ਬਾਬਾ ਰਾਮ ਦੇਵ ਦੀ ਸੋਚ

ਮੇਘ ਰਾਜ ਮਿੱਤਰ (+91 98887 87440)
ਬਾਬਾ ਰਾਮ ਦੇਵ ਆਪਣੀਆਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਲਿਖਦਾ ਹੈ ਜਿਨ੍ਹਾਂimages (1) ਬਾਰੇ ਸਾਡੇ ਬਹੁਤ ਸਾਰੇ ਕਿੰਤੂ, ਪ੍ਰੰਤੂ ਹਨ। ਇਸ ਚੈਪਟਰ ਵਿੱਚ ਮੈਂ ਬਾਬਾ ਰਾਮ ਦੇਵ ਵੱਲੋਂ ਆਪਣੀ ਕਿਤਾਬ ‘‘ਯੋਗ ਸਾਧਨਾ ਅਤੇ ਯੋਗ ਚਕਿਤਸਾ ਰਹੱਸ’’ ਵਿੱਚ ਲਿਖੇ ਕੁਝ ਨੁਕਤਿਆਂ ਬਾਰੇ ਵਿਗਿਆਨਕ ਵਿਚਾਰ ਪੇਸ਼ ਕਰ ਰਿਹਾ ਹਾਂ।
ਬਾਬਾ ਰਾਮ ਦੇਵ : ਭਗਵਾਨ ਨੇ ਮਨੁੱਖ ਨੂੰ ਸ਼ਾਕਾਹਾਰੀ ਬਣਾਇਆ ਹੈ, ਜਦੋਂ ਅਸੀਂ ਰੋਟੀ ਖਾ ਕੇ ਜਿੰਦਾ ਰਹਿ ਸਕਦੇ ਹਾਂ ਤਾਂ ਕਿਸੇ ਜੀਵ ਦੀ ਹੱਤਿਆ ਕਰਕੇ ਉਸਦੀ ਪਿਆਰੀ ਜ਼ਿੰਦਗੀ ਖ਼ਤਮ ਕਰਕੇ ਸਾਨੂੰ ਜਿਉਣ ਦੀ ਕੀ ਲੋੜ ਹੈ। ਇਸ ਤਰ੍ਹਾਂ ਜਿਉਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਮਾਸ ਖਾਣ ਨਾਲ ਦਿਆ, ਕਰੂਣਾ, ਸਹਾਨਭੂਤੀ, ਪ੍ਰੇਮ, ਆਪਣਾਪਣ ਅਤੇ ਸ਼ਰਧਾ ਭਗਤੀ ਆਦਿ ਮਨੁੱਖੀ ਗੁਣਾ ਦਾ ਅੰਤ ਹੋ ਜਾਂਦਾ ਹੈ। ਮਾਸਾਹਾਰੀ ਦਾ ਪੇਟ ਇੱਕ ਮੁਰਦਾਘਾਟ ਦੀ ਤਰ੍ਹਾਂ ਹੁੰਦਾ ਹੈ।
ਯੋਗ ਸਾਧਨਾ ਸਫ਼ਾ 5
ਸਮੁੱਚੀ ਦੁਨੀਆਂ ਤੇ ਬਹੁਸੰਮਤੀ ਲੋਕ ਅਜਿਹੇ ਹਨ ਜਿਹੜੇ ਆਪਣੇ ਖਾਣੇ ਵਿਚ ਮਾਸ ਦੀ ਵਰਤੋਂ ਕਰਦੇ ਹਨ। ਪ੍ਰਾਚੀਨ ਵੈਦਾਂ ਵਿੱਚ ਗਊ ਮਾਸ ਦੀ ਵਰਤੋਂ ਤੇ ਕੋਈ ਪਾਬੰਦੀ ਨਹੀਂ ਸੀ। ਆਪਣੇ ਆਪ ਨੂੰ ਵੈਦਾਂ ਦਾ ਸਮਰੱਥਕ ਦਰਸਾਉਣ ਵਾਲਾ ਬਾਬਾ ਰਾਮ ਦੇਵ ਮਾਸਾਹਾਰੀ ਖਾਣਿਆਂ ਦਾ ਐਨਾ ਵਿਰੋਧੀ ਕਿਉ ਹੈ? ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਸਮੁੰਦਰਾਂ ਦੇ ਕਿਨਾਰਿਆਂ ਤੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਮੱਛੀ ਤੋਂ ਬਗ਼ੈਰ ਗੁਜ਼ਾਰਾ ਅਸੰਭਵ ਹੈ। ਬਾਬਾ ਜੀ ਜਿਹੜੇ ਮਾਨਵੀ ਗੁਣਾ ਦਿਆ, ਪ੍ਰੇਮ, ਸਹਾਨਭੂਤੀ ਅਤੇ ਆਪਣੇਪਣ ਦਾ ਸੰਬੰਧ ਸ਼ਾਕਾਹਾਰ ਨਾਲ ਜੋੜਨ ਦੀ ਗੱਲ ਕਰਦੇ ਹਨ ਉਹ ਬਿਲਕੁੱਲ ਹੀ ਬੇਬੁਨਿਆਦ ਹੈ। ਜੇ ਅੱਜ ਦੇ ਅੰਕੜੇ ਦੇਖੇ ਜਾਣ ਤਾਂ ਇਹ ਗੱਲ ਭਲੀਭਾਂਤ ਹੀ ਸਪਸ਼ਟ ਹੋ ਜਾਵੇਗੀ ਕਿ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ ਦੀ ਬਹੁਸੰਮਤੀ ਵਾਲੇ ਦੇਸ਼ ਭਾਰਤ ਵਿੱਚ ਹੀ ਸਭ ਤੋਂ ਵੱਧ ਕਤਲ, ਦੰਗੇ ਤੇ ਫ਼ਸਾਦ ਹੁੰਦੇ ਹਨ। ਫਿਰ ਸ਼ਾਕਾਹਾਰ ਹੋਣ ਨਾਲ ਬੰਦਾ ਦਿਆਵਾਨ ਕਿਵੇਂ ਹੋ ਜਾਂਦਾ ਹੈ। ਹਰਿਦੁਆਰ ਅਜਿਹਾ ਸਥਾਨ ਹੈ ਜਿੱਥੇ ਸ਼ਾਕਾਹਾਰੀਆਂ ਦੀ ਪ੍ਰਤੀਸ਼ਤ ਸ਼ਾਇਦ ਭਾਰਤ ਵਿੱਚ ਹੀ ਸਭ ਤੋਂ ਵੱਧ ਹੋਵੇ ਕੀ ਉੱਥੇ ਸਭ ਸੁੱਖ ਸ਼ਾਂਤੀ ਹੈ?
ਰਹੀ ਗੱਲ ਮਾਸਾਹਾਰੀ ਦੇ ਪੇਟ ਦੀ ਮੁਰਦਾਘਾਟ ਹੋਣ ਬਾਰੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋ ਸਕਦਾ ਜਿਸਦੇ ਪੇਟ ਵਿੱਚ ਅਰਬਾਂ ਦੀ ਗਿਣਤੀ ਵਿੱਚ ਜੀਵਤ ਤੇ ਮਿ੍ਰਤਕ ਜੀਵਾਣੂ ਨਾ ਹੋਣ। ਫਿਰ ਮਾਸਾਹਾਰੀ ਦਾ ਪੇਟ ਹੀ ਮੁਰਦਾਘਾਟ ਕਿਵੇਂ ਹੋਇਆ। ਭਾਰਤ ਦੀ 40% ਆਬਾਦੀ ਗ਼ਰੀਬੀ ਰੇਖਾ ਤੋਂ ਥੱਲੇ ਹੈ। ਇਨ੍ਹਾਂ ਗ਼ਰੀਬ ਲੋਕਾਂ ਲਈ ਸੁਆਲ ਮਾਸਾਹਾਰੀ ਜਾਂ ਸ਼ਾਕਾਹਾਰੀ ਹੋਣ ਦਾ ਨਹੀਂ ਸਗੋਂ ਢਿੱਡ ਭਰਨ ਦਾ ਹੈ। ਕਈ ਵਾਰ ਇਨ੍ਹਾਂ ਲੋਕਾਂ ਨੂੰ ਜੀਵਾਂ ਦਾ ਸ਼ਿਕਾਰ ਕਰਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।
ਬਾਬਾ ਰਾਮ ਦੇਵ : ਜਦੋਂ ਬੰਦੇ ਨੂੰ ਕਰੋਧ ਆਉਦਾ ਹੈ ਉਹ ਦੰਦ ਪੀਸਣ ਲੱਗ ਪੈਂਦਾ ਹੈ। ਇਸ ਲਈ ਕ੍ਰੋਧ ਪੈਦਾ ਹੋਣ ਦਾ ਸਥਾਨ ਦੰਦ ਹਨ।
ਯੋਗ ਸਾਧਨਾ ਸਫ਼ਾ 5
ਮੈਨੂੰ ਇਸ ਗੱਲ ਵਿੱਚ ਭੋਰਾ ਭਰ ਵੀ ਸਚਾਈ ਨਜ਼ਰ ਨਹੀਂ ਆਉਦੀ ਕਿ ਕੋ੍ਰਧ ਦੰਦਾਂ ਵਿੱਚ ਪੈਦਾ ਹੁੰਦਾ ਹੈ। ਵਾਲ, ਨੁੰਹ ਤੇ ਦੰਦ ਤਾਂ ਸਰੀਰ ਦਾ ਨਿਰਜੀਵ ਭਾਗ ਹੁੰਦੇ ਹਨ। ਇਨ੍ਹਾਂ ਵਿੱਚ ਕਿਸੇ ਕਿਸਮ ਦੀ ਚੇਤਨਾ ਪੈਦਾ ਹੋਣ ਦੀ ਗੱਲ ਕਰਨਾ ਸਮਝਦਾਰੀ ਨਹੀਂ। ਅਸਲ ਵਿੱਚ ਸੋਚਣ ਦੀ ਪ੍ਰਕਿਰਿਆ ਸਾਡੇ ਦਿਮਾਗ਼ ਦੇ ਸੈੱਲਾਂ ਵਿੱਚ ਹੁੰਦੀ ਹੈ। ਬਾਕੀ ਸਾਰੇ ਅੰਗ ਦਿਮਾਗ਼ ਜਾਂ ਮਨ ਦੇ ਹੁਕਮ ਦੀ ਪਾਲਣਾ ਕਰਦੇ ਹਨ।
ਬਾਬਾ ਰਾਮ ਦੇਵ : ਗਰਮ ਪਾਣੀ ਨਾਲ ਇਸਨਾਨ ਕਰਨ ਨਾਲ ਬੁੱਧੀ ਤੇਜ਼ ਨਹੀਂ ਰਹਿੰਦੀ ਅਤੇ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ। ਵਾਲ ਵੀ ਛੇਤੀ ਸਫ਼ੈਦ ਹੋ ਜਾਂਦੇ ਹਨ? ਯੋਗ ਸਾਧਨਾ ਸਫ਼ਾ 7
