ਰਾਮਪਾਲ ਦੇ ਹਸ਼ਰ ਤੋਂ ਸਬਕ ਸਿੱਖਣ ਦੀ ਲੋੜ

By | January 5, 2015

ਤਰਕਸ਼ੀਲ ਸੋਸਾਇਟੀ ਪਿਛਲੇ ਇਕੱਤੀ ਸਾਲ ਤੋਂ ਲੋਕਾਂ ਨੂੰ ਹੋਕਾ ਦੇ ਕੇ ਕਹਿ ਰਹੀ ਹੈ ਕਿ ਸਾਰੇ ਸਾਧ, ਸੰਤ, ਰਿਸ਼ੀ, ਸਵਾਮੀ ਤੇ ਡੇਰਿਆਂ ਦੇ ਮਾਲਕ ਆਮ ਇਨਸਾਨ ਹੀ ਹੁੰਦੇ ਹਨ। ਹਰੇਕ ਮਨੁੱਖ ਦੀ ਤਰ੍ਹਾਂ ਉਨ੍ਹਾਂ ਦੀਆਂ ਵੀ ਲੋੜਾਂ ਹੁੰਦੀਆਂ ਹਨ। ਪੈਸੇ ਤੇ ਸ਼ਰਧਾਲੂਆਂ ਦੀ ਬਹੁਤਾਤ ਉਹਨਾਂ ਨੂੰ ਭੋਗ ਬਿਲਾਸੀ ਬਣਾ ਦਿੰਦੀ ਹੈ। ਆਪਣੇ ਕੁਕਰਮਾਂ ਨੂੰ ਛੁਪਾਉਣ ਲਈ ਉਹਨਾਂ ਦਾ ਮੌਕਾਪ੍ਰਸਤ ਸਰਕਾਰਾਂ ਨੂੰ ਸਹਿਯੋਗ ਦੇਣਾ ਉਨ੍ਹਾਂ ਦੀ ਲੋੜ ਬਣ ਜਾਂਦੀ ਹੈ। ਗੰਦੀ ਸਿਆਸਤ ਵੋਟਾਂ ਲਈ ਇਹਨਾਂ ਦਾ ਇਸਤੇਮਾਲ ਕਰਦੀ ਹੈ। ਪਰ ਜਦੋਂ ਉਹ ਮੌਜ਼ੁਦਾ ਤਾਣੇ-ਬਾਣੇ ਲਈ ਲਲਕਾਰ ਬਣ ਜਾਂਦੇ ਹਨ ਤਾਂ ਪੁਲੀਸ, ਫੌਜ, ਕਾਨੂੰਨ ਤੇ ਜੇਲ੍ਹਾਂ ਦਾ ਇਸਤੇਮਾਲ ਸ਼ੁਰੂ ਹੋ ਜਾਂਦਾ ਹੈ। ਆਸ਼ਾ ਰਾਮ ਦਾ ਹਸ਼ਰ ਤੁਸੀਂ ਵੇਖ ਹੀ ਚੁੱਕੇ ਹੋ। ਰਾਮਪਾਲ ਦਾ ਹਸ਼ਰ ਤੁਹਾਡੇ ਸਾਹਮਣੇ ਹੈ। ਸਾਰੇ ਡੇਰੇਦਾਰ ਅਜਿਹੇ ਹੀ ਹਨ। ਲੋੜ ਹੈ ਅਗਾਂਹਵਧੁ ਪਾਰਟੀਆਂ ਤੇ ਲੋਕਾਂ ਨੂੰ ਇਹਨਾਂ ਪ੍ਰਤੀ ਸਪੱਸ਼ਟ ਪਹੁੰਚ ਅਪਣਾਉਣ ਦੀ।
ਬਹੁਤ ਸਾਰੀਆਂ ਜੱਥੇਬੰਦੀਆਂ ਇਹਨਾਂ ਪ੍ਰਤੀ ਚੁੱਪ ਧਾਰੀ ਬੈਠੀਆਂ ਰਹਿ ਕੇ ਇਹਨਾਂ ਦੇ ਪੱਖ ਵਿੱਚ ਹੀ ਭੁਗਤ ਰਹੀਆਂ ਹਨ। ਉਹ ਇਸ ਖਿਆਲੀ ਦੁਨੀਆਂ ਵਿੱਚ ਰਹਿ ਰਹੇ ਹਨ ਕਿ ਕਿਸੇ ਵੇਲੇ ਇਹ ਸਾਡੇ ਪੱਖ ਵਿੱਚ ਭੁਗਤ ਸਕਦੇ ਹਨ, ਪਰ ਅਜਿਹਾ ਨਾ ਧਰਤੀ ਤੇ ਕਦੇ ਹੋਇਆ ਹੈ ਨਾ ਹੀ ਹੋਵੇਗਾ। ਸੰਤ ਰਾਮਪਾਲ ਦੇ ਆਸ਼ਰਮ ਦੀਆਂ ਕੁੱਝ ਝਲਕੀਆਂ ਉਪਰੋਕਤ ਗੱਲਾਂ ਦੀ ਹੀ ਪੁਸ਼ਟੀ ਕਰਦੀਆਂ ਹਨ।
