ਦਹਿਸ਼ਤ ਦੇ ਦਿਨਾਂ ਦਾ ਖ਼ੌਫ਼

ਮੇਘ ਰਾਜ ਮਿੱਤਰ, 98887 87440khalista
1978 ਤੋਂ ਲੈ ਕੇ 1993 ਤਕ ਪੰਜਾਬ ਦੇ ਲੋਕਾਂ ਨੇ ਦਹਿਸ਼ਤਗਰਦੀ ਦਾ ਖ਼ੌਫ਼ ਝੱਲਿਆ ਹੈ। ਇਹ ਅਜਿਹਾ ਕਾਲਾ ਦੌਰ ਸੀ, ਜਦੋਂ ਲੋਕ ਸੱਥਾਂ ਵਿਚ ਬੈਠ ਕੇ ਗੱਲਾਂ ਕਰਨਾ ਬੰਦ ਕਰ ਗਏ ਸਨ। ਜੇ ਕੋਈ ਗੱਲ ਕਰਨੀ ਵੀ ਹੁੰਦੀ ਤਾਂ ਘਰਾਂ ਦੇ ਅੰਦਰਲੇ ਕਮਰਿਆਂ ਵਿਚ ਜਾ ਕੇ ਕੰਨਾਂ ਵਿਚ ਹੀ ਘੁਸਰ-ਮੁਸਰ ਕਰਦੇ। ਗਲੀਆਂ ਦੇ ਕੁੱਤਿਆਂ ਨੇ ਭੌਂਕਣਾ ਬੰਦ ਕਰ ਦਿੱਤਾ ਸੀ। ਕਿਉਂਕਿ ਜਾਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਸੀ ਜਾਂ ਸੰਗਲੀਆਂ ਪਾ ਕੇ ਕਮਰਿਆਂ ਅੰਦਰ ਡੱਕ ਦਿੱਤਾ ਸੀ ਤਾਂ ਕਿ ਰਾਤ ਨੂੰ ਗਲੀਆਂ ਵਿਚ ਫਿਰਦੇ ਬੇਗਾਨੇ ਬੰਦਿਆਂ ਦੀਆਂ ਗਤੀਵਿਧੀਆਂ ਬਾਰੇ ਬਿੜਕ ਨਾ ਲੱਗੇ। ਪੰਜਾਬ ਦੇ ਸ਼ਹਿਰਾਂ ਵਿਚ ਬਹੁਤ ਸਾਰੇ ਘਰ ਖਾਲੀ ਹੋ ਗਏ ਸਨ। ਜਦੋਂ ਕਿ ਹਰਿਆਣਾ ਦੇ ਨੇੜਲੇ ਸ਼ਹਿਰਾਂ ਵਿਚ ਘਰਾਂ ਦੇ ਕਿਰਾਏ ਤੇ ਕੀਮਤਾਂ ਵਧ ਗਈਆਂ ਸਨ। ਹਸਪਤਾਲਾਂ ਵਿਚ ਹਰ ਰੋਜ਼ ਚਾਰ-ਪੰਜ ਲਾਸ਼ਾਂ ਪੋਸਟਮਾਰਟਮ ਲਈ ਆ ਰਹੀਆਂ ਸਨ। ਇਹ ਜਾਂ ਤਾਂ ਪੁਲਿਸ ਦੇ ਫ਼ਰਜ਼ੀ ਮੁਕਾਬਲਿਆਂ ਵਿਚ ਮਾਰੇ ਹੁੰਦੇ ਜਾਂ ਖ਼ਾਲਿਸਤਾਨੀਆਂ ਨੇ ਬੱਸਾਂ ਵਿਚੋਂ ਕੱਢ ਕੇ ਗੱਡੀ ਚਾੜ੍ਹੇ ਹੁੰਦੇ। ਬੰਦੇ ਦਾ ਘੋਗਾ ਚਿੱਤ ਕਰਨ ਲਈ ਘੜਿਆਂ ਵਿਚੋਂ ਪਰਚੀਆਂ ਕੱਢੀਆਂ ਜਾ ਰਹੀਆਂ ਸਨ।
ਇਨ੍ਹਾਂ ਦਿਨਾਂ ਦੌਰਾਨ ਮੇਰਾ ਬੇਟਾ ਰੂਸ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਸੀ। ਛੁੱਟੀਆਂ ਕਾਰਨ ਉਹ ਘਰ ਆ ਗਿਆ ਸੀ। ਉਸ ਨਾਲ ਪੜ੍ਹਦੀ ਇਕ ਲੜਕੀ ਨੇ ਉਸ ਨੂੰ ਡਬਲ ਬੈੱਡ ਦਾ ਇਕ ਕੰਬਲ ਫੜਾ ਦਿੱਤਾ ਤਾਂ ਜੋ ਮਾਲੇਰਕੋਟਲੇ ਕੋਲ ਉਸ ਦੇ ਘਰ ਪਹੁੰਚਾਇਆ ਜਾ ਸਕੇ। ਬੇਟੇ ਨੇ ਆਪਣੇ ਇਕ ਦੋਸਤ ਨੂੰ ਨਾਲ ਲਿਆ। ਸਕੂਟਰ ਦੀ ਪਿਛਲੀ ਸੀਟ ‘ਤੇ ਬੈਠੇ ਪੱਗ ਵਾਲੇ ਉਸ ਦੇ ਦੋਸਤ ਨੇ ਕੰਬਲ ਵਿਚਾਲੇ ਰੱਖ ਲਿਆ। ਮੈਂ ਆਪਣੇ ਬੇਟੇ ਨੂੰ ਸਿਰ ‘ਤੇ ਹੈਲਮਟ ਲੈਣ ਲਈ ਜ਼ੋਰ ਪਾਉਣ ਲੱਗ ਪਿਆ। ਪਰ ਉਹ ਹੈਲਮਟ ਨਾ ਲੈ ਕੇ ਜਾਣ ‘ਤੇ ਅੜ ਗਿਆ। ਮਾਲੇਰਕੋਟਲੇ ਤਕ ਆਉਣ-ਜਾਣ ਦਾ ਸਫ਼ਰ ਕਰੀਬ 140 ਕਿਲੋਮੀਟਰ ਸੀ। ਮੈਂ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਹੈਲਮਟ ਤੋਂ ਬਗੈਰ ਜਾਣ ਨਹੀਂ ਸੀ ਦੇਣਾ ਚਾਹੁੰਦਾ। ਉਸ ਦੇ ਦੋਸਤ ਨੇ ਇਹ ਕਹਿ ਕੇ ਮੇਰੇ ਕੋਲੋਂ ਹੈਲਮਟ ਫੜ ਲਿਆ, ”ਅੰਕਲ ਜੀ! ਸ਼ਹਿਰ ਨਿਕਲਦਿਆਂ ਹੀ ਮੈਂ ਇਸ ਦੇ ਸਿਰ ‘ਤੇ ਹੈਲਮਟ ਰੱਖ ਦਿਆਂਗਾ।” ਜਾਣ ਤੋਂ ਪੰਜ-ਸੱਤ ਮਿੰਟਾਂ ਬਾਅਦ ਹੀ ਮੇਰਾ ਬੇਟਾ ਲਹੂ-ਲੁਹਾਣ ਹੋ ਕੇ ਘਰ ਮੁੜ ਆਇਆ। ਕਹਿਣ ਲੱਗਿਆ, ”ਪਾਪਾ ਜੀ! ਅੱਜ ਤਾਂ ਤੁਸੀਂ ਮੈਨੂੰ ਬਚਾ ਲਿਆ। ਅਜੇ ਮੈਂ ਸੰਘੇੜੇ ਹੀ ਪਹੁੰਚਿਆ ਸਾਂ ਕਿ ਗਲੀ ਵਿਚੋਂ ਆਉਂਦੇ ਇਕ ਤੇਜ਼ ਰਫ਼ਤਾਰ ਰੇਹੜੇ ਨੇ ਸਾਨੂੰ ਟੱਕਰ ਮਾਰ ਦਿੱਤੀ। ਹੈਲਮਟ ਟੁੱਟ ਗਿਆ। ਇਸ ਲਈ ਮੈਂ ਉਸ ਨੂੰ ਉਥੇ ਹੀ ਸੁੱਟ ਆਇਆ ਹਾਂ।”
ਮੈਂ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ। ਡਾਕਟਰ ਨੇ ਸਿਰ ‘ਤੇ ਟਾਂਕੇ ਲਾ ਕੇ ਪੱਟੀ ਕਰ ਦਿੱਤੀ। ਉਸੇ ਸਮੇਂ ਖ਼ੂਨ ਨਾਲ ਲੱਥ-ਪੱਥ ਇਕ ਇਸਤਰੀ ਨੂੰ ਉਸ ਦਾ ਪਤੀ ਹਸਪਤਾਲ ਲੈ ਕੇ ਆਇਆ। ਉਸ ਦਾ ਚਿਹਰਾ ਥਾਂ-ਥਾਂ ਤੋਂ ਝਰੀਟਿਆ ਹੋਇਆ ਸੀ। ਮੈਂ ਉਸ ਦੇ ਘਰਵਾਲੇ ਨੂੰ ਪੁੱਛਿਆ, ”ਇਸ ਦੇ ਸੱਟਾਂ ਕਿਵੇਂ ਵੱਜੀਆਂ?” ਉਹ ਕਹਿਣ ਲੱਗਿਆ, ”ਕੱਲ੍ਹ ਖਾੜਕੂਆਂ ਦਾ ਬੰਦ ਹੋਣ ਕਾਰਨ ਅਸੀਂ ਦੋਵੇਂ ਅੱਜ ਬਰਨਾਲੇ ਘਰ ਦਾ ਸਾਮਾਨ ਖ਼ਰੀਦਣ ਆ ਰਹੇ ਸਾਂ। ਇਨ੍ਹੇ ਵਿਚ ਮੇਰੇ ਸਕੂਟਰ ਕੋਲੋਂ ਦੀ ਲੰਘ ਰਹੇ ਸਾਇਕਲ ਦੇ ਟਾਇਰ ਦਾ ਪਟਾਕਾ ਪੈ ਗਿਆ। ਸਕੂਟਰ ਦੇ ਪਿੱਛੇ ਬੈਠੀ ਮੇਰੀ ਘਰਵਾਲੀ ਨੇ ਇਹ ਕਹਿ ਕੇ ਛਾਲ ਮਾਰ ਦਿੱਤੀ ਕਿ ਅੱਤਵਾਦੀ ਆ ਗਏ.. ..ਅੱਤਵਾਦੀ ਆ ਗਏ.. .। ਸਕੂਟਰ ਤੇਜ਼ ਸੀ। ਇਸ ਲਈ ਇਹ ਸੜਕ ‘ਤੇ ਮੂੰਹ ਪਰਨੇ ਡਿੱਗ ਪਈ। ਮੂੰਹ-ਮੱਥਾ ਝਰੀਟਿਆ ਗਿਆ।”
‘ਪੰਜਾਬ ਬੰਦ’ ਤੋਂ ਇਕ ਦਿਨ ਬਾਅਦ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਸਾਥੀ ਅਧਿਆਪਕਾਂ ਨੇ ਅਜਿਹੀ ਹੀ ਇਕ ਹੋਰ ਸੱਚੀ ਘਟਨਾ ਸੁਣਾਈ। ਉਨ੍ਹਾਂ ਕਿਹਾ ਕਿ ਕੱਲ੍ਹ ਖਾੜਕੂਆਂ ਦੇ ਦਿੱਤੇ ਬੰਦ ਦੇ ਸੱਦੇ ਦੇ ਬਾਵਜੂਦ ਕਾਲਜ ਸਾਹਮਣੇ ਕੰਟੀਨ ਚਲਾਉਂਦੇ ਹੰਸੇ ਨੇ ਆਪਣੀ ਚਾਹ ਦੀ ਦੁਕਾਨ ਖੁੱਲ੍ਹੀ ਰੱਖੀ। ਸ਼ਾਮ ਨੂੰ ਸੱਤ ਕੁ ਵਜੇ ਉਹ ਅਜੇ ਘਰ ਪੁੱਜਿਆ ਹੀ ਸੀ ਕਿ ਗਲੀ ਵਿਚ ਦੋ ਬੰਦੇ ਟਾਰਚਾਂ ਲੈ ਕੇ ਉਸ ਦਾ ਘਰ ਪੁੱਛ ਰਹੇ ਸਨ। ਹੰਸਾ ਫਟਾ-ਫਟ ਪੌੜੀਆਂ ਚੜ੍ਹਿਆ ਅਤੇੇ ਬਨੇਰਾ ਟੱਪ ਕੇ ਗੁਆਂਢੀਆਂ ਦੇ ਕੋਠੇ ‘ਤੇ ਛਾਲ ਮਾਰ ਦਿੱਤੀ। ਪਿੱਛੇ ਹੀ ਸਾਡੇ ਇਕ ਅਧਿਆਪਕ ਦਾ ਘਰ ਸੀ। ਉਹ ਖੜਾਕ ਸੁਣਕੇ ਪੌੜੀਆਂ ਚੜ੍ਹ ਆਇਆ। ਲੁਕੇ ਬੈਠੇ ਹੰਸੇ ਨੂੰ ਪੁੱਛਣ ਲੱਗਿਆ, ”ਹੰਸਿਆ ਤੂੰ ਕਿਉਂ ਕੰਬ ਰਿਹੈਂ?” ਉਹ ਕਹਿਣ ਲਗਿਆ, ”ਦੋ ਖਾੜਕੂ ਮੈਨੂੰ ਮਾਰਨ ਲਈ ਲੱਭਦੇ ਫਿਰਦੇ ਨੇ।” ਅਧਿਆਪਕ ਕਹਿਣ ਲੱਗਿਆ, ”ਸਾਡੇ ਸਾਰੇ ਟੱਬਰ ਨੂੰ ਵੀ ਮਰਵਾਏਂਗਾ, ਚੱਲ ਭੱਜ ਇਥੋਂ!” ਹੰਸੇ ਨੇ ਨਾਲ ਲਗਦੇ ਇਕ ਹੋਰ ਗੁਆਂਢੀ ਦੇ ਕੋਠੇ ‘ਤੇ ਛਾਲ ਮਾਰ ਦਿੱਤੀ। ਉਹ ਵੀ ਸਾਡੇ ਸਕੂਲ ਦਾ ਕਲਰਕ ਸੀ। ਉਹ ਵੀ ਛੱਤ ‘ਤੇ ਚੜ੍ਹ ਆਇਆ। ਹੰਸੇ ਨੇ ਕਿਹਾ, ”ਮੈਂ ਅੱਜ ਦੁਕਾਨ ਖੋਲ੍ਹ ਕੇ ਰੱਖੀ ਸੀ। ਇਸ ਲਈ ਖਾੜਕੂ ਮੈਨੂੰ ਗੱਡੀ ਚਾੜ੍ਹਨ ਲਈ ਲੱਭ ਰਹੇ ਨੇ।” ਉਸ ਨੇ ਵੀ ਦੋ-ਚਾਰ ਧੱਕੇ ਮਾਰ ਕੇ ਹੰਸੇ ਨੂੰ ਭਜਾ ਦਿੱਤਾ। ਏਨੇ ਨੂੰ ਹੰਸੇ ਦੀ ਘਰਵਾਲੀ ਕੋਠੇ ਉਪਰ ਆ ਗਈ। ਕਹਿਣ ਲੱਗੀ, ”ਉਹ ਬੰਦੇ ਤਾਂ ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ ਸਨ ਅਤੇ ਪੌੜੀ ਮੰਗ ਰਹੇ ਸਨ।”
ਅਜਿਹੇ ਵਿਅਕਤੀਆਂ ਨਾਲ ਸਬੰਧਤ ਬਹੁਤ ਸਾਰੀਆਂ ਘਟਨਾਵਾਂ ਹਨ, ਜਿਨ੍ਹਾਂ ਨੇ ਦਹਿਸ਼ਤਗਰਦੀ ਦਾ ਸੰਤਾਪ ਝੱਲਿਆ ਹੈ। ਕਾਸ਼! ਅਜਿਹੇ ਦਿਨ ਮੁੜ ਨਾ ਆਉਣ।

ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?

-ਮੇਘ ਰਾਜ ਮਿੱਤਰ, 98887 87440
sci.thinkਸ਼ੂਗਰ ਦਾ ਮਰੀਜ਼ ਕਰਮ ਜ਼ਿੰਦਗੀ ਦੀ ਸਿਖਰ ਦੁਪਹਿਰ ਸਮੇਂ ਹੀ ਅਲਵਿਦਾ ਆਖ ਗਿਆ ਕਿਉਂਕਿ ਉਸ ਨੇ ਕਦੇ ਵੀ ਮਿੱਠੇ ਆਦਿ ਤੋਂ ਪਰਹੇਜ਼ ਨਹੀਂ ਸੀ ਕੀਤਾ। ਹਮੇਸ਼ਾ ਕਿਹਾ ਕਰਦਾ ਸੀ, ”ਜ਼ਿੰਦਗੀ ਤਾਂ ਪ੍ਰਮਾਤਮਾ ਦੇ ਹੱਥ ਹੈ, ਉਸ ਨੇ ਜਿੰਨ੍ਹੇ ਸਾਹ ਬਖ਼ਸ਼ੇ ਨੇ ਓਨੇ ਹੀ ਲੈਣੇ ਨੇ, ਫਿਰ ਕਿਉਂ ਐਂਵੇਂ ਹੀ ਖਾਣ-ਪੀਣ ‘ਤੇ ਬੰਦਸ਼ਾਂ ਲਾਈਆਂ ਜਾਣ।”
ਰਾਜਵੰਤ ਵੀ ਆਪਣੀ ਨੌਜਵਾਨ ਪਤਨੀ ਅਤੇ ਪੁੱਤਰਾਂ ਨੂੰ ਵਿਲਕਦੇ ਛੱਡ ਧਰਤੀ ਵਿਚ ਸਮਾ ਗਿਆ। ਉਸ ਦੀ ਸੋਚ ਭਾਵੇਂ ਪਦਾਰਥਵਾਦੀ ਸੀ, ਪਰ ਉਸ ਨੇ ਆਪਣੀ ਸਿਹਤ ਪ੍ਰਤੀ ਲੋੜੀਂਦੀ ਚੌਕਸੀ ਨਹੀਂ ਵਰਤੀ। ਨਿੱਕੀ ਜਿਹੀ ਬਿਮਾਰੀ ਨੂੰ ਅਣਗੌਲਿਆ ਕਰ ਦਿੱਤਾ, ਜੋ ਉਸ ਲਈ ਜਾਨਲੇਵਾ ਸਿੱਧ ਹੋਈ। ਮੇਰੇ ਇਸ ਲੇਖ ਦਾ ਉਦੇਸ਼ ਲੰਮੀ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰਨਾ ਹੈ।
ਜ਼ਿੰਦਗੀ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਮਨੁੱਖੀ ਸਰੀਰ ਬਾਰੇ ਇਕ ਸਮਝ ਬਣਾ ਲੈਣੀ ਚਾਹੀਦੀ ਹੈ। ਅਸੀਂ ਵੇਖਦੇ ਹਾਂ ਕਿ ਠੰਢੀ ਕਲੀ ਨੂੰ ਠੰਢੇ ਪਾਣੀ ਵਿਚ ਪਾਉਣ ਨਾਲ ਇਸ ਵਿਚ ਹਰਕਤ, ਆਵਾਜ਼ ਅਤੇ ਗਰਮਾਇਸ਼ ਆਦਿ ਪੈਦਾ ਹੋ ਜਾਂਦੇ ਹਨ। ਸਵਾਲ ਇਹ ਹੈ ਕਿ ਊਰਜਾ ਦੇ ਇਹ ਵੱਖ-ਵੱਖ ਰੂਪ ਕਿਵੇਂ ਪੈਦਾ ਹੋ ਗਏ? ਜੇ ਅਸੀਂ ਇਸ ਗੱਲ ਨੂੰ ਆਪਣੀ ਸਕੂਲੀ ਪੜ੍ਹਾਈ ਨਾਲ ਜੋੜ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਪਦਾਰਥਾਂ ਨੂੰ ਮਿਲਾਉਣ ਨਾਲ ਕਈ ਅਜਿਹੀਆਂ ਰਸਾਇਣਕ ਕਿਰਿਆਵਾਂ ਵਾਪਰਦੀਆਂ ਹਨ, ਜਿਨ੍ਹਾਂ ਵਿਚ ਊਰਜਾ ਦੀਆਂ ਵੱਖ-ਵੱਖ ਕਿਸਮਾਂ ਪੈਦਾ ਹੁੰਦੀਆਂ ਹਨ। ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਤਕ ਦਾ ਸਫ਼ਰ ਇਹਨਾਂ ਰਸਾਇਣਾਂ ਨਾਲ ਸੰਘਰਸ਼ ਦੀ ਵੱਡੀ ਗਾਥਾ ਹੈ। ਮਨੁੱਖ ਨੇ ਆਪਣੇ 250 ਕਰੋੜ ਵਰ੍ਹੇ ਦੇ ਸਫ਼ਰ ਦੌਰਾਨ ਵੱਡੇ ਤਜਰਬੇ ਕੀਤੇ ਹਨ। ਇਹਨਾਂ ਨਾਲ ਸੰਘਰਸ਼ ਕਰਦਿਆਂ ਉਸ ਨੇ ਆਪਣੇ ਸਰੀਰ ਨੂੰ ਬਹੁਤ ਸਾਰੇ ਰਸਾਇਣਾਂ ਅਨੁਸਾਰ ਢਾਲਿਆ ਹੈ। ਇਹਨਾਂ ਦੇ ਬਹੁਤ ਸਾਰੇ ਹਾਂ ਪੱਖੀ ਗੁਣਾਂ ਨੂੰ ਆਪਣੇ ਅੰਦਰ ਸਮੋਇਆ ਵੀ ਹੈ। ਜੇ ਅੱਜ ਮਨੁੱਖੀ ਸਰੀਰ ਵਿਚ ਗਰਮੀ, ਹਰਕਤ, ਆਵਾਜ਼, ਬਿਜਲੀ ਆਦਿ ਹਨ। ਇਹ ਸਾਰਾ ਕੁੱਝ ਇਹਨਾਂ ਰਸਾਇਣਿਕ ਪਦਾਰਥਾਂ ਦੀ ਹੀ ਦੇਣ ਹਨ। ਕੀ ਇਸ ਸੰਘਰਸ਼ ਦੌਰਾਨ ਉਸ ਨੂੰ ਸਭ ਕੁੱਝ ਹਾਂ ਪੱਖੀ ਹੀ ਪ੍ਰਾਪਤ ਹੁੰਦਾ ਹੈ? ਨਹੀਂ, ਇਹ ਗੱਲ ਨਹੀਂ, ਬਹੁਤ ਸਾਰੇ ਅਜਿਹੇ ਪਦਾਰਥ ਵੀ ਸਰੀਰ ਵਿਚ ਦਾਖ਼ਲ ਹੋ ਜਾਂਦੇ ਹਨ, ਜਿਹੜੇ ਸਰੀਰ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਅਧਿਆਇ ਦਾ ਮੁੱਖ ਮਕਸਦ ਲੋਕਾਂ ਵਿਚ ਅਜਿਹੀ ਸੋਚ ਨੂੰ ਪੈਦਾ ਕਰਨਾ ਹੈ, ਜਿਹੜੀ ਸਰੀਰਕ ਬਿਮਾਰੀਆਂ ਨੂੰ ਕੀ, ਕਿਉਂ, ਕਿਵੇਂ ਦੀ ਵਿਗਿਆਨਕ ਕਸੌਟੀ ‘ਤੇ ਪਰਖ ਕੇ ਸਰੀਰ ਲਈ ਢੁੱਕਵੀਂਆਂ ਇਲਾਜ ਪ੍ਰਣਾਲੀਆਂ ਨੂੰ ਹੀ ਤਰਜੀਹ ਦੇਵੇ। ਜ਼ਿੰਦਗੀ ਜਿਉਣ ਦੇ ਦੋ ਢੰਗਾਂ ਨਾਲ। ਇਕ ਢੰਗ ਹੈ, ਜ਼ਿੰਦਗੀ ਨੂੰ ਵਿਗਿਆਨਕ ਢੰਗ ਨਾਲ ਸਵੈ-ਵਿਸ਼ਵਾਸ ਰਾਹੀਂ ਸੰਘਰਸ਼ ਕਰਦੇ ਹੋਏ ਹੱਸਦੇ-ਹੱਸਦੇ ਜਿਉਣਾ। ਦੂਜਾ ਢੰਗ ਹੈ, ਗ਼ੈਰ-ਵਿਗਿਆਨਕ ਢੰਗ ਨਾਲ ਰੋਂਦੇ ਹੋਏ ਡਰਪੋਕਪੁਣੇ ਵਿਚ ਦਿਨ ਕੱਟੀ ਕਰਨਾ। ਤੁਸੀਂ ਕਿਸ ਢੰਗ ਨਾਲ ਜ਼ਿੰਦਗੀ ਬਤੀਤ ਕਰਦੇ ਹੋ। ਇਹ ਤੁਹਾਡੇ ਉਪਰ ਨਿਰਭਰ ਕਰਦਾ ਹੈ।
ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਦੋ ਢੰਗਾਂ ਨਾਲ ਬਣੀਆਂ ਵਸਤੂਆਂ ਵੇਖਦੇ ਹਾਂ। ਮੌਜੂਦਾ ਸਮੇਂ ਦੀ ਮਾਰੂਤੀ ਕਾਰ ਨੂੰ ਹੀ ਲੈ ਲਓ। ਵਿਗਿਆਨੀਆਂ ਦੀ ਸੈਂਕੜੇ ਸਾਲਾਂ ਦੀ ਮਿਹਨਤ ਨਾਲ ਇਸ ਦਾ ਹਰ ਮਾਡਲ ਪਹਿਲਾਂ ਨਾਲੋਂ ਵਧੀਆ ਰੂਪ ਵਿਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜੇ ਇਸ ਕਾਰ ਦੇ ਨਿਰਮਾਤਾ ਇਹ ਦਾਅਵਾ ਕਰਦੇ ਹਨ ਕਿ ਉਹ ਕਾਰ ਇਕ ਲੀਟਰ ਪੈਟਰੋਲ ਵਿਚ 22 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਤਾਂ ਇਸ ਕੰਪਨੀ ਦੀ ਬਣੀ ਹਰ ਇਸ ਕਿਸਮ ਦੀ ਕਾਰ ਲਗਭਗ ਐਨੀ ਹੀ ਦੂਰੀ ਤੈਅ ਕਰਦੀ ਹੈ। ਜੇ ਇਸ ਦੇ ਨਿਰਮਾਤਾ ਕਹਿੰਦੇ ਹਨ ਕਿ ਇਸ ਦਾ ਇੰਜਣ ਬਗ਼ੈਰ ਖੁੱਲ੍ਹੇ ਤੋਂ ਇਕ ਲੱਖ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰੇਗਾ ਤਾਂ ਇਹ ਵੀ ਲਗਭਗ ਇੰਝ ਹੀ ਹੁੰਦਾ ਹੈ ਕਿਉਂਕਿ ਇਸ ਨੂੰ ਵਿਗਿਆਨਕ ਢੰਗ ਨਾਲ ਬਣਾਇਆ ਗਿਆ ਹੈ।
ਇਸ ਤਰ੍ਹਾਂ ਛੱਤ ਉਪਰ ਲਟਕ ਰਹੇ ਬਿਜਲੀ ਦੇ ਪੱਖਿਆਂ ਨੂੰ ਹੀ ਲੈ ਲਵੋ। ਮੇਰੇ ਘਰ ਵਿਚ ਤੀਹ ਸਾਲ ਪੁਰਾਣੇ ਪੱਖੇ ਅੱਜ ਤਕ ਕੰਮ ਦੇ ਰਹੇ ਹਨ। ਇਸ ਦਾ ਕਾਰਨ ਵੀ ਏਹੀ ਹੈ ਕਿ ਇਸ ਨੂੰ ਵਿਗਿਆਨਕ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਅਸੀਂ ਅੱਜ-ਕੱਲ੍ਹ ਦੀ ਅੰਗਰੇਜ਼ੀ ਦਵਾਈ ਪ੍ਰਣਾਲੀ ‘ਤੇ ਨਜ਼ਰ ਮਾਰ ਸਕਦੇ ਹਾਂ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ, ਜਿਹੜੇ ਟੀ.ਬੀ. ਦੇ ਵਿਸ਼ਾਣੂ ਦੀ ਜਕੜ ਵਿਚ ਆ ਕੇ ਬਿਮਾਰ ਹੋ ਗਏ ਸਨ। ਪਰ ਮੌਜੂਦਾ ਐਲੋਪੈਥਿਕ ਪ੍ਰਣਾਲੀ ਨੇ ਉਹਨਾਂ ਵਿਚੋਂ ਇਸ ਬਿਮਾਰੀ ਨੂੰ ਸਦਾ ਲਈ ਅਲੋਪ ਕਰ ਦਿੱਤਾ ਹੈ। ਅੱਜ ਤੋਂ ਸੱਠ ਕੁ ਸਾਲ ਪਹਿਲਾਂ ਦੇ ਬਹੁਤ ਸਾਰੇ ਵਿਅਕਤੀ ਤੁਹਾਨੂੰ ਅਜਿਹੇ ਮਿਲ ਜਾਣਗੇ, ਜਿਨ੍ਹਾਂ ਦੇ ਚਿਹਰਿਆਂ ਉਪਰ ਮਾਤਾ (ਚੇਚਕ) ਦੇ ਦਾਗ ਹੋਣਗੇ, ਪਰ ਉਸ ਤੋਂ ਬਾਅਦ ਉਮਰ ਦਾ ਕੋਈ ਵੀ ਵਿਅਕਤੀ ਤੁਹਾਨੂੰ ਇਸ ਕਿਸਮ ਦੇ ਦਾਗ਼ਾਂ ਵਾਲਾ ਨਹੀਂ ਮਿਲੇਗਾ ਕਿਉਂਕਿ ਭਾਰਤ ਵਿਚ ਇਸ ਬਿਮਾਰੀ ਦਾ ਇਲਾਜ ਹੀ ਇਸ ਦੀ ਖੋਜ ਤੋਂ ਲਗਭਗ 150 ਸਾਲ ਬਾਅਦ ਹੀ ਆਮ ਲੋਕਾਂ ਤਕ ਪਹੁੰਚ ਸਕਿਆ ਹੈ। ਕਹਿੰਦੇ ਹਨ ਕਿ ਚੇਚਕ ਦੇ ਟੀਕੇ ਦੇ ਖੋਜੀ ਐਡਵਰਡ ਜੈਨਰ ਨੇ ਗਵਾਲਿਨਾ ਨੂੰ ਇਹ ਕਹਿੰਦੇ ਸੁਣਿਆ ਸੀ, ”ਤੈਨੂੰ ਚੇਚਕ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਤੈਨੂੰ ਤਾਂ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਹੈ।” ਬੱਸ, ਇਹ ਸੁਣਦੇ ਹੀ ਜੈਨਰ ਕਿਸੇ ਅਜਿਹੇ ਟੀਕੇ ਦੀ ਖੋਜ ਵਿਚ ਜੁਟ ਗਿਆ, ਜੋ ਸਭ ਨੂੰ ਪਹਿਲਾਂ ਹੀ ਛੋਟੀ ਮਾਤਾ ਨਾਲ ਬਿਮਾਰ ਕਰ ਦੇਵੇ। ਅਖ਼ੀਰ ਉਸ ਨੇ ਇਕ ਮਰੀਜ਼ ਦੇ ਦਾਣਿਆਂ ਵਿਚੋਂ ਪਾਣੀ ਲਿਆ, ਜਿਸ ਦੇ ਪਹਿਲਾਂ ਹੀ ਛੋਟੀ ਮਾਤਾ ਨਿਕਲੀ ਹੋਈ ਸੀ ਅਤੇ ਇਸ ਨੂੰ ਇੱਕ ਅੱਠ ਸਾਲਾ ਬਾਲਕ ਜੇਮਜ਼ ਫ਼ਿਲਿਪਸ ਦੇ ਸਰੀਰ ‘ਤੇ ਜ਼ਖ਼ਮ ਕਰਕੇ ਛਿੜਕ ਦਿੱਤਾ। ਬੱਸ ਫਿਰ ਕੀ ਸੀ, ਉਸ ਬਾਲਕ ਦੇ ਵੀ ਛੋਟੀ ਮਾਤਾ ਨਿਕਲ ਆਈ ਤੇ ਇਹ ਵੱਡੀ ਮਾਤਾ ਦੇ ਪ੍ਰਕੋਪ ਤੋਂ ਬਚ ਗਿਆ। ਇਸ ਤਰ੍ਹਾਂ 1876 ਵਿਚ ਇਸ ਚੇਚਕ ਵਿਰੋਧੀ ਟੀਕੇ ਦੀ ਖੋਜ ਹੋ ਗਈ। ਅੱਜ ਇਸ ਟੀਕੇ ਨੇ ਧਰਤੀ ਤੋਂ ਵੱਡੀ ਮਾਤਾ ਜਾਣੀ ਚੇਚਕ ਦਾ ਨਾਮ-ਨਿਸ਼ਾਨ ਹੀ ਮਿਟਾ ਦਿੱਤਾ ਹੈ।
ਅਜਿਹੀਆਂ ਸੈਂਕੜੇ ਹੀ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਹੜੀਆਂ ਐਲੋਪੈਥਿਕ ਪ੍ਰਣਾਲੀ ਦੇ ਪ੍ਰਯੋਗ ਨਾਲ ਧਰਤੀ ਤੋਂ ਅਲੋਪ ਹੋ ਗਈਆਂ ਹਨ। ਇਸ ਪ੍ਰਣਾਲੀ ਦੀਆਂ ਬਹੁਤ ਸਾਰੀਆਂ ਖ਼ੂਬੀਆਂ ਹਨ ਕਿਉਂਕਿ ਇਸ ਦੀ ਕੋਈ ਵੀ ਦਵਾਈ ਪ੍ਰਮਾਣਤ ਕਰਨ ਤੋਂ ਪਹਿਲਾਂ ਇਸ ਦੀ ਪਰਖ ਜਾਨਵਰਾਂ ‘ਤੇ ਕੀਤੀ ਜਾਂਦੀ ਹੈ।
ਪਹਿਲਾਂ ਇਸ ਦੀ ਰਸਾਇਣਕ ਪ੍ਰਕਿਰਿਆ ਦੀ ਜਾਂਚ ਹੁੰਦੀ ਹੈ, ਮਤਲਬ ਕਿਸੇ ਵੀ ਰੋਗ ਨੂੰ ਪੈਦਾ ਕਰਨ ਲਈ ਕਿਸ ਕਿਸਮ ਦਾ ਵਾਇਰਸ ਜ਼ੁੰਮੇਵਾਰ ਹੈ, ਇਸ ਵਾਇਰਸ ਨੂੰ ਨਸ਼ਟ ਕਰਨ ਲਈ ਕਿਹੜਾ ਰਸਾਇਣਕ ਪਦਾਰਥ ਜਾਂ ਵਾਇਰਸ ਵਰਤੋਂ ਵਿਚ ਲਿਆਂਦਾ ਜਾਵੇ। ਇਸ ਸਫਲਤਾ ਤੋਂ ਬਾਅਦ ਹੀ ਦਵਾਈ ਦੀ ਪਰਖ ਪਹਿਲਾਂ ਜਾਨਵਰਾਂ ‘ਤੇ, ਫਿਰ ਬਾਂਦਰਾਂ ‘ਤੇ ਕੀਤੀ ਜਾਂਦੀ ਹੈ। ਸਿੱਟੇ ਤੇ ਚਿੰਨ੍ਹ ਨੋਟ ਕੀਤੇ ਜਾਂਦੇ ਹਨ। ਜੇ ਸਿੱਟੇ ਉਤਸ਼ਾਹਜਨਕ ਹੋਣ ਤਾਂ ਉਸ ਤੋਂ ਬਾਅਦ ਮਨੁੱਖ ਅਤੇ ਮਨੁੱਖ ਦੇ ਗਰੁੱਪਾਂ ‘ਤੇ ਪਰਖ ਹੁੰਦੀ ਹੈ। ਇਸ ਤੋਂ ਬਾਅਦ ਹੀ ਦਵਾਈ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।
ਕਿਸੇ ਮਰੀਜ਼ ਨੂੰ ਬਾਕਾਇਦਾ ਦਵਾਈ ਸ਼ੁਰੂ ਕਰਨ ਤੋਂ ਪਹਿਲਾਂ ਉਸ ਦੀ ਬਿਮਾਰੀ ਦੀ ਲੈਬਾਰਟਰੀ ਜਾਂਚ ਕੀਤੀ ਜਾਂਦੀ ਹੈ। ਇਹ ਢੰਗ ਪੂਰੀ ਤਰ੍ਹਾਂ ਵਿਗਿਆਨਕ ਹੁੰਦਾ ਹੈ। ਮੰਨ ਲਉ ਮੈਨੂੰ ਸ਼ੂਗਰ ਦੀ ਬਿਮਾਰੀ ਹੈ। ਜੇ ਮੇਰਾ ਖ਼ੂਨ ਸੱਤ ਲੈਬਾਰਟਰੀਆਂ ਨੂੰ ਟੈਸਟ ਕਰਨ ਲਈ ਭੇਜਿਆ ਜਾਵੇਗਾ ਤਾਂ ਉਹਨਾਂ ਸੱਤ ਲੈਬਾਰਟਰੀਆਂ ਦੀ ਰਿਪੋਰਟ ਲਗਭਗ ਇਕੋ ਹੀ ਹੋਵੇਗੀ। ਇਸ ਤਰ੍ਹਾਂ ਹੀ ਵੱਖ-ਵੱਖ ਬਿਮਾਰੀਆਂ ਵਿਚ ਹੁੰਦਾ ਹੈ। ਸੋ, ਬਿਮਾਰੀ ਦੀ ਹਾਲਤ ਵਿਚ ਸਭ ਤੋਂ ਵਿਗਿਆਨਕ ਢੰਗ ਇਹ ਹੀ ਹੈ ਕਿ ਬਿਮਾਰੀ ਦਾ ਪੱਕਾ ਪਤਾ ਲਾਉਣ ਲਈ ਲੋੜੀਂਦੇ ਟੈਸਟ ਜ਼ਰੂਰ ਕਰਵਾਏ ਜਾਣ। ਅੱਜ-ਕੱਲ੍ਹ ਬਹੁਤ ਸਾਰੇ ਐਲੋਪੈਥੀ ਦੇ ਡਾਕਟਰ ਮਰੀਜ਼ਾਂ ਦੀ ਟੈਸਟਾਂ ਰਾਹੀਂ ਹੀ ਲੁੱਟ-ਖਸੁੱਟ ਕਰਨ ਲੱਗ ਪਏ ਹਨ। ਜੇ ਅੱਖਾਂ ਖੋਲ੍ਹ ਕੇ ਟੈਸਟ ਕਰਵਾਏ ਜਾਣ ਤਾਂ ਇਸ ਲੁੱਟ-ਖਸੁੱਟ ਤੋਂ ਵੀ ਬਚਿਆ ਜਾ ਸਕਦਾ ਹੈ। ਅਜਿਹੇ ਡਾਕਟਰਾਂ ਕੋਲ ਕਦੇ ਨਹੀਂ ਜਾਣਾ ਚਾਹੀਦਾ, ਜਿਹੜੇ ਬਿਮਾਰੀ ਨੂੰ ਬੁੱਝਣ ਲਈ ਟੈਸਟਾਂ ਦੀ ਵਰਤੋਂ ਹੀ ਨਹੀਂ ਕਰਦੇ।
ਆਓ ਵੇਖੀਏ ਕਿ ਬਿਮਾਰੀ ਦੀ ਹਾਲਤ ਵਿਚ ਬਹੁਤ ਸਾਰੇ ਲੋਕ ਗ਼ੈਰ-ਵਿਗਿਆਨਕ ਢੰਗ ਅਪਣਾ ਕੇ ਕਿਵੇਂ ਆਪਣੀ ਬਿਮਾਰੀ ਨੂੰ ਲਾਇਲਾਜ ਬਣਾ ਲੈਂਦੇ ਹਨ।
ਬਹੁਤ ਸਾਰੇ ਵਿਅਕਤੀ ਇਹ ਜਾਣਦੇ ਹਨ ਕਿ ਸ਼ੂਗਰ ਦੀ ਬਿਮਾਰੀ ਇਸ ਲਈ ਪੈਦਾ ਹੋ ਜਾਂਦੀ ਹੈ ਕਿ ਸਾਡੇ ਸਰੀਰ ਦਾ ਇਕ ਅੰਗ ਪੈਂਕਰੀਆ ਇੰਸੂਲੀਨ ਪੈਦਾ ਕਰਨੀ ਘਟਾ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਜੇ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਵੇ ਕਿ ਸੰਸਾਰ ਵਿਚ ਅਜਿਹੀ ਕੋਈ ਖੋਜ ਨਹੀਂ ਹੋਈ, ਜੋ ਪੈਂਕਰੀਆ ਦੇ ਕੰਮ ਢੰਗ ਨੂੰ ਸੁਧਾਰ ਸਕੇ ਤਾਂ ਅਜਿਹੇ ਲੋਕ ਬਾਹਰੋਂ ਇੰਸੂਲੀਨ ਲੈਣ ਦੀ ਆਦਤ ਸਹਿਜੇ ਹੀ ਅਪਣਾ ਲੈਣਗੇ, ਪਰ ਇਸ ਜਾਣਕਾਰੀ ਦੇ ਹੀਣੇ ਲੋਕੀਂ ਸ਼ੂਗਰ ਦੇ ਇਲਾਜ ਲਈ ਸਾਧਾਂ-ਸੰਤਾਂ ਤੇ ਨੀਮਾਂ-ਹਕੀਮਾਂ ਦੇ ਦੁਆਲੇ ਚੱਕਰ ਕੱਟਣੇ ਸ਼ੁਰੂ ਕਰ ਦੇਣਗੇ। ਸਿੱਟੇ ਵਜੋਂ ਇੰਸੂਲੀਨ ਦੀ ਘਾਟ ਸਰੀਰ ਵਿਚ ਬਿਮਾਰੀ ਦੀ ਦਸ਼ਾ ਹੋਰ ਵਿਗਾੜ ਦੇਵੇਗੀ।
ਬੁੱਧੀਮਾਨ ਵਿਅਕਤੀ ਜਾਣਦੇ ਹਨ ਕਿ ਮਾਂ ਦੇ ਪੇਟ ਵਿਚਲੇ ਬੱਚੇ ਦੇ ਸੈਕਸ ਦਾ ਫ਼ੈਸਲਾ ਗਰਭਧਾਰਨ ਕਰਨ ਦੇ ਪਹਿਲੇ ਦਿਨ ਹੀ ਹੋ ਜਾਂਦਾ ਹੈ। ਇਸਤਰੀ ਵਿਚ ਤਾਂ ਕਰੋਮੋਸੋਮ 23 ਜੋੜੇ ਸਾਰੇ ਹੀ XX ਕਰੋਮੋਸੋਮ ਹੁੰਦੇ ਹਨ, ਪਰ ਮਰਦਾਂ ਵਿਚ 23ਵਾਂ ਜੋੜਾ XY ਕਰੋਮੋਸੋਮ ਹੁੰਦਾ ਹੈ। ਜੇਕਰ ਮਰਦ ਦੇ 23ਵੇਂ ਜੋੜੇ ਦਾ X ਭਾਗ ਇਸਤਰੀ ਦੇ ਕਰੋਮੋਸੋਮ ਨਾਲ ਜੁੜਦਾ ਹੈ ਤਾਂ ਲੜਕੀ ਪੈਦਾ ਹੁੰਦੀ ਹੈ, ਪਰ ਜੇ ਮਰਦ ਦੇ ਤੇਈਵੇਂ ਜੋੜੇ ਦਾ Y ਭਾਗ ਇਸਤਰੀ ਦੇ ਤੇਈਵੇਂ ਜੋੜੇ X ਨਾਲ ਜੁੜਦਾ ਹੈ ਤਾਂ ਪੈਦਾ ਹੋਣ ਵਾਲਾ ਬੱਚਾ ਲੜਕਾ ਹੋਵੇਗਾ। ਮਰਦ-ਇਸਤਰੀ ਕਰੋਮੋਸੋਮ ਦਾ ਮੇਲ ਤਾਂ ਸੰਭੋਗ ਦੇ 48 ਘੰਟੇ ਦੇ ਅੰਦਰ-ਅੰਦਰ ਹੋ ਜਾਂਦਾ ਹੈ। ਹੁਣ ਇਸ ਤੋਂ ਬਾਅਦ ਸਾਧਾਂ-ਸੰਤਾਂ ਦੀ ਰਾਖ ਜਾਂ ਪਾਣੀ ਅਤੇ ਵੈਦ-ਹਕੀਮਾਂ ਦੀਆਂ ਲਈਆਂ ਪੁੜੀਆਂ ਕੀ ਕੋਈ ਅਸਰ ਕਰ ਸਕਣਗੀਆਂ?
ਮੈਂ ਬਹੁਤ ਸਾਰੇ ਵਿਅਕਤੀਆਂ ਨੂੰ, ਜਿਨ੍ਹਾਂ ਵਿਚ ਬਰਨਾਲਾ ਦਾ ਇਕ ਅਖੌਤੀ ਤਰਕਸ਼ੀਲ ਇਹ ਕਹਿੰਦੇ ਸੁਣਿਆ ਹੈ ਕਿ ਉਹਨਾਂ ਦੇ ਘਰ ਜੋ ਇਕੋ-ਇਕ ਬੇਟੀ ਪੈਦਾ ਹੋਈ ਹੈ, ਉਹ ਕਾਲੇਕੇ ਵਾਲੇ ਸਾਧ ਦੀ ਕਿਰਪਾ ਨਾਲ ਹੋਈ ਹੈ। ਹੁਣ ਇਸ ਭੜੂਏ ਨੂੰ ਕੋਈ ਪੁੱਛੇ ਕਿ ਸਾਧ ਨੇ ਉਸ ਦੇ ਕਰੋਮੋਸੋਮ ਨੂੰ ਉਸ ਦੀ ਪਤਨੀ ਦੇ ਬੱਚੇਦਾਨੀ ਅੰਦਰ ਅੰਡੇ ਤਕ ਪੁੱਜਦਾ ਕਰਨ ਲਈ ਰਾਹ ਕਿਵੇਂ ਪੱਧਰਾ ਕੀਤਾ? ਮੈਂ ਹਜ਼ਾਰਾਂ ਅਜਿਹੇ ਵਿਅਕਤੀ ਵੇੇਖੇ ਹਨ, ਜਿਹੜੇ ਬਿਮਾਰੀਆਂ ਤੋਂ ਬਚਣ ਲਈ ਧਾਗੇ, ਤਵੀਤ ਕਰਵਾਉਂਦੇ ਰਹਿੰਦੇ ਹਨ, ਪਰ ਉਹਨਾਂ ਨੂੰ ਹੋਣ ਵਾਲੀ ਬਿਮਾਰੀ ਨੂੰ ਇਹ ਧਾਗੇ-ਤਵੀਤ ਕਿਵੇਂ ਰੋਕਦੇ ਹਨ। ਇਸ ਦਾ ਕਦੇ ਵੀ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ।
ਲੋਕਾਂ ਦੀ ਇਸ ਪਿੱਛਲੱਗੂ ਸੋਚ ਦਾ ਫ਼ਾਇਦਾ ਹੀ ਸਾਧ-ਸੰਤ ਤੇ ਨੀਮ-ਹਕੀਮ ਉਠਾਉਂਦੇ ਹਨ। ਜਦੋਂ ਕੋਈ ਵਿਅਕਤੀ ਇਹਨਾਂ ਦੇ ਚੁੰਗਲ ਵਿਚ ਫਸ ਜਾਂਦਾ ਹੈ ਤਾਂ ਇਹ ਉਸ ਨੂੰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਰੀ ਤਰ੍ਹਾਂ ਡਰਾ ਦਿੰਦੇ ਹਨ। ਡਰੇ ਹੋਏ ਵਿਅਕਤੀ ਨੂੰ ਦੋਵੇਂ ਹੱਥੀਂ ਲੁੱਟਣਾ ਸੁਖਾਲਾ ਹੁੰਦਾ ਹੈ।
ਕੁੱਝ ਦਿਨ ਪਹਿਲਾਂ ਪੰਜਾਬੀ ਅਖ਼ਬਾਰਾਂ ਵਿਚ ਇਹ ਖ਼ਬਰ ਵੀ ਪ੍ਰਕਾਸ਼ਤ ਹੋਈ ਕਿ ਗੁਜਰਾਤੀ ਵਿਗਿਆਨੀ ਹੱਡੀਆਂ ਦੇ ਕੈਂਸਰ ਦਾ ਮਰੀਜ਼ ਸੀ। ਉਸ ਨੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਸੁਣੀ ਤਾਂ ਉਸ ਦਾ ਹੱਡੀਆਂ ਦਾ ਕੈਂਸਰ ਸਦਾ ਲਈ ਠੀਕ ਹੋ ਗਿਆ। ਭਾਵੇਂ ਸਾਰੀ ਪੜਤਾਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਪੱਤਰਕਾਰ ਇਸੇ ਕੈਂਸਰ ਨਾਲ ਮੌਤ 2006 ਵਿੱਚ ਹੋ ਗਈ ਸੀ। ਜੇ ਇਸ ਕਿਸਮ ਦੇ ਗੰਭੀਰ ਰੋਗ ਇਸ ਤਰ੍ਹਾਂ ਹੀ ਠੀਕ ਹੋ ਜਾਂਦੇ ਹਨ ਤਾਂ ਸਿੱਖਾਂ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਰਨਤਾਰਨ ਵਿਖੇ ਕੋਹੜ ਦੇ ਇਲਾਜ ਦਾ ਦਵਾਖਾਨਾ ਖੋਲ੍ਹਣ ਦੀ ਕੀ ਲੋੜ ਸੀ? ਬਿਮਾਰੀਆਂ ਤਾਂ ਪਸ਼ੂਆਂ ਅਤੇ ਫ਼ਸਲਾਂ ਨੂੰ ਵੀ ਲੱਗ ਜਾਂਦੀਆਂ ਹਨ, ਫਿਰ ਤਾਂ ਇਹ ਵੀ ਇਸ ਢੰਗ ਨਾਲ ਠੀਕ ਕੀਤੀਆਂ ਜਾ ਸਕਦੀਆਂ ਹੋਣਗੀਆਂ? ਅਸਲ ਵਿਚ ਇਹ ਵਿਅਕਤੀ ਇਸ ਢੰਗ ਨਾਲ ਠੀਕ ਨਹੀਂ ਹੋਇਆ ਹੋਣਾ, ਭਰਪੂਰ ਅੰਗਰੇਜ਼ੀ ਦਵਾਈਆਂ ਦਾ ਪੂਰਾ ਇਲਾਜ ਕਰਵਾ ਕੇ ਠੀਕ ਹੋਇਆ ਹੋਵੇਗਾ। ਪਰ ਕੁੱਝ ਹੋਰ ਲੋਕਾਂ ਦੀਆਂ ਇਲਾਜ ਵਿਧੀਆਂ ਵਿਚਕਾਰੋਂ ਛੁਡਵਾ ਕੇ ਉਹਨਾਂ ਨੂੰ ਇਸ ਦੀ ਮੌਤ ਦੇ ਨੇੜੇ ਜ਼ਰੂਰ ਕਰ ਦਿੱਤਾ ਹੋਵੇਗਾ। ਭਾਵੇਂ ਅਜਿਹੇ ਵਿਅਕਤੀ ਨੈਤਿਕ ਪੱਖੋਂ ਸਜ਼ਾ ਦੇ ਹੱਕਦਾਰ ਹੁੰਦੇ ਹਨ, ਪਰ ਇਥੋਂ ਦੀਆਂ ਸਰਕਾਰਾਂ ਤਾਂ ਅੰਧਵਿਸ਼ਵਾਸਾਂ ਨੂੰ ਵਧਾਉਣ ਲਈ ਅਜਿਹੇ ਮੌਕਿਆਂ ਦੀ ਭਾਲ ਵਿਚ ਹੀ ਰਹਿੰਦੀਆਂ ਹਨ।
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਸ੍ਰੀ ਪ੍ਰਮੋਦ ਮਹਾਜਨ ਨੂੰ ਉਸ ਦੇ ਛੋਟੇ ਭਰਾ ਪ੍ਰਦੀਪ ਮਹਾਜਨ ਨੇ ਜਾਇਦਾਦ ਦੇ ਝਗੜੇ ਕਾਰਨ ਗੋਲੀਆਂ ਮਾਰ ਦਿੱਤੀਆਂ ਸਨ। ਇਕ ਪਾਸੇ ਤਾਂ ਸਭ ਤੋਂ ਵਧੀਆ ਡਾਕਟਰ ਜ਼ੋਰ ਲਾ ਰਹੇ ਸਨ, ਦੂਜੇ ਪਾਸੇ ਸਭ ਤੋਂ ਯੋਗ ਮੰਨੇ ਜਾਂਦੇ ਪੁਜਾਰੀ ਉਹਨਾਂ ਦੀ ਜਾਨ ਨੂੰ ਬਚਾਉਣ ਲਈ ਯੱਗਾਂ, ਹਵਨਾਂ ਰਾਹੀਂ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਸਨ। ਡਾਕਟਰਾਂ ਦੀ ਮਿਹਰਬਾਨੀ ਸਦਕਾ ਜੇ ਮਹਾਜਨ ਬਚ ਜਾਂਦਾ ਤਾਂ ਇਸ ਦਾ ਸਾਰਾ ਸਿਹਰਾ ਇਥੋਂ ਦੇ ਅਧਿਆਤਮਵਾਦੀਆਂ ਨੂੰ ਦੇ ਦਿੱਤਾ ਜਾਣਾ ਸੀ। ਸੁਆਦ ਤਾਂ ਫਿਰ ਆਉਂਦਾ ਜੇ ਅਜਿਹੇ ਮੌਕੇ ਯੱਗਾਂ-ਹਵਨਾਂ ਦੀ ਸੱਚੀ ਸ਼ਕਤੀ ਦੀ ਪਰਖ ਹੀ ਕਰ ਲਈ ਜਾਂਦੀ।
ਬਹੁਤ ਸਾਰੇ ਵਿਗਿਆਨੀ ਅਜਿਹੇ ਵੀ ਹੁੰਦੇ ਹਨ, ਜਿਹੜੇ ਦਾਅਵਾ ਤਾਂ ਵਿਗਿਆਨਕ, ਤਰਕਸ਼ੀਲ ਜਾਂ ਨਾਸਤਿਕ ਹੋਣ ਦਾ ਕਰਦੇ ਹਨ, ਪਰ ਅਸਲ ਵਿਚ ਸਮੱਸਿਆ ਆਉਣ ‘ਤੇ ਆਪਣੇ ਰਸਤੇ ਤੋਂ ਥਿੜ੍ਹਕ ਜਾਂਦੇ ਹਨ। ਮੈਂ ਕਈ ਅਜਿਹੇ ਵਿਗਿਆਨੀਆਂ ਬਾਰੇ ਵੀ ਜਾਣਕਾਰੀ ਰੱਖਦਾ ਹਾਂ, ਜਿਨ੍ਹਾਂ ਨੇ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ, ਪਰ ਉਹ ਹੁਡਨੀ ਦੀਆਂ ਜਾਦੂ ਦੀਆਂ ਸ਼ਕਤੀਆਂ ਤੋਂ ਪ੍ਰਭਾਵਤ ਹੋ ਕੇ ਉਸ ਦੇ ਜਾਦੂ ਨੂੰ ਹਕੀਕੀ ਸਮਝਦੇ ਰਹੇ ਹਨ ਅਤੇ ਉਨ੍ਹਾਂ ਵਿਚ ਕਰਾਮਾਤੀ ਸ਼ਕਤੀਆਂ ਹੋਣ ਦੇ ਦਾਅਵੇ ਵੀ ਕੀਤੇ ਹਨ। ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਵਿਅਕਤੀ ਹਰ ਕਿਸਮ ਦੀ ਜਾਣਕਾਰੀ ਦਾ ਮਾਹਰ ਨਹੀਂ ਬਣ ਸਕਦਾ। ਕਿਸੇ ਨਾ ਕਿਸੇ ਖੇਤਰ ਵਿਚ ਉਹ ਊਣਾ ਹੋ ਜਾਂਦਾ ਹੈ। ਜੇ ਉਸ ਦੀ ਸੋਚ ਵਿਗਿਆਨਕ ਨਹੀਂ ਤਾਂ ਉਸ ਖੇਤਰ ਵਿਚ ਉਸ ਦਾ ਵਤੀਰਾ ਪਿੱਛਲੱਗੂਆਂ ਵਾਲਾ ਹੋ ਨਿਬੜਦਾ ਹੈ। ਉਂਝ ਤਾਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਹੀ ਵਿਗਿਆਨਕ ਸੋਚ ਅਪਣਾਉਣੀ ਚਾਹੀਦੀ ਹੈ, ਪਰ ਬਿਮਾਰੀ ਦੀ ਹਾਲਤ ਵਿਚ ਤਾਂ ਇਹ ਹੋਰ ਵੀ ਵੱਧ ਜ਼ਰੂਰੀ ਬਣ ਜਾਂਦੀ ਹੈ, ਕਿਉਂਕਿ ਇਥੇ ਤਾਂ ਸਵਾਲ ਹੀ ਹੋਂਦ ਦਾ ਹੁੰਦਾ ਹੈ। ਸੋ ਜ਼ਿੰਦਗੀ ਦੀ ਹਰ ਘਟਨਾ ਨੂੰ ਕੀ, ਕਿਉਂ ਤੇ ਕਿਵੇਂ ਦੀ ਕਸੌਟੀ ‘ਤੇ ਪਰਖਣ ਦੀ ਆਦਤ ਜ਼ਰੂਰ ਪਾ ਹੀ ਲੈਣੀ ਚਾਹੀਦੀ ਹੈ। ਸੋ, ਕਿਵੇਂ ਅਸੀਂ ਲੀਰਾਂ ਦੀ ਖਿੱਦੋ ਨੂੰ ਉਧੇੜਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਵਿਚੋਂ ਪਰਤ ਦਰ ਪਰਤਾਂ ਖੁੱਲ੍ਹਦੀਆਂ ਜਾਂਦੀਆਂ ਹਨ ਤਾਂ ਇਸ ਤਰ੍ਹਾਂ ਜ਼ਿੰਦਗੀ ਵਿਚ ਵਾਪਰਣ ਵਾਲੀ ਹਰ ਘਟਨਾ ਦੀ ਜਾਂਚ-ਪੜਤਾਲ ਕਰਨ ਦੀ ਆਦਤ ਪਾ ਹੀ ਲੈਣੀ ਚਾਹੀਦੀ ਹੈ। ਸਾਡੇ ਆਲੇ-ਦੁਆਲੇ ਦਾ ਸੰਚਾਰ ਪੂਰੀ ਤਰ੍ਹਾਂ ਜਾਣਨਯੋਗ ਹੈ। ਕਰੋੜਾਂ ਵਿਅਕਤੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਇਹ ਜਾਣਨਯੋਗ ਹੋਇਆ ਹੈ।
ਅਜਿਹੇ ਮੌਕੇ ਪਿਛੇ ਲੱਗ ਕੇ ਜ਼ਿੰਦਗੀ ਨੂੰ ਨਰਕ ਬਣਾ ਲੈਣਾ ਸਿਆਣਪ ਨਹੀਂ। ਆਓ। ਵਿਗਿਆਨਕ ਸੋਚ ਦੀ ਇਕ ਚਿਣਗ ਨਾਲ ਦੁਨਿਆਵੀ ਸਮੁੰਦਰ ਵਿਚ ਚਾਨਣ ਦੀਆਂ ਕੁੱਝ ਬੂੰਦਾਂ ਲੱਭੀਏ ਤੇ ਧਰਤ ਦੇ ਵਿਸ਼ਾਲ ਜਨਸਮੂਹਾਂ ਵਿਚ ਇਹਨਾਂ ਦੀਆਂ ਰਿਸ਼ਮਾਂ ਵਿਖੇਰੀਏ ਅਤੇ ਆਪਣੇ ਉਪਰ ਪਿਛਲੀਆਂ ਪੀੜ੍ਹੀਆਂ ਦੇ ਚੜ੍ਹੇ ਕਰਜ਼ ਨੂੰ ਉਤਾਰੀਏ।

ਸਾਧਵੀ ਬਣਨ ਦੀ ਜਿੱਦ ‘ਤੇ ਅੜੀ ਲੜਕੀ

-ਮੇਘ ਰਾਜ ਮਿੱਤਰ, 98887 87440
s1ਮਈ 2016 ਦੇ ਆਖ਼ਰੀ ਹਫ਼ਤੇ ਦੀ ਗੱਲ ਹੈ, ਇੱਕ ਪਰਿਵਾਰ ਆਪਣੀ ਚੌਦਾਂ ਸਾਲ ਦੀ ਧੀ ਨੂੰ ਲੈ ਕੇ ਮੇਰੇ ਕੋਲ ਆਇਆ। ਕਹਿਣ ਲੱਗਿਆ, ”ਸਾਡੀ ਲੜਕੀ ਨੇ ਇਸ ਗੱਲ ਦੀ ਜਿੱਦ ਫੜੀ ਹੋਈ ਹੈ ਕਿ ਇਹ ਸਾਧਵੀ ਬਣ ਕੇ ਆਸ਼ਰਮ ਵਿਚ ਰਹਿਣਾ ਚਾਹੁੰਦੀ ਹੈ। ਬਹੁਤ ਸਮਝਾਉਣ ਦੇ ਬਾਵਜੂਦ ਅਸੀਂ ਇਸ ਨੂੰ ਰਸਤੇ ‘ਤੇ ਨਹੀਂ ਲਿਆ ਸਕੇ। ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਠੀਕ ਰਸਤੇ ‘ਤੇ ਪਾਇਆ ਹੈ। ਸਾਡੀ ਧੀ ‘ਤੇ ਵੀ ਕ੍ਰਿਪਾ ਕਰੋ।” ਮੈਂ ਇਹ ਜਾਣਦਾ ਸੀ ਕਿ ਲੜਕੀ ਦਾ ਇਨ੍ਹਾਂ ਗੱਲਾਂ ਵਿਚ ਵਿਸ਼ਵਾਸ ਉਂਝ ਹੀ ਨਹੀਂ ਬਣਿਆ। ਬਚਪਨ ਵਿਚ ਮਿਲਿਆ ਕੋਈ ਨਾ ਕੋਈ ਮਾਹੌਲ ਬੱਚਿਆਂ ਦੇ ਸੰਵੇਦਨਸ਼ੀਲ ਮਨਾਂ ਵਿਚ ਇਸ ਵਿਸ਼ਵਾਸ ਦੀ ਉਸਾਰੀ ਕਰਦਾ ਹੈ। ਮੈਂ ਪਰਿਵਾਰ ਨੂੰ ਪੁੱਛਿਆ, ”ਇਸ ਲੜਕੀ ਦਾ ਇਹ ਵਿਸ਼ਵਾਸ ਕਿਵੇਂ ਬਣਿਆ?” ਉਹ ਕਹਿਣ ਲੱਗੇ, ”ਇਸ ਦੇ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ। ਅਸੀਂ ਜੈਨ ਧਰਮ ਵਿਚ ਵਿਸ਼ਵਾਸ ਕਰਦੇ ਹਾਂ। ਡੇਰੇ ਦੇ ਕੁੱਝ ਸਾਧੂ ਅਤੇ ਸਾਧਵੀਆਂ ਸਾਡੇ ਘਰ ਦੋ ਕੁ ਹਫ਼ਤਿਆਂ ਲਈ ਰੁਕੇ। ਇਹ ਲੜਕੀ ਉਨ੍ਹਾਂ ਦੀ ਸੇਵਾ ਕਰਦੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਨੇ ਇਹ ਗੱਲ ਦੁਹਰਾਉਣੀ ਸ਼ੁਰੂ ਕਰ ਦਿੱਤੀ ਕਿ ਮੈਂ ਵੀ ਆਸ਼ਰਮ ਵਿਚ ਜਾਣਾ ਹੈ।”
ਮੈਂ ਸਮੁੱਚੇ ਪਰਿਵਾਰ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਦੁਨੀਆਂ ਵਿਚ ਛੋਟੇ-ਮੋਟੇ ਚਾਰ ਹਜ਼ਾਰ ਦੇ ਕਰੀਬ ਧਰਮ, ਮੱਠ ਜਾਂ ਡੇਰੇ ਹਨ ਅਤੇ ਹੋਰ ਹਜ਼ਾਰਾਂ ਹੀ ਹੋਂਦ ਵਿਚ ਆਉਂਦੇ ਅਤੇ ਅਲੋਪ ਹੁੰਦੇ ਰਹਿੰਦੇ ਹਨ। ਕੁੱਝ ਸਥਾਪਤ ਵੀ ਹੋ ਜਾਂਦੇ ਹਨ ਅਤੇ ਅਲੱਗ ਧਰਮ ਪੈਦਾ ਹੋ ਜਾਂਦਾ ਹੈ। ਇਨ੍ਹਾਂ ਨੂੰ ਮੰਨਣ ਵਾਲਾ ਹਰੇਕ ਵਿਅਕਤੀ ਸੋਚਦਾ ਹੈ ਕਿ ਮੇਰਾ ‘ਰੱਬ’ ਠੀਕ ਹੈ ਬਾਕੀ ਸਾਰੇ ਰੱਬ ਗਲਤ ਹਨ। ਇਹ ਹੀ ਅੰਤਿਮ ਸੱਚ ਹੈ, ਜਦਕਿ ਇਹ ਸੱਚਾਈ ਨਹੀਂ ਹੈ। ਪਰਿਵਾਰ ਕਹਿਣ ਲੱਗਿਆ, ”ਸਾਡੇ ਜੈਨ ਧਰਮ ਵਾਲੇ ਤਾਂ ਮੁਕਤੀ ਲਈ ਭਗਤੀ ਕਰਦੇ ਹਨ।” ਮੈਂ ਫਿਰ ਦੁਹਰਾਇਆ, ”ਮੁਕਤੀ ਕੀ ਹੁੰਦੀ ਹੈ? ਕਿਸ ਚੀਜ਼ ਤੋਂ ਮੁਕਤ ਹੋਣਾ ਹੁੰਦਾ ਹੈ?” ਪਰਿਵਾਰ ਦਾ ਜਵਾਬ ਸੀ, ”ਮੁਕਤੀ ਤਾਂ ਮਰ ਕੇ ਹੀ ਮਿਲਦੀ ਹੈ।” ਮੈਂ ਦੱਸਿਆ, ”ਇਹ ਤਾਂ ਬਹੁਤ ਸੁਖਾਲੀ ਗੱਲ ਹੈ, ਸਲਫ਼ਾਸ ਦੀ ਇਕ-ਇਕ ਗੋਲੀ ਉਨ੍ਹਾਂ ਨੂੰ ਸਦਾ ਲਈ ਮੁਕਤ ਕਰ ਸਕਦੀ ਹੈ?” ਪਰਿਵਾਰ ਸੋਚਾਂ ਵਿਚ ਪੈ ਗਿਆ। ਇਸ ਤੋਂ ਬਾਅਦ ਮੈਂ ਲੜਕੀ ਨੂੰ ਸਮਝਾਉਣ ਲਈ ਅਲੱਗ ਕਮਰੇ ਵਿਚ ਲੈ ਗਿਆ।
ਲੜਕੀ ਦਸਵੀਂ ਕਲਾਸ ਦੀ ਵਿਦਿਆਰਥਣ ਸੀ। ਦਿਮਾਗ਼ੀ ਪੱਖੋਂ ਬਹੁਤ ਚੁਸਤ ਅਤੇ ਹੁਸ਼ਿਆਰ ਸੀ। ਮੈਂ ਉਸ ਨੂੰ ਪੁੱਛਿਆ, ”ਤੈਨੂੰ ਪਤਾ ਹੈ ਕਿ ਜੈਨ ਸਾਧਵੀ ਬਣਨ ਲਈ ਕਿੰਨੇ ਦੁੱਖ ਝੱਲਣੇ ਪੈਂਦੇ ਹਨ?” ਉਹ ਕਹਿਣ ਲੱਗੀ, ”ਮੇਰੇ ਸਿਰ ਦੇ ਸਾਰੇ ਵਾਲ ਉਹ ਖਿੱਚ-ਖਿੱਚ ਕੇ ਪੁੱਟ ਦੇਣਗੇ। ਸਾਰੀ ਉਮਰ ਮੂੰਹ ‘ਤੇ ਪੱਟੀ ਬੰਨ੍ਹਣੀ ਪਊਗੀ। ਨੰਗੇ ਪੈਰੀਂ ਰਹਿਣਾ ਪਊ। ਵਿਆਹ ਵੀ ਨਹੀਂ ਕਰਵਾ ਸਕਾਂਗੀ। ਜ਼ਿਆਦਾ ਯਾਤਰਾ ਪੈਦਲ ਹੀ ਕਰਨੀ ਪਊ। ਸਾਰਾ ਸਮਾਂ ਲੋਕਾਂ ਦੇ ਪਰਿਵਾਰਾਂ ਵਿਚ ਜਾਂ ਆਸ਼ਰਮਾਂ ਵਿਚ ਹੀ ਬਤੀਤ ਕਰਨਾ ਪਊ।” ਮੈਂ ਉਸ ਨੂੰ ਕਿਹਾ ਕਿ ਜੇ ਤੂੰ ਸਾਧਵੀ ਨਹੀਂ ਬਣਦੀ ਤਾਂ ਤੂੰ ਇਕ ਨਰਸ, ਡਾਕਟਰ, ਇੰਜੀਨੀਅਰ, ਏਅਰ ਹੋਸਟੈੱਸ ਅਤੇ ਅਧਿਅਪਕਾ ਵੀ ਬਣ ਸਕਦੀ ਹੈ। ਹੋ ਸਕਦਾ ਹੈ ਕਿ ਤੇਰੇ ਕੋਲ ਆਪਣੀ ਕਾਰ ਵੀ ਹੋਵੇ। ਕੁੱਝ ਸਮੇਂ ਬਾਅਦ ਪਰਿਵਾਰ ਵਾਲੇ ਤੇਰਾ ਵਿਆਹ ਕਰ ਦੇਣਗੇ। ਉਸ ਸਮੇਂ ਤੈਨੂੰ ਹੱਸਣ-ਖੇਡਣ ਲਈ ਤੇਰਾ ਜੀਵਨ ਸਾਥੀ ਵੀ ਮਿਲ ਜਾਵੇਗਾ। ਦੁਨੀਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਤੂੰ ਆਪਣੀ ਹਿੰਮਤ ਨਾਲ ਕਿਤੇ ਵੀ ਉਡਾਰੀ ਭਰ ਸਕਦੀ ਹੈਂ। ਇਸ ਤਰ੍ਹਾਂ ਮੈਂ ਲਗਭਗ ਦੋ ਘੰਟੇ ਉਸ ਦੇ ਸੁਆਲਾਂ ਦੇ ਜਵਾਬ ਹੀ ਦਿੰਦਾ ਰਿਹਾ।
ਉਸ ਦਾ ਸਭ ਤੋਂ ਵੱਡਾ ਸਵਾਲ ਤਾਂ ਆਤਮਾ ਦੀ ਹੋਂਦ ਬਾਰੇ ਸੀ। ਮੈਂ ਉਸ ਨੂੰ ਕਿਹਾ ਕਿ ਆਤਮਾ ਨਾਂਅ ਦੀ ਕੋਈ ਚੀਜ਼ ਇਸ ਬ੍ਰਹਿਮੰਡ ਵਿਚ ਨਹੀਂ ਹੈ। ਆਤਮਾ ਕੋਈ ਵੀ ਪਦਾਰਥਕ ਵਸਤੂ ਨਹੀਂ ਹੈ। ਵਿਗਿਆਨ ਅਨੁਸਾਰ, ਹਰੇਕ ਮਾਦਾ ਆਕਾਰ ਰੱਖਦਾ ਹੈ, ਉਸ ਦਾ ਭਾਰ ਹੁੰਦਾ ਹੈ, ਉਹ ਥਾਂ ਘੇਰਦਾ ਹੈ। ਸਮੁੱਚੇ ਬ੍ਰਹਿਮੰਡ ਵਿਚ ਅਜਿਹੀ ਕੋਈ ਵੀ ਵਸਤੂ ਨਹੀਂ ਜਿਸ ਦੇ ਤਿੰਨੇ ਗੁਣ ਨਾ ਹੋਣ। ਵਿਗਿਆਨੀਆਂ ਨੇ ਤਾਂ ਇਲੈਕਟ੍ਰੋਨਾਂ, ਪ੍ਰੋਟੋਨਾਂ ਦੇ ਭਾਰ ਅਤੇ ਆਕਾਰ ਤਕ ਦੱਸ ਦਿੱਤੇ ਹਨ। ਅੱਜ ਤਕ ਕਿਸੇ ਵੀ ਡਾਕਟਰ ਨੇ ਆਤਮਾ ਦੇ ਭਾਰ, ਆਕਾਰ ਅਤੇ ਥਾਂ ਘੇਰਨ ਦੀ ਪੁਸ਼ਟੀ ਨਹੀਂ ਕੀਤੀ। ਬੱਚੇ ਦੇ ਜਨਮ ਸਮੇਂ ਆਤਮਾ ਦੇ ਪ੍ਰਵੇਸ਼ ਕਰਨ ਬਾਰੇ ਵੀ ਉਸ ਦੇ ਮਨ ਵਿਚ ਕੁੱਝ ਸਵਾਲ ਸਨ। ਮੈਂ ਉਸ ਨੂੰ ਦੱਸਿਆ ਕਿ ਜਾਪਾਨੀ ਤਾਂ ਗਰਭ ਧਾਰਨ ਕਰਨ ਸਮੇਂ ਆਤਮਾ ਦੇ ਪ੍ਰਵੇਸ਼ ਕਰਨ ਵਿਚ ਯਕੀਨ ਕਰਦੇ ਹਨ। ਪਿਤਾ ਮਾਂ ਦੀ ਕੁੱਖ ਵਿਚ ਮਾਦਾ ਸੈੱਲ ਪ੍ਰਵੇਸ਼ ਕਰਵਾਉਂਦਾ ਹੈ। ਮਾਂ ਅਤੇ ਪਿਤਾ ਦੇ ਮਿਲਾਪ ਨਾਲ ਪੈਦਾ ਹੋਇਆ ਸੈੱਲ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਵਧ ਕੇ ਦੋ ਟੁਕੜਿਆਂ ਵਿਚ ਟੁੱਟ ਜਾਂਦਾ ਹੈ। ਦੋ ਨਵੇਂ ਸੈੱਲ ਹੋਂਦ ਵਿਚ ਆ ਜਾਂਦੇ ਹਨ। ਕੁੱਝ ਸਮੇਂ ਬਾਅਦ ਇਹ ਸੈੱਲ ਵਧ ਕੇ ਵਿਚਾਲਿਉਂ ਟੁੱਟ ਜਾਂਦੇ ਹਨ ਅਤੇ ਚਾਰ ਵਿਚ ਬਦਲ ਜਾਂਦੇ ਹਨ। ਇਸ ਤਰ੍ਹਾਂ ਲਗਭਗ 280 ਦਿਨ ਮਾਂ ਦੇ ਪੇਟ ਵਿਚ ਭਰੂਣ ਵਿਕਾਸ ਕਰਦਾ ਰਹਿੰਦਾ ਹੈ। ਇਸ ਵਾਧੇ ਲਈ ਲੋੜੀਂਦੀ ਖ਼ੁਰਾਕ ਉਸ ਨੂੰ ਮਾਂ ਦੀ ਖ਼ੁਰਾਕ ਵਿਚੋਂ ਮਿਲਦੀ ਰਹਿੰਦੀ ਹੈ। ਜਨਮ ਤੋਂ ਬਾਅਦ ਬੱਚਾ ਮਾਂ ਦੇ ਦੁੱਧ ਦੇ ਰੂਪ ਵਿਚ ਅਤੇ ਬਾਹਰੋਂ ਖ਼ੁਰਾਕ ਲੈਣੀ ਸ਼ੁਰੂ ਕਰ ਦਿੰਦਾ ਹੈ। ਲਗਭਗ ਚਾਲੀ ਸਾਲਾਂ ਦੀ ਉਮਰ ਤਕ ਸਰੀਰ ਵਿਚ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤਕ ਜਿੰਨ੍ਹੇ ਕੁ ਸੈੱਲ ਸਾਡੇ ਸਰੀਰ ਵਿਚ ਹਰ ਰੋਜ਼ ਬਣਦੇ ਹਨ, ਲਗਭਗ ਉਨ੍ਹੇ ਕੁ ਹੀ ਮਰਦੇ ਰਹਿੰਦੇ ਹਨ। ਇਸ ਲਈ ਸਰੀਰ ਸਾਵਾਂ ਜਿਹਾ ਰਹਿੰਦਾ ਹੈ। ਪੰਜਾਹ ਸਾਲ ਦੀ ਉਮਰ ਤੋਂ ਬਾਅਦ ਹਰ ਰੋਜ਼ ਪੈਦਾ ਹੋਣ ਨਾਲੋਂ ਮਰਨ ਵਾਲੇ ਸੈੱਲਾਂ ਦੀ ਗਿਣਤੀ ਵਧ ਜਾਂਦੀ ਹੈ। ਸਰੀਰ ਢਹਿੰਦੀਆਂ ਕਲਾਵਾਂ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਅੱਸੀ-ਨੱਬੇ ਸਾਲ ਦੀ ਉਮਰ ਵਿਚ ਪਹੁੰਚਦਿਆਂ ਸਰੀਰ ਵਿਚ ਸੈੱਲਾਂ ਦੀ ਗਿਣਤੀ ਏਨੀ ਘੱਟ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਜਵਾਬ ਦੇ ਜਾਂਦੀ ਹੈ, ਜਿਸ ਨਾਲ ਸਾਡੀ ਮੌਤ ਹੋ ਜਾਂਦੀ ਹੈ। ਸਾਡੇ ਸਰੀਰ ਨੂੰ ਜਲਾ ਜਾਂ ਦਫ਼ਨਾ ਦਿੱਤਾ ਜਾਂਦਾ ਹੈ। ਸਿੱਟੇ ਵਜੋਂ, ਦਰੱਖਤਾਂ ਤੋਂ ਲਈ ਖ਼ੁਰਾਕ ਆਕਸੀਜਨ ਅਤੇ ਪਾਣੀ ਦੇ ਰੂਪ ਵਿਚ ਦਰੱਖਤਾਂ ਨੂੰ ਵਾਪਸ ਮੁੜ ਜਾਂਦੀ ਹੈ।
ਲੜਕੀ ਇਸ ਗੱਲ ਦੇ ਉਪਰ ਜ਼ੋਰ ਦੇ ਰਹੀ ਸੀ ਕਿ ਆਤਮਾ ਸਦੀਵੀ ਹੁੰਦੀ ਹੈ। ਇਹ ਨਾ ਜਲਦੀ ਹੈ ਅਤੇ ਨਾ ਹੀ ਨਸ਼ਟ ਹੁੰਦੀ ਹੈ। ਕੋਈ ਵੀ ਦੂਸਰਾ ਵਿਅਕਤੀ ਇਸ ਨੂੰ ਆਪਣੇ ਵੱਸ ਵਿਚ ਨਹੀਂ ਕਰ ਸਕਦਾ। ਇਸ ਗੱਲ ਦੀ ਵਿਆਖਿਆ ਕਰਨ ਲਈ ਮੈਂ ਉਸ ਨੂੰ ਦੱਸਿਆ ਕਿ ਡਾਕਟਰ ਆਪਣੇ ਮਰੀਜ਼ ਨੂੰ ਟੀਕਾ ਲਾ ਕੇ ਜਾਂ ਐਨਅਸਥੀਜੀਆ ਦੇ ਕੇ ਜਦੋਂ ਵੀ ਚਾਹੁਣ ਅਤੇ ਜਿੰਨ੍ਹੇ ਵੀ ਸਮੇਂ ਲਈ ਚਾਹੁਣ ਬੇਹੋਸ਼ ਕਰ ਸਕਦੇ ਹਨ। ਉਸ ਸਮੇਂ ਕਿਸੇ ਵਿਅਕਤੀ ਦੀ ਆਤਮਾ ਕਿੱਥੇ ਰਹਿੰਦੀ ਹੈ? ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਤਮਾ ਡਾਕਟਰ ਦੇ ਕੰਟਰੋਲ ਵਿਚ ਚਲੀ ਜਾਂਦੀ ਹੈ। ਅਮਰੀਕਾ ਵਾਲਿਆਂ ਨੇ ਹੀਰੋਸੀਮਾ ਅਤੇ ਨਾਗਸਾਕੀ ‘ਤੇ ਐਟਮ ਬੰਬ ਸੁੱਟ ਕੇ ਇਕ-ਦੋ ਮਿੰਟ ਵਿਚ ਲੱਖਾਂ ਹੀ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕੀ ਆਤਮਾਵਾਂ ਨੂੰ ਉਨ੍ਹਾਂ ਨੇ ਜ਼ਬਰਦਸਤੀ ਨਹੀਂ ਸੀ ਮੁਕਤ ਕੀਤਾ? ਮੁੜ-ਮੁੜ ਕੇ ਉਸ ਲੜਕੀ ਦਾ ਵਿਸ਼ਵਾਸ ਜੈਨੀਆਂ ਦੀ ਭਗਤੀ ਰਾਹੀਂ ਹੋਣ ਵਾਲੀ ਮੁਕਤੀ ਦੇ ਨੁਕਤੇ ਵੱਲ ਨੂੰ ਜਾ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਜੇ ਜੈਨੀ ਇਨ੍ਹਾਂ ਛੇਤੀ ਮੁਕਤ ਹੋਣਾ ਚਾਹੁੰਦੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਿਮਾਰੀ ਸਮੇਂ ਡਾਕਟਰੀ ਮਦਦ ਨਹੀਂ ਲੈਣੀ ਚਾਹੀਦੀ। ਮੁਕਤੀ ਛੇਤੀ ਮਿਲ ਜਾਵੇਗੀ। ਮੈਂ ਉਸ ਨੂੰ ਆਤਮਾ ਬਾਰੇ ਭਰਮ ਦੀ ਮੁਕਤੀ ਲਈ ਕੁੱਝ ਉਦਾਹਰਣਾਂ ਅਜਿਹੀਆਂ ਦੱਸੀਆਂ, ਜਿਨ੍ਹਾਂ ਵਿਚ ਮਰਨ ਤੋਂ ਕਈ-ਕਈ ਘੰਟੇ ਬਾਅਦ ਵੀ ਵਿਅਕਤੀ ਜਿਉਂਦੇ ਹੋਏ ਸਨ। ਅਜਿਹੀਆਂ ਮੌਤਾਂ ਸਮੇਂ ਵਿਅਕਤੀ ਅਜਿਹੇ ਸਥਾਨਾਂ ‘ਤੇ ਹੁੰਦੇ ਹਨ, ਜਿਥੇ ਠੰਢ ਕਾਰਨ ਦਿਮਾਗ਼ੀ ਸੈੱਲ ਨਹੀਂ ਮਰਦੇ। ਅਜਿਹੇ ਸੈੱਲਾਂ ਨੂੰ ਮੁੜ ਜੀਵਤ ਕਰਨਾ ਸੰਭਵ ਹੁੰਦਾ ਹੈ। ਆਸੂਤੋਸ਼ ਬਾਰੇ ਵੀ ਉਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਮੁੜ ਕਦੇ ਵੀ ਜੀਵਤ ਨਹੀਂ ਹੋ ਸਕੇਗਾ।
ਪਾਣੀ ਵਿਚ ਡੁੱਬ ਕੇ ਮਰੀਆਂ ਮੱਖੀਆਂ ਨੂੰ ਜਿਉਂਦਾ ਕਰਨ ਦਾ ਢੰਗ ਵੀ ਉਸ ਨੂੰ ਸਿਖਾਇਆ ਗਿਆ। ਗੱਲਾਂ-ਗੱਲਾਂ ਵਿਚ ਉਸ ਨੂੰ ਦੱਸਿਆ ਗਿਆ ਕਿ ਗਿਆਨ ਵੀ ਵਿਕਾਸ ਕਰਦਾ ਰਹਿੰਦਾ ਹੈ। ਅੱਜ ਤੋਂ ਤਿੰਨ ਸੌ ਵਰ੍ਹੇ ਪਹਿਲਾਂ ਜਦੋਂ ਵੀ ਕਿਸੇ ਵਿਅਕਤੀ ਨੂੰ ਪੁੱਛਿਆ ਜਾਂਦਾ ਸੀ ਕਿ ਬਰਸਾਤ ਕਿਵੇਂ ਹੁੰਦੀ ਹੈ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਇੰਦਰ ਦੇਵਤਾ ਮੀਂਹ ਪਾਉਂਦਾ ਹੈ। ਅੱਜ ਤੀਜੀ ਜਮਾਤ ਦਾ ਵਿਦਿਆਰਥੀ ਵੀ ਦੱਸਦਾ ਹੈ ਕਿ ਵਾਸ਼ਪੀਕਰਨ ਰਾਹੀਂ ਬੱਦਲ ਬਣਦੇ ਹਨ, ਜੋ ਵਰ੍ਹ ਜਾਂਦੇ ਹਨ।
ਅਜਿਹੇ ਵਿਅਕਤੀਆਂ ਵਿਚ ਇਹ ਵਹਿਮ ਹੁੰਦਾ ਹੈ ਕਿ ਮੁਕਤੀ ਤੋਂ ਬਾਅਦ ਆਤਮਾ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ। ਮੈਂ ਬਹੁਤ ਸਾਰੇ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ, ਜਿਨ੍ਹਾਂ ਨੇ ਚਾਲੀ-ਪੰਜਾਹ ਵਰ੍ਹੇ ਭਗਤੀ ਵਿਚ ਬਤੀਤ ਕੀਤੇ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛੀ ਦਾ ਹੈ ਕਿ ਕੀ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਹਨ ਤਾਂ 99.99 ਫ਼ੀਸਦੀ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ। ਜੋ ਵਿਰਲੇ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ, ਉਹ ਵੀ ਭਰਮ ਵਿਚ ਹੁੰਦੇ ਹਨ। ਜਿਵੇਂ ਕਿਸੇ ਨਸ਼ਈ ਵਿਅਕਤੀਆਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਉਹ ਹਵਾ ਵਿਚ ਉੱਡ ਰਿਹਾ ਹੈ। ਪਰ ਵੇਖਣ ਵਾਲਿਆਂ ਨੂੰ ਉਹ ਜ਼ਮੀਨ ‘ਤੇ ਹੀ ਵਿਖਾਈ ਦਿੰਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਮਨੋਭਰਮ ਦਾ ਸ਼ਿਕਾਰ ਹੋ ਜਾਂਦੇ ਹਨ। ਛੇਤੀ ਹੀ ਉਨ੍ਹਾਂ ਦੀ ਸਥਿਤੀ ਪਾਗਲਾਂ ਵਾਲੀ ਬਣ ਜਾਂਦੀ ਹੈ। ਉਂਝ ਵੀ ਵੱਖ-ਵੱਖ ਧਰਮਾਂ ਅਤੇ ਆਸ਼ਰਮਾਂ ਵਾਲਿਆਂ ਦੇ ਪ੍ਰਮਾਤਮਾ ਦੇ ਦਰਸ਼ਨ ਵੱਖ-ਵੱਖ ਹੁੰਦੇ ਹਨ। ਪੰਜਾਬ ਦੇ ਸਿੱਖਾਂ ਨੂੰ ਉਹ ਪੱਗੜੀ ਵਾਲਾ ਵਿਖਾਈ ਦਿੰਦਾ ਹੈ। ਭਾਰਤ ਦੇ ਹਿੰਦੂਆਂ ਨੂੰ ਕ੍ਰਿਸ਼ਨ ਦੇ ਰੂਪ ਵਿਚ ਦਿਸਦਾ ਹੈ। ਯੂਰਪ ਦੇ ਈਸਾਈਆਂ ਨੂੰ ਈਸਾ ਮਸੀਹ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਇਸ ਵੱਖਰੇਪਣ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਸ ਦੀ ਕੋਈ ਹੋਂਦ ਨਹੀਂ।
ਜਦੋਂ ਮੈਂ ਉਸ ਲੜਕੀ ਨੂੰ ਕਿਹਾ ਕਿ ਚੌਦਾਂ ਸਾਲ ਦੀ ਉਮਰ ਵਿਚ ਤੇਰਾ ਘਰ ਛੱਡ ਕੇ ਜਾਣਾ ਕਾਨੂੰਨੀ ਪੱਖੋਂ ਗ਼ਲਤ ਹੈ ਤੇ ਇਸ ਤਰ੍ਹਾਂ ਤੇਰੇ ਮਾਪਿਆਂ ਨੂੰ ਅਤੇ ਤੈਨੂੰ ਲਿਜਾਣ ਵਾਲਿਆਂ ਨੂੰ ਸਜ਼ਾ ਹੋ ਸਕਦੀ ਹੈ। ਪਰ ਉਹ ਕਹਿਣ ਲੱਗੀ ਕਿ ਜਦੋਂ ਸਾਧਵੀਆਂ ਦੀ ਦੀਕਸ਼ਾ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲੇ ਤਾਂ ਖੁਦ ਉਥੇ ਪਹਿਰਾ ਦੇ ਰਹੇ ਹੁੰਦੇ ਹਨ। ਮੈਂ ਕਿਹਾ ਕਿ ਭਾਰਤ ਵਿਚ ਅਜਿਹਾ ਸੰਭਵ ਹੈ। ਹਜ਼ਾਰਾਂ ਅਪਰਾਧ ਪੁਲਿਸ ਵਾਲੇ ਖ਼ੁਦ ਕਰਵਾਉਂਦੇ ਹਨ। ਇਸ ਲਈ ਤੂੰ ਆਪਣਾ ਫ਼ੈਸਲਾ ਸੋਚ ਵਿਚਾਰ ਕੇ ਲਈਂ। ਕਿਤੇ ਤੇਰੇ ਮਾਪਿਆਂ ਅਤੇ ਆਸ਼ਰਮ ਵਾਲਿਆਂ ਨੂੰ ਸਮੱਸਿਆ ਨਾ ਖੜ੍ਹੀ ਹੋ ਜਾਵੇ। ਉਂਝ ਵੀ ਜੇ ਤੂੰ ਇਕ ਵਾਰ ਚਲੀ ਗਈ ਤਾਂ ਤੇਰਾ ਵਾਪਸ ਮੁੜਨਾ ਔਖਾ ਹੋ ਜਾਵੇਗਾ ਕਿਉਂਕਿ ਤੂੰ ਆਪਣੇ ਦੁਆਲੇ ਅਜਿਹਾ ਮਾਹੌਲ ਸਿਰਜ ਲਵੇਂਗੀ, ਜਿਸ ਵਿਚੋਂ ਬਾਹਰ ਆਉਣਾ ਲਗਭਗ ਅਸੰਭਵ ਹੁੰਦਾ ਹੈ। ਕੁੱਝ ਦਿਨਾਂ ਬਾਅਦ ਮੈਨੂੰ ਲੜਕੀ ਦੇ ਘਰਦਿਆਂ ਤੋਂ ਇਹ ਪਤਾ ਲੱਗਿਆ ਕਿ ਸ਼ਾਇਦ ਲੜਕੀ ਆਪਣੀ ਜਿੱਦ ਤੋਂ ਹਟ ਜਾਵੇਗੀ।
ਅੰਤ ਵਿਚ ਮੈਂ ਜਵਾਨ ਹੋ ਰਹੇ ਪੁੱਤਰਾਂ-ਧੀਆਂ ਦੇ ਮਾਪਿਆਂ ਨੂੰ ਇਹ ਸਲਾਹ ਦੇਵਾਂਗਾ ਕਿ ਉਹ ਆਪਣੇ ਪੁੱਤਰਾਂ-ਧੀਆਂ ਨੂੰ ਆਪਣੇ ਵਿਸ਼ਵਾਸਾਂ ਵਿਚ ਨਾ ਪਾਉਣ। ਹਰੇਕ ਵਿਅਕਤੀ ਸੋਚਦਾ ਹੈ ਕਿ ਉਸ ਦਾ ਧਰਮ ਜਾਂ ਉਸ ਦਾ ਰੱਬ ਅੰਤਿਮ ਸੱਚ ਹੈ। ਅਜਿਹਾ ਕੁੱਝ ਵੀ ਨਹੀਂ। ਦੁਨੀਆ ਹਰ ਪਲ ਹਰ ਘੜੀ ਬਦਲ ਰਹੀ ਹੈ। ਜਿਹੜੀਆਂ ਗੱਲਾਂ ਨੂੰ ਅਸੀਂ ਅਤੀਤ ਵਿਚ ਸੱਚ ਮੰਨਦੇ ਸੀ, ਅੱਜ ਇੰਟਰਨੈੱਟ ਦੀ ਦੁਨੀਆਂ ਨੇ ਉਹ ਝੂਠੀਆਂ ਸਾਬਤ ਕਰ ਦਿੱਤੀਆਂ ਹਨ। ਆਓ ਜ਼ਮਾਨੇ ਦੇ ਨਾਲ-ਨਾਲ ਬਦਲਣਾ ਸਿੱਖੀਏ।