ਨਹਾਉਣ ਸਮੇਂ ਪਾਣੀ ਠੰਡਾ ਹੋਵੇ ਜਾਂ ਗਰਮ ਇਹ ਸਾਰੇ ਵਿਅਕਤੀਆਂ ਦੀ ਨਿੱਜੀ ਚੋਣ ਹੁੰਦੀ ਹੈ। ਇੱਕ ਵਿਅਕਤੀ ਸਾਰਾ ਦਿਨ ਖੇਤਾਂ ਵਿੱਚ ਮਜ਼ਦੂਰੀ ਕਰਕੇ ਆਉਦਾ ਹੈ ਤੇ ਘਰ ਆ ਕੇ ਉਹ ਗਰਮ ਪਾਣੀ ਨਾਲ ਨਹਾ ਕੇ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦਾ ਹੈ। ਕੀ ਉਹ ਗ਼ਲਤ ਕਰ ਰਿਹਾ ਹੈ? ਦੁਨੀਆਂ ਵਿੱਚ ਬਹੁਤ ਸਾਰੇ ਸਥਾਨ ਅਜਿਹੇ ਹਨ ਜਿੱਥੇ ਸਰਦੀਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਿਆ ਜਾਂਦਾ ਹੈ ਅਜਿਹੇ ਸਥਾਨਾਂ ਤੇ ਰਹਿਣ ਵਾਲੇ ਲੋਕਾਂ ਨੂੰ ਇਹ ਸਿੱਖਿਆ ਦੇਣੀ ਕਿ ਤੁਸੀਂ ਠੰਡੇ ਪਾਣੀ ਨਾਲ ਨਹਾਇਆ ਕਰੋ ਇਹ ਹਾਸੋਹੀਣੀ ਗੱਲ ਹੀ ਹੋਵੇਗੀ। ਜੇ ਠੰਡੇ ਪਾਣੀ ਨਾਲ ਨਹਾਉਣ ਨਾਲ ਬੁੱਧੀ ਤੇਜ਼ ਹੁੰਦੀ ਹੈ ਤਾਂ ਸਭ ਤੋਂ ਵੱਧ ਨੋਬਲ ਪ੍ਰਾਈਜ਼ ਭਾਰਤੀਆਂ ਨੂੰ ਖ਼ਾਸ ਕਰਕੇ ਹਰਿਦੁਆਰ ਦੇ ਵਸਨੀਕਾਂ ਨੂੰ ਹੀ ਮਿਲਦੇ ਜਿੱਥੇ ਠੰਡੇ ਪਾਣੀ ਨਾਲ ਨਹਾਉਣ ਵਾਲਿਆਂ ਦੀ ਪ੍ਰਤੀਸ਼ਤਾ ਵਧੇਰੇ ਹੈ।
ਭਾਰਤ ਦੇ ਪਿੰਡਾਂ ਵਿੱਚ ਜਿੱਥੇ ਵਧੇਰੇ ਲੋਕਾਂ ਕੋਲ ਨਹਾਉਣ ਲਈ ਗਰਮ ਪਾਣੀ ਹੁੰਦਾ ਹੀ ਨਹੀਂ ਉਨ੍ਹਾਂ ਲੋਕਾਂ ਦੀ ਨਿਗ੍ਹਾ ਜੇ ਟੈਸਟ ਕਰਵਾ ਕੇ ਵੇਖੀ ਜਾਵੇ ਤਾਂ ਇਹ ਸਭ ਤੋਂ ਘੱਟ ਹੋਵੇਗੀ। ਉਨ੍ਹਾਂ ਵਿਚਾਰਿਆਂ ਕੋਲ ਤਾਂ ਐਨਕਾਂ ਲਗਵਾਉਣ ਦੀ ਸਮਰੱਥਾ ਹੀ ਨਹੀਂ ਹੁੰਦੀ।
ਠੰਡੇ ਪਾਣੀ ਦੇ ਇਸਤੇਮਾਲ ਨਾਲ ਵਾਲ ਕਿਵੇਂ ਸਫ਼ੈਦ ਨਹੀਂ ਹੁੰਦੇ? ਸ਼ਾਇਦ ਬਾਬਾ ਜੀ ਇਸ ਬਾਰੇ ਕੋਈ ਵਧੀਆ ਦਲੀਲ ਪੇਸ਼ ਕਰ ਸਕਣ ਤਾਂ ਉਨ੍ਹਾਂ ਦੀ ਇਸ ਗੱਲ ਨੂੰ ਸਵੀਕਾਰ ਕਰਨ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਜੇ ਠੰਡ ਨਾਲ ਹੀ ਵਾਲ ਕਾਲੇ ਰਹਿੰਦੇ ਹੁੰਦੇ ਤਾਂ ਐਂਟਰਾਟਿਕਾਂ ਦੇ ਵਸਨੀਕਾਂ ਦੇ ਵਾਲ ਕਦੇ ਵੀ ਸਫ਼ੈਦ ਨਾ ਹੁੰਦੇ। ਜੇ ਗਰਮੀ ਨਾਲ ਵਾਲ ਸਫੈਦ ਹੁੰਦੇ ਤਾਂ ਅਫਰੀਕਣਾਂ ਦੇ ਵਾਲ ਕਦੇ ਵੀ ਕਾਲੇ ਨਾ ਹੁੰਦੇ। ਮੈਂ ਸਮਝਦਾ ਹਾਂ ਵਾਲਾਂ ਦੇ ਸਫੈਦ ਹੋਣ ਦਾ ਕਾਰਨ ਸਰੀਰ ਵਿੱਚ ਕਿਸੇ ਰਸ ਦੀ ਘਾਟ ਹੁੰਦੀ ਹੈ ਜੋ ਆਮ ਤੌਰ ਤੇ ਬੁਢਾਪੇ ਵਿੱਚ ਪੈਦਾ ਹੋਣਾ ਘੱਟ ਜਾਂਦਾ ਹੈ।
ਬਾਬਾ ਰਾਮ ਦੇਵ : ਈਸਾਈ, ਮੁਸਲਮ, ਜੈਨ ਤੇ ਬੁੱਧ ਧਰਮ ਵਿੱਚ ਉਹ ਸਮੱਗਰੀ, ਵਿਆਪਕਤਾ ਤੇ ਪਰਪੱਕਤਾ ਨਹੀਂ ਜਿਸ ਲਈ ਮਾਨਵ ਜਾਤੀ ਉਨ੍ਹਾਂ ਨੂੰ ਅਪਣਾ ਸਕੇ। ਇਨ੍ਹਾਂ ਸਭ ਦੀਆਂ ਆਪਣੀਆਂ-ਆਪਣੀਆਂ ਸੀਮਾਵਾਂ ਨੇ। ਇਨ੍ਹਾਂ ਧਰਮਾਂ ਨੂੰ ਫੈਲਾਉਣ ਲਈ ਇੱਥੇ ਖ਼ੂਨੀ ਸੰਘਰਸ਼ ਹੋਏ ਨੇ ਪ੍ਰੰਤੂ ਸਿੱਟੇ ਕੋਈ ਵੀ ਨਹੀਂ ਨਿਕਲੇ।
ਦੁਨੀਆਂ ਵਿੱਚ ਦੋ ਤਿਹਾਈ ਜੰਗਾਂ ਧਰਮ ਦੇ ਨਾਂ ਤੇ ਹੀ ਲੜੀਆਂ ਗਈਆਂ ਤੇ ਅਰਬਾਂ ਲੋਕ ਇਨ੍ਹਾਂ ਜੰਗਾਂ ਦੀ ਭੇਂਟ ਚਾੜ ਦਿੱਤੇ ਗਏ ਹਨ। ਭਾਰਤ ਵਿੱਚ 1947 ਦੇ ਦੰਗਿਆਂ ਰਾਹੀਂ ਪੰਜਾਬ ਤੇ ਬੰਗਾਲ ਦੇ ਦਸ ਲੱਖ ਵਿਅਕਤੀ ਵੱਢ ਟੁੱਕ ਦਿੱਤੇ ਗਏ ਸਨ।
1984 ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਤਿੰਨ ਹਜ਼ਾਰ ਵਿਅਕਤੀ ਗਲਾਂ ਵਿੱਚ ਟਾਇਰ ਪਾਕੇ ਫੂਕ ਦਿੱਤੇ ਗਏ ਸਨ। ਅਹਿਮਦਾਬਾਦ, ਗੁਜਰਾਤ ਵਿੱਚ ਧਰਮ ‘ਆਦਮ ਬੋ-ਆਦਮ ਬੋ’ ਕਰਦਾ ਹੀ ਰਹਿੰਦਾ ਹੈ। ਅੱਜ ਅਗਸਤ ਦੋ ਹਜ਼ਾਰ ਅੱਠ ਵਿੱਚ ਇਹ ਦੈਂਤ ਜੰਮੂ ਤੇ ਸ੍ਰ੍ਰੀਨਗਰ ਵਿੱਚ ਬੜਿਆ ਹੋਇਆ ਹੈ ਜਿੱਥੇ ਆਏ ਦਿਨ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਕੀ ਹਿੰਦੂ ਧਰਮ ਜਿਸਦਾ ਬਾਬੇ ਨੇ ਕੋਈ ਜ਼ਿਕਰ ਨਹੀਂ ਕੀਤਾ ਕੀ ਇਨ੍ਹਾਂ ਗੱਲਾਂ ਤੋਂ ਉੱਪਰ ਹੈ? ਅਸਲ ਵਿੱਚ ਬਾਬਾ ਬਾਕੀ ਧਰਮਾਂ ਦੇ ਨਾਂਹਪੱਖੀ ਰੋਲ ਦਾ ਜ਼ਿਕਰ ਕਰਕੇ ਆਪਣੇ ਧਰਮ ਬਾਰੇ ਚੁੱਪ ਹੀ ਵੱਟ ਲੈਂਦਾ ਹੈ। ਦੁਨੀਆਂ ਦੀ ਕੁੱਲ ਆਬਾਦੀ ਵਿੱਚੋਂ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਈਸਾਈ ਧਰਮ ਵਿੱਚ ਹੈ। ਮੁਸਲਮ ਧਰਮ ਵਾਲੇ ਵੀ ਹਿੰਦੂ ਧਰਮ ਤੋਂ ਘੱਟ ਸੰਮਤੀ ਵਿਚ ਨਹੀਂ ਹਨ। ਅਸਲ ਵਿੱਚ ਬਾਬਾ ਅੰਤਰਰਾਸ਼ਟਰੀ ਸੋਚ ਦਾ ਮਾਲਕ ਨਹੀਂ ਹੈ।
ਬਾਬਾ ਰਾਮ ਦੇਵ : ਜੇ ਕੋਈ ਬੰਦਾ ਈਸਾਈ ਧਰਮ ਜਾਂ ਇਸਲਾਮ ਧਰਮ ਨੂੰ ਅਪਣਾ ਲਵੇ ਤਾਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ।
ਇੱਥੇ ਬਾਬਾ ਇਹ ਗੱਲ ਭਾਰਤ ਦੇ ਸੰਦਰਭ ਵਿੱਚ ਕਹਿੰਦਾ ਹੈ। ਅਸਲ ਵਿੱਚ ਇੱਥੇ ਬਾਬਾ ਹਿੰਦੂ ਧਰਮ ਨੂੰ ਛੱਡ ਜਾਂਦਾ ਹੈ। ਅਸਲੀਅਤ ਇਹ ਹੈ ਕਿ ਜਦੋਂ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਅਪਣਾ ਲੈਂਦਾ ਹੈ ਤਾਂ ਉਸਦੀ ਸੋਚ ਨਿਰਪੱਖ ਨਹੀਂ ਰਹਿੰਦੀ। ਹਿੰਦੂ ਨੂੰ ਸਿਰਫ਼ ਹਿੰਦੂ ਤੇ ਮੁਸਲਮਾਨਾਂ ਨੂੰ ਸਿਰਫ਼ ਮੁਸਲਮਾਨ ਤੇ ਸਿੱਖਾਂ ਨੂੰ ਸਿਰਫ਼ ਸਿੱਖ ਹੀ ਚੰਗੇ ਲੱਗਣ ਲੱਗ ਜਾਂਦੇ ਹਨ। ਇਹੀ ਗੱਲ ਹੁਕਮਰਾਨਾਂ ਤੇ ਜਾ ਢੁਕਦੀ ਹੈ। ਉਹ ਸਾਰੇ ਫ਼ੈਸਲੇ ਆਪਣੇ ਧਰਮਾਂ ਵਾਲਿਆਂ ਦੇ ਹੱਕ ਵਿੱਚ ਕਰਨ ਲੱਗ ਜਾਂਦੇ ਹਨ। ਉਦਾਹਰਣ ਸਪੱਸ਼ਟ ਹੈ ਪੰਜਾਬ ਵਿੱਚ ਅਕਾਲੀ ਸਿਆਸਤ ਵਿੱਚ ਹਨ। ਉਹ ਸਿੱਖ ਪੱਖੀ ਧਾਰਮਿਕ ਅਦਾਰਿਆਂ ਦੀ ਮੱਦਦ ਕਰਦੇ ਹਨ। ਕਦੇ ਕਿਸੇ ਲੀਡਰ ਨੇ ਤਰਕਸ਼ੀਲਾਂ ਦੀ ਕਿਸੇ ਜਥੇਬੰਦੀ ਦੀ ਕੋਈ ਮੱਦਦ ਨਹੀਂ ਕੀਤੀ। ਕਿਸੇ ਵੀ ਧਰਮ ਦੇ ਪੈਰੋਕਾਰ ਨਿਰਪੱਖ ਜਾਂ ਦੇਸ਼ ਭਗਤ ਹੋ ਹੀ ਨਹੀਂ ਸਕਦੇ। ਇਸ ਲਈ ਧਰਮ ਦੇ ਪੱਖੀ ਹੋਣ ਦਾ ਮਤਲਬ ਭਾਰਤੀ ਸੰਵਿਧਾਨ ਦੇ ਵਿਰੋਧੀ ਹੋਣਾ ਹੈ।
ਬਾਬਾ ਰਾਮ ਦੇਵ : ਕਾਮਵਾਸ਼ਨਾ ਨੂੰ ਉਤੇਜਿਤ ਕਰਨ ਵਾਲੇ ਖਾਣੇ, ਤਸਵੀਰਾਂ, ਗਾਣਿਆਂ ਦਾ ਤਿਆਗ ਕਰਕੇ ਵੀਰਜ ਰੱਖਿਆ ਕਰਨਾ ਬ੍ਰਹਮਚਾਰਿਆ ਅਖਵਾਉਦਾ ਹੈ। ਬ੍ਰਹਮਚਾਰੀਆਂ ਨੂੰ ਇਨ੍ਹਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ।
ਸਰੀਰ ਵਿੱਚ ਬਹੁਤ ਸਾਰੇ ਅੰਗ ਅਜਿਹੇ ਹਨ ਜਿਹੜੇ ਰਸ ਪੈਦਾ ਕਰਦੇ ਰਹਿੰਦੇ ਹਨ। ਵੀਰਜ ਵੀ ਅਜਿਹਾ ਹੀ ਇੱਕ ਰਸ ਹੈ ਜਿਹੜਾ ਸੰਤਾਨ ਉਤਪਤੀ ਲਈ ਜ਼ਰੂਰੀ ਹੈ। ਇਸ ਰਸ ਦਾ ਜਿੰਨਾ ਅਸੀਂ ਉਪਯੋਗ ਕਰਦੇ ਹਾਂ ਸਰੀਰ ਆਪਣੇ ਆਪ ਹੀ ਇਸ ਦੀ ਕਮੀ ਪੂਰੀ ਕਰ ਲੈਂਦਾ ਹੈ। ਮੈਨੂੰ ਬਾਬਾ ਜੀ ਦੀ ਇਹ ਗੱਲ ਸਮਝ ਨਹੀਂ ਪੈਂਦੀ ਕਿ ਉਹ ਵੀਰਜ ਰੱਖਿਆ ਲਈ ਕਿਉ ਕਹਿੰਦਾ ਹੈ। ਸ਼ਾਇਦ ਬਾਬਾ ਜੀ ਨੂੰ ਇਹ ਭਰਮ ਹੈ ਕਿ ਵੀਰਜ ਸਰੀਰਕ ਤਾਕਤ ਦਾ ਮੁੱਖ ਸੋਮਾ ਹੈ। ਅਸਲ ਵਿੱਚ ਅਜਿਹਾ ਨਹੀਂ। ਜਦੋਂ ਪੁਰਸ਼ ਜਾਂ ਇਸਤਰੀ ਜਵਾਨੀ ਵਿੱਚ ਪੈਰ ਧਰਦੇ ਹਨ ਤਾਂ ਉਹਨਾਂ ਵਿੱਚ ਸੰਤਾਨ ਉਤਪਤੀ ਕਰਨ ਵਾਲੇ ਰਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੇ ਨਿਕਾਸ ਦਾ ਕਿਸੇ ਕਿਸਮ ਦੀ ਸਰੀਰਕ ਕਮਜ਼ੋਰੀ ਨਾਲ ਕੋਈ ਸਬੰਧ ਨਹੀਂ ਹੁੰਦਾ। ਜਦੋਂ ਸਰੀਰ ਵਿੱਚ ਇਸ ਰਸ ਦੀ ਘਾਟ ਹੁੰਦੀ ਹੈ ਤਾਂ ਸਰੀਰਕ ਗੰ੍ਰਥੀਆਂ ਇਸ ਦੀ ਪੈਦਾਇਸ਼ ਨੂੰ ਵਧਾ ਦਿੰਦੀਆਂ ਹਨ। ਚੰਗੀ ਸਿਹਤ ਵਾਲੇ ਆਦਮੀਆਂ, ਇਸਤਰੀਆਂ ਲਈ ਕਾਮ ਸੰਤਾਨ ਉਤਪਤੀ ਤੋਂ ਇਲਾਵਾ ਇੱਕ ਹਲਕੀ ਕਸਰਤ ਵੀ ਹੈ। ਬਾਬਾ ਬਾਕੀ ਕਸਰਤਾਂ ਤੇ ਜ਼ੋਰ ਦਿੰਦਾ ਹੈ ਪਰ ਇਸ ਕਸਰਤ ਤੋਂ ਪ੍ਰਹੇਜ਼ ਰਖਵਾਉਦਾ ਹੈ। ਮੈਨੂੰ ਲੱਗਦਾ ਹੈ ਬਾਬਾ ਜੀ ਦੀ ਇਹ ਗੱਲ ਦਰੁਸਤ ਨਹੀਂ।
ਬਾਬਾ ਰਾਮ ਦੇਵ : ਭਗਵਤੀ ਅਤੇ ਗੰਗਾ ਦੇ ਪਵਿੱਤਰ ਜਲ ਨਾਲ ਸਰੀਰ ਦੀ ਸ਼ੁੱਧੀ ਹੋ ਸਕਦੀ ਹੈ। ਯੋਗ ਸਾਧਨਾ ਸਫ਼ਾ 13
ਗੰਗਾ ਦੇ ਕਿਨਾਰੇ ਤੇ ਹਜ਼ਾਰਾਂ ਸ਼ਹਿਰ ਤੇ ਪਿੰਡ ਵਸੇ ਹੋਏ ਹਨ। ਇਨ੍ਹਾਂ ਦੇ ਬਹੁਤ ਵਸਨੀਕਾਂ ਤੇ ਪਸ਼ੂਆਂ ਦਾ ਮਲ ਤਿਆਗ ਗੰਗਾ ਦੇ ਪਾਣੀ ਵਿੱਚ ਜਾ ਰਲਦਾ ਹੈ। ਗੰਗੋਤਰੀ ਜਮਨੋਤਰੀ ਦੀ ਯਾਤਰਾ ਸਮੇਂ ਮੈਂ ਆਪਣੀਆਂ ਅੱਖਾਂ ਨਾਲ ਉੱਤਰ ਕਾਸ਼ੀ ਸ਼ਹਿਰ ਦਾ ਸੈਂਕੜੇ ਟਨ ਮਨੁੱਖੀ ਮਲ ਤਿਆਗ ਗੰਗਾ ਵਿੱਚ ਤੈਰਦਾ ਵੇਖਿਆ ਹੈ। ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਗੰਗਾ ਜਲ ਪਵਿੱਤਰ ਹੋ ਹੀ ਨਹੀਂ ਸਕਦਾ। ਭਾਰਤ ਦੀਆਂ ਦਸ ਪ੍ਰਯੋਗਸ਼ਾਲਾਵਾਂ ਵਿੱਚ ਗੰਗਾ ਜਲ ਦੀ ਇੱਕ-ਇੱਕ ਸ਼ੀਸ਼ੀ ਭੇਜ ਕੇ ਇਸ ਗੱਲ ਦੀ ਪਰਖ ਕਰਵਾਈ ਜਾ ਸਕਦੀ ਹੈ। ਬਹੁਤ ਸਾਰੇ ਵਿਅਕਤੀ ਇਹ ਕਹਿੰਦੇ ਹਨ ਕਿ ਗੰਗਾ ਜਲ ਦੇ ਪਵਿੱਤਰ ਹੋਣ ਕਾਰਨ ਇਸ ਵਿੱਚ ਜਾਲੇ ਨਹੀਂ ਬਣਦੇ। ਅਸਲ ਵਿੱਚ ਗੰਗਾ ਜਲ ਵਿੱਚ ਮਲਮੂਤਰ ਆਦਿ ਹੋਣ ਕਾਰਨ ਇਸ ਨੂੰ ਖਾਣ ਲਈ ਬੈਕਟੀਰੀਆ ਫਾਸ ਨਾ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਜੋ ਜਾਲੇ ਪੈਦਾ ਹੋਣ ਨਹੀਂ ਦਿੰਦਾ।
ਸੋ ਗੰਗਾ ਜਲ ਨਾਲ ਸਰੀਰ ਦੀ ਸ਼ੁੱਧੀ ਹੋਣ ਵਾਲੀ ਗੱਲ ਅੰਧ ਵਿਸ਼ਵਾਸ ਤੋਂ ਵਧੇਰੇ ਕੁਝ ਨਹੀਂ ਹੈ।
ਬਾਬਾ ਰਾਮ ਦੇਵ : ਪੂਰਨ ਸੱਤਿਆ ਚਰਨ ਵਾਲਾ ਵਿਅਕਤੀ ਜੋ ਕੁਝ ਮੂੰਹੋਂ ਕਹਿ ਦਿੰਦਾ ਹੈ ਉਹ ਪੂਰਾ ਹੋ ਜਾਂਦਾ ਹੈ।
ਬਾਬਾ ਜੀ ਅਜਿਹਾ ਇੱਕ ਵੀ ਪੁਰਸ਼ ਸੰਸਾਰ ਵਿੱਚੋਂ ਕਿਧਰੋਂ ਵੀ ਲੱਭ ਕੇ ਲੈ ਆਉਣ ਉਸਨੂੰ ਕਹਿਣ ਕਿ ਧਰਤੀ ਸੂਰਜ ਦੁਆਲੇ ਚੱਕਰ ਲਾਉਣਾ ਬੰਦ ਕਰ ਦੇਵੇ ਸਗੋਂ ਸੂਰਜ ਧਰਤੀ ਦੁਆਲੇ ਚੱਕਰ ਲਾਉਣਾ ਸ਼ੁਰੂ ਕਰ ਦੇਵੇ। ਕੀ ਇਹ ਹੋ ਜਾਵੇਗਾ? ਜੀ ਨਹੀਂ ਅਸਲ ਵਿੱਚ ਅਜਿਹਾ ਇੱਕ ਵੀ ਵਿਅਕਤੀ ਨਾ ਕਿਧਰੇ ਪੈਦਾ ਹੋਇਆ ਹੈ ਨਾ ਹੀ ਪੈਦਾ ਹੋਵੇਗਾ ਜਿਸਦਾ ਕਿਹਾ ਹਰ ਬੋਲ ਸੱਚ ਹੋਵੇਗਾ। ਬਾਬਾ ਜੀ ਇਸ ਗੱਲ ਦੇ ਨਾਲ ਵੀ ਇਹ ਗੱਲ ਲਿਖਦੇ ਹਨ ਕਿ ਯੋਗੀ ਪੁਰਸ਼ ਕਦੇ ਵੀ ਅਸੰਭਵ, ਹਾਨੀਕਾਰਕ ਤੇ ਆਯੁਕਤ ਬਾਣੀ ਨਹੀਂ ਬੋਲਦੇ ਹਨ। ਬਾਬਾ ਜੀ ਜੇ ਤੁਸੀਂ ਕੋਈ ਅਜਿਹਾ ਵਿਅਕਤੀ ਲੱਭ ਕੇ ਉਸਤੋਂ ਬੁਲਾ ਦੇਵੋ ਕਿ ਭਾਰਤ ਵਿੱਚੋਂ ਬੇਰੁਜ਼ਗਾਰੀ ਤੇ ਅਣਪੜ੍ਹਤਾ ਛੇ ਮਹੀਨੇ ਦੇ ਅੰਦਰ-ਅੰਦਰ ਖ਼ਤਮ ਹੋ ਜਾਵੇ, ਕੀ ਇਹ ਖ਼ਤਮ ਹੋ ਜਾਵੇਗੀ। ਨਹੀਂ, ਇਹ ਗੱਲਾਂ ਤਾਂ ਉਦੋਂ ਸੰਭਵ ਹੋਣਗੀਆਂ ਜਦੋਂ ਇੱਥੇ ਲੋਕ ਹਿੱਤੂ ਚੰਗੇ ਵਿਅਕਤੀਆਂ ਦੀ ਟੀਮ ਇਸ ਦੇਸ਼ ਦੀ ਸਤ੍ਹਾ ਤੇ ਕਾਬਜ਼ ਹੋਵੇਗੀ।
ਬਾਬਾ ਰਾਮ ਦੇਵ : ਜੇਕਰ ਸੰਸਾਰ ਦੇ ਲੋਕ ਅਸਲ ਵਿੱਚ ਇਸ ਗੱਲ ਲਈ ਗੰਭੀਰ ਨੇ ਕਿ ਸੰਸਾਰ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਇਸਦਾ ਇੱਕੋ ਇੱਕ ਹੱਲ ਹੈ ਅਸਟਾਂਗ ਯੋਗ ਦੀ ਪਾਲਣਾ। ਅਸਟਾਂਗ ਯੋਗ ਨਾਲ ਹੀ ਸਰੀਰਕ ਸਿਹਤ, ਦਿਮਾਗ਼ੀ ਚੇਤਨਾ, ਮਾਨਸਿਕ ਸ਼ਾਂਤੀ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ।
ਆਉ ਵੇਖੀਏ ਕਿ ਇਹ ਅਸਟਾਂਗ ਯੋਗ ਤੋਂ ਬਾਬਾ ਜੀ ਦਾ ਕੀ ਭਾਵ ਹੈ, ਅਸਟਾਂਗ ਦਾ ਮਤਲਬ ਹੈ ਅੱਠ ਅੰਗ।
1. ਮਨ ਅਤੇ ਸਰੀਰ ਦੀਆਂ ਇੰਦਰੀਆਂ ਨੂੰ ਹਿੰਸਕ ਕਾਰਵਾਈਆਂ ਤੋਂ ਹਟਾ ਕੇ ਆਤਮਿਕ ਕੇਂਦਰ ਕਰਨਾ
2. ਆਤਮਾ ਦੀ ਸ਼ੁੱਧੀ ਕਰਨਾ, ਸੰਤੋਸ਼, ਤਪ, ਸ਼ਕਤੀ
3. ਆਸਣ ਲਗਾਉਣਾ
4. ਪ੍ਰਾਣ ਯਾਮ ਕਰਨਾ
5. ਇੰਦਰੀਆਂ ਨੂੰ ਅੰਤਰਮੁਖੀ ਕਰਨਾ
6. ਮਨ ਨੂੰ ਇਕਾਗਰ ਕਰਨਾ
7. ਧਿਆਨ ਲਾਉਣਾ
8. ਸਮਾਧੀ ਲਾਉਣੀ ਯੋਗ ਸਾਧਨਾ ਸਫ਼ਾ 9
ਬਾਬਾ ਜੀ ਸਮਝਦੇ ਹਨ ਕਿ ਜੇ ਸੰਸਾਰ ਦੇ ਸਾਰੇ ਵਿਅਕਤੀ ਉਪਰੋਕਤ ਅੱਠ ਨਿਯਮਾਂ ਦਾ ਪਾਲਣ ਕਰਨ ਤਾਂ ਪੂਰੇ ਸੰਸਾਰ ਵਿੱਚ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ।
ਹੁਣ ਆਓ ਵੇਖੀਏ ਕਿ ਸੰਸਾਰ ਵਿੱਚ ਇਸ ਤਰ੍ਹਾਂ ਕਰਨ ਨਾਲ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ?
ਜਿਵੇਂ ਦੁਨੀਆਂ ਦੇ ਲੋਕ ਜਾਣਦੇ ਹਨ ਕਿ ਸਮੁੱਚਾ ਮਨੁੱਖੀ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਇੱਕ ਜਮਾਤ ਉਹਨਾਂ ਅਮੀਰ ਲੋਕਾਂ ਦੀ ਹੈ ਜੋ ਦੂਸਰਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਕਰਦੇ ਹਨ। ਦੂਸਰੀ ਜਮਾਤ ਉਹਨਾਂ ਲੋਕਾਂ ਦੀ ਹੈ ਜੋ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਜਿੰਨਾ ਚਿਰ ਦੁਨੀਆਂ ਵਿੱਚ ਚੋਰ ਵੰਡ ਰਹੇਗੀ ਕੀ ਇੱਥੇ ਸ਼ਾਂਤੀ ਸੰਭਵ ਹੈ। ਬਾਬਾ ਜੀ ਦੇ ਉਪਰੋਕਤ ਨਿਯਮਾਂ ਦੀ ਪਾਲਣਾ ਨਾਲ ਅਮੀਰਾਂ ਨੇ ਆਪਣਾ ਧੰਨ ਦੌਲਤ ਗ਼ਰੀਬਾਂ ਵਿੱਚ ਵੰਡਣਾ ਨਹੀਂ ਹੈ। ਇਸ ਲਈ ਜਿੰਨਾ ਚਿਰ ਅਮੀਰਾਂ ਗ਼ਰੀਬਾਂ ਦੀ ਦੌਲਤ ਵਿੱਚ ਇਹ ਵੱਡਾ ਪਾੜਾ ਕਾਇਮ ਰਹੇਗਾ ਉਨਾ ਚਿਰ ਇੱਥੇ ਕਿਸੇ ਕਿਸਮ ਦੀ ਸ਼ਾਂਤੀ ਸਥਾਪਤ ਹੋਣਾ ਅਸੰਭਵ ਹੋਵੇਗਾ। ਇਹ ਸ਼ਾਂਤੀ ਉਸ ਸਮੇਂ ਹੀ ਸੰਭਵ ਹੋਵੇਗੀ ਜਦੋਂ ਇੱਥੇ ਗ਼ਰੀਬਾਂ ਤੇ ਅਮੀਰਾਂ ਵਿੱਚ ਇਹ ਪਾੜਾ ਖ਼ਤਮ ਹੋਵੇਗਾ। ਇਹ ਪਾੜਾ ਉਨਾ ਚਿਰ ਖ਼ਤਮ ਨਹੀਂ ਹੋਵੇਗਾ ਜਿੰਨਾ ਚਿਰ ਇੱਥੇ ਰਾਜ ਸੱਤਾ ਵਿੱਚ ਅਜਿਹੇ ਲੋਕ ਨਹੀਂ ਆਉਣਗੇ ਜੋ ਕਾਨੂੰਨ ਰਾਹੀਂ ਅਮੀਰਾਂ ਦੀ ਧੰਨ ਦੌਲਤ ਤੇ ਰਾਜ ਸੱਤਾ ਦਾ ਕਬਜ਼ਾ ਨਹੀਂ ਕਰਨਗੇ। ਸੋ ਦੌਲਤ ਦੀ ਕਾਣੀ ਵੰਡ ਹੀ ਅਸ਼ਾਂਤੀ ਦਾ ਕਾਰਨ ਹੈ। ਇਹ ਕਾਣੀ ਵੰਡ ਸ਼ਾਂਤੀ ਨਾਲ ਹੀ ਖ਼ਤਮ ਕੀਤੀ ਜਾਣੀ ਸੰਭਵ ਨਹੀਂ, ਕਿਉਕਿ ਅੱਜ ਕੱਲ੍ਹ ਧੰਨ ਦੌਲਤ ਤੇ ਕਾਬਜ਼ ਆਪਣੇ ਧੰਨ ਦੌਲਤ ਰਾਹੀਂ ਹੀ ਸਤ੍ਹਾ ਤੇ ਕਾਬਜ਼ ਹਨ। ਦੌਲਤ ਹੀਣ ਵਿਅਕਤੀਆਂ ਦਾ ਅੱਜ ਦੇ ਨੋਟਾਂ ਤੇ ਨਸ਼ੇ ਵੰਡਣ ਦੇ ਦੌਰ ਵਿੱਚ ਸ਼ਾਂਤੀ ਨਾਲ ਸਤ੍ਹਾ ਤੇ ਕਾਬਜ਼ ਹੋਣਾ ਸੰਭਵ ਨਹੀਂ।
ਬਾਬਾ ਰਾਮ ਦੇਵ : ਭੋਜਨ ਕਰਨ ਸਮੇਂ ਗੱਲਬਾਤ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਚਿੱਥਿਆ ਨਹੀਂ ਜਾਂਦਾ। ਇਸ ਲਈ ਭੋਜਨ ਕਰਦੇ ਸਮੇਂ ਚੁੱਪ ਰਹਿਕੇ ਭਗਵਾਨ ਦਾ ਨਾਮ ਜਪਦੇ ਹੋਏ ਚਿੱਥ-ਚਿੱਥ ਕੇ ਭੋਜਨ ਕਰਨਾ ਚਾਹੀਦਾ ਹੈ।
ਮੈਂ ਬਾਬਾ ਜੀ ਦੀ ਇਸ ਗੱਲ ਨਾਲ ਤਾਂ ਸਹਿਮਤ ਹਾਂ ਕਿ ਭੋਜਨ ਚੰਗੀ ਤਰ੍ਹਾਂ ਚਿੱਥ-ਚਿੱਥ ਕੇ ਕਰਨਾ ਚਾਹੀਦਾ ਹੈ। ਪਰ ਉਹਨਾਂ ਦੀ ਇਸ ਗੱਲ ਨਾਲ ਬਿਲਕੁੱਲ ਵੀ ਸਹਿਮਤ ਨਹੀਂ ਹਾਂ ਕਿ ਭੋਜਨ ਕਰਨ ਸਮੇਂ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਕੀ ਕਿਸੇ ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਨਾਲ ਸ਼ਬਦ ਦੁਹਰਾਉਣ ਵਾਲੇ ਵਿਅਕਤੀ ਦੀ ਸਿਹਤ ਵਧੀਆ ਹੋ ਜਾਂਦੀ ਹੈ ਜਾਂ ਜਿਸ ਸ਼ਬਦ ਦਾ ਵਾਰ-ਵਾਰ ਦੁਹਰਾਓ ਕੀਤਾ ਜਾਂਦਾ ਹੈ ਕੀ ਉਸਦੀ ਸਿਹਤ ਨੂੰ ਕੋਈ ਫ਼ਰਕ ਪਵੇਗਾ? ਇਹ ਗੱਲ ਹਰੇਕ ਵਿਅਕਤੀ ਨੂੰ ਵਿਚਾਰਨੀ ਚਾਹੀਦੀ ਹੈ ਕਿ ਸ਼ਬਦਾਂ ਦੇ ਵਾਰ-ਵਾਰ ਦੁਹਰਾਓ ਬੇਅਰਥ ਹਨ। ਹਾਂ ਜੇ ਕਿਸੇ ਵਿਅਕਤੀ, ਦੇਵਤੇ ਜਾਂ ਭਗਵਾਨ ਵਿਚ ਤੁਹਾਡਾ ਵਿਸ਼ਵਾਸ ਹੈ ਤਾਂ ਉਸ ਦੁਆਰਾ ਦੱਸੀਆਂ ਗਈਆਂ ਚੰਗੀਆਂ ਗੱਲਾਂ ਨੂੰ ਜੇ ਅਮਲ ਵਿਚ ਲਿਆਂਦਾ ਜਾਵੇ ਤਾਂ ਇਹ ਜ਼ਰੂਰ ਹੀ ਇਸ ਗੱਲ ਨਾਲੋਂ ਵੱਧ ਲਾਭਦਾਇਕ ਹੋਵੇਗਾ। ਜੇ ਪੂਰਾ ਪ੍ਰੀਵਾਰ ਜਾਂ ਕਈ ਦੋਸਤ ਮਿੱਤਰ ਭੋਜਨ ਕਰਦੇ ਸਮੇਂ ਬੈਠ ਕੇ ਗੱਲਬਾਤ ਵੀ ਕਰ ਲੈਂਦੇ ਹਨ ਤਾਂ ਇਸ ਵਿਚ ਵੀ ਕੋਈ ਹਰਜ ਨਹੀਂ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜਦੋਂ ਮੈਨੂੰ ਇੱਕ ਦਾਅਵਤ ਤੇ ਬੁਲਾਇਆ ਗਿਆ ਤਾਂ ਮੇਰਾ ਦੁਭਾਸੀਆ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਇਹ ਭੋਜਨ ਹੌਲੀ-ਹੌਲੀ ਕਰਨਾ ਕਿਉਕਿ ਇੱਥੇ ਦਾਅਵਤਾਂ ਤਾਂ ਗੱਲਬਾਤ ਕਰਨ ਲਈ ਹੀ ਕੀਤੀਆਂ ਜਾਂਦੀਆਂ ਹਨ। ਮੈਨੂੰ ਯਾਦ ਹੈ ਅਸੀਂ ਉਹ ਭੋਜਨ ਦੋ ਘੰਟਿਆਂ ਵਿੱਚ ਖ਼ਤਮ ਕੀਤਾ ਸੀ।
ਬਾਬਾ ਰਾਮ ਦੇਵ : ਦੌਲਤ ਉਹਨਾਂ ਦੇ ਅੱਗੇ ਪਿੱਛੇ ਭੱਜਦੀ ਹੈ ਜਿਹੜੇ ਉਸਨੂੰ ਤਿਆਗ ਦਿੰਦੇ ਹਨ। ਯੋਗੀ ਮਹਾਂ ਪੁਰਸ਼ਾਂ ਦੀ ਸਥਿਤੀ ਵੀ ਅਜਿਹੀ ਹੀ ਹੁੰਦੀ ਹੈ। ਉਹ ਲੋਭੀ ਨਹੀਂ ਹੁੰਦੇ। ਦੁਨੀਆਂ ਦੇ ਦਾਨੀ ਲੋਕ ਉਨ੍ਹਾਂ ਦੇ ਚਰਨਾਂ ਵਿੱਚ ਹਰ ਕਿਸਮ ਦੇ ਹੀਰੇ, ਜਵਾਹਰਾਤ ਢੇਰੀ ਕਰ ਦਿੰਦੇ ਹਨ ਅਤੇ ਉਹ ਯੋਗੀ ਪੁਰਸ਼ ਵੀ ਆਪਣਾ ਸਾਰਾ ਕੁਝ ਮਾਨਵਤਾ ਦੇ ਹਿੱਤ ਵਿੱਚ ਅਰਪਣ ਕਰ ਦਿੰਦੇ ਹਨ।
ਆਪਣੀ ਸੁਰਤ ਸੰਭਾਲਣ ਤੋਂ ਪਿੱਛੋਂ ਮੈਂ ਭਾਰਤ ਦੇ ਯੋਗੀ ਪੁਰਸ਼ਾਂ ਨੂੰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ ਵੇਖਿਆ ਹੈ। ਲੋਕਾਂ ਵੱਲੋਂ ਦਾਨ ਵਿੱਚ ਦਿੱਤੇ ਗਏ ਪੈਸੇ ਦਾ ਇਸਤੇਮਾਲ ਆਪਣੀਆਂ ਸੁੱਖ ਸਹੂਲਤਾਂ ਲਈ ਕਰਦੇ ਵੇਖਿਆ ਹੈ। ਬਾਬਾ ਰਾਮਦੇਵ ਜੀ ਵੀ ਕੈਸਟਾਂ, ਸੀਡੀਆਂ, ਦਵਾਈਆਂ ਅਤੇ ਕਿਤਾਬਾਂ ਲਾਗਤ ਮੁੱਲ ਤੋਂ ਚਾਰ ਪੰਜ ਗੁਣਾ ਵੱਧ ਕੀਮਤ ਤੇ ਵੇਚ ਰਹੇ ਹਨ। ਮੈਨੂੰ ਤਾਂ ਉਹਨਾਂ ਦੀ ਇਹ ਗੱਲ ਉਪਰੋਕਤ ਗੱਲ ਦਾ ਵਿਰੋਧ ਕਰਦੀ ਹੀ ਨਜ਼ਰ ਆਉਦੀ ਹੈ। ਜੇ ਅਜਿਹਾ ਨਹੀਂ ਹੈ ਤਾਂ ਬਾਬਾ ਜੀ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਘੱਟੋ-ਘੱਟ ਦਵਾਈਆਂ, ਕਿਤਾਬਾਂ ਤੇ ਸੀਡੀਆਂ ਲਾਗਤ ਮੁੱਲ ਤੇ ਵੇਚਣੀਆਂ ਚਾਹੀਦੀਆਂ ਹਨ।
ਬਾਬਾ ਰਾਮ ਦੇਵ : ਭਗਵਾਨ ਨੇ ਭਰਵੱਟੇ, ਅੱਖ, ਕੰਨ, ਨੱਕ, ਦਿਲ ਅਤੇ ਛਾਤੀ ਆਦਿ ਸਾਰੇ ਅੰਗਾਂ ਦੀ ਸ਼ਕਲ ਓਂਕਾਰ ਵਰਗੀ ਬਣਾਈ ਹੈ।
ਜੇ ਕੋਈ ਸਿੱਖ ਬੱਦਲਾਂ ਵੱਲ ਧਿਆਨ ਨਾਲ ਵੇਖੇ ਤਾਂ ਉਸਨੂੰ ਉਹਨਾਂ ਵਿੱਚੋਂ ਖੰਡਾ ਨਜ਼ਰ ਆਉਣ ਲੱਗ ਪਵੇਗਾ, ਜੇ ਕੋਈ ਹਿੰਦੂ ਉਹਨਾਂ ਹੀ ਬੱਦਲਾਂ ਨੂੰ ਧਿਆਨ ਨਾਲ ਦੇਖਣ ਲੱਗ ਪਵੇ ਤਾਂ ਓਂਕਾਰ ਨਜ਼ਰ ਆਉਣ ਲੱਗ ਪਵੇਗਾ ਤੇ ਈਸਾਈਆਂ ਨੂੰ ਉਸ ਵਿੱਚ ਈਸਾ ਮਸੀਹ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਤੇ ਮੁਸਲਮਾਨਾਂ ਨੂੰ ਅੱਲ੍ਹਾ ਵਿਖਾਈ ਦੇਣਾ ਸ਼ੁਰੂ ਕਰ ਦੇਵੇਗਾ। ਅਸਲ ਵਿੱਚ ਇਹ ਸਾਰੇ ਮਨੋਭਰਮ ਹੁੰਦੇ ਹਨ। ਹਰ ਧਰਮ ਦਾ ਪੈਰੋਕਾਰ ਆਪਣੇ ਧਰਮ ਨੂੰ ਦੂਜਿਆਂ ਦੇ ਧਰਮ ਨਾਲੋਂ ਵੱਡਾ ਅਤੇ ਅਲੋਕਾਰੀ ਸ਼ਕਤੀਆਂ ਦਾ ਮਾਲਕ ਸਿੱਧ ਕਰਨਾ ਚਾਹੁੰਦਾ ਹੈ। ਮਨੁੱਖੀ ਅੰਗਾਂ ਵਿੱਚੋਂ ਕਿਸੇ ਇੱਕ ਦੀ ਵੀ ਸ਼ਕਲ ਓਂਕਾਰ ਵਰਗੀ ਨਹੀਂ ਹੁੰਦੀ ਪਰ ਓਂਕਾਰ ਦੀ ਸ਼ਕਲ ਇਹਨਾਂ ਵਰਗੀ ਜ਼ਰੂਰ ਬਣਾਈ ਜਾ ਸਕਦੀ ਹੈ। ਜਿਵੇਂ ਵਿਆਹਾਂ ਦੇ ਕਾਰਡਾਂ ਤੇ ਗਣੇਸ਼ ਜੀ ਦੀ ਸ਼ਕਲ ਨੂੰ ਬਣਾਉਣ ਦੇ ਢੰਗ ਹਜ਼ਾਰਾਂ ਹੀ ਨਹੀਂ ਲੱਖਾਂ ਹਨ।
ਬਾਬਾ ਰਾਮ ਦੇਵ : ਸਮੁੱਚੇ ਬ੍ਰਹਿਮੰਡ ਨੂੰ ਓਂਕਾਰ ਨਾਂ ਦੀ ਗੈਬੀ ਸ਼ਕਤੀ ਚਲਾ ਰਹੀ ਹੈ। ਬ੍ਰਹਮਾ ਜੋ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦਾ ਉਹ ਆਪਣੀ ਗ਼ੈਬੀ ਸ਼ਕਤੀ ਨਾਲ ਇਸ ਬ੍ਰਹਿਮੰਡ ਦਾ ਸੰਚਾਲਨ ਕਰ ਰਿਹਾ ਹੈ।
ਓਂਕਾਰ ਦਾ ਬ੍ਰਹਿਮੰਡ ਨੂੰ ਚਲਾਉਣ ਵਿੱਚ ਕੋਈ ਹੱਥ ਨਹੀਂ ਹੈ ਸਗੋਂ ਸੰਸਾਰ ਵਿੱਚ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕੁਦਰਤ ਦਾ ਨਿਯਮ ਜ਼ਰੂਰ ਹੁੰਦਾ ਹੈ। ਇਹਨਾਂ ਕੁਦਰਤੀ ਨਿਯਮਾਂ ਨੂੰ ਬਣਾਉਣ ਵਾਲੀ ਕੋਈ ਸ਼ਕਤੀ ਨਹੀਂ ਸੀ ਅਤੇ ਨਾ ਹੀ ਕੋਈ ਅਜਿਹੀ ਸ਼ਕਤੀ ਹੈ ਜਿਹੜੀ ਇਹਨਾਂ ਨਿਯਮਾਂ ਨੂੰ ਖ਼ਤਮ ਕਰ ਸਕੇ। ਕੁਦਰਤੀ ਨਿਯਮ ਸਦੀਵੀ ਸੱਚ ਹੁੰਦੇ ਹਨ ਜਿਹੜੇ ਸਮੇਂ ਤੇ ਸਥਾਨਾਂ ਤੇ ਨਿਰਭਰ ਨਹੀਂ ਕਰਦੇ। ਜਿਹੜੇ ਨਿਯਮ ਧਰਤੀ ਤੇ ਠੀਕ ਸਿੱਧ ਹੁੰਦੇ ਹਨ ਉਹ ਚੰਦਰਮਾ, ਗ੍ਰਹਿਆਂ ਅਤੇ ਤਾਰਿਆਂ ਤੇ ਵੀ ਸਹੀ ਹੋਣਗੇ। ਜੇ ਅੱਜ ਧਰਤੀ ਤੇ ਲੱਗੇ ਦਰੱਖ਼ਤ ਦੇ ਫਲ ਟੁੱਟ ਕੇ ਧਰਤੀ ਦੇ ਕੇਂਦਰ ਵੱਲ ਨੂੰ ਡਿੱਗਦੇ ਹਨ ਤਾਂ ਅੱਜ ਤੋਂ ਦਸ ਹਜ਼ਾਰਾਂ ਸਾਲ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ। ਆਕਸੀਜਨ ਦੀ ਅਣਹੋਂਦ ਕਰਕੇ ਬੇਸ਼ੱਕ ਚੰਦਰਮਾ ਤੇ ਦਰੱਖ਼ਤ ਨਹੀਂ ਹਨ ਪਰ ਜੇ ਉੱਥੇ ਵੀ ਅਜਿਹਾ ਹੁੰਦਾ ਤਾਂ ਫਲ ਟੁੱਟ ਜਾਣ ਤੇ ਚੰਦਰਮਾ ਦੇ ਕੇਂਦਰ ਵੱਲ ਨੂੰ ਹੀ ਖਿੱਚੇ ਜਾਣੇ ਸਨ। ਪ੍ਰਾਿਤਕ ਨਿਯਮਾਂ ਨੂੰ ਵਿਗਿਆਨਕਾਂ ਨੇ ਬਣਾਇਆ ਨਹੀਂ ਸਗੋਂ ਖੋਜਿਆ ਹੈ। ਨਿਊਟਨ ਦਾ ਗੁਰੂਤਾ ਆਕਰਸ਼ਨ ਦਾ ਨਿਯਮ ਉਸ ਸਮੇਂ ਵੀ ਠੀਕ ਸੀ ਜਦੋਂ ਨਿਊਟਨ ਅਜੇ ਪੈਦਾ ਵੀ ਨਹੀਂ ਸੀ ਹੋਇਆ।
ਜੀਵਨ ਚੱਕਰ
ਵਿਗਿਆਨ ਨੂੰ ਸਮਝਣ ਲਈ ਇੱਕ ਹੋਰ ਨਿਯਮ ਦੀ ਸਮਝ ਵੀ ਅਤਿ ਜ਼ਰੂਰੀ ਹੈ। ਬ੍ਰਹਿਮੰਡ ਵਿੱਚ ਉਪਲੱਬਧ ਹਰੇਕ ਜੀਵਤ ਅਤੇ ਮੁਰਦਾ ਵਸਤੂ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਸੁਖ਼ਾਲੀ ਭਾਸ਼ਾ ਵਿੱਚ ਅਸੀਂ ਇਸ ਨੂੰ ਜੀਵਨ ਚੱਕਰ ਕਹਿ ਸਕਦੇ ਹਾਂ। ਸਾਰੇ ਸੰਸਾਰ ਵਿੱਚ ਇੱਕ ਵੀ ਅਜਿਹਾ ਪਦਾਰਥ ਨਹੀਂ ਹੈ ਜਿਸਦਾ ਜਨਮ ਅਤੇ ਮੌਤ ਨਾ ਹੋਵੇ। ਇਹ ਜੀਵਨ ਚੱਕਰ ਸੈਕਿੰਡ ਤੋਂ ਘੱਟ ਹੋ ਸਕਦਾ ਹੈ ਅਤੇ ਖ਼ਰਬਾਂ ਵਰ੍ਹਿਆਂ ਤੋਂ ਵੱਧ ਵੀ। ਉਦਾਹਰਣ ਲਈ ਮੱਛਰ ਕੁਝ ਦਿਨਾਂ ਵਿੱਚ ਹੀ ਜਨਮ, ਜੁਆਨੀ, ਸੰਤਾਨ ਉਤਪਤੀ ਅਤੇ ਬੁਢਾਪੇ ਦਾ ਚੱਕਰ ਪੂਰਾ ਕਰ ਲੈਂਦਾ ਹੈ। ਅਸੀਂ ਮਨੁੱਖ ਲੱਗਭੱਗ ਅੱਸੀ ਸਾਲ ਵਿੱਚ ਇਹ ਚੱਕਰ ਖ਼ਤਮ ਕਰ ਲਵਾਂਗੇ। ਆਪਣੇ ਮਾਤਾ ਪਿਤਾ ਤੋਂ ਇੱਕ-ਇੱਕ ਸੈੱਲ ਪ੍ਰਾਪਤ ਕਰਕੇ ਅਸੀਂ ਆਪਣਾ ਜੀਵਨ ਚੱਕਰ ਸ਼ੁਰੂ ਕਰਦੇ ਹਾਂ। ਇਸ ਤੋਂ ਬਾਅਦ ਧਰਤੀ ਤੇ ਉੱਗੇ ਪੌਦਿਆਂ ਤੋਂ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਵਰਗੇ ਤੱਤਾਂ ਦੇ ਪ੍ਰਮਾਣੂਆਂ ਤੋਂ ਬਣੇ ਅਣੂ ਪ੍ਰਾਪਤ ਕਰਦੇ ਰਹਿੰਦੇ ਹਾਂ ਜਿਸ ਨਾਲ ਸਾਡੇ ਅੰਦਰ ਸੈੱਲਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ। ਲੱਗਭਗ ਚਾਲੀ ਸਾਲ ਦੀ ਉਮਰ ਤੱਕ ਸਾਡੇ ਵਿੱਚ ਜਮ੍ਹਾਂ ਹੋਣ ਵਾਲੇ ਸੈੱਲਾਂ ਦੀ ਗਿਣਤੀ ਛੇ ਖ਼ਰਬ ਤੱਕ ਪੁੱਜ ਜਾਂਦੀ ਹੈ। ਜਿਵੇਂ ਹਰੇਕ ਵਸਤੂ ਦਾ ਜੀਵਨ ਚੱਕਰ ਹੁੰਦਾ ਹੈ ਉਸੇ ਤਰ੍ਹਾਂ ਸੈੱਲਾਂ ਦਾ ਜੀਵਨ ਚੱਕਰ ਵੀ ਕੁਝ ਦਿਨਾਂ ਦਾ ਹੀ ਹੁੰਦਾ ਹੈ। ਪੁਰਾਣੇ ਸੈੱਲ ਮਰਦੇ ਰਹਿੰਦੇ ਹਨ ਅਤੇ ਨਵੇਂ ਪੈਦਾ ਹੁੰਦੇ ਰਹਿੰਦੇ ਹਨ। ਸਮੁੱਚੇ ਰੂਪ ਵਿੱਚ ਸਰੀਰ ਦੇ ਸੈੱਲਾਂ ਦੀ ਗਿਣਤੀ ਚਾਲੀ ਸਾਲ ਦੀ ਉਮਰ ਤੱਕ ਵਧਦੀ ਰਹਿੰਦੀ ਹੈ। ਪਰ ਇਸ ਪਿੱਛੋਂ ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤੱਕ ਇਹ ਗਿਣਤੀ ਲੱਗਭੱਗ ਸਾਵੀਂ ਰਹਿੰਦੀ ਹੈ। ਇਸ ਤੋਂ ਬਾਅਦ ਇਹ ਘਟਨਾ ਸ਼ੁਰੂ ਹੋ ਜਾਂਦੀ ਹੈ। ਸਰੀਰ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਮਰਨ ਵਾਲੇ ਸੈੱਲਾਂ ਤੋਂ ਘੱਟ ਜਾਂਦੀ ਹੈ। ਲੱਗਭੱਗ ਅੱਸੀ ਸਾਲ ਦੀ ਉਮਰ ਤੱਕ ਸਰੀਰ ਦੇ ਸੈੱਲਾਂ ਦੀ ਗਿਣਤੀ ਐਨੀ ਘੱਟ ਹੋ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਕੰਮ ਕਰਨੋਂ ਜਵਾਬ ਦੇ ਜਾਂਦੀ ਹੈ। ਇਸ ਤਰ੍ਹਾਂ ਸਾਡੇ ਜੀਵਨ ਚੱਕਰ ਦਾ ਅੰਤ ਹੋ ਜਾਂਦਾ ਹੈ ਅਤੇ ਧਰਤੀ ਤੋਂ ਪ੍ਰਾਪਤ ਸਾਰੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਮੁੜ ਜਾਂਦੇ ਹਨ।
ਧਰਤੀ ਤੇ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਵੀ ਇਸੇ ਕਿਸਮ ਦਾ ਜੀਵਨ ਚੱਕਰ ਬਤੀਤ ਕਰਦੀਆਂ ਰਹਿੰਦੀਆਂ ਹਨ। ਉਦਾਹਰਣ ਵਜੋਂ ਜਿਸ ਕੁਰਸੀ ਤੇ ਬੈਠ ਕੇ ਤੁਸੀਂ ਇਹ ਕਿਤਾਬ ਪੜ੍ਹ ਰਹੇ ਹੋ ਉਸ ਦੇ ਬੀਤੇ ਹੋਏ ਸਮੇਂ ਤੇ ਆਉਣ ਵਾਲੇ ਪਲਾਂ ਬਾਰੇ ਤੁਸੀਂ ਕੁਝ ਨਾ ਕੁਝ ਅੰਦਾਜ਼ਾ ਜ਼ਰੂਰ ਲਾ ਸਕਦੇ ਹੋ। ਤੁਹਾਡੀ ਸੋਚ ਦੱਸੇਗੀ ਕਿ ਕਿਸੇ ਸਮੇਂ ਇਹ ਕੁਰਸੀ ਇੱਕ ਦਰੱਖ਼ਤ ਦਾ ਕੋਈ ਅੰਗ ਹੋਵੇਗੀ ਅਤੇ ਉਹ ਦਰੱਖ਼ਤ ਆਪਣੀ ਉਮਰ ਭੋਗ ਕੇ ਸੁੱਕ ਗਿਆ ਹੋਵੇਗਾ ਜਾਂ ਕਿਸੇ ਲੱਕੜ ਹਾਰੇ ਦੀ ਲੋੜ ਬਣ ਗਿਆ ਹੋਵੇਗਾ ਅਤੇ ਕਿਸੇ ਕਾਰੀਗਰ ਨੇ ਇਸਦੀ ਕੁਰਸੀ ਤਿਆਰ ਕਰ ਦਿੱਤੀ ਹੋਵੇਗੀ। ਜਦੋਂ ਇਸਦੇ ਭਵਿੱਖ ਵੱਲ ਨਜ਼ਰ ਮਾਰੋਗੇ ਤਾਂ ਤੁਸੀਂ ਇਸ ਸਿੱਟੇ ਤੇ ਪਹੁੰਚੋਗੇ ਕਿ ਕਿਸੇ ਦਿਨ ਇਹ ਕੁਰਸੀ ਟੁੱਟ ਜਾਵੇਗੀ ਅਤੇ ਕੋਈ ਇਸਨੂੰ ਚੁੱਲ੍ਹੇ ਵਿੱਚ ਬਾਲਣ ਦੇ ਤੌਰ ਤੇ ਵਰਤ ਲਵੇਗਾ। ਇਸ ਤਰ੍ਹਾਂ ਪ੍ਰਾਪਤ ਹੋਇਆ ਗਰਮੀ, ਪਾਣੀ ਤੇ ਕਾਰਬਨ ਡਾਈਆਕਸਾਈਡ ਮੁੜ ਵਾਯੂਮੰਡਲ ਵਿੱਚ ਜਾ ਮਿਲੇਗਾ ਜਿੱਥੇ ਦਰੱਖ਼ਤਾਂ ਨੇ ਮੁੜ ਇਸਦੀ ਖੁਰਾਕ ਬਣਾ ਲੈਣੀ ਹੈ ਅਤੇ ਸਿੱਟੇ ਵਜੋਂ ਧਰਤੀ ਵਿੱਚੋਂ ਨਿਕਲੇ ਅਣੂ ਧਰਤੀ ਵਿੱਚ ਹੀ ਵਾਪਸ ਹੋ ਜਾਣਗੇ।
ਸਮੁੰਦਰ ਵਿੱਚੋਂ ਵਾਸ਼ਪ ਬਣ ਕੇ ਉੱਡਿਆ ਪਾਣੀ ਬੱਦਲ ਬਣ ਕੇ ਪਹਾੜਾਂ ਤੇ ਢੇਰੀ ਹੋ ਜਾਂਦਾ ਹੈ। ਸੈਂਕੜੇ ਮੀਲਾਂ ਦੀ ਦੂਰੀ ਤੈਅ ਕਰਕੇ ਫਿਰ ਨਦੀਆਂ ਨਾਲਿਆਂ ਵਿੱਚੋਂ ਦੀ ਯਾਤਰਾ ਕਰਦਾ ਮੁੜ ਸਮੁੰਦਰ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਬ੍ਰਹਿਮੰਡ ਵਿੱਚ ਮਿਲਣ ਵਾਲੇ ਸਾਰੇ ਤਾਰਿਆਂ, ਗ੍ਰਹਿਆਂ ਤੇ ਉਪਗ੍ਰਹਿਆਂ ਦਾ ਜੀਵਨ ਚੱਕਰ ਹੁੰਦਾ ਹੈ। ਭਾਵੇਂ ਇਹ ਜੀਵਨ ਚੱਕਰ ਅਰਬਾਂ ਵਰ੍ਹੇ ਦੇ ਹਨ ਤੇ ਇਸ ਵਿੱਚ ਅਰਬਾਂ ਹੀ ਛੋਟੇ ਵੱਡੇ ਜੀਵਨ ਚੱਕਰ ਹੋਰ ਸ਼ਾਮਿਲ ਹਨ, ਇਹਨਾਂ ਸਾਰਿਆਂ ਦੀ ਚਰਚਾ ਕਰਨੀ ਸਾਡੀ ਸਮਰੱਥਾ ਤੋਂ ਬਾਹਰੀ ਗੱਲ ਹੈ।
ਬਾਬਾ ਰਾਮ ਦੇਵ : ਯੋਗ ਲੱਖਾਂ ਸਾਲ ਪੁਰਾਣੀ ਵਿਦਿਆ ਹੈ। ਮੈਂ ਤਾਂ ਕਹੂੰਗਾ ਕਿ ਸਾਡੀ ਮੰਨਤਾ ਅਨੁਸਾਰ ਇਹ ਸਿ੍ਰਸ਼ਟੀ ਦੋ ਸੌ ਕਰੋੜ ਸਾਲ ਪੁਰਾਣੀ ਹੈ।
ਯੋਗ ਸੰਦੇਸ਼ 8/2008 ਪੇਜ਼ ਨੰ : 27
ਬਾਬਾ ਰਾਮ ਦੇਵ ਜੀ ਤੁਹਾਡੇ ਅੰਕੜੇ ਵਿਗਿਆਨ ਦੇ ਅਨੁਸਾਰ ਬਿਲਕੁੱਲ ਗ਼ਲਤ ਹਨ। ਸ਼ਾਇਦ ਇਹ ਤੁਹਾਡਾ ਮਨੋਭਰਮ ਹੈ ਕਿ ਤੁਸੀਂ ਹਰੇਕ ਨੁਕਤੇ ਤੇ ਸਹੀ ਹੋ। ਅਸਲ ਵਿੱਚ ਅਜਿਹਾ ਨਹੀਂ ਹੰੁਦਾ। ਮੇਰੇ ਸਮੇਤ ਹਰੇਕ ਵਿਅਕਤੀ ਕਿਤੇ ਨਾ ਕਿਤੇ ਗ਼ਲਤ ਹੁੰਦਾ ਹੀ ਹੈ ਤੇ ਇਸ ਨੂੰ ਸਵੀਕਾਰ ਕਰ ਵੀ ਲੈਣਾ ਚਾਹੀਦਾ ਹੈ ਤੇ ਦਰੁਸਤ ਵੀ।
ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਅੱਜ ਤੋਂ ਪੰਦਰਾਂ ਸੌ ਕ੍ਰੋੜ ਵਰ੍ਹੇ ਪਹਿਲਾਂ ਹੋਈ ਸੀ ਲੱਗਭੱਗ ਇਕ ਹਜ਼ਾਰ ਕਰੋੜ ਵਰ੍ਹੇ ਪਹਿਲਾਂ ਸਾਡੀ ਗਲੈਕਸੀ ਮਿਲਕੀ ਵੇ ਹੋਂਦ ਵਿੱਚ ਆਈ ਸੀ। ਚਾਰ ਸੌ ਸੱਠ ਕਰੋੜ ਵਰ੍ਹੇ ਪਹਿਲਾਂ ਸਾਡਾ ਸੂਰਜ ਬਣਿਆ। ਲੱਗਭੱਗ ਇਸ ਸਮੇਂ ਹੀ ਪਿ੍ਰਥਵੀ ਹੋਂਦ ਵਿੱਚ ਆਈ। ਧਰਤੀ ਤੇ ਤਿੰਨ ਸੌ ਚਾਲੀ ਕਰੋੜ ਵਰ੍ਹੇ ਪਹਿਲਾਂ ਇੱਕ ਸੈਲਾ ਜੀਵ ਅਮੀਬਾ ਹੋਂਦ ਵਿੱਚ ਆਇਆ। ਅਮੀਬੇ ਤੋਂ ਕਾਈ ਤੇ ਸਪੰਜ 59 ਕਰੋੜ ਵਰ੍ਹੇ ਪਹਿਲਾਂ ਬਣੇ। ਚਾਲੀ ਕਰੋੜ ਵਰ੍ਹੇ ਪਹਿਲਾਂ ਨੀਲੋਕੈਥ ਨਾਂ ਦੀ ਮੱਛੀ ਹੋਂਦ ਵਿੱਚ ਆਈ। 25 ਕੁ ਕਰੋੜ ਵਰ੍ਹੇ ਪਹਿਲਾਂ ਅਜਿਹਾ ਕੇਕੜਾ ਬਣ ਗਿਆ ਜਿਹੜਾ ਸਮੁੰਦਰ ਦੀ ਬਜਾਏ ਜ਼ਮੀਨ ਤੇ ਰਹਿਣਾ ਸਿੱਖ ਗਿਆ। ਇਸ ਕੇਕੜੇ ਤੋਂ ਸੱਪ, ਕੱਛੂ, ਘੜਿਆਲ, ਮਗਰਮੱਛ, ਡੱਡੂ ਤੇ ਗਿਰਗਿਟ 25 ਕੁ ਕਰੋੜ ਵਰ੍ਹੇ ਪਹਿਲਾਂ ਵਿਕਾਸ ਕਰ ਗਏ। ਇਹਨਾਂ ਤੋਂ ਵਿਕਸਤ ਕਰਕੇ ਹੀ ਅੱਜ ਧਰਤੀ ਤੇ ਰਹਿਣ ਵਾਲੇ ਪਸ਼ੂ, ਪੰਛੀ ਤੇ ਜੀਵ ਬਣੇ ਹਨ ਅੱਜ ਤੋਂ ਤਿੰਨ ਕਰੋੜ ਅੱਸੀ ਲੱਖ ਵਰ੍ਹੇ ਪਹਿਲਾਂ ਬਾਂਦਰ ਲੰਗੂਰ ਤੋਂ ਵਿਕਸਿਤ ਹੋਇਆ। ਇੱਕ ਕਰੋੜ ਸੱਠ ਕੁ ਲੱਖ ਸਾਲ ਪਹਿਲਾਂ ਬਾਂਦਰ ਤੋਂ ਪ੍ਰਾਚੀਨ ਮਨੁੱਖ ਦਾ ਵਿਕਾਸ ਹੋਇਆ। ਸੱਠ ਕੁ ਲੱਖ ਸਾਲ ਪਹਿਲਾਂ ਮਨੁੱਖ ਨੇ ਬੋਲਣਾ ਸਿੱਖ ਲਿਆ। ਲੱਗਭੱਗ 17 ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਨੇ ਖੇਤੀ ਕਰਨੀ ਸਿੱਖ ਲਈ।
ਬਾਬਾ ਰਾਮ ਦੇਵ : ਇਹ ਭੌਤਿਕ ਸਰੀਰ ਪਵਿੱਤਰ ਨਹੀਂ ਹੈ। ਕਿਉਕਿ ਇਹ ਸਰੀਰ ਮਲ ਮੂਤਰ ਤੇ ਯੋਨੀ ਵਿੱਚੋਂ ਪੈਦਾ ਹੁੰਦਾ ਹੈ। ਰੋਮਾਂ ਅਤੇ ਮੂੰਹ ਵਿੱਚੋਂ ਹਮੇਸ਼ਾ ਦੁਰਗੰਧ ਨਿਕਲਦੀ ਹੈ ਤੇ ਮਰਨ ਉਪਰੰਤ ਵੀ ਇਹ ਮੁਸਕ ਮਾਰਨ ਲੱਗਦਾ ਹੈ। ਇਸ ਲਈ ਇਹ ਮਲ ਦਾ ਭੰਡਾਰ ਹੈ। ਪਾਣੀ ਨਾਲ ਵਾਰ ਵਾਰ ਨਹਾਉਣ ਨਾਲ ਵੀ ਇਹ ਪਵਿੱਤਰ ਨਹੀਂ ਹੁੰਦਾ। ਇਸ ਲਈ ਸਰੀਰ ਬਾਰੇ ਇਸ ਤਰ੍ਹਾਂ ਸੋਚ ਕੇ ਮਨੁੱਖ ਦਾ ਸਰੀਰ ਨਾਲ ਮੋਹ ਨਹੀਂ ਰਹਿੰਦਾ। ਇਸ ਲਈ ਉਹ ਪ੍ਰੇਮ ਸਰੀਰ ਨਾਲ ਨਹੀਂ ਆਤਮਾ ਨਾਲ ਕਰਦਾ ਹੈ।
ਬਾਬਾ ਜੀ ਇੱਥੇ ਵੀ ਦੋਹਰੇ ਮਾਪਦੰਡ ਹੀ ਵਰਤਦੇ ਹਨ। ਇੱਕ ਪਾਸੇ ਤਾਂ ਉਹ ਦਵਾਈਆਂ, ਕਸਰਤਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿੰਦੇ ਹਨ ਦੂਸਰੇ ਪਾਸੇ ਉਹ ਸਰੀਰ ਨੂੰ ਮਲ ਦਾ ਭੰਡਾਰ ਦੱਸਦੇ ਹਨ। ਗਊ ਦੇ ਪੇਸ਼ਾਬ ਤੇ ਗਊ ਨੂੰ ਉਹ ਪਵਿੱਤਰ ਸਮਝਦੇ ਹਨ ਭਾਵੇਂ ਉਸਦੀ ਪੈਦਾਇਸ਼ ਮਨੱੁਖ ਦੀ ਤਰ੍ਹਾਂ ਹੀ ਮਲ ਮੂਤਰ ਤੇ ਯੋਨੀ ਵਿੱਚੋਂ ਹੁੰਦੀ ਹੈ। ਉਹ ਸਰੀਰ ਨਾਲੋਂ ਆਤਮਾ ਨੂੰ ਤਰਜੀਹ ਦਿੰਦੇ ਹਨ। ਆਤਮਾ ਜਿਸਦੀ ਸਰੀਰ ਵਿੱਚ ਕੋਈ ਹੋਂਦ ਹੀ ਨਹੀਂ ਹੁੰਦੀ ਤੇ ਨਾ ਹੀ ਅੱਜ ਤੱਕ ਕਿਸੇ ਡਾਕਟਰ ਨੂੰ ਕਿਸੇ ਸਰੀਰ ਵਿੱਚੋਂ ਮਿਲੀ ਹੈ। ਭੌਤਿਕ ਵਿਗਿਆਨ ਵਿੱਚ ਅਸੀਂ ਮਾਦਾ ਉਸ ਸ਼ੈਅ ਨੂੰ ਕਹਿੰਦੇ ਹਾਂ ਜਿਸਦਾ ਭਾਰ ਹੁੰਦਾ ਹੈ ਜੋ ਥਾਂ ਘੇਰਦੀ ਹੈ ਤੇ ਜਿਸਦਾ ਗਿਆਨ, ਇੰਦਰੀਆਂ ਰਾਹੀਂ ਹੁੰਦਾ ਹੈ। ਪਰ ਅੱਜ ਤੱਕ ਆਤਮਾ ਦਾ ਭਾਰ, ਰੰਗ ਰੂਪ ਕਿਸੇ ਇੱਕ ਵੀ ਵਿਅਕਤੀ ਨੂੰ ਨਹੀਂ ਮਿਲਿਆ ਤੇ ਨਾ ਹੀ ਕਿਸੇ ਦੀਆਂ ਗਿਆਨ ਇੰਦਰੀਆਂ ਨੇ ਇਸਨੂੰ ਮਹਿਸੂਸ ਕੀਤਾ ਹੈ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ ਤੇ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦਰਜਨਾਂ ਕੀਮਤੀ ਵਰ੍ਹੇ ਆਤਮਾ ਪ੍ਰਮਾਤਮਾ ਨੂੰ ਲੱਭਦਿਆਂ ਗੁਜ਼ਾਰੇ ਹਨ ਪਰ ਮੈਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਇੱਕ ਅਜਿਹੇ ਬੰਦੇ ਦੇ ਦਰਸ਼ਨ ਨਹੀਂ ਹੋਏ ਜਿਸਨੂੰ ਆਤਮਾ ਪ੍ਰਮਾਤਮਾ ਮਿਲ ਗਿਆ ਹੋਵੇ। 2004 ਵਿੱਚ ਕੈਨੇਡਾ ਤੇ ਅਮਰੀਕਾ ਵਿੱਚ ਤਰਕਸ਼ੀਲ ਪ੍ਰਚਾਰ ਹੇਤੂ ਕੀਤੀ ਯਾਤਰਾ ਦੌਰਾਨ ਮੈਨੂੰ ਇੱਕ ਵਿਅਕਤੀ ਨੇ ਰੇਡੀਓ ਤੇ ਪੁੱਛਿਆ ਕਿ ਕੀ ਮੈਂ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦਾ ਹਾਂ ਮੇਰੇ ਨਾਂਹ ਕਹਿਣ ਤੇ ਉਸਨੇ ਪੁੱਛਿਆ ਕਿ ਮੈਂ ਕਦੇ ਭਗਤੀ ਕੀਤੀ ਹੈ। ਮੇਰੇ ਫਿਰ ਨਾਂਹ ਕਹਿਣ ਤੇ ਉਸਨੇ ਕਿਹਾ ‘‘ਫਿਰ ਤੈਨੂੰ ਪ੍ਰਮਾਤਮਾ ਕਿੱਥੋਂ ਮਿਲਣਾ ਸੀ?’’ ਮੈਂ ਉਸਨੂੰ ਪੁੱਛਿਆ ਕਿ ਤੂੰ ਭਗਤੀ ਕੀਤੀ ਹੈ ਤੇ ਕਿੰਨੀ? ਉਹ ਕਹਿਣ ਲੱਗਿਆ ਮੈਂ ਪਿਛਲੇ ਵੀਹ ਵਰ੍ਹਿਆਂ ਤੋਂ ਭਗਤੀ ਕਰ ਰਿਹਾ ਹਾਂ। ਮੈਂ ਫਿਰ ਪੁੱਛਿਆ ਕਿ ਕੀ ਤੈਨੂੰ ਪ੍ਰਮਾਤਮਾ ਮਿਲ ਗਿਆ ਹੈ ਉਹ ਕਹਿਣ ਲੱਗਿਆ ਕਿ ਨਹੀਂ। ਅੱਗੇ ਗੱਲ ਤੋਰਦੇ ਹੋਏ ਮੈਂ ਉਸਨੂੰ ਫਿਰ ਪੁੱਛਿਆ ਕਿ ਕੀ ਤੈਥੋਂ ਵੱਧ ਵੀ ਕਿਸੇ ਨੇ ਭਗਤੀ ਕੀਤੀ ਹੈ? ਉਹ ਕਹਿਣ ਲੱਗਿਆ ਕਿ ਮੇਰੇ ਗੁਰੂ ਜੀ ਪਿਛਲੇ ਚਾਲੀ ਵਰ੍ਹਿਆਂ ਤੋਂ ਭਗਤੀ ਕਰ ਰਹੇ ਹਨ। ਮੈਂ ਫਿਰ ਪੁੱਛਿਆ ਕਿ ਕੀ ਉਹਨਾਂ ਨੂੰ ਆਤਮਾ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਹਨ। ਉਹ ਕਹਿਣ ਲੱਗਿਆ ਨਹੀਂ। ਸੋ ਕੀਮਤੀ ਸਮੇਂ ਨੂੰ ਇਸ ਤਰ੍ਹਾਂ ਬਰਬਾਦ ਕਰਨ ਦਾ ਕੀ ਲਾਭ।
ਬਾਬਾ ਰਾਮ ਦੇਵ : ਹਰ ਰੋਜ਼ ਦਿਨ ਵਿੱਚ 2-3 ਵਾਰ 5-5 ਮਿੰਟ ਉਂਗਲੀਆਂ ਦੇ ਨਹੁੰਆਂ ਨੂੰ ਆਪਸ ਵਿੱਚ ਰਗੜਨ ਨਾਲ ਵਾਲ ਝੜਨੇ ਤੇ ਵਾਲਾਂ ਦਾ ਸਫ਼ੈਦ ਹੋਣਾ ਰੁਕ ਜਾਂਦਾ ਹੈ। ਵਾਲ ਕਾਲੇ ਤੇ ਜ਼ਿਆਦਾ ਹੋਣ ਲੱਗ ਜਾਂਦੇ ਹਨ ਅਸੀਂ ਇਸ ਪ੍ਰਯੋਗ ਨਾਲ ਗੰਜਿਆਂ ਦੇ ਵਾਲ ਉਗਦੇ ਵੇਖੇ ਹਨ ਤੇ ਸੱਤਰ ਸਾਲ ਦੀ ਉਮਰ ਦੇ ਬੁੜਿਆਂ ਦੇ ਵਾਲ ਵੀ ਕਾਲੇ ਹੁੰਦੇ ਵੇਖੇ ਹਨ।
ਨਹੁੰਆਂ ਦੇ ਆਪਸ ਵਿੱਚ ਰਗੜਨ ਨਾਲ ਵਾਲਾਂ ਦੇ ਕਾਲੇ ਹੋਣ ਦਾ ਕੀ ਸਬੰਧ ਹੈ। ਨਹੁੰਆਂ ਦੇ ਆਪਸ ਵਿੱਚ ਰਗੜਨ ਨਾਲ ਗੰਜਿਆਂ ਦੇ ਬੰਦ ਹੋਏ ਵਾਲਾਂ ਦੇ ਸੁਰਾਖ ਕਿਵੇਂ ਖੱੁਲ੍ਹ ਜਾਂਦੇ ਹਨ? ਜਾਂ ਉਹ ਰਸ ਜੋ ਵਾਲਾਂ ਨੂੰ ਸਫ਼ੈਦ ਕਰਦਾ ਹੈ ਉਸਦੀ ਸਰੀਰ ਵਿੱਚ ਮੁੜ ਪੈਦਾਇਸ਼ ਹੋਣੀ ਕਿਵੇਂ ਸ਼ੁਰੂ ਹੋ ਜਾਂਦੀ ਹੈ? ਜੇ ਬਾਬਾ ਜੀ ਨੂੰ ਦਸ ਗੰਜੇ ਵਿਅਕਤੀ ਦੇ ਦਿੱਤੇ ਜਾਣ ਜਿਹੜੇ ਬਾਬਾ ਜੀ ਦੀਆਂ ਨਹੁੰਆਂ ਦੀਆਂ ਰਗੜਨ ਦੀ ਕਸਰਤ ਦਿਨ ਵਿੱਚ 2-3 ਵਾਰ 5-5 ਮਿੰਟ ਲਈ ਬਾਬਾ ਜੀ ਦੇ ਕਿਸੇ ਨੁੰਮਾਇਦੇ ਦੀ ਹਾਜ਼ਰੀ ਵਿੱਚ ਕਰਨਗੇ। ਤਾਂ ਕੀ ਬਾਬਾ ਜੀ ਤਿੰਨ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਦੇ ਵਾਲ ਮੁੜ ਪੈਦਾ ਕਰਨ ਦੀ ਸਾਡੀ ਚਣੌਤੀ ਨੂੰ ਸਵੀਕਾਰ ਕਰਨ ਨੂੰ ਤਿਆਰ ਹਨ। ਜੇ ਉਹ ਤਿਆਰ ਨਹੀਂ ਤਾਂ ਘੱਟੋ-ਘੱਟ ਉਨ੍ਹਾਂ ਨੂੰ ਆਪਣੀ ਕਿਤਾਬ ਵਿਚੋਂ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਪਾਉਣ ਵਾਲੀਆਂ ਅਜਿਹੀਆਂ ਗੱਲਾਂ ਜ਼ਰੂਰ ਕੱਢ ਦੇਣੀਆਂ ਚਾਹੀਦੀਆਂ ਹਨ।
ਬਾਬਾ ਰਾਮਦੇਵ : ਗਊ ਦੇ ਪੇਸ਼ਾਬ ਨੂੰ ਤਾਂਬੇ ਦੇ ਬਰਤਨ ਵਿੱਚ ਪਾਕੇ ਉਸਨੂੰ ਉਬਾਲ ਲਓ। ਜਦੋਂ ਅੱਧੇ ਤੋਂ ਘੱਟ ਰਹਿ ਜਾਏ ਤਾਂ ਉਸਨੂੰ ਛਾਣ ਕੇ ਸ਼ੀਸ਼ੀ ਭਰਕੇ ਰੱਖ ਲਵੋ। ਇਸਦੀ ਇੱਕ ਜਾਂ ਦੋ ਬੂੰਦਾਂ ਸਵੇਰੇ ਸ਼ਾਮ ਅੱਖ ਵਿੱਚ ਪਾਉਣ ਨਾਲ ਅੱਖਾਂ ਦੇ ਸਾਰੇ ਰੋਗਾਂ ਵਿੱਚ ਲਾਭ ਹੁੰਦਾ ਹੈ।
ਔਸਧੀ ਦਰਸ਼ਨ ਸਫ਼ਾ 56
ਇਸ ਸੁਆਲ ਦਾ ਇਹ ਵਿਸ਼ਾ ਤਾਂ ਘੋਖ ਪੜਤਾਲ ਦੀ ਮੰਗ ਕਰਦਾ ਹੈ ਕਿ ਗਊ ਦਾ ਪੇਸ਼ਾਬ ਅੱਖਾਂ ਦੇ ਸਾਰੇ ਰੋਗਾਂ ਵਿੱਚ ਲਾਭਦਾਇਕ ਹੈ ਜਾਂ ਨਹੀਂ। ਪਰ ਬਾਬਾ ਜੀ ਇਸਨੂੰ ਤਾਂਬੇ ਦੇ ਬਰਤਨ ਵਿੱਚ ਹੀ ਉਬਾਲਣ ਤੇ ਕਿਉ ਜ਼ੋਰ ਦਿੰਦੇ ਹਨ। ਕੀ ਤਾਂਬਾ ਵੀ ਅੱਖਾਂ ਦੇ ਰੋਗਾਂ ਲਈ ਲਾਹੇਬੰਦ ਹੈ?
ਬਾਬਾ ਰਾਮ ਦੇਵ : ਅਪਾਮਾਰਗ ਨਾਂ ਦੇ ਪੌਦੇ ਦੀ ਜੜ੍ਹ ਨੂੰ ਚੱਕਰਾਕਾਰ ਵਿੱਚ ਬਣਾ ਕੇ ਨਾਭੀ ਦੇ ਉੱਪਰ ਲਗਾਉਣ ਨਾਲ ਡਲਿਵਰੀ ਨਾਰਮਲ ਹੋ ਜਾਂਦੀ ਹੈ। ਜਦੋਂ ਮਾਂ ਨੂੰ ਪ੍ਰਸਵ ਪੀੜਾ ਸ਼ੁਰੂ ਹੋਵੇ ਤਾਂ ਅਪਾਮਾਰਗ ਦੀ ਰਿੰਗ ਨੂੰ ਨਾਭੀ ਤੇ ਬੰਨਣ ਨਾਲ 5-10 ਮਿੰਟ ਵਿੱਚ ਹੀ ਬੱਚੇ ਦਾ ਜਨਮ ਹੋ ਜਾਂਦਾ ਹੈ।
ਅਪਾਮਾਰਗ ਦੇ ਪੌਦੇ ਦੀ ਜੜ੍ਹ ਦਾ ਚੱਕਰਾਕਾਰ ਘੇਰਾ ਗਰਭਵਤੀ ਦੀ ਨਾਭੀ ਦੇ ਆਲੇ ਦੁਆਲੇ ਲਾਉਣ ਨਾਲ ਜਾਂ ਉਸਦੀ ਰਿੰਗ ਨਾਭੀ ਨਾਲ ਬੰਨ੍ਹਣ ਕਰਕੇ ਬੱਚੇ ਦਾ ਜਨਮ ਕਿਵੇਂ ਛੇਤੀ ਹੋ ਜਾਂਦਾ ਹੈ? ਮੈਨੂੰ ਬਾਬੇ ਦਾ ਇਹ ਕਥਨ ਵੀ ਗ਼ੈਰ ਵਿਗਿਆਨਕ ਹੀ ਨਜ਼ਰ ਆਉਦਾ ਹੈ।

Warning: count(): Parameter must be an array or an object that implements Countable in H:\root\home\ksgbnl-001\www\tarksheel\wp-includes\class-wp-comment-query.php on line 399

Leave a Reply

Your email address will not be published. Required fields are marked *