ਧੰਦੇ ਨੂੰ ਸਥਾਪਤ ਕਰਨਾ :- ਸੰਤ ਰਾਮਪਾਲ ਨੇ ਪਹਿਲਾ-ਪਹਿਲਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਕਬੀਰ ਦੇ ਭਜਨ ਤੇ ਕੀਰਤਨ ਕਰਨੇ ਸ਼ੁਰੂ ਕੀਤੇ, ਜਦੋਂ ਉਹ ਥੋੜਾ ਜਿਹਾ ਸਥਾਪਤ ਹੋ ਗਿਆ ਤਾਂ ਉਸਨੇ ਆਪਣੀ ਜੇ. ਈ. ਦੀ ਨੌਕਰੀ ਛੱਡ ਕੇ ਡੇਰਾ ਉਸਾਰ ਲਿਆ। ਆਪਣੇ ਪਹਿਲਾ ਬਣਾਏ ਸਰਧਾਲੂਆਂ ਨੂੰ ਡੇਰੇ ਵਿੱਚ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਗਰੀਬ ਵਿਅਕਤੀ ਕਿਸੇ ਧਾਰਮਿਕ ਸਥਾਨ ਤੇ ਜਾਂਦਾ ਹੈ ਤਾਂ ਉਹ ਇਹ ਧਾਰ ਕੇ ਜਾਂਦਾ ਹੈ ਕਿ ਮੈਂ ਡੇਰੇ ਵਿੱਚੋਂ ਕੁਝ ਖਾਂਦਾ ਹਾਂ ਤਾਂ ਉਸਤੋਂ ਵੱਧ ਉਸ ਡੇਰੇ ਨੂੰ ਦੇਵਾ। ਇਸ ਲਈ ਉਹ ਕੰਮ ਦੇ ਰੁੂਪ ਵਿੱਚ ਜਾਂ ਪੈਸੇ ਦੇ ਰੂੁਪ ਵਿੱਚ ਕੁਝ ਨਾ ਕੁਝ ਡੇਰੇ ਦੀ ਗੋਲਕ ਵਿੱਚ ਪਾਉਂਦਾ ਹੈ। ਕਿਸੇ ਪ੍ਰਾਪਤੀ ਸਮੇਂ ਉਹ ਹੋਰ ਵੱਡੀ ਰਕਮ ਉਸ ਡੇਰੇ ਨੂੰ ਜਾਂ ਧਾਰਮਿਕ ਸਥਾਨ ‘ਤੇ ਚੜ੍ਹਾਉਂਦਾ ਹੈ। ਘਰ ਵਿੱਚ ਲੜਕੇ ਦੀ ਪ੍ਰਾਪਤੀ ਹੋਵੇ ਨੌਕਰੀ ਲੱਗੀ ਹੋਵੇ ਜਾਂ ਵਿਦੇਸ਼ਾਂ ਦਾ ਵੀਜਾ ਮਿਲਿਆ ਹੋਵੇ ਕਿਸੇ ਗਰੀਬ ਦੀ ਮਦਦ ਕਰਨ ਦੀ ਬਜਾਏ ਡੇਰਿਆਂ ਦੀ ਚਾਂਦੀ ਬਣਦੀ ਹੈ। ਇਸ ਤਰ੍ਹਾਂ ਇਹ ਡੇਰੇ ਦਿਨੋ ਦਿਨ ਤਰੱਕੀ ਕਰਦੇ ਰਹਿੰਦੇ ਹਨ। ਰਾਮਪਾਲ ਦੀ ਅਥਾਹ ਧਨ ਦੌਲਤ ਇਸੇ ਵਰਤਾਰੇ ਦੀ ਪੈਦਾਵਾਰ ਹੈ। ਇਹ ਡੇਰੇ ਆਪਣੇ ਕਿੱਤੇ ਨੂੰ ਹੋਰ ਸਥਾਪਤ ਕਰਨ ਲਈ ਭੂਤਾਂ ਕਢੱਣੀਆਂ ਕਰਾਮਾਤਾਂ ਦਾ ਜਾਲ ਬੁਣਨਾ, 108 ਜਾਂ 1008 ਹੋਣ ਦਾ ਨਾਟਕ ਕਰਨਾ, ਦੁੱਧ ਨਾਲ ਨਹਾਉਣਾ ਤੇ ਉਸੇ ਦੁੱਧ ਦੀ ਖੀਰ ਬਣਾਉਣਾ ਤੇ ਭਗਤਾਂ ਨੂੰ ਵਰਤਾਉਣਾ, ਕਿਤਾਬਾਂ ਤਿਆਰ ਕਰਨਾ, ਬੈਬਸਾਈਟਾਂ ਅਤੇ ਸੀਡੀਆਂ ਤਿਆਰ ਕਰਵਾਉਣ ਦੇ ਢੰਗ ਤਰੀਕੇ ਅਪਣਾਉਣ ਲੱਗ ਪੈਂਦੇ ਹਨ। ਇਸ ਤਰ੍ਹਾਂ ਪੈਸੇ ਦਾ ਨਿਰੰਤਰ ਵਹਾਅ ਉਹਨਾਂ ਦੇ ਖਜਾਨੇ ਦਾ ਵਿਸਤਾਰ ਕਰਨਾ ਸ਼ੁਰੂ ਕਰ ਦਿੰਦਾ ਹੈ।
ਪੰਜ ਸੱਤ ਹਜਾਰ ਬੰਦੇ ਦਾ ਖਾਣਾ ਕਹਿਣ ਲਈ ਤਾਂ ਡੇਰਾ ਤਿਆਰ ਕਰਦਾ ਹੈ ਅਸਲ ਵਿੱਚ ਉਥੇ ਜਾਣ ਵਾਲੇ ਲੋਕ ਹੀ ਪੈਸੇ ਦੇ ਕੇ ਤਿਆਰ ਕਰਵਾਉਂਦੇ ਹਨ। ਹਰਾਮ ਦੇ ਪੈਸੇ ਦੀ ਬਹੁਤਾਤ ਬੰਦੇ ਵਿੱਚ ਹਰੇਕ ਕਿਸਮ ਦੇ ਐਬ ਵੀ ਲੈ ਕੇ ਆਉਂਦੀ ਹੈ। ਡੇਰੇ ਵਿੱਚੋਂ ਕੰਡੋਮ, ਪ੍ਰੈਗਨੈਂਸੀ ਕਿਟਾ ਮਿਲਣਾ, ਲੇਡੀ ਬਾਥਰੂਮਾਂ ਵਿੱਚ ਸੀ. ਸੀ. ਕੈਮਰੇ ਆਦਿ ਰਾਮਪਾਲ ਦੇ ਭੋਗ ਬਿਲਾਸ ਅਤੇ ਹੋਰ ਐਬਾ ਦੀਆਂ ਨਿਸ਼ਾਨੀਆਂ ਹਨ। ਹਰੇਕ ਡੇਰੇ ਵਿੱਚ ਅਜਿਹਾ ਹੁੰਦਾ ਹੀ ਹੈ। ਇਹ ਹੋਣਾ ਲਾਜਮੀ ਵੀ ਹੈ। ਕਿਉਂਕਿ ਖਾਣੇ ਤੋਂ ਬਾਅਦ ਮਨੁੱਖ ਦੀ ਦੂਜੀ ਵੱਡੀ ਲੋੜ ਕਾਮ ਹੈ। ਸਾਡੇ ਲੋਕ ਇਸ ਸਚਾਈ ਨੂੰ ਮਨੋ ਵਿਸਾਰ ਦਿੰਦੇ ਹਨ। ਕਾਮ ਇਕਲੇ ਮਰਦਾਂ ਦੀ ਹੀ ਲੋੜ ਨਹੀਂ ਹੁੰਦੀ ਸਗੋਂ ਇਸਤਰੀਆਂ ਨੂੰ ਵੀ ਇਸ ਦੀ ਬਰਾਬਰ ਦੀ ਲੋੜ ਹੁੰਦੀ ਹੈ। ਇਸ ਲਈ ਭੁੱਖੀਆਂ ਇਸਤਰੀਆਂ ਤੇ ਮਰਦਾਂ ਲਈ ਇਹ ਡੇਰੇ ਇੱਕ ਪਰਦੇ ਦਾ ਕੰਮ ਵੀ ਸ਼ੁਰੂ ਕਰ ਦਿੰਦੇ ਹਨ। ਡੇਰੇ ਦੇ ਭਗਤ ਹੋਣ ਦਾ ਗਿਲਾਫ ਪਾ ਕੇ ਵਾਹਵਾ ਖੱਟ ਲਈ ਜਾਂਦੀ ਹੈ। ਇਸ ਆੜ ਵਿੱਚ ਕਾਮੁਕ ਭੁੱਖ ਵੀ ਪੂਰੀ ਹੁੰਦੀ ਰਹਿੰਦੀ ਹੈ।
ਡੇਰੇਦਾਰ ਜਦੋਂ ਸੋਚਦਾ ਹੈ ਕਿ ਮੈਂ ਪੈਸੇ ਤੇ ਭੋਗ ਵਿਲਾਸ ਤੋਂ ਰੱਜ ਚੁੱਕਿਆ ਹਾਂ ਤਾਂ ਉਹ ਇਸ ਭਰਮ ਦਾ ਸ਼ਿਕਾਰ ਬਣ ਜਾਂਦਾ ਹੈ ਕਿ ਹੁਣ ਮੈਂ ਆਪਣੀ ਫੌਜ ਖੜੀ ਕਰਾਂ ਤੇ ਆਪਣੇ ਸਾਮਰਾਜ ਦਾ ਵਿਸਤਾਰ ਕਰਾ। ਆਲੇ-ਦੁਆਲੇ ਦੇ ਕੁਝ ਡੇਰਿਆਂ ਦੀ ਈਰਖਾ ਵੀ ਉਹਨਾਂ ਨੂੰ ਇਸ ਪਾਸੇ ਨੂੰ ਲੈ ਤੁਰਦੀ ਹੈ। ਫਿਰ ਡੇਰੇ ਨੂੰ ਕਿਲੇ ਦਾ ਰੂਪ ਦੇਣਾ ਸ਼ੁਰੂ ਕਰ ਦਿੰਦੇ ਹਨ। ਆਪਣੇ ਬਚਾਓ ਲਈ ਤੇ ਵਿਸਤਾਰ ਲਈ ਫੌਜ ਖੜੀ ਕਰਨਾ ਉਹਨਾਂ ਦੀ ਜ਼ਰੂਰਤ ਬਣ ਜਾਂਦੀ ਹੈ।
ਸਿਆਸੀ ਗਿਰਝਾਂ, ਬਗਲਿਆਂ ਦਾ ਰੂਪ ਧਾਰ ਕੇ ਵੋਟਾਂ ਦੀ ਪ੍ਰਾਪਤੀ ਲਈ ਇਹਨਾਂ ਡੇਰਿਆਂ ਦੀ ਚੌਂਕੀ ਭਰਨਾ ਸ਼ੁਰੂ ਕਰ ਦਿੰਦੀਆਂ ਹਨ, ਬੀ. ਜੇ. ਪੀ. ਦੇ ਸਥਾਨਕ ਤਿੰਨੇ ਐਮ. ਐਲ. ਏ. ਡੇਰੇ ਦੀ ਅਪੀਲ ਤੇ ਹੀ ਅਸੈਬੰਲੀ ਵਿੱਚ ਪਹੁੰਚੇ ਹਨ। ਪਰ ਜਦੋਂ ਡੇਰੇ ਨੇ ਮੌਜੂਦਾ ਢਾਂਚੇ ਨੂੰ ਅੱਖਾਂ ਵਿਖਾਉਣੀਆਂ ਤੇ ਲਲਕਾਰਨਾ ਸ਼ੁਰੂ ਕਰ ਦਿੱਤਾ ਤਾਂ ਇਸਨੂੰ ਕੁਚਲਣਾ ਉਹਨਾਂ ਦੀ ਮਜਬੂਰੀ ਬਣ ਜਾਂਦਾ ਹੈ।
ਇਹ ਇਤਿਹਾਸ ਇਕੱਲਾ ਰਾਮਪਾਲ ਦਾ ਨਹੀਂ ਹੈ। ਨਿਰਮਲ ਬਾਬਾ, ਸਿਰਸਾ ਵਾਲਾ ਬਾਬਾ, ਦੇ ਹੋਰ ਬਹੁਤ ਸਾਰਿਆਂ ਦਾ ਸਰਕਾਰੀ ਸਹਿ ਤੇ ਇਸੇ ਪਾਸੇ ਤੁਰਨਾ ਜਾਰੀ ਹੈ। ਜਦੋਂ ਕਿਸੇ ਵੀ ਸਿਆਸਤ ਲਈ ਇਹ ਰਾਹ ਦਾ ਕੰਢਾ ਬਣੇ ਤਾਂ ਉਹਨਾਂ ਦਾ ਪਤਨ ਸ਼ੁਰੂ ਹੋ ਜਾਵੇਗਾ।
ਮੇਘ ਰਾਜ ਮਿਤੱਰ