ਵਿਗਿਆਨਕ ਸੋਚ

ਮੇਘ ਰਾਜ ਮਿੱਤਰ (+91 98887 87440)

 ਆਪਣੇ ਲਈ, ਆਪਣੇ ਪ੍ਰੀਵਾਰ ਖ਼ਾਤਰ, ਆਪਣੇ ਲੋਕਾਂ ਵਾਸਤੇ ਅਤੇ ਸਮੁੱਚੀ ਧਰਤੀ ਦੇ ਵਸਨੀਕਾਂ ਲਈ ਵਧੀਆ ਸੁੱਖ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੀ ਜ਼ਿੰਦਗੀ ਹੈ। ਹੁਣ ਤੱਕ ਪ੍ਰਾਪਤ ਸੁਵਿਧਾਵਾਂ ਉਨ੍ਹਾਂ ਵਿਗਿਆਨਕਾਂ, ਫਿਲਾਸਫਰਾਂ, ਕਲਾਕਾਰਾਂ ਅਤੇ ਬੱੁਧੀਜੀਵੀਆਂ ਦੀ ਦੇਣ ਹਨ ਜਿਨ੍ਹਾਂ ਨੇ ਖੁਦ ਅੰਧਕਾਰਾਂ ਵਿੱਚ ਜੀਵਨ ਬਤੀਤ ਕਰਦੇ ਹੋਏ ਇਸ ਦੁਨੀਆਂ ਵਿੱਚ ਚਾਨਣ ਦੇ ਬੀਜ ਖਿਲਾਰੇ ਹਨ। ਜ਼ਿੰਦਗੀ ਜਿਉਣਾ ਇੱਕ ਕਲਾ ਹੈ। ਇਹ ਕਲਾ ਸਿਰਫ਼ ਉਹਨਾਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੋ ਸਕਦੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਵਿਗਿਆਨਕ ਸੋਚ ਨੂੰ ਅਪਣਾਇਆ ਹੈ। ਵਿਗਿਆਨਕ ਸੋਚ ਤੋਂ ਸੱਖਣੇ ਵਿਅਕਤੀ ਜ਼ਿੰਦਗੀ ਜਿਉਦੇ ਨਹੀਂ ਸਗੋਂ ਜ਼ਿੰਦਗੀ ਘੜੀਸਦੇ ਹਨ। ਆਓ ਵੇਖੀਏ ਕਿ ਇਹ ਵਿਗਿਆਨਕ ਸੋਚ ਹੈ ਕੀ?
ਜ਼ਿੰਦਗੀ ਦੇ ਰੋਜ਼ਾਨਾ ਕੰਮ ਧੰਦਿਆਂ ਨੂੰ ਕਰਦਿਆਂ ਪਰਖਾਂ, ਨਿਰੀਖਣਾਂ ਤੇ ਪ੍ਰਯੋਗਾਂ ਰਾਹੀਂ ਸੱਚ ਨੂੰ ਲੱਭਣਾ ਤੇ ਉਸਨੂੰ ਜ਼ਿੰਦਗੀ ਦੇ ਅਮਲ ਵਿੱਚ ਢਾਲਣਾ ਹੀ ਵਿਗਿਆਨਕ ਸੋਚ ਹੈ। ਉਦਾਹਰਣ ਦੇ ਤੌਰ ਤੇ ਕੋਈ ਵਿਅਕਤੀ ਬਾਲਟੀ ਵਿੱਚ ਪਾਣੀ ਦੀ ਟੂਟੀ ਵਿੱਚੋਂ ਪੈ ਰਹੇ ਪਾਣੀ ਦੀ ਆਵਾਜ਼ ਨੂੰ ਸੁਣ ਕੇ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਪਾਣੀ ਦੀ ਬਾਲਟੀ ਅਜੇ ਭਰੀ ਨਹੀਂ। ਹੁਣ ਉਹ ਇਸ ਨਿਰੀਖਣ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਕੇ ਆਵਾਜ਼ ਰਾਹੀਂ ਥੋੜ੍ਹੀ ਜਿਹੀ ਸੱਟ ਮਾਰ ਕੇ ਇਹ ਦੱਸ ਦਿੰਦਾ ਹੈ ਕਿ ਕੱਚ ਦਾ ਗਲਾਸ ਟੁੱਟਿਆ ਹੈ ਜਾਂ ਸਾਬਤ ਹੈ ਤੇ ਇਸ ਤੋਂ ਵੀ ਅੱਗੇ ਵਧਦਿਆਂ ਉਹ ਤੇਲ ਦੇ ਢੋਲਾਂ ਨੂੰ ਖੜਕਾ ਕੇ ਦੱਸ ਸਕਦਾ ਹੈ ਕਿ ਉਹ ਭਰੇ ਹਨ ਜਾਂ ਖਾਲੀ? ਹੌਲੀ-ਹੌਲੀ ਉਹ ਇਹ ਦੱਸਣ ਦੇ ਸਮਰੱਥ ਹੋ ਜਾਵੇਗਾ ਕਿ ਢੋਲ ਵਿੱਚ ਮੁਬਲੈਲ ਹੈ ਜਾਂ ਮਿੱਟੀ ਦਾ ਤੇਲ। ਇਸ ਤਰ੍ਹਾਂ ਇਹਨਾਂ ਪ੍ਰਯੋਗਾਂ, ਪ੍ਰੀਖਣਾਂ ਤੇ ਨਿਰੀਖਣਾਂ ਰਾਹੀਂ ਪ੍ਰਾਪਤ ਗਿਆਨ ਨੂੰ ਜੇ ਤਰਤੀਬ ਵਿਚ ਕਰ ਲਿਆ ਜਾਵੇ ਤਾਂ ਇਹ ਵਿਗਿਆਨ ਅਖਵਾਉਦਾ ਹੈ।
ਪਰ ਕਿਉਕਿ ਅਸੀਂ ਜ਼ਿੰਦਗੀ ਦੇ ਸਾਰੇ ਅਮਲਾਂ ਵਿੱਚ ਵਿਗਿਆਨਕ ਸੋਚ ਅਪਣਾਉਣ ਦੇ ਆਦੀ ਨਹੀਂ ਹੋਏ ਹੁੰਦੇ। ਇਸ ਲਈ ਅਸੀਂ ਬਹੁਤ ਸਾਰੇ ਪੱਖਾਂ ਤੋਂ ਅਸਫ਼ਲ ਹੋ ਜਾਂਦੇ ਹਾਂ। ਉਦਾਹਰਣ ਦੇ ਤੌਰ ਤੇ ਕੋਈ ਠੱਗ ਜੋਤਸ਼ੀ ਕਿਸੇ ਵਿਅਕਤੀ ਨੂੰ ਡਰਾ ਦਿੰਦਾ ਹੈ ਕਿ ‘‘ਇੱਕ ਸਾਲ ਦੇ ਅੰਦਰ ਤੇਰੀ ਮੌਤ ਹੋ ਜਾਣੀ ਹੈ।’’ ਹੁਣ ਉਹ ਵਿਅਕਤੀ ਇਹ ਨਹੀਂ ਸੋਚੇਗਾ ਕਿ ਜੋਤਸ਼ੀ ਨੂੰ ਇਸ ਗੱਲ ਦੀ ਜਾਣਕਾਰੀ ਕਿਵੇਂ ਹੋਈ? ਕੀ ਜੋਤਸ਼ੀ ਦੀ ਜਾਣਕਾਰੀ ਦਾ ਵਿਗਿਆਨ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜੇ ਉਸਨੂੰ ਕਿਸੇ ਲੈਬੋਰਟਰੀ ਨੇ ਖ਼ੂਨ ਟੈਸਟ ਕਰਕੇ ਇਹ ਦੱਸਿਆ ਹੁੰਦਾ ਕਿ ‘‘ਤੈਨੂੰ ਸ਼ੂਗਰ ਹੈ’’ ਤਾਂ ਉਸਨੇ ਲਾਜ਼ਮੀ ਹੀ ਇਸ ਦੀ ਪਰਖ ਕੁਝ ਹੋਰ ਲੈਬੋਰਟਰੀਆਂ ਤੋਂ ਕਰਵਾਉਣੀ ਸੀ ਤੇ ਉਸਨੂੰ ਆਪਣੀ ਸ਼ੂਗਰ ਦੇ ਲੇਬਲ ਬਾਰੇ ਪੂਰੀ ਜਾਣਕਾਰੀ ਹੋ ਜਾਣੀ ਸੀ। ਸੋ ਜੇ ਮੇਰੇ ਦੇਸ਼ ਦੇ ਲੋਕ ਕਿਸੇ ਵੀ ਘਟਨਾ ਦੀਆਂ ਕਈ-ਕਈ ਪਰਖਾਂ ਕਰਵਾਉਣੀਆਂ ਸ਼ੁਰੂ ਕਰ ਦੇਣ ਤਾਂ ਵੀ ਬਹੁਤ ਸਾਰੀਆਂ ਅਜਿਹੀਆਂ ਗੈਰ ਵਿਗਿਆਨਕ ਗੱਲਾਂ ਤੋਂ ਬਚਿਆ ਜਾ ਸਕਦਾ ਹੈ।
ਅਸੀਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਜਗ੍ਹਾ-ਜਗ੍ਹਾ ਇਹ ਹੋਕਾ ਦਿੰਦੇ ਫਿਰ ਰਹੇ ਹਾਂ ਕਿ ਤਰਕਸ਼ੀਲਾਂ ਦੇ ਪੰਜ ਕਿੰਤੂ ਹਨ ਇਹ ਹਨ ਕੀ, ਕਿਉ, ਕਿਵੇਂ, ਕਦੋਂ ਤੇ ਕਿੱਥੇ। ਜੇ ਸਾਡੀ ਲੋਕਾਈ ਇਹਨਾਂ ਕਿੰਤੂਆਂ ਨੂੰ ਜ਼ਿੰਦਗੀ ਦੇ ਅਮਲ ਵਿਚ ਸ਼ਾਮਿਲ ਕਰ ਲੈਂਦੀ ਹੈ ਤਾਂ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
ਆਪਣੀ ਜ਼ਿੰਦਗੀ ਦੇ ਅਮਲ ਵਿੱਚੋਂ ਅਸੀਂ ਇਹ ਗੱਲ ਵੀ ਸਿੱਖੀ ਹੈ ਕਿ ਸਮੁੱਚੀ ਧਰਤੀ ਉੱਪਰ ਵਾਪਰਨ ਵਾਲੀਆਂ ਸਾਰੀਆਂ ਘਟਨਾਵਾਂ ਪਿੱਛੇ ਕੋਈ ਨਾ ਕੋਈ ਵਿਗਿਆਨ ਦਾ ਨਿਯਮ ਹੁੰਦਾ ਹੈ। ਕੋਈ ਵੀ ਘਟਨਾ ਅਜਿਹੀ ਹੋ ਹੀ ਨਹੀਂ ਸਕਦੀ ਜਿਸ ਦੇ ਪਿੱਛੇ ਵਿਗਿਆਨਕ ਦਾ ਕੋਈ ਕਾਰਨ ਨਾ ਹੋਵੇ। ਇਹ ਹੋ ਸਕਦਾ ਹੈ ਕਿ ਕਿਸੇ ਘਟਨਾ ਵਾਪਰਨ ਦੇ ਨਿਯਮ ਦੀ ਸਾਨੂੰ ਜਾਣਕਾਰੀ ਨਾ ਹੋਵੇ। ਕਿਉਕਿ ਸਮੁੱਚੇ ਬ੍ਰਹਿਮੰਡ ਵਿੱਚ ਅਰਬਾਂ ਖ਼ਰਬਾਂ ਅਜਿਹੇ ਰਹੱਸ ਹਨ। ਜਿਨ੍ਹਾਂ ਬਾਰੇ ਅੱਜ ਦੇ ਵਿਗਿਆਨਕਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਕੁਝ ਸਦੀਆਂ ਪਹਿਲਾਂ ਦੇ ਬਹੁਤ ਸਾਰੇ ਰਹੱਸਾਂ ਤੋਂ ਅੱਜ ਪਰਦਾ ਉੱਠ ਚੁੱਕਿਆ ਹੈ। ਰਹਿੰਦੇ ਰਹੱਸਾਂ ਨੂੰ ਖੋਜਣ ਲਈ ਲੱਖਾਂ ਵਿਗਿਆਨਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸ ਸਦੀ ਵਿੱਚ ਵੀ ਬਹੁਤ ਸਾਰੇ ਰਹੱਸਾਂ ਦੇ ਪਰਦੇ ਲਹਿ ਜਾਣੇ ਹਨ। ਪਰ ਇੱਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਸਾਰੇ ਵਿਗਿਆਨਕ ਨਿਯਮ ਸਦੀਵੀ ਸੱਚ ਹੁੰਦੇ ਹਨ। ਇਹ ਸਮੇਂ ਤੇ ਹਾਲਤਾਂ ਅਨੁਸਾਰ ਨਹੀਂ ਬਦਲਦੇ। ਵਿਗਿਆਨ ਹਮੇਸ਼ਾ ਪ੍ਰੀਵਰਤਨਸ਼ੀਲ ਹੈ ਇਹ ਧਾਰਮਿਕ ਗਰੰਥਾਂ ਦੀ ਤਰ੍ਹਾਂ ਜੜ੍ਹ ਨਹੀਂ। ਕਿਸੇ ਸਮੇਂ ਇਹ ਸਮਝਿਆ ਜਾਂਦਾ ਸੀ ਕਿ ਪ੍ਰਕਾਸ਼ ਸ਼ਰਲ ਰੇਖਾ ਵਿੱਚ ਚੱਲਦਾ ਹੈ ਪਰ ਅੱਜ ਇਹ ਸਚਾਈ ਨਹੀਂ ਪ੍ਰਕਾਸ਼ ਵੀ ਪਾਈਪਾਂ ਵਿੱਚੋਂ ਲੰਘਦਾ ਹੋਇਆ ਤਰ੍ਹਾਂ-ਤਰ੍ਹਾਂ ਦੇ ਸਾਈਨ ਬੋਰਡਾਂ ਨੂੰ ਰੁਸਨਾਉਦਾ ਹੈ।
ਕਈ ਵਾਰ ਤਾਂ ਸਾਨੂੰ ਸਾਡੇ ਵਿਗਿਆਨ ਪੜੇ੍ਹ ਲਿਖੇ ਲੋਕਾਂ ਦੀ ਸੋਚ ਤੇ ਵੀ ਅਫ਼ਸੋਸ ਹੁੰਦਾ ਹੈ। ਇੱਕ ਸਾਇੰਸ ਦਾ ਅਧਿਆਪਕ ਮੈਨੂੰ ਕਹਿਣ ਲੱਗਿਆ ਕਿ ਮੇਰੇ ਸੰਤ ਜੀ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਇੱਕ ਵੱਡਾ ਪੱਥਰ ਕੁਟੀਆ ਕੋਲੋਂ ਚੁੱਕਵਾ ਕਿ 200 ਮੀਟਰ ਦੂਰ ਪੁਚਾ ਦਿੱਤਾ ਸੀ। ਮੈਂ ਉਸਨੂੰ ਪੁੱਛਿਆ ਕਿ ਫਿਰ ਤੂੰ ਬਲ ਨੂੰ ਪ੍ਰਭਾਸਿਤ ਕਿਵੇਂ ਕਰੇਗਾ? ਜੇ ਬਲ ਦੀ ਪ੍ਰੀਭਾਸ਼ਾ ਦੀ ਵਿਆਖਿਆ ਹੀ ਠੀਕ ਨਹੀਂ ਤਾਂ ਸਾਡੀ ਵਿਗਿਆਨ ਦਾ ਕੀ ਬਣੇਗਾ? ਬਹੁਤ ਸਾਰੇ ਲੋਕੀ ਕਹਿੰਦੇ ਹਨ ਕਿ ਡੇਰੇ ਵਿਚ ਜੇ ਸ਼ਰਾਬ ਦੀ ਬੋਤਲ ਲੈ ਕੇ ਜਾਉ ਤਾਂ ਇਹ ਪਾਣੀ ਵਿੱਚ ਬਦਲ ਜਾਂਦੀ ਹੈ। ਸ਼ਰਾਬ ਹਾਈਡ੍ਰੋਜਨ, ਆਕਸੀਜਨ ਤੇ ਕਾਰਬਨ ਦਾ ਇੱਕ ਯੋਗਿਕ ਹੈ ਅਤੇ ਪਾਣੀ ਵਿੱਚ ਸਿਰਫ਼ ਹਾਈਡ੍ਰੋਜਨ ਤੇ ਆਕਸੀਜਨ ਹੀ ਹੁੰਦੀ ਹੈ। ਹੁਣ ਅਲਕੋਹਲ ਵਿੱਚੋਂ ਕਾਰਬਨ ਕਿੱਧਰ ਗਈ। ਸਾਡੀ ਇਹ ਸਮੀਕਰਨ (3 5) ਸੰਤੁਲਿਤ ਨਹੀਂ ਹੁੰਦੀ। ਇਸ ਲਈ ਸਾਡੀ ਵਿਗਿਆਨ ਦਾ ਕੀ ਬਣੇਗਾ?
ਇਹ ਗੱਲ ਨਹੀਂ ਕਿ ਪੜ੍ਹੇ ਲਿਖੇ ਲੋਕ ਹੀ ਵਿਗਿਆਨਕ ਸੋਚ ਦੇ ਧਾਰਨੀ ਹੋ ਸਕਦੇ ਹਨ ਮੈਂ ਆਪਣੀ ਜ਼ਿੰਦਗੀ ਵਿਚ ਅਨਪੜ੍ਹ ਵਿਅਕਤੀਆਂ ਨੂੰ ਵੀ ਵਿਗਿਆਨਕ ਸੋਚ ਦੇ ਧਾਰਨੀ ਹੁੰਦੇ ਵੇਖਿਆ ਹੈ। ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਇਕ ਅਨਪੜ੍ਹ ਵਿਅਕਤੀ ਸਾਈਕਲਾਂ ਦੀ ਮੁਰੰਮਤ ਦੀ ਦੁਕਾਨ ਕਰਦਾ ਸੀ। ਉਸ ਨੇ ਵਿਹਲੇ ਸਮੇਂ ਵਿੱਚ ਕਿਸੇ ਤੋਂ ਤਰਕਸ਼ੀਲ ਕਿਤਾਬਾਂ ਵਿੱਚ ਲਿਖੀਆਂ ਗੱਲਾਂ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਉਹ ਇੱਕ ਪੰਜਾਬੀ ਦਾ ਕੈਦਾ ਲੈ ਆਇਆ। ਇਸ ਤਰ੍ਹਾਂ ਕਰਦਾ-ਕਰਦਾ ਉਹ ਤਰਕਸ਼ੀਲ ਕਿਤਾਬਾਂ ਪੜ੍ਹਨ ਲੱਗ ਪਿਆ। ਫਿਰ ਉਸ ਨੇ ਸਾਈਕਲਾਂ ਦੀ ਮੁਰੰਮਤ ਦਾ ਕੰਮ ਛੱਡ ਕੇ ਕੰਬਾਈਨਾਂ ਦੀ ਮੁਰੰਮਤ ਦਾ ਕੰਮ ਸਿੱਖ ਲਿਆ ਤੇ ਅੱਜ ਕੱਲ੍ਹ ਉਹ ਕੰਬਾਈਨਾਂ ਦੀ ਫੈਕਟਰੀ ਦਾ ਇੱਕ ਹਿੱਸੇਦਾਰ ਹੈ।
ਸਾਡਾ ਸਮੁੱਚਾ ਆਲਾ-ਦੁਆਲਾ ਅਜੂਬਿਆਂ ਨਾਲ ਭਰਿਆ ਪਿਆ ਹੈ। ਮਾਦੇ ਤੋਂ ਅਮੀਬੇ ਤੱਕ ਤੇ ਅਮੀਬੇ ਤੋਂ ਮਨੁੱਖ ਤੱਕ ਦੀ ਅਰਬਾਂ ਵਰ੍ਹਿਆਂ ਦੀ ਯਾਤਰਾ ਬਹੁਤ ਰੋਚਿਕ ਹੈ। ਧਰਤੀ ਦੇ ਜਰੇ-ਜਰੇ ਵਿੱਚ ਵਿਗਿਆਨ ਹੈ। ਜੁਗਨੂੰ ਦੇ ਟਿਮਟਿਮਾਉਣ ਤੋਂ ਲੈ ਕੇ ਕੁੱਤੇ ਦੇ ਟੰਗ ਚੱੁਕ ਕੇ ਮੂਤਣ ਤੱਕ ਹਰੇਕ ਘਟਨਾ ਪਿੱਛੇ ਵਿਗਿਆਨਕ ਕਾਰਨ ਹੈ। ਸਾਨੂੰ ਇਨ੍ਹਾਂ ਚੀਜ਼ਾਂ ਦਾ ਗਿਆਨ ਆਪਣੇ ਅੰਦਰ ਸਮਾਉਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਗਿਆਨ ਇੱਕ ਦਿਨ ਵਿੱਚ ਸਾਨੂੰ ਪ੍ਰਾਪਤ ਨਹੀਂ ਹੋਣਾ ਸਗੋਂ ਇਹ ਤਾਂ ਸਾਨੂੰ ਨਿੱਤ ਦਿਨ ਗਿਆਨ ਦੇ ਸਾਗਰ ਵਿੱਚ ਗੋਤਾ ਲਾਉਣ ਦੀ ਆਦਤ ਪਾ ਕੇ ਹੀ ਆਉਣਾ ਹੈ। ਕਿਸੇ ਵੇਲੇ ਮੇਰੀ ਇੱਕ ਗਣਿਤ ਅਧਿਆਪਕ ਦੋਸਤ ਨੇ ਮੈਨੂੰ ਲਿਖਿਆ ਸੀ ਕਿ ਇੱਕ ਵਾਰ ਉਹ ਆਪਣੇ ਅਧਿਆਪਕ ਲਈ ਚਾਹ ਬਣਾ ਕੇ ਲਿਆਈ। ਉਸ ਵਿੱਚ ਮਿੱਠਾ ਘੱਟ ਸੀ। ਉਸਦਾ ਅਧਿਆਪਕ ਕਹਿਣ ਲੱਗਿਆ ਕਿ ਤੂੰ ਜਾਂ ਤਾਂ ਗਣਿਤ ਪੜ੍ਹਿਆ ਨਹੀਂ ਜਾਂ ਇਸਨੂੰ ਜ਼ਿੰਦਗੀ ਦੇ ਅਮਲ ਵਿਚ ਢਾਲਿਆ ਨਹੀਂ। ਉਸ ਅਧਿਆਪਕਾਂ ਨੇ ਪੁੱਛਿਆ, ‘‘ਸਰ ਮੈਂ ਗਣਿਤ ਨੂੰ ਜ਼ਿੰਦਗੀ ਵਿੱਚ ਕਿਉ ਨਹੀਂ ਢਾਲਿਆ?’’ ਅਧਿਆਪਕ ਕਹਿਣ ਲੱਗਿਆ ‘‘ਤੂੰ ਗਣਿਤ ਵਿੱਚ ਮਿਸ਼ਰਣ ਵਾਲੇ ਪਾਠ ਦੇ ਸਾਰੇ ਸੁਆਲ ਹੱਲ ਕੀਤੇ ਸਨ। ਪਰ ਰਸੋਈ ਵਿੱਚ ਤੂੰ ਖੰਡ, ਪੱਤੀ ਅਤੇ ਦੁੱਧ ਦਾ ਮਿਸ਼ਰਣ ਹੀ ਠੀਕ ਢੰਗ ਨਾਲ ਤਿਆਰ ਨਹੀਂ ਕਰ ਸਕੀ।’’ ਸਾਰੇ ਖਾਣੇ 4-5 ਚੀਜ਼ਾਂ ਦਾ ਵਿਸ਼ੇਸ਼ ਸਮੇਂ ਲਈ ਵਿਸ਼ੇਸ਼ ਤਾਪਮਾਨ ਤੇ ਪਕਾਏ ਮਿਸ਼ਰਣ ਹੀ ਹੁੰਦੇ ਹਨ। ਇੱਕ ਵਿਗਿਆਨਕ ਸੋਚ ਦਾ ਧਾਰਨੀ ਹੀ ਇੱਕ ਵਧੀਆ ਕੁੱਕ ਹੋ ਸਕਦਾ ਹੈ।
ਇਸੇ ਤਰ੍ਹਾਂ ਖੇਤੀ ਬਾੜੀ ਵਿੱਚ ਉਹ ਹੀ ਕਿਸਾਨ ਵਧੀਆ ਪੈਦਾਵਾਰ ਕਰ ਸਕਦੇ ਹਨ ਜਿਨ੍ਹਾਂ ਨੇ ਜ਼ਿੰਦਗੀ ਦੇ ਅਮਲ ਵਿੱਚ ਵਿਗਿਆਨ ਨੂੰ ਅਪਣਾਇਆ ਹੋਵੇਗਾ ਬੀਜ਼ਾਂ ਦੀ ਚੋਣ, ਖਾਦਾਂ ਦੀ ਚੋਣ, ਦਵਾਈਆਂ ਦੀ ਚੋਣ, ਸਮੇਂ ਦੀ ਚੋਣ ਮੌਸਮ ਦੀ ਚੋਣ ਸਭ ਕੁਝ ਵਿਗਿਆਨਕ ਜਾਣਕਾਰੀ ਨਾਲ ਸਬੰਧਤ ਹੈ। ਉਹ ਹੀ ਫੈਕਟਰੀਆਂ ਕਾਮਯਾਬ ਹੁੰਦੀਆਂ ਹਨ ਜਿਨ੍ਹਾਂ ਵਿੱਚ ਤਿਆਰ ਕੀਤੀਆਂ ਮਸ਼ੀਨਰੀਆਂ ਘੱਟ ਇੰਧਨ ਵਰਤ ਕੇ ਵੱਧ ਸਮੇਂ ਲਈ ਕਾਰਗਰ ਰਹਿੰਦੀਆਂ ਹਨ।
ਇਸੇ ਤਰ੍ਹਾਂ ਸਿਹਤ ਦਾ ਹੁੰਦਾ ਹੈ। ਜੋ ਵਿਅਕਤੀ ਇਹ ਜਾਣਦਾ ਹੈ ਕਿ 90% ਸਿਹਤ ਕਿਸੇ ਵਿਅਕਤੀ ਦੇ ਆਪਣੇ ਖਾਣ, ਪੀਣ, ਸੋਚ, ਕਸਰਤ ਤੇ ਨਿਰਭਰ ਹੁੰਦੀ ਹੈ ਉਹ ਵਿਅਕਤੀ ਲੰਬਾ ਜੀਵਨ ਜਿਉ ਜਾਂਦੇ ਹਨ। ਕੁਦਰਤ ਜਾਂ ਪ੍ਰਮਾਤਮਾ ਤੇ ਭਰੋਸਾ ਕਰਕੇ ਜ਼ਿੰਦਗੀ ਉਨ੍ਹਾਂ ਦੇ ਸਹਾਰੇ ਤੇ ਛੱਡਣ ਵਾਲੇ ਵਿਅਕਤੀਆਂ ਦੀ ਜ਼ਿੰਦਗੀ ਦੀ ਡੋਰ ਅੱਧ ਵਿਚਾਲਿਉ ਹੀ ਟੱੁਟ ਜਾਂਦੀ ਹੈ। ਮੇਰਾ ਇੱਕ ਮਿੱਤਰ ਸਾਰਾ ਦਿਨ ਸਾਈਕਲ ਤੇ ਸਵਾਰ ਹੋ ਕੇ ਹੀ ਹਰ ਰੋਜ਼ 20-30 ਕਿਲੋਮੀਟਰ ਦਾ ਸਫ਼ਰ ਕਰ ਜਾਂਦਾ ਸੀ। ਇਸ ਹਿਸਾਬ ਨਾਲ ਉਸਨੂੰ ਆਪ ਸਹੇੜੀਆਂ ਬੀਮਾਰੀਆਂ ਬਲੱਡ ਪ੍ਰੈਸ਼ਰ ਆਦਿ ਨਹੀਂ ਸੀ ਹੋਣੇ ਚਾਹੀਦੇ ਸਨ। ਪਰ ਨਾਲ ਹੀ ਗਊ ਭਗਤ ਹੋਣ ਕਰਕੇ ਉਹ ਹਰ ਰੋਜ਼ ਗਊਸ਼ਾਲਾ ਵਿੱਚ ਜਾ ਕੇ ਇੱਕ ਕਿਲੋ ਗਊ ਦਾ ਦੁੱਧ 57 ਸਾਲ ਦੀ ਉਮਰ ਵਿੱਚ ਵੀ ਪੀ ਜਾਂਦਾ। ਸਾਡੇ ਕਾਫ਼ੀ ਸਮਝਾਉਣ ਦੇ ਬਾਵਜੂਦ ਉਹ ਨਾ ਰੁਕਿਆ ਤੇ ਆਖ਼ਰ ਅਧਰੰਗ ਦਾ ਸ਼ਿਕਾਰ ਹੋ ਕੇ ਤਿੰਨ ਸਾਲ ਮੰਜੇ ਤੇ ਲਿਟ ਕੇ ਸਦੀਵੀ ਵਿਛੋੜਾ ਦੇ ਗਿਆ।
ਜਿਵੇਂ ਹੁੰਦਾ ਹੈ ਜ਼ਿਆਦਾ ਅਧਿਆਤਮਕਵਾਦੀ ਜਾਂ ਧਾਰਮਿਕ ਬੰਦੇ ਵਿਗਿਆਨ ਵਿਰੋਧੀ ਹੁੰਦੇ ਹਨ। galileoਆਧੁਨਿਕ ਸਰੀਰ ਵਿਗਿਆਨ (1) ਦੇ ਜਨਮਦਾਤਾ ਵਾਸਲੀਅਸ ਨੂੰ ਆਪਣੀ ਮਾਂ ਦੇ ਸਰੀਰ ਦੀ ਚੀਰ ਫਾੜ ਕਰਨ ਕਾਰਨ ਧਾਰਮਿਕ ਜ਼ੁਲਮਾਂ ਦਾ ਸ਼ਿਕਾਰ ਹੋਣਾ ਪਿਆ। ਗਲੈਲੀਓ ਨੂੰ ਇਹ ਕਹਿਣ ਤੇ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਲਈ ਕਾਲ ਕੋਠੜੀ ਵਿੱਚ ਜਾਣਾ ਪਿਆ ਆਦਿ ਦੀਆਂ ਅਨੇਕਾਂ ਉਦਾਹਰਣਾਂ ਸਾਡੇ ਸਾਹਮਣੇ ਹਨ। ਅੱਜ ਦੇ ਸਾਰੇ ਧਾਰਮਿਕ ਆਗੂ ਜਾਣਦੇ ਹਨ ਕਿ ਕਿਵੇਂ ਵਿਗਿਆਨਕ ਖੋਜਾਂ ਨੇ ਮਨੁੱਖੀ ਜੀਵਨ ਨੂੰ ਸੁੱਖ ਸਹੂਲਤਾਂ ਨਾਲ ਭਰਪੂਰ ਕੀਤਾ ਹੈ ਫਿਰ ਵੀ ਉਹ ਆਪਣੇ ਭਾਸ਼ਣਾਂ, ਦੀਵਾਨਾਂ ਤੇ ਕੀਰਤਨਾਂ ਰਾਹੀਂ ਵਿਗਿਆਨਕਾਂ ਨੂੰ ਗਾਲਾਂ ਕੱਢਣੋਂ ਗੁਰੇਜ਼ ਨਹੀਂ ਕਰਦੇ। ਬਾਬਾ ਰਾਮ ਦੇਵ ਵੀ ਇਨ੍ਹਾਂ ਵਿਚੋਂ ਇੱਕ ਹੈ। ਆਪਣੇ ਬੋਲਣ ਲਈ ਮਾਈਕ, ਆਪਣਾ ਚਿਹਰਾ ਵਿਖਾਉਣ ਲਈ ਵੀ. ਡੀ. ਓ. ਕੈਮਰਾ ਆਪਣੀ ਦਵਾਈਆਂ ਪਿਸਵਾਉਣ ਲਈ ਮਸ਼ੀਨਾਂ ਸਾਰੀਆਂ ਹੀ ਸਾਇੰਸ ਦੀਆਂ ਵਰਤਦਾ ਹੈ। ਪਰ ਕਹਿੰਦਾ ਹੈ ਕਿ ਵਿਗਿਆਨਕਾਂ ਨੂੰ ਇਹ ਨਹੀਂ ਪਤਾ ਪਹਿਲਾਂ ਮੁਰਗੀ ਆਈ ਜਾਂ ਆਂਡਾ ਜਾਂ ਮਨੁੱਖ ਦਾ ਵਿਕਾਸ ਬਾਂਦਰ ਤੋਂ ਕਿਵੇਂ ਹੋਇਆ ਹੈ? ਸਭ ਸਾਇੰਸਦਾਨ ਝੂਠ ਬੋਲ ਰਹੇ ਹਨ। ਕਈ ਵਾਰੀ ਬਾਬਾ ਰਾਮ ਦੇਵ ਜੀ ਇਹ ਵੀ ਕਹਿ ਦਿੰਦੇ ਹਨ ਕਿ ਵਿਗਿਆਨ ਦੀਆਂ ਸਾਰੀਆਂ ਖੋਜਾਂ ਪਹਿਲਾਂ ਹੀ ਸਾਡੇ ਗਰੰਥਾਂ ਵਿੱਚ ਦਰਜ ਹਨ। ਪ੍ਰਾਚੀਨ ਗਰੰਥ ਸਾਡੇ ਬੁੱਧੀਮਾਨ ਪੁਰਖਿਆਂ ਦੀਆਂ ਰਚਨਾਵਾਂ ਹਨ। ਇਨ੍ਹਾਂ ਵਿੱਚ ਬਹੁਤ ਸਾਰੀਆਂ ਗੱਲਾਂ ਵਧੀਆ ਅਤੇ ਫਾਇਦੇਮੰਦ ਵੀ ਲਿਖੀਆਂ ਹੋਈਆਂ ਹਨ। ਪਰ ਗੰ੍ਰਥਾਂ ਦੇ ਲਿਖਣ ਸਮੇਂ ਵਿਗਿਆਨ ਬਹੁਤ ਹੀ ਮੁਢਲੀ ਹਾਲਤ ਵਿਚ ਸੀ। ਇਸ ਲਈ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਗਰੰਥਾਂ ਵਿੱਚ ਦਰਜ ਹਨ ਜਿਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ। ਇੱਕ ਵੱਖਰੇ ਚੈਪਟਰ ਵਿੱਚ ਅਸੀਂ ਵੈਦਾਂ ਵਿੱਚ ਦਰਜ ਦਵਾਈਆਂ ਅਤੇ ਟੋਟਕਿਆਂ ਬਾਰੇ ਚਰਚਾ ਕਰਾਂਗੇ।
ਇਹ ਗੱਲ ਵੀ ਨਹੀਂ ਹੈ ਕਿ ਸਾਰਾ ਪੁਜਾਰੀ ਵਰਗ ਹੀ ਵਿਗਿਆਨ ਵਿਰੋਧੀ ਹੁੰਦਾ ਹੈ। ਗਿਰਜੇ ਦੇ ਇੱਕ ਪੁਜਾਰੀ ਮੈਂਡਲ ਦਾ ਨਾਂ ਵਿਗਿਆਨਕਾਂ ਲਈ ਸਨਮਾਨਜਨਕ ਹੈ ਕਿਉਕਿ ਉਸ ਨੇ ਗਿਰਜੇ ਵਿੱਚ ਹੀ ਫੁਲਵਾੜੀ ਲਾ ਕੇ ਮਟਰਾਂ ਦੀਆਂ ਬੌਣੀਆਂ ਅਤੇ ਲੰਬੀਆਂ ਨਸਲਾਂ ਤੇ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਸੀ ਕਿ ਵਿਰਾਸਤੀ ਗੁਣ ਮਾਂ ਪਿਉ ਤੋਂ ਬੱਚਿਆਂ ਵਿੱਚ ਕਿਵੇਂ-ਕਿਵੇਂ ਤੇ ਕਿਸ ਤਰਤੀਬ ਵਿੱਚ ਜਾਂਦੇ ਹਨ?
ਅੰਤ ਵਿੱਚ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਹਿੰਦੁਸਤਾਨ ਦੇ ਲੋਕਾਂ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਸਾਡੇ ਸਿਆਸਤਦਾਨਾਂ ਨੂੰ ਵਿਗਿਆਨ ਦੇ ਲੜ ਲੱਗਣਾ ਚਾਹੀਦਾ ਹੈ। ਸਿਰਫ਼ ਤੇ ਸਿਰਫ਼ ਕਲਿਆਣਕਾਰੀ ਸਿਆਸਤ ਹੀ ਲੋਕਾਂ ਦਾ ਕਲਿਆਣ ਕਰ ਸਕਦੀ ਹੈ। ਇੱਥੋਂ ਦੇ ਮੰਦਰਾਂ, ਗੁਰਦੁਆਰਿਆਂ ਤੇ ਗਿਰਜਿਆਂ ਕੋਲ ਪਹਿਲਾਂ ਹੀ ਬਹੁਤ ਕੁਝ ਹੈ। ਇਹਨਾਂ ਦੀ ਸੇਵਾ ਸੰਭਾਲ ਵਿੱਚ ਜੁਟੇ ਵਿਅਕਤੀ ਪਹਿਲਾਂ ਹੀ ਮਾਲੋ ਮਾਲ ਹਨ। ਕਿਉਕਿ ਇਹਨਾਂ ਸਥਾਨਾਂ ਤੇ ਚੜ੍ਹਾਇਆ ਹੋਇਆ ਕਿਸੇ ਦਾ ਇੱਕ ਪੈਸਾ ਵੀ ਪ੍ਰਮਾਤਮਾ ਕੋਲ ਨਹੀਂ ਪੁੱਜਦਾ ਸਗੋਂ ਇਨ੍ਹਾਂ ਦਲਾਲਾਂ ਦੀ ਝੋਲੀ ਵਿੱਚ ਪੈ ਜਾਂਦਾ ਹੈ। ਹਜ਼ਾਰਾਂ ਸਾਲਾਂ ਤੋਂ ਹੁਕਮਰਾਨ ਇਨ੍ਹਾਂ ਧਾਰਮਿਕ ਸਥਾਨਾਂ ਨੂੰ ਹੀ ਕਰੋੜਾਂ ਪਤੀ ਬਣਾਉਣ ਲਈ ਲੱਗੇ ਰਹੇ ਹਨ ਪਰ ਆਮ ਇਨਸਾਨ ਦਿਨੋਂ ਦਿਨ ਕੰਗਾਲ ਹੋ ਰਿਹਾ ਹੈ।
ਮਨੁੱਖਤਾ ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਿਗਿਆਨਕ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੀ ਧਰਤੀ ਇੰਨ੍ਹੀਂ ਸਮਰੱਥ ਹੈ ਕਿ ਇਹ ਇਸਦੇ ਸੱਤ ਅਰਬ ਵਸਨੀਕਾਂ ਨੂੰ ਮੁਢਲੀਆਂ ਸਹੂਲਤਾਂ ਆਰਾਮ ਨਾਲ ਪ੍ਰਦਾਨ ਕਰ ਸਕਦੀ ਹੈ। ਮੇਰੇ ਭਾਰਤ ਦੇ ਲੋਕਾਂ ਨੂੰ ਖੁਸ਼ਹਾਲ ਤਾਂ ਸਿਰਫ਼ ਇੱਥੋਂ ਦੇ ਸਿਆਸਤਦਾਨ ਹੀ ਕਰ ਸਕਦੇ ਹਨ। ਉਹ ਅਮੀਰਾਂ, ਗਰੀਬਾਂ ਵਿੱਚ ਵਧ ਰਹੇ ਪਾੜੇ ਨੂੰ ਘਟਾ ਕੇ, ਧਾਰਮਿਕ ਸਥਾਨਾਂ ਨੂੰ ਦਿੱਤੀਆਂ ਜਾਣ ਵਾਲੀ ਮਾਇਕ ਸਹਾਇਤਾ ਬੰਦ ਕਰਕੇ ਅਤੇ ਉਹਨਾਂ ਕੋਲੋਂ ਵਾਧੂ ਜ਼ਮੀਨ ਜਾਇਦਾਦ ਲੈ ਕੇ ਅਤੇ ਇਸ ਨੂੰ ਲੋਕਾਂ ਵਿੱਚ ਵੰਡਕੇ ਅਜਿਹਾ ਕਾਫ਼ੀ ਕੁਝ ਕੀਤਾ ਜਾ ਸਕਦਾ ਹੈ। ਸਰਕਾਰ ਇਸ ਗੱਲ ਵੱਲ ਵੀ ਧਿਆਨ ਦੇਵੇ ਕਿ ਧਾਰਮਿਕ ਫਸਾਦ ਮਨੁੱਖ ਜਾਤੀ ਦੇ ਨਾਂ ਉੱਪਰ ਕਲੰਕ ਹੁੰਦੇ ਹਨ ਕਿਸੇ ਵੀ ਧਰਮ ਦੇ ਫਸਾਦੀਆਂ ਨੂੰ ਫ਼ਾਂਸੀ ਚਾੜ੍ਹਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਹੈ। ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਵੱਧ ਪੈਸਾ ਵੀ ਸੁੱਖ ਸਹੂਲਤਾਂ ਨਹੀਂ ਦਿੰਦਾ ਸਗੋਂ ਜ਼ਿੰਦਗੀ ਜਿਉਣ ਦੇ ਵਿਗਿਆਨਕ ਢੰਗ ਵੀ ਸਰਕਾਰ ਵੱਲੋਂ ਲੋਕਾਂ ਨੂੰ ਸਿਖਾਏ ਜਾਣੇ ਚਾਹੀਦੇ ਹਨ।

ਬਾਬੇ ਦੇ ਵਾਦ ਵਿਵਾਦ

ਮੇਘ ਰਾਜ ਮਿੱਤਰ (+91 98887 87440)

ਮਨੁੱਖ ਅਤੇ ਜਾਨਵਰਾਂ ਦੀਆਂ ਹੱਡੀਆਂ ਦਵਾਈਆਂ ਵਿੱਚ : ਮਾਰਚ 2005 ਵਿੱਚ ਦਿਵਿਆ ਯੋਗ ਮੰਦਰ ਟਰੱਸਟ ਦੇ ਕੁਝ ਮੁਲਾਜ਼ਮਾਂ ਨੇ ਘੱਟ ਉਜਰਤਾਂ ਅਤੇ ਪ੍ਰਾਵੀਡੈਂਟ ਫੰਡ ਵਿੱਚ ਕਟੌਤੀ ਆਦਿ ਦੇ ਵਿਰੋਧ ਵਿੱਚ ਹੜਤਾਲ ਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਸਮਝੌਤੇ ਤੇ ਪੁੱਜਣ ਲਈ ਤਿੰਨ ਧਿਰੀ ਮੀਟਿੰਗ ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਬੁਲਾਈ। ਇਸ ਵਿੱਚ ਹੜਤਾਲੀ ਮੁਲਾਜ਼ਮਾਂ ਦੇ ਆਗੂ, ਟਰੱਸਟ ਦੇ ਆਹੁਦੇਦਾਰ ਤੇ ਜ਼ਿਲ੍ਹਾ ਅਧਿਕਾਰੀ ਸ਼ਾਮਿਲ ਹੋਏ। ਇੱਕ ਸਮਝੌਤਾ ਵੀ ਹੋ ਗਿਆ। ਸਮਝੌਤੇ ਤੋਂ ਬਾਅਦ ਕੁਝ ਮੁਲਾਜਮਾਂ ਨੂੰ ਇਹ ਕਹਿਕੇ ਬਰਤਰਫ਼ ਕਰ ਦਿੱਤਾ ਗਿਆ ਕਿ ਇਹ ਕਮਿਊਨਿਸਟਾਂ ਦੇ ਏਜੰਟ ਹਨ। ਇਸ ਤੋਂ ਬਾਅਦ ਇਸ ਕੇਸ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਅਗਵਾਈ ਵਿੱਚ ਚੱਲ ਰਹੀ ਜਥੇਬੰਦੀ ‘ਸੀਟੂ’ ਨੇ ਆਪਣੇ ਹੱਥ ਲੈ ਲਿਆ। ਕੱਢੇ ਮੁਲਾਜ਼ਮਾਂ ਨੇ ਇਹ ਵੀ ਰਿਪੋਰਟ ਕੀਤੀ ਕਿ ਬਾਬਾ ਰਾਮ ਦੇਵ ਜੀ ਦੀਆਂ ਦਵਾਈਆਂ ਵਿੱਚ ਮਨੁੱਖ ਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੋਈਆਂ ਹਨ। ਉਂਝ ਆਯੁਰਵੈਦ ਵਿੱਚ ਇਹਨਾਂ ਨੂੰ ਵਰਤਣ ਤੇ ਵੀ ਕੋਈ ਪਾਬੰਦੀ ਨਹੀਂ। ਉਹਨਾਂ ਬਰਤਰਫ਼ ਕੀਤੇ ਮੁਲਾਜ਼ਮਾਂ ਨੇ ‘ਕੁਲੀਆਂ ਭਸ਼ਮ’ ਤੇ ‘ਯੋਵਨਅਮਿਰਤ’ ਵਟੀ ਨਾਂ ਦੀਆਂ ਇਹ ਆਯੁਰਵੈਦਿਕ ਦਵਾਈਆਂ ਟਰੱਸਟ ਦੇ ਹਰਿਦੁਆਰ ਵਾਲੇ ਹਸਪਤਾਲ ਬ੍ਰਹਮਕਲਪ ਚਿਕਿਤਸਲਿਆਂ ਤੋਂ ਖ੍ਰੀਦੀਆਂ ਤੇ ਰਸੀਦਾਂ ਲਈਆਂ। ਇਹਨਾਂ ਦਵਾਈਆਂ ਨੂੰ ਸਰਕਾਰੀ ਪ੍ਰਯੋਗਸ਼ਾਲਾਵਾਂ ਵਿੱਚ ਪਰਖਣ ਲਈ ਭੇਜ ਦਿੱਤਾ। ਇਹਨਾਂ ਲੈਬਾਂ ਨੇ ਮਨੁੱਖ ਤੇ ਜਾਨਵਰਾਂ ਦੀਆਂ ਹੱਡੀਆਂ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ। ਫਿਰ ਇਹਨਾਂ ਦਵਾਈਆਂ ਦੇ ਚਾਰ ਨਮੂਨਿਆਂ ਦੀ ਮੁੜ ਪਰਖ ਸ੍ਰੀਰਾਮ ਇਸਟੀਚਿਊਟ ਆਫ਼ ਇਡੰਸਟਰੀਅਲ ਰੀਸਰਚ ਦਿੱਲੀ ਤੋਂ ਕਰਵਾਈ ਗਈ ਜਿਨ੍ਹਾਂ ਨੇ ਇਹ ਰਿਪੋਰਟ ਦੇ ਦਿੱਤੀ ਕਿ ਇਸ ਵਿੱਚ ਕੋਈ ਵੀ ਇਤਰਾਜ਼ਯੋਗ ਪਦਾਰਥ ਨਹੀਂ ਤੇ ਇਹ ਸ਼ੁੱਧ ਜੜ੍ਹੀ ਬੂਟੀਆਂ ਹਨ। ਇਸ ਤਰ੍ਹਾਂ ਬਾਬਾ ਰਾਮਦੇਵ ਇਸ ਚਾਰਜ ਤੋਂ ਮੁਕਤ ਹੋ ਗਿਆ। ਟਰੱਸਟ ਦੇ ਸੈਕਟਰੀ ਅਚਾਰੀਆ ਬਾਲ ਕਿਸ਼ਨ ਦਾ ਕਹਿਣਾ ਸੀ ਕਿ ਸਮੁੰਦਰੀ ਸਿੱਪੀਆਂ ਦੇ ਸੈਲ ਜ਼ਰੂਰ ਦਵਾਈ ਵਿੱਚ ਪੀਸ ਕੇ ਪਾਏ ਗਏ ਹਨ। ਅਜੇ ਤੱਕ ਕੱਢੇ ਮੁਲਾਜ਼ਮ ਬਰਤਰਫ਼ ਹੀ ਹਨ ਤੇ ਸਰਕਾਰ ਨੇ ਅਜੇ ਤੱਕ ਮੁਲਾਜ਼ਮਾਂ ਦੀ ਬਰਤਰਫ਼ੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।
ਏਡਜ਼ ਨੂੰ ਪੂਰੀ ਤਰ੍ਹਾਂ ਆਯੁਰਵੈਦ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ
ਬਾਬਾ ਰਾਮ ਦੇਵ ਦੇ ਮੈਗਜ਼ੀਨ ‘ਯੋਗ ਸੰਦੇਸ਼’ ਅਤੇ ਬਾਬੇ ਦੀਆਂ ਵੈੱਬ ਸਾਈਟ () ਤੇ ਇਹ ਦਾਅਵਾ ਆਮ ਤੌਰ ਤੇ ਹੀ ਕੀਤਾ ਜਾਂਦਾ ਸੀ ਕਿ ਏਡਜ਼ ਦੇ ਮਰੀਜ਼ਾਂ ਵਿੱਚ 34੪ ਸੈੱਲਾਂ ਦੀ ਘਟੀ ਗਿਣਤੀ ਨੂੰ ਆਯੁਰਵੈਦ ਦੀਆਂ ਦਵਾਈਆਂ ਦੇ ਮਿਸ਼ਰਣ ਦੀ ਵਰਤੋਂ ਕਰਕੇ ਵਧਾਇਆ ਜਾ ਸਕਦਾ ਹੈ। ਏਡਜ਼ ਦੇ ਮਰੀਜ਼ਾਂ ਵਿੱਚ ਇਹ 34੪ ਸੈੱਲਾਂ ਦੀ ਗਿਣਤੀ 50,100 ਅਤੇ 150 ਤੱਕ ਰਹਿ ਜਾਂਦੀ ਹੈ। ਬਾਬੇ ਦੇ ਕਹਿਣ ਅਨੁਸਾਰ ਬਾਬੇ ਦੀਆਂ ਦਵਾਈਆਂ ਇਸ ਗਿਣਤੀ ਨੂੰ 400,500 ਜਾਂ 600 ਤੱਕ ਵੀ ਲਿਜਾ ਸਕਦੀਆਂ ਹਨ। ਜਦੋਂ ਭਾਰਤ ਦੇ ਸਿਹਤ ਮੰਤਰਾਲੇ ਨੇ ਬਾਬਾ ਰਾਮਦੇਵ ਨੂੰ ਇੱਕ ਨੋਟਿਸ ਦੇ ਕੇ ਸਪੱਸ਼ਟੀਕਰਨ ਮੰਗਿਆ ਤਾਂ ਬਾਬਾ ਕਹਿਣ ਲੱਗਿਆ ਕਿ ਮੀਡੀਆ ਨੇ ਉਸਦੇ ਬਿਆਨਾਂ ਨੂੰ ਤੋੜ ਮਰੋੜ ਕੇ ਛਾਪਿਆ ਹੈ। ਉਸਨੇ ਇਹ ਕਦੇ ਨਹੀਂ ਕਿਹਾ ਕਿ ਯੋਗਾਂ ਰਾਹੀਂ 194 ਦਾ ਇਲਾਜ ਕੀਤਾ ਜਾ ਸਕਦਾ ਹੈ। ਬਲਕਿ ਉਸਨੇ ਤਾਂ ਇਹ ਕਿਹਾ ਸੀ ਕਿ ਆਯੁਰਵੈਦ ਕੈਂਸਰ ਨੂੰ ਰੋਕ ਸਕਦੀ ਹੈ। ਏਡਜ਼ ਹੋਣ ਦੀ ਸੂਰਤ ਵਿੱਚ ਤਾਂ ਯੋਗ ਨਾਲ ਉਤਸ਼ਾਹਜਨਕ ਸੁਧਾਰ ਕੀਤੇ ਜਾ ਸਕਦੇ ਹਨ।
ਪੁੱਤਰਵਟੀ ਦਵਾਈ : ਅੱਜ ਦੀ ਵਿਗਿਆਨ ਇਹ ਗੱਲ ਪੁਕਾਰ-ਪੁਕਾਰ ਕਹਿ ਰਹੀ ਹੈ ਕਿ ਮਾਂ ਦੇ ਪੇਟ ਵਿੱਚ ਲੜਕਾ ਹੋਵੇਗਾ ਜਾਂ ਲੜਕੀ ਇਸ ਗੱਲ ਦਾ ਗਰਭ ਧਾਰਨ ਦੇ ਪਹਿਲੇ ਦਿਨ ਹੀ ਫ਼ੈਸਲਾ ਹੋ ਜਾਂਦਾ ਹੈ। ਉਸਤੋਂ ਬਾਅਦ ਦੁਨੀਆਂ ਦੀ ਕੋਈ ਵੀ ਦਵਾਈ ਬੱਚੇ ਦਾ ਸੈਕਸ ਤਬਦੀਲ ਨਹੀਂ ਕਰ ਸਕਦੀ। ਹਿੰਦੋਸਤਾਨ ਦੇ ਹਜ਼ਾਰਾਂ ਸਾਧੂ ਮਹਾਤਮਾ ਤੇ ਨੀਮ ਹਕੀਮ ਲੋਕਾਂ ਦੀ ਲੁੱਟ-ਖਸੁੱਟ ਇਸ ਗੱਲ ਨਾਲ ਹੀ ਕਰੀ ਜਾ ਰਹੇ ਹਨ। ਬਾਬਾ ਰਾਮ ਦੇਵ ਵੀ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਪੁੱਤਰ ਪੈਦਾ ਕਰਨ ਲਈ ਪੁੱਤਰਵਟੀ ਦਾ ਇਸਤੇਮਾਲ ਕਰ ਰਿਹਾ ਸੀ। ਲੋਕਾਂ ਦੇ ਰੋਹ ਤੋਂ ਡਰਦਿਆਂ ਹੁਣ ਭਾਵੇਂ ਉਸ ਨੇ ਇਸ ਦਵਾਈ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ ਅਤੇ ਆਪਣੀਆਂ ਦਵਾਈਆਂ ਦੀਆਂ ਲਿਸਟਾਂ ਵਿੱਚੋਂ ਵੀ ਇਹ ਦਵਾਈ ਕੱਢ ਦਿੱਤੀ ਹੈ। ਕੇਂਦਰ ਦੇ ਸਿਹਤ ਮੰਤਰਾਲੇ ਨੇ ਉਤਰਾਂਚਲ ਦੇ ਸਿਹਤ ਮੰਤਰਾਲੇ ਨੂੰ ਚਿੱਠੀ ਭੇਜ ਕੇ ਇਸ ਪੁੱਤਰਵਟੀ ਨਾਂ ਦੀ ਦਵਾਈ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ ਕਿਉਕਿ ਆਲ ਇੰਡੀਆ ਡੈਮੋਕਰੇਟਿਕ ਵੂਮੈਨਸ ਐਸੋਸੀਏਸ਼ਨ ਤੇ ਹੋਰ ਜਥੇਬੰਦੀਆਂ ਨੇ ਇਸ ਗੱਲ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤਰ ਪੈਦਾ ਕਰਨ ਵਾਲੀਆਂ ਦਵਾਈਆਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਬਣਾਉਣ ਵਾਲਿਆਂ ਅਤੇ ਉਤਸ਼ਾਹਤ ਕਰਨ ਵਾਲਿਆਂ ਦੇ ਖਿਲਾਫ਼ ਐਕਸ਼ਨ ਵੀ ਲੈਣਾ ਚਾਹੀਦਾ ਹੈ। ਇਸਤਰੀਆਂ ਦੀ ਜਥੇਬੰਦੀ ਦੀ ਪ੍ਰਧਾਨ ਸ੍ਰੀਮਤੀ ਨੋਟਿਆਲ ਦਾ ਕਹਿਣਾ ਸੀ ਕਿ ਕਾਂਗਰਸ ਤੇ ਭਾਜਪਾ ਸਰਕਾਰਾਂ ਬਾਬੇ ਲਈ ਰਿਐਤਦਿਲੀ ਵਰਤ ਰਹੀਆਂ ਹਨ ਭਾਵੇਂ ‘ਪੁੱਤਰਵਟੀ’ ਬਣਾ ਕੇ ਤੇ ਵੇਚ ਕੇ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਬਾਬਾ ਰਾਮ ਦੇਵ ਦੀਆਂ ਟਿੱਪਣੀਆਂ ਵਿਰੁੱਧ ਰੋਸ ਵਿਖਾਵਾ
2 ਅਗਸਤ 2008 ਨੂੰ ਕੈਨੇਡਾ ਦੀ ਰਾਜਧਾਨੀ ਵੈਨਕੂਵਰ ਦੇ ਸ਼ਹਿਰ ਸਰੀ ਦੇ ਮਿਲੈਨੀਅਮ ਪਾਰਕ ਵਿੱਚ 100 ਕੁ ਵਿਅਕਤੀ ਇਕੱਠੇ ਹੋਏ ਤੇ ਉਨ੍ਹਾਂ ਨੇ ਰਾਮ ਦੇਵ ਦੇ ਵਿਰੁੱਧ ਤਿੰਨ ਘੰਟੇ ਲਗਾਤਾਰ ਅਮਨ ਪੂਰਵਕ ਰੋਸ ਵਿਖਾਵਾ ਕੀਤਾ। ਰਾਮ ਦੇਵ ਜੀ ਦਾ ਯੋਗਾ ਕੈਂਪ ਸਵੇਰੇ 6.00 ਵਜੇ ਤੋਂ 8.30 ਵਜੇ ਤੱਕ ਚਲਦਾ ਸੀ ਪਰ ਵਿਖਾਵਾਕਾਰੀ ਤਾਂ 5.30 ਵਜੇ ਹੀ ਪਹੁੰਚਣਾ ਸ਼ੁਰੂ ਹੋ ਗਏ ਸਨ।
ਅਸਲ ਵਿੱਚ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਵਿੱਚ ਮੀਡੀਆ ਦੇ ਲੋਕ ਵੀ ਸ਼ਾਮਿਲ ਸਨ ਨੇ ਬਾਬਾ ਰਾਮਦੇਵ ਨੂੰ ਸਪਾਂਸ਼ਰ ਕਰਨ ਵਾਲੇ ਆਗੂਆਂ ਨੂੰ ਕੁੱਝ ਸੁਆਲ ਪੁੱਛਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸੁਆਲਾਂ ਵਿੱਚ ਰਾਮਦੇਵ ਦੀਆਂ ਫੈਕਟਰੀਆਂ ਵਿੱਚ ਹੁੰਦੇ ਮਜ਼ਦੂਰਾਂ ਦੇ ਸੋਸ਼ਣ, ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਮਨੁੱਖਾਂ ਤੇ ਜਾਨਵਰਾਂ ਦੀਆਂ ਹੱਡੀਆਂ ਦੀ ਮਿਲਾਵਟ, ਪੁੱਤਰਵਟੀ, ਕੈਂਸਰ ਤੇ ਏਡਜ਼ ਵਰਗੀਆਂ ਬੀਮਾਰੀਆਂ ਦੇ ਉਸਦੇ ਦਾਅਵਿਆਂ ਸਬੰਧੀ ਸਨ। ਪ੍ਰਬੰਧਕਾਂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਸੁਆਲ ਬਾਬਾ ਰਾਮ ਦੇਵ ਜੀ ਨੂੰ ਪੁੱਛਣਗੇ। ਜਦੋਂ ਸਪਾਂਸਰਾਂ ਵੱਲੋਂ ਇਹ ਸੁਆਲ ਬਾਬਾ ਰਾਮ ਦੇਵ ਜੀ ਅੱਗੇ ਰੱਖੇ ਗਏ ਤਾਂ ਬਾਬਾ ਜੀ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਸਮੇਂ ਆਪੇ ਤੋਂ ਬਾਹਰ ਹੋ ਗਏ। ਉਹਨਾਂ ਨੇ ਕਿਹਾ ‘‘ਉਸਦੀਆਂ ਦਵਾਈਆਂ ਦੇ ਸੈਂਪਲ ਪਾਸ ਹੋ ਚੁੱਕੇ ਹਨ ਤੇ ਉਹ ਆਪਣੇ ਕਾਮਿਆਂ ਨੂੰ ਹੋਰਾਂ ਕੰਪਨੀਆਂ ਨਾਲੋਂ ਜ਼ਿਆਦਾ ਤਨਖਾਹ ਦੇ ਰਿਹਾ ਹੈ। ਇਹ ਸੁਆਲ ਚਾਰ ਕੁ ਸਿਰ ਫਿਰੇ ਕਮਿਊਨਿਸਟ ਪੁੱਛ ਰਹੇ ਹਨ। ਇਹ ਨਾਸਤਿਕ ਲੋਕ ਹਨ ਇਨ੍ਹਾਂ ਦਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਆਜ਼ਾਦੀ ਘੁਲਾਟੀਆਂ ਤੋਂ ਇਲਾਵਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨਾਲ ਵੀ ਕੋਈ ਸਬੰਧ ਨਹੀਂ। ਇਹ ਮਾਰਕਸ, ਲੈਨਿਨ ਤੇ ਮਾਓ ਦੇ ਚੇਲੇ ਹਨ। ਇਹਨਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ ਚਲੇ ਜਾਣਾ ਚਾਹੀਦਾ ਹੈ।’’ ਉਸਦੀਆਂ ਇਹਨਾਂ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤੇ ਉਹਨਾਂ ਨੇ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕਰ ਲਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ‘‘ਕਮਿਊਨਿਸਟ ਤਾਂ ਮਾਨਵਵਾਦੀ ਹੁੰਦੇ ਹਨ ਉਹ ਤਾਂ ਸਾਰੇ ਸੰਸਾਰ ਦੇ ਲੋਕਾਂ ਨੂੰ ਇੱਕ ਸਮਝਦੇ ਹਨ। ਉਹਨਾਂ ਦਾ ਧਰਮਾਂ, ਜਾਤਾਂ, ਨਸਲਾਂ ਤੇ ਰੰਗਾਂ ਦੇ ਆਧਾਰ ਤੇ ਉਸਰੀਆਂ ਜਥੇਬੰਦੀਆਂ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ। ਕਮਿਊਨਿਸਟ ਤਾਂ ਅਮੀਰ, ਗਰੀਬ ਵਿੱਚ ਵਧ ਰਹੇ ਖੱਪੇ ਦੇ ਵਿਰੁੱਧ ਹਨ।’’ ਅੰਤ ਵਿੱਚ ਤਰਕਸ਼ੀਲ ਆਗੂ ਅਵਤਾਰ ਗਿੱਲ ਨੇ ਕਿਹਾ ਕਿ ਅਸੀਂ ਆਪਣਾ ਪੱਖ ਲੋਕ ਕਚਹਿਰੀ ਵਿੱਚ ਰੱਖ ਦਿੱਤਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਬਾਬੇ ਦੇ ਵਿਰੁੱਧ ਡਟੀ
ਬਾਬੇ ਵੱਲੋਂ ਐਲੋਪੈਥਿਕ ਦਵਾਈਆਂ ਤੇ ਡਾਕਟਰਾਂ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਜੈ ਕੁਮਾਰ ਨੇ ਕਿਹਾ ਹੈ ਕਿ ਉਹ ਬਾਬੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਿਰੁੱਧ ਛੇਤੀ ਹੀ ਡਾਕਟਰਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਨੇ ਭਾਰਤੀ ਡਾਕਟਰਾਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਬਾਬੇ ਵੱਲੋਂ ਗੰਭੀਰ ਤੇ ਪੁਰਾਣੀਆਂ ਬੀਮਾਰੀਆਂ ਬਾਰੇ ਇਲਾਜ ਕਰਨ ਦਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮਦੇਵ ਦੀਆਂ ਦਵਾਈਆਂ ਦੀ ਪ੍ਰਯੋਗਕ ਪਰਖ ਅਜੇ ਤੱਕ ਨਹੀਂ ਹੋਈ। ਇਸ ਲਈ ਇਨ੍ਹਾਂ ਨੂੰ ਵਰਤਣਾ ਗ਼ਲਤ ਹੈ।
ਬਾਬੇ ਦੀ ਸੰਜੀਵਨੀ ਬੂਟੀ
ਉਤਰਾਖੰਡ ਦੀ ਸਰਕਾਰ ਬਾਬੇ ਦੁਆਰਾ ਲੱਭੀ ਗਈ ‘ਸੰਜੀਵਨੀ ਬੂਟੀ’ ਦੇ ਦਾਅਵੇ ਦੀ ਪਰਖ ਵੀ ਕਰ ਰਹੀ ਹੈ। ਇਹ ਉਹੀ ਹੀ ਸੰਜੀਵਨੀ ਬੂਟੀ ਹੈ ਜਿਸਦਾ ਜ਼ਿਕਰ ਰਮਾਇਣ ਵਿੱਚ ਵੀ ਆਉਦਾ ਹੈ। ਕਹਿੰਦੇ ਹਨ ਕਿ ਰਾਵਣ ਨਾਲ ਲੜਾਈ ਸਮੇਂ ਲਛਮਣ ਬੇਹੋਸ਼ ਹੋ ਗਿਆ ਸੀ, ਉਸਨੂੰ ਠੀਕ ਕਰਨ ਲਈ ਹਨੂੰਮਾਨ ਜੀ ਇਸ ਬੂਟੀ ਨੂੰ ਸਮੇਤ ਪਹਾੜ ਹੀ ਚੁੱਕ ਲਿਆਏ ਸਨ।

ਬਾਬਾ ਰਾਮ ਦੇਵ ਦੀ ਸੋਚ

ਮੇਘ ਰਾਜ ਮਿੱਤਰ (+91 98887 87440)
ਬਾਬਾ ਰਾਮ ਦੇਵ ਆਪਣੀਆਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਲਿਖਦਾ ਹੈ ਜਿਨ੍ਹਾਂimages (1) ਬਾਰੇ ਸਾਡੇ ਬਹੁਤ ਸਾਰੇ ਕਿੰਤੂ, ਪ੍ਰੰਤੂ ਹਨ। ਇਸ ਚੈਪਟਰ ਵਿੱਚ ਮੈਂ ਬਾਬਾ ਰਾਮ ਦੇਵ ਵੱਲੋਂ ਆਪਣੀ ਕਿਤਾਬ ‘‘ਯੋਗ ਸਾਧਨਾ ਅਤੇ ਯੋਗ ਚਕਿਤਸਾ ਰਹੱਸ’’ ਵਿੱਚ ਲਿਖੇ ਕੁਝ ਨੁਕਤਿਆਂ ਬਾਰੇ ਵਿਗਿਆਨਕ ਵਿਚਾਰ ਪੇਸ਼ ਕਰ ਰਿਹਾ ਹਾਂ।
ਬਾਬਾ ਰਾਮ ਦੇਵ : ਭਗਵਾਨ ਨੇ ਮਨੁੱਖ ਨੂੰ ਸ਼ਾਕਾਹਾਰੀ ਬਣਾਇਆ ਹੈ, ਜਦੋਂ ਅਸੀਂ ਰੋਟੀ ਖਾ ਕੇ ਜਿੰਦਾ ਰਹਿ ਸਕਦੇ ਹਾਂ ਤਾਂ ਕਿਸੇ ਜੀਵ ਦੀ ਹੱਤਿਆ ਕਰਕੇ ਉਸਦੀ ਪਿਆਰੀ ਜ਼ਿੰਦਗੀ ਖ਼ਤਮ ਕਰਕੇ ਸਾਨੂੰ ਜਿਉਣ ਦੀ ਕੀ ਲੋੜ ਹੈ। ਇਸ ਤਰ੍ਹਾਂ ਜਿਉਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਮਾਸ ਖਾਣ ਨਾਲ ਦਿਆ, ਕਰੂਣਾ, ਸਹਾਨਭੂਤੀ, ਪ੍ਰੇਮ, ਆਪਣਾਪਣ ਅਤੇ ਸ਼ਰਧਾ ਭਗਤੀ ਆਦਿ ਮਨੁੱਖੀ ਗੁਣਾ ਦਾ ਅੰਤ ਹੋ ਜਾਂਦਾ ਹੈ। ਮਾਸਾਹਾਰੀ ਦਾ ਪੇਟ ਇੱਕ ਮੁਰਦਾਘਾਟ ਦੀ ਤਰ੍ਹਾਂ ਹੁੰਦਾ ਹੈ।
ਯੋਗ ਸਾਧਨਾ ਸਫ਼ਾ 5
ਸਮੁੱਚੀ ਦੁਨੀਆਂ ਤੇ ਬਹੁਸੰਮਤੀ ਲੋਕ ਅਜਿਹੇ ਹਨ ਜਿਹੜੇ ਆਪਣੇ ਖਾਣੇ ਵਿਚ ਮਾਸ ਦੀ ਵਰਤੋਂ ਕਰਦੇ ਹਨ। ਪ੍ਰਾਚੀਨ ਵੈਦਾਂ ਵਿੱਚ ਗਊ ਮਾਸ ਦੀ ਵਰਤੋਂ ਤੇ ਕੋਈ ਪਾਬੰਦੀ ਨਹੀਂ ਸੀ। ਆਪਣੇ ਆਪ ਨੂੰ ਵੈਦਾਂ ਦਾ ਸਮਰੱਥਕ ਦਰਸਾਉਣ ਵਾਲਾ ਬਾਬਾ ਰਾਮ ਦੇਵ ਮਾਸਾਹਾਰੀ ਖਾਣਿਆਂ ਦਾ ਐਨਾ ਵਿਰੋਧੀ ਕਿਉ ਹੈ? ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਸਮੁੰਦਰਾਂ ਦੇ ਕਿਨਾਰਿਆਂ ਤੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਮੱਛੀ ਤੋਂ ਬਗ਼ੈਰ ਗੁਜ਼ਾਰਾ ਅਸੰਭਵ ਹੈ। ਬਾਬਾ ਜੀ ਜਿਹੜੇ ਮਾਨਵੀ ਗੁਣਾ ਦਿਆ, ਪ੍ਰੇਮ, ਸਹਾਨਭੂਤੀ ਅਤੇ ਆਪਣੇਪਣ ਦਾ ਸੰਬੰਧ ਸ਼ਾਕਾਹਾਰ ਨਾਲ ਜੋੜਨ ਦੀ ਗੱਲ ਕਰਦੇ ਹਨ ਉਹ ਬਿਲਕੁੱਲ ਹੀ ਬੇਬੁਨਿਆਦ ਹੈ। ਜੇ ਅੱਜ ਦੇ ਅੰਕੜੇ ਦੇਖੇ ਜਾਣ ਤਾਂ ਇਹ ਗੱਲ ਭਲੀਭਾਂਤ ਹੀ ਸਪਸ਼ਟ ਹੋ ਜਾਵੇਗੀ ਕਿ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ ਦੀ ਬਹੁਸੰਮਤੀ ਵਾਲੇ ਦੇਸ਼ ਭਾਰਤ ਵਿੱਚ ਹੀ ਸਭ ਤੋਂ ਵੱਧ ਕਤਲ, ਦੰਗੇ ਤੇ ਫ਼ਸਾਦ ਹੁੰਦੇ ਹਨ। ਫਿਰ ਸ਼ਾਕਾਹਾਰ ਹੋਣ ਨਾਲ ਬੰਦਾ ਦਿਆਵਾਨ ਕਿਵੇਂ ਹੋ ਜਾਂਦਾ ਹੈ। ਹਰਿਦੁਆਰ ਅਜਿਹਾ ਸਥਾਨ ਹੈ ਜਿੱਥੇ ਸ਼ਾਕਾਹਾਰੀਆਂ ਦੀ ਪ੍ਰਤੀਸ਼ਤ ਸ਼ਾਇਦ ਭਾਰਤ ਵਿੱਚ ਹੀ ਸਭ ਤੋਂ ਵੱਧ ਹੋਵੇ ਕੀ ਉੱਥੇ ਸਭ ਸੁੱਖ ਸ਼ਾਂਤੀ ਹੈ?
ਰਹੀ ਗੱਲ ਮਾਸਾਹਾਰੀ ਦੇ ਪੇਟ ਦੀ ਮੁਰਦਾਘਾਟ ਹੋਣ ਬਾਰੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋ ਸਕਦਾ ਜਿਸਦੇ ਪੇਟ ਵਿੱਚ ਅਰਬਾਂ ਦੀ ਗਿਣਤੀ ਵਿੱਚ ਜੀਵਤ ਤੇ ਮਿ੍ਰਤਕ ਜੀਵਾਣੂ ਨਾ ਹੋਣ। ਫਿਰ ਮਾਸਾਹਾਰੀ ਦਾ ਪੇਟ ਹੀ ਮੁਰਦਾਘਾਟ ਕਿਵੇਂ ਹੋਇਆ। ਭਾਰਤ ਦੀ 40% ਆਬਾਦੀ ਗ਼ਰੀਬੀ ਰੇਖਾ ਤੋਂ ਥੱਲੇ ਹੈ। ਇਨ੍ਹਾਂ ਗ਼ਰੀਬ ਲੋਕਾਂ ਲਈ ਸੁਆਲ ਮਾਸਾਹਾਰੀ ਜਾਂ ਸ਼ਾਕਾਹਾਰੀ ਹੋਣ ਦਾ ਨਹੀਂ ਸਗੋਂ ਢਿੱਡ ਭਰਨ ਦਾ ਹੈ। ਕਈ ਵਾਰ ਇਨ੍ਹਾਂ ਲੋਕਾਂ ਨੂੰ ਜੀਵਾਂ ਦਾ ਸ਼ਿਕਾਰ ਕਰਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।
ਬਾਬਾ ਰਾਮ ਦੇਵ : ਜਦੋਂ ਬੰਦੇ ਨੂੰ ਕਰੋਧ ਆਉਦਾ ਹੈ ਉਹ ਦੰਦ ਪੀਸਣ ਲੱਗ ਪੈਂਦਾ ਹੈ। ਇਸ ਲਈ ਕ੍ਰੋਧ ਪੈਦਾ ਹੋਣ ਦਾ ਸਥਾਨ ਦੰਦ ਹਨ।
ਯੋਗ ਸਾਧਨਾ ਸਫ਼ਾ 5
ਮੈਨੂੰ ਇਸ ਗੱਲ ਵਿੱਚ ਭੋਰਾ ਭਰ ਵੀ ਸਚਾਈ ਨਜ਼ਰ ਨਹੀਂ ਆਉਦੀ ਕਿ ਕੋ੍ਰਧ ਦੰਦਾਂ ਵਿੱਚ ਪੈਦਾ ਹੁੰਦਾ ਹੈ। ਵਾਲ, ਨੁੰਹ ਤੇ ਦੰਦ ਤਾਂ ਸਰੀਰ ਦਾ ਨਿਰਜੀਵ ਭਾਗ ਹੁੰਦੇ ਹਨ। ਇਨ੍ਹਾਂ ਵਿੱਚ ਕਿਸੇ ਕਿਸਮ ਦੀ ਚੇਤਨਾ ਪੈਦਾ ਹੋਣ ਦੀ ਗੱਲ ਕਰਨਾ ਸਮਝਦਾਰੀ ਨਹੀਂ। ਅਸਲ ਵਿੱਚ ਸੋਚਣ ਦੀ ਪ੍ਰਕਿਰਿਆ ਸਾਡੇ ਦਿਮਾਗ਼ ਦੇ ਸੈੱਲਾਂ ਵਿੱਚ ਹੁੰਦੀ ਹੈ। ਬਾਕੀ ਸਾਰੇ ਅੰਗ ਦਿਮਾਗ਼ ਜਾਂ ਮਨ ਦੇ ਹੁਕਮ ਦੀ ਪਾਲਣਾ ਕਰਦੇ ਹਨ।
ਬਾਬਾ ਰਾਮ ਦੇਵ : ਗਰਮ ਪਾਣੀ ਨਾਲ ਇਸਨਾਨ ਕਰਨ ਨਾਲ ਬੁੱਧੀ ਤੇਜ਼ ਨਹੀਂ ਰਹਿੰਦੀ ਅਤੇ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ। ਵਾਲ ਵੀ ਛੇਤੀ ਸਫ਼ੈਦ ਹੋ ਜਾਂਦੇ ਹਨ? ਯੋਗ ਸਾਧਨਾ ਸਫ਼ਾ 7
ਨਹਾਉਣ ਸਮੇਂ ਪਾਣੀ ਠੰਡਾ ਹੋਵੇ ਜਾਂ ਗਰਮ ਇਹ ਸਾਰੇ ਵਿਅਕਤੀਆਂ ਦੀ ਨਿੱਜੀ ਚੋਣ ਹੁੰਦੀ ਹੈ। ਇੱਕ ਵਿਅਕਤੀ ਸਾਰਾ ਦਿਨ ਖੇਤਾਂ ਵਿੱਚ ਮਜ਼ਦੂਰੀ ਕਰਕੇ ਆਉਦਾ ਹੈ ਤੇ ਘਰ ਆ ਕੇ ਉਹ ਗਰਮ ਪਾਣੀ ਨਾਲ ਨਹਾ ਕੇ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦਾ ਹੈ। ਕੀ ਉਹ ਗ਼ਲਤ ਕਰ ਰਿਹਾ ਹੈ? ਦੁਨੀਆਂ ਵਿੱਚ ਬਹੁਤ ਸਾਰੇ ਸਥਾਨ ਅਜਿਹੇ ਹਨ ਜਿੱਥੇ ਸਰਦੀਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਿਆ ਜਾਂਦਾ ਹੈ ਅਜਿਹੇ ਸਥਾਨਾਂ ਤੇ ਰਹਿਣ ਵਾਲੇ ਲੋਕਾਂ ਨੂੰ ਇਹ ਸਿੱਖਿਆ ਦੇਣੀ ਕਿ ਤੁਸੀਂ ਠੰਡੇ ਪਾਣੀ ਨਾਲ ਨਹਾਇਆ ਕਰੋ ਇਹ ਹਾਸੋਹੀਣੀ ਗੱਲ ਹੀ ਹੋਵੇਗੀ। ਜੇ ਠੰਡੇ ਪਾਣੀ ਨਾਲ ਨਹਾਉਣ ਨਾਲ ਬੁੱਧੀ ਤੇਜ਼ ਹੁੰਦੀ ਹੈ ਤਾਂ ਸਭ ਤੋਂ ਵੱਧ ਨੋਬਲ ਪ੍ਰਾਈਜ਼ ਭਾਰਤੀਆਂ ਨੂੰ ਖ਼ਾਸ ਕਰਕੇ ਹਰਿਦੁਆਰ ਦੇ ਵਸਨੀਕਾਂ ਨੂੰ ਹੀ ਮਿਲਦੇ ਜਿੱਥੇ ਠੰਡੇ ਪਾਣੀ ਨਾਲ ਨਹਾਉਣ ਵਾਲਿਆਂ ਦੀ ਪ੍ਰਤੀਸ਼ਤਾ ਵਧੇਰੇ ਹੈ।
ਭਾਰਤ ਦੇ ਪਿੰਡਾਂ ਵਿੱਚ ਜਿੱਥੇ ਵਧੇਰੇ ਲੋਕਾਂ ਕੋਲ ਨਹਾਉਣ ਲਈ ਗਰਮ ਪਾਣੀ ਹੁੰਦਾ ਹੀ ਨਹੀਂ ਉਨ੍ਹਾਂ ਲੋਕਾਂ ਦੀ ਨਿਗ੍ਹਾ ਜੇ ਟੈਸਟ ਕਰਵਾ ਕੇ ਵੇਖੀ ਜਾਵੇ ਤਾਂ ਇਹ ਸਭ ਤੋਂ ਘੱਟ ਹੋਵੇਗੀ। ਉਨ੍ਹਾਂ ਵਿਚਾਰਿਆਂ ਕੋਲ ਤਾਂ ਐਨਕਾਂ ਲਗਵਾਉਣ ਦੀ ਸਮਰੱਥਾ ਹੀ ਨਹੀਂ ਹੁੰਦੀ।
ਠੰਡੇ ਪਾਣੀ ਦੇ ਇਸਤੇਮਾਲ ਨਾਲ ਵਾਲ ਕਿਵੇਂ ਸਫ਼ੈਦ ਨਹੀਂ ਹੁੰਦੇ? ਸ਼ਾਇਦ ਬਾਬਾ ਜੀ ਇਸ ਬਾਰੇ ਕੋਈ ਵਧੀਆ ਦਲੀਲ ਪੇਸ਼ ਕਰ ਸਕਣ ਤਾਂ ਉਨ੍ਹਾਂ ਦੀ ਇਸ ਗੱਲ ਨੂੰ ਸਵੀਕਾਰ ਕਰਨ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਜੇ ਠੰਡ ਨਾਲ ਹੀ ਵਾਲ ਕਾਲੇ ਰਹਿੰਦੇ ਹੁੰਦੇ ਤਾਂ ਐਂਟਰਾਟਿਕਾਂ ਦੇ ਵਸਨੀਕਾਂ ਦੇ ਵਾਲ ਕਦੇ ਵੀ ਸਫ਼ੈਦ ਨਾ ਹੁੰਦੇ। ਜੇ ਗਰਮੀ ਨਾਲ ਵਾਲ ਸਫੈਦ ਹੁੰਦੇ ਤਾਂ ਅਫਰੀਕਣਾਂ ਦੇ ਵਾਲ ਕਦੇ ਵੀ ਕਾਲੇ ਨਾ ਹੁੰਦੇ। ਮੈਂ ਸਮਝਦਾ ਹਾਂ ਵਾਲਾਂ ਦੇ ਸਫੈਦ ਹੋਣ ਦਾ ਕਾਰਨ ਸਰੀਰ ਵਿੱਚ ਕਿਸੇ ਰਸ ਦੀ ਘਾਟ ਹੁੰਦੀ ਹੈ ਜੋ ਆਮ ਤੌਰ ਤੇ ਬੁਢਾਪੇ ਵਿੱਚ ਪੈਦਾ ਹੋਣਾ ਘੱਟ ਜਾਂਦਾ ਹੈ।
ਬਾਬਾ ਰਾਮ ਦੇਵ : ਈਸਾਈ, ਮੁਸਲਮ, ਜੈਨ ਤੇ ਬੁੱਧ ਧਰਮ ਵਿੱਚ ਉਹ ਸਮੱਗਰੀ, ਵਿਆਪਕਤਾ ਤੇ ਪਰਪੱਕਤਾ ਨਹੀਂ ਜਿਸ ਲਈ ਮਾਨਵ ਜਾਤੀ ਉਨ੍ਹਾਂ ਨੂੰ ਅਪਣਾ ਸਕੇ। ਇਨ੍ਹਾਂ ਸਭ ਦੀਆਂ ਆਪਣੀਆਂ-ਆਪਣੀਆਂ ਸੀਮਾਵਾਂ ਨੇ। ਇਨ੍ਹਾਂ ਧਰਮਾਂ ਨੂੰ ਫੈਲਾਉਣ ਲਈ ਇੱਥੇ ਖ਼ੂਨੀ ਸੰਘਰਸ਼ ਹੋਏ ਨੇ ਪ੍ਰੰਤੂ ਸਿੱਟੇ ਕੋਈ ਵੀ ਨਹੀਂ ਨਿਕਲੇ।
ਦੁਨੀਆਂ ਵਿੱਚ ਦੋ ਤਿਹਾਈ ਜੰਗਾਂ ਧਰਮ ਦੇ ਨਾਂ ਤੇ ਹੀ ਲੜੀਆਂ ਗਈਆਂ ਤੇ ਅਰਬਾਂ ਲੋਕ ਇਨ੍ਹਾਂ ਜੰਗਾਂ ਦੀ ਭੇਂਟ ਚਾੜ ਦਿੱਤੇ ਗਏ ਹਨ। ਭਾਰਤ ਵਿੱਚ 1947 ਦੇ ਦੰਗਿਆਂ ਰਾਹੀਂ ਪੰਜਾਬ ਤੇ ਬੰਗਾਲ ਦੇ ਦਸ ਲੱਖ ਵਿਅਕਤੀ ਵੱਢ ਟੁੱਕ ਦਿੱਤੇ ਗਏ ਸਨ।
1984 ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਤਿੰਨ ਹਜ਼ਾਰ ਵਿਅਕਤੀ ਗਲਾਂ ਵਿੱਚ ਟਾਇਰ ਪਾਕੇ ਫੂਕ ਦਿੱਤੇ ਗਏ ਸਨ। ਅਹਿਮਦਾਬਾਦ, ਗੁਜਰਾਤ ਵਿੱਚ ਧਰਮ ‘ਆਦਮ ਬੋ-ਆਦਮ ਬੋ’ ਕਰਦਾ ਹੀ ਰਹਿੰਦਾ ਹੈ। ਅੱਜ ਅਗਸਤ ਦੋ ਹਜ਼ਾਰ ਅੱਠ ਵਿੱਚ ਇਹ ਦੈਂਤ ਜੰਮੂ ਤੇ ਸ੍ਰ੍ਰੀਨਗਰ ਵਿੱਚ ਬੜਿਆ ਹੋਇਆ ਹੈ ਜਿੱਥੇ ਆਏ ਦਿਨ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਕੀ ਹਿੰਦੂ ਧਰਮ ਜਿਸਦਾ ਬਾਬੇ ਨੇ ਕੋਈ ਜ਼ਿਕਰ ਨਹੀਂ ਕੀਤਾ ਕੀ ਇਨ੍ਹਾਂ ਗੱਲਾਂ ਤੋਂ ਉੱਪਰ ਹੈ? ਅਸਲ ਵਿੱਚ ਬਾਬਾ ਬਾਕੀ ਧਰਮਾਂ ਦੇ ਨਾਂਹਪੱਖੀ ਰੋਲ ਦਾ ਜ਼ਿਕਰ ਕਰਕੇ ਆਪਣੇ ਧਰਮ ਬਾਰੇ ਚੁੱਪ ਹੀ ਵੱਟ ਲੈਂਦਾ ਹੈ। ਦੁਨੀਆਂ ਦੀ ਕੁੱਲ ਆਬਾਦੀ ਵਿੱਚੋਂ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਈਸਾਈ ਧਰਮ ਵਿੱਚ ਹੈ। ਮੁਸਲਮ ਧਰਮ ਵਾਲੇ ਵੀ ਹਿੰਦੂ ਧਰਮ ਤੋਂ ਘੱਟ ਸੰਮਤੀ ਵਿਚ ਨਹੀਂ ਹਨ। ਅਸਲ ਵਿੱਚ ਬਾਬਾ ਅੰਤਰਰਾਸ਼ਟਰੀ ਸੋਚ ਦਾ ਮਾਲਕ ਨਹੀਂ ਹੈ।
ਬਾਬਾ ਰਾਮ ਦੇਵ : ਜੇ ਕੋਈ ਬੰਦਾ ਈਸਾਈ ਧਰਮ ਜਾਂ ਇਸਲਾਮ ਧਰਮ ਨੂੰ ਅਪਣਾ ਲਵੇ ਤਾਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ।
ਇੱਥੇ ਬਾਬਾ ਇਹ ਗੱਲ ਭਾਰਤ ਦੇ ਸੰਦਰਭ ਵਿੱਚ ਕਹਿੰਦਾ ਹੈ। ਅਸਲ ਵਿੱਚ ਇੱਥੇ ਬਾਬਾ ਹਿੰਦੂ ਧਰਮ ਨੂੰ ਛੱਡ ਜਾਂਦਾ ਹੈ। ਅਸਲੀਅਤ ਇਹ ਹੈ ਕਿ ਜਦੋਂ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਅਪਣਾ ਲੈਂਦਾ ਹੈ ਤਾਂ ਉਸਦੀ ਸੋਚ ਨਿਰਪੱਖ ਨਹੀਂ ਰਹਿੰਦੀ। ਹਿੰਦੂ ਨੂੰ ਸਿਰਫ਼ ਹਿੰਦੂ ਤੇ ਮੁਸਲਮਾਨਾਂ ਨੂੰ ਸਿਰਫ਼ ਮੁਸਲਮਾਨ ਤੇ ਸਿੱਖਾਂ ਨੂੰ ਸਿਰਫ਼ ਸਿੱਖ ਹੀ ਚੰਗੇ ਲੱਗਣ ਲੱਗ ਜਾਂਦੇ ਹਨ। ਇਹੀ ਗੱਲ ਹੁਕਮਰਾਨਾਂ ਤੇ ਜਾ ਢੁਕਦੀ ਹੈ। ਉਹ ਸਾਰੇ ਫ਼ੈਸਲੇ ਆਪਣੇ ਧਰਮਾਂ ਵਾਲਿਆਂ ਦੇ ਹੱਕ ਵਿੱਚ ਕਰਨ ਲੱਗ ਜਾਂਦੇ ਹਨ। ਉਦਾਹਰਣ ਸਪੱਸ਼ਟ ਹੈ ਪੰਜਾਬ ਵਿੱਚ ਅਕਾਲੀ ਸਿਆਸਤ ਵਿੱਚ ਹਨ। ਉਹ ਸਿੱਖ ਪੱਖੀ ਧਾਰਮਿਕ ਅਦਾਰਿਆਂ ਦੀ ਮੱਦਦ ਕਰਦੇ ਹਨ। ਕਦੇ ਕਿਸੇ ਲੀਡਰ ਨੇ ਤਰਕਸ਼ੀਲਾਂ ਦੀ ਕਿਸੇ ਜਥੇਬੰਦੀ ਦੀ ਕੋਈ ਮੱਦਦ ਨਹੀਂ ਕੀਤੀ। ਕਿਸੇ ਵੀ ਧਰਮ ਦੇ ਪੈਰੋਕਾਰ ਨਿਰਪੱਖ ਜਾਂ ਦੇਸ਼ ਭਗਤ ਹੋ ਹੀ ਨਹੀਂ ਸਕਦੇ। ਇਸ ਲਈ ਧਰਮ ਦੇ ਪੱਖੀ ਹੋਣ ਦਾ ਮਤਲਬ ਭਾਰਤੀ ਸੰਵਿਧਾਨ ਦੇ ਵਿਰੋਧੀ ਹੋਣਾ ਹੈ।
ਬਾਬਾ ਰਾਮ ਦੇਵ : ਕਾਮਵਾਸ਼ਨਾ ਨੂੰ ਉਤੇਜਿਤ ਕਰਨ ਵਾਲੇ ਖਾਣੇ, ਤਸਵੀਰਾਂ, ਗਾਣਿਆਂ ਦਾ ਤਿਆਗ ਕਰਕੇ ਵੀਰਜ ਰੱਖਿਆ ਕਰਨਾ ਬ੍ਰਹਮਚਾਰਿਆ ਅਖਵਾਉਦਾ ਹੈ। ਬ੍ਰਹਮਚਾਰੀਆਂ ਨੂੰ ਇਨ੍ਹਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ।
ਸਰੀਰ ਵਿੱਚ ਬਹੁਤ ਸਾਰੇ ਅੰਗ ਅਜਿਹੇ ਹਨ ਜਿਹੜੇ ਰਸ ਪੈਦਾ ਕਰਦੇ ਰਹਿੰਦੇ ਹਨ। ਵੀਰਜ ਵੀ ਅਜਿਹਾ ਹੀ ਇੱਕ ਰਸ ਹੈ ਜਿਹੜਾ ਸੰਤਾਨ ਉਤਪਤੀ ਲਈ ਜ਼ਰੂਰੀ ਹੈ। ਇਸ ਰਸ ਦਾ ਜਿੰਨਾ ਅਸੀਂ ਉਪਯੋਗ ਕਰਦੇ ਹਾਂ ਸਰੀਰ ਆਪਣੇ ਆਪ ਹੀ ਇਸ ਦੀ ਕਮੀ ਪੂਰੀ ਕਰ ਲੈਂਦਾ ਹੈ। ਮੈਨੂੰ ਬਾਬਾ ਜੀ ਦੀ ਇਹ ਗੱਲ ਸਮਝ ਨਹੀਂ ਪੈਂਦੀ ਕਿ ਉਹ ਵੀਰਜ ਰੱਖਿਆ ਲਈ ਕਿਉ ਕਹਿੰਦਾ ਹੈ। ਸ਼ਾਇਦ ਬਾਬਾ ਜੀ ਨੂੰ ਇਹ ਭਰਮ ਹੈ ਕਿ ਵੀਰਜ ਸਰੀਰਕ ਤਾਕਤ ਦਾ ਮੁੱਖ ਸੋਮਾ ਹੈ। ਅਸਲ ਵਿੱਚ ਅਜਿਹਾ ਨਹੀਂ। ਜਦੋਂ ਪੁਰਸ਼ ਜਾਂ ਇਸਤਰੀ ਜਵਾਨੀ ਵਿੱਚ ਪੈਰ ਧਰਦੇ ਹਨ ਤਾਂ ਉਹਨਾਂ ਵਿੱਚ ਸੰਤਾਨ ਉਤਪਤੀ ਕਰਨ ਵਾਲੇ ਰਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੇ ਨਿਕਾਸ ਦਾ ਕਿਸੇ ਕਿਸਮ ਦੀ ਸਰੀਰਕ ਕਮਜ਼ੋਰੀ ਨਾਲ ਕੋਈ ਸਬੰਧ ਨਹੀਂ ਹੁੰਦਾ। ਜਦੋਂ ਸਰੀਰ ਵਿੱਚ ਇਸ ਰਸ ਦੀ ਘਾਟ ਹੁੰਦੀ ਹੈ ਤਾਂ ਸਰੀਰਕ ਗੰ੍ਰਥੀਆਂ ਇਸ ਦੀ ਪੈਦਾਇਸ਼ ਨੂੰ ਵਧਾ ਦਿੰਦੀਆਂ ਹਨ। ਚੰਗੀ ਸਿਹਤ ਵਾਲੇ ਆਦਮੀਆਂ, ਇਸਤਰੀਆਂ ਲਈ ਕਾਮ ਸੰਤਾਨ ਉਤਪਤੀ ਤੋਂ ਇਲਾਵਾ ਇੱਕ ਹਲਕੀ ਕਸਰਤ ਵੀ ਹੈ। ਬਾਬਾ ਬਾਕੀ ਕਸਰਤਾਂ ਤੇ ਜ਼ੋਰ ਦਿੰਦਾ ਹੈ ਪਰ ਇਸ ਕਸਰਤ ਤੋਂ ਪ੍ਰਹੇਜ਼ ਰਖਵਾਉਦਾ ਹੈ। ਮੈਨੂੰ ਲੱਗਦਾ ਹੈ ਬਾਬਾ ਜੀ ਦੀ ਇਹ ਗੱਲ ਦਰੁਸਤ ਨਹੀਂ।
ਬਾਬਾ ਰਾਮ ਦੇਵ : ਭਗਵਤੀ ਅਤੇ ਗੰਗਾ ਦੇ ਪਵਿੱਤਰ ਜਲ ਨਾਲ ਸਰੀਰ ਦੀ ਸ਼ੁੱਧੀ ਹੋ ਸਕਦੀ ਹੈ। ਯੋਗ ਸਾਧਨਾ ਸਫ਼ਾ 13
ਗੰਗਾ ਦੇ ਕਿਨਾਰੇ ਤੇ ਹਜ਼ਾਰਾਂ ਸ਼ਹਿਰ ਤੇ ਪਿੰਡ ਵਸੇ ਹੋਏ ਹਨ। ਇਨ੍ਹਾਂ ਦੇ ਬਹੁਤ ਵਸਨੀਕਾਂ ਤੇ ਪਸ਼ੂਆਂ ਦਾ ਮਲ ਤਿਆਗ ਗੰਗਾ ਦੇ ਪਾਣੀ ਵਿੱਚ ਜਾ ਰਲਦਾ ਹੈ। ਗੰਗੋਤਰੀ ਜਮਨੋਤਰੀ ਦੀ ਯਾਤਰਾ ਸਮੇਂ ਮੈਂ ਆਪਣੀਆਂ ਅੱਖਾਂ ਨਾਲ ਉੱਤਰ ਕਾਸ਼ੀ ਸ਼ਹਿਰ ਦਾ ਸੈਂਕੜੇ ਟਨ ਮਨੁੱਖੀ ਮਲ ਤਿਆਗ ਗੰਗਾ ਵਿੱਚ ਤੈਰਦਾ ਵੇਖਿਆ ਹੈ। ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਗੰਗਾ ਜਲ ਪਵਿੱਤਰ ਹੋ ਹੀ ਨਹੀਂ ਸਕਦਾ। ਭਾਰਤ ਦੀਆਂ ਦਸ ਪ੍ਰਯੋਗਸ਼ਾਲਾਵਾਂ ਵਿੱਚ ਗੰਗਾ ਜਲ ਦੀ ਇੱਕ-ਇੱਕ ਸ਼ੀਸ਼ੀ ਭੇਜ ਕੇ ਇਸ ਗੱਲ ਦੀ ਪਰਖ ਕਰਵਾਈ ਜਾ ਸਕਦੀ ਹੈ। ਬਹੁਤ ਸਾਰੇ ਵਿਅਕਤੀ ਇਹ ਕਹਿੰਦੇ ਹਨ ਕਿ ਗੰਗਾ ਜਲ ਦੇ ਪਵਿੱਤਰ ਹੋਣ ਕਾਰਨ ਇਸ ਵਿੱਚ ਜਾਲੇ ਨਹੀਂ ਬਣਦੇ। ਅਸਲ ਵਿੱਚ ਗੰਗਾ ਜਲ ਵਿੱਚ ਮਲਮੂਤਰ ਆਦਿ ਹੋਣ ਕਾਰਨ ਇਸ ਨੂੰ ਖਾਣ ਲਈ ਬੈਕਟੀਰੀਆ ਫਾਸ ਨਾ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਜੋ ਜਾਲੇ ਪੈਦਾ ਹੋਣ ਨਹੀਂ ਦਿੰਦਾ।
ਸੋ ਗੰਗਾ ਜਲ ਨਾਲ ਸਰੀਰ ਦੀ ਸ਼ੁੱਧੀ ਹੋਣ ਵਾਲੀ ਗੱਲ ਅੰਧ ਵਿਸ਼ਵਾਸ ਤੋਂ ਵਧੇਰੇ ਕੁਝ ਨਹੀਂ ਹੈ।
ਬਾਬਾ ਰਾਮ ਦੇਵ : ਪੂਰਨ ਸੱਤਿਆ ਚਰਨ ਵਾਲਾ ਵਿਅਕਤੀ ਜੋ ਕੁਝ ਮੂੰਹੋਂ ਕਹਿ ਦਿੰਦਾ ਹੈ ਉਹ ਪੂਰਾ ਹੋ ਜਾਂਦਾ ਹੈ।
ਬਾਬਾ ਜੀ ਅਜਿਹਾ ਇੱਕ ਵੀ ਪੁਰਸ਼ ਸੰਸਾਰ ਵਿੱਚੋਂ ਕਿਧਰੋਂ ਵੀ ਲੱਭ ਕੇ ਲੈ ਆਉਣ ਉਸਨੂੰ ਕਹਿਣ ਕਿ ਧਰਤੀ ਸੂਰਜ ਦੁਆਲੇ ਚੱਕਰ ਲਾਉਣਾ ਬੰਦ ਕਰ ਦੇਵੇ ਸਗੋਂ ਸੂਰਜ ਧਰਤੀ ਦੁਆਲੇ ਚੱਕਰ ਲਾਉਣਾ ਸ਼ੁਰੂ ਕਰ ਦੇਵੇ। ਕੀ ਇਹ ਹੋ ਜਾਵੇਗਾ? ਜੀ ਨਹੀਂ ਅਸਲ ਵਿੱਚ ਅਜਿਹਾ ਇੱਕ ਵੀ ਵਿਅਕਤੀ ਨਾ ਕਿਧਰੇ ਪੈਦਾ ਹੋਇਆ ਹੈ ਨਾ ਹੀ ਪੈਦਾ ਹੋਵੇਗਾ ਜਿਸਦਾ ਕਿਹਾ ਹਰ ਬੋਲ ਸੱਚ ਹੋਵੇਗਾ। ਬਾਬਾ ਜੀ ਇਸ ਗੱਲ ਦੇ ਨਾਲ ਵੀ ਇਹ ਗੱਲ ਲਿਖਦੇ ਹਨ ਕਿ ਯੋਗੀ ਪੁਰਸ਼ ਕਦੇ ਵੀ ਅਸੰਭਵ, ਹਾਨੀਕਾਰਕ ਤੇ ਆਯੁਕਤ ਬਾਣੀ ਨਹੀਂ ਬੋਲਦੇ ਹਨ। ਬਾਬਾ ਜੀ ਜੇ ਤੁਸੀਂ ਕੋਈ ਅਜਿਹਾ ਵਿਅਕਤੀ ਲੱਭ ਕੇ ਉਸਤੋਂ ਬੁਲਾ ਦੇਵੋ ਕਿ ਭਾਰਤ ਵਿੱਚੋਂ ਬੇਰੁਜ਼ਗਾਰੀ ਤੇ ਅਣਪੜ੍ਹਤਾ ਛੇ ਮਹੀਨੇ ਦੇ ਅੰਦਰ-ਅੰਦਰ ਖ਼ਤਮ ਹੋ ਜਾਵੇ, ਕੀ ਇਹ ਖ਼ਤਮ ਹੋ ਜਾਵੇਗੀ। ਨਹੀਂ, ਇਹ ਗੱਲਾਂ ਤਾਂ ਉਦੋਂ ਸੰਭਵ ਹੋਣਗੀਆਂ ਜਦੋਂ ਇੱਥੇ ਲੋਕ ਹਿੱਤੂ ਚੰਗੇ ਵਿਅਕਤੀਆਂ ਦੀ ਟੀਮ ਇਸ ਦੇਸ਼ ਦੀ ਸਤ੍ਹਾ ਤੇ ਕਾਬਜ਼ ਹੋਵੇਗੀ।
ਬਾਬਾ ਰਾਮ ਦੇਵ : ਜੇਕਰ ਸੰਸਾਰ ਦੇ ਲੋਕ ਅਸਲ ਵਿੱਚ ਇਸ ਗੱਲ ਲਈ ਗੰਭੀਰ ਨੇ ਕਿ ਸੰਸਾਰ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਇਸਦਾ ਇੱਕੋ ਇੱਕ ਹੱਲ ਹੈ ਅਸਟਾਂਗ ਯੋਗ ਦੀ ਪਾਲਣਾ। ਅਸਟਾਂਗ ਯੋਗ ਨਾਲ ਹੀ ਸਰੀਰਕ ਸਿਹਤ, ਦਿਮਾਗ਼ੀ ਚੇਤਨਾ, ਮਾਨਸਿਕ ਸ਼ਾਂਤੀ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ।
ਆਉ ਵੇਖੀਏ ਕਿ ਇਹ ਅਸਟਾਂਗ ਯੋਗ ਤੋਂ ਬਾਬਾ ਜੀ ਦਾ ਕੀ ਭਾਵ ਹੈ, ਅਸਟਾਂਗ ਦਾ ਮਤਲਬ ਹੈ ਅੱਠ ਅੰਗ।
1. ਮਨ ਅਤੇ ਸਰੀਰ ਦੀਆਂ ਇੰਦਰੀਆਂ ਨੂੰ ਹਿੰਸਕ ਕਾਰਵਾਈਆਂ ਤੋਂ ਹਟਾ ਕੇ ਆਤਮਿਕ ਕੇਂਦਰ ਕਰਨਾ
2. ਆਤਮਾ ਦੀ ਸ਼ੁੱਧੀ ਕਰਨਾ, ਸੰਤੋਸ਼, ਤਪ, ਸ਼ਕਤੀ
3. ਆਸਣ ਲਗਾਉਣਾ
4. ਪ੍ਰਾਣ ਯਾਮ ਕਰਨਾ
5. ਇੰਦਰੀਆਂ ਨੂੰ ਅੰਤਰਮੁਖੀ ਕਰਨਾ
6. ਮਨ ਨੂੰ ਇਕਾਗਰ ਕਰਨਾ
7. ਧਿਆਨ ਲਾਉਣਾ
8. ਸਮਾਧੀ ਲਾਉਣੀ ਯੋਗ ਸਾਧਨਾ ਸਫ਼ਾ 9
ਬਾਬਾ ਜੀ ਸਮਝਦੇ ਹਨ ਕਿ ਜੇ ਸੰਸਾਰ ਦੇ ਸਾਰੇ ਵਿਅਕਤੀ ਉਪਰੋਕਤ ਅੱਠ ਨਿਯਮਾਂ ਦਾ ਪਾਲਣ ਕਰਨ ਤਾਂ ਪੂਰੇ ਸੰਸਾਰ ਵਿੱਚ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ।
ਹੁਣ ਆਓ ਵੇਖੀਏ ਕਿ ਸੰਸਾਰ ਵਿੱਚ ਇਸ ਤਰ੍ਹਾਂ ਕਰਨ ਨਾਲ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ?
ਜਿਵੇਂ ਦੁਨੀਆਂ ਦੇ ਲੋਕ ਜਾਣਦੇ ਹਨ ਕਿ ਸਮੁੱਚਾ ਮਨੁੱਖੀ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਇੱਕ ਜਮਾਤ ਉਹਨਾਂ ਅਮੀਰ ਲੋਕਾਂ ਦੀ ਹੈ ਜੋ ਦੂਸਰਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਕਰਦੇ ਹਨ। ਦੂਸਰੀ ਜਮਾਤ ਉਹਨਾਂ ਲੋਕਾਂ ਦੀ ਹੈ ਜੋ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਜਿੰਨਾ ਚਿਰ ਦੁਨੀਆਂ ਵਿੱਚ ਚੋਰ ਵੰਡ ਰਹੇਗੀ ਕੀ ਇੱਥੇ ਸ਼ਾਂਤੀ ਸੰਭਵ ਹੈ। ਬਾਬਾ ਜੀ ਦੇ ਉਪਰੋਕਤ ਨਿਯਮਾਂ ਦੀ ਪਾਲਣਾ ਨਾਲ ਅਮੀਰਾਂ ਨੇ ਆਪਣਾ ਧੰਨ ਦੌਲਤ ਗ਼ਰੀਬਾਂ ਵਿੱਚ ਵੰਡਣਾ ਨਹੀਂ ਹੈ। ਇਸ ਲਈ ਜਿੰਨਾ ਚਿਰ ਅਮੀਰਾਂ ਗ਼ਰੀਬਾਂ ਦੀ ਦੌਲਤ ਵਿੱਚ ਇਹ ਵੱਡਾ ਪਾੜਾ ਕਾਇਮ ਰਹੇਗਾ ਉਨਾ ਚਿਰ ਇੱਥੇ ਕਿਸੇ ਕਿਸਮ ਦੀ ਸ਼ਾਂਤੀ ਸਥਾਪਤ ਹੋਣਾ ਅਸੰਭਵ ਹੋਵੇਗਾ। ਇਹ ਸ਼ਾਂਤੀ ਉਸ ਸਮੇਂ ਹੀ ਸੰਭਵ ਹੋਵੇਗੀ ਜਦੋਂ ਇੱਥੇ ਗ਼ਰੀਬਾਂ ਤੇ ਅਮੀਰਾਂ ਵਿੱਚ ਇਹ ਪਾੜਾ ਖ਼ਤਮ ਹੋਵੇਗਾ। ਇਹ ਪਾੜਾ ਉਨਾ ਚਿਰ ਖ਼ਤਮ ਨਹੀਂ ਹੋਵੇਗਾ ਜਿੰਨਾ ਚਿਰ ਇੱਥੇ ਰਾਜ ਸੱਤਾ ਵਿੱਚ ਅਜਿਹੇ ਲੋਕ ਨਹੀਂ ਆਉਣਗੇ ਜੋ ਕਾਨੂੰਨ ਰਾਹੀਂ ਅਮੀਰਾਂ ਦੀ ਧੰਨ ਦੌਲਤ ਤੇ ਰਾਜ ਸੱਤਾ ਦਾ ਕਬਜ਼ਾ ਨਹੀਂ ਕਰਨਗੇ। ਸੋ ਦੌਲਤ ਦੀ ਕਾਣੀ ਵੰਡ ਹੀ ਅਸ਼ਾਂਤੀ ਦਾ ਕਾਰਨ ਹੈ। ਇਹ ਕਾਣੀ ਵੰਡ ਸ਼ਾਂਤੀ ਨਾਲ ਹੀ ਖ਼ਤਮ ਕੀਤੀ ਜਾਣੀ ਸੰਭਵ ਨਹੀਂ, ਕਿਉਕਿ ਅੱਜ ਕੱਲ੍ਹ ਧੰਨ ਦੌਲਤ ਤੇ ਕਾਬਜ਼ ਆਪਣੇ ਧੰਨ ਦੌਲਤ ਰਾਹੀਂ ਹੀ ਸਤ੍ਹਾ ਤੇ ਕਾਬਜ਼ ਹਨ। ਦੌਲਤ ਹੀਣ ਵਿਅਕਤੀਆਂ ਦਾ ਅੱਜ ਦੇ ਨੋਟਾਂ ਤੇ ਨਸ਼ੇ ਵੰਡਣ ਦੇ ਦੌਰ ਵਿੱਚ ਸ਼ਾਂਤੀ ਨਾਲ ਸਤ੍ਹਾ ਤੇ ਕਾਬਜ਼ ਹੋਣਾ ਸੰਭਵ ਨਹੀਂ।
ਬਾਬਾ ਰਾਮ ਦੇਵ : ਭੋਜਨ ਕਰਨ ਸਮੇਂ ਗੱਲਬਾਤ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਚਿੱਥਿਆ ਨਹੀਂ ਜਾਂਦਾ। ਇਸ ਲਈ ਭੋਜਨ ਕਰਦੇ ਸਮੇਂ ਚੁੱਪ ਰਹਿਕੇ ਭਗਵਾਨ ਦਾ ਨਾਮ ਜਪਦੇ ਹੋਏ ਚਿੱਥ-ਚਿੱਥ ਕੇ ਭੋਜਨ ਕਰਨਾ ਚਾਹੀਦਾ ਹੈ।
ਮੈਂ ਬਾਬਾ ਜੀ ਦੀ ਇਸ ਗੱਲ ਨਾਲ ਤਾਂ ਸਹਿਮਤ ਹਾਂ ਕਿ ਭੋਜਨ ਚੰਗੀ ਤਰ੍ਹਾਂ ਚਿੱਥ-ਚਿੱਥ ਕੇ ਕਰਨਾ ਚਾਹੀਦਾ ਹੈ। ਪਰ ਉਹਨਾਂ ਦੀ ਇਸ ਗੱਲ ਨਾਲ ਬਿਲਕੁੱਲ ਵੀ ਸਹਿਮਤ ਨਹੀਂ ਹਾਂ ਕਿ ਭੋਜਨ ਕਰਨ ਸਮੇਂ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਕੀ ਕਿਸੇ ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਨਾਲ ਸ਼ਬਦ ਦੁਹਰਾਉਣ ਵਾਲੇ ਵਿਅਕਤੀ ਦੀ ਸਿਹਤ ਵਧੀਆ ਹੋ ਜਾਂਦੀ ਹੈ ਜਾਂ ਜਿਸ ਸ਼ਬਦ ਦਾ ਵਾਰ-ਵਾਰ ਦੁਹਰਾਓ ਕੀਤਾ ਜਾਂਦਾ ਹੈ ਕੀ ਉਸਦੀ ਸਿਹਤ ਨੂੰ ਕੋਈ ਫ਼ਰਕ ਪਵੇਗਾ? ਇਹ ਗੱਲ ਹਰੇਕ ਵਿਅਕਤੀ ਨੂੰ ਵਿਚਾਰਨੀ ਚਾਹੀਦੀ ਹੈ ਕਿ ਸ਼ਬਦਾਂ ਦੇ ਵਾਰ-ਵਾਰ ਦੁਹਰਾਓ ਬੇਅਰਥ ਹਨ। ਹਾਂ ਜੇ ਕਿਸੇ ਵਿਅਕਤੀ, ਦੇਵਤੇ ਜਾਂ ਭਗਵਾਨ ਵਿਚ ਤੁਹਾਡਾ ਵਿਸ਼ਵਾਸ ਹੈ ਤਾਂ ਉਸ ਦੁਆਰਾ ਦੱਸੀਆਂ ਗਈਆਂ ਚੰਗੀਆਂ ਗੱਲਾਂ ਨੂੰ ਜੇ ਅਮਲ ਵਿਚ ਲਿਆਂਦਾ ਜਾਵੇ ਤਾਂ ਇਹ ਜ਼ਰੂਰ ਹੀ ਇਸ ਗੱਲ ਨਾਲੋਂ ਵੱਧ ਲਾਭਦਾਇਕ ਹੋਵੇਗਾ। ਜੇ ਪੂਰਾ ਪ੍ਰੀਵਾਰ ਜਾਂ ਕਈ ਦੋਸਤ ਮਿੱਤਰ ਭੋਜਨ ਕਰਦੇ ਸਮੇਂ ਬੈਠ ਕੇ ਗੱਲਬਾਤ ਵੀ ਕਰ ਲੈਂਦੇ ਹਨ ਤਾਂ ਇਸ ਵਿਚ ਵੀ ਕੋਈ ਹਰਜ ਨਹੀਂ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜਦੋਂ ਮੈਨੂੰ ਇੱਕ ਦਾਅਵਤ ਤੇ ਬੁਲਾਇਆ ਗਿਆ ਤਾਂ ਮੇਰਾ ਦੁਭਾਸੀਆ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਇਹ ਭੋਜਨ ਹੌਲੀ-ਹੌਲੀ ਕਰਨਾ ਕਿਉਕਿ ਇੱਥੇ ਦਾਅਵਤਾਂ ਤਾਂ ਗੱਲਬਾਤ ਕਰਨ ਲਈ ਹੀ ਕੀਤੀਆਂ ਜਾਂਦੀਆਂ ਹਨ। ਮੈਨੂੰ ਯਾਦ ਹੈ ਅਸੀਂ ਉਹ ਭੋਜਨ ਦੋ ਘੰਟਿਆਂ ਵਿੱਚ ਖ਼ਤਮ ਕੀਤਾ ਸੀ।
ਬਾਬਾ ਰਾਮ ਦੇਵ : ਦੌਲਤ ਉਹਨਾਂ ਦੇ ਅੱਗੇ ਪਿੱਛੇ ਭੱਜਦੀ ਹੈ ਜਿਹੜੇ ਉਸਨੂੰ ਤਿਆਗ ਦਿੰਦੇ ਹਨ। ਯੋਗੀ ਮਹਾਂ ਪੁਰਸ਼ਾਂ ਦੀ ਸਥਿਤੀ ਵੀ ਅਜਿਹੀ ਹੀ ਹੁੰਦੀ ਹੈ। ਉਹ ਲੋਭੀ ਨਹੀਂ ਹੁੰਦੇ। ਦੁਨੀਆਂ ਦੇ ਦਾਨੀ ਲੋਕ ਉਨ੍ਹਾਂ ਦੇ ਚਰਨਾਂ ਵਿੱਚ ਹਰ ਕਿਸਮ ਦੇ ਹੀਰੇ, ਜਵਾਹਰਾਤ ਢੇਰੀ ਕਰ ਦਿੰਦੇ ਹਨ ਅਤੇ ਉਹ ਯੋਗੀ ਪੁਰਸ਼ ਵੀ ਆਪਣਾ ਸਾਰਾ ਕੁਝ ਮਾਨਵਤਾ ਦੇ ਹਿੱਤ ਵਿੱਚ ਅਰਪਣ ਕਰ ਦਿੰਦੇ ਹਨ।
ਆਪਣੀ ਸੁਰਤ ਸੰਭਾਲਣ ਤੋਂ ਪਿੱਛੋਂ ਮੈਂ ਭਾਰਤ ਦੇ ਯੋਗੀ ਪੁਰਸ਼ਾਂ ਨੂੰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ ਵੇਖਿਆ ਹੈ। ਲੋਕਾਂ ਵੱਲੋਂ ਦਾਨ ਵਿੱਚ ਦਿੱਤੇ ਗਏ ਪੈਸੇ ਦਾ ਇਸਤੇਮਾਲ ਆਪਣੀਆਂ ਸੁੱਖ ਸਹੂਲਤਾਂ ਲਈ ਕਰਦੇ ਵੇਖਿਆ ਹੈ। ਬਾਬਾ ਰਾਮਦੇਵ ਜੀ ਵੀ ਕੈਸਟਾਂ, ਸੀਡੀਆਂ, ਦਵਾਈਆਂ ਅਤੇ ਕਿਤਾਬਾਂ ਲਾਗਤ ਮੁੱਲ ਤੋਂ ਚਾਰ ਪੰਜ ਗੁਣਾ ਵੱਧ ਕੀਮਤ ਤੇ ਵੇਚ ਰਹੇ ਹਨ। ਮੈਨੂੰ ਤਾਂ ਉਹਨਾਂ ਦੀ ਇਹ ਗੱਲ ਉਪਰੋਕਤ ਗੱਲ ਦਾ ਵਿਰੋਧ ਕਰਦੀ ਹੀ ਨਜ਼ਰ ਆਉਦੀ ਹੈ। ਜੇ ਅਜਿਹਾ ਨਹੀਂ ਹੈ ਤਾਂ ਬਾਬਾ ਜੀ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਘੱਟੋ-ਘੱਟ ਦਵਾਈਆਂ, ਕਿਤਾਬਾਂ ਤੇ ਸੀਡੀਆਂ ਲਾਗਤ ਮੁੱਲ ਤੇ ਵੇਚਣੀਆਂ ਚਾਹੀਦੀਆਂ ਹਨ।
ਬਾਬਾ ਰਾਮ ਦੇਵ : ਭਗਵਾਨ ਨੇ ਭਰਵੱਟੇ, ਅੱਖ, ਕੰਨ, ਨੱਕ, ਦਿਲ ਅਤੇ ਛਾਤੀ ਆਦਿ ਸਾਰੇ ਅੰਗਾਂ ਦੀ ਸ਼ਕਲ ਓਂਕਾਰ ਵਰਗੀ ਬਣਾਈ ਹੈ।
ਜੇ ਕੋਈ ਸਿੱਖ ਬੱਦਲਾਂ ਵੱਲ ਧਿਆਨ ਨਾਲ ਵੇਖੇ ਤਾਂ ਉਸਨੂੰ ਉਹਨਾਂ ਵਿੱਚੋਂ ਖੰਡਾ ਨਜ਼ਰ ਆਉਣ ਲੱਗ ਪਵੇਗਾ, ਜੇ ਕੋਈ ਹਿੰਦੂ ਉਹਨਾਂ ਹੀ ਬੱਦਲਾਂ ਨੂੰ ਧਿਆਨ ਨਾਲ ਦੇਖਣ ਲੱਗ ਪਵੇ ਤਾਂ ਓਂਕਾਰ ਨਜ਼ਰ ਆਉਣ ਲੱਗ ਪਵੇਗਾ ਤੇ ਈਸਾਈਆਂ ਨੂੰ ਉਸ ਵਿੱਚ ਈਸਾ ਮਸੀਹ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਤੇ ਮੁਸਲਮਾਨਾਂ ਨੂੰ ਅੱਲ੍ਹਾ ਵਿਖਾਈ ਦੇਣਾ ਸ਼ੁਰੂ ਕਰ ਦੇਵੇਗਾ। ਅਸਲ ਵਿੱਚ ਇਹ ਸਾਰੇ ਮਨੋਭਰਮ ਹੁੰਦੇ ਹਨ। ਹਰ ਧਰਮ ਦਾ ਪੈਰੋਕਾਰ ਆਪਣੇ ਧਰਮ ਨੂੰ ਦੂਜਿਆਂ ਦੇ ਧਰਮ ਨਾਲੋਂ ਵੱਡਾ ਅਤੇ ਅਲੋਕਾਰੀ ਸ਼ਕਤੀਆਂ ਦਾ ਮਾਲਕ ਸਿੱਧ ਕਰਨਾ ਚਾਹੁੰਦਾ ਹੈ। ਮਨੁੱਖੀ ਅੰਗਾਂ ਵਿੱਚੋਂ ਕਿਸੇ ਇੱਕ ਦੀ ਵੀ ਸ਼ਕਲ ਓਂਕਾਰ ਵਰਗੀ ਨਹੀਂ ਹੁੰਦੀ ਪਰ ਓਂਕਾਰ ਦੀ ਸ਼ਕਲ ਇਹਨਾਂ ਵਰਗੀ ਜ਼ਰੂਰ ਬਣਾਈ ਜਾ ਸਕਦੀ ਹੈ। ਜਿਵੇਂ ਵਿਆਹਾਂ ਦੇ ਕਾਰਡਾਂ ਤੇ ਗਣੇਸ਼ ਜੀ ਦੀ ਸ਼ਕਲ ਨੂੰ ਬਣਾਉਣ ਦੇ ਢੰਗ ਹਜ਼ਾਰਾਂ ਹੀ ਨਹੀਂ ਲੱਖਾਂ ਹਨ।
ਬਾਬਾ ਰਾਮ ਦੇਵ : ਸਮੁੱਚੇ ਬ੍ਰਹਿਮੰਡ ਨੂੰ ਓਂਕਾਰ ਨਾਂ ਦੀ ਗੈਬੀ ਸ਼ਕਤੀ ਚਲਾ ਰਹੀ ਹੈ। ਬ੍ਰਹਮਾ ਜੋ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦਾ ਉਹ ਆਪਣੀ ਗ਼ੈਬੀ ਸ਼ਕਤੀ ਨਾਲ ਇਸ ਬ੍ਰਹਿਮੰਡ ਦਾ ਸੰਚਾਲਨ ਕਰ ਰਿਹਾ ਹੈ।
ਓਂਕਾਰ ਦਾ ਬ੍ਰਹਿਮੰਡ ਨੂੰ ਚਲਾਉਣ ਵਿੱਚ ਕੋਈ ਹੱਥ ਨਹੀਂ ਹੈ ਸਗੋਂ ਸੰਸਾਰ ਵਿੱਚ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕੁਦਰਤ ਦਾ ਨਿਯਮ ਜ਼ਰੂਰ ਹੁੰਦਾ ਹੈ। ਇਹਨਾਂ ਕੁਦਰਤੀ ਨਿਯਮਾਂ ਨੂੰ ਬਣਾਉਣ ਵਾਲੀ ਕੋਈ ਸ਼ਕਤੀ ਨਹੀਂ ਸੀ ਅਤੇ ਨਾ ਹੀ ਕੋਈ ਅਜਿਹੀ ਸ਼ਕਤੀ ਹੈ ਜਿਹੜੀ ਇਹਨਾਂ ਨਿਯਮਾਂ ਨੂੰ ਖ਼ਤਮ ਕਰ ਸਕੇ। ਕੁਦਰਤੀ ਨਿਯਮ ਸਦੀਵੀ ਸੱਚ ਹੁੰਦੇ ਹਨ ਜਿਹੜੇ ਸਮੇਂ ਤੇ ਸਥਾਨਾਂ ਤੇ ਨਿਰਭਰ ਨਹੀਂ ਕਰਦੇ। ਜਿਹੜੇ ਨਿਯਮ ਧਰਤੀ ਤੇ ਠੀਕ ਸਿੱਧ ਹੁੰਦੇ ਹਨ ਉਹ ਚੰਦਰਮਾ, ਗ੍ਰਹਿਆਂ ਅਤੇ ਤਾਰਿਆਂ ਤੇ ਵੀ ਸਹੀ ਹੋਣਗੇ। ਜੇ ਅੱਜ ਧਰਤੀ ਤੇ ਲੱਗੇ ਦਰੱਖ਼ਤ ਦੇ ਫਲ ਟੁੱਟ ਕੇ ਧਰਤੀ ਦੇ ਕੇਂਦਰ ਵੱਲ ਨੂੰ ਡਿੱਗਦੇ ਹਨ ਤਾਂ ਅੱਜ ਤੋਂ ਦਸ ਹਜ਼ਾਰਾਂ ਸਾਲ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ। ਆਕਸੀਜਨ ਦੀ ਅਣਹੋਂਦ ਕਰਕੇ ਬੇਸ਼ੱਕ ਚੰਦਰਮਾ ਤੇ ਦਰੱਖ਼ਤ ਨਹੀਂ ਹਨ ਪਰ ਜੇ ਉੱਥੇ ਵੀ ਅਜਿਹਾ ਹੁੰਦਾ ਤਾਂ ਫਲ ਟੁੱਟ ਜਾਣ ਤੇ ਚੰਦਰਮਾ ਦੇ ਕੇਂਦਰ ਵੱਲ ਨੂੰ ਹੀ ਖਿੱਚੇ ਜਾਣੇ ਸਨ। ਪ੍ਰਾਿਤਕ ਨਿਯਮਾਂ ਨੂੰ ਵਿਗਿਆਨਕਾਂ ਨੇ ਬਣਾਇਆ ਨਹੀਂ ਸਗੋਂ ਖੋਜਿਆ ਹੈ। ਨਿਊਟਨ ਦਾ ਗੁਰੂਤਾ ਆਕਰਸ਼ਨ ਦਾ ਨਿਯਮ ਉਸ ਸਮੇਂ ਵੀ ਠੀਕ ਸੀ ਜਦੋਂ ਨਿਊਟਨ ਅਜੇ ਪੈਦਾ ਵੀ ਨਹੀਂ ਸੀ ਹੋਇਆ।
ਜੀਵਨ ਚੱਕਰ
ਵਿਗਿਆਨ ਨੂੰ ਸਮਝਣ ਲਈ ਇੱਕ ਹੋਰ ਨਿਯਮ ਦੀ ਸਮਝ ਵੀ ਅਤਿ ਜ਼ਰੂਰੀ ਹੈ। ਬ੍ਰਹਿਮੰਡ ਵਿੱਚ ਉਪਲੱਬਧ ਹਰੇਕ ਜੀਵਤ ਅਤੇ ਮੁਰਦਾ ਵਸਤੂ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਸੁਖ਼ਾਲੀ ਭਾਸ਼ਾ ਵਿੱਚ ਅਸੀਂ ਇਸ ਨੂੰ ਜੀਵਨ ਚੱਕਰ ਕਹਿ ਸਕਦੇ ਹਾਂ। ਸਾਰੇ ਸੰਸਾਰ ਵਿੱਚ ਇੱਕ ਵੀ ਅਜਿਹਾ ਪਦਾਰਥ ਨਹੀਂ ਹੈ ਜਿਸਦਾ ਜਨਮ ਅਤੇ ਮੌਤ ਨਾ ਹੋਵੇ। ਇਹ ਜੀਵਨ ਚੱਕਰ ਸੈਕਿੰਡ ਤੋਂ ਘੱਟ ਹੋ ਸਕਦਾ ਹੈ ਅਤੇ ਖ਼ਰਬਾਂ ਵਰ੍ਹਿਆਂ ਤੋਂ ਵੱਧ ਵੀ। ਉਦਾਹਰਣ ਲਈ ਮੱਛਰ ਕੁਝ ਦਿਨਾਂ ਵਿੱਚ ਹੀ ਜਨਮ, ਜੁਆਨੀ, ਸੰਤਾਨ ਉਤਪਤੀ ਅਤੇ ਬੁਢਾਪੇ ਦਾ ਚੱਕਰ ਪੂਰਾ ਕਰ ਲੈਂਦਾ ਹੈ। ਅਸੀਂ ਮਨੁੱਖ ਲੱਗਭੱਗ ਅੱਸੀ ਸਾਲ ਵਿੱਚ ਇਹ ਚੱਕਰ ਖ਼ਤਮ ਕਰ ਲਵਾਂਗੇ। ਆਪਣੇ ਮਾਤਾ ਪਿਤਾ ਤੋਂ ਇੱਕ-ਇੱਕ ਸੈੱਲ ਪ੍ਰਾਪਤ ਕਰਕੇ ਅਸੀਂ ਆਪਣਾ ਜੀਵਨ ਚੱਕਰ ਸ਼ੁਰੂ ਕਰਦੇ ਹਾਂ। ਇਸ ਤੋਂ ਬਾਅਦ ਧਰਤੀ ਤੇ ਉੱਗੇ ਪੌਦਿਆਂ ਤੋਂ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਵਰਗੇ ਤੱਤਾਂ ਦੇ ਪ੍ਰਮਾਣੂਆਂ ਤੋਂ ਬਣੇ ਅਣੂ ਪ੍ਰਾਪਤ ਕਰਦੇ ਰਹਿੰਦੇ ਹਾਂ ਜਿਸ ਨਾਲ ਸਾਡੇ ਅੰਦਰ ਸੈੱਲਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ। ਲੱਗਭਗ ਚਾਲੀ ਸਾਲ ਦੀ ਉਮਰ ਤੱਕ ਸਾਡੇ ਵਿੱਚ ਜਮ੍ਹਾਂ ਹੋਣ ਵਾਲੇ ਸੈੱਲਾਂ ਦੀ ਗਿਣਤੀ ਛੇ ਖ਼ਰਬ ਤੱਕ ਪੁੱਜ ਜਾਂਦੀ ਹੈ। ਜਿਵੇਂ ਹਰੇਕ ਵਸਤੂ ਦਾ ਜੀਵਨ ਚੱਕਰ ਹੁੰਦਾ ਹੈ ਉਸੇ ਤਰ੍ਹਾਂ ਸੈੱਲਾਂ ਦਾ ਜੀਵਨ ਚੱਕਰ ਵੀ ਕੁਝ ਦਿਨਾਂ ਦਾ ਹੀ ਹੁੰਦਾ ਹੈ। ਪੁਰਾਣੇ ਸੈੱਲ ਮਰਦੇ ਰਹਿੰਦੇ ਹਨ ਅਤੇ ਨਵੇਂ ਪੈਦਾ ਹੁੰਦੇ ਰਹਿੰਦੇ ਹਨ। ਸਮੁੱਚੇ ਰੂਪ ਵਿੱਚ ਸਰੀਰ ਦੇ ਸੈੱਲਾਂ ਦੀ ਗਿਣਤੀ ਚਾਲੀ ਸਾਲ ਦੀ ਉਮਰ ਤੱਕ ਵਧਦੀ ਰਹਿੰਦੀ ਹੈ। ਪਰ ਇਸ ਪਿੱਛੋਂ ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤੱਕ ਇਹ ਗਿਣਤੀ ਲੱਗਭੱਗ ਸਾਵੀਂ ਰਹਿੰਦੀ ਹੈ। ਇਸ ਤੋਂ ਬਾਅਦ ਇਹ ਘਟਨਾ ਸ਼ੁਰੂ ਹੋ ਜਾਂਦੀ ਹੈ। ਸਰੀਰ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਮਰਨ ਵਾਲੇ ਸੈੱਲਾਂ ਤੋਂ ਘੱਟ ਜਾਂਦੀ ਹੈ। ਲੱਗਭੱਗ ਅੱਸੀ ਸਾਲ ਦੀ ਉਮਰ ਤੱਕ ਸਰੀਰ ਦੇ ਸੈੱਲਾਂ ਦੀ ਗਿਣਤੀ ਐਨੀ ਘੱਟ ਹੋ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਕੰਮ ਕਰਨੋਂ ਜਵਾਬ ਦੇ ਜਾਂਦੀ ਹੈ। ਇਸ ਤਰ੍ਹਾਂ ਸਾਡੇ ਜੀਵਨ ਚੱਕਰ ਦਾ ਅੰਤ ਹੋ ਜਾਂਦਾ ਹੈ ਅਤੇ ਧਰਤੀ ਤੋਂ ਪ੍ਰਾਪਤ ਸਾਰੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਮੁੜ ਜਾਂਦੇ ਹਨ।
ਧਰਤੀ ਤੇ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਵੀ ਇਸੇ ਕਿਸਮ ਦਾ ਜੀਵਨ ਚੱਕਰ ਬਤੀਤ ਕਰਦੀਆਂ ਰਹਿੰਦੀਆਂ ਹਨ। ਉਦਾਹਰਣ ਵਜੋਂ ਜਿਸ ਕੁਰਸੀ ਤੇ ਬੈਠ ਕੇ ਤੁਸੀਂ ਇਹ ਕਿਤਾਬ ਪੜ੍ਹ ਰਹੇ ਹੋ ਉਸ ਦੇ ਬੀਤੇ ਹੋਏ ਸਮੇਂ ਤੇ ਆਉਣ ਵਾਲੇ ਪਲਾਂ ਬਾਰੇ ਤੁਸੀਂ ਕੁਝ ਨਾ ਕੁਝ ਅੰਦਾਜ਼ਾ ਜ਼ਰੂਰ ਲਾ ਸਕਦੇ ਹੋ। ਤੁਹਾਡੀ ਸੋਚ ਦੱਸੇਗੀ ਕਿ ਕਿਸੇ ਸਮੇਂ ਇਹ ਕੁਰਸੀ ਇੱਕ ਦਰੱਖ਼ਤ ਦਾ ਕੋਈ ਅੰਗ ਹੋਵੇਗੀ ਅਤੇ ਉਹ ਦਰੱਖ਼ਤ ਆਪਣੀ ਉਮਰ ਭੋਗ ਕੇ ਸੁੱਕ ਗਿਆ ਹੋਵੇਗਾ ਜਾਂ ਕਿਸੇ ਲੱਕੜ ਹਾਰੇ ਦੀ ਲੋੜ ਬਣ ਗਿਆ ਹੋਵੇਗਾ ਅਤੇ ਕਿਸੇ ਕਾਰੀਗਰ ਨੇ ਇਸਦੀ ਕੁਰਸੀ ਤਿਆਰ ਕਰ ਦਿੱਤੀ ਹੋਵੇਗੀ। ਜਦੋਂ ਇਸਦੇ ਭਵਿੱਖ ਵੱਲ ਨਜ਼ਰ ਮਾਰੋਗੇ ਤਾਂ ਤੁਸੀਂ ਇਸ ਸਿੱਟੇ ਤੇ ਪਹੁੰਚੋਗੇ ਕਿ ਕਿਸੇ ਦਿਨ ਇਹ ਕੁਰਸੀ ਟੁੱਟ ਜਾਵੇਗੀ ਅਤੇ ਕੋਈ ਇਸਨੂੰ ਚੁੱਲ੍ਹੇ ਵਿੱਚ ਬਾਲਣ ਦੇ ਤੌਰ ਤੇ ਵਰਤ ਲਵੇਗਾ। ਇਸ ਤਰ੍ਹਾਂ ਪ੍ਰਾਪਤ ਹੋਇਆ ਗਰਮੀ, ਪਾਣੀ ਤੇ ਕਾਰਬਨ ਡਾਈਆਕਸਾਈਡ ਮੁੜ ਵਾਯੂਮੰਡਲ ਵਿੱਚ ਜਾ ਮਿਲੇਗਾ ਜਿੱਥੇ ਦਰੱਖ਼ਤਾਂ ਨੇ ਮੁੜ ਇਸਦੀ ਖੁਰਾਕ ਬਣਾ ਲੈਣੀ ਹੈ ਅਤੇ ਸਿੱਟੇ ਵਜੋਂ ਧਰਤੀ ਵਿੱਚੋਂ ਨਿਕਲੇ ਅਣੂ ਧਰਤੀ ਵਿੱਚ ਹੀ ਵਾਪਸ ਹੋ ਜਾਣਗੇ।
ਸਮੁੰਦਰ ਵਿੱਚੋਂ ਵਾਸ਼ਪ ਬਣ ਕੇ ਉੱਡਿਆ ਪਾਣੀ ਬੱਦਲ ਬਣ ਕੇ ਪਹਾੜਾਂ ਤੇ ਢੇਰੀ ਹੋ ਜਾਂਦਾ ਹੈ। ਸੈਂਕੜੇ ਮੀਲਾਂ ਦੀ ਦੂਰੀ ਤੈਅ ਕਰਕੇ ਫਿਰ ਨਦੀਆਂ ਨਾਲਿਆਂ ਵਿੱਚੋਂ ਦੀ ਯਾਤਰਾ ਕਰਦਾ ਮੁੜ ਸਮੁੰਦਰ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਬ੍ਰਹਿਮੰਡ ਵਿੱਚ ਮਿਲਣ ਵਾਲੇ ਸਾਰੇ ਤਾਰਿਆਂ, ਗ੍ਰਹਿਆਂ ਤੇ ਉਪਗ੍ਰਹਿਆਂ ਦਾ ਜੀਵਨ ਚੱਕਰ ਹੁੰਦਾ ਹੈ। ਭਾਵੇਂ ਇਹ ਜੀਵਨ ਚੱਕਰ ਅਰਬਾਂ ਵਰ੍ਹੇ ਦੇ ਹਨ ਤੇ ਇਸ ਵਿੱਚ ਅਰਬਾਂ ਹੀ ਛੋਟੇ ਵੱਡੇ ਜੀਵਨ ਚੱਕਰ ਹੋਰ ਸ਼ਾਮਿਲ ਹਨ, ਇਹਨਾਂ ਸਾਰਿਆਂ ਦੀ ਚਰਚਾ ਕਰਨੀ ਸਾਡੀ ਸਮਰੱਥਾ ਤੋਂ ਬਾਹਰੀ ਗੱਲ ਹੈ।
ਬਾਬਾ ਰਾਮ ਦੇਵ : ਯੋਗ ਲੱਖਾਂ ਸਾਲ ਪੁਰਾਣੀ ਵਿਦਿਆ ਹੈ। ਮੈਂ ਤਾਂ ਕਹੂੰਗਾ ਕਿ ਸਾਡੀ ਮੰਨਤਾ ਅਨੁਸਾਰ ਇਹ ਸਿ੍ਰਸ਼ਟੀ ਦੋ ਸੌ ਕਰੋੜ ਸਾਲ ਪੁਰਾਣੀ ਹੈ।
ਯੋਗ ਸੰਦੇਸ਼ 8/2008 ਪੇਜ਼ ਨੰ : 27
ਬਾਬਾ ਰਾਮ ਦੇਵ ਜੀ ਤੁਹਾਡੇ ਅੰਕੜੇ ਵਿਗਿਆਨ ਦੇ ਅਨੁਸਾਰ ਬਿਲਕੁੱਲ ਗ਼ਲਤ ਹਨ। ਸ਼ਾਇਦ ਇਹ ਤੁਹਾਡਾ ਮਨੋਭਰਮ ਹੈ ਕਿ ਤੁਸੀਂ ਹਰੇਕ ਨੁਕਤੇ ਤੇ ਸਹੀ ਹੋ। ਅਸਲ ਵਿੱਚ ਅਜਿਹਾ ਨਹੀਂ ਹੰੁਦਾ। ਮੇਰੇ ਸਮੇਤ ਹਰੇਕ ਵਿਅਕਤੀ ਕਿਤੇ ਨਾ ਕਿਤੇ ਗ਼ਲਤ ਹੁੰਦਾ ਹੀ ਹੈ ਤੇ ਇਸ ਨੂੰ ਸਵੀਕਾਰ ਕਰ ਵੀ ਲੈਣਾ ਚਾਹੀਦਾ ਹੈ ਤੇ ਦਰੁਸਤ ਵੀ।
ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਅੱਜ ਤੋਂ ਪੰਦਰਾਂ ਸੌ ਕ੍ਰੋੜ ਵਰ੍ਹੇ ਪਹਿਲਾਂ ਹੋਈ ਸੀ ਲੱਗਭੱਗ ਇਕ ਹਜ਼ਾਰ ਕਰੋੜ ਵਰ੍ਹੇ ਪਹਿਲਾਂ ਸਾਡੀ ਗਲੈਕਸੀ ਮਿਲਕੀ ਵੇ ਹੋਂਦ ਵਿੱਚ ਆਈ ਸੀ। ਚਾਰ ਸੌ ਸੱਠ ਕਰੋੜ ਵਰ੍ਹੇ ਪਹਿਲਾਂ ਸਾਡਾ ਸੂਰਜ ਬਣਿਆ। ਲੱਗਭੱਗ ਇਸ ਸਮੇਂ ਹੀ ਪਿ੍ਰਥਵੀ ਹੋਂਦ ਵਿੱਚ ਆਈ। ਧਰਤੀ ਤੇ ਤਿੰਨ ਸੌ ਚਾਲੀ ਕਰੋੜ ਵਰ੍ਹੇ ਪਹਿਲਾਂ ਇੱਕ ਸੈਲਾ ਜੀਵ ਅਮੀਬਾ ਹੋਂਦ ਵਿੱਚ ਆਇਆ। ਅਮੀਬੇ ਤੋਂ ਕਾਈ ਤੇ ਸਪੰਜ 59 ਕਰੋੜ ਵਰ੍ਹੇ ਪਹਿਲਾਂ ਬਣੇ। ਚਾਲੀ ਕਰੋੜ ਵਰ੍ਹੇ ਪਹਿਲਾਂ ਨੀਲੋਕੈਥ ਨਾਂ ਦੀ ਮੱਛੀ ਹੋਂਦ ਵਿੱਚ ਆਈ। 25 ਕੁ ਕਰੋੜ ਵਰ੍ਹੇ ਪਹਿਲਾਂ ਅਜਿਹਾ ਕੇਕੜਾ ਬਣ ਗਿਆ ਜਿਹੜਾ ਸਮੁੰਦਰ ਦੀ ਬਜਾਏ ਜ਼ਮੀਨ ਤੇ ਰਹਿਣਾ ਸਿੱਖ ਗਿਆ। ਇਸ ਕੇਕੜੇ ਤੋਂ ਸੱਪ, ਕੱਛੂ, ਘੜਿਆਲ, ਮਗਰਮੱਛ, ਡੱਡੂ ਤੇ ਗਿਰਗਿਟ 25 ਕੁ ਕਰੋੜ ਵਰ੍ਹੇ ਪਹਿਲਾਂ ਵਿਕਾਸ ਕਰ ਗਏ। ਇਹਨਾਂ ਤੋਂ ਵਿਕਸਤ ਕਰਕੇ ਹੀ ਅੱਜ ਧਰਤੀ ਤੇ ਰਹਿਣ ਵਾਲੇ ਪਸ਼ੂ, ਪੰਛੀ ਤੇ ਜੀਵ ਬਣੇ ਹਨ ਅੱਜ ਤੋਂ ਤਿੰਨ ਕਰੋੜ ਅੱਸੀ ਲੱਖ ਵਰ੍ਹੇ ਪਹਿਲਾਂ ਬਾਂਦਰ ਲੰਗੂਰ ਤੋਂ ਵਿਕਸਿਤ ਹੋਇਆ। ਇੱਕ ਕਰੋੜ ਸੱਠ ਕੁ ਲੱਖ ਸਾਲ ਪਹਿਲਾਂ ਬਾਂਦਰ ਤੋਂ ਪ੍ਰਾਚੀਨ ਮਨੁੱਖ ਦਾ ਵਿਕਾਸ ਹੋਇਆ। ਸੱਠ ਕੁ ਲੱਖ ਸਾਲ ਪਹਿਲਾਂ ਮਨੁੱਖ ਨੇ ਬੋਲਣਾ ਸਿੱਖ ਲਿਆ। ਲੱਗਭੱਗ 17 ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਨੇ ਖੇਤੀ ਕਰਨੀ ਸਿੱਖ ਲਈ।
ਬਾਬਾ ਰਾਮ ਦੇਵ : ਇਹ ਭੌਤਿਕ ਸਰੀਰ ਪਵਿੱਤਰ ਨਹੀਂ ਹੈ। ਕਿਉਕਿ ਇਹ ਸਰੀਰ ਮਲ ਮੂਤਰ ਤੇ ਯੋਨੀ ਵਿੱਚੋਂ ਪੈਦਾ ਹੁੰਦਾ ਹੈ। ਰੋਮਾਂ ਅਤੇ ਮੂੰਹ ਵਿੱਚੋਂ ਹਮੇਸ਼ਾ ਦੁਰਗੰਧ ਨਿਕਲਦੀ ਹੈ ਤੇ ਮਰਨ ਉਪਰੰਤ ਵੀ ਇਹ ਮੁਸਕ ਮਾਰਨ ਲੱਗਦਾ ਹੈ। ਇਸ ਲਈ ਇਹ ਮਲ ਦਾ ਭੰਡਾਰ ਹੈ। ਪਾਣੀ ਨਾਲ ਵਾਰ ਵਾਰ ਨਹਾਉਣ ਨਾਲ ਵੀ ਇਹ ਪਵਿੱਤਰ ਨਹੀਂ ਹੁੰਦਾ। ਇਸ ਲਈ ਸਰੀਰ ਬਾਰੇ ਇਸ ਤਰ੍ਹਾਂ ਸੋਚ ਕੇ ਮਨੁੱਖ ਦਾ ਸਰੀਰ ਨਾਲ ਮੋਹ ਨਹੀਂ ਰਹਿੰਦਾ। ਇਸ ਲਈ ਉਹ ਪ੍ਰੇਮ ਸਰੀਰ ਨਾਲ ਨਹੀਂ ਆਤਮਾ ਨਾਲ ਕਰਦਾ ਹੈ।
ਬਾਬਾ ਜੀ ਇੱਥੇ ਵੀ ਦੋਹਰੇ ਮਾਪਦੰਡ ਹੀ ਵਰਤਦੇ ਹਨ। ਇੱਕ ਪਾਸੇ ਤਾਂ ਉਹ ਦਵਾਈਆਂ, ਕਸਰਤਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿੰਦੇ ਹਨ ਦੂਸਰੇ ਪਾਸੇ ਉਹ ਸਰੀਰ ਨੂੰ ਮਲ ਦਾ ਭੰਡਾਰ ਦੱਸਦੇ ਹਨ। ਗਊ ਦੇ ਪੇਸ਼ਾਬ ਤੇ ਗਊ ਨੂੰ ਉਹ ਪਵਿੱਤਰ ਸਮਝਦੇ ਹਨ ਭਾਵੇਂ ਉਸਦੀ ਪੈਦਾਇਸ਼ ਮਨੱੁਖ ਦੀ ਤਰ੍ਹਾਂ ਹੀ ਮਲ ਮੂਤਰ ਤੇ ਯੋਨੀ ਵਿੱਚੋਂ ਹੁੰਦੀ ਹੈ। ਉਹ ਸਰੀਰ ਨਾਲੋਂ ਆਤਮਾ ਨੂੰ ਤਰਜੀਹ ਦਿੰਦੇ ਹਨ। ਆਤਮਾ ਜਿਸਦੀ ਸਰੀਰ ਵਿੱਚ ਕੋਈ ਹੋਂਦ ਹੀ ਨਹੀਂ ਹੁੰਦੀ ਤੇ ਨਾ ਹੀ ਅੱਜ ਤੱਕ ਕਿਸੇ ਡਾਕਟਰ ਨੂੰ ਕਿਸੇ ਸਰੀਰ ਵਿੱਚੋਂ ਮਿਲੀ ਹੈ। ਭੌਤਿਕ ਵਿਗਿਆਨ ਵਿੱਚ ਅਸੀਂ ਮਾਦਾ ਉਸ ਸ਼ੈਅ ਨੂੰ ਕਹਿੰਦੇ ਹਾਂ ਜਿਸਦਾ ਭਾਰ ਹੁੰਦਾ ਹੈ ਜੋ ਥਾਂ ਘੇਰਦੀ ਹੈ ਤੇ ਜਿਸਦਾ ਗਿਆਨ, ਇੰਦਰੀਆਂ ਰਾਹੀਂ ਹੁੰਦਾ ਹੈ। ਪਰ ਅੱਜ ਤੱਕ ਆਤਮਾ ਦਾ ਭਾਰ, ਰੰਗ ਰੂਪ ਕਿਸੇ ਇੱਕ ਵੀ ਵਿਅਕਤੀ ਨੂੰ ਨਹੀਂ ਮਿਲਿਆ ਤੇ ਨਾ ਹੀ ਕਿਸੇ ਦੀਆਂ ਗਿਆਨ ਇੰਦਰੀਆਂ ਨੇ ਇਸਨੂੰ ਮਹਿਸੂਸ ਕੀਤਾ ਹੈ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ ਤੇ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦਰਜਨਾਂ ਕੀਮਤੀ ਵਰ੍ਹੇ ਆਤਮਾ ਪ੍ਰਮਾਤਮਾ ਨੂੰ ਲੱਭਦਿਆਂ ਗੁਜ਼ਾਰੇ ਹਨ ਪਰ ਮੈਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਇੱਕ ਅਜਿਹੇ ਬੰਦੇ ਦੇ ਦਰਸ਼ਨ ਨਹੀਂ ਹੋਏ ਜਿਸਨੂੰ ਆਤਮਾ ਪ੍ਰਮਾਤਮਾ ਮਿਲ ਗਿਆ ਹੋਵੇ। 2004 ਵਿੱਚ ਕੈਨੇਡਾ ਤੇ ਅਮਰੀਕਾ ਵਿੱਚ ਤਰਕਸ਼ੀਲ ਪ੍ਰਚਾਰ ਹੇਤੂ ਕੀਤੀ ਯਾਤਰਾ ਦੌਰਾਨ ਮੈਨੂੰ ਇੱਕ ਵਿਅਕਤੀ ਨੇ ਰੇਡੀਓ ਤੇ ਪੁੱਛਿਆ ਕਿ ਕੀ ਮੈਂ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦਾ ਹਾਂ ਮੇਰੇ ਨਾਂਹ ਕਹਿਣ ਤੇ ਉਸਨੇ ਪੁੱਛਿਆ ਕਿ ਮੈਂ ਕਦੇ ਭਗਤੀ ਕੀਤੀ ਹੈ। ਮੇਰੇ ਫਿਰ ਨਾਂਹ ਕਹਿਣ ਤੇ ਉਸਨੇ ਕਿਹਾ ‘‘ਫਿਰ ਤੈਨੂੰ ਪ੍ਰਮਾਤਮਾ ਕਿੱਥੋਂ ਮਿਲਣਾ ਸੀ?’’ ਮੈਂ ਉਸਨੂੰ ਪੁੱਛਿਆ ਕਿ ਤੂੰ ਭਗਤੀ ਕੀਤੀ ਹੈ ਤੇ ਕਿੰਨੀ? ਉਹ ਕਹਿਣ ਲੱਗਿਆ ਮੈਂ ਪਿਛਲੇ ਵੀਹ ਵਰ੍ਹਿਆਂ ਤੋਂ ਭਗਤੀ ਕਰ ਰਿਹਾ ਹਾਂ। ਮੈਂ ਫਿਰ ਪੁੱਛਿਆ ਕਿ ਕੀ ਤੈਨੂੰ ਪ੍ਰਮਾਤਮਾ ਮਿਲ ਗਿਆ ਹੈ ਉਹ ਕਹਿਣ ਲੱਗਿਆ ਕਿ ਨਹੀਂ। ਅੱਗੇ ਗੱਲ ਤੋਰਦੇ ਹੋਏ ਮੈਂ ਉਸਨੂੰ ਫਿਰ ਪੁੱਛਿਆ ਕਿ ਕੀ ਤੈਥੋਂ ਵੱਧ ਵੀ ਕਿਸੇ ਨੇ ਭਗਤੀ ਕੀਤੀ ਹੈ? ਉਹ ਕਹਿਣ ਲੱਗਿਆ ਕਿ ਮੇਰੇ ਗੁਰੂ ਜੀ ਪਿਛਲੇ ਚਾਲੀ ਵਰ੍ਹਿਆਂ ਤੋਂ ਭਗਤੀ ਕਰ ਰਹੇ ਹਨ। ਮੈਂ ਫਿਰ ਪੁੱਛਿਆ ਕਿ ਕੀ ਉਹਨਾਂ ਨੂੰ ਆਤਮਾ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਹਨ। ਉਹ ਕਹਿਣ ਲੱਗਿਆ ਨਹੀਂ। ਸੋ ਕੀਮਤੀ ਸਮੇਂ ਨੂੰ ਇਸ ਤਰ੍ਹਾਂ ਬਰਬਾਦ ਕਰਨ ਦਾ ਕੀ ਲਾਭ।
ਬਾਬਾ ਰਾਮ ਦੇਵ : ਹਰ ਰੋਜ਼ ਦਿਨ ਵਿੱਚ 2-3 ਵਾਰ 5-5 ਮਿੰਟ ਉਂਗਲੀਆਂ ਦੇ ਨਹੁੰਆਂ ਨੂੰ ਆਪਸ ਵਿੱਚ ਰਗੜਨ ਨਾਲ ਵਾਲ ਝੜਨੇ ਤੇ ਵਾਲਾਂ ਦਾ ਸਫ਼ੈਦ ਹੋਣਾ ਰੁਕ ਜਾਂਦਾ ਹੈ। ਵਾਲ ਕਾਲੇ ਤੇ ਜ਼ਿਆਦਾ ਹੋਣ ਲੱਗ ਜਾਂਦੇ ਹਨ ਅਸੀਂ ਇਸ ਪ੍ਰਯੋਗ ਨਾਲ ਗੰਜਿਆਂ ਦੇ ਵਾਲ ਉਗਦੇ ਵੇਖੇ ਹਨ ਤੇ ਸੱਤਰ ਸਾਲ ਦੀ ਉਮਰ ਦੇ ਬੁੜਿਆਂ ਦੇ ਵਾਲ ਵੀ ਕਾਲੇ ਹੁੰਦੇ ਵੇਖੇ ਹਨ।
ਨਹੁੰਆਂ ਦੇ ਆਪਸ ਵਿੱਚ ਰਗੜਨ ਨਾਲ ਵਾਲਾਂ ਦੇ ਕਾਲੇ ਹੋਣ ਦਾ ਕੀ ਸਬੰਧ ਹੈ। ਨਹੁੰਆਂ ਦੇ ਆਪਸ ਵਿੱਚ ਰਗੜਨ ਨਾਲ ਗੰਜਿਆਂ ਦੇ ਬੰਦ ਹੋਏ ਵਾਲਾਂ ਦੇ ਸੁਰਾਖ ਕਿਵੇਂ ਖੱੁਲ੍ਹ ਜਾਂਦੇ ਹਨ? ਜਾਂ ਉਹ ਰਸ ਜੋ ਵਾਲਾਂ ਨੂੰ ਸਫ਼ੈਦ ਕਰਦਾ ਹੈ ਉਸਦੀ ਸਰੀਰ ਵਿੱਚ ਮੁੜ ਪੈਦਾਇਸ਼ ਹੋਣੀ ਕਿਵੇਂ ਸ਼ੁਰੂ ਹੋ ਜਾਂਦੀ ਹੈ? ਜੇ ਬਾਬਾ ਜੀ ਨੂੰ ਦਸ ਗੰਜੇ ਵਿਅਕਤੀ ਦੇ ਦਿੱਤੇ ਜਾਣ ਜਿਹੜੇ ਬਾਬਾ ਜੀ ਦੀਆਂ ਨਹੁੰਆਂ ਦੀਆਂ ਰਗੜਨ ਦੀ ਕਸਰਤ ਦਿਨ ਵਿੱਚ 2-3 ਵਾਰ 5-5 ਮਿੰਟ ਲਈ ਬਾਬਾ ਜੀ ਦੇ ਕਿਸੇ ਨੁੰਮਾਇਦੇ ਦੀ ਹਾਜ਼ਰੀ ਵਿੱਚ ਕਰਨਗੇ। ਤਾਂ ਕੀ ਬਾਬਾ ਜੀ ਤਿੰਨ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਦੇ ਵਾਲ ਮੁੜ ਪੈਦਾ ਕਰਨ ਦੀ ਸਾਡੀ ਚਣੌਤੀ ਨੂੰ ਸਵੀਕਾਰ ਕਰਨ ਨੂੰ ਤਿਆਰ ਹਨ। ਜੇ ਉਹ ਤਿਆਰ ਨਹੀਂ ਤਾਂ ਘੱਟੋ-ਘੱਟ ਉਨ੍ਹਾਂ ਨੂੰ ਆਪਣੀ ਕਿਤਾਬ ਵਿਚੋਂ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਪਾਉਣ ਵਾਲੀਆਂ ਅਜਿਹੀਆਂ ਗੱਲਾਂ ਜ਼ਰੂਰ ਕੱਢ ਦੇਣੀਆਂ ਚਾਹੀਦੀਆਂ ਹਨ।
ਬਾਬਾ ਰਾਮਦੇਵ : ਗਊ ਦੇ ਪੇਸ਼ਾਬ ਨੂੰ ਤਾਂਬੇ ਦੇ ਬਰਤਨ ਵਿੱਚ ਪਾਕੇ ਉਸਨੂੰ ਉਬਾਲ ਲਓ। ਜਦੋਂ ਅੱਧੇ ਤੋਂ ਘੱਟ ਰਹਿ ਜਾਏ ਤਾਂ ਉਸਨੂੰ ਛਾਣ ਕੇ ਸ਼ੀਸ਼ੀ ਭਰਕੇ ਰੱਖ ਲਵੋ। ਇਸਦੀ ਇੱਕ ਜਾਂ ਦੋ ਬੂੰਦਾਂ ਸਵੇਰੇ ਸ਼ਾਮ ਅੱਖ ਵਿੱਚ ਪਾਉਣ ਨਾਲ ਅੱਖਾਂ ਦੇ ਸਾਰੇ ਰੋਗਾਂ ਵਿੱਚ ਲਾਭ ਹੁੰਦਾ ਹੈ।
ਔਸਧੀ ਦਰਸ਼ਨ ਸਫ਼ਾ 56
ਇਸ ਸੁਆਲ ਦਾ ਇਹ ਵਿਸ਼ਾ ਤਾਂ ਘੋਖ ਪੜਤਾਲ ਦੀ ਮੰਗ ਕਰਦਾ ਹੈ ਕਿ ਗਊ ਦਾ ਪੇਸ਼ਾਬ ਅੱਖਾਂ ਦੇ ਸਾਰੇ ਰੋਗਾਂ ਵਿੱਚ ਲਾਭਦਾਇਕ ਹੈ ਜਾਂ ਨਹੀਂ। ਪਰ ਬਾਬਾ ਜੀ ਇਸਨੂੰ ਤਾਂਬੇ ਦੇ ਬਰਤਨ ਵਿੱਚ ਹੀ ਉਬਾਲਣ ਤੇ ਕਿਉ ਜ਼ੋਰ ਦਿੰਦੇ ਹਨ। ਕੀ ਤਾਂਬਾ ਵੀ ਅੱਖਾਂ ਦੇ ਰੋਗਾਂ ਲਈ ਲਾਹੇਬੰਦ ਹੈ?
ਬਾਬਾ ਰਾਮ ਦੇਵ : ਅਪਾਮਾਰਗ ਨਾਂ ਦੇ ਪੌਦੇ ਦੀ ਜੜ੍ਹ ਨੂੰ ਚੱਕਰਾਕਾਰ ਵਿੱਚ ਬਣਾ ਕੇ ਨਾਭੀ ਦੇ ਉੱਪਰ ਲਗਾਉਣ ਨਾਲ ਡਲਿਵਰੀ ਨਾਰਮਲ ਹੋ ਜਾਂਦੀ ਹੈ। ਜਦੋਂ ਮਾਂ ਨੂੰ ਪ੍ਰਸਵ ਪੀੜਾ ਸ਼ੁਰੂ ਹੋਵੇ ਤਾਂ ਅਪਾਮਾਰਗ ਦੀ ਰਿੰਗ ਨੂੰ ਨਾਭੀ ਤੇ ਬੰਨਣ ਨਾਲ 5-10 ਮਿੰਟ ਵਿੱਚ ਹੀ ਬੱਚੇ ਦਾ ਜਨਮ ਹੋ ਜਾਂਦਾ ਹੈ।
ਅਪਾਮਾਰਗ ਦੇ ਪੌਦੇ ਦੀ ਜੜ੍ਹ ਦਾ ਚੱਕਰਾਕਾਰ ਘੇਰਾ ਗਰਭਵਤੀ ਦੀ ਨਾਭੀ ਦੇ ਆਲੇ ਦੁਆਲੇ ਲਾਉਣ ਨਾਲ ਜਾਂ ਉਸਦੀ ਰਿੰਗ ਨਾਭੀ ਨਾਲ ਬੰਨ੍ਹਣ ਕਰਕੇ ਬੱਚੇ ਦਾ ਜਨਮ ਕਿਵੇਂ ਛੇਤੀ ਹੋ ਜਾਂਦਾ ਹੈ? ਮੈਨੂੰ ਬਾਬੇ ਦਾ ਇਹ ਕਥਨ ਵੀ ਗ਼ੈਰ ਵਿਗਿਆਨਕ ਹੀ ਨਜ਼ਰ ਆਉਦਾ ਹੈ।

ਬਾਬਾ ਰਾਮ ਦੇਵ ਤੇ ਤਰਕਸ਼ੀਲ ਵਿਚਾਰਧਾਰਾ

 ਮੇਘ ਰਾਜ ਮਿੱਤਰ (+91 98887 87440)
ਬਹੁਤ ਸਾਰੇ ਵਿਅਕਤੀਆਂ ਨੇ ਫ਼ੋimagesਨ ਕਾਲਾਂ ਅਤੇ ਚਿੱਠੀਆਂ ਰਾਹੀਂ ਬਾਬਾ ਰਾਮ ਦੇਵ ਬਾਰੇ ਤਰਕਸ਼ੀਲ ਸੁਸਾਇਟੀ ਦੇ ਵਿਚਾਰਾਂ ਨੂੰ ਜਾਣਨਾ ਚਾਹਿਆ ਹੈ। ਬਾਬਾ ਰਾਮ ਦੇਵ ਨੇ ਭਾਰਤ ਦੇ ਕਾਫ਼ੀ ਵਸਨੀਕਾਂ ਨੂੰ ਕਸਰਤ ਕਰਨ ਦੀ ਇੱਕ ਆਦਤ ਪਾ ਦਿੱਤੀ ਹੈ ਇਹ ਗੱਲ ਪ੍ਰਸੰਸਾਯੋਗ ਹੈ। ਸਵੇਰ ਵੇਲੇ ਜਦੋਂ ਮੈਂ ਕਸਰਤ ਤੇ ਸੈਰ ਲਈ ਪਾਰਕ ਵਿਚ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਬਹੁਤ ਸਾਰੇ ਵਿਅਕਤੀ ਆਪਣੇ ਨੱਕ ਤੇ ਹੱਥ ਰੱਖੀ ਲੰਬੇ-ਲੰਬੇ ਸਾਹ ਲੈ ਰਹੇ ਹੁੰਦੇ ਹਨ ਜਾਂ ਇੱਕ ਦੂਜੇ ਨੂੰ ਵੇਖ ਕੇ ਤਾੜੀਆਂ ਹੀ ਮਾਰਨ ਲੱਗੇ ਹੁੰਦੇ ਹਨ। ਸਰੀਰ ਨੂੰ ਚੜਦੀਆਂ ਕਲਾਵਾਂ ਵਿਚ ਰੱਖਣ ਲਈ ਕਸਰਤ ਦੀ ਭੂਮਿਕਾ ਨੂੰ ਕੋਈ ਵੀ ਵਿਅਕਤੀ ਰੱਦ ਨਹੀਂ ਕਰ ਸਕਦਾ।
ਦੂਸਰੀ ਗੱਲ ਜਿਹੜੀ ਬਾਬਾ ਰਾਮ ਦੇਵ ਦੀ ਪ੍ਰਸੰਸਾਯੋਗ ਹੈ ਉਹ ਹੈ ਭਰਮ, ਵਹਿਮ, ਰਾਸ਼ੀ ਚੱਕਰ, ਜੋਤਿਸ਼ ਅਤੇ ਬਹੁ-ਕੌਮੀ ਕਾਰਪੋਰੇਸ਼ਨ ਦੇ ਵਿਰੁੱਧ ਉਸਦਾ ਪ੍ਰਚਾਰ। ਨਾਲ ਹੀ ਹੋਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਹਨਾਂ ਵਿਚ ਉਸਦੀ ਭੂਮਿਕਾ ਚੰਗੀ ਵੀ ਨਹੀਂ।
ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਇਸਾਈ ਪ੍ਰਚਾਰਿਕ ਆਉਂਦੇ ਸਨ ਤੇ ਉਹ ਲੋਕਾਂ ਦੀਆਂ ਐਨਕਾਂ, ਫਹੁੜੀਆਂ, ਸੁਣਨ ਵਾਲੀਆਂ ਮਸ਼ੀਨਾਂ ਆਦਿ ਸੁਟਵਾ ਦਿੰਦੇ ਸਨ ਤੇ ਉਹ ਦਾਅਵਾ ਕਰਦੇ ਸਨ ਕਿ ਜਿਹੜੇ ਵੀ ਵਿਅਕਤੀ ਬਾਈਬਲ ਦੇ ਲੜ ਲੱਗ ਗਏ ਉਹਨਾਂ ਵਿੱਚੋਂ ਇਹ ਬੀਮਾਰੀਆਂ ਸਦਾ ਲਈ ਅਲੋਪ ਹੋ ਗਈਆਂ। ਉਹ ਅਜਿਹੇ ਠੀਕ ਹੋਏ ਵਿਅਕਤੀਆਂ ਨੂੰ ਸਟੇਜਾਂ ਤੇ ਲੋਕਾਂ ਸਾਹਮਣੇ ਪੇਸ਼ ਕਰਦੇ। ਪਰ ਜਦੋਂ ਕਿਤੇ ਵੀ ਤਰਕਸ਼ੀਲਾਂ ਨੇ ਉਹਨਾਂ ਦੇ ਦਾਅਵਿਆਂ ਦੀ ਪੜਤਾਲ ਕੀਤੀ ਤਾਂ ਉਹ ਸਭ ਝੂਠੇ ਸਿੱਧ ਹੋਏ। ਇਸ ਲਈ ਤਰਕਸ਼ੀਲਾਂ ਦੀਆਂ ਚਣੌਤੀਆਂ ਸਾਹਮਣੇ ਉਹ ਹਮੇਸ਼ਾ ਹੀ ਪੱਤਰੇ ਵਾਚ ਜਾਂਦੇ। ਬਾਬਾ ਰਾਮ ਦੇਵ ਵੀ ਇਸ ਕਿਸਮ ਦਾ ਹੀ ਇੱਕ ਹਿੰਦੁੂ ਧਰਮ ਦਾ ਪ੍ਰਚਾਰਕ ਹੈ। ਕਿਸੇ ਇੱਕ ਹੀ ਫਿਰਕੇ ਦਾ ਫੱਟਾ ਲਾਕੇ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਅਸੀਂ ਦੇਸ਼ ਭਗਤ ਨਹੀਂ ਕਹਿ ਸਕਦੇ। ਕਿਉਂਕਿ ਉਹਨਾਂ ਦੀ ਇਹ ਗੱਲ ਦੇਸ਼ ਦੇ ਸੰਵਿਧਾਨ ਵਿਚ ਦਰਜ ਅਖੰਡਤਾ ਦੀ ਮੱਦ ਦੇ ਹੱਕ ਵਿਚ ਨਹੀਂ ਭੁਗਤਦੀ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਰਾਮ ਦੇਵ ਮੀਡੀਆਂ ਸਾਹਮਣੇ ਪੇਸ਼ ਕਰਕੇ ਲੋਕਾਂ ਵਿੱਚੋਂ ਸਮੂਹ ਬੀਮਾਰੀਆਂ ਯੋਗਾ ਰਾਹੀਂ ਖਤਮ ਕਰਨ ਦਾ ਪ੍ਰਚਾਰ ਕਰਦਾ ਹੈ। ਸਰੀਰ ਵਿਚ ਬਹੁਤੀਆਂ ਅਜਿਹੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਬੈਕਟੀਰੀਆ ਜਾਂ ਜੀਵਾਣੂਆਂ ਕਰਕੇ ਹੁੰਦੀਆਂ ਹਨ। ਅਜਿਹੀਆਂ ਬੀਮਾਰੀਆਂ ਨੂੰ ਸਰੀਰ ਵਿੱਚੋਂ ਖਤਮ ਕਰਨ ਲਈ ਦਵਾਈਆਂ ਦੀ ਵਰਤੋਂ ਅਤੀ ਜ਼ਰੂਰੀ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਜੇ ਕਿਸੇ ਵਿਅਕਤੀ ਨੂੰ ਟੀ. ਬੀ. ਹੋ ਗਈ ਹੈ ਤਾਂ ਉਸ ਲਈ ਬੀਮਾਰੀ ਦੇ ਖਾਤਮੇ ਤੱਕ ਦਵਾਈ ਖਾਣੀ ਅਤੀ ਜ਼ਰੂਰੀ ਹੈ। ਟੀ. ਬੀ. ਦੀ ਦਵਾਈ ਵਿਚਕਾਰੋਂ ਛੱਡ ਦੇਣ ਦਾ ਮਤਲਬ ਹੁੰਦਾ ਹੈ ਕਿ ਅਗਲੀ ਵਾਰ ਇਹ ਦਵਾਈ ਉਸ ਤੇ ਅਸਰ ਨਹੀਂ ਕਰੇਗੀ। ਇਸ ਤਰ੍ਹਾਂ ਉਸਦੀ ਬੀਮਾਰੀ ਹੋਰ ਘਾਤਕ ਹੋ ਸਕਦੀ ਹੈ।
ਬਲਬੀਰ ਮੇਰੇ ਸ਼ਹਿਰ ਦਾ ਵਸਨੀਕ ਹੈ। ਇੱਕ ਵਾਰ ਉਸਤੇ ਵੀ ਬਾਬਾ ਰਾਮ ਦੇਵ ਦੀ ਕਸਰਤ ਦਾ ਭੂਤ ਸਵਾਰ ਹੋ ਗਿਆ। ਉਹ ਪਹਿਲਾਂ ਹੀ ਦਿਲ ਦੀ ਬੀਮਾਰੀ ਦਾ ਸ਼ਿਕਾਰ ਸੀ। ਬਾਬੇ ਦੀ ਲੰਬੇ-ਲੰਬੇ ਸਾਹ ਲੈਣ ਦੀ ਕਸਰਤ ਨੇ ਉਸਦਾ ਅਜਿਹਾ ਹਸ਼ਰ ਕੀਤਾ ਕਿ ਲੱਖਾਂ ਰੁਪਏ ਖਰਚ ਕੇ ਬੜੀ ਮੁਸ਼ਕਿਲ ਨਾਲ ਪ੍ਰੀਵਾਰ ਵਾਲੇ ਉਸਦੀ ਜ਼ਿੰਦਗੀ ਨੂੰ ਬਚਾ ਸਕੇ। ਹੁਣ ਉਹ ਸੈਰ ਤਾਂ ਕਰਦਾ ਹੈ ਪਰ ਬਾਬੇ ਦੀਆਂ ਕਸਰਤਾਂ ਤੋਂ ਉਸ ਨੇ ਤੋਬਾ ਕਰ ਲਈ ਹੈ। ਅਜਿਹੇ ਵਿਅਕਤੀ ਨੂੰ ਰਾਮਦੇਵ ਕਦੇ ਵੀ ਮੀਡੀਆ ਅੱਗੇ ਪੇਸ਼ ਨਹੀਂ ਕਰੇਗਾ।
ਬਾਬਾ ਰਾਮਦੇਵ ਯੋਗਾ ਤੇ ਆਯੁਰਵੈਦ ਦੀਆਂ ਸ਼ਕਤੀਆਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰਨ ਦਾ ਆਦੀ ਹੈ। ਕਈ ਵਾਰ ਤਾਂ ਉਹ ਕਹਿੰਦਾ ਹੈ ਕਿ ਮੈਂ ਆਥਣ ਤੱਕ ਪਾਰਕਸਿਨ ਦੀ ਬੀਮਾਰੀ ਨੂੰ ਜੜੋਂ ਖਤਮ ਕਰ ਦਵਾਂਗਾ। ਕਦੇ ਉਹ ਕਹਿੰਦਾ ਹੈ ਕਿ ਯੋਗ ਰਾਹੀਂ ਏਡਜ ਦਾ ਖਾਤਮਾ ਕੀਤਾ ਜਾ ਸਕਦਾ ਹੈ। ਕੈਂਸਰ ਬਾਰੇ ਵੀ ਉਸਦੇ ਦਾਅਵੇ ਅਜਿਹੇ ਹੀ ਹੁੰਦੇ ਹਨ। ਕਦੇ ਉਹ ਕਹਿੰਦਾ ਹੈ ਕਿ ਯੋਗ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਕੀ ਉਹ ਅਮੀਰਾਂ ਹੱਥੋਂ ਹੋ ਰਹੀ ਗਰੀਬਾਂ ਦੀ ਲੁੱਟ ਨੂੰ ਯੋਗ ਰਾਹੀਂ ਖਤਮ ਕਰ ਸਕਦਾ ਹੈ? ਕੀ ਉਹ ਦੰਗਿਆਂ ਰਾਹੀਂ ਹੋ ਰਹੇ ਕਤਲੇਆਮ ਨੂੰ ਯੋਗ ਰਾਹੀਂ ਰੋਕ ਸਕਦਾ ਹੈ? ਕੀ ਉਹ ਭਾਰਤ ਦੇ ਦਸ ਕਰੋੜ ਬੇਰੁਜ਼ਗਾਰਾਂ ਨੂੰ ਯੋਗਾ ਰਾਹੀਂ ਨੌਕਰੀਆਂ ਦੁਆ ਸਕਦਾ ਹੈ? ਸਾਰੀਆਂ ਸਮੱਸਿਆਵਾਂ ਯੋਗਾ ਰਾਹੀਂ ਹੱਲ ਨਹੀਂ ਹੋ ਸਕਦੀਆਂ ਸਗੋਂ ਚੰਗੀ ਸਿਆਸਤ ਹੀ ਇਹਨਾਂ ਨੂੰ ਹੱਲ ਕਰ ਸਕਦੀ ਹੈ।
ਹਰੇਕ ਵਿਅਕਤੀ ਵਿਚ ਕੁਝ ਗੁਣ ਤੇ ਔਗੁਣ ਹੁੰਦੇ ਹਨ। ਬਾਬਾ ਰਾਮ ਦੇਵ ਜੀ ਵੀ ਕਈ ਵਾਰ ਬਚਕਾਨਾ ਹਰਕਤਾਂ ’ਤੇ ਉੱਤਰ ਆਉਂਦੇ ਹਨ। ਉਹਨਾਂ ਦੀਆਂ ਇਹ ਹਰਕਤਾਂ ਸਮੱੁਚੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਰੁੱਧ ਜਾਂਦੀਆਂ ਹਨ। ਜਿਵੇਂ ਮੀਟ ਜਾਂ ਆਂਡੇ ਖਾਣਾ ਹਰੇਕ ਦੇਸ਼ ਜਾਂ ਧਰਮ ਦੇ ਲੋਕਾਂ ਦਾ ਨਿੱਜੀ ਮਸਲਾ ਹੁੰਦਾ ਹੈ। ਕੇਰਲਾ ਵਿਚ ਰਹਿਣ ਵਾਲੇ ਬ੍ਰਾਹਮਣ ਮੱਛੀ ਖਾਏ ਬਗੈਰ ਸੋਚ ਵੀ ਨਹੀਂ ਸਕਦੇ। ਠੰਡੇ ਮੁਲਕਾਂ ਵਿਚ ਰਹਿਣ ਵਾਲੇ ਲੋਕਾਂ ਦਾ ਗੁਜ਼ਾਰਾਂ ਮੀਟ ਜਾਂ ਆਂਡਿਆਂ ਤੋਂ ਬਿਨਾਂ ਨਹੀਂ ਹੋ ਸਕਦਾ। ਪਰ ਬਾਬਾ ਰਾਮ ਦੇਵ ਜੀ ਜਦੋਂ ਆਂਡਿਆਂ ਨੂੰ ਮੁਰਗੀ ਦੀ ਪੋਟੀ ਕਹਿੰਦੇ ਹਨ ਤਾਂ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ।
ਬਾਬਾ ਜੀ ਖੁਦ ਅੱਠ ਪੜ੍ਹੇ ਹੋਏ ਹੀ ਹਨ। ਇਸ ਲਈ ਬਹੁਤ ਸਾਰੇ ਖੇਤਰਾਂ ਵਿਚ ਉਹਨਾਂ ਦੀ ਆਪਣੀ ਜਾਣਕਾਰੀ ਬਹੁਤ ਥੋੜ੍ਹੀ ਹੈ। ਗਿਆਨ ਕਿਸੇ ਦਾ ਵੀ ਘੱਟ ਹੋ ਸਕਦਾ ਹੈ। ਪਰ ਜੇ ਘੱਟ ਗਿਆਨ ਵਾਲਾ ਵਿਅਕਤੀ ਸਰਬਗਿਆਤਾਂ ਕਹਾਉਣ ਲੱਗ ਪਏ ਤਾਂ ਕਈ ਵਾਰ ਉਸਦੀਆਂ ਗੱਲਾਂ ਤੇ ਹਾਸਾ ਵੀ ਆਉਂਦਾ ਹੈ। ਜਿਵੇਂ ਬਾਬਾ ਰਾਮ ਦੇਵ ਆਸਥਾ ਚੈਨਲ ਤੇ 12 ਨਵੰਬਰ 2007 ਨੂੰ ਆਪਣੇ ਭਾਸ਼ਣ ਵਿਚ ਕਹਿ ਰਿਹਾ ਸੀ ਕਿ ਵਿਗਿਆਨਿਕਾਂ ਨੂੰ ਇਹ ਪਤਾ ਨਹੀਂ ਕਿ ਪਹਿਲਾ ਮੁਰਗੀ ਆਈ ਜਾਂ ਆਂਡਾ? ਵਿਗਿਆਨਕ ਤਾਂ ਕੀ ਅੱਜ ਕੱਲ੍ਹ ਹਰ ਬੀ. ਐਸ. ਸੀ. ਪੜਿਆ ਵਿਅਕਤੀ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਆਂਡੇ ਤਾਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਤੇ ਡਾਇਨਾਸੌਰਾਂ ਵੇਲੇ ਵੀ ਮੌਜੂਦ ਸਨ। ਪਰ ਉਸ ਸਮੇਂ ਮੁਰਗੀਆਂ ਨਹੀਂ ਸਨ। ਮੁਰਗੀ ਤਾਂ ਮੁਰਗਾਬੀ ਤੋਂ ਅੱਜ ਤੋਂ 10 ਕੁ ਹਜ਼ਾਰ ਵਰ੍ਹੇ ਪਹਿਲਾਂ ਪਾਲਤੂ ਬਣਾਈ ਗਈ ਹੈ। ਜਿਵੇਂ ਜੀਵ ਵਿਕਾਸ ਵਿਚ ਸਾਰੀਆਂ ਮਹੱਤਵ ਪੂਰਨ ਤਬਦੀਲੀਆਂ ਪਹਿਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ। ਬਾਕੀ ਸੈੱਲ ਤਾਂ ਵਾਧੇ ਤੇ ਵੰਡ ਰਾਹੀਂ ਹੋਂਦ ਵਿਚ ਆਉਂਦੇ ਰਹਿੰਦੇ ਹਨ ਤੇ ਇਹ ਪਹਿਲੇ ਸੈੱਲ ਦੀ ਫੋਟੋਕਾਪੀ ਹੀ ਹੁੰਦੇ ਹਨ। ਇਹ ਪਹਿਲਾਂ ਸੈੱਲ ਆਂਡੇ ਵਿਚ ਹੀ ਹੁੰਦਾ ਹੈ। ਇਸ ਲਈ ਆਂਡਾ ਮੁਰਗੀ ਨਾਲੋਂ ਪਹਿਲਾਂ ਹੋਂਦ ਵਿਚ ਆਇਆ। ਇਸ ਤਰ੍ਹਾਂ ਬਾਬਾ ਰਾਮ ਦੇਵ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਬਾਂਦਰ ਤੋਂ ਮਨੁੱਖ ਕਿਵੇਂ ਹੋਂਦ ਵਿਚ ਆਇਆ? ਅਸਲ ਵਿਚ ਜੀਵ ਵਿਕਾਸ ਇੱਕ ਹੌਲੀ-ਹੌਲੀ ਚੱਲਣ ਵਾਲੀ ਿਆ ਹੁੰਦੀ ਹੈ। ਇਸਨੂੰ ਪ੍ਰਯੋਗਸ਼ਾਲਾਂ ਵਿਚ ਵੇਖਿਆ ਨਹੀਂ ਜਾ ਸਕਦਾ। ਜੀਵਾਂ ਦੀਆਂ ਹੋਂਦ ਵਿਚ ਰਹੀਆਂ ਬਹੁਤ ਸਾਰੀਆਂ ਨਸਲਾਂ ਵਿੱਚੋਂ ਕਿਸੇ ਇੱਕ ਨਸਲ ਦੇ ਕਿਸੇ ਇੱਕ ਜੀਵ ਵਿਚ ਕੋਈ ਅਜਿਹੀ ਤਬਦੀਲੀ ਆਉਂਦੀ ਹੈ ਜੋ ਇੱਕ ਨਵੀਂ ਜਾਤੀ ਦੀ ਪੈਦਾਇਸ਼ ਬਣ ਜਾਂਦੀ ਹੈ। ਅੱਜ ਤੋਂ ਇੱਕ ਕਰੋੜ ਵਰ੍ਹੇ ਪਹਿਲਾਂ ਅਫ਼ਰੀਕਾ ਦੇ ਜੰਗਲਾਂ ਵਿਚ ਬਾਂਦਰਾਂ ਦੀ ਇੱਕ ਨਸਲ ਦੇ ਇੱਕ ਜੀਵ ਵਿਚ ਕੋਈ ਅਜਿਹੀ ਸਿਫਤੀ ਤਬਦੀਲੀ ਆਈ ਜੋ ਉਸਨੂੰ ਮਨੁੱਖ ਜਾਤੀ ਦਾ ਸਭ ਤੋਂ ਪਹਿਲਾਂ ਪੂਰਵਜ ਬਣਾ ਗਈ। ਅਸੀਂ ਸਾਰੇ ਤਾਂ ਉਸ ਇੱਕੋ ਬਾਂਦਰਨੁਮਾ ਮਨੁੱਖ ਦੇ ਬੰਸਜ ਹਾਂ। ਧਰਤੀ ਦੀ ਡੂੰਘਾਈ ਅਨੁਸਾਰ ਵੱਖ-ਵੱਖ ਤੈਹਾਂ ਵਿੱਚੋਂ ਮਿਲਦੇ ਫਾਸਿਲ ਇਸ ਗੱਲ ਦਾ ਸਬੂਤ ਹਨ। ਬਾਬਾ ਰਾਮ ਦੇਵ ਤਾਂ ਕਹਿੰਦਾ ਹੈ ਕਿ ਮਨੁੱਖ ਧਰਤੀ ਵਿੱਚੋਂ ਪੈਦਾ ਹੋਇਆ। ਇਸ ਲਈ ਧਰਤੀ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ। ਅਸੀਂ ਇਹ ਗੱਲ ਤਾਂ ਮੰਨ ਸਕਦੇ ਹਾਂ ਕਿ ਧਰਤੀ ਸਾਡੀ ਸਭ ਦੀ ਪਾਲਣਹਾਰ ਹੈ ਪਰ ਪੈਦਾਇਸ਼ ਤਾਂ ਜੀਵ ਵਿਕਾਸ ਰਾਹੀ ਹੀ ਹੋਈ ਹੈ। ਇਸ ਤਰ੍ਹਾਂ ਸੂਰਜ ਦੀ ਪੈਦਾਇਸ਼, ਅਮੀਬੇ ਦੀ ਪੈਦਾਇਸ਼ ਆਦਿ ਬਾਰੇ ਬਾਬੇ ਦੇ ਵਿਚਾਰ ਗੈਰ ਵਿਗਿਆਨਕ ਹਨ।
ਇੰਗਲੈਂਡ ਵਿਚ ਬਾਬੇ ਦੇ ਇਕ ਭਗਤ ਦਾ ਦਾਅਵਾ ਸੀ ਕਿ ਬਾਬੇ ਦੀ ਇੱਕ ਦਿਨ ਦੀ ਬੈਠਕ ਵਿਚ ਹੀ ਉਸਦਾ ਭਾਰ 5 ਪੌਂਡ ਘੱਟ ਗਿਆ ਹੈ। ਸੁਬੋਧ ਗੁਪਤਾ ਨਾਂ ਦੇ ਇੱਕ ਵਿਗਿਆਨਕ ਨੇ ਬਾਬੇ ਦੇ ਉਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜ ਪੌਂਡ ਚਰਬੀ ਦੇ ਖ਼ਤਮ ਹੋਣ ਦਾ ਮਤਲਬ 5¿;3500=17500 ਕੈਲਰੀਜ ਦਾ ਪੈਦਾ ਹੋਣਾ ਹੈ। ਜੋ ਕਿ ਅਸੰਭਵ ਹੈ। ਸਰੀਰ ਵਿਚ ਵੱਧ ਤੋਂ ਵੱਧ 250 ਕੈਲਰੀਜ ਹੀ ਇੱਕ ਬੈਠਕ ਦੌਰਾਨ ਘੱਟ ਕੀਤੀਆਂ ਜਾ ਸਕਦੀਆਂ ਹਨ। ਜਾਨੀ ਕੇ ਇੱਕ ਵਾਰ ਦੀ ਕਸਰਤ ਲਗਭਗ 35 ਕੁ ਗ੍ਰਾਮ ਚਰਬੀ ਹੀ ਘਟਾ ਸਕਦੀ ਹੈ। ਹਾਂ ਸਰੀਰ ਵਿਚ ਪਸੀਨੇ ਰਾਹੀਂ ਪਾਣੀ ਜ਼ਰੂਰ ਇੱਕ ਦੋ ਕਿਲੋ ਘਟਾਇਆ ਜਾ ਸਕਦਾ ਹੈ। ਬਾਬੇ ਦਾ ਵਿਉਪਾਰ ਵਧੀਆ ਚੱਲ ਰਿਹਾ ਹੈ। ਕਿਤਾਬਾਂ ਤੇ ਦਵਾਈਆਂ ਦੇ ਵੱਡੇ ਮੁੱਲ ਨੇ ਅਤੇ ਸਿਵਰਾਂ ਰਾਹੀਂ ਲੋਕਾਂ ਤੋਂ ਵਸੂਲੇ ਕਰੋੜਾਂ ਰੁਪਿਆ ਨੇ ਬਾਬੇ ਨੂੰ ਅਰਬਪਤੀ ਬਣਾ ਦਿੱਤਾ ਹੈ। ਇਸ ਲਈ ਤਾਂ ਮੱਧ ਸ਼੍ਰੇਣੀ ਦੇ ਲੋਕਾਂ ਲਈ ਬਾਬਾ ਇੱਕ ਦੇਵਤਾ ਬਣ ਗਿਆ ਹੈ। ਪਰ ਗਰੀਬਾਂ ਕੋਲ ਤਾਂ ਉਸਦੀਆਂ ਦਵਾਈਆਂ, ਕਿਤਾਬਾਂ ਖ੍ਰੀਦਣ ਦੀ ਸਮਰੱਥਾ ਹੀ ਨਹੀਂ। ਉਂਝ ਵੀ ਉਸਦੇ ਆਪਣੇ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਵਿਚ ਮਜ਼ਦੂਰਾਂ ਨੂੰ ਘੱਟ ਉਜਰਤਾਂ ਕਾਰਨ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਮਾਰਕਸੀ ਪਾਰਟੀ ਦੀ ਪੋਲਿਟ ਬਿਊਰੋ ਮੈਂਬਰਾਂ ਬਰਿੰਦਾ ਕਰਤ ਜਦੋਂ ਅਜਿਹੇ ਮਜ਼ਦੂਰਾਂ ਦੀ ਮਦਦ ਲਈ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਾਬਾ ਰਾਮ ਦੇਵ ਦੀਆਂ ਦਵਾਈਆਂ ਵਿਚ ਮਨੁੱਖੀ ਹੱਡੀਆਂ ਅਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੁੰਦੀਆਂ ਹਨ। ਭਾਵੇਂ ਬਾਬਾ ਰਾਮ ਦੇਵ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਪਰ ਆਯੁਰਵੈਦ ਵਿਚ ਇਹਨਾਂ ਗੱਲਾਂ ਦੀ ਕੋਈ ਮਨਾਹੀ ਨਹੀਂ। ਹੱਡੀਆਂ ਦੀ ਭਸਮ ਵੀ ਉਹਨਾਂ ਲਈ ਇੱਕ ਦਵਾਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਤੁਹਾਨੂੰ ਬੀਮਾਰੀ ਦੀ ਹਾਲਤ ਵਿਚ ਕਿਹੜੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਸਿਰਫ਼ ਉਹ ਹੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ ਜਿਹੜੀ ਤੁਹਾਡੇ ਕਿੰਤੂਆਂ ਦਾ ਤਸੱਲੀਬਖ਼ਸ ਜੁਆਬ ਦਿੰਦੀ ਹੋਵੇ। ਮਤਲਬ ਤੁਹਾਨੂੰ ਜੋ ਬੀਮਾਰੀ ਪੈਦਾ ਹੋਈ ਉਹ ਕਿਉਂ ਹੋਈ? ਦਵਾਈ ਉਹ ਬੀਮਾਰੀ ਨੂੰ ਕਿੰਨੇ ਸਮੇਂ ਵਿਚ ਅਤੇ ਕਿਵੇਂ ਠੀਕ ਕਰੇਗੀ? ਆਯੁਰਵੈਦ ਇਹਨਾਂ ਗੱਲਾਂ ਦਾ ਜੁਆਬ ਤਸੱਲੀਬਖ਼ਸ਼ ਨਹੀਂ ਦਿੰਦਾ। ਇਸਦੇ ਮੁਕਾਬਲੇ ਐਲੋਪੈਥੀ ਇਹਨਾਂ ਗੱਲਾਂ ਦਾ ਜੁਆਬ ਦਿੰਦੀ ਹੈ। ਆਯੁਰਵੈਦਿਕ ਪ੍ਰਣਾਲੀ ਵਿਚ ਬਹੁਤ ਸਾਰੀਆਂ ਭਾਰੀਆਂ ਧਾਤਾਂ ਦੀਆਂ ਭਸਮਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਜ਼ਹਿਰੀਲੀਆਂ ਹੁੰਦੀਆਂ ਹਨ। ਜਿਵੇਂ ਸਿੱਕਾ ਪਾਰਾ, ਆਰਸੈਨਿਕ ਆਦਿ। ਬਰਸਾਤੀ ਮੌਸਮ ਵਿਚ ਜੜੀਆਂ ਬੂਟੀਆਂ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। ਗਰਮੀਆਂ ਵਿਚ ਘੱਟ। ਇਸ ਤਰ੍ਹਾਂ ਆਯੁਰਵੈਦਿਕ ਪ੍ਰਣਾਲੀ ਵਿਚ ਦਵਾਈ ਦੀ ਮਾਤਰਾ ਘੱਟ ਵੱਧ ਹੁੰਦੀ ਰਹਿੰਦੀ ਹੈ। ਐਲੋਪੈਥਿਕ ਦਵਾਈਆਂ ਵਿਚ ਹਰ ਵੇਲੇ ਲੱਖਾਂ ਵਿਗਿਆਨਕ ਖੋਜ ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਸੇ ਵੀ ਦਵਾਈ ਦੇ ਸਾਈਡ ਇਫੈਕਟਾਂ ਦੀ ਗੱਲ ਜਨਤਕ ਹੁੰਦੀ ਰਹਿੰਦੀ ਹੈ। ਪਰ ਆਯੁਰਵੈਦ ਵਿਚ ਅਜਿਹਾ ਨਹੀਂ ਹੁੰਦਾ ਜੇ ਹੁੰਦਾ ਵੀ ਹੈ ਤਾਂ ਵੀ ਬਹੁਤ ਘੱਟ ਇਹ ਜਨਤਕ ਹੁੰਦਾ ਹੈ। ਆਯੁਰਵੈਦ ਦੀਆਂ ਬਹੁਤ ਸਾਰੀਆਂ ਦਵਾਈਆਂ ਐਲੋਪੈਥੀ ਅਨੁਸਾਰ ਸਟੀਰਾਇਡਜ ਹੁੰਦੀਆਂ ਹਨ ਜਿਹੜੀਆਂ ਉਸ ਹਾਲਤ ਵਿਚ ਹੀ ਲੈਣੀਆਂ ਬਣਦੀਆਂ ਹਨ ਜਦੋਂ ਕੋਈ ਹੋਰ ਹੱਲ ਨਾ ਰਹੇ। ਐਲੋਪੈਥੀ ਅਜਿਹੀ ਪ੍ਰਣਾਲੀ ਹੈ ਜਿਸਨੇ ਧਰਤੀ ਤੇ ਉਪਲੱਬਧ ਸੈਂਕੜੇ ਬੀਮਾਰੀਆਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ। ਜਿਵੇਂ ਅੱਜ ਤੋਂ 60 ਕੁ ਸਾਲ ਪਹਿਲਾ ਟੀ. ਬੀ. ਨਾਲ ਕਿਸੇ ਵੀ ਮਰੀਜ਼ ਦਾ ਬਚਣਾ ਮੁਸ਼ਕਿਲ ਹੁੰਦਾ ਸੀ। ਪਰ ਅੱਜ ਟੀ. ਬੀ. ਦੇ ਬਹੁਤੇ ਮਰੀਜ਼ ਬਚ ਜਾਂਦੇ ਹਨ। ਇਸ ਤਰ੍ਹਾਂ ਧਰਤੀ ਤੋਂ ਪਲੇਗ, ਚੇਚਕ ਦਾ ਭੋਗ ਪਾ ਦਿੱਤਾ ਗਿਆ। ਪੋਲੀਓ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇਗਾ ਤੇ ਆਉਣ ਵਾਲੇ 20-30 ਸਾਲਾਂ ਵਿਚ ਸੈਂਕੜੇ ਹੋਰ ਬੀਮਾਰੀਆਂ ਧਰਤੀ ਤੋਂ ਸਦਾ ਲਈ ਖ਼ਤਮ ਕਰ ਦਿੱਤੀਆਂ ਜਾਣਗੀਆਂ। ਭਾਵੇਂ ਆਯੁਰਵੈਦ ਪੁਰਾਤਨ ਗ੍ਰੰਥਾਂ ਦੀ ਦੇਣ ਹੈ। ਪਰ ਆਯੁਰਵੈਦ ਉਪਰੋਕਤ ਬੀਮਾਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਕਦੇ ਖਤਮ ਕਿਉਂ ਨਾ ਕਰ ਸਕਿਆ?
ਬਾਬਾ ਰਾਮ ਦੇਵ ਸਕੂਲਾਂ ਵਿਚ ਸੈਕਸ-ਐਜ਼ੂਕੇਸ਼ਨ ਦਾ ਵਿਰੋਧੀ ਹੈ। ਏਡਜ ਅਤੇ ਹੋਰ ਜਨਣ ਅੰਗਾਂ ਦੀਆਂ ਬੀਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਇਹ ਸਿੱਖਿਆ ਅਤੀ ਜ਼ਰੂਰੀ ਹੈ। ਬਾਬਾ ਰਾਮ ਦੇਵ ਇੱਕ ਸਾਧ ਦਾ ਬਾਣਾ ਪਾਕੇ ਹੀ ਸਟੇਜ ਤੇ ਆਉਂਦਾ ਹੈ ਉਸਦਾ ਕਾਰਨ ਹੈ ਕਿ ਇਸ ਦੇਸ਼ ਦੇ ਲੋਕ ਸਾਧਾਂ, ਸੰਤਾਂ ਪ੍ਰਤੀ ਸ਼ਰਧਾਵਾਨ ਹੁੰਦੇ ਹਨ। ਪਰ ਪੰਜਾਬ ਦੀ ਤਕਰਸ਼ੀਲ ਲਹਿਰ ਵਿਚ 1984 ਤੋਂ ਲੈਕੇ ਹੁਣ ਤੱਕ ਦੀ ਮੇਰੀ ਸਰਗਰਮੀ ਦੱਸਦੀ ਹੈ ਕਿ ਭਗਵੇ ਕੱਪੜਿਆਂ ਵਾਲੇ ਹਮੇਸ਼ਾ ਹੀ ਲੋਕ ਵਿਰੋਧੀ ਹੁੰਦੇ ਹਨ। ਬਾਬਾ ਦਾੜੀ ਮੁੱਛਾਂ ਕਿਉਂ ਰੱਖਦਾ ਇਸਦਾ ਵੀ ਇੱਕ ਕਾਰਨ ਹੈ ਕਿ ਉਸ ਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਬੈਲੱਜ ਪੈਲਸੀ (2 ) ਨਾਂ ਦੀ ਬੀਮਾਰੀ ਹੈ ਗਈ ਸੀ ਜਿਸ ਵਿਚ ਕੋਈ ਵਿਅਕਤੀ ਇੱਕ ਪਾਸੇ ਦੇ ਚਿਹਰੇ ਦੇ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਬਾਬੇ ਦੀ ਅੱਖ ਦਾ ਦਬੱਣਾ ਆਦਿ ਜੇ ਉਸਨੇ ਦਾੜੀ ਮੁੱਛਾ ਨਾਂ ਰੱਖੀਆਂ ਹੁੰਦੀਆਂ ਤਾਂ ਉਸਦੀ ਇਹ ਬੀਮਾਰੀ ਹੋਰ ਸਪੱਸ਼ਟ ਨਜ਼ਰ ਆਉਣੀ ਸੀ। ਬਾਬਾ ਯੋਗਾ ਰਾਹੀਂ ਆਪਣੀ ਇਹ ਬਿਮਾਰੀ ਹੁਣ ਤੱਕ ਕਿਉਂ ਖਤਮ ਨਹੀਂ ਕਰ ਸਕਿਆ? ਮਨੁੱਖ ਜਾਤੀ ਵਿੱਚ ਨੱਕ ਦੇ ਸੁਰਾਖ਼ ਤਾਂ ਦੋ ਹੁੰਦੇ ਹਨ ਪਰ ਆਪਣੀ ਲੰਬਾਈ ਦੇ ਸਿਰਫ਼ ਦੋ ਇੰਚ ਦੀ ਦੂਰੀ ਤੇ ਇਹ ਸੁਰਾਖ਼ ਸਿਰਫ਼ ਇੱਕ ਨਾਲੀ ਵਿਚ ਹੀ ਤਬਦੀਲ ਹੋ ਜਾਂਦਾ ਹੈ। ਹੁਣ ਬਾਬਾ ਜੀ ਲੋਕਾਂ ਨੂੰ ਇੱਕ ਨੱਕ ਰਾਹੀਂ ਸਾਹ ਲੈਕੇ ਦੂਜੇ ਰਾਹੀ ਕੱਢਣ ਤੇ ਹੀ ਕਿਉਂ ਜ਼ੋਰ ਦਿੰਦੇ ਰਹਿੰਦੇ ਹਨ। ਇਸਦਾ ਫਾਇਦਾ ਕਿਵੇਂ ਹੋ ਸਕਦਾ ਹੈ?
ਅੰਤ ਵਿਚ ਮੈਂ ਮੇਰੇ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗਾ ਕੇ ਬਾਬੇ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ ਉਹਨਾਂ ਲੋਕਾਂ ਲਈ ਹੀ ਫਾਇਦੇਮੰਦ ਹੋ ਸਕਦੀਆਂ ਹਨ ਜਿਹੜੇ ਕਿਸੇ ਕਿਸਮ ਦੀਆਂ ਹੋਰ ਕਸਰਤਾਂ ਨਹੀਂ ਕਰਦੇ। ਉਂਝ ਵੀ ਸਕੂਲਾਂ ਤੇ ਫ਼ੌਜ ਦੇ ਡਰਿੱਲ ਮਾਸਟਰਾਂ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ, ਬਾਬੇ ਦੀਆਂ ਕਸਰਤਾਂ ਦੇ ਮੁਕਾਬਲੇ ਵੱਧ ਵਿਗਿਆਨਕ ਹਨ। ਕਿਸੇ ਵੀ ਵਿਅਕਤੀ ਨੂੰ ਮਾਨਸਿਕ, ਜਾਂ ਸਰੀਰਕ ਸਿਹਤ ਜਾਂ ਉਮਰ ਨੂੰ ਧਿਆਨ ਵਿਚ ਰੱਖ ਕੇ ਹੀ ਕਸਰਤ ਕਰਨੀ ਚਾਹੀਦੀ ਹੈ। ਜੇ ਤੁਸੀਂ ਵੱਡੀ ਉਮਰ ਵਿਚ ਜਾਕੇ ਭੱਜਣਾ ਸ਼ੁਰੂ ਕਰ ਦੇਵੇਗੋ ਤਾਂ ਹੋ ਸਕਦਾ ਹੈ ਤੁਹਾਡੀ ਕੋਈ ਹੱਡੀ ਟੁੱਟ ਜਾਵੇ ਜਾਂ ਅੰਦਰੋਂ ਮਾਸ ਫਟ ਜਾਵੇ ਤੇ ਤੁਸੀਂ ਸਦਾ ਲਈ ਮੰਜਾ ਮੱਲ ਬੈਠੋ।

ਹੱਥ ਰੇਖਾਵਾਂ ਦੀ ਅਸਲੀਅਤ

ਮੇਘ ਰਾਜ ਮਿੱਤਰ (+91 98887 87440)
5233309_f260ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੰੁਦੇ ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ੍ਹ ਤਾਂ ਮੱਧ ਸ੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ ਉਹ ਆਪਣਾ ਭਵਿੱਖ ਜਾਨਣ ਲਈ ਅਤੇ ਆਪਣੇ ਆਲੇ ਦੁਆਲੇ ਵਿਚ ਸ਼ੋਹਰਤ ਬਣਾਉਣ ਲਈ ਅਕਸਰ ਹੀ ਜੋਤਸ਼ੀਆਂ ਕੋਲ ਪੁੱਜ ਜਾਂਦੇ ਹਨ। ਅੱਜ ਸਾਡਾ ਸਾਰਾ ਸਮਾਜ ਹੀ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ ਕਿਸੇ ਦੇ ਪੜ੍ਹੇ ਲਿਖੇ ਪੁੱਤ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਅਤੇ ਕੋਈ ਆਪਣੇ ਧੀਆਂ ਪੁੱਤਾਂ ਲਈ ਚੰਗੇ ਰਿਸ਼ਤੇ ਲੱਭ ਰਿਹਾ ਹੈ ਅਤੇ ਕਿਸੇ ਦੇ ਘਰ ਵਿਚ ਨਸ਼ਾ ਜਾਂ ਬਿਮਾਰੀ ਨੇ ਘਰ ਕੀਤਾ ਹੋਇਆ ਹੈ। ਇਸ ਤਰ੍ਹਾਂ ਇੱਥੇ ਬਹੁਤੇ ਲੋਕੀ ਇਨ੍ਹਾਂ ਸਮੱਸਿਆਵਾਂ ਦੀਆਂ ਘੁੰਮਣ ਘੇਰੀਆਂ ਵਿਚ ਫਸੇ ਹੋਏ ਹਨ ਤੇ ਸੋਚਦੇ ਹਨ ਕਿ ਸ਼ਾਇਦ ਜੋਤਸ਼ੀ ਹੀ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਿਲਾਂ ਵਿਚੋਂ ਕੱਢ ਸਕਦੇ ਹਨ। ਜੋਤਸ਼ੀ ਵੀ ਬਹੁਤ ਹੀ ਚਲਾਕ ਕਿਸਮ ਦੇ ਵਿਅਕਤੀ ਹੰੁਦੇ ਹਨ ਉਹ ਗਾਹਕਾਂ ਨੂੰ ਮਾਨਸਿਕ ਤੌਰ ’ਤੇ ਹੱਲਾ ਸ਼ੇਰੀ ਵੀ ਦੇ ਦਿੰਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਪ੍ਰਸੰਸਾ ਕਰਨੀ ਵੀ ਨਹੀਂ ਭੁੱਲਦੇ। ਕਈ ਵਾਰੀ ਉਹ ਗਾਹਕ ਦੇ ਮਨ ਵਿਚ ਡਰ ਵੀ ਬਿਠਾ ਦਿੰਦੇ ਹਨ ਤੇ ਡਰਿਆ ਹੋਇਆ ਗਾਹਕ ਵੱਧ ਲੁਟਾ ਹੁੰਦਾ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਦਿਨ ਰਾਤ ਫੁੱਲ ਤੇ ਫਲ ਰਿਹਾ ਹੈ।
ਟੈਲੀਵਿਯਨ ਚੈਨਲਾਂ ਨੂੰ ਚਲਾਉਣ ਲਈ ਵੱਡੇ ਸਟਾਫ਼ ਅਤੇ ਸਟੂਡੀਓ ਆਦਿ ਦੀ ਲੋੜ ਹੰੁਦੀ ਹੈ। ਇਸ ਲਈ ਇਸ ਸਮੁੱਚੇ ਧੰਦੇ ਨੂੰ ਲਾਹੇਬੰਦ ਬਣਾਉਣ ਲਈ ਵੱਡੀ ਆਮਦਨ ਦੀ ਵੀ ਜ਼ਰੂਰਤ ਹੈ। ਕੁਝ ਸਥਾਪਤ ਚੈਨਲਾਂ ਨੂੰ ਤਾਂ ਇਸ਼ਤਿਹਾਰਾਂ ਤੋਂ ਲੋੜੀਂਦੀ ਆਮਦਨ ਹੋ ਜਾਂਦੀ ਹੈ ਪਰ ਬਾਕੀਆਂ ਲਈ ਤਾਂ ਸਾਧ ਸੰਤ ਅਤੇ ਜੋਤਸ਼ੀ ਹੀ ਸਹਾਰਾ ਬਣਦੇ ਨੇ। ਜੇ ਲੋਕ ਇਸ ਗੱਲ ਨਾਲ ਬਰਬਾਦ ਹੰੁਦੇ ਹਨ ਤਾਂ ਹੋਈ ਜਾਣ ਚੈਨਲਾਂ ਨੇ ਤਾਂ ਆਪਣਾ ਘਾਟਾ ਪੂਰਨਾ ਹੀ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਵਧ ਫੁੱਲ ਰਿਹਾ ਹੈ।
ਹੱਥ ਦੀਆਂ ਲਕੀਰਾਂ ਦਾ ਕਿਸਮਤ ਨਾਲ ਸਬੰਧ
ਕਹਿੰਦੇ ਨੇ ਬੰਦੇ ਦੀ ਕਿਸਮਤ ਅਤੇ ਹੱਥ ਦੀਆਂ ਲਕੀਰਾਂ ਦਾ ਰਿਸ਼ਤਾ ਬਹੁਤ ਨੇੜੇ ਦਾ ਹੰੁਦਾ ਹੈ। ਸੋ ਆਉ ਅੱਜ ਇਸ ਗੱਲ ਨੂੰ ਵੀ ਨਿਰਖ ਪਰਖ ਲਈਏ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਨੁੱਖ ਦੀ ਕਿਸਮਤ, ਸਿਹਤ, ਉਮਰ, ਵਿਆਹ, ਧੰਨ, ਦੌਲਤ, ਪੁੱਤਰ ਅਤੇ ਧੀਆਂ ਸਭ ਕੁਝ ਹੱਥ ਦੀਆਂ ਲਕੀਰਾਂ ਦਰਸ਼ਾ ਦਿੰਦੀਆਂ ਹਨ।
ਪਹਿਲਾ ਆਪਾ ਕਿਸਮਤ ਨੂੰ ਹੀ ਲੈ ਲਈਏ। ਅੰਮਿ੍ਰਤਸਰ ਦੇ ਪਾਗਲ ਖਾਨੇ ਵਿਚ ਜਾ ਕੇ ਇਸਦੀ ਪਰਖ ਆਰਾਮ ਨਾਲ ਕੀਤੀ ਜਾ ਸਕਦੀ ਹੈ। ਉਥੋਂ ਸਾਨੂੰ ਸੈਂਕੜੇ ਅਜਿਹੇ ਵਿਅਕਤੀਆਂ ਦੇ ਹੱਥ ਦੀਆਂ ਲਕੀਰਾਂ ਦੇ ਫੋਟੋਗ੍ਰਾਫ ਆਰਾਮ ਨਾਲ ਮਿਲ ਸਕਦੇ ਹਨ ਜਿਨ੍ਹਾਂ ਨੂੰ ਡਾਕਟਰਾਂ ਨੇ ਟੈਸਟ ਕਰਕੇ ਕਿਹਾ ਹੈ ਕਿ ਉਹ ਜਮਾਂਦਰ ਪਾਗਲ ਹਨ ਆਪਣੀ ਮੌਤ ਤੱਕ ਇਨ੍ਹਾਂ ਨੇ ਪਾਗਲ ਹੀ ਰਹਿਣਾ ਹੈ। ਇਹ ਹੱਥ ਚਿੱਤਰ ਵੇਖ ਕੇ ਜੋਤਸ਼ੀ ਉਨ੍ਹਾਂ ਦੀ ਕਿਸਮਤ ਜ਼ਰੂਰ ਪੜ੍ਹਨਗੇ ਤੇ ਬਹੁਤਿਆਂ ਬਾਰੇ ਕਹਿਣਗੇ ਕਿ ਇਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੈ।
ਉਮਰ : ਜੇ ਗੱਲ ਉਮਰ ਦੀ ਕਰਨੀ ਹੋਵੇ ਤਾਂ ਅੱਜ ਪੰਜਾਬ ਵਿਚ ਘੱਟੋ ਘੱਟ ਅੱਠ ਵਿਅਕਤੀ ਹਰ ਰੋਜ ਐਕਸੀਡੈਂਟਾਂ ਵਿਚ ਮਰ ਰਹੇ ਹਨ। ਉਨ੍ਹਾਂ ਦੇ ਹੱਥ ਦੀਆਂ ਲਕੀਰਾਂ ਦਰਸ਼ਾ ਰਹੀਆਂ ਹੰੁਦੀਆਂ ਨੇ ਕਿ ਉਨ੍ਹਾਂ ਨੇ ਲੰਬੀ ਉਮਰ ਭੋਗਣੀ ਹੈ। ਇਸ ਤਰ੍ਹਾਂ ਭੁਪਾਲ ਵਿਚ ਗੈਸ ਰਿਸ਼ੀ ਇਕੋ ਦਿਨ ਹੀ ਦੋ ਹਜ਼ਾਰ ਵਿਅਕਤੀ ਰਾਤੀ ਚੰਗੇ ਭਲੇ ਸੁੱਤੇ ਪਰ ਸਵੇਰ ਨੂੰ ਉੱਠ ਹੀ ਨਹੀਂ ਸਕੇ। ਜੋਤਸ਼ੀਆਂ ਦਾ ਇੱਕ ਪੂਰਾ ਮੁਹੱਲਾ ਖੁਦ ਹੀ ਇਸਦੀ ਜਕੜ ਵਿਚ ਆ ਗਿਆ ਸੀ। ਕੀ ਇਨ੍ਹ੍ਹਾਂ ਸਭ ਵਿਅਕਤੀਆਂ ਦੀਆਂ ਹਥੇਲੀਆਂ ਤੇ ਉਮਰਾਂ ਦੀਆਂ ਰੇਖਾਵਾਂ ਕੱਟ ਵੱਢ ਹੋ ਗਈਆਂ ਸਨ?
ਇਸ ਤਰ੍ਹਾਂ ਦੂਸਰੇ ਸੰਸਾਰ ਯੁੱਧ ਸਮੇਂ 1945 ਵਿਚ ਅਮਰੀਕੀ ਸਰਕਾਰ ਨੇ ਉਥੇ ਦੇ ਪਾਦਰੀਆਂ ਤੋਂ ਅਸ਼ੀਰਵਾਦ ਦੁਆਕੇ ਦੋ ਜਹਾਜ਼ਾਂ ਨੂੰ ਜਾਪਾਨ ਦੇ ਸ਼ਹਿਰਾਂ ਹੀਰੋਸੀਮਾ ਅਤੇ ਨਾਗਾਸਾਕੀ ਉੱਪਰ ਐਟਮ ਬੰਬ ਸੁੱਟਣ ਲਈ ਭੇਜ ਦਿੱਤਾ। ਇਸ ਤਰ੍ਹਾਂ ਲੱਖਾਂ ਲੋਕ ਮਾਰੇ ਗਏ ਕੀ ਉਨ੍ਹਾਂ ਦੀਆਂ ਹੱਥ ਦੀਆਂ ਲਕੀਰਾਂ ਮਿਟ ਚੁੱਕੀਆਂ ਸਨ?
ਵਿਆਹ : ਹੁਣ ਜੇ ਗੱਲ ਵਿਆਹਾਂ ਦੀ ਕਰ ਲਈਏ ਜੋਤਿਸ਼ੀ ਦਾਅਵਾ ਕਰਦੇ ਹਨ ਕਿ ਵਿਆਹ ਦੀ ਰੇਖਾ ਹੱਥ ਉੱਤੇ ਅੰਕਿਤ ਹੰੁਦੀ ਹੈ। ਅਮਰੀਕਾ ਕੈਨੇਡਾ ਤੇ ਹੋਰ ਯੂਰਪੀ ਮੁਲਕਾਂ ਵਿਚ ਹਰ ਰੋਜ ਨਿੱਤ ਨਵੇਂ ਵਿਆਹ ਹੰੁਦੇ ਹਨ। ਕੀ ਉਨ੍ਹਾਂ ਦੀਆਂ ਹੱਥ ਰੇਖਾਵਾਂ ਨਿੱਤ ਹੀ ਬਦਲ ਜਾਂਦੀਆਂ ਨੇ। ਸਾਡੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਦਾ ਜੀ ਨੇ ਸੈਂਕੜੇ ਇਸਤਰੀਆਂ ਆਪਣੇ ਮਹਿਲ ਵਿਚ ਪਤਨੀਆਂ ਤੇ ਦਾਸੀਆਂ ਦੇ ਰੂਪ ਵਿਚ ਰੱਖੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਹੱਥਾਂ ਉੱਤੇ ਵਿਆਹ ਦੀ ਇਕੋ ਹੀ ਰੇਖਾ ਸੀ, ਇਸ ਤਰ੍ਹਾਂ ਹੀ ਸੰਸਾਰ ਪ੍ਰਸਿੱਧ ਐਕਟਰੈਸ ਜਾ ਜਾ ਗੈਬਰੋ ਨੇ ਆਪਣੀ ਜ਼ਿੰਦਗੀ ਵਿਚ ਅੱਠ ਵਿਆਹ ਕਰਵਾਏ ਅਤੇ ਇਕੋ ਵਿਅਕਤੀ ਨਾਲ ਦੋ ਵਾਰ ਵਿਆਹ ਕਰਵਾਇਆ ਪਰ ਉਸਦੇ ਹੱਥ ਤੇ ਵਿਆਹ ਦੀ ਇੱਕ ਹੀ ਲਕੀਰ ਸੀ। ਹੁਣ ਜੇ ਗੱਲ ਪੁੱਤਾਂ ਜਾਂ ਧੀਆਂ ਦੀ ਕਰਨੀ ਹੋਵੇ। ਕੀ ਇਹ ਲਕੀਰਾਂ ਵੀ ਆਦਮੀ ਦੇ ਹੱਥ ਤੇ ਦਰਜ਼ ਹੰੁਦੀਆਂ ਹਨ? ਇੱਕ ਤੰਦਰੁਸਤ ਮਨੁੱਖ ਵਿਚ ਕਰੋਮੋਸੋਮਾ ਦੀ ਗਿਣਤੀ ਐਨੀ ਹੰੁਦੀ ਹੈ ਕਿ ਉਸ ਨਾਲ ਪੂਰੇ ਸੰਸਾਰ ਦੀਆਂ ਇਸਤਰੀਆਂ ਗਰਭਵਤੀ ਹੋ ਸਕਦੀਆਂ ਹਨ ਕੀ ਫਿਰ ਹੱਥ ਉੱਤੇ ਪੁੱਤਾਂ ਧੀਆਂ ਵਾਲੀ ਲਕੀਰ ਵਿਚ ਐਨੇ ਨਿਸ਼ਾਨ ਹੁੰਦੇ ਹਨ?
ਪੁੱਤਰ ਤੇ ਧੀਆਂ : ਜੇ ਇਥੇ ਇਸਤਰੀਆਂ ਦੀਆਂ ਪੁੱਤਰ ਤੇ ਧੀਆਂ ਵਾਲੀ ਲਕੀਰ ਦੀ ਵੀ ਗੱਲ ਕਰ ਲਈਏ ਤਾਂ ਅੱਜ ਇਸਤਰੀ ਦਾ ਇੱਕ ਨਿਸ਼ੇਚਤ ਆਂਡਾ ਤੋੜ ਕੇ ਉਸ ਤੋਂ ਲੱਖਾਂ ਬੱਚੇ ਪੈਦਾ ਕੀਤੇ ਜਾ ਸਕਦੇ ਹਨ। ਕੀ ਇਸਤਰੀ ਦੇ ਹੱਥਾਂ ਤੇ ਵੀ ਪੁੱਤਾਂ ਧੀਆਂ ਦੀ ਗਿਣਤੀ ਲਿਖੀ ਹੰੁਦੀ ਹੈ?
ਜੇ ਧਿਆਨ ਨਾਲ ਬਾਂਦਰ ਦੇ ਹੱਥ ਨੂੰ ਵੇਖਿਆ ਜਾਵੇ ਤਾਂ ਇਹ ਲਕੀਰਾਂ ਉਸਦੇ ਹੱਥ ਉੱਤੇ ਵੀ ਹੰੁਦੀਆਂ ਹਨ। ਪਰ ਤੁਸੀਂ ਕਦੇ ਵੀ ਕਿਸੇ ਜੋਤਸ਼ੀ ਨੂੰ ਬਾਂਦਰ ਦੇ ਹੱਥ ਵੇਖਦੇ ਨਹੀਂ ਵੇਖੋਗੇ। ਕਿਉਂਕਿ ਬਾਂਦਰ ਦੀ ਜੇਬ ਨਹੀਂ ਹੰੁਦੀ ਪਰ ਮਨੁੱਖ ਕੋਲ ਤਾਂ ਬਟੂਆ ਹੰੁਦਾ ਹੈ ਜਿਸ ਵਿਚੋਂ ਪੈਸੇ ਨਿਕਲ ਕੇ ਜੋਤਸ਼ੀ ਦੀ ਜੇਬ ਵਿਚ ਚਲੇ ਜਾਂਦੇ ਹਨ। ਇੱਕ ਗੱਲ ਸਪੱਸ਼ਟ ਹੈ ਜੇ ਕਿਤੇ ਬਾਂਦਰਾਂ ਦੇ ਜੇਬਾਂ ਹੰੁਦੀਆਂ ਤਾਂ ਜੋਤਸ਼ੀਆਂ ਨੇ ਉਨ੍ਹਾਂ ਦੀਆਂ ਵੀ ਬਰਾਤਾਂ ਚੜ੍ਹਾਉਣੀਆਂ ਸਨ।
ਇੱਥੇ ਮੈਨੂੰ ਕਿਸੇ ਕਵੀ ਦੀ ਲਿਖੀ ਹੋਈ ਇੱਕ ਪੰਗਤੀ ਵੀ ਯਾਦ ਆਉਂਦੀ ਹੈ।
‘ਕਿਸਮਤ ਉਨਕੀ ਵੀ ਹੋਤੀ ਹੈ ਜਿਨਕੇ ਹਾਥ ਨਹੀਂ ਹੋਤੇ।’
ਹੱਥਾਂ ਤੇ ਲਕੀਰਾਂ ਕਿਉ : ਕਈ ਵਿਅਕਤੀਆਂ ਨੇ ਮੈਨੂੰ ਇਹ ਵੀ ਸੁਆਲ ਕੀਤਾ ਹੈ ਕਿ ਜੇ ਕਿਸਮਤ ਹੱਥ ਉੱਤੇ ਨਹੀਂ ਲਿਖੀ ਹੰੁਦੀ ਤਾਂ ਹੱਥਾਂ ਤੇ ਲਕੀਰਾਂ ਕਿਉਂ ਪੈਂਦੀਆਂ ਹਨ?
ਅਸਲ ਵਿਚ ਸਾਡੀ ਹਥੇਲੀ ਦੀ ਬਣਤਰ ਅਜਿਹੀ ਹੈ ਕਿ ਇਸ ਨੇ ਅੰਦਰ ਨੂੰ ਮੁੜਨਾ ਹੈ। ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦੇ ਜੀਵ ਵਿਕਾਸ ਦੇ ਤਿੰਨ ਸੌ ਕਰੋੜ ਵਰ੍ਹਿਆਂ ਦੌਰਾਨ ਮਨੁੱਖ ਜਾਤੀ ਨੂੰ ਵੱਡੇ ਸੰਘਰਸ਼ ਅਤੇ ਜਦੋ ਜਹਿਦ ਕਰਨੀ ਪਈ ਹੈ। ਇਸ ਜਦੋ ਜਹਿਦ ਵਿਚ ਮਨੁੱਖੀ ਹੱਥ ਹੀ ਸਨ ਜਿਨ੍ਹਾਂ ਨੇ ਸੰਦਾਂ ਨੂੰ ਫੜਨ ਅਤੇ ਵਰਤਣ ਦੀ ਜਾਂਚ ਸਿੱਖੀ। ਇਸ ਲਈ ਮਨੁੱਖੀ ਹਥੇਲੀ ਨੇ ਅੰਦਰ ਨੂੰ ਮੁੜਨ ਦਾ ਵੱਲ ਗ੍ਰਹਿਣ ਕੀਤਾ। ਇਸ ਲਈ ਹਥੇਲੀ ਤੇ ਚਮੜੀ ਦੀ ਸੈਲ ਬਣਤਰ ਕੁਝ ਵੱਖ ਕਿਸਮ ਦੀ ਵਿਕਸਿਤ ਹੋ ਗਈ ਇਸ ਲਈ ਹਥੇਲੀ ਤੇ ਲਕੀਰਾਂ ਪੈ ਗਈਆਂ। ਸਾਡੇ ਹੱਥ ਬਾਹਰਲੇ ਪਾਸੇ ਨੂੰ ਮੁੜਦੇ ਹੀ ਨਹੀਂ ਇਸ ਲਈ ਬਾਹਰਲੇ ਪਾਸੇ ਲਕੀਰਾਂ ਹੀ ਨਹੀਂ। ਜਿੱਥੋਂ ਵੀ ਹੱਥ ਜਾਂ ਉਂਗਲੀਆਂ ਮੁੜਦੀਆਂ ਹਨ ਉਥੇ ਹੀ ਲਕੀਰਾਂ ਹਨ। ਸੋ ਲਕੀਰਾਂ ਕੁਝ ਨਹੀਂ ਇਹ ਤਾਂ ਹੱਥਾਂ ਦੇ ਮੋੜ ਹਨ।
ਬੱਚੇ ਦਾ ਵਿਕਾਸ ਮਾਂ ਦੇ ਪੇਟ ਵਿਚ 280 ਦਿਨ ਵਿਚ ਹੰੁਦਾ ਹੈ। ਤੀਜੇ ਚੋਥੇ ਅਤੇ ਪੰਜਵੇ ਮਹੀਨੇ ਵਿਚ ਅੰਗਾਂ ਦੀ ਪੈਦਾਇਸ਼ ਤੇ ਵਿਕਾਸ ਹੰੁਦਾ ਹੈ। ਇਸ ਵਿਕਾਸ ਸਮੇਂ ਦੌਰਾਨ ਬੱਚੇ ਦੀਆਂ ਮੁੱਠੀਆਂ ਬੰਦ ਹੰੁਦੀਆਂ ਹਨ। ਇਹ ਵੀ ਕਾਰਨ ਹੈ ਕਿ ਹੱਥ ਤੇ ਲਕੀਰਾਂ ਪੈ ਜਾਂਦੀਆਂ ਹਨ।
ਸਾਡੇ ਮਾਂ-ਪਿਉ ਅਤੇ ਵੱਡ ਵਡੇਰਿਆਂ ਦੇ ਹੱਥਾਂ ਤੇ ਲਕੀਰਾਂ ਸਨ। ਮਾਪਿਆਂ ਦੇ ਗੁਣ ਬੱਚਿਆਂ ਵਿਚ ਪ੍ਰਵੇਸ਼ ਕਰਦੇ ਹੀ ਹਨ। ਇਸ ਤਰ੍ਹਾਂ ਹੱਥ ਦੀਆਂ ਲਕੀਰਾਂ ਦਾ ਗੁਣ ਵੀ ਪ੍ਰਵੇਸ਼ ਕਰ ਜਾਂਦਾ ਹੈ।
ਹੱਥ ਦੀਆਂ ਲਕੀਰਾਂ ਦਾ ਮਨੁੱਖੀ ਕਿੱਤੇ ਨਾਲ ਵੀ ਗੂੜਾ ਸਬੰਧ ਹੰੁਦਾ ਹੈ। ਹਲ਼ ਵਾਹੁਣ ਵਾਲੇ ਕਿਸਾਨਾਂ ਦੇ ਹੱਥਾਂ ਤੇ ਲਕੀਰਾਂ ਅੱਧੀਆਂ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਸਾਰਾ ਦਿਨ ਹਥੋੜੀ ਚਲਾਉਣ ਵਾਲੇ ਲੁਹਾਰ ਦੀਆਂ ਲਕੀਰਾਂ ਦਾ ਹਸ਼ਰ ਵੀ ਅਜਿਹਾ ਹੀ ਹੰੁਦਾ ਹੈ।
ਹੱਥ ਦੀਆਂ ਲਕੀਰਾਂ ਦਾ ਸਬੰਧ ਕਿਸੇ ਵਿਅਕਤੀ ਦੀ ਕਿਸਮਤ ਨਾਲ ਨਹੀਂ ਹੰੁਦਾ। ਪਰ ਜੋਤਸ਼ੀਆਂ ਨੇ ਆਪਣੀਆਂ ਕਿਸਮਤਾਂ ਦੇ ਨਿਰਮਾਣ ਲਈ ਇਨ੍ਹਾਂ ਲਕੀਰਾਂ ਦਾ ਸਬੰਧ ਕਿਸਮਤ ਨਾਲ ਜੋੜਨ ਲਈ ਹਜ਼ਾਰਾਂ ਸਾਲਾਂ ਤੋਂ ਇੱਕ ਯੋਜਨਾਬੰਦ ਢੰਗ ਨਾਲ ਪੂਰਾ ਪ੍ਰਚਾਰ ਜ਼ਰੂਰ ਕੀਤਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਇਸ ਪ੍ਰਥਾ ਦੀ ਰੀੜ ਦੀ ਹੱਡੀ ਤੋੜਨੀ ਅਤੀ ਜ਼ਰੂਰੀ ਹੈ।
ਅੰਤ ਵਿੱਚ ਮੈਂ ਤਰਕਸ਼ੀਲ ਸੁਸਾਇਟੀ ਰਜਿ. ਵੱਲੋਂ ਸਮੂਹ ਹੱਥ ਰੇਖਾਵਾਂ ਦੇ ਮਾਹਰਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਤਰਕਸ਼ੀਲ ਸੁਸਾਇਟੀ ਉਨ੍ਹਾਂ ਦੇ ਸਾਹਮਣੇ ਬੁਰਕੇ ਪੁਆਕੇ ਦਸ ਵਿਅਕਤੀਆਂ ਨੂੰ ਖੜ੍ਹੇ ਕਰਨ ਲਈ ਤਿਆਰ ਹੈ। ਉਨ੍ਹਾਂ ਦਾ ਇੱਕ-ਇੱਕ ਹੱਥ ਨੰਗਾ ਹੋਵੇਗਾ। ਜੇ ਹੱਥ ਰੇਖਾਵਾਂ ਦੇ ਮਾਹਰ ਉਨ੍ਹਾਂ ਦੇ ਹੱਥ ਦੇਖ ਕੇ ਇਹ ਦੱਸ ਦੇਣਗੇ ਕਿ ਇਨ੍ਹਾਂ ਵਿੱਚ ਕਿੰਨੀਆਂ ਇਸਤਰੀਆਂ ਕਿੰਨੇ ਮਰਦ ਅਤੇ ਕਿੰਨੇ ਖੁਸਰੇ ਹਨ। ਉਨ੍ਹਾਂ ਦੇ ਪੁੱਤਾਂ-ਧੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਯੋਗਤਾ ਅਤੇ ਕਿੱਤਾ ਕੀ ਕੀ ਹੈ। ਜੇ ਉਨ੍ਹਾਂ ਦੇ ਜੁਆਬ 95% ਸਹੀ ਹੋਣਗੇ ਤਾਂ ਤਰਕਸ਼ੀਲ ਸੁਸਾਇਟੀ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇ ਦੇਵੇਗੀ। ਚੁਣੌਤੀ ਕਬੂਲ ਕਰਨ ਲਈ ਜੋਤਸ਼ੀਆਂ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਜ਼ਮਾਨਤ ਦੇ ਤੌਰ ’ਤੇ ਜਮ੍ਹਾਂ ਕਰਵਾਉਣੀ ਹੋਵੇਗੀ। ਹਾਰ ਜਾਣ ਦੀ ਸੂਰਤ ਵਿਚ ਉਨ੍ਹਾਂ ਦੀ ਇਹ ਰਾਸ਼ੀ ਜ਼ਬਤ ਹੋ ਜਾਵੇਗੀ। ਜਿੱਤ ਜਾਣ ਦੀ ਸੂਰਤ ਵਿਚ ਇਹ ਇੱਕ ਕਰੋੜ ਰੁਪਏ ਦੇ ਇਨਾਮ ਨਾਲ ਵਾਪਸ ਦੇ ਦਿੱਤੀ ਜਾਵੇਗੀ। ਜ਼ਮਾਨਤ ਦੀ ਰਾਸ਼ੀ ਸਿਰਫ਼ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀਆਂ ਨੂੰ ਭਜਾਉਣ ਲਈ ਹੀ ਰੱਖੀ ਗਈ ਹੈ। ਹਰ ਕਿਸਮ ਦੇ ਜੋਤਸ਼ੀਆਂ, ਪਾਂਡਿਆਂ ਨੂੰ ਇਸ ਇਨਾਮ ਨੂੰ ਜਿੱਤਣ ਲਈ ਸੱਦਾ ਦਿੱਤਾ ਜਾਂਦਾ ਹੈ।