ਬਾਬੇ ਦੇ ਵਾਦ ਵਿਵਾਦ

By | March 7, 2014

ਮੇਘ ਰਾਜ ਮਿੱਤਰ (+91 98887 87440)

ਮਨੁੱਖ ਅਤੇ ਜਾਨਵਰਾਂ ਦੀਆਂ ਹੱਡੀਆਂ ਦਵਾਈਆਂ ਵਿੱਚ : ਮਾਰਚ 2005 ਵਿੱਚ ਦਿਵਿਆ ਯੋਗ ਮੰਦਰ ਟਰੱਸਟ ਦੇ ਕੁਝ ਮੁਲਾਜ਼ਮਾਂ ਨੇ ਘੱਟ ਉਜਰਤਾਂ ਅਤੇ ਪ੍ਰਾਵੀਡੈਂਟ ਫੰਡ ਵਿੱਚ ਕਟੌਤੀ ਆਦਿ ਦੇ ਵਿਰੋਧ ਵਿੱਚ ਹੜਤਾਲ ਤੇ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ। ਕਿਸੇ ਸਮਝੌਤੇ ਤੇ ਪੁੱਜਣ ਲਈ ਤਿੰਨ ਧਿਰੀ ਮੀਟਿੰਗ ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਬੁਲਾਈ। ਇਸ ਵਿੱਚ ਹੜਤਾਲੀ ਮੁਲਾਜ਼ਮਾਂ ਦੇ ਆਗੂ, ਟਰੱਸਟ ਦੇ ਆਹੁਦੇਦਾਰ ਤੇ ਜ਼ਿਲ੍ਹਾ ਅਧਿਕਾਰੀ ਸ਼ਾਮਿਲ ਹੋਏ। ਇੱਕ ਸਮਝੌਤਾ ਵੀ ਹੋ ਗਿਆ। ਸਮਝੌਤੇ ਤੋਂ ਬਾਅਦ ਕੁਝ ਮੁਲਾਜਮਾਂ ਨੂੰ ਇਹ ਕਹਿਕੇ ਬਰਤਰਫ਼ ਕਰ ਦਿੱਤਾ ਗਿਆ ਕਿ ਇਹ ਕਮਿਊਨਿਸਟਾਂ ਦੇ ਏਜੰਟ ਹਨ। ਇਸ ਤੋਂ ਬਾਅਦ ਇਸ ਕੇਸ ਨੂੰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਅਗਵਾਈ ਵਿੱਚ ਚੱਲ ਰਹੀ ਜਥੇਬੰਦੀ ‘ਸੀਟੂ’ ਨੇ ਆਪਣੇ ਹੱਥ ਲੈ ਲਿਆ। ਕੱਢੇ ਮੁਲਾਜ਼ਮਾਂ ਨੇ ਇਹ ਵੀ ਰਿਪੋਰਟ ਕੀਤੀ ਕਿ ਬਾਬਾ ਰਾਮ ਦੇਵ ਜੀ ਦੀਆਂ ਦਵਾਈਆਂ ਵਿੱਚ ਮਨੁੱਖ ਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੋਈਆਂ ਹਨ। ਉਂਝ ਆਯੁਰਵੈਦ ਵਿੱਚ ਇਹਨਾਂ ਨੂੰ ਵਰਤਣ ਤੇ ਵੀ ਕੋਈ ਪਾਬੰਦੀ ਨਹੀਂ। ਉਹਨਾਂ ਬਰਤਰਫ਼ ਕੀਤੇ ਮੁਲਾਜ਼ਮਾਂ ਨੇ ‘ਕੁਲੀਆਂ ਭਸ਼ਮ’ ਤੇ ‘ਯੋਵਨਅਮਿਰਤ’ ਵਟੀ ਨਾਂ ਦੀਆਂ ਇਹ ਆਯੁਰਵੈਦਿਕ ਦਵਾਈਆਂ ਟਰੱਸਟ ਦੇ ਹਰਿਦੁਆਰ ਵਾਲੇ ਹਸਪਤਾਲ ਬ੍ਰਹਮਕਲਪ ਚਿਕਿਤਸਲਿਆਂ ਤੋਂ ਖ੍ਰੀਦੀਆਂ ਤੇ ਰਸੀਦਾਂ ਲਈਆਂ। ਇਹਨਾਂ ਦਵਾਈਆਂ ਨੂੰ ਸਰਕਾਰੀ ਪ੍ਰਯੋਗਸ਼ਾਲਾਵਾਂ ਵਿੱਚ ਪਰਖਣ ਲਈ ਭੇਜ ਦਿੱਤਾ। ਇਹਨਾਂ ਲੈਬਾਂ ਨੇ ਮਨੁੱਖ ਤੇ ਜਾਨਵਰਾਂ ਦੀਆਂ ਹੱਡੀਆਂ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ। ਫਿਰ ਇਹਨਾਂ ਦਵਾਈਆਂ ਦੇ ਚਾਰ ਨਮੂਨਿਆਂ ਦੀ ਮੁੜ ਪਰਖ ਸ੍ਰੀਰਾਮ ਇਸਟੀਚਿਊਟ ਆਫ਼ ਇਡੰਸਟਰੀਅਲ ਰੀਸਰਚ ਦਿੱਲੀ ਤੋਂ ਕਰਵਾਈ ਗਈ ਜਿਨ੍ਹਾਂ ਨੇ ਇਹ ਰਿਪੋਰਟ ਦੇ ਦਿੱਤੀ ਕਿ ਇਸ ਵਿੱਚ ਕੋਈ ਵੀ ਇਤਰਾਜ਼ਯੋਗ ਪਦਾਰਥ ਨਹੀਂ ਤੇ ਇਹ ਸ਼ੁੱਧ ਜੜ੍ਹੀ ਬੂਟੀਆਂ ਹਨ। ਇਸ ਤਰ੍ਹਾਂ ਬਾਬਾ ਰਾਮਦੇਵ ਇਸ ਚਾਰਜ ਤੋਂ ਮੁਕਤ ਹੋ ਗਿਆ। ਟਰੱਸਟ ਦੇ ਸੈਕਟਰੀ ਅਚਾਰੀਆ ਬਾਲ ਕਿਸ਼ਨ ਦਾ ਕਹਿਣਾ ਸੀ ਕਿ ਸਮੁੰਦਰੀ ਸਿੱਪੀਆਂ ਦੇ ਸੈਲ ਜ਼ਰੂਰ ਦਵਾਈ ਵਿੱਚ ਪੀਸ ਕੇ ਪਾਏ ਗਏ ਹਨ। ਅਜੇ ਤੱਕ ਕੱਢੇ ਮੁਲਾਜ਼ਮ ਬਰਤਰਫ਼ ਹੀ ਹਨ ਤੇ ਸਰਕਾਰ ਨੇ ਅਜੇ ਤੱਕ ਮੁਲਾਜ਼ਮਾਂ ਦੀ ਬਰਤਰਫ਼ੀ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ।
ਏਡਜ਼ ਨੂੰ ਪੂਰੀ ਤਰ੍ਹਾਂ ਆਯੁਰਵੈਦ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ
ਬਾਬਾ ਰਾਮ ਦੇਵ ਦੇ ਮੈਗਜ਼ੀਨ ‘ਯੋਗ ਸੰਦੇਸ਼’ ਅਤੇ ਬਾਬੇ ਦੀਆਂ ਵੈੱਬ ਸਾਈਟ () ਤੇ ਇਹ ਦਾਅਵਾ ਆਮ ਤੌਰ ਤੇ ਹੀ ਕੀਤਾ ਜਾਂਦਾ ਸੀ ਕਿ ਏਡਜ਼ ਦੇ ਮਰੀਜ਼ਾਂ ਵਿੱਚ 34੪ ਸੈੱਲਾਂ ਦੀ ਘਟੀ ਗਿਣਤੀ ਨੂੰ ਆਯੁਰਵੈਦ ਦੀਆਂ ਦਵਾਈਆਂ ਦੇ ਮਿਸ਼ਰਣ ਦੀ ਵਰਤੋਂ ਕਰਕੇ ਵਧਾਇਆ ਜਾ ਸਕਦਾ ਹੈ। ਏਡਜ਼ ਦੇ ਮਰੀਜ਼ਾਂ ਵਿੱਚ ਇਹ 34੪ ਸੈੱਲਾਂ ਦੀ ਗਿਣਤੀ 50,100 ਅਤੇ 150 ਤੱਕ ਰਹਿ ਜਾਂਦੀ ਹੈ। ਬਾਬੇ ਦੇ ਕਹਿਣ ਅਨੁਸਾਰ ਬਾਬੇ ਦੀਆਂ ਦਵਾਈਆਂ ਇਸ ਗਿਣਤੀ ਨੂੰ 400,500 ਜਾਂ 600 ਤੱਕ ਵੀ ਲਿਜਾ ਸਕਦੀਆਂ ਹਨ। ਜਦੋਂ ਭਾਰਤ ਦੇ ਸਿਹਤ ਮੰਤਰਾਲੇ ਨੇ ਬਾਬਾ ਰਾਮਦੇਵ ਨੂੰ ਇੱਕ ਨੋਟਿਸ ਦੇ ਕੇ ਸਪੱਸ਼ਟੀਕਰਨ ਮੰਗਿਆ ਤਾਂ ਬਾਬਾ ਕਹਿਣ ਲੱਗਿਆ ਕਿ ਮੀਡੀਆ ਨੇ ਉਸਦੇ ਬਿਆਨਾਂ ਨੂੰ ਤੋੜ ਮਰੋੜ ਕੇ ਛਾਪਿਆ ਹੈ। ਉਸਨੇ ਇਹ ਕਦੇ ਨਹੀਂ ਕਿਹਾ ਕਿ ਯੋਗਾਂ ਰਾਹੀਂ 194 ਦਾ ਇਲਾਜ ਕੀਤਾ ਜਾ ਸਕਦਾ ਹੈ। ਬਲਕਿ ਉਸਨੇ ਤਾਂ ਇਹ ਕਿਹਾ ਸੀ ਕਿ ਆਯੁਰਵੈਦ ਕੈਂਸਰ ਨੂੰ ਰੋਕ ਸਕਦੀ ਹੈ। ਏਡਜ਼ ਹੋਣ ਦੀ ਸੂਰਤ ਵਿੱਚ ਤਾਂ ਯੋਗ ਨਾਲ ਉਤਸ਼ਾਹਜਨਕ ਸੁਧਾਰ ਕੀਤੇ ਜਾ ਸਕਦੇ ਹਨ।
ਪੁੱਤਰਵਟੀ ਦਵਾਈ : ਅੱਜ ਦੀ ਵਿਗਿਆਨ ਇਹ ਗੱਲ ਪੁਕਾਰ-ਪੁਕਾਰ ਕਹਿ ਰਹੀ ਹੈ ਕਿ ਮਾਂ ਦੇ ਪੇਟ ਵਿੱਚ ਲੜਕਾ ਹੋਵੇਗਾ ਜਾਂ ਲੜਕੀ ਇਸ ਗੱਲ ਦਾ ਗਰਭ ਧਾਰਨ ਦੇ ਪਹਿਲੇ ਦਿਨ ਹੀ ਫ਼ੈਸਲਾ ਹੋ ਜਾਂਦਾ ਹੈ। ਉਸਤੋਂ ਬਾਅਦ ਦੁਨੀਆਂ ਦੀ ਕੋਈ ਵੀ ਦਵਾਈ ਬੱਚੇ ਦਾ ਸੈਕਸ ਤਬਦੀਲ ਨਹੀਂ ਕਰ ਸਕਦੀ। ਹਿੰਦੋਸਤਾਨ ਦੇ ਹਜ਼ਾਰਾਂ ਸਾਧੂ ਮਹਾਤਮਾ ਤੇ ਨੀਮ ਹਕੀਮ ਲੋਕਾਂ ਦੀ ਲੁੱਟ-ਖਸੁੱਟ ਇਸ ਗੱਲ ਨਾਲ ਹੀ ਕਰੀ ਜਾ ਰਹੇ ਹਨ। ਬਾਬਾ ਰਾਮ ਦੇਵ ਵੀ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਪੁੱਤਰ ਪੈਦਾ ਕਰਨ ਲਈ ਪੁੱਤਰਵਟੀ ਦਾ ਇਸਤੇਮਾਲ ਕਰ ਰਿਹਾ ਸੀ। ਲੋਕਾਂ ਦੇ ਰੋਹ ਤੋਂ ਡਰਦਿਆਂ ਹੁਣ ਭਾਵੇਂ ਉਸ ਨੇ ਇਸ ਦਵਾਈ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ ਅਤੇ ਆਪਣੀਆਂ ਦਵਾਈਆਂ ਦੀਆਂ ਲਿਸਟਾਂ ਵਿੱਚੋਂ ਵੀ ਇਹ ਦਵਾਈ ਕੱਢ ਦਿੱਤੀ ਹੈ। ਕੇਂਦਰ ਦੇ ਸਿਹਤ ਮੰਤਰਾਲੇ ਨੇ ਉਤਰਾਂਚਲ ਦੇ ਸਿਹਤ ਮੰਤਰਾਲੇ ਨੂੰ ਚਿੱਠੀ ਭੇਜ ਕੇ ਇਸ ਪੁੱਤਰਵਟੀ ਨਾਂ ਦੀ ਦਵਾਈ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ ਕਿਉਕਿ ਆਲ ਇੰਡੀਆ ਡੈਮੋਕਰੇਟਿਕ ਵੂਮੈਨਸ ਐਸੋਸੀਏਸ਼ਨ ਤੇ ਹੋਰ ਜਥੇਬੰਦੀਆਂ ਨੇ ਇਸ ਗੱਲ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪੁੱਤਰ ਪੈਦਾ ਕਰਨ ਵਾਲੀਆਂ ਦਵਾਈਆਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਅਤੇ ਇਹਨਾਂ ਨੂੰ ਬਣਾਉਣ ਵਾਲਿਆਂ ਅਤੇ ਉਤਸ਼ਾਹਤ ਕਰਨ ਵਾਲਿਆਂ ਦੇ ਖਿਲਾਫ਼ ਐਕਸ਼ਨ ਵੀ ਲੈਣਾ ਚਾਹੀਦਾ ਹੈ। ਇਸਤਰੀਆਂ ਦੀ ਜਥੇਬੰਦੀ ਦੀ ਪ੍ਰਧਾਨ ਸ੍ਰੀਮਤੀ ਨੋਟਿਆਲ ਦਾ ਕਹਿਣਾ ਸੀ ਕਿ ਕਾਂਗਰਸ ਤੇ ਭਾਜਪਾ ਸਰਕਾਰਾਂ ਬਾਬੇ ਲਈ ਰਿਐਤਦਿਲੀ ਵਰਤ ਰਹੀਆਂ ਹਨ ਭਾਵੇਂ ‘ਪੁੱਤਰਵਟੀ’ ਬਣਾ ਕੇ ਤੇ ਵੇਚ ਕੇ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਬਾਬਾ ਰਾਮ ਦੇਵ ਦੀਆਂ ਟਿੱਪਣੀਆਂ ਵਿਰੁੱਧ ਰੋਸ ਵਿਖਾਵਾ
2 ਅਗਸਤ 2008 ਨੂੰ ਕੈਨੇਡਾ ਦੀ ਰਾਜਧਾਨੀ ਵੈਨਕੂਵਰ ਦੇ ਸ਼ਹਿਰ ਸਰੀ ਦੇ ਮਿਲੈਨੀਅਮ ਪਾਰਕ ਵਿੱਚ 100 ਕੁ ਵਿਅਕਤੀ ਇਕੱਠੇ ਹੋਏ ਤੇ ਉਨ੍ਹਾਂ ਨੇ ਰਾਮ ਦੇਵ ਦੇ ਵਿਰੁੱਧ ਤਿੰਨ ਘੰਟੇ ਲਗਾਤਾਰ ਅਮਨ ਪੂਰਵਕ ਰੋਸ ਵਿਖਾਵਾ ਕੀਤਾ। ਰਾਮ ਦੇਵ ਜੀ ਦਾ ਯੋਗਾ ਕੈਂਪ ਸਵੇਰੇ 6.00 ਵਜੇ ਤੋਂ 8.30 ਵਜੇ ਤੱਕ ਚਲਦਾ ਸੀ ਪਰ ਵਿਖਾਵਾਕਾਰੀ ਤਾਂ 5.30 ਵਜੇ ਹੀ ਪਹੁੰਚਣਾ ਸ਼ੁਰੂ ਹੋ ਗਏ ਸਨ।
ਅਸਲ ਵਿੱਚ ਬਹੁਤ ਸਾਰੇ ਵਿਅਕਤੀ ਜਿਨ੍ਹਾਂ ਵਿੱਚ ਮੀਡੀਆ ਦੇ ਲੋਕ ਵੀ ਸ਼ਾਮਿਲ ਸਨ ਨੇ ਬਾਬਾ ਰਾਮਦੇਵ ਨੂੰ ਸਪਾਂਸ਼ਰ ਕਰਨ ਵਾਲੇ ਆਗੂਆਂ ਨੂੰ ਕੁੱਝ ਸੁਆਲ ਪੁੱਛਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸੁਆਲਾਂ ਵਿੱਚ ਰਾਮਦੇਵ ਦੀਆਂ ਫੈਕਟਰੀਆਂ ਵਿੱਚ ਹੁੰਦੇ ਮਜ਼ਦੂਰਾਂ ਦੇ ਸੋਸ਼ਣ, ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਮਨੁੱਖਾਂ ਤੇ ਜਾਨਵਰਾਂ ਦੀਆਂ ਹੱਡੀਆਂ ਦੀ ਮਿਲਾਵਟ, ਪੁੱਤਰਵਟੀ, ਕੈਂਸਰ ਤੇ ਏਡਜ਼ ਵਰਗੀਆਂ ਬੀਮਾਰੀਆਂ ਦੇ ਉਸਦੇ ਦਾਅਵਿਆਂ ਸਬੰਧੀ ਸਨ। ਪ੍ਰਬੰਧਕਾਂ ਨੇ ਵਾਅਦਾ ਕੀਤਾ ਸੀ ਕਿ ਉਹ ਇਹ ਸੁਆਲ ਬਾਬਾ ਰਾਮ ਦੇਵ ਜੀ ਨੂੰ ਪੁੱਛਣਗੇ। ਜਦੋਂ ਸਪਾਂਸਰਾਂ ਵੱਲੋਂ ਇਹ ਸੁਆਲ ਬਾਬਾ ਰਾਮ ਦੇਵ ਜੀ ਅੱਗੇ ਰੱਖੇ ਗਏ ਤਾਂ ਬਾਬਾ ਜੀ ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਸਮੇਂ ਆਪੇ ਤੋਂ ਬਾਹਰ ਹੋ ਗਏ। ਉਹਨਾਂ ਨੇ ਕਿਹਾ ‘‘ਉਸਦੀਆਂ ਦਵਾਈਆਂ ਦੇ ਸੈਂਪਲ ਪਾਸ ਹੋ ਚੁੱਕੇ ਹਨ ਤੇ ਉਹ ਆਪਣੇ ਕਾਮਿਆਂ ਨੂੰ ਹੋਰਾਂ ਕੰਪਨੀਆਂ ਨਾਲੋਂ ਜ਼ਿਆਦਾ ਤਨਖਾਹ ਦੇ ਰਿਹਾ ਹੈ। ਇਹ ਸੁਆਲ ਚਾਰ ਕੁ ਸਿਰ ਫਿਰੇ ਕਮਿਊਨਿਸਟ ਪੁੱਛ ਰਹੇ ਹਨ। ਇਹ ਨਾਸਤਿਕ ਲੋਕ ਹਨ ਇਨ੍ਹਾਂ ਦਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਆਜ਼ਾਦੀ ਘੁਲਾਟੀਆਂ ਤੋਂ ਇਲਾਵਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਨਾਲ ਵੀ ਕੋਈ ਸਬੰਧ ਨਹੀਂ। ਇਹ ਮਾਰਕਸ, ਲੈਨਿਨ ਤੇ ਮਾਓ ਦੇ ਚੇਲੇ ਹਨ। ਇਹਨਾਂ ਨੂੰ ਭਾਰਤ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ ਚਲੇ ਜਾਣਾ ਚਾਹੀਦਾ ਹੈ।’’ ਉਸਦੀਆਂ ਇਹਨਾਂ ਟਿੱਪਣੀਆਂ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਤੇ ਉਹਨਾਂ ਨੇ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕਰ ਲਿਆ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ‘‘ਕਮਿਊਨਿਸਟ ਤਾਂ ਮਾਨਵਵਾਦੀ ਹੁੰਦੇ ਹਨ ਉਹ ਤਾਂ ਸਾਰੇ ਸੰਸਾਰ ਦੇ ਲੋਕਾਂ ਨੂੰ ਇੱਕ ਸਮਝਦੇ ਹਨ। ਉਹਨਾਂ ਦਾ ਧਰਮਾਂ, ਜਾਤਾਂ, ਨਸਲਾਂ ਤੇ ਰੰਗਾਂ ਦੇ ਆਧਾਰ ਤੇ ਉਸਰੀਆਂ ਜਥੇਬੰਦੀਆਂ ਵਿੱਚ ਕੋਈ ਵੀ ਵਿਸ਼ਵਾਸ ਨਹੀਂ ਹੁੰਦਾ। ਕਮਿਊਨਿਸਟ ਤਾਂ ਅਮੀਰ, ਗਰੀਬ ਵਿੱਚ ਵਧ ਰਹੇ ਖੱਪੇ ਦੇ ਵਿਰੁੱਧ ਹਨ।’’ ਅੰਤ ਵਿੱਚ ਤਰਕਸ਼ੀਲ ਆਗੂ ਅਵਤਾਰ ਗਿੱਲ ਨੇ ਕਿਹਾ ਕਿ ਅਸੀਂ ਆਪਣਾ ਪੱਖ ਲੋਕ ਕਚਹਿਰੀ ਵਿੱਚ ਰੱਖ ਦਿੱਤਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਬਾਬੇ ਦੇ ਵਿਰੁੱਧ ਡਟੀ
ਬਾਬੇ ਵੱਲੋਂ ਐਲੋਪੈਥਿਕ ਦਵਾਈਆਂ ਤੇ ਡਾਕਟਰਾਂ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਅਜੈ ਕੁਮਾਰ ਨੇ ਕਿਹਾ ਹੈ ਕਿ ਉਹ ਬਾਬੇ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਵਿਰੁੱਧ ਛੇਤੀ ਹੀ ਡਾਕਟਰਾਂ ਨੂੰ ਲਾਮਬੰਦ ਕਰਨਗੇ। ਉਨ੍ਹਾਂ ਨੇ ਭਾਰਤੀ ਡਾਕਟਰਾਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਬਾਬੇ ਵੱਲੋਂ ਗੰਭੀਰ ਤੇ ਪੁਰਾਣੀਆਂ ਬੀਮਾਰੀਆਂ ਬਾਰੇ ਇਲਾਜ ਕਰਨ ਦਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮਦੇਵ ਦੀਆਂ ਦਵਾਈਆਂ ਦੀ ਪ੍ਰਯੋਗਕ ਪਰਖ ਅਜੇ ਤੱਕ ਨਹੀਂ ਹੋਈ। ਇਸ ਲਈ ਇਨ੍ਹਾਂ ਨੂੰ ਵਰਤਣਾ ਗ਼ਲਤ ਹੈ।
ਬਾਬੇ ਦੀ ਸੰਜੀਵਨੀ ਬੂਟੀ
ਉਤਰਾਖੰਡ ਦੀ ਸਰਕਾਰ ਬਾਬੇ ਦੁਆਰਾ ਲੱਭੀ ਗਈ ‘ਸੰਜੀਵਨੀ ਬੂਟੀ’ ਦੇ ਦਾਅਵੇ ਦੀ ਪਰਖ ਵੀ ਕਰ ਰਹੀ ਹੈ। ਇਹ ਉਹੀ ਹੀ ਸੰਜੀਵਨੀ ਬੂਟੀ ਹੈ ਜਿਸਦਾ ਜ਼ਿਕਰ ਰਮਾਇਣ ਵਿੱਚ ਵੀ ਆਉਦਾ ਹੈ। ਕਹਿੰਦੇ ਹਨ ਕਿ ਰਾਵਣ ਨਾਲ ਲੜਾਈ ਸਮੇਂ ਲਛਮਣ ਬੇਹੋਸ਼ ਹੋ ਗਿਆ ਸੀ, ਉਸਨੂੰ ਠੀਕ ਕਰਨ ਲਈ ਹਨੂੰਮਾਨ ਜੀ ਇਸ ਬੂਟੀ ਨੂੰ ਸਮੇਤ ਪਹਾੜ ਹੀ ਚੁੱਕ ਲਿਆਏ ਸਨ।

Leave a Reply

Your email address will not be published. Required fields are marked *