ਸੰਕਾ ਨਵਿਰਤੀ

ਪ੍ਰਸ਼ਨ :- ਤੁਹਾਡਾ ਜਨਮ ਕਦੋ ਹੋਇਆ
ਉੱਤਰ :- ਸਕੂਲੀ ਸਰਟੀਫਿਕੇਟ ਅਨੁਸਾਰ ਤਾਂ ਮੇਰੇ ਜਨਮ ਦੀ ਮਿਤੀ ਦਸ ਅਗਸਤ ਉਨੀਂ ਸੌ ਉਨੰਜਾ ਹੈ। ਪਰ ਮੈਂ ਸੋਚਦਾ ਹਾਂ ਇਹ ਮੇਰੇ ਜਨਮ ਦੀ ਸ਼ੁਰੂਆਤ ਨਹੀਂ ਹੈ। ਬੱਚੇ ਦਾ ਜਨਮ ਤਾਂ ਵਿਗਿਆਨਕਾਂ ਅਨੁਸਾਰ ਇੱਕ ਲੰਬੀ ਪ੍ਰਕ੍ਰਿਆ ਦਾ ਹਿੱਸਾ ਹੈ। ਕੀ ਜਨਮ ਮਾਂ ਦੀ ਅੰਡੇਦਾਨੀ ਵਿੱਚ ਪੈਦਾ ਹੋਣ ਵਾਲੇ ਆਂਡੇ ਨੂੰ ਗਿਣਿਆ ਜਾਵੇ ਜਾਂ ਉਸ ਸਮੇਂ ਨੂੰ ਗਿਣਿਆ ਜਾਵੇ ਜਦੋਂ ਮਾਂ ਦੇ ਪੇਟ ਵਿੱਚ ਆਂਡਾ ਪੈਦਾ ਹੋਇਆ ਸੀ? ਜਾਂ ਪਿਤਾ ਦੇ ਵੀਰਯਕੋਸ਼ ਵਿੱਚ ਪੈਦਾ ਹੋਵੇ ਉਸ ਸ਼ੁਕਰਾਣੂ ਤੋਂ ਗਿਣਿਆ ਜਾਵੇ? ਜਾਂ ਉਹ ਸ਼ੁਕਰਾਣੂ ਜਿਸ ਸਮੇਂ ਆਂਡੇ ਵਿੱਚ ਦਾਖਲ ਹੋਵੇ? ਜਾਂ ਉਸ ਸਮੇਂ ਨੂੰ ਜਦੋਂ ਸ਼ੁਕਰਾਣੂ ਤੇ ਆਂਡਾ ਸੈਲ ਜੁੜਕੇ ਭਰੂਣ ਦੇ ਪਹਿਲੇ ਸੈਲ ਦਾ ਨਿਰਮਾਣ ਕਰਦੇ ਹਨ।
ਅਸਲ ਵਿੱਚ ਭਰੂਣ ਦਾ ਪਹਿਲਾ ਸੈਲ ਟੁੱਟ ਕੇ ਅਲੱਗ-ਅਲੱਗ ਦੋ ਜਾਂ ਤਿੰਨ ਵਿੱਚ ਵੀ ਬਦਲ ਸਕਦਾ ਹੈ? ਫਿਰ ਜੌੜੇ ਭਰਾ ਜਾਂ ਭੈਣ ਜਾਂ ਤਿੰਨ ਭੈਣ ਭਰਾ ਵੀ ਪੈਦਾ ਹੋ ਸਕਦੇ ਹਨ। ਜਾਂ ਫਿਰ 280 ਦਿਨ ਬਾਅਦ ਮਾਂ ਦੇ ਪੇਟ ਵਿੱਚੋਂ ਬਾਹਰ ਆਉਣ ਨੂੰ? ਇਹ ਗੰਭੀਰ ਵਿਸਾ ਹੈ ਜੋ ਕਾਫੀ ਬਹਿਸ ਦੀ ਮੰਗ ਕਰਦਾ ਹੈ।

ਪ੍ਰਸ਼ਨ :- ਕੀ ਆਪਣਾ ਧਰਮ ਕਿਸੇ ਦੂਸਰੇ ਤੇ ਜਬਰਦਸਤੀ ਠੋਸਿਆ ਜਾ ਸਕਦਾ ਹੈ? ਜਾਂ ਸਰਕਾਰਾਂ ਧਰਮ ਮੰਨਣ ਵਿੱਚ ਜਬਰਦਸਤੀ ਕਰ ਸਕਦੀਆਂ ਹਨ?
ਉੱਤਰ :- ਹਰੇਕ ਵਿਅਕਤੀ ਦਾ ਆਪਣੇ ਰੱਬ ਵਿੱਚ ਯਕੀਨ ਨਿਜੀ ਹੁੰਦਾ ਹੈ। ਉਹਨਾਂ ਦੇ ਉਸਨੂੰ ਮੰਨਣ ਜਾਂ ਨਾ ਮੰਨਣ ਦੇ ਢੰਗ ਵੀ ਅਲੱਗ-ਅਲੱਗ ਹੁੰਦੇ ਹਨ। ਇਸ ਲਈ ਕਿਸੇ ਨੂੰ ਵੀ ਆਪਣਾ ਧਰਮ ਮੰਨਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਲੋਕਾਂ ਦੀ ਸ਼ਕਤੀ ਨਾਲ ਹੀ ਬਣਦੀਆਂ, ਉਸਰਦੀਆਂ ਜਾਂ ਢਹਿੰਦੀਆਂ ਹਨ। ਇਸ ਲਈ ਸਰਕਾਰਾਂ ਵੀ ਲੋਕਾਂ ਨੂੰ ਇੱਕ ਵਿਸ਼ੇਸ਼ ਧਰਮ ਵਿੱਚ ਯਕੀਨ ਕਰਨ ਲਈ ਮਜਬੂਰ ਨਹੀਂ ਕਰ ਸਕਦੀਆਂ। ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਆਦਿ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਸਾਡਾ ਖਹਿੜਾ ਛੁਡਵਾਇਆ ਸੀ। ਜੇ ਭਾਰਤੀ ਹਾਕਮ ਵੀ ਸਾਨੂੰ ਧਾਰਮਿਕ ਤੌਰ ‘ਤੇ ਗੁਲਾਮ ਬਣਾਉਣ ਦਾ ਯਤਨ ਕਰਨਗੇ ਤਾਂ ਲੋਕ ਵਿਦਰੋਹ ਦੀਆਂ ਹਨੇਰੀਆਂ ਨੇ ਚਲੱਣਾ ਹੀ ਹੈ ਤੇ ਇਹਨਾਂ ਹਨੇਰੀਆਂ ਨੇ ਤੁਫਾਨਾਂ ਦਾ ਰੂਪ ਧਾਰਨ ਕਰਨਾ ਹੀ ਹੈ।

ਪ੍ਰਸ਼ਨ :- ਕੀ ਪ੍ਰਾਚੀਨ ਸਭਿਅਤਾ ਵੇਲੇ ਵਿਗਿਆਨ ਜ਼ਿਆਦਾ ਵਿਕਸਤ ਸੀ?
ਉੱਤਰ :- ਇਹ ਸੁਆਲ ਤਿਵਾੜੀ ਜੀ ਨੇ ਗਲੋਬਲ ਪੰਜਾਬ ਤੇ ਮੈਨੂੰ ਪੁੱਛਿਆ ਸੀ। ਅਸਲ ਵਿੱਚ ਮੇਹਰਗੜ ਪਾਕਿਸਤਾਨ ਵਿੱਚ ਕੋਇਟੇ ਦੇ ਨਜ਼ਦੀਕ ਇੱਕ ਕਸਬਾ ਹੈ, ਇੱਥੋਂ ਦੀ ਸਭਿਅਤਾ ਹੁਣ ਤੱਕ ਖੁਦਾਈ ਹੋਈਆਂ ਸਭਿਅਤਾਵਾਂ ਵਿੱਚੋਂ ