ਸੰਕਾ ਨਵਿਰਤੀ

ਪ੍ਰਸ਼ਨ :- ਤੁਹਾਡਾ ਜਨਮ ਕਦੋ ਹੋਇਆ
ਉੱਤਰ :- ਸਕੂਲੀ ਸਰਟੀਫਿਕੇਟ ਅਨੁਸਾਰ ਤਾਂ ਮੇਰੇ ਜਨਮ ਦੀ ਮਿਤੀ ਦਸ ਅਗਸਤ ਉਨੀਂ ਸੌ ਉਨੰਜਾ ਹੈ। ਪਰ ਮੈਂ ਸੋਚਦਾ ਹਾਂ ਇਹ ਮੇਰੇ ਜਨਮ ਦੀ ਸ਼ੁਰੂਆਤ ਨਹੀਂ ਹੈ। ਬੱਚੇ ਦਾ ਜਨਮ ਤਾਂ ਵਿਗਿਆਨਕਾਂ ਅਨੁਸਾਰ ਇੱਕ ਲੰਬੀ ਪ੍ਰਕ੍ਰਿਆ ਦਾ ਹਿੱਸਾ ਹੈ। ਕੀ ਜਨਮ ਮਾਂ ਦੀ ਅੰਡੇਦਾਨੀ ਵਿੱਚ ਪੈਦਾ ਹੋਣ ਵਾਲੇ ਆਂਡੇ ਨੂੰ ਗਿਣਿਆ ਜਾਵੇ ਜਾਂ ਉਸ ਸਮੇਂ ਨੂੰ ਗਿਣਿਆ ਜਾਵੇ ਜਦੋਂ ਮਾਂ ਦੇ ਪੇਟ ਵਿੱਚ ਆਂਡਾ ਪੈਦਾ ਹੋਇਆ ਸੀ? ਜਾਂ ਪਿਤਾ ਦੇ ਵੀਰਯਕੋਸ਼ ਵਿੱਚ ਪੈਦਾ ਹੋਵੇ ਉਸ ਸ਼ੁਕਰਾਣੂ ਤੋਂ ਗਿਣਿਆ ਜਾਵੇ? ਜਾਂ ਉਹ ਸ਼ੁਕਰਾਣੂ ਜਿਸ ਸਮੇਂ ਆਂਡੇ ਵਿੱਚ ਦਾਖਲ ਹੋਵੇ? ਜਾਂ ਉਸ ਸਮੇਂ ਨੂੰ ਜਦੋਂ ਸ਼ੁਕਰਾਣੂ ਤੇ ਆਂਡਾ ਸੈਲ ਜੁੜਕੇ ਭਰੂਣ ਦੇ ਪਹਿਲੇ ਸੈਲ ਦਾ ਨਿਰਮਾਣ ਕਰਦੇ ਹਨ।
ਅਸਲ ਵਿੱਚ ਭਰੂਣ ਦਾ ਪਹਿਲਾ ਸੈਲ ਟੁੱਟ ਕੇ ਅਲੱਗ-ਅਲੱਗ ਦੋ ਜਾਂ ਤਿੰਨ ਵਿੱਚ ਵੀ ਬਦਲ ਸਕਦਾ ਹੈ? ਫਿਰ ਜੌੜੇ ਭਰਾ ਜਾਂ ਭੈਣ ਜਾਂ ਤਿੰਨ ਭੈਣ ਭਰਾ ਵੀ ਪੈਦਾ ਹੋ ਸਕਦੇ ਹਨ। ਜਾਂ ਫਿਰ 280 ਦਿਨ ਬਾਅਦ ਮਾਂ ਦੇ ਪੇਟ ਵਿੱਚੋਂ ਬਾਹਰ ਆਉਣ ਨੂੰ? ਇਹ ਗੰਭੀਰ ਵਿਸਾ ਹੈ ਜੋ ਕਾਫੀ ਬਹਿਸ ਦੀ ਮੰਗ ਕਰਦਾ ਹੈ।

ਪ੍ਰਸ਼ਨ :- ਕੀ ਆਪਣਾ ਧਰਮ ਕਿਸੇ ਦੂਸਰੇ ਤੇ ਜਬਰਦਸਤੀ ਠੋਸਿਆ ਜਾ ਸਕਦਾ ਹੈ? ਜਾਂ ਸਰਕਾਰਾਂ ਧਰਮ ਮੰਨਣ ਵਿੱਚ ਜਬਰਦਸਤੀ ਕਰ ਸਕਦੀਆਂ ਹਨ?
ਉੱਤਰ :- ਹਰੇਕ ਵਿਅਕਤੀ ਦਾ ਆਪਣੇ ਰੱਬ ਵਿੱਚ ਯਕੀਨ ਨਿਜੀ ਹੁੰਦਾ ਹੈ। ਉਹਨਾਂ ਦੇ ਉਸਨੂੰ ਮੰਨਣ ਜਾਂ ਨਾ ਮੰਨਣ ਦੇ ਢੰਗ ਵੀ ਅਲੱਗ-ਅਲੱਗ ਹੁੰਦੇ ਹਨ। ਇਸ ਲਈ ਕਿਸੇ ਨੂੰ ਵੀ ਆਪਣਾ ਧਰਮ ਮੰਨਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਲੋਕਾਂ ਦੀ ਸ਼ਕਤੀ ਨਾਲ ਹੀ ਬਣਦੀਆਂ, ਉਸਰਦੀਆਂ ਜਾਂ ਢਹਿੰਦੀਆਂ ਹਨ। ਇਸ ਲਈ ਸਰਕਾਰਾਂ ਵੀ ਲੋਕਾਂ ਨੂੰ ਇੱਕ ਵਿਸ਼ੇਸ਼ ਧਰਮ ਵਿੱਚ ਯਕੀਨ ਕਰਨ ਲਈ ਮਜਬੂਰ ਨਹੀਂ ਕਰ ਸਕਦੀਆਂ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਸਾਡਾ ਖਹਿੜਾ ਛੁਡਵਾਇਆ ਸੀ। ਜੇ ਭਾਰਤੀ ਹਾਕਮ ਵੀ ਸਾਨੂੰ ਧਾਰਮਿਕ ਤੌਰ ‘ਤੇ ਗੁਲਾਮ ਬਣਾਉਣ ਦਾ ਯਤਨ ਕਰਨਗੇ ਤਾਂ ਲੋਕ ਵਿਦਰੋਹ ਦੀਆਂ ਹਨੇਰੀਆਂ ਨੇ ਚਲੱਣਾ ਹੀ ਹੈ ਤੇ ਇਹਨਾਂ ਹਨੇਰੀਆਂ ਨੇ ਤੁਫਾਨਾਂ ਦਾ ਰੂਪ ਧਾਰਨ ਕਰਨਾ ਹੀ ਹੈ।

ਪ੍ਰਸ਼ਨ :- ਕੀ ਪ੍ਰਾਚੀਨ ਸਭਿਅਤਾ ਵੇਲੇ ਵਿਗਿਆਨ ਜ਼ਿਆਦਾ ਵਿਕਸਤ ਸੀ?
ਉੱਤਰ :- ਇਹ ਸੁਆਲ ਤਿਵਾੜੀ ਜੀ ਨੇ ਗਲੋਬਲ ਪੰਜਾਬ ਤੇ ਮੈਨੂੰ ਪੁੱਛਿਆ ਸੀ। ਅਸਲ ਵਿੱਚ ਮੇਹਰਗੜ ਪਾਕਿਸਤਾਨ ਵਿੱਚ ਕੋਇਟੇ ਦੇ ਨਜ਼ਦੀਕ ਇੱਕ ਕਸਬਾ ਹੈ, ਇੱਥੋਂ ਦੀ ਸਭਿਅਤਾ ਹੁਣ ਤੱਕ ਖੁਦਾਈ ਹੋਈਆਂ ਸਭਿਅਤਾਵਾਂ ਵਿੱਚੋਂ ਸਭ ਤੋਂ ਪੁਰਾਣੀ ਸੱਭਿਅਤਾ ਪ੍ਰਮਾਣਿਤ ਹੋਈ ਹੈ। ਇਸ ਤੋਂ ਪਿੱਛੋਂ ਹੜੱਪਾ ਤੇ ਮਹਿੰਜਦੜੋ ਦੀਆਂ ਸੱਭਿਅਤਾਵਾਂ ਦਾ ਨਾਂ ਆਉਂਦਾ ਹੈ। ਸਾਡੀਆਂ ਇਹਨਾਂ ਸੱਭਿਅਤਾਵਾਂ ਦੇ ਬਸਿੰਦਿਆਂ ਨੇ ਇਹ ਸਿੱਖ ਲਿਆ ਸੀ ਕਿ ਪਾਣੀ ਹਮੇਸ਼ਾ ਉਚਾਈ ਤੋਂ ਨਿਵਾਈ ਵੱਲ ਆਉਂਦਾ ਹੈ। ਉਹਨਾਂ ਇਮਾਰਤਾਂ ਦੀ ਉਸਾਰੀ ਦੇ ਕੁਝ ਢੰਗ ਤਰੀਕੇ ਵੀ ਵਿਕਸਿਤ ਕਰ ਲਏ ਸਨ। ਉਹਨਾਂ ਸਮਿਆਂ ਵਿੱਚ ਅਜਿਹੇ ਹੁਨਰ ਸਿੱਖ ਲੈਣਾ ਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਵੱਡੀ ਗੱਲ ਹੁੰਦੀ ਸੀ। ਪਰ ਜੇ ਇਹ ਕਿਹਾ ਜਾਵੇ ਕਿ ਉਸ ਸਮੇਂ ਦੀ ਵਿਗਿਆਨ ਅੱਜ ਦੇ ਵਿਗਿਆਨ ਨਾਲੋਂ ਕਿਤੇ ਅੱਗੇ ਸੀ ਇਹ ਗਲਤ ਹੈ।

ਪ੍ਰਸ਼ਨ :- ਮੁਰਦਾ ਸ਼ਰੀਰ ਕੁਝ ਸਮੇਂ ਬਾਅਦ ਪਾਣੀ ਵਿੱਚ ਤੈਰਨ ਕਿਉਂ ਲੱਗ ਜਾਂਦਾ ਹੈ?
ਉੱਤਰ :- ਮੌਤ ਤੋਂ ਬਾਅਦ ਸ਼ਰੀਰ ਵਿੱਚ ਕੁਝ ਰਸਾਇਣਕ ਪ੍ਰਕਿਰਿਆਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹਨਾਂ ਰਸਾਇਣਕ ਕ੍ਰਿਆਵਾਂ ਦੀ ਉਪਜ ਕਾਰਨ ਸ਼ਰੀਰ ਵਿੱਚ ਕਈ ਗੈਸਾਂ ਦੀ ਪੈਦਾਵਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਗੈਸਾਂ ਕਾਰਨ ਸ਼ਰੀਰ ਫੁੱਲਣਾ ਸ਼ੁਰੂ ਕਰ ਦਿੰਦਾ ਹੈ। ਉਸਦਾ ਆਕਾਰ ਵੱਧਣ ਕਾਰਨ ਉਸਦੀ ਘਣਤਾ ਘੱਟ ਹੋ ਜਾਂਦੀ ਹੈ। ਸਿੱਟੇ ਵੱਜੋਂ ਮੁਰਦਾ ਸ਼ਰੀਰ ਤੈਰਨਾ ਸ਼ੁਰੂ ਕਰ ਦਿੰਦਾ ਹੈ। ਗੈਸਾਂ ਦੀ ਮਾਤਰਾਂ ਕੁਝ ਸਮੇਂ ਬਾਅਦ ਹੀ ਵੱਧਦੀ ਹੈ। ਇਸ ਲਈ ਲਾਸ਼ ਵੀ ਪਾਣੀ ਵਿੱਚ ਡੁੱਬਣ ਤੋਂ ਬਾਅਦ ਹੀ ਕੁਝ ਘੰਟਿਆ ਬਾਅਦ ਪਾਣੀ ਦੀ ਸਤਾ ਦੇ ਉਪਰ ਆ ਕੇ ਤੈਰਨਾ ਸ਼ੁਰੂ ਕਰਦੀ ਹੈ।

ਪ੍ਰਸ਼ਨ :- ਮਨ ਕੀ ਹੈ?
ਉੱਤਰ :- ਮਨੁੱਖੀ ਦਿਮਾਗ ਵਿੱਚ ਵਾਪਰਦੀਆਂ ਰਸਾਇਣਕ ਤੇ ਬਿਜਲੀ ਕ੍ਰਿਆਵਾਂ ਤੇ ਸੰਕੇਤਾਂ ਦਾ ਸਮੂਹ ਹੈ। ਮਨੁੱਖ ਨੇ ਮਨ ਨੂੰ ਸਮਝਣ ਤੋਂ ਬਾਅਦ ਹੀ ਕੰਪਿਊਟਰ ਚਿਪ ਨੂੰ ਜਾਣਕਾਰੀ ਸਗ੍ਰਿਹ ਦਾ ਸੋਮਾ ਬਣਾਇਆ ਹੈ।

ਪ੍ਰਸ਼ਨ :- ਮਨੁੱਖ ਵਿੱਚ ਬੋਲਣਾ ਤੇ ਹਰਕਤ ਕਰਨਾ ਕੀ ਹੈ?
ਉੱਤਰ :- ਮਨੁੱਖੀ ਮਨ ਇੱਕ ਪਦਾਰਥ ਹੈ। ਪਦਾਰਥ ਵਿੱਚ ਅਜਿਹੇ ਗੁਣ ਹੋ ਹੀ ਸਕਦੇ ਹਨ। ਜਿਵੇਂ ਚੂਨੇ ਵਿੱਚ ਪਾਣੀ ਪਾਉਣ ਨਾਲ ਗਰਮੀ, ਆਵਾਜ਼ ਤੇ ਹਰਕਤ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਕਰੋੜਾਂ ਵਰ੍ਹਿਆਂ ਦੇ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਤੇ ਵਿਉਂਤ ਵੱਧ ਕੀਤੇ ਇਹ ਗੁਣ ਮਨੁੱਖੀ ਮਨ ਵਿੱਚ ਪ੍ਰਾਪਤ ਹੋ ਗਏ ਹਨ। ਹਰ ਪੀੜ੍ਹੀ ਡੀ. ਐਨ. ਏ ਰਾਹੀਂ ਇਹ ਗੁਣ ਆਪਣੇ ਵਾਰਮਾਂ ਦੇ ਸਪੁਰਦ ਕਰਦੀ ਜਾਂਦੀ ਹੈ।

ਪ੍ਰਸ਼ਨ :- ਪੁਨਰ ਜਨਮ ਕੀ ਹੁੰਦਾ ਹੈ?
ਉੱਤਰ :- ਕਿਸੇ ਬੁੱਢੇ, ਜੁਆਨ ਜਾਂ ਬੱਚੇ ਦੇ ਮਨ ਵਿੱਚ ਉਪਜੇ ਖਿਆਲ ਹੀ ਹਨ ਤੇ ਖਿਆਲਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਹੁੰਦਾ। ਭੰਗ ਪੀ ਕੇ ਤੁਹਾਨੂੰ ਆਪਣਾ ਆਪ ਅਸਮਾਨ ਵਿੱਚ ਉੱਡਦਾ ਨਜ਼ਰ ਆਵੇਗਾ, ਪਰ ਇਹ ਹਕੀਕੀ ਨਹੀਂ ਹੋਵੇਗਾ। ਇਸ ਤਰ੍ਹਾਂ ਪੁਨਰਜਨਮ ਵੀ ਸੁਪਨੇ ਵਾਂਗੂ ਕਿਸੇ ਮਨ ਦੇ ਖਿਆਲ ਹੀ ਹੁੰਦਾ ਹੈ।

ਬ੍ਰਹਮਕੁਮਾਰੀ ਵਿਚਾਰਧਾਰਾ ਇੱਕ ਵਿਸ਼ਲੇਸਣ

ਮੇਘ ਰਾਜ ਮਿਤੱਰ
14 ਨੰਬਵਰ 2014 ਤੋਂ ਅਠਾਰਾ ਨੰਬਵਰ 2014 ਤੱਕ ਮੈਨੂੰ ਈਸ਼ਵਰੀਆਂ ਵਿਸ਼ਵਦਿਆਲਾ ਮਾਉਂਟ ਆਬੂ ਵਿੱਚ ਰਹਿਣ ਦਾ ਮੌਕਾ ਮਿਲਿਆ। ਮੇਰੇ ਨਾਲ ਸੰਗਰੂਰ ਤੋਂ ਕੁਝ ਰੀਟਾਇਰਡ ਅਧਿਆਪਕ ਵੀ ਸਨ। ਬਲਕਿ ਇਹਨਾਂ ਸਾਥੀਆਂ ਦੇ ਸਹਿਯੋਗ ਨਾਲ ਹੀ ਮੈਨੂੰ ਬ੍ਰਹਮ ਕੁਮਾਰੀਆਂ ਦੇ ਜੀਵਨ ਤੇ ਵਿਚਾਰਧਾਰਾ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਬ੍ਰਹਮ ਕੁਮਾਰੀ ਆਸ਼ਰਮ ਵਿੱਚ ਸਫ਼ਾਈ, ਖਾਣ-ਪੀਣ ਅਤੇ ਰਹਾਇਸ਼ ਦੇ ਪ੍ਰਬੰਧ ਬਹੁਤ ਹੀ ਪ੍ਰਸੰਸਾ ਯੋਗ ਹਨ। ਇਹਨਾਂ ਦਾ ਆਪਣੇ ਸਰੀਰਾਂ ਦੀ ਸਫ਼ਾਈ ਵੱਲ ਧਿਆਨ, ਕਿਸੇ ਨੂੰ ਵੀ ਟੋਕਾ-ਟਾਕੀ ਨਾ ਕਰਨ ਦਾ ਰੁਝਾਣ ਵੀ ਬਹੁਤ ਵਧੀਆ ਹੈ। ਇਸ ਮਿਸ਼ਨ ਦੇ ਵਾਲੰਟੀਅਰ ਵੀ ਨਿਸ਼ਕਾਮ ਸੇਵਾ ਵਿੱਚ ਯਕੀਨ ਰੱਖਦੇ ਹਨ, ਪੈਸੇ ਪੱਖੋ ਵੀ ਇਹ ਆਪਣੇ ਮੈਂਬਰਾਂ ਉੱਪਰ ਹੀ ਨਿਰਭਰ ਹਨ। ਨਿਰਸੰਦੇਹ ਮਾਊਂਟ ਆਬੂ ਦਾ ਇਹਨਾਂ ਦਾ ਸੈਂਟਰ ਵੇਖਣ ਯੋਗ, ਰਹਿਣ ਯੋਗ ਤੇ ਮਾਨਣ ਯੋਗ ਹੈ।
ਪਰ ਇਹ ਗੱਲਾਂ ਮੇਰੇ ਲਈ ਬਹੁਤੀਆਂ ਮਹੱਤਵਪੂਰਨ ਨਹੀਂ ਸਨ। ਮੇਰੇ ਲਈ ਤਾਂ ਇਹਨਾਂ ਦੇ ਵਿਚਾਰ ਤੇ ਵਿਚਾਰਧਾਰਾ ਵੱਧ ਜ਼ਰੂਰੀ ਸੀ। ਵਿਚਾਰਧਾਰਾ ਦੇ ਪੱਖ ਤੋਂ ਇਨ੍ਹਾਂ ਦਾ ਪੱਧਰ ਅੱਜ ਦੇ ਵਿਗਿਆਨਕ ਯੁੱਗ ਦੇ ਮੇਚ ਦਾ ਨਹੀਂ ਹੈ। ਕੁਝ ਨੁਕਤੇ ਜੋ ਮੈਂ ਨੋਟ ਕੀਤੇ ਹਨ ਉਹ ਨਿਮਨਲਿਖਤ ਹਨ :-
1. ਵਿਅਕਤੀਗਤ ਅਨੁਭਵ ਤੇ ਅਧਾਰਤ ਹੈ :- ਬ੍ਰਹਮਕੁਮਾਰੀ ਆਸ਼ਰਮ ਵਾਲਿਆਂ ਦੀ ਸਾਰੀ ਵਿਚਾਰਧਾਰਾ ਸਾਡੇ ਰਿਸ਼ੀਆਂ, ਮੁਨੀਆਂ ਦੁਆਰਾ ਪਿਛਲੀਆਂ ਸਦੀਆਂ ਵਿੱਚ ਮਹਿਸੂਸ ਕੀਤੇ ਗਏ ਅਨੁਭਵਾਂ ਤੇ ਅਧਾਰਤ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਇਹ ਰਿਸ਼ੀ, ਮੁੰਨੀ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਭਗਤੀ ਵਿੱਚ ਬਤੀਤ ਕਰਦੇ ਸਨ। ਭਗਤੀ ਜਾਂ ਸਮਾਧੀ ਵਿੱਚ ਜਦੋਂ ਕੋਈ ਬੰਦਾ ਲੰਬਾ ਸਮਾਂ ਬੈਠ ਜਾਂਦਾ ਹੈ ਤਾਂ ਉਹਨਾਂ ਵਿੱਚੋਂ ਕਈਆਂ ਨੂੰ ”ਪ੍ਰਮਾਤਮਾ” ਜਾਂ ”ਆਤਮਾ” ਦੇ ਦਰਸ਼ਨ ਹੋ ਜਾਣੇ ਸੁਭਾਵਕ ਹੀ ਹੁੰਦੇ ਹਨ। ਵਿਗਿਆਨ ਇਹ ਗੱਲ ਮੰਨ ਕੇ ਤੁਰਦੀ ਹੈ ਕਿ ਜੇ ਕਿਸੇ ਚੀਜ ਦੀ ਹੋਂਦ ਹੈ ਤਾਂ ਉਹ ਉਨ੍ਹਾਂ ਨੂੰ ਇੱਕੋਂ ਰੂਪ ਵਿੱਚ ਨਜ਼ਰ ਆਵੇਗੀ। ਮਸਲਨ ਜੇ ਸਮਾਧੀ ਲਾਉਣ ਵਾਲਾ ਵਿਅਕਤੀ ਸਿੱਖ ਧਰਮ ਦਾ ਸ਼ਰਧਾਲੂ ਹੈ ਤਾਂ ਉਸਨੂੰ ਪ੍ਰਮਾਤਮਾ ਸ਼੍ਰੀ ਗੁਰੂ ਨਾਨਕ ਦੇਵ ਜਾਂ ਸ਼੍ਰੀ ਗੁਰੂ ਗੋਬਿੰਦ ਦੇ ਰੂਪ ਵਿੱਚ ਨਜ਼ਰ ਆਵੇਗਾ ਪਰ ਜੇ ਸਰਧਾਲੂ ਈਸਾਈ ਹੈ ਤਾਂ ਉਸਨੂੰ ਦਰਸ਼ਨ ਦੇਣ ਵਾਲਾ ਯਿਸੂ ਮਸ਼ੀਹ ਦੇ ਰੂਪ ਵਿੱਚ ਨਜ਼ਰ ਆਵੇਗਾ। ਜੇ ਸਮਾਧੀ ਵਿੱਚ ਮਗਨ ਵਿਅਕਤੀ ਮੁਸਲਿਮ ਧਰਮ ਦਾ ਪੈਰੋਕਾਰ ਹੈ ਤਾਂ ਉਸਨੂੰ ਸ਼੍ਰੀ ਹਜਰਤ ਮਹੁੰਮਦ ਜਾਂ ਅੱਲ੍ਹਾ ਵਿਖਾਈ ਦੇਵੇਗਾ, ਜੇ ਉਹ ਕਿਸੇ ਬਹੁ ਭੁਜਾਵੀ ਦੇਵੀ ਦਾ ਸ਼ਰਧਾਲੂ ਹੈ ਤਾਂ ਦਰਸ਼ਨ ਦੇਣ ਵਾਲੀ ਦੇਵੀ ਚਾਰ ਜਾਂ ਅੱਠ ਭੁਜਾਵਾਂ ਦੀ ਵੀ ਹੋ ਸਕਦੀ ਹੈ। ‘ਦਰਸ਼ਨ ਦੇਣ ਵਾਲੇ’ ਸਮਾਧੀ ਲਾਉਣ ਵਾਲੇ ਵਿਅਕਤੀ ਦੀ ਧਾਰਮਿਕ ਸੋਚ ‘ਤੇ ਨਿਰਭਰ ਹੁੰਦੇ ਹਨ। ਇਸ ਲਈ ਇਹ ਬਦਲਦੇ ਹਨ ਇਸ ਲਈ ਇਹ ਗੱਲ ਵਿਗਿਆਨਕ ਵਰਤਾਰਾ ਕਸੱਵਟੀ ‘ਤੇ ਪੂਰੀ ਨਹੀਂ ਉਤਰਦੀ ਕਿਉਂਕਿ ਇਹ ਤਬਦੀਲ ਹੁੰਦਾ ਹੈ। ਇਸ ਲਈ ਇਹ ਅਨੁਭਵ ਵਿਗਿਆਨਕ ਨਹੀਂ ਹਨ।
ਮੈਂ ਆਪਣੇ ਸਕੂਲੀ ਸਮੇਂ ਵਿੱਚ ਸੁੱਖੇ ਦੇ ਪਕੌੜੇ ਖਾ ਲਏ ਸਨ। ਕੁਝ ਸਮੇਂ ਬਾਅਦ ਹੀ ਮੈਨੂੰ ਅਨੁਭਵ ਹੋਣ ਲੱਗ ਪਿਆ ਕਿ ਮੈਂ ਹਵਾ ਵਿੱਚ ਮੰਜੇ ਸਮੇਤ ਹੀ ਉੱਡ ਰਿਹਾ ਹਾਂ। ਬਾਅਦ ਵਿੱਚ ਮੈਂ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਤੋਂ ਪਤਾ ਕੀਤਾ ਤਾਂ ਉਹ ਕਹਿਣ ਲੱਗੇ ਹਵਾ ਵਿੱਚ ਉੱਡਣਾ ਤਾਂ ਤੇਰਾ ਭਰਮ ਸੀ। ਸੋ ਕਿਸੇ ਰਿਸ਼ੀ ਮੁਨੀ ਨੂੰ ਸਮਾਧੀ ਦੌਰਾਨ ਅਜਿਹੇ ਅਨੁਭਵ ਹੋ ਹੀ ਸਕਦੇ ਹਨ, ਪਰ ਉਹ ਹਕੀਕਤ ਨਹੀਂ ਹੁੰਦੇ।
ਮੈਂ ਆਪਣੀ ਜ਼ਿੰਦਗੀ ਦੇ ਪਿਛਲੇ ਤੀਹ ਵਰ੍ਹਿਆਂ ਵਿੱਚ ਹਜ਼ਾਰਾਂ ਹੀ ਵਿਅਕਤੀਆਂ ਵਿੱਚੋਂ ”ਭੂਤ ਪ੍ਰੇਤ” ਕੱਢੇ ਹਨ। ਕੀ ਉਹ ਵਿਅਕਤੀ ਝੂਠ ਬੋਲ ਰਹੇ ਸਨ ਕਿ ਸਾਡੇ ਵਿੱਚ ਸਾਡੀ ਮਰੀ ਹੋਈ ‘ਤਾਈ’ ‘ਚਾਚੀ’ ਦੀ ਭੂਤ ਦਖਲ ਹੋ ਗਈ ਹੈ, ਜਾਂ ਮੈਂ ਉਹਨਾਂ ਵਿੱਚੋਂ ਸੱਚੀ ਮੁੱਚੀ ”ਭੂਤ” ਹੀ ਕੱਢੇ ਸਨ। ਅਸਲ ਵਿੱਚ ਭੂਤਾਂ ਪ੍ਰੇਤਾਂ ਤੋਂ ਸਤਾਏ ਵਿਅਕਤੀ ਝੂਠ ਨਹੀਂ ਬੋਲਦੇ ਸਨ। ਸਾਡੇ ਆਲੇ ਦੁਆਲੇ ‘ਤੇ ਸਮੱਸਿਆਵਾਂ ਨੇ ਉਹਨਾਂ ਵਿੱਚ ਭੂਤਾਂ ਪ੍ਰੇਤਾਂ ਦਾ ਝੂਠਾ ਵਿਸ਼ਵਾਸ ਭਰ ਦਿੱਤਾ ਸੀ। ਅਸੀਂ ਆਪਣੇ ਯਤਨਾਂ ਨਾਲ ਜਾਂ ਦਲੀਲਾਂ ਨਾਲ ਉਹਨਾਂ ਵਿੱਚੋਂ ਇਹ ਵਿਸ਼ਵਾਸ ਖ਼ਤਮ ਕਰ ਦਿੱਤੇ ਉਹ ਠੀਕ ਹੋ ਗਏ। ਸੋ ਅਜਿਹੇ ਵਿਅਕਤੀਆਂ ਦੇ ਅਨੁਭਵ ਜ਼ਰੂਰ ਸਾਡੇ ਸਾਹਮਣੇ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਵਿਅਕਤੀਗਤ ਅਨੁਭਵ ਬਹੁਤੀਆਂ ਹਾਲਤਾਂ ਵਿੱਚ ਝੂਠੇ ਹੀ ਹੁੰਦੇ ਹਨ। ਸਾਡੀ ਸੰਸਥਾ ਕੋਲ ਤਿੰਨ ਸੌ ਤੋਂ ਵੱਧ ਵਿਅਕਤੀ ਅਜਿਹੇ ਵੀ ਆਏ ਹਨ ਜਿਹਨਾਂ ਨੂੰ ਵਿਖਾਈ ਦੇਣ ਵਾਲੇ ”ਭੂਤ-ਪ੍ਰੇਤ” ਜੀਵਤ ਵਿਅਕਤੀਆਂ ਦੇ ਸਨ।
ਮੈਂ ਆਪਣੀ ਜ਼ਿੰਦਗੀ ਵਿੱਚ ਅਖ਼ਬਾਰਾਂ ਵਿੱਚ ਛਪੀਆਂ ”ਪੁਨਰਜਨਮ” ਦੀਆਂ 30 ਕੁ ਘਟਨਾਵਾਂ ਦੀ ਜਾਂਚ ਪੜਤਾਲ ਕੀਤੀ ਹੈ। ਪੁਨਰਜਨਮ ਹੋਣ ਦਾ ਦਾਅਵਾ ਕਰਨ ਵਾਲੇ ਬਹੁਤੇ ਛੋਟੀ ਉਮਰ ਦੇ ਬਾਲਕ ਹੁੰਦੇ ਹਨ। ਇਹ ਵੀ ਹਕੀਕਤ ਹੈ ਕਿ ਬਾਲਕ ਛੋਟੀ ਉਮਰ ਵਿੱਚ ਝੂਠ ਬੋਲਣ ਦੇ ਘੱਟ ਹੀ ਆਦੀ ਹੁੰਦੇ ਹਨ। ਇਸ ਲਈ ਉਨ੍ਹਾਂ ਨੂੰ ਇਹ ਭਰਮ ਜ਼ਰੂਰ ਪੈਦਾ ਹੋ ਜਾਂਦੇ ਸਨ ਕਿ ਉਹ ਪਿਛਲੇ ਜਨਮ ਵਿੱਚ ‘ਮਰੇ ਹੋਏ ਵਿਅਕਤੀ’ ਸਨ। ਪਰ ਸਾਡੀ ਜਾਂਚ ਦੇ ਨਤੀਜੇ ਇਹ ਦਰਸਾਉਂਦੇ ਸਨ ਕਿ ਉਹਨਾਂ ਦੇ ਪੁਨਰਜਨਮ ਦੇ ਦਾਅਵੇ ਝੂਠੇ ਹੀ ਸਨ। ਇਸ ਲਈ ਉਨ੍ਹਾਂ ਨੂੰ ਪੁਨਰ ਜਨਮ ਦੇ ਭਰਮ ਜ਼ਰੂਰ ਖੜ੍ਹੇ ਹੁੰਦੇ ਸਨ ਪਰ ਇਹ ਹਕੀਕੀ ਨਹੀਂ ਸਨ।
ਮੇਰੇ ਕੋਲ ਇੱਕ ਅਜਿਹੇ ਲੜਕੇ ਨੂੰ ਵੀ ਲਿਆਂਦਾ ਗਿਆ ਜੋ ਵਾਰ-ਵਾਰ ਆਪਣੇ ਮੂੰਹ ‘ਤੇ ਹੱਥ ਰੱਖਦਾ ਸੀ। ਜਦੋਂ ਮੈਂ ਉਸਨੂੰ ਪੁੱਛਿਆ ਕਿ ਉਹ ਅਜਿਹਾ ਕਿਉਂ ਕਰਦਾ ਹੈ ਤਾਂ ਉਸਦਾ ਜੁਆਬ ਸੀ ਕਿ ਮੈਥੋਂ ਸਾਡੀ ”ਧਾਰਮਿਕ ਪੁਸਤਕ” ਨੂੰ ਗਾਲ ਨਿਕਲਦੀ ਹੈ। ਉਸਨੂੰ ਰੋਕਣ ਲਈ ਮੈਂ ਆਪਣੇ ਮੂੰਹ ‘ਤੇ ਹੱਥ ਰੱਖਦਾ ਹਾਂ। ਇਸ ਤਰ੍ਹਾਂ ਹੀ ਇੱਕ ਪੇਂਡੂ ਲੜਕੀ ਨੂੰ ਪਿੰਡ ਦੇ ਮੁੰਡੇ ਦਾ ਹੀ ਭਰਮ ਖੜਾ ਹੁੰਦਾ ਸੀ ਕਿ ਉਹ ਆਪਣਾ ਅਗੂੰਠਾ ਉਸਦੇ ਗੁਪਤ ਅੰਗ ਵਿੱਚ ਪਾਉਂਦਾ ਹੈ। ਇਹਨਾਂ ਦੋਹਾਂ ਕੇਸਾਂ ਵਿੱਚ ਮਾਨਸਿਕ ਰੋਗਾਂ ਦੇ ਮਾਹਰਾਂ ਕੋਲੋਂ ਦਿੱਤੀ ਗਈ ਦਵਾਈ ਨੇ ਉਨ੍ਹਾਂ ਦੇ ਇਹ ਅਨੁਭਵ ਸਦਾ ਲਈ ਖ਼ਤਮ ਕਰ ਦਿੱਤੇ।
ਬ੍ਰਹਮ ਕੁਮਾਰੀਆਂ ਪੁਨਰਜਨਮ ਤੇ ਮੌਤ ਬਾਅਦ ਜ਼ਿੰਦਗੀ ਵਿੱਚ ਵੀ ਵਿਸ਼ਵਾਸ ਰੱਖਦੀਆਂ ਹਨ। ਅਸੀਂ ਸੰਸੋਹਣ ਕ੍ਰਿਆ ਰਾਹੀ ਅਜਿਹੇ ਅਨੁਭਵ ਪੈਦਾ ਕਰਕੇ ਤੇ ਖ਼ਤਮ ਕਰਕੇ ਵੀ ਵੇਖੇ ਹਨ।
2. ਪਹਿਲਾ ਸਤਯੁੱਗ ਹੁੰਦਾ ਸੀ ਹੁਣ ਕੱਲਯੁੱਗ ਹੈ :- ਬ੍ਰਹਮ ਕੁਮਾਰੀਆਂ ਇਸ ਗੱਲ ਵਿੱਚ ਵੀ ਯਕੀਨ ਕਰਦੀਆਂ ਹਨ ਕਿ ਪਿਛਲਾ ਯੁੱਗ ਚੰਗਾ ਸੀ। ਹੁਣ ਦਾ ਯੁੱਗ ਮਾੜਾ ਹੈ। ਉਹ ਇਸ ਸਬੰਧੀ ਅਸਲੀਅਤ ਨੂੰ ਭੁੱਲ ਜਾਂਦੀਆਂ ਹਨ। ਅਸਲ ਵਿੱਚ ਸਤਯੁੱਗ ਜਾਂ ਕੱਲਯੁੱਗ ਸਮੇਂ-ਸਮੇਂ ਦੀਆਂ ਸਰਕਾਰਾਂ ‘ਤੇ ਨਿਰਭਰ ਕਰਦੇ ਹਨ। ਜੇ ਕਿਸੇ ਦੇਸ਼ ਦੀ ਸਰਕਾਰ ਚੰਗੀ ਹੈ ਉੱਥੇ ਅੱਜ ਵੀ ਸੱਤਯੁੱਗ ਹੈ ਜਿੱਥੇ ਅੱਜ ਵੀ ਲੜਾਈਆਂ ਚੱਲ ਰਹੀਆਂ ਹਨ ਉੱਥੇ ਅੱਜ ਵੀ ਕੱਲਯੁੱਗ ਹੈ। ਜੇ ਭਾਰਤ ਦੀ ਹੀ ਗੱਲ ਕਰੀਏ ਤੇ ਪਿਛਲੇ ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਚਲੱਦਾ ਹੈ ਕਿ ਵੱਡੇ-ਵੱਡੇ ਅਕਾਲ ਧਰਤੀ ‘ਤੇ ਪੈਂਦੇ ਸਨ ਜਿਸ ਨਾਲ ਕਰੋੜਾਂ ਲੋਕ ਅਨਾਜ ਦੇ ਦਾਣੇ ਨੂੰ ਤਰਸਦੇ ਭੁੱਖ ਨਾਲ ਮਰ ਜਾਂਦੇ ਸਨ। ਲੋਕ ਆਪਣੇ ਬੱਚਿਆਂ ਨੂੰ ਭੁੱਖ ਨਾਲ ਤੜਪਦੇ ਅਤੇ ਆਪਣੀਆਂ ਅੱਖਾਂ ਮੂਹਰੇ ਉਹਨਾਂ ਦੀ ਜਾਨ ਨਿਕਲਦੀ ਵੇਖਦੇ। ਇਸਦੇ ਨਾਲ ਹੀ ਕਰੋੜਾਂ ਲੋਕ ਪਲੇਗ, ਕਾਲੇ ਬੁਖਾਰ ਵਰਗੀਆਂ ਮਾਰੂ ਬੀਮਾਰੀਆਂ ਨਾਲ ਚੱਲ ਵੱਸਦੇ। ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ। ਇੱਕ ਦੀ ਲਾਸ਼ ਸੰਸਕਾਰ ਲਈ ਲੈ ਕੇ ਜਾਂਦੇ ਘਰ ਆਉਂਦਿਆਂ ਨੂੰ ਦੂਜੇ ਦੀ ਮੌਤ ਹੋ ਚੁੱਕੀ ਹੁੰਦੀ। ਹਰ ਪਿੰਡ ਹਰ ਘਰ ਵਿੱਚ ਸੋਗ ਵਿਸਿਆ ਹੁੰਦਾ ਕੀ ਅਜਿਹੇ ਯੁੱਗਾਂ ਨੂੰ ਸੱਤਯੁੱਗ ਕਹਾਂਗੇ।
ਜੇ ਅਗਾਂਹ ਗੱਲ ਕਰੀਏ ਆਮ ਲੋਕਾਂ ਕੋਲ ਤਾਂ ਰਹਿਣ ਲਈ ਕੁੱਲੀਆਂ ਜਾਂ ਢਾਰੇ ਹੀ ਹੁੰਦੇ ਸਨ। ਉਹਨਾਂ ਕੋਲ ਹੁੰਦਾ ਹੀ ਕੁਝ ਨਹੀਂ ਸੀ ਇਸ ਲਈ ਡਾਕੇ ਵੀ ਕਾਹਦੇ ਪੈਣੇ ਹੁੰਦੇ। ਪਰ ਜੋ ਉਸ ਸਮੇਂ ਦੇ ਅਮੀਰ ਹੁੰਦੇ ਸਨ ਉਹਨਾਂ ਦੀ ਜ਼ਿੰਦਗੀ ਵੀ ਸੁਖਾਲੀ ਨਹੀਂ ਸੀ ਹੁੰਦੀ। ਉਹ ਹਵੇਲੀਆਂ ਤਾਂ ਬਣਾਉਂਦੇ ਪਰ ਉਹਨਾਂ ਵਿੱਚ ਕਿਸੇ ਕਿਸਮ ਦੀ ਵਾਰੀ ਜਾਂ ਰੋਸ਼ਨਦਾਨ ਨਾ ਰੱਖਦੇ। ਤਾਂ ਜੋ ਘਰ ਵਿੱਚ ਰਾਤ ਬਰਾਤੇ ਡਾਕੂ ਨਾ ਆ ਸਕਣ। ਫਿਰ ਵੀ ਰਾਤਾਂ ਡਰ-ਡਰ ਕੇ ਗੁਜਾਰਦੇ ਉਹਨਾਂ ਦੀਆਂ ਅੱਖਾਂ ਦਿਨ ਦਾ ਚਾਨਣ ਵੇਖਣ ਨੂੰ ਤਰਸ ਜਾਂਦੀਆਂ ਜਿਹਨਾਂ ਲੋਕਾਂ ਨੇ ਰਜਵਾੜਿਆਂ ਦੇ ਰਾਜ ਤੇ ਜਿਮੀਂਦਾਰਾਂ ਦੀਆਂ ਵਧੀਕੀਆ ਬ੍ਰਦਾਸ਼ਤ ਕੀਤੀਆਂ ਹਨ ਉਹ ਹੀ ਦੱਸ ਸਕਦੇ ਹਨ ਕਿਵੇਂ ਦਿਨ ਦਿਹਾੜੇ ਉਹਨਾਂ ਦੀਆਂ ਇਸਤਰੀਆਂ ਨੂੰ ਹਵੇਲੀਆਂ ਵਿੱਚ ਉਨ੍ਹਾਂ ਦੇ ਲੱਠਮਾਰ ਖਿੱਚ ਕੇ ਲੈ ਜਾਂਦੇ ਸਨ ਤੇ ਮਰਦਾਂ ਦੇ ਵਿਦਰੋਹ ਕਰਨ ‘ਤੇ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਸੀ। ਅਜਿਹੇ ਯੁੱਗਾਂ ਨੂੰ ਸੱਤਯੁੱਗ ਤਾਂ ਨਹੀਂ ਕਿਹਾ ਜਾ ਸਕਦਾ। ਇਤਿਹਾਸ ਦੇ ਵਰਕੇ ਫਰੋਲਣ ‘ਤੇ ਪਤਾ ਲੱਗਦਾ ਹੈ ਕਿ ਜਿਉਂ ਜਿਉਂ ਅਸੀਂ ਇਤਿਹਾਸ ਦੀਆਂ ਪਿਛਲੀਆਂ ਪਰਤਾਂ ਵੱਲ ਅੱਗੇ ਵੱਧਦੇ ਹਾਂ ਤਾਂ ਬੀਮਾਰੀਆਂ, ਜਿਆਦਤੀਆਂ, ਆਫਤਾਂ ਦੀ ਮਾਤਰਾਂ ਵੀ ਵੱਧ ਹੁੰਦੀ ਸੀ।
ਭਾਰਤ ਦੀ ਧਰਤੀ ‘ਤੇ ਪ੍ਰਾਚੀਨ ਤੋਂ ਪ੍ਰਾਚੀਨ ਸੱਭਿਅਤਾ ਦੇ ਚਿੰਨ੍ਹ ਜੋ ਮਿਲੇ ਹਨ ਉਹ ਅੱਠ ਕੁ ਹਜ਼ਾਰ ਵਰੇ ਪਹਿਲਾਂ ਦੇ ਕੋਇਟੇ ਦੇ ਕੋਲੋ ਪਾਕਿਸਤਾਨ ਦੇ ਮੇਹਰਗੜ ਤੋਂ ਪ੍ਰਾਪਤ ਹੋਏ ਹਨ। ਸਿੰਧ ਘਾਟੀ ਦੀ ਸੱਭਿਅਤਾ ਇਸਤੋਂ ਹਜ਼ਾਰ ਕੁ ਵਰ੍ਹੇ, ਪਿੱਛੋਂ ਦੀ ਹੈ। ਫਿਰ ਸੱਤਯੁੱਗ ਕਿਹੜੇ ਸਮੇਂ ਵਿੱਚ ਹੋਵੇਗਾ। ਹੋ ਸਕਦਾ ਹੋਵੇ ਪਰ ਕਿਸੇ ਰਿਆਸਤ ਦਾ ਰਾਜਾ ਚੰਗਾ ਹੁੰਦਾ ਹੋਵੇ ਉਥੋਂ ਦੀ ਪਰਜਾ ਸੁਖੀ ਜ਼ਰੂਰ ਹੁੰਦੀ ਹੋਵੇਗੀ। ਉਹਨਾਂ ਦੀਆਂ ਮਨੁੱਖੀ ਕਦਰਾਂ ਕੀਮਤਾਂ ਅੱਜ ਦੇ ਮਨੁੱਖ ਨਾਲੋਂ ਸ਼ਾਇਦ ਚੰਗੀਆਂ ਹੁੰਦੀਆਂ ਹੋਣ, ਪਰ ਕੁੱਲ ਮਿਲਾਕੇ ਜ਼ਿਆਦਾ ਲੋਕਾਈ ਧਰਤੀ ‘ਤੇ ਅੱਜ ਨਾਲੋਂ ਵੱਧ ਦੁੱਖੀ ਰਹੀ ਹੈ। ਉਸ ਸਮੇਂ ਦੇ ਰਾਜੇ ਮਹਾਰਾਜੇ ਕਿਹੜਾ ਅੱਜ ਜਿੰਨੇ ਸੁੱਖੀ ਹੋਣਗੇ। ਸ਼ਿਕਾਰ ਕਰਨਾ ਆਪਣੇ ਰਾਜ ਵਿੱਚ ਇੱਕ ਖੂੰਜੇ ਤੋਂ ਦੂਜੇ ਤੱਕ ਪਹੁੰਚਣਾ ਉਹਨਾਂ ਲਈ ਅੱਜ ਨਾਲੋਂ ਸੁਖਾਲਾ ਕਦੇ ਵੀ ਨਹੀਂ ਹੋਇਆ ਹੋਣਾ।
ਸੋ ਸੱਤਯੁੱਗ ਤੇ ਕੱਲਯੁੱਗ ਸਰਕਾਰਾਂ ‘ਤੇ ਨਿਰਭਰ ਹੈ। ਬ੍ਰਹਮਕੁਮਾਰੀਆਂ ਦਾ ਧਿਆਨ ਮੌਜੂਦਾ ਰਾਜਸੀ ਪ੍ਰਬੰਧ ਨੂੰ ਮਜ਼ਬੂਤ ਕਰਨ ਵੱਲ ਹੀ ਹੈ। ਉਹ ਲੋਕਾਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਵੱੱਲੋਂ ਧਿਆਨ ਬਦਲ ਕੇ ਆਤਮਾ, ਪ੍ਰਮਾਤਮਾ ਵੱਲ ਨੂੰ ਲਾ ਰਹੇ ਹਨ ਜਿਹਨਾਂ ਦੀ ਨਾ ਕਦੇ ਹੋਂਦ ਸੀ ਤੇ ਨਾ ਹੀ ਹੋਵੇਗੀ।
3 ਵਿਗਿਆਨ ਦੀ ਕਸੌਟੀ ‘ਤੇ ਆਤਮਾ, ਪ੍ਰਮਾਤਮਾ :- ਬ੍ਰਹਮਕੁਮਾਰੀਆਂ ਦੀ ਵਿਚਾਰਧਾਰਾ ਨੂੰ ਸਮਝਣ ਲਈ ਉਹਨਾਂ ਦੀਆਂ ਕੈਸਟਾਂ ਤੇ ਕਿਤਾਬਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਉਹ ਆਤਮਾ ਨੂੰ ਸੂਖਮ ਬਿੰਦੂ ਆਕਾਰ ਹੀ ਸਮਝਦੇ ਹਨ ਤੇ ਤਾਰਿਆਂ ਤੋਂ ਪਰੇ ਉਹਨਾਂ ਦਾ ਨਿਵਾਸ ਸਥਾਨ ਹੈ। ਕੁੱਲ ਮਿਲਾ ਕੇ ਉਹਨਾਂ ਦੀ ਸਮਝ ਇਹ ਹੈ ਕਿ ਪ੍ਰਮਾਤਮਾ ਤੇ ਆਤਮਾ ਅਨੁਭਵ ਕਰਨ ਦੀਆਂ ਚੀਜ਼ਾਂ ਹਨ। ਇਹਨਾਂ ਨੂੰ ਸਮਝ ਉਹ ਹੀ ਵਿਅਕਤੀ ਸਕਦਾ ਹੈ ਜਿਸ ਕੋਲ ਇਨ੍ਹਾਂ ਨੂੰ ਸਮਝਣ ਦੀ ਬੁੱਧੀ ਹੋਵੇ। ਨਾਸਤਿਕ ਅਤੇ ਹੋਰ ਕਿਸਮ ਦੇ ਧਰਮਾਂ ਵਾਲੇ ਇਸਨੂੰ ਸਮਝ ਨਹੀਂ ਸਕਦੇ।
ਅਸਲ ਵਿੱਚ ਇਸ ਸਾਰੇ ਵਰਤਾਰੇ ਨੂੰ ਸਮਝਣ ਲਈ ਸਾਨੂੰ ਵਿਗਿਆਨ ਵੱਲ ਪਰਤਣਾ ਪਵੇਗਾ। ਵਿਗਿਆਨ ਅਨੁਸਾਰ ਪਦਾਰਥ ਦੀ ਪ੍ਰੀਭਾਸ਼ਾ ਹੁੰਦੀ ਹੈ ਉਹ ਵਸਤੂ ਜੋ ਥਾਂ ਘੇਰਦੀ ਹੈ, ਜਿਸਦਾ ਆਕਾਰ ਅਤੇ ਭਾਰ ਹੁੰਦਾ ਹੈ। ਸੋ ਹਰੇਕ ਕਿਸਮ ਦੀ ਚੇਤਨਾ ਵੀ ਪਦਾਰਥ ਵਿੱਚ ਹੀ ਰਹਿ ਸਕਦੀ ਹੈ। ਅਸਲ ਵਿੱਚ ਚੇਤਨਾ ਪਦਾਰਥ ਦੇ ਕੁਝ ਗੁਣਾਂ ਦਾ ਸੁਮੇਲ ਹੀ ਹੈ। ਮਨੁੱਖੀ ਦਿਮਾਗ ਦੇ ਮਾਹਰ ਦੱਸਦੇ ਹਨ ਕਿ ਦਿਮਾਗ ਵਿੱਚ ਰਸਾਇਣਕ ਕ੍ਰਿਆਵਾਂ ਤੇ ਬਿਜਲੀ ਕ੍ਰਿਆਵਾਂ ਰਾਹੀਂ ਹੀ ਗਿਆਨ ਜਮ੍ਹਾਂ ਹੁੰਦਾ ਹੈ ਤੇ ਸ਼ਰੀਰ ਦੀਆਂ ਭੌਤਿਕ ਕ੍ਰਿਆਵਾਂ ਦਾ ਨਿਰਅਤੰਰਿਣ ਹੁੰਦਾ ਹੈ, ਮਨੁੱਖੀ ਸ਼ਰੀਰ ਵੱਖ-ਵੱਖ ਸੈਲਾਂ ਦਾ ਸਮੂਹ ਹੈ। ਸੈਲਾਂ ਦੇ ਇਕੱਠ ਮਿਲਕੇ ਅੰਗ ਬਣਾਉਂਦੇ ਹਨ। ਅੰਗ ਪ੍ਰਣਾਲੀਆਂ, ਅੰਗਾਂ ਦੇ ਸਮੂਹ ਤੋਂ ਬਣਦੀਆਂ ਹਨ। ਲਹੂ ਗੇੜ, ਸਾਹ ਪ੍ਰਣਾਲੀ ਦਿਮਾਗੀ ਪ੍ਰਬੰਧ ਸਭ ਅੰਗ ਪ੍ਰਣਾਲੀਆਂ ਹਨ। ਜਦੋਂ ਕੋਈ ਮਹੱਤਵ ਪੂਰਨ ਅੰਗ ਪ੍ਰਣਾਲੀ ਆਪਣਾ ਕੰਮ ਬੰਦ ਕਰ ਦਿੰਦੀ ਹੈ ਤਾਂ ਸ਼ਰੀਰ ਦਾ ਕਾਰਜ ਵੀ ਘੱਟ ਹੋ ਜਾਂਦਾ ਹੈ ਜਾਂ ਰੁੱਕ ਜਾਂਦਾ ਹੈ।
ਮਨੁੱਖੀ ਸ਼ਰੀਰ ਰੇਡੀਓ ਜਾਂ ਟੈਲੀਵੀਯਨ ਜਾਂ ਕੰਪਿਊਟਰ ਦੀ ਤਰ੍ਹਾਂ ਕੰਮ ਕਰਦਾ ਹੈ। ਜਦੋਂ ਰੇਡੀਓ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਅਸੀਂ ਇਹ ਨਹੀਂ ਕਹਿੰਦੇ ਕਿ ਇਸ ਵਿੱਚੋਂ ਆਤਮਾ ਨਿਕਲ ਗਈ ਹੈ ਸਗੋ ਚੁੱਕ ਕੇ ਮਕੈਨਿਕ ਕੋਲ ਲੈ ਜਾਂਦੇ ਹਾਂ, ਮਕੈਨਿਕ ਉਸ ਵਿੱਚ ਆਤਮਾ ਨਹੀਂ ਪਾਉਂਦਾ ਸਗੋਂ ਉਸਦੀ ਪ੍ਰਣਾਲੀ ਵਿੱਚ ਨੁਕਸ਼ ਲੱਭ ਕੇ ਉਸਨੂੰ ਦਰੁਸਤ ਕਰਦਾ ਹੈ ਤੇ ਉਹ ਠੀਕ ਹੋ ਜਾਂਦਾ ਹੈ। ਮਨੁੱਖੀ ਸ਼ਰੀਰ ਵਿੱਚ ਪਏ ਨੁਕਸ਼ ਦੂਰ ਕਰਨ ਲਈ ਡਾਕਟਰਾਂ ਕੋਲ ਲੈ ਕੇ ਜਾਣਾ ਪੈਂਦਾ ਹੈ ਤੇ ਬਹੁਤੀਆਂ ਹਾਲਤਾਂ ਵਿੱਚ ਉਹ ਨੁਕਸ਼ ਦੂਰ ਕਰ ਦਿੰਦੇ ਹਨ। ਇਸ ਖੇਤਰ ਵਿੱਚ ਦਿਨੋਂ-ਦਿਨ ਨਵੀਆਂ ਉਪਲਬਧੀਆਂ ਤੇ ਖੋਜਾਂ ਹੋ ਰਹੀਆਂ ਹਨ। ਉਹ ਦਿਨ ਦੂਰ ਨਹੀਂ ਸ਼ਰੀਰ ਵਿੱਚੋਂ ਨਿਕਲ ਚੁੱਕੀ ਆਤਮਾ ਮੁੜ ਸ਼ਰੀਰ ਵਿੱਚ ਦਾਖਲ ਹੋ ਜਾਇਆ ਕਰੇਗੀ।
ਬ੍ਰਹਮ ਕੁਮਾਰੀ ਆਸ਼ਰਮ ਬਾਰੇ ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਆਤਮਾ ਪ੍ਰਮਾਤਮਾ ਤਾਂ ਊਰਜਾ ਦੇ ਹੀ ਇੱਕ ਰੂਪ ਹਨ ਜਦੋਂ ਕਿ ਵਿਗਿਆਨ ਅਨੁਸਾਰ ਉੂਰਜਾ ਪਦਾਰਥ ਹੀ ਹੈ। ਇਸ ਲਈ ਆਤਮਾ ਪ੍ਰਮਾਤਮਾ ਬਾਰੇ ਉੁਨ੍ਹਾਂ ਦਾ ਇਹ ਕਹਿਣਾ ਕਿ ਅਨੁਭਵ ਹੈ। ਉੁਨ੍ਹਾਂ ਵਿਅਕਤੀਆਂ ਲਈ ਠੀਕ ਹੈ ਜਿਹੜੇ ਇਹ ਸਮਝਦੇ ਹਨ ਕਿ ਉਹਨਾਂ ਨੂੰ ਆਪਣੇ ਵਿਚਾਰਾਂ ਵਿੱਚ ਮਘਨ ਹੋ ਕੇ ਪ੍ਰਮਾਤਮਾ ਨੂੰ ਆਪਣੇ ਦਿਲ ਵਿੱਚ ਵਸਾਉਣਾ ਚਾਹੀਦਾ ਹੈ। ਹਰ ਸਮੱਸਿਆ ਸਮੇਂ ਉਸਨੂੰ ਯਾਦ ਕਰਦੇ ਹੋਏ ਮੁਸਕਰਾਉਣਾ ਚਾਹੀਦਾ ਹੈ। ਪਰ ਇਹ ਮਨੁੱਖੀ ਤਰੱਕੀ ਤੇ ਮਨੁੱਖੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ।

4. ਨਿੱਜੀ ਉਦਾਹਰਣਾਂ ਨਾਲੋਂ ਗਰੁੱਪਾਂ ਦੀਆਂ ਉਦਾਹਰਣਾਂ ਵੱਧ ਜ਼ਰੂਰੀ ਹੁੰਦੀਆਂ ਹਨ :- ਬ੍ਰਹਮਕੁਮਾਰੀ ਆਸ਼ਰਮ ਦੇ ਬੁਲਾਰੇ ਤੇ ਕਿਤਾਬਾਂ ਨਿੱਜੀ ਉਦਾਹਰਣਾਂ ਨਾਲ ਭਰੀਆਂ ਹੋਈਆਂ ਹਨ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਨਿੱਜੀ ਉਦਾਹਰਣਾਂ ਵਿਅਕਤੀਆਂ ਦੇ ਸਮੂਹ ਨੂੰ ਕੋਈ ਅਗਵਾਈ ਦੇ ਸਕਦੀਆਂ ਹਨ। ਇਸਦੀ ਉਦਾਹਰਣ ਤੁਹਾਨੂੰ ਅੰਗਰੇਜੀ ਦਵਾਈ ਦੀ ਖੋਜ ਤੇ ਪਰਖ ਦੇ ਢੰਗਾਂ ਵਿੱਚੋਂ ਮਿਲ ਸਕਦੀ ਹੈ। ਕਿਸੇ ਵੀ ਦਵਾਈ ਦੀ ਪਰਖ ਲਈ ਉਸਨੂੰ ਪਹਿਲਾਂ ਰਸਾਇਣਕ ਢੰਗ ਨਾਲ ਸਮਝਿਆ ਜਾਂਦਾ ਹੈ। ਜਿਵੇਂ ਕਿਸੇ ਬਿਮਾਰੀ ਲਈ ਜੁੰਮੇਵਾਰ ਰੇਗਾਣੂ ਦੀ ਪਹਿਚਾਣ ਕਰਕੇ ਉਸਦੀ ਬਣਤਰ ਨੂੰ ਸਮਝਿਆ ਜਾਂਦਾ ਹੈ ਫਿਰ ਉਸ ਰੋਗਾਣੂ ਨੂੰ ਮਾਰਨ ਵਾਲੇ ਰਸਾਇਣਕ ਪਦਾਰਥਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਫਿਰ ਉਹਨਾਂ ਰਸਾਇਣਕ ਪਦਾਰਥਾਂ ਨੂੰ ਉਸ ਰੋਗਾਣੁੂੂ ਨਾਲ ਗ੍ਰਸਤ ਹੋਏ ਜੀਵਾਂ ‘ਤੇ ਪਰਖਿਆ ਜਾਂਦਾ ਹੈ ਕਿਉਂਕਿ ਮਨੁੱਖ ਦਾ ਵਿਕਾਸ ਬਣਮਾਨਸ ਤੋਂ ਹੋਇਆ ਸੀ ਤੇ ਬਣਮਾਨਸ ਕੁਝ ਦੂਰੀ ਤੋਂ ਚੂਹਿਆਂ ਦੇ ਰਿਸ਼ਤੇਦਾਰ ਹਨ। ਇਸ ਲਈ ਪਹਿਲਾਂ ਪਰਖ ਚੂਹਿਆਂ ‘ਤੇ ਫਿਰ ਬਾਂਦਰਾਂ ‘ਤੇ ਉਸ ਤੋਂ ਅੱਗੇ ਬਣਮਾਨਸਾਂ ‘ਤੇ ਮਨੁੱਖਾਂ ‘ਤੇ ਕੀਤੀ ਜਾਂਦੀ ਹੈ। ਇਹ ਅਧਿਐਨ ਕਿਸੇ ਇੱਕ ਮਨੁੱਖ ‘ਤੇ ਨਹੀਂ ਸਗੋਂ ਮਨੁੱਖਾਂ ਦੇ ਗਰੁੱਪਾਂ ‘ਤੇ ਕੀਤਾ ਜਾਂਦਾ ਹੈ। ਫਿਰ ਉਸ ਦਵਾਈ ਨੂੰ ਬਾਜ਼ਾਰ ਵਿੱਚ ਭੇਜਿਆ ਜਾਂਦਾ ਹੈ। ਬ੍ਰਹਮ ਕੁਮਾਰੀ ਆਸ਼ਰਮ ਵਾਲੇ ਮੌਤ ਤੋਂ ਬਚ ਕੇ ਮੁੜ ਜਿਉਂਦੇ ਹੋਏ ਵਿਅਕਤੀ ਦੇ ਤਜਰਬਿਆਂ ਦੀਆਂ ਉਦਾਹਰਣਾਂ ਦਿੰਦੇ ਹਨ। ਕਹਿੰਦੇ ਹਨ ਕਿ ਅਮਰੀਕਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਉਸਨੇ ਆਪਣੇ ਵਿੱਚੋਂ ਆਤਮਾ ਨੂੰ ਨਿਕਲ ਕੇ ਜਾਂਦੇ ਹੋਏ ਵੇਖਿਆ। ਅਸਲ ਵਿੱਚ ਅਜਿਹਾ ਨਹੀਂ ਦੁਨੀਆਂ ਦੇ ਬਹੁਤ ਸਾਰੇ ਵਿਅਕਤੀਆਂ ਨੇ ਮੌਤ ਸਮੇਂ ਆਪਣੇ ਤਜਰਬਿਆਂ ਨੂੰ ਕਿਤਾਬਾਂ ਵਿੱਚ ਸਮੇਟਿਆਂ ਹੈ। ਹਰੇਕ ਵਿਅਕਤੀ ਨੇ ਮੌਤ ਬਾਅਦ ਆਪਦੇ ਦਿਮਾਗ ਵਿੱਚ ਚੱਲ ਰਹੇ ਵਿਚਾਰਾਂ ਨੂੰ ਪ੍ਰਗਟ ਕੀਤਾ ਹੈ। ਕਿਸੇ ਨੇ ਕਿਹਾ ਹੈ ਕਿ ਮੈਂ ਹਨੇਰਾ ਵੇਖਿਆ ਜੋ ਹਰ ਸਮੇਂ ਧੁੰਦਲਾ ਹੁੰਦਾ ਗਿਆ। ਕਿਸੇ ਨੇ ਕਿਹਾ ਹੈ ਕਿ ਮੈਨੂੰ ਕੁਝ ਪਤਾ ਹੀ ਨਹੀਂ ਲੱਗਿਆ ਕੋਈ ਆਤਮਾ ਦੇ ਨਿਕਲ ਜਾਣ ਦੀ ਗੱਲ ਕਰਦਾ ਹੈ। ਇਸ ਸਬੰਧੀ ਕੋਈ ਇੱਕ ਜਾਂ ਸਪੱਸ਼ਟ ਵਿਚਾਰ ਨਹੀਂ।
5 ਟੈਲੀਪੈਥੀ :- ਬ੍ਰਹਮ ਕੁਮਾਰੀ ਆਸ਼ਰਮ ਨਾਲ ਦੁਨੀਆਂ ਦੇ ਦਸ ਲੱਖ ਲੋਕ ਜੁੜੇ ਹੋਏ ਹਨ। ਇਹ ਸਾਰੇ ਟੈਲੀਪੈਥੀ ਵਿੱਚ ਯਕੀਨ ਕਰਦੇ ਹਨ ਟੈਲੀਪੈਥੀ ਅਜਿਹੀ ਝੂਠੀ ਵਿਦਿਆ ਹੈ ਜਿਸ ਦੇ ਵਿਸ਼ਵਾਸੀ ਇਸ ਗੱਲ ਵਿੱਚ ਯਕੀਨ ਕਰਦੇ ਹਨ ਕਿ ਕਿਸੇ ਦੇ ਮਨ ਅੰਦਰ ਚੱਲ ਰਹੇ ਵਿਚਾਰਾਂ ਨੂੰ ਕਿਸੇ ਦੂਰ ਬੈਠੇ ਵਿਅਕਤੀ ਦੁਆਰਾ ਪੜ੍ਹਿਆ ਜਾ ਸਕਦਾ ਹੈ। ਇੱਥੇ ਵੀ ਇਹਨਾਂ ਦੇ ਵਿਚਾਰ ਵਿਗਿਆਨ ਵਿਰੋਧੀ ਹਨ ਜੋ ਇਹ ਕਹਿੰਦੀ ਹੈ ਕਿ ਕਿਸੇ ਕਿਸਮ ਦੀ ਚੇਤਨਾ, ਗਿਆਨ ਜਾਂ ਜਾਣਕਾਰੀ ਕਿਸੇ ਪਦਾਰਥ ਵਿੱਚ ਹੀ ਵਜੂਦ ਰੱਖ ਸਕਦੀ ਹੈ। ਇਹਨਾਂ ਵਿਚਾਰਾਂ ਦੀ ਗਤੀ ਲਈ ਜਾਂ ਇੱਕ ਥਾਂ ਤੋਂ ਦੂਜੇ ਤੇ ਜਾਣ ਲਈ ਮਾਧਿਅਮ ਦੀ ਲੋੜ ਹੁੰਦੀ ਹੈ। ਬ੍ਰਹਮਕੁਮਾਰੀ ਕਦੇ ਵੀ ਇਹ ਦੱਸਣ ਦਾ ਯਤਨ ਨਹੀਂ ਕਰਦੇ ਕਿ ਕਿਸੇ ਵਿਅਕਤੀ ਦੇ ਵਿਚਾਰ ਕਿਸੇ ਦੂਸਰੇ ਵਿਅਕਤੀ ਤੱਕ ਕਿਵੇਂ ਪਹੁੰਚ ਜਾਂਦੇ ਹਨ। ਅਸਲ ਵਿੱਚ ਟੈਲੀਪੈਥੀ ਦੇ ਵਿਚਾਰ ਦੀ ਪੈਦਾਵਾਰ ਮਨੁੱਖੀ ਮਨ ਵਿੱਚ ਹਰ ਰੋਜ ਪੈਦਾ ਹੋਣ ਵਾਲੀਆਂ ਸੈਂਕੜੇ ਕਲਪਨਾਵਾਂ ਵਿੱਚੋਂ ਹੁੰਦੀ ਹੈ। ਮਨੁੱਖੀ ਮਨ, ਮਨੁੱਖ ਦਾ ਕਦੇ ਵੀ ਨਾ ਸੌਣ ਵਾਲਾ ਅੰਸ ਹੈ। ਇਸ ਵਿੱਚ ਹਰ ਵੇਲੇ ਰਸਾਇਣਕ ਤੇ ਇਲੈਕਟਰਾਨਿਕ ਕ੍ਰਿਆਵਾਂ ਰਾਹੀਂ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਸੌਣ ਸਮੇਂ ਪੈਦਾ ਹੋਏ ਵਿਚਾਰ ਸਾਡੇ ਯਾਦ ਨਹੀਂ ਰਹਿੰਦੇ ਪਰ ਅਰਧ ਕੱਚੀ ਨੀਂਦ ਵਿੱਚ ਪੈਦਾ ਹੋਏ ਵਿਚਾਰ ਸਾਡੇ ਲਈ ਸੁਪਨੇ ਬਣ ਜਾਂਦੇ ਹਨ। ਜਾਗਣ ਸਮੇਂ ਹੋਇਆ ਕਲਪਨਾਵਾਂ ਵਿੱਚੋਂ ਬਹੁਤੀਆਂ ਅਸੀਂ ਭੁੱਲ ਜਾਂਦੇ ਹਾਂ ਕੁੱਝ ਸਾਡੇ ਯਾਦ ਰਹਿ ਜਾਂਦੀਆਂ ਹਨ। ਗਲਤ ਨਿਕਲੀਆਂ ਕਲਪਨਾਵਾਂ ਦਾ ਜਿਕਰ ਕੋਈ ਵਿਅਕਤੀ ਕਰਦਾ ਨਹੀਂ ਪਰ ਜੇ ਕੋਈ ਇੱਕ ਅੱਧੀ ਸੱਚ ਨਿਕਲ ਜਾਂਦੀ ਹੈ ਉਸਦਾ ਪ੍ਰਚਾਰ ਅਸੀਂ ਜੋਰ ਸੋਰ ਨਾਲ ਕਰਦੇ ਹਾਂ।
ਸੰਸਾਰ ਵਿੱਚ ਅੱਜ ਤੱਕ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੋਇਆ ਜਾਂ ਹੈ ਜਿਹੜਾ ਕਿਸੇ ਵਿਅਕਤੀ ਨਾਲ ਵਾਪਰਨ ਵਾਲੀ ਘਟਨਾ ਦੀ ਪਹਿਲਾ ਪੇਸ਼ੀਨਗੋਈ ਕਰ ਸਕਦਾ ਹੋਵੇ ਜਾਂ ਹੈ। ਅਜਿਹੇ ਦਾਅਵਾ ਕਰਨ ਵਾਲੇ ਵਿਅਕਤੀ ਦੁਨੀਆਂ ਵਿੱਚ ਬਹੁਤ ਹਨ ਪਰ ਪ੍ਰਯੋਗਿਕ ਪਰਖ ਸਮੇਂ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ ਜੋ ਸਫਲ ਹੋਇਆ ਹੋਵੇ। ਜੇ ਇੱਕ ਵੀ ਵਿਅਕਤੀ ਅਜਿਹਾ ਹੁੰਦਾ ਤਾਂ ਜਪਾਨ ਵਿੱਚ ਆਈ ਸੁਨਾਮੀ ਸਮੇਂ ਲੋਕਾਂ ਨੂੰ ਬਚਾਇਆ ਜਾ ਸਕਦਾ ਅੱਜ ਭਾਵੇਂ ਵਿਗਿਆਨਕ ਢੰਗਾਂ ਰਾਹੀਂ ਸੁਨਾਮੀ ਦੀ ਸਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਪਰ ਟੈਨੀਪੈਥੀ ਰਾਹੀਂ ਅਜਿਹਾ ਸੰਭਵ ਨਹੀਂ ਹੈ। ਇੰਦਰਾ ਗਾਂਧੀ ਦੇ ਅਧੀਨ ਹਜ਼ਾਰਾਂ ਅਫਸਰਾਂ ਵਿੱਚੋਂ ਇੱਕ ਵੀ ਇਸ ਝੂਠੀ ਪੈਥੀ ਦਾ ਮਾਹਰ ਹੁੰਦਾ, ਤਾਂ ਇੰਦਰਾ ਗਾਂਧੀ ਨੂੰ ਆਪਣੇ ਗਾਰਡਾਂ ਹੱਥੋਂ ਗੋਲੀ ਨਾਲ ਮਰਨਾ ਨਾ ਪੈਂਦਾ।
6. ਦੁਨੀਆਂ ਦੇ ਖਾਤਮੇ ਦਾ ਵਿਚਾਰ :- ਬ੍ਰਹਮਕੁਮਾਰੀਆਂ ਦੀਆਂ ਕਿਤਾਬਾਂ ਵਿੱਚ ਕਈ ਥਾਂਵਾਂ ‘ਤੇ ਇਹ ਦਰਜ਼ ਕੀਤਾ ਹੁੰਦਾ ਹੈ ਕਿ ਦੁਨੀਆਂ ਛੇਤੀ ਖ਼ਤਮ ਹੋ ਜਾਵੇਗੀ ਉਹਨਾਂ ਅਨੁਸਾਰ ਇਹ ਕੱਲਯੁੱਗ ਦਾ ਸਮਾਂ ਹੈ ਤੇ ਛੇਤੀ ਹੀ ਇਹ ਖ਼ਤਮ ਹੋ ਕੇ ਸੱਤਯੁੱਗ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਸਾਰੀ ਦੁਨੀਆਂ ਬ੍ਰਹਮ ਕੁਮਾਰੀ ਵਿਚਾਰਧਾਰਾ ਵੱਲ ਪ੍ਰੇਰਤ ਹੋ ਜਾਵੇਗੀ ਅਸਲ ਵਿੱਚ ਇਹ ਗੱਲ ਵੀ ਕਾਲਪਨਿਕ ਹੈ। ਅਜਿਹਾ ਨਹੀਂ ਹੋਵੇਗਾ ਕਿਉਂਕਿ ਅੱਜ ਦੁਨੀਆਂ ਵਿੱਚ ਅਮੀਰਾਂ ਤੇ ਗਰੀਬਾਂ ਵਿੱਚ ਆਰਥਿਕ ਰੂਪ ਵਿੱਚ ਵੱਡੇ ਪਾੜੇ ਹਨ। ਜਿੰਨਾ ਚਿਰ ਇਹ ਅੰਤਰ ਘੱਟ ਨਹੀਂ ਹੁੰਦੇ ਉਨ੍ਹਾਂ ਚਿਰ ਦੁਨੀਆਂ ਵਿੱਚ ਸੁੱਖ ਸ਼ਾਂਤੀ ਨਹੀਂ ਹੋ ਸਕਦੀ ਇਸ ਅੰਤਰ ਨੂੰ ਘਟਾਉਣ ਵਿੱਚ ਬ੍ਰਹਮ ਕੁਮਾਰੀ ਆਸ਼ਰਮ ਵਾਲੇ ਕਿਸੇ ਕਿਸਮ ਦਾ ਕੋਈ ਰੋਲ ਅਦਾ ਨਹੀਂ ਕਰ ਰਹੇ ਹਨ।
7. ਮੋਹ ਦੇ ਰਿਸ਼ਤਿਆ ਨੂੰ ਘਟਾਉਣਾ :- ਬ੍ਰਹਮ ਕੁਮਾਰੀ ਵਿਚਾਰਧਾਰਾ ਮੋਹ ਦੀਆਂ ਤੰਦਾਂ ਨੂੰ ਤੋੜ ਕੇ ਜਾਂ ਘੱਟ ਕਰਕੇ ਆਪਣਾ ਧਿਆਨ ਆਪਣੇ ਵੱਲ ਕੇਂਦਰਤ ਕਰਨ ਤੇ ਹੀ ਜੋਰ ਦਿੰਦੀ ਹੈ। ਉਹ ਮਨੁੱਖ ਦੀਆਂ ਕਾਮੁਕ ਲੋੜਾਂ ਨੂੰ ਨਜ਼ਰ ਅੰਦਾਜ ਕਰਦੇ ਹਨ। ਮਨੁੱਖੀ ਰਿਸ਼ਤਿਆਂ ਦੇ ਆਪਸੀ ਮੋਹ ਬਾਰੇ ਉਹਨਾਂ ਦੀ ਇਹ ਸੋਚ ਸੁਆਰਥੀ ਜਾਪਦੀ ਹੈ। ਲੱਗਭਗ ਉਨ੍ਹਾਂ ਦੇ ਪੰਜਾਹ ਹਜ਼ਾਰ ਮੈਂਬਰ ਸਿਰਫ ਤੇ ਸਿਰਫ ਭਗਤੀ ਵਿੱਚ ਹੀ ਰੁਝੇ ਹੋਏ ਹਨ। ਸਮਾਜ ਨਾਲ ਉਹਨਾਂ ਦਾ ਲੈਣ ਦੇਣ ਆਪਣੀ ਵਿਚਾਰਧਾਰਾਂ ਨੂੰ ਫੈਲਾਉਣ ਵਾਸਤੇ ਹੀ ਹੈ। ਉਹ ਇਹ ਸੋਚਦੇ ਹਨ ਕਿ ਖੁਦ ਨੂੰ ਪ੍ਰਮਾਤਮਾਂ ਤੇ ਆਤਮਾ ਦੇ ਲੜ ਲਾਕੇ ਦੁਨੀਆਂ ਵਿੱਚ ਮਹਾਂ ਪ੍ਰੀਵਰਤਨ ਹੋ ਜਾਵੇਗਾ। ਉਹ ਦੁਨਿਆਵੀ ਦੁੱਖਾਂ ਜਾਂ ਸੁੱਖਾਂ ਨਾਲ ਉਹ ਬਹੁਤਾ ਵਾਸਤਾ ਨਹੀਂ ਰੱਖਦੇ ਪਰ ਆਪਣੇ ਅੰਦਰ ਆਤਮਾ ਦੀ ਮੌਜੂਦਗੀ ਉਹਨਾਂ ਦੀ ਮੁਸਕਰਾਹਟ ਕਾਇਮ ਰੱਖਦੀ ਹੈ। ਇਸੇ ਲਈ ਉਹ ਦੁਨੀਆਂ ਵਿੱਚ ਵਾਪਰਨ ਵਾਲੇ ਦੁੱਖਾਂ-ਸੁੱਖਾਂ ਤੋਂ ਉਹ ਆਪਣੇ ਆਪ ਨੂੰ ਨਿਰਲੇਪ ਰੱਖਦੇ ਹਨ। ਆਪਣੇ ਆਸ਼ਰਮ ਵਿੱਚ ਨਾ ਉਹ ਅਖ਼ਬਾਰਾਂ ਰੱਖਦੇ ਹਨ ਤੇ ਨਾ ਹੀ ਵਧੀਆ ਸਾਹਿਤ ਨਾਲ ਉਹਨਾਂ ਦਾ ਕੋਈ ਵਾਸਤਾ ਹੁੰਦਾ ਹੈ। ਉਹ ਕਹਿੰਦੇ ਹਨ ਅਖ਼ਬਾਰਾਂ ਤੇ ਟੈਲੀਵੀਯਨ ਪ੍ਰੋਗਰਾਮਾਂ ਵਿੱਚ ਸਿਰਫ ਤੇ ਸਿਰਫ ਕਤਲਾਂ, ਦੁਰਘਟਨਾਵਾਂ ਤੇ ਲੁੱਟਾਂ ਖੋਹਾਂ ਦੀਆਂ ਖਬਰਾਂ ਹੁੰਦੀਆਂ ਹਨ ਜਿਹਨਾਂ ਨੂੰ ਪੜਕੇ ਮਨ ਉਦਾਸ ਹੁੰਦਾ ਹੈ, ਇਸ ਤਰ੍ਹਾਂ ਉਹ ਮਨੁੱਖੀ ਮਨ ਨੂੰ ਕੰਟਰੋਲ ਕਰਨ ਲਈ ਉਸ ਨੂੰ ਆਪਣੇ ਹੀ ਸਾਹਿਤ ਦੁਆਲੇ ਹੀ ਕੇਂਦਰਤ ਕਰਦੇ ਹਨ ਅੰਤ ਵਿੱਚ ਮੇਰੀ ਸਮਝ ਅਨੁਸਾਰ ਬੇਰੁਜਗਾਰੀ, ਗਰੀਬੀ, ਤੇ ਭੁੱਖਮਾਰੀ ਸਬੰਧੀ ਸਮੱਸਿਆਵਾਂ ਕਾਰਨ ਲੋਕ ਰੋਹ ਪੈਦਾ ਹੋ ਰਿਹਾ ਹੈ। ਇਹ ਵਿਚਾਰਧਾਰਾ ਮੌਜੂਦਾ ਤਾਣੇ-ਬਾਣੇ ਨੂੰ ਉਸ ਲੋਕ ਰੋਹ ਤੋਂ ਬਚਾਉਣ ਦਾ ਇੱਕ ਸਾਧਨ ਮਾਤਰ ਹੀ ਹੈ।

ਰਾਮਪਾਲ ਦੇ ਹਸ਼ਰ ਤੋਂ ਸਬਕ ਸਿੱਖਣ ਦੀ ਲੋੜ

ਤਰਕਸ਼ੀਲ ਸੋਸਾਇਟੀ ਪਿਛਲੇ ਇਕੱਤੀ ਸਾਲ ਤੋਂ ਲੋਕਾਂ ਨੂੰ ਹੋਕਾ ਦੇ ਕੇ ਕਹਿ ਰਹੀ ਹੈ ਕਿ ਸਾਰੇ ਸਾਧ, ਸੰਤ, ਰਿਸ਼ੀ, ਸਵਾਮੀ ਤੇ ਡੇਰਿਆਂ ਦੇ ਮਾਲਕ ਆਮ ਇਨਸਾਨ ਹੀ ਹੁੰਦੇ ਹਨ। ਹਰੇਕ ਮਨੁੱਖ ਦੀ ਤਰ੍ਹਾਂ ਉਨ੍ਹਾਂ ਦੀਆਂ ਵੀ ਲੋੜਾਂ ਹੁੰਦੀਆਂ ਹਨ। ਪੈਸੇ ਤੇ ਸ਼ਰਧਾਲੂਆਂ ਦੀ ਬਹੁਤਾਤ ਉਹਨਾਂ ਨੂੰ ਭੋਗ ਬਿਲਾਸੀ ਬਣਾ ਦਿੰਦੀ ਹੈ। ਆਪਣੇ ਕੁਕਰਮਾਂ ਨੂੰ ਛੁਪਾਉਣ ਲਈ ਉਹਨਾਂ ਦਾ ਮੌਕਾਪ੍ਰਸਤ ਸਰਕਾਰਾਂ ਨੂੰ ਸਹਿਯੋਗ ਦੇਣਾ ਉਨ੍ਹਾਂ ਦੀ ਲੋੜ ਬਣ ਜਾਂਦੀ ਹੈ। ਗੰਦੀ ਸਿਆਸਤ ਵੋਟਾਂ ਲਈ ਇਹਨਾਂ ਦਾ ਇਸਤੇਮਾਲ ਕਰਦੀ ਹੈ। ਪਰ ਜਦੋਂ ਉਹ ਮੌਜ਼ੁਦਾ ਤਾਣੇ-ਬਾਣੇ ਲਈ ਲਲਕਾਰ ਬਣ ਜਾਂਦੇ ਹਨ ਤਾਂ ਪੁਲੀਸ, ਫੌਜ, ਕਾਨੂੰਨ ਤੇ ਜੇਲ੍ਹਾਂ ਦਾ ਇਸਤੇਮਾਲ ਸ਼ੁਰੂ ਹੋ ਜਾਂਦਾ ਹੈ। ਆਸ਼ਾ ਰਾਮ ਦਾ ਹਸ਼ਰ ਤੁਸੀਂ ਵੇਖ ਹੀ ਚੁੱਕੇ ਹੋ। ਰਾਮਪਾਲ ਦਾ ਹਸ਼ਰ ਤੁਹਾਡੇ ਸਾਹਮਣੇ ਹੈ। ਸਾਰੇ ਡੇਰੇਦਾਰ ਅਜਿਹੇ ਹੀ ਹਨ। ਲੋੜ ਹੈ ਅਗਾਂਹਵਧੁ ਪਾਰਟੀਆਂ ਤੇ ਲੋਕਾਂ ਨੂੰ ਇਹਨਾਂ ਪ੍ਰਤੀ ਸਪੱਸ਼ਟ ਪਹੁੰਚ ਅਪਣਾਉਣ ਦੀ।
ਬਹੁਤ ਸਾਰੀਆਂ ਜੱਥੇਬੰਦੀਆਂ ਇਹਨਾਂ ਪ੍ਰਤੀ ਚੁੱਪ ਧਾਰੀ ਬੈਠੀਆਂ ਰਹਿ ਕੇ ਇਹਨਾਂ ਦੇ ਪੱਖ ਵਿੱਚ ਹੀ ਭੁਗਤ ਰਹੀਆਂ ਹਨ। ਉਹ ਇਸ ਖਿਆਲੀ ਦੁਨੀਆਂ ਵਿੱਚ ਰਹਿ ਰਹੇ ਹਨ ਕਿ ਕਿਸੇ ਵੇਲੇ ਇਹ ਸਾਡੇ ਪੱਖ ਵਿੱਚ ਭੁਗਤ ਸਕਦੇ ਹਨ, ਪਰ ਅਜਿਹਾ ਨਾ ਧਰਤੀ ਤੇ ਕਦੇ ਹੋਇਆ ਹੈ ਨਾ ਹੀ ਹੋਵੇਗਾ। ਸੰਤ ਰਾਮਪਾਲ ਦੇ ਆਸ਼ਰਮ ਦੀਆਂ ਕੁੱਝ ਝਲਕੀਆਂ ਉਪਰੋਕਤ ਗੱਲਾਂ ਦੀ ਹੀ ਪੁਸ਼ਟੀ ਕਰਦੀਆਂ ਹਨ।
ਧੰਦੇ ਨੂੰ ਸਥਾਪਤ ਕਰਨਾ :- ਸੰਤ ਰਾਮਪਾਲ ਨੇ ਪਹਿਲਾ-ਪਹਿਲਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਬੀਰ ਦੇ ਭਜਨ ਤੇ ਕੀਰਤਨ ਕਰਨੇ ਸ਼ੁਰੂ ਕੀਤੇ, ਜਦੋਂ ਉਹ ਥੋੜਾ ਜਿਹਾ ਸਥਾਪਤ ਹੋ ਗਿਆ ਤਾਂ ਉਸਨੇ ਆਪਣੀ ਜੇ. ਈ. ਦੀ ਨੌਕਰੀ ਛੱਡ ਕੇ ਡੇਰਾ ਉਸਾਰ ਲਿਆ। ਆਪਣੇ ਪਹਿਲਾ ਬਣਾਏ ਸਰਧਾਲੂਆਂ ਨੂੰ ਡੇਰੇ ਵਿੱਚ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਗਰੀਬ ਵਿਅਕਤੀ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਉਹ ਇਹ ਧਾਰ ਕੇ ਜਾਂਦਾ ਹੈ ਕਿ ਮੈਂ ਡੇਰੇ ਵਿੱਚੋਂ ਕੁਝ ਖਾਂਦਾ ਹਾਂ ਤਾਂ ਉਸਤੋਂ ਵੱਧ ਉਸ ਡੇਰੇ ਨੂੰ ਦੇਵਾ। ਇਸ ਲਈ ਉਹ ਕੰਮ ਦੇ ਰੁੂਪ ਵਿੱਚ ਜਾਂ ਪੈਸੇ ਦੇ ਰੂੁਪ ਵਿੱਚ ਕੁਝ ਨਾ ਕੁਝ ਡੇਰੇ ਦੀ ਗੋਲਕ ਵਿੱਚ ਪਾਉਂਦਾ ਹੈ। ਕਿਸੇ ਪ੍ਰਾਪਤੀ ਸਮੇਂ ਉਹ ਹੋਰ ਵੱਡੀ ਰਕਮ ਉਸ ਡੇਰੇ ਨੂੰ ਜਾਂ ਧਾਰਮਿਕ ਸਥਾਨ ‘ਤੇ ਚੜ੍ਹਾਉਂਦਾ ਹੈ। ਘਰ ਵਿੱਚ ਲੜਕੇ ਦੀ ਪ੍ਰਾਪਤੀ ਹੋਵੇ ਨੌਕਰੀ ਲੱਗੀ ਹੋਵੇ ਜਾਂ ਵਿਦੇਸ਼ਾਂ ਦਾ ਵੀਜਾ ਮਿਲਿਆ ਹੋਵੇ ਕਿਸੇ ਗਰੀਬ ਦੀ ਮਦਦ ਕਰਨ ਦੀ ਬਜਾਏ ਡੇਰਿਆਂ ਦੀ ਚਾਂਦੀ ਬਣਦੀ ਹੈ। ਇਸ ਤਰ੍ਹਾਂ ਇਹ ਡੇਰੇ ਦਿਨੋ ਦਿਨ ਤਰੱਕੀ ਕਰਦੇ ਰਹਿੰਦੇ ਹਨ। ਰਾਮਪਾਲ ਦੀ ਅਥਾਹ ਧਨ ਦੌਲਤ ਇਸੇ ਵਰਤਾਰੇ ਦੀ ਪੈਦਾਵਾਰ ਹੈ। ਇਹ ਡੇਰੇ ਆਪਣੇ ਕਿੱਤੇ ਨੂੰ ਹੋਰ ਸਥਾਪਤ ਕਰਨ ਲਈ ਭੂਤਾਂ ਕਢੱਣੀਆਂ ਕਰਾਮਾਤਾਂ ਦਾ ਜਾਲ ਬੁਣਨਾ, 108 ਜਾਂ 1008 ਹੋਣ ਦਾ ਨਾਟਕ ਕਰਨਾ, ਦੁੱਧ ਨਾਲ ਨਹਾਉਣਾ ਤੇ ਉਸੇ ਦੁੱਧ ਦੀ ਖੀਰ ਬਣਾਉਣਾ ਤੇ ਭਗਤਾਂ ਨੂੰ ਵਰਤਾਉਣਾ, ਕਿਤਾਬਾਂ ਤਿਆਰ ਕਰਨਾ, ਬੈਬਸਾਈਟਾਂ ਅਤੇ ਸੀਡੀਆਂ ਤਿਆਰ ਕਰਵਾਉਣ ਦੇ ਢੰਗ ਤਰੀਕੇ ਅਪਣਾਉਣ ਲੱਗ ਪੈਂਦੇ ਹਨ। ਇਸ ਤਰ੍ਹਾਂ ਪੈਸੇ ਦਾ ਨਿਰੰਤਰ ਵਹਾਅ ਉਹਨਾਂ ਦੇ ਖਜਾਨੇ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੰਦਾ ਹੈ।
ਪੰਜ ਸੱਤ ਹਜਾਰ ਬੰਦੇ ਦਾ ਖਾਣਾ ਕਹਿਣ ਲਈ ਤਾਂ ਡੇਰਾ ਤਿਆਰ ਕਰਦਾ ਹੈ ਅਸਲ ਵਿੱਚ ਉਥੇ ਜਾਣ ਵਾਲੇ ਲੋਕ ਹੀ ਪੈਸੇ ਦੇ ਕੇ ਤਿਆਰ ਕਰਵਾਉਂਦੇ ਹਨ। ਹਰਾਮ ਦੇ ਪੈਸੇ ਦੀ ਬਹੁਤਾਤ ਬੰਦੇ ਵਿੱਚ ਹਰੇਕ ਕਿਸਮ ਦੇ ਐਬ ਵੀ ਲੈ ਕੇ ਆਉਂਦੀ ਹੈ। ਡੇਰੇ ਵਿੱਚੋਂ ਕੰਡੋਮ, ਪ੍ਰੈਗਨੈਂਸੀ ਕਿਟਾ ਮਿਲਣਾ, ਲੇਡੀ ਬਾਥਰੂਮਾਂ ਵਿੱਚ ਸੀ. ਸੀ. ਕੈਮਰੇ ਆਦਿ ਰਾਮਪਾਲ ਦੇ ਭੋਗ ਬਿਲਾਸ ਅਤੇ ਹੋਰ ਐਬਾ ਦੀਆਂ ਨਿਸ਼ਾਨੀਆਂ ਹਨ। ਹਰੇਕ ਡੇਰੇ ਵਿੱਚ ਅਜਿਹਾ ਹੁੰਦਾ ਹੀ ਹੈ। ਇਹ ਹੋਣਾ ਲਾਜਮੀ ਵੀ ਹੈ। ਕਿਉਂਕਿ ਖਾਣੇ ਤੋਂ ਬਾਅਦ ਮਨੁੱਖ ਦੀ ਦੂਜੀ ਵੱਡੀ ਲੋੜ ਕਾਮ ਹੈ। ਸਾਡੇ ਲੋਕ ਇਸ ਸਚਾਈ ਨੂੰ ਮਨੋ ਵਿਸਾਰ ਦਿੰਦੇ ਹਨ। ਕਾਮ ਇਕਲੇ ਮਰਦਾਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਇਸਤਰੀਆਂ ਨੂੰ ਵੀ ਇਸ ਦੀ ਬਰਾਬਰ ਦੀ ਲੋੜ ਹੁੰਦੀ ਹੈ। ਇਸ ਲਈ ਭੁੱਖੀਆਂ ਇਸਤਰੀਆਂ ਤੇ ਮਰਦਾਂ ਲਈ ਇਹ ਡੇਰੇ ਇੱਕ ਪਰਦੇ ਦਾ ਕੰਮ ਵੀ ਸ਼ੁਰੂ ਕਰ ਦਿੰਦੇ ਹਨ। ਡੇਰੇ ਦੇ ਭਗਤ ਹੋਣ ਦਾ ਗਿਲਾਫ ਪਾ ਕੇ ਵਾਹਵਾ ਖੱਟ ਲਈ ਜਾਂਦੀ ਹੈ। ਇਸ ਆੜ ਵਿੱਚ ਕਾਮੁਕ ਭੁੱਖ ਵੀ ਪੂਰੀ ਹੁੰਦੀ ਰਹਿੰਦੀ ਹੈ।
ਡੇਰੇਦਾਰ ਜਦੋਂ ਸੋਚਦਾ ਹੈ ਕਿ ਮੈਂ ਪੈਸੇ ਤੇ ਭੋਗ ਵਿਲਾਸ ਤੋਂ ਰੱਜ ਚੁੱਕਿਆ ਹਾਂ ਤਾਂ ਉਹ ਇਸ ਭਰਮ ਦਾ ਸ਼ਿਕਾਰ ਬਣ ਜਾਂਦਾ ਹੈ ਕਿ ਹੁਣ ਮੈਂ ਆਪਣੀ ਫੌਜ ਖੜੀ ਕਰਾਂ ਤੇ ਆਪਣੇ ਸਾਮਰਾਜ ਦਾ ਵਿਸਤਾਰ ਕਰਾ। ਆਲੇ-ਦੁਆਲੇ ਦੇ ਕੁਝ ਡੇਰਿਆਂ ਦੀ ਈਰਖਾ ਵੀ ਉਹਨਾਂ ਨੂੰ ਇਸ ਪਾਸੇ ਨੂੰ ਲੈ ਤੁਰਦੀ ਹੈ। ਫਿਰ ਡੇਰੇ ਨੂੰ ਕਿਲੇ ਦਾ ਰੂਪ ਦੇਣਾ ਸ਼ੁਰੂ ਕਰ ਦਿੰਦੇ ਹਨ। ਆਪਣੇ ਬਚਾਓ ਲਈ ਤੇ ਵਿਸਤਾਰ ਲਈ ਫੌਜ ਖੜੀ ਕਰਨਾ ਉਹਨਾਂ ਦੀ ਜ਼ਰੂਰਤ ਬਣ ਜਾਂਦੀ ਹੈ।
ਸਿਆਸੀ ਗਿਰਝਾਂ, ਬਗਲਿਆਂ ਦਾ ਰੂਪ ਧਾਰ ਕੇ ਵੋਟਾਂ ਦੀ ਪ੍ਰਾਪਤੀ ਲਈ ਇਹਨਾਂ ਡੇਰਿਆਂ ਦੀ ਚੌਂਕੀ ਭਰਨਾ ਸ਼ੁਰੂ ਕਰ ਦਿੰਦੀਆਂ ਹਨ, ਬੀ. ਜੇ. ਪੀ. ਦੇ ਸਥਾਨਕ ਤਿੰਨੇ ਐਮ. ਐਲ. ਏ. ਡੇਰੇ ਦੀ ਅਪੀਲ ਤੇ ਹੀ ਅਸੈਬੰਲੀ ਵਿੱਚ ਪਹੁੰਚੇ ਹਨ। ਪਰ ਜਦੋਂ ਡੇਰੇ ਨੇ ਮੌਜੂਦਾ ਢਾਂਚੇ ਨੂੰ ਅੱਖਾਂ ਵਿਖਾਉਣੀਆਂ ਤੇ ਲਲਕਾਰਨਾ ਸ਼ੁਰੂ ਕਰ ਦਿੱਤਾ ਤਾਂ ਇਸਨੂੰ ਕੁਚਲਣਾ ਉਹਨਾਂ ਦੀ ਮਜਬੂਰੀ ਬਣ ਜਾਂਦਾ ਹੈ।
ਇਹ ਇਤਿਹਾਸ ਇਕੱਲਾ ਰਾਮਪਾਲ ਦਾ ਨਹੀਂ ਹੈ। ਨਿਰਮਲ ਬਾਬਾ, ਸਿਰਸਾ ਵਾਲਾ ਬਾਬਾ, ਦੇ ਹੋਰ ਬਹੁਤ ਸਾਰਿਆਂ ਦਾ ਸਰਕਾਰੀ ਸਹਿ ਤੇ ਇਸੇ ਪਾਸੇ ਤੁਰਨਾ ਜਾਰੀ ਹੈ। ਜਦੋਂ ਕਿਸੇ ਵੀ ਸਿਆਸਤ ਲਈ ਇਹ ਰਾਹ ਦਾ ਕੰਢਾ ਬਣੇ ਤਾਂ ਉਹਨਾਂ ਦਾ ਪਤਨ ਸ਼ੁਰੂ ਹੋ ਜਾਵੇਗਾ।
ਮੇਘ ਰਾਜ ਮਿਤੱਰ