ਼ ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਫੂਕ ਦਿੱਤਾ ਗਿਆ ਸੀ। ਇਸ ਤਰ੍ਹਾਂ ਪੰਜਾਬ ਦੇ ਲੋਕ ਖਾਲਸਤਾਨੀਆਂ ਦੀ ਦਹਿਸ਼ਤ ਹੇਠ ਸਹਿਮ ਭਰੀ ਜ਼ਿੰਦਗੀ ਜਿਉ ਰਹੇ ਸਨ। ਇਹਨਾਂ ਸਮਿਆਂ ਵਿੱਚ ਮੈਂ ਸਰਕਾਰੀ ਹਾਈ ਸਕੂਲ ਸੰਘੇੜਾ ਜ਼ਿਲ੍ਹਾ ਬਰਨਾਲਾ ਵਿਚ ਵਿਗਿਆਨ ਦਾ ਅਧਿਆਪਕ ਸਾਂ। ਜਦੋਂ ਕਿਤੇ ਵੀ ਸਟਾਫ਼ ਵਿੱਚੋਂ ਕੋਈ ਅਧਿਆਪਕ ਗ਼ੈਰ ਵਿਗਿਆਨਕ ਗੱਲ ਕਰਦਾ ਤਾਂ ਮੈਂ ਉਹਦਾ ਵਿਗਿਆਨਕ ਢੰਗ ਨਾਲ ਜੁਆਬ ਦੇ ਛੱਡਦਾ। ਵਿਛੜਿਆ ਸਾਥੀ ਸੰਤੋਖ ਟਿਵਾਣਾ ਅਜਿਹੇ ਸਮੇਂ ਵਿਗਿਆਨਕ ਸੋਚ ਦੇ ਹੱਕ ਵਿਚ ਖੜਦਾ। ਕਈ ਵਾਰ ਸਾਡੀ ਬਹਿਸ਼ ਤਿੱਖੀ ਵੀ ਹੋ ਜਾਂਦੀ ਉਹ ਅਧਿਆਪਕ ਸਾਨੂੰ ਤਾਹਨਾ ਮਾਰਦੇ ਕਿ ‘‘ਤੁਸੀਂ ਤਾਂ ਖੂਹ ਦੇ ਡੱਡੂ ਹੋ। ਸਕੂਲ ਵਿੱਚ ਹੀ ਭਕਾਈ ਮਾਰਨਾ ਤੁਹਾਡਾ ਸੁਗ਼ਲ ਬਣ ਗਿਆ ਹੈ ਜੇ ਤੁਹਾਡੇ ਕੋਲ ਬਹੁਤੀਆਂ ਦਲੀਲਾਂ ਨੇ ਤਾਂ ਪਿੰਡਾਂ ਵਿੱਚ ਜਾਓ ਤੇ ਅਨਪੜ੍ਹ ਤੇ ਗ਼ਰੀਬ ਲੋਕਾਂ ਨੂੰ ਮੱਤ ਦਿਉ।’’ ਭਾਵੇਂ ਉਹਨਾਂ ਦੀ ਮਨਸ਼ਾ ਤਾਂ ਸਾਥੋਂ ਖਹਿੜਾ ਛੁਡਾਉਣ ਦੀ ਹੁੰਦੀ ਸੀ ਪਰ ਉਹਨਾਂ ਦੀ ਕਹੀ ਹੋਈ ਇਹ ਸਾਧਾਰਣ ਗੱਲ ਸਾਨੂੰ ਇਹ ਸੋਚਣ ਲਈ ਮਜ਼ਬੂਰ ਜ਼ਰੂਰ ਕਰ ਜਾਂਦੀ ਕਿ ਅੰਧ-ਵਿਸ਼ਵਾਸ ਵਿਰੁੱਧ ਲੜਨ ਵਾਲੀ ਕੋਈ ਨਾ ਕੋਈ ਸੰਸਥਾ ਜ਼ਰੂਰ ਹੋਣੀ ਹੀ ਚਾਹੀਦੀ ਹੈ।

ਅਗਸਤ 1983 ਵਿੱਚ ਮੈਂ ਆਪਣੇ ਕਿਸੇ ਸਾਥੀ ਅਧਿਆਪਕ ਦੀ ਪਤਨੀ ਦੀ ਬਦਲੀ ਦੇ ਸਬੰਧ ਵਿੱਚ ਨਾਭੇ ਤੋਂ ਧੂਰੀ ਰਾਹੀਂ ਵਾਪਸ ਬਰਨਾਲਾ ਆ ਰਿਹਾ ਸੀ ਕਿ ਰਸਤੇ ਵਿੱਚ ਮੈਨੂੰ ਆਪਣਾ ਇੱਕ ਪੁਰਾਣਾ ਸਾਥੀ ਸੁਰਿੰਦਰ ਧੂਰੀ ਮਿਲ ਪਿਆ। ਉਸ ਦੇ ਹੱਥ ਵਿੱਚ ਸ਼੍ਰੀਲੰਕਾ ਦੇ ਡਾਕਟਰ ਕੋਵੂਰ ਦੀ ਲਿਖੀ ਹੋਈ ਅੰਗਰੇਜ਼ੀ ਦੀ ਕਿਤਾਬ ‘‘ਬੀਗੋਨ ਗੌਡਮੈਨ’’ ਸੀ। ਜਦੋਂ ਮੈਂ ਉਸ ਦੇ ਹੱਥੋਂ ਕਿਤਾਬ ਫੜ ਕੇ ਫਰੋਲੀ ਤਾਂ ਮੈਨੂੰ ਇਸਦਾ ਵਿਸ਼ਾ ਰੌਚਿਕ ਲੱਗਿਆ। ਮੇਰੇ ਅੰਦਰ ਇਸ ਕਿਤਾਬ ਨੂੰ ਪੜ੍ਹਨ ਦੀ ਦਿਲਚਸਪੀ ਜਾਗੀ। ਮੈਂ ਉਸ ਤੋਂ ਇਹ ਕਿਤਾਬ ਲੈ ਲਈ। ਕਿਤਾਬ ਵਿੱਚ ਡਾਕਟਰ ਕੋਵੂਰ ਨੇ ਭੂਤਾਂ ਪ੍ਰੇਤਾਂ ਬਾਰੇ ਆਪਣੇ ਅਮਲੀ ਤਜ਼ਰਬੇ ਲਿਖੇ ਸਨ। ਇਸ ਲਈ ਮੈਂ ਇਸ ਕਿਤਾਬ ਦੇ ਕਾਫ਼ੀ ਚੈਪਟਰ ਦੋ-ਤਿੰਨ ਦਿਨਾਂ ਵਿੱਚ ਹੀ ਖ਼ਤਮ ਕਰ ਲਏ। ਜਿਵੇਂ ਹੁੰਦਾ ਹੈ ਵਧੀਆ ਕਿਤਾਬਾਂ ਅਸੀਂ ਆਪਣੇ ਨਜ਼ਦੀਕੀਆਂ ਨੂੰ ਪੜ੍ਹਨ ਲਈ ਵੀ ਦਿੰਦੇ ਹਾਂ। ਮੈਂ ਵੀ ਇਹ ਕਿਤਾਬ ਆਪਣੇ ਇੱਕ ਨਜ਼ਦੀਕੀ ਅਧਿਆਪਕ ਨੂੰ ਪੜ੍ਹਨ ਲਈ ਦਿੱਤੀ। ਇਸ ਅਧਿਆਪਕ ਬਾਰੇ ਸਾਡੇ ਸਟਾਫ਼ ਦਾ ਕਹਿਣਾ ਸੀ ਕਿ ‘‘ਇਹ ਵਾਲ ਦੀ ਖੱਲ੍ਹ ਲਾਹੁਣ ਵਾਲਾ ਬੰਦਾ ਹੈ।’’ ਉਸ ਨੇ ਜਦ ਵੀ ਕੋਈ ਸਮਾਨ ਖ੍ਰੀਦਣਾ ਹੁੰਦਾ ਸੀ ਦਸ ਦੁਕਾਨਾਂ ਤੋਂ ਪੁੱਛ-ਗਿੱਛ ਕਰਕੇ ਹੀ ਖਰੀਦਦਾ ਸੀ। ਇੱਕ ਦਿਨ ਉਹ 18 ਭੱਠਿਆਂ ਦੀ ਇੱਕ-ਇੱਕ ਇੱਟ ਆਪਣੇ ਸਕੂਟਰ ਤੇ ਲੱਦ ਕੇ ਮੇਰੇ ਕੋਲ ਲੈ ਆਇਆ ਤੇ ਕਹਿਣ ਲੱਗਿਆ ‘‘ਆਪਣੀ ਸਾਇੰਸ ਲੈਬ ਵਿੱਚ ਹਰੇਕ ਇੱਟ ਦਾ ਭਾਰ ਤੇ ਆਕਾਰ ਨਾਪੋ ਤੇ ਦੱਸੋ ਕਿ ਕਿਹੜੇ ਭੱਠੇ ਦੀ ਇੱਟ ਸਭ ਤੋਂ ਵਧੀਆ ਹੈ।’’ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਹਨਾਂ ਇੱਟਾਂ ਤੋਂ ਕੀ ਕਰਾਉਣਾ ਹੈ? ਤਾਂ ਉਹ ਕਹਿਣ ਲੱਗਿਆ ਕਿ ‘‘ਮੈਂ ਮਕਾਨ ਬਣਾਉਣਾ ਹੈ ਤੇ ਸੱਠ ਸਾਲ ਉਸ ਵਿੱਚ ਰਹਿਣਾ ਹੈ। ਜੇ ਮੈਂ ਹੀ ਵਧੀਆ ਇੱਟ ਆਪਣੇ ਘਰ ਨੂੰ ਨਹੀਂ ਲਾਵਾਂਗਾ ਤਾਂ ਹੋਰ ਕੌਣ ਲਾਵੇਗਾ?’’ ਮੈਨੂੰ ਇਹ ਜਾਪਿਆ ਕਿ ਇਹ ਅਧਿਆਪਕ ਬਹੁਤ ਕੰਮ ਦਾ ਬੰਦਾ ਹੈ, ਹਰ ਗੱਲ ਬੜੀ ਸੋਚ ਵਿਚਾਰ ਨਾਲ ਕਰਦਾ ਹੈ। ਇਸ ਅਧਿਆਪਕ ਲਈ ਮੇਰੇ ਮਨ ਵਿੱਚ ਇੱਕ ਸ਼ਰਧਾ ਜਿਹੀ ਪੈਦਾ ਹੋ ਗਈ ਤੇ ਮੈਂ ਉਸ ਨਾਲ ਇੱਕ ਨੇੜਤਾ ਬਣਾ ਲਈ। ਮੈਂ ਇਸ ਅਧਿਆਪਕ ਨੂੰ ਉੱਪਰ ਵਰਨਣ ਕੀਤੀ ਕਿਤਾਬ ਪੜ੍ਹਨ ਲਈ ਦੇ ਦਿੱਤੀ। ਕਿਤਾਬ ਪੜ੍ਹ ਕੇ ਉਹ ਅਧਿਆਪਕ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ‘‘ਮੈਨੂੰ ਇਹ ਕਿਤਾਬ ਪੰਜਾਬੀ ਵਿੱਚ ਚਾਹੀਦੀ ਹੈ ਮੈਂ ਪੰਜ ਸੌ ਰੁਪਏ ਖਰਚ ਕਰ ਸਕਦਾ ਹਾਂ।’’ ਮੈਂ ਇਸ ਅਧਿਆਪਕ ਨੂੰ ਪੁੱਛਿਆ ਕਿ ਤੁਸੀਂ ਅੰਗਰੇਜ਼ੀ ਵਿੱਚ ਕਿਤਾਬ ਪੜ੍ਹ ਲਈ ਹੈ ਤੁਸੀਂ ਪੰਜਾਬੀ ਦੀ ਕਿਤਾਬ ਤੇ ਐਨੇ ਰੁਪਏ ਖਰਚਣ ਲਈ ਕਿਉ ਤਿਆਰ ਹੋ? ਤਾਂ ਉਹ ਕਹਿਣ ਲੱਗਿਆ ‘‘ਮੈਂ ਇਸ ਕਿਤਾਬ ਤੋਂ ਪੰਦਰਾਂ ਸੌ ਰੁਪਏ ਦੀ ਕਮਾਈ ਕਰਨੀ ਹੈ?’’ ਮੈਂ ਉਸ ਨੂੰ ਪੁੱਛਿਆ ਕਿ ‘‘ਤੁਸੀਂ ਪੰਦਰਾਂ ਸੌ ਰੁਪਏ ਕਿਵੇਂ ਕਮਾਉਗੇ?’’ ਉਹ ਕਹਿਣ ਲੱਗਿਆ ‘‘ਮੇਰੇ ਘਰ ਵਾਲੀ ਪਿਛਲੇ ਤਿੰਨ ਸਾਲ ਤੋਂ ਇੱਕ ਜੋਤਸ਼ੀ ਦੇ ਚੱਕਰ ਵਿੱਚ ਫਸੀ ਹੋਈ ਹੈ ਜਿਹੜਾ ਹਰ ਸਾਲ ਇੱਕ ਹਜ਼ਾਰ ਰੁਪਏ ਕਿਸੇ ਨਾ ਕਿਸੇ ਰੂਪ ਵਿੱਚ ਮੇਰੇ ਘਰੋਂ ਲੈ ਜਾਂਦਾ ਹੈ। ਉਸ ਨੇ ਦੋ ਸਾਲ ਦੇ ਉਪਾਅ ਦੱਸੇ ਹੋਏ ਹਨ ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੋ ਹਜ਼ਾਰ ਰੁਪਏ ਹੋਰ ਮੇਰੇ ਘਰੋਂ ਲੈ ਜਾਵੇਗਾ। ਜੇ ਮੈਂ ਇਹ ਕਿਤਾਬ ਆਪਣੀ ਪ੍ਰਾਇਮਰੀ ਅਧਿਆਪਕ ਪਤਨੀ ਨੂੰ ਪੜ੍ਹਾ ਦੇਵਾਂ ਤਾਂ ਪੰਜ ਸੌ ਰੁਪਏ ਖਰਚ ਕੇ ਵੀ ਪੰਦਰਾਂ ਸੌ ਰੁਪਏ ਦੀ ਬੱਚਤ ਕਰ ਸਕਦਾ ਹਾਂ।’’ ਮੈਨੂੰ ਇਸ ਅਧਿਆਪਕ ਦੀ ਇਹ ਗੱਲ ਜਚ ਗਈ ਕਿ ਜੇ ਇੱਕ ਅਧਿਆਪਕ ਆਪਣੀ ਪਤਨੀ ਨੂੰ ਅੰਧ-ਵਿਸ਼ਵਾਸਾਂ ਵਿੱਚੋਂ ਬਾਹਰ ਕੱਢਣ ਲਈ ਇੱਕ ਕਿਤਾਬ ਦਾ ਸਹਾਰਾ ਲੈ ਸਕਦਾ ਹੈ ਤਾਂ ਸਾਡੇ ਤਾਂ ਲੱਖਾਂ ਭੈਣ-ਭਰਾ ਇਸ ਦਲ-ਦਲ ਵਿੱਚ ਫਸੇ ਹੋਏ ਹਨ ਕਿਉ ਨਾ ਉਹਨਾਂ ਨੂੰ ਕੱਢਣ ਦਾ ਕੋਈ ਵਸੀਲਾ ਕਰੀਏ। ਇਹ ਸੋਚ ਕੇ ਮੈਂ ਇਸ ਕਿਤਾਬ ਦਾ ਅਨੁਵਾਦ ਪੰਜਾਬੀ ਵਿਚ ਕਰਨਾ ਸ਼ੁਰੂ ਕਰ ਦਿੱਤਾ। ਕਿਤਾਬ ਕਾਫ਼ੀ ਵੱਡੀ ਸੀ ਤੇ ਮੈਂ ਅਜਿਹਾ ਕੰਮ ਪਹਿਲਾਂ ਕਦੇ ਕੀਤਾ ਵੀ ਨਹੀਂ ਸੀ। ਸੋ ਮੈਨੂੰ ਇਹ ਔਖਾ ਲੱਗਿਆ। ਮੈਂ ਕਿਤਾਬ ਦੇ ਦੋ ਹਿੱਸੇ ਕਰ ਲਏ। ਅੱਧੀ ਕਿਤਾਬ ਅਨੁਵਾਦ ਦੇ ਤਜ਼ਰਬੇਕਾਰ ਆਪਣੇ ਦੋਸਤ ਸਰਜੀਤ ਤਲਵਾਰ ਨੂੰ ਫੜਾ ਆਇਆ। ਦੋ-ਤਿੰਨ ਮਹੀਨਿਆਂ ਵਿੱਚ ਅਸੀਂ ਇਸ ਕਿਤਾਬ ਦੇ ਅਨੁਵਾਦ ਦਾ ਕੰਮ ਨਬੇੜ ਲਿਆ। ਜਦੋਂ ਕਿਤਾਬ ਛਪਣ ਹੀ ਵਾਲੀ ਤੇ ਇਸਦੇ ਮੂਹਰਲੇ 8 ਸਫ਼ੇ ਤਿਆਰ ਹੋਣੇ ਸਨ ਤਾਂ ਸਾਡੇ ਮਨ ਵਿਚ ਆਇਆ ਕਿ ਕਿਉ ਨਾ ਇਹ ਕਿਤਾਬ ਕਿਸੇ ਅਦਾਰੇ ਵੱਲੋਂ ਛਾਪੀ ਜਾਵੇ। ਕੁਝ ਅਦਾਰਿਆਂ ਨਾਲ ਇਸ ਸਬੰਧੀ ਗੱਲਬਾਤ ਚਲਾਈ ਵੀ ਗਈ ਪਰ ਕੋਈ ਵੀ ਅਦਾਰਾ ਇਸ ਕਿਤਾਬ ਨੂੰ ਛਾਪਣ ਲਈ ਤਿਆਰ ਨਾ ਹੋਇਆ। ਆਖ਼ਰਕਾਰ ਅਸੀਂ ਡਾਕਟਰ ਕੋਵੂਰ ਦੀ ਅੰਗਰੇਜ਼ੀ ਦੀ ਕਿਤਾਬ ਨੂੰ ਮੁੜ ਫਰੋਲਿਆ ਤੇ ਦੇਖਿਆ ਕਿ ਉਸ ਨੇ ਉਹ ਕਿਤਾਬ ‘ਸ਼੍ਰੀਲੰਕਾ ਰੈਸ਼ਨਲਿਸਟ ਐਸੋਸੀਏਸ਼ਨ’ ਵੱਲੋਂ ਛਾਪੀ ਗਈ ਸੀ। ਅਸੀਂ ਵੀ ਨਾਂਵਾਂ ਵਿੱਚ ਥੋੜ੍ਹਾ ਜਿਹਾ ਫੇਰਬਦਲ ਕਰਕੇ ਇਹ ਪੰਜਾਬੀ ਪੁਸਤਕ ‘ਰੈਸ਼ਨਲਿਸਟ ਸੁਸਾਇਟੀ ਪੰਜਾਬ’ ਵੱਲੋਂ ‘ਤੇ ਦੇਵ ਪੁਰਸ਼ ਹਾਰ ਗਏ’ ਦੇ ਨਾਂ ਹੇਠ ਛਾਪ ਲਈ। ਮੈਂ ਇਸ ਸੰਸਥਾ ਦਾ ਪ੍ਰਧਾਨ ਤੇ ਸਰਜੀਤ ਤਲਵਾਰ ਜਨਰਲ ਸਕੱਤਰ ਬਣ ਗਏ।

ਉਸ ਸਮੇਂ ਦੀਆਂ ਹਾਲਤਾਂ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਹੀ ਲਾ ਸਕਦੇ ਹੋ ਕਿ ਉਹ ਅਧਿਆਪਕ ਜਿਸ ਨੇ ਇਸ ਕਿਤਾਬ ਦਾ ਅਨੁਵਾਦ ਪੰਜਾਬੀ ਵਿਚ ਕਰਨ ਦਾ ਸੁਝਾਓ ਦਿੱਤਾ ਸੀ, ਮੈਂ ਉਸਦਾ ਨਾਂ ਧੰਨਵਾਦ ਕਰਨ ਵਾਲਿਆਂ ਦੀ ਲਿਸਟ ਵਿੱਚ ਪਾਉਣਾ ਚਾਹੁੰਦਾ ਸੀ ਪਰ ਉਸ ਅਧਿਆਪਕ ਨੇ ਆਪਣਾ ਨਾਂ ਗੁਪਤ ਰੱਖਣ ਦੀ ਤਾਕੀਦ ਕਰ ਦਿੱਤੀ।

ਕਿਤਾਬ ਛਪ ਕੇ ਆਈ ਤਾਂ ਦੋ ਕਿਸਮ ਦੇ ਲੋਕ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ। ਕਿਤਾਬ ਵਿੱਚ ਡਾਕਟਰ ਕੋਵੂਰ ਨੇ ਅਖੌਤੀ ਕਰਾਮਾਤੀ ਸ਼ਕਤੀਆਂ ਦੇ ਮਾਲਕਾਂ, ਸਾਧਾਂ, ਸੰਤਾਂ ਨੂੰ ਭਜਾਉਣ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ਪਰ ਸਾਡੀ ਸਮਰਥਾ ਤੇ ਪਰਪੱਕਤਾ ਉਸ ਸਮੇਂ ਐਨੀ ਨਹੀਂ ਸੀ। ਇਸ ਲਈ ਅਸੀਂ ਇਹ ਇਨਾਮ ਦੀ ਰਾਸ਼ੀ ਘਟਾ ਕੇ ਦਸ ਹਜ਼ਾਰ ਰੁਪਏ ਕਰ ਦਿੱਤੀ ਅਤੇ ਚੁਣੌਤੀ ਦੀਆਂ ਬਾਕੀ ਸ਼ਰਤਾਂ ਉਹ ਹੀ ਰਹਿਣ ਦਿੱਤੀਆਂ। ਪਹਿਲੀ ਕਿਸਮ ਦੇ ਲੋਕਾਂ ਨੇ ਸਾਡੀ ਇਹ ਚੁਣੌਤੀ ਸਾਧਾਂ ਸੰਤਾਂ ਨੂੰ ਪਹੁੰਚਾਉਣੀ ਸ਼ੁਰੂ ਕਰ ਦਿੱਤੀ। ਥਾਂ-ਥਾਂ ਤੇ ਸਾਧਾਂ ਸੰਤਾਂ ਨੂੰ ਲਲਕਾਰਿਆ ਜਾਣ ਲੱਗ ਪਿਆ। ਸਾਡੇ ਵਿੱਚ ਕੁਝ ਸਾਥੀ ਤੱਤੇ ਸੁਭਾਅ ਦੇ ਵੀ ਸਨ ਉਹ ਸਾਧਾਂ ਸੰਤਾਂ ਨੂੰ ਉਨ੍ਹਾਂ ਦੇ ਡੇਰਿਆਂ ਤੇ ਜਾ ਕੇ ਘੇਰਨਾ ਚਾਹੁੰਦੇ ਸਨ। ਅਸੀਂ ਉਹਨਾਂ ਨੂੰ ਸਮਝਾਉਦੇ ਕਿ ਸਾਧਾਂ ਸੰਤਾਂ ਨੂੰ ਭਜਾਉਣ ਲਈ ਲੋਕਾਂ ਨੂੰ ਚੇਤਨ ਕਰਨਾ ਪਵੇਗਾ। ਇਸ ਲਈ ਅਸੀਂ ਆਪਣੇ ਸਾਰੇ ਯਤਨ ਲੋਕਾਂ ਦੇ ਚੇਤਨਾ ਪੱਧਰ ਨੂੰ ਉੱਚਾ ਚੁੱਕਣ ਲਈ ਲਾਉਣ ਲੱਗ ਪਏ। ਦੂਸਰੀ ਕਿਸਮ ਦੇ ਲੋਕਾਂ ਨੇ ਭੂਤਾਂ ਪ੍ਰੇਤਾਂ ਦੇ ਸਤਾਏ ਮਾਨਸਿਕ ਰੋਗੀਆਂ ਨੂੰ ਸਾਡੇ ਕੋਲ ਲਿਆਉਣਾ ਸ਼ੁਰੂ ਕਰ ਦਿੱਤਾ। ਭਾਵੇਂ ਅਸੀਂ ਸਿਰਫ਼ ਕਿਤਾਬ ਦੇ ਅਨੁਵਾਦਕ ਸਾਂ ਤੇ ਕੇਸਾਂ ਨੂੰ ਹੱਲ ਕਰਨ ਦਾ ਭੋਰਾ ਭਰ ਵੀ ਤਜ਼ਰਬਾ ਸਾਡੇ ਕੋਲ ਨਹੀਂ ਸੀ। ਪਰ ਫਿਰ ਵੀ ਅਸੀਂ ਯਤਨ ਕਰਨ ਲੱਗ ਪਏ। ਜਦੋਂ ਵੀ ਅਸੀਂ ਕਿਸੇ ਕੇਸ ਵਿਚ ਅਸਫ਼ਲ ਹੁੰਦੇ ਤਾਂ ਅਸੀਂ ਡਾਕਟਰ ਕੋਵੂਰ ਦੀਆਂ ਕਿਤਾਬਾਂ ਨੂੰ ਫਰੋਲਦੇ ਤੇ ਆਖ਼ਰਕਾਰ ਅਜਿਹੇ ਕੇਸਾਂ ਨੂੰ ਹੱਲ ਕਰਨ ਦੀ ਜਾਂਚ ਵੀ ਸਿੱਖਦੇ ਗਏ।

ਮੁਢਲੇ 2-3 ਸਾਲਾਂ ਵਿੱਚ ਹੀ ਦਸ ਹਜ਼ਾਰ ਦੇ ਕਰੀਬ ਚਿੱਠੀਆਂ ਅਤੇ ਲਗਭਗ ਐਨੇ ਕੁ ਹੀ ਵਿਅਕਤੀ ਸਾਨੂੰ ਮਿਲਣ ਲਈ ਆਏ। ਹਰੇਕ ਨੇ ਸਾਥੋਂ ਕੋਈ ਨਾ ਕੋਈ ਗੱਲ ਪੁੱਛੀ ਜਾਂ ਦੱਸੀ। ਇਸ ਤਰ੍ਹਾਂ ਸਾਡੇ ਕੋਲ ਵਿਸ਼ਾਲ ਜਨਤਕ ਤਜ਼ਰਬੇ ਇਕੱਠੇ ਹੋਣ ਲੱਗ ਪਏ। ਹੁਣ ਤਾਂ ਤਰਕਸ਼ੀਲ ਸੁਸਾਇਟੀ ਕੋਲ ਸੌ ਤੋਂ ਵਧੇਰੇ ਅਜਿਹੀਆਂ ਕਿਤਾਬਾਂ ਹਨ ਜਿਹੜੀਆਂ ਲੋਕਾਂ ਦੇ ਅਮਲੀ ਤਜ਼ਰਬਿਆਂ ਨਾਲ ਨੱਕੋ ਨੱਕ ਭਰੀਆਂ ਪਈਆਂ ਹਨ।

ਆਪਣੇ ਇਸ ਤਜ਼ਰਬੇ ਨੂੰ ਹੋਰ ਮੈਂਬਰਾਂ ਨਾਲ ਸਾਂਝੇ ਕਰਨ ਲਈ ਅਸੀਂ ਤਰਕਸ਼ੀਲ ਕੈਂਪ ਲਾਉਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਤਰਕਸ਼ੀਲ ਸੁਸਾਇਟੀ ਦੇ ਬਹੁਤ ਸਾਰੇ ਮੈਂਬਰ ਕੇਸਾਂ ਨੂੰ ਹੱਲ ਕਰਨ, ਜਾਦੂ ਸਿੱਖਣ ਅਤੇ ਹਿਪਨੋਟਾਈਜ਼ ਕਰਨ ਦੇ ਢੰਗ ਤਰੀਕੇ ਸਿੱਖਣ ਲੱਗ ਪਏ, ਕੁਝ ਸਾਥੀਆਂ ਨੇ ਇਸ ਤੋਂ ਵੀ ਅਗਾਂਹ ਵਧਦੇ ਹੋਏ ਮਾਨਸਿਕ ਰੋਗਾਂ ਦੇ ਹੱਲ ਲਈ ਥਾਂ-ਥਾਂ ਤੇ ਕੇਂਦਰ ਬਣਾ ਲਏ।

ਜਿਵੇਂ ਹੁੰਦਾ ਹੀ ਹੈ ਜਦੋਂ ਵੀ ਕੋਈ ਸੰਸਥਾ ਸਥਾਪਤ ਹੁੰਦੀ ਹੈ ਤਾਂ ਉਸ ਵਿੱਚ ਕੁਝ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀ ਵੀ ਆ ਜਾਂਦੇ ਹਨ। ਫਿਰ ਉਹ ਅਜਿਹੀਆਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੰਦੇ ਹਨ ਕਿ ਕਿਵੇਂ ਇਸ ਸੰਸਥਾ ਦੀ ਲੀਡਰਸ਼ਿਪ ਤੇ ਕਾਬਜ਼ ਹੋਇਆ ਜਾਵੇ? ਸਾਡੀ ਸੰਸਥਾ ਵਿਚ ਵੀ ਅਜਿਹੇ ਵਿਅਕਤੀ ਘੁਸਪੈਠ ਕਰ ਗਏ। ਕਿਤਾਬਾਂ ਲਿਖਣ ਪੜ੍ਹਨ ਦੇ ਕਿਸੇ ਕੰਮ ਵਿੱਚ ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਸੀ ਤੇ ਉਹਨਾਂ ਦਾ ਇੱਕੋ ਇੱਕ ਨਿਸ਼ਾਨਾਂ ਯੋਗਦਾਨ ਵਾਲੇ ਵਿਅਕਤੀਆਂ ਨੂੰ ਪਿਛਾਂਹ ਕਰਕੇ ਸੰਸਥਾ ਤੇ ਕਾਬਜ਼ ਹੋਣਾ ਸੀ। ਉਹਨਾਂ ਨੇ ਡਾਕਟਰ ਕੋਵੂਰ ਦੀਆਂ ਲਿਖੀਆਂ ਕਿਤਾਬਾਂ ਦੇ ਉਹਨਾਂ ਅਨੁਵਾਦਾਂ ਤੋਂ ਸਾਡੇ ਨਾਂ ਹੀ ਗਾਇਬ ਕਰ ਦਿੱਤੇ ਅਤੇ ਆਪਣੇ ਨਾਂ ਉਹਨਾਂ ਕਿਤਾਬਾਂ ਤੇ ਕਿਸੇ ਨਾ ਕਿਸੇ ਰੂਪ ਵਿੱਚ ਦਰਜ ਕਰ ਦਿੱਤੇ।

ਮੈਨੂੰ ਯਾਦ ਹੈ ਕਿ ਰੈਸ਼ਨਲਿਸਟ ਸੁਸਾਇਟੀ ਦੀ ਬਾਕਾਇਦਾ ਪਹਿਲੀ ਮੀਟਿੰਗ ਤਿੰਨ ਜੂਨ ਉਨੀ ਸੌ ਚੁਰਾਸੀ ਨੂੰ ਮੇਰੇ ਘਰ ਜੋ ਉਸ ਸਮੇਂ ਕੱਚਾ ਕਾਲਜ ਰੋਡ ਦੀ ਗਿਆਰਾਂ ਨੰਬਰ ਗਲੀ ਵਿਚ ਸੀ ਹੋ ਰਹੀ ਸੀ। ਪੰਜਾਬ ਵਿੱਚ ਉਸੇ ਦਿਨ ਕਰਫ਼ਿਊ ਲਾ ਦਿੱਤਾ ਗਿਆ ਤੇ ਸਿੱਟੇ ਵਜੋਂ ਸਾਨੂੰ ਇਹ ਮੀਟਿੰਗ ਵੀ ਵਿਚਕਾਰ ਹੀ ਛੱਡਣੀ ਪਈ। ਇਸ ਲਹਿਰ ਦੀ ਖੂਬੀ ਇਹ ਹੈ ਕਿ ਇਸ ਨੇ ਜਿੰਨਾ ਵੀ ਕੰਮ ਕੀਤਾ ਹੈ ਉਹ ਲੋਕਾਂ ਨੂੰ ਕੇਂਦਰਤ ਕਰਕੇ ਹੀ ਕੀਤਾ ਹੈ ਅਤੇ ਇਸ ਦੇ ਨਾਲ ਹੀ ਇਸ ਸੰਸਥਾ ਨੇ ਅਮਲੀ ਤੇ ਸਿਧਾਂਤਕ ਕੰਮਾਂ ਦੇ ਸੁਮੇਲ ਵੀ ਕਰ ਵਿਖਾਇਆ ਹੈ।

1984 ਤੋਂ ਬਾਅਦ ਅੱਜ ਤੱਕ ਸਭ ਤੋਂ ਵੱਧ ਹੋਈ ਤਰਕਸ਼ੀਲ ਸਾਹਿਤ ਦੀ ਵਿੱਕਰੀ, ਇਸ ਸਚਾਈ ਨੂੰ ਵੀ ਸਾਬਤ ਕਰਦੀ ਹੈ ਕਿ ਲਹਿਰਾਂ ਅਤੇ ਸਾਹਿਤ ਦਾ ਸਬੰਧ ਮਾਂ-ਪੁੱਤ ਵਾਲਾ ਹੁੰਦਾ ਹੈ ਕਿ ਭਾਵ ਲਹਿਰਾਂ, ਸਾਹਿਤ ਦੀ ਰਚਨਾ ਕਰਦੀਆਂ ਹਨ ਤੇ ਸਾਹਿਤ ਲਹਿਰਾਂ ਦਾ ਘੇਰਾ ਵਿਸ਼ਾਲ ਕਰਦਾ ਹੈ। ਟੁੱਟਾਂ ਫੱੁਟਾਂ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਅੱਜ ਵੀ ਤਰਕਸ਼ੀਲ ਲਹਿਰ ਪੰਜਾਬ ਦੇ ਹਰ ਪਿੰਡ ਤੱਕ ਆਪਣਾ ਪ੍ਰਚਾਰ ਤੇ ਪਸਾਰ ਪੁਚਾ ਚੁੱਕੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਸੱਚ ਦੀ ਕਸੌਟੀ ਤੇ ਉਸਰੀ ਸੀਮਤ ਵਸੀਲਿਆਂ ਵਾਲੀ ਇਸ ਲਹਿਰ ਨੇ ਅਰਬਾਂ ਦੇ ਬੱਜਟ ਵਾਲੀਆਂ ਰੂੜੀਵਾਦੀ ਸੰਸਥਾਵਾਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ।

ਤਰਕਸ਼ੀਲ ਰੱਬ ਵਿਰੋਧੀ ਨਹੀਂ ਹਨ

ਮੇਘ ਰਾਜ ਮਿੱਤਰ (+91 98887 87440)
ਅਸੀਂ ਤਰਕਸ਼ੀਲ ਰੱਬ ਦੇ ਵਿਰੋਧੀ ਨਹੀਂ ਹਾਂ। ਵਿਰੋਧ ਤਾਂ ਉਸ ਵਰਤਾਰੇ ਦਾ ਹੀ ਹੋ ਸਕਦਾ ਹੈ ਜਿਸਦੀ ਕੋਈ ਹੋਂਦ ਹੋਵੇ, ਹscienceਵਾ ਵਿਚ ਤਲਵਾਰਾਂ ਚਲਾਉਣ ਦਾ ਕੀ ਫ਼ਾਇਦਾ। ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਰੱਬ ਦੀ ਹੋਂਦ ਹੋਵੇ ਤੇ ਅਸੀਂ ਉਸ ਨੂੰ ਮਿਲ ਸਕਦੇ ਹੋਈਏ। ਅਸੀਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਦੱਸਣਾ ਚਾਹੁੰਦੇ ਹਾਂ ਕਿ ‘‘ਤੇਰੀ ਅਗਵਾਈ ਵਿਚ ਸਾਡੇ ਦੇਸ਼ ਦੇ ਸਤੱਤਰ ਪ੍ਰਤੀਸ਼ਤ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਜ਼ਿੰਦਗੀ ਨੂੰ ਘੜੀਸ ਰਹੇ ਹਨ। ਇਸੇ ਤਰ੍ਹਾਂ ਅਸੀਂ ਸਮੁੱਚੇ ਸੰਸਾਰ ਨੂੰ ਚਲਾਉਣ ਵਾਲੀ ਉਸ ਤਾਕਤ ਜਾਂ ਸਰਬ ਸ਼ਕਤੀਮਾਨ ਦੇ ਦਰਸ਼ਨ ਕਰਕੇ ਉਸ ਅੱਗੇ ਇਸ ਧਰਤੀ ਦੀਆਂ ਢੇਰ ਸਾਰੀਆਂ ਸਮੱਸਿਆਵਾਂ ਪੇਸ਼ ਕਰਨਾ ਚਾਹੁੰਦੇ ਹਾਂ ਪਰ ਸਾਡੀ ਪੱਚੀ ਵਰ੍ਹਿਆਂ ਦੀ ਖੋਜ ਪੜਤਾਲ ਦਰਸਾ ਰਹੀ ਹੈ ਕਿ ਉਸਦੀ ਕੋਈ ਹੋਂਦ ਹੀ ਨਹੀਂ।
ਅਸੀਂ ਲੱਖਾਂ ਵਿਅਕਤੀਆਂ, ਪੁਜਾਰੀਆਂ ਜਾਂ ਪੌਪਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਕਿਸੇ ਅਜਿਹੇ ਵਿਅਕਤੀ ਨੂੰ ਮਿਲਾ ਦੇਣ ਜਿਹੜਾ ਰੱਬ ਨੂੰ ਮਿਲ ਕੇ ਆਇਆ ਹੋਵੇ। ਪਰ ਅਫ਼ਸੋਸ ਕਿ ਸਾਡੀ ਹੁਣ ਤੱਕ ਦੀ ਖੋਜ ਕਿਸੇ ਅਜਿਹੇ ਵਿਅਕਤੀ ਦੀ ਭਾਲ ਨਹੀਂ ਕਰ ਸਕੀ।
ਅਸੀਂ ਉਨ੍ਹਾਂ ਵਿਅਕਤੀਆਂ ਨੂੰ ਮਿਲੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅੱਧਾ-ਅੱਧਾ ਦਹਾਕਾ ਉਸਦੀ ‘ਬੰਦਗੀ’ ਵਿਚ ਲਾਇਆ ਹੈ ਪਰ ਅਜੇ ਤੱਕ ਉਸਦੇ ਦਰਸ਼ਨ ਉਨ੍ਹਾਂ ਨੂੰ ਵੀ ਨਹੀਂ ਹੋਏ।
ਜਦੋਂ ਅਸੀਂ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਨਾਲ ਰੱਬ ਬਾਰੇ ਗੱਲ ਕਰਦੇ ਹਾਂ ਤਾਂ ਸਭ ਧਰਮ ਉਸਦੀ ਦਿੱਖ, ਸਿੱਖਿਆਵਾਂ, ਪ੍ਰੰਪਰਾਵਾਂ, ਰਿਹਾਇਸ਼ ਬਾਰੇ ਆਪਾ ਵਿਰੋਧੀ ਵਿਚਾਰ ਅਤੇ ਵੇਰਵੇ ਦੱਸਦੇ ਹਨ। ਜੇ ਉਹ ਹੋਵੇ ਤਾਂ ਘੱਟੋ-ਘੱਟ ਉਸਦੀ ਦਿੱਖ ਬਾਰੇ ਤਾਂ ਉਨ੍ਹਾਂ ਦੇ ਵਿਚਾਰ ਇੱਕੋ ਹੀ ਹੋਣ।
ਕੁੱਝ ਤਾਂ ਕਹਿੰਦੇ ਨੇ ਕਿ ਮਨੁੱਖਾਂ ਦੀਆਂ ਬਲੀਆਂ ਨਾਲ, ਕੁੱਝ ਦਾ ਦਾਅਵਾ ਹੈ ਕਿ ਜਾਨਵਰਾਂ ਦੀਆਂ ਕੁਰਬਾਨੀਆਂ ਨਾਲ, ਕੁੱਝ ਕਹਿੰਦੇ ਹਨ ਕਿ ਉਸਦਾ ਨਾਮ ਵਾਰ-ਵਾਰ ਦੁਹਰਾਉਣ ਨਾਲ ਉਸਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸਾਡੇ ਭਾਰਤ ਵਿਚ ਦੁਨੀਆਂ ’ਚੋਂ ਸਾਰੇ ਦੇਸ਼ਾਂ ਨਾਲੋਂ ਵਧੇਰੇ ਅਧਿਆਤਮਵਾਦੀ ਲੋਕ ਰਹਿੰਦੇ ਹਨ। ਸਭ ਤੋਂ ਵੱਧ ਮੰਦਰ, ਸਭ ਤੋਂ ਵੱਧ ਦੇਵਤੇ ਅਤੇ ਸਭ ਤੋਂ ਵੱਧ ਪਾਠ ਪੂਜਾ ਇੱਥੇ ਹੀ ਹੁੰਦੀ ਹੈ। ਪਰ ਜੇ ਇਸਦਾ ਦੂਜਾ ਪਾਸਾ ਵੇਖੀਏ ਤਾਂ ਸਭ ਤੋਂ ਵੱਧ ਦੁਰਘਟਨਾਵਾਂ, ਸਭ ਤੋਂ ਵੱਧ ਬੇਈਮਾਨੀ, ਸਭ ਤੋਂ ਵੱਧ ਝੂਠ, ਸਭ ਤੋਂ ਵੱਧ ਬੀਮਾਰੀਆਂ ਵੀ ਇੱਥੇ ਹੀ ਹਨ। ਜਿਸਦਾ ਸਿੱਧਾ ਜਿਹਾ ਮਤਲਬ ਹੈ ਕਿ ਇਨ੍ਹਾਂ ਸਭ ਬੁਰਾਈਆਂ ਦਾ ਸਿੱਧਾ ਸਬੰਧ ਪ੍ਰਮਾਤਮਾ ਤੇ ਧਰਮ ਨਾਲ ਜਾ ਜੁੜਦਾ ਹੈ।
ਕਿਉਕਿ ਧਰਮ ਤੇ ਰੱਬ ਦਾ ਵਿਸ਼ਵਾਸ ਜਦੋਂ ਕਿਸੇ ਦਿਮਾਗ਼ ਵਿਚ ਘਰ ਕਰ ਲੈਂਦਾ ਹੈ ਤਾਂ ਉਸਨੂੰ ਆਪਣੇ ਆਲੇ-ਦੁਆਲੇ ਦੀ ਸੁੱਧ ਹੀ ਨਹੀਂ ਰਹਿੰਦੀ। ਇਸ ਲਈ ਤਾਂ ਦੁਰਘਟਨਾਵਾਂ, ਖਾਣ-ਪੀਣ ਵਿਚ ਅਣਗਹਿਲੀਆਂ ਕਾਰਨ ਬੀਮਾਰੀਆਂ, ਭਗਤੀ ਵਿਚ ਲੀਨਾਂ ਤੋਂ ਰਿਸ਼ਵਤਖੋਰੀਆਂ ਅਤੇ ਡਿਊਟੀ ਵਿਚ ਲਾਪ੍ਰਵਾਹੀਆਂ ਵਾਪਰਦੀਆਂ ਹੀ ਰਹਿੰਦੀਆਂ ਹਨ। ਦਸਵਾਂ ਦਸੌਂਦ ਕੱਢਣ ਨਾਲ ‘ਬਖ਼ਸ਼ਣਹਾਰ’ ਸਾਰੀਆਂ ਭੁੱਲਾਂ ਬਖ਼ਸ਼ਾ ਜੋ ਦਿੰਦਾ ਹੈ।
ਕੁੱਝ ਵਿਅਕਤੀ ਕਹਿੰਦੇ ਹਨ ਕਿ ਤਰਕਸ਼ੀਲ ਲੋਕਾਂ ਨੂੰ ਹਨੇਰੇ ਦੇ ਜੰਗਲਾਂ ਵੱਲ ਲਿਜਾ ਰਹੇ ਹਨ, ਜਿਵੇਂ ਪਹਿਲਾਂ ਤਾਂ ਲੋਕ ਬਹੁਤ ਵੱਡੇ ਚਾਨਣ ਵਿਚ ਹੋਣ। ਅਸਲ ਵਿੱਚ ਸਾਡੇ ਸਿਆਸਤਦਾਨਾਂ ਨੇ ਰੱਬ ਤੇ ਧਰਮ ਦੇ ਨਾਂ ਦਾ ਇਸਤੇਮਾਲ ਕਰਕੇ ਇੱਥੋਂ ਦੇ ਲੋਕਾਂ ਦੀ ਮੱਤ ਮਾਰੀ ਹੋਈ ਹੈ। ਇਸ ਲਈ ਹੀ ਇੱਥੇ ਅਮੀਰਾਂ-ਗਰੀਬਾਂ ਵਿੱਚ ਵੱਡਾ ਖੱਪਾ ਹੈ। ਇੱਕ ਦੀ ਰੋਜ਼ ਦੀ ਕਮਾਈ ਅਰਬਾਂ ਵਿੱਚ ਹੈ ਤੇ ਇੱਕ ਨੂੰ ਹਰ ਰੋਜ਼ ਦਸ ਰੁਪਏ ਵੀ ਨਸੀਬ ਨਹੀਂ ਹੁੰਦੇ, ਫਿਰ ਕੀ ਇੱਥੇ ਅਮਨ ਅਮਾਨ ਰਹਿ ਸਕਦਾ ਹੈ?
ਇੱਥੋਂ ਦੀ ਗੰਦੀ ਤੋਂ ਗੰਦੀ ਸਿਆਸਤ ਇੱਥੋਂ ਦੇ ਧਾਰਮਿਕ ਸਥਾਨਾਂ ਤੋਂ ਪੈਦਾ ਹੁੰਦੀ ਹੈ ਫਿਰ ਕੀ ਅਸੀਂ ਇੱਥੋਂ ਦੇ ਧਾਰਮਿਕ ਸਥਾਨਾਂ ਨੂੰ ਚਾਨਣ ਦੇ ਸੂਰਜ ਸਮਝ ਲਈਏ। ਅਸੀਂ ਲੱਖਾਂ ਲੋਕਾਂ ਤੋਂ ਇਹ ਜਾਨਣਾ ਚਾਹਿਆ ਹੈ ਕਿ ਜੇ ਤੁਹਾਡੇ ਕੋਲ ਚਾਰ ਵਸਤੂਆਂ ਪਵਿੱਤਰ ਗ੍ਰੰਥ, ਪਵਿੱਤਰ ਅਸਥਾਨ, ਪਵਿੱਤਰ ਮੂਰਤੀਆਂ ਅਤੇ ਮਨੁੱਖ ਹੋਣ ਤਾਂ ਤੁਸੀਂ ਪਹਿਲ ਕਿਸ ਨੂੰ ਦੇਵੋਗੇ। 99 ਪ੍ਰਤੀਸ਼ਤ ਦਾ ਜੁਆਬ ਹੁੰਦਾ ਹੈ ਕਿ ਅਸੀਂ ਮਨੁੱਖਤਾ ਨੂੰ ਪਹਿਲ ਦੇਵਾਂਗੇ। ਜੇ ਅਸੀਂ ਉਨ੍ਹਾਂ ਤੋਂ ਪੁੱਛਦੇ ਹਾਂ ਕਿ ਪਹਿਲੀਆਂ ਤਿੰਨ ਚੀਜ਼ਾਂ ਦੀ ਸਿਰਜਣਾ ਕਿਸ ਨੇ ਕੀਤੀ ਹੈ ਤਾਂ ਸਭ ਦਾ ਜੁਆਬ ਹੁੰਦਾ ਹੈ ਕਿ ‘ਮਨੁੱਖ ਨੇ’।
ਸੋ ਅਸੀਂ ਤਰਕਸ਼ੀਲ ਮਨੁੱਖਤਾ ਨੂੰ ਮੰਨਦੇ ਹਾਂ। ਪਰ ਅਧਿਆਤਮਵਾਦੀ ਲੋਕਾਂ ਦੀ ਤਰਜੀਹ ਪਹਿਲੀਆਂ ਤਿੰਨ ਚੀਜ਼ਾਂ ਵਿੱਚੋਂ ਕੋਈ ਇੱਕ, ਦੋ ਜਾਂ ਤਿੰਨੇ ਹੁੰਦੀਆਂ ਹਨ ਅਤੇ ਜੇ ਲੋੜ ਪਵੇ ਤਾਂ ਪਹਿਲੀਆਂ ਤਿੰਨ ਚੀਜ਼ਾਂ ਦੀ ਖਾਤਰ ਮਨੁੱਖਤਾ ਦਾ ਘਾਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਗੱਲ ਦੀਆਂ ਉਦਾਹਰਣਾਂ ਨਾਲ ਮਾਨਵਤਾ ਦਾ ਸਮੁੱਚਾ ਇਤਿਹਾਸ ਭਰਿਆ ਪਿਆ ਹੈ। ਦੁਨੀਆਂ ਦੀਆਂ ਦੋ ਤਿਹਾਈ ਜੰਗਾਂ ਧਰਮ ਦੇ ਨਾਂ ਤੇ ਲੜੀਆਂ ਗਈਆਂ ਹਨ।
1947 ਵਿਚ ਭਾਰਤ ਦੇ ਦਸ ਲੱਖ ਲੋਕ, ਅੱਸੀਵਿਆਂ ਦੇ ਦਹਾਕੇ ਵਿਚ ਪੰਜਾਬ ਵਿੱਚ ਏ. ਕੇ. ਸੰਤਾਲੀਆਂ ਨਾਲ ਤੀਹ ਹਜ਼ਾਰ ਲੋਕ, 1984 ਵਿੱਚ ਦਿੱਲੀ ਵਿਚ ਤਿੰਨ ਹਜ਼ਾਰ ਮਨੁੱਖ ਗਲਾਂ ਵਿਚ ਟਾਇਰ ਪਾ ਕੇ ਫੂਕ ਦਿੱਤੇ ਗਏ ਅਤੇ ਗੋਧਰਾ ਵਿਚ ਅੱਜ ਵੀ ਧਰਮ ਦੇ ਨਾਂ ਤੇ ਆਦਮ-ਬੋ, ਆਦਮ-ਬੋ ਹੋ ਰਹੀ ਹੈ। ਸੋ ਅਸੀਂ ਇਨ੍ਹਾਂ ਮਨੁੱਖ ਖਾਣੇ ਧਰਮਾਂ ਵਿਚ ਬਿਲਕੁੱਲ ਯਕੀਨ ਨਹੀਂ ਰੱਖਦੇ। ਉਂਝ ਵੀ ਇਹ ਧਰਮ, ਜਾਤ-ਪਾਤ ਪੈਦਾ ਕਰਕੇ ਮਨੁੱਖਾਂ ਵਿੱਚ ਵੰਡੀਆਂ ਪਾਉਦੇ ਹਨ ਅਤੇ ਲੋਟੂ ਲੋਕਾਂ ਦੀਆਂ ਸਿਆਸਤਾਂ ਨੂੰ ਪਕੇਰਾ ਕਰਦੇ ਹਨ।
ਰਹੀ ਗੱਲ ਸਮਾਜ ਵਿਚ ਚੰਗੇ ਰਿਸ਼ਤਿਆਂ ਦੀ ਕੀ ਅਧਿਆਤਮਕਤਾ ਜਾਂ ਧਰਮ ਇਹ ਪੈਦਾ ਕਰਦਾ ਹੈ। ਸ਼ਾਇਦ ਦੁਨੀਆਂ ਵਿਚ ਸਭ ਤੋਂ ਵੱਧ ਅਧਿਆਤਮਵਾਦੀ ਪ੍ਰੀਵਾਰ ਨੇਪਾਲ ਦਾ ਸ਼ਾਹੀ ਘਰਾਣਾ ਹੈ। ਜੋ ਆਪਣੇ ਆਪ ਨੂੰ ਹਿੰਦੂਆਂ ਦੇ ਦੇਸ਼ ਦਾ ਮੁਖੀ ਅਖਵਾਉਦਾ ਹੈ। ਘਰ ਦੇ ਹੀ ਇੱਕ ਨੌਜਵਾਨ ਹੱਥੋਂ ਫਾਇਰਿੰਗ ਹੋ ਕੇ ਮਰੇ ਸੱਤ ਜੀਆਂ ਵਾਲੇ ਇਸ ਪ੍ਰੀਵਾਰ ਦਾ ਹਸ਼ਰ ਕਿਸ ਤੋਂ ਭੁੱਲਿਆ ਹੈ? ਇੱਥੋਂ ਦੇ ਸਾਧ ਸੰਤ ਸਭ ਤੋਂ ਵੱਧ ਧਾਰਮਿਕ ਅਖਵਾਉਦੇ ਹਨ ਤੇ ਸਭ ਤੋਂ ਵੱਧ ਬਲਾਤਕਾਰੀ ਵੀ ਇਹ ਹੀ ਹੁੰਦੇ ਨੇ। ਹਜ਼ਾਰਾਂ ਹੀ ਮੰਦਰਾਂ, ਮਸਜਿਦਾਂ, ਗਿਰਜ਼ਿਆਂ ਦੀਆਂ ਉਦਾਹਰਣਾਂ ਗਿਣਾਈਆਂ ਜਾ ਸਕਦੀਆਂ ਹਨ, ਜਿੱਥੇ ਬਾਲੜੀਆਂ ਨਾਲ ਬਲਾਤਕਾਰ ਹੁੰਦੇ ਰਹੇ ਨੇ। ਪਰ ਤਰਕਸ਼ੀਲਾਂ ਦਾ ਪੱਚੀ ਵਰ੍ਹਿਆਂ ਦਾ ਇਤਿਹਾਸ ਦਰਸਾਉਦਾ ਹੈ ਕਿ ਹਜ਼ਾਰਾਂ ਤਰਕਸ਼ੀਲਾਂ ਵਿੱਚੋਂ ਇੱਕ ਵੀ ਤਰਕਸ਼ੀਲ ਇਸ ਚਿੱਕੜ ਵਿਚ ਨਹੀਂ ਲਿਬੜਿਆ। ਅਜਿਹਾ ਕਿਉ ਵਾਪਰਿਆ ਇੱਥੇ ਵੀ ਗੱਲ ਬੰਦ ਦਿਮਾਗ਼ਾਂ ਤੇ ਖੁੱਲ੍ਹੇ ਦਿਮਾਗ਼ਾਂ ਦੀ ਹੈ। ਅਕਸਰ ਹੀ ਇਹ ਵੇਖਿਆ ਗਿਆ ਹੈ ਕਿ ਬੰਦ ਦਿਮਾਗ਼ ਖੁੱਲ੍ਹੇ ਦਿਮਾਗ਼ਾਂ ਨਾਲੋਂ ਗ਼ਲਤੀਆਂ ਕਰਨ ਵਿਚ ਅੱਗੇ ਹੁੰਦੇ ਹਨ।
ਹਰ ਤਰਕਸ਼ੀਲ ਆਪਣੀ ਸੰਤਾਨ ਵਿਚ ‘ਕੀ ਕਿਉ ਤੇ ਕਿਵੇਂ’ ਦੀ ਆਦਤ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਾਰ-ਵਾਰ ਅਜਿਹਾ ਕਰਨ ਨਾਲ ਬੱਚਿਆਂ ਦੇ ਮਨ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ। ਇਸ ਸੰਘਰਸ਼ ਵਿੱਚੋਂ ਕਾਮਯਾਬ ਹੋਣ ਲਈ ਦੂਸਰਿਆਂ ਨਾਲੋਂ ਆਪਣੇ ਆਪ ਨੂੰ ਬੇਹਤਰ ਕਰਨਾ ਹੀ ਹੋਵੇਗਾ। ਕਿਸਮਤ ਜਾਂ ਕਰਮਾਂ ਦਾ ਫਲ ਆਦਿ ਸ਼ਬਦ ਉਨ੍ਹਾਂ ਦੀ ਡਿਕਸ਼ਨਰੀ ਵਿਚ ਨਹੀਂ ਹੁੰਦੇ। ਇਸ ਲਈ ਪ੍ਰਾਪਤੀਆਂ ਲਈ ਮਿਹਨਤ, ਯੋਜਨਾਬੰਦੀ ਆਦਿ ਹਥਿਆਰਾਂ ਦੀ ਵਰਤੋਂ ਕਰਨਾ ਉਨ੍ਹਾਂ ਦੀ ਮਜ਼ਬੂਰੀ ਹੁੰਦੀ ਹੈ। ਉਹ ਬੱਚਿਆਂ ਨੂੰ ਲਾਈਲੱਗ ਜਾਂ ਜ਼ਬਰੀ ਆਗਿਆਕਾਰੀ ਨਹੀਂ ਬਣਾਉਦੇ ਸਗੋਂ ਹਰ ਗੱਲ ਨੂੰ ਜਾਇਜ਼ ਜਾਂ ਨਜ਼ਾਇਜ ਦੀ ਕਸੌਟੀ ਤੇ ਪ੍ਰਖਣ ਲਈ ਕਹਿੰਦੇ ਹਨ। ਮਨੁੱਖੀ ਰਿਸ਼ਤੇ ਇਸ ਤਰ੍ਹਾਂ ਹੀ ਦਿ੍ਰੜ ਤੇ ਸਦੀਵੀ ਹੁੰਦੇ ਨੇ ਲਾਈਲੱਗਤਾ ਨਾਲ ਨਹੀਂ।
ਤਰਕਸ਼ੀਲਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਧਰਮ ਤੇ ਰੱਬ ਪੂਰੇ ਸੰਸਾਰ ਵਿਚ ਫੈਲੇ ਇਕ ਸਭ ਤੋਂ ਵੱਡੇ ਵਿਉਪਾਰ ਦਾ ਆਧਾਰ ਹਨ। ਕੀ ਸੰਸਾਰ ਵਿਚ ਅਜਿਹਾ ਇਕ ਵੀ ਵਿਅਕਤੀ ਹੈ ਜਿਸਦਾ ਕਿਸੇ ਧਾਰਮਿਕ ਸਥਾਨ ਤੇ ਚੜ੍ਹਾਇਆ ਹੋਇਆ ਇੱਕ ਵੀ ਪੈਸਾ ਕਿਸੇ ਰੱਬ ਕੋਲ ਗਿਆ ਹੋਵੇ। ਇੱਥੇ ਮੈਂ ਸਿੱਧ ਕਰ ਸਕਦਾ ਹਾਂ ਕਿ 99% ਲੋਕਾਂ ਦੇ ਦਾਨ ਵਿੱਚ ਦਿੱਤੇ ਪੈਸੇ ਰੱਬ ਦੇ ਏਜੰਟਾਂ ਕੋਲ ਜਾ ਪੁੱਜਦੇ ਹਨ।
ਅੱਜ ਤੋਂ ਦੋ ਸੌ ਸਾਲ ਪਹਿਲਾਂ ਜੇ ਕਿਸੇ ਵਿਅਕਤੀ ਤੋਂ ਇਹ ਪੁੱਛਿਆ ਜਾਂਦਾ ਸੀ ਕਿ ਮੀਂਹ ਕਿਵੇਂ ਪੈਂਦਾ ਹੈ ਤਾਂ ਉਸਦਾ ਜੁਆਬ ਹੁੰਦਾ ਸੀ ਕਿ ਮੀਂਹ ਤਾਂ ਇੰਦਰ ਦੇਵਤਾ ਪਾਉਦਾ ਹੈ। ਪਰ ਅੱਜ ਜੇ ਇਹ ਸੁਆਲ ਕਿਸੇ ਤੀਸਰੀ ਜਮਾਤ ਦੇ ਵਿਦਿਆਰਥੀ ਨੂੰ ਵੀ ਪੁੱਛਿਆ ਜਾਵੇ ਤਾਂ ਉਸਦਾ ਜੁਆਬ ਹੋਵੇਗਾ ਕਿ ਸਮੁੰਦਰ ਦਾ ਪਾਣੀ ਵਾਸਪੀਕਰਨ ਰਾਹੀਂ ਉੱਤੇ ਜਾਂਦਾ ਹੈ ਤੇ ਹੌਲੀ-ਹੌਲੀ ਪ੍ਰਕਿਰਤਕ ਨਿਯਮਾਂ ਅਧੀਨ ਬੱਦਲਾਂ ਦੇ ਰੂਪ ਵਿੱਚ ਇਕੱਠਾ ਹੋ ਕੇ ਵਰ੍ਹ ਪੈਂਦਾ ਹੈ।
ਇਸ ਲਈ ਗਿਆਨ ਦੀ ਪ੍ਰਾਪਤੀ ਆਪਣੇ ਆਪ ਬਹੁਤ ਸਾਰੀਆਂ ਗੁੰਝਲਾਂ ਨੂੰ ਸੁਲਝਾ ਦਿੰਦੀ ਹੈ। ਬ੍ਰਹਿਮੰਡ ਦੀ ਵਿਸ਼ਾਲ ਜਾਣਕਾਰੀ ਨੇ ਰੱਬ ਨਾਂ ਦੀ ਗੁੰਝਲਦਾਰ ਬੁਝਾਰਤ ਨੂੰ ਹੱਲ ਕਰ ਦਿੱਤਾ ਹੈ। ਸੋ ਰੱਬ ਦੀ ਕੋਈ ਹੋਂਦ ਨਹੀਂ ਤੇ ਪ੍ਰਾਕਿਰਤੀ, ਪ੍ਰਾਕਿਰਤਕ ਨਿਯਮਾਂ ਅਧੀਨ ਸਵੈ-ਚਾਲਤ ਹੈ ਅਤੇ ਪ੍ਰਾਕਿਰਤਕ ਨਿਯਮ ਸਦਾ ਸਨ ਤੇ ਸਦਾ ਰਹਿਣਗੇ।
ਕੁੱਝ ਲੋਕ ਮਿੱਥਾਂ ਅਤੇ ਵਹਿਮਾਂ ਭਰਮਾਂ ਨੂੰ ਰਲਗੱਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਹਨ। ਅਸਲ ਵਿਚ ਸਾਡਾ ਸਮੁੱਚਾ ਇਤਿਹਾਸ ਮਿੱਥਾਂ ਜਾਂ ਦੰਦ ਕਥਾਵਾਂ ਨਾਲ ਭਰਿਆ ਪਿਆ ਹੈ। ਭਾਵੇਂ ਇਹ ਹਕੀਕੀ ਨਹੀਂ ਪਰ ਇਹ ਸਾਡੇ ਪੁਰਖਿਆਂ ਦੀਆਂ ਹੰਝੂਆਂ ਤੇ ਹਾਸਿਆਂ ਦੀ ਦਾਸਤਾਨ ਹਨ। ਅੱਜ ਦੇ ਯੁੱਗ ਦਾ 99% ਸਾਹਿਤ ਕਲਪਨਾ ਤੇ ਆਧਾਰਤ ਹੈ। ਪਰ ਸਾਡੇ ਦੇਸ਼ ਦੇ ਲੋਕ ਤਾਂ ਐਨੇ ਪਛੜੇ ਹੋਏ ਹਨ ਕਿ ਉਹ ਕਲਪਨਾ ਦੇ ਆਧਾਰ ਤੇ ਲਿਖੇ ਹੋਏ ਇਨ੍ਹਾਂ ਘਟਨਾ ਕਰਮਾਂ ਨੂੰ ਹੀ ਹਕੀਕੀ ਸਮਝੀ ਜਾ ਰਹੇ ਹਨ। ਸੋ ਅਸੀਂ ਤਰਕਸ਼ੀਲ ਪਰੀ ਕਹਾਣੀਆਂ ਦੇ ਵਿਰੁੱਧ ਨਹੀਂ ਹਾਂ, ਅਸੀਂ ਵਹਿਮਾਂ ਭਰਮਾਂ ਦੇ ਵਿਰੁੱਧ ਜ਼ਰੂਰ ਹਾਂ। ਕਿਉਕਿ ਵਹਿਮ ਭਰਮ ਅਨਪੜ੍ਹਤਾ ਜਾਂ ਅਗਿਆਨਤਾ ਕਾਰਨ ਪੈਦਾ ਹੁੰਦੇ ਅਤੇ ਦੁਰਦਸ਼ਾ ਦੀ ਮਾਂ ਬਣ ਬੈਠਦੇ ਹਨ। ਨਿੱਕੀ ਜਿਹੀ ਉਦਾਹਰਣ ਤੇਰਾਂ ਦੇ ਅੰਕਾਂ ਦੀ ਹੀ ਲੈ ਲਈਏ। ਜੇ ਕੋਈ ਅੰਧ-ਵਿਸ਼ਵਾਸੀ ਡ੍ਰਾਈਵਰ ਤੇਰਾਂ ਦੇ ਅੰਕ ਵਾਲੀ ਗੱਡੀ ਡ੍ਰਾਈਵ ਕਰਦਾ ਹੈ ਤੇ ਉਹ ਆਪਣੇ ਮਨ ਵਿਚ ਉਸ ਗੱਡੀ ਨੂੰ ਮਨਹੂਸ ਸਮਝ ਬੈਠਦਾ ਹੈ ਤੇ ਉਸਦੀ ਇਹ ਸੋਚ ਉਸਨੂੰ ਦੁਰਘਟਨਾਵਾਂ ਵੱਲ ਲੈ ਜਾਂਦੀ ਹੈ। ਬੈੱਡ ਨੰਬਰ ਤੇਰਾਂ ਜਾਂ ਕਮਰਾ ਨੰਬਰ ਤੇਰਾਂ ਵਿਚ ਦਾਖ਼ਲ ਮਰੀਜ਼ ਆਪਣੇ ਮਾਨਸਿਕ ਵਿਚਾਰਾਂ ਕਰਕੇ ਛੇਤੀ ਮੌਤ ਦੇ ਮੂੰਹ ਜਾ ਪੈਂਦੇ ਹਨ। ਇਸ ਲਈ ਸਾਨੂੰ ਮਿੱਥਾਂ ਤੇ ਵਹਿਮਾਂ-ਭਰਮਾਂ ਵਿਚ ਵਿੱਥ ਰੱਖਣੀ ਚਾਹੀਦੀ ਹੈ।
ਸੋ ਵਹਿਮਾਂ-ਭਰਮਾਂ ਨੂੰ ਨਕਾਰਦੇ ਹੋਏ, ਸਾਧਾ ਸੰਤਾਂ ਤੇ ਰੱਬ ਦੇ ਦਲਾਲਾਂ ਤੋਂ ਬਚਦੇ ਹੋਏ ਇੱਕ ਨਰੋਏ ਸਮਾਜ ਦੀ ਸਿਰਜਣਾ ਵਿਚ ਸਾਨੂੰ ਆਪਣਾ ਯੋਗਦਾਨ ਜਾਰੀ ਰੱਖਣਾ ਚਾਹੀਦਾ ਹੈ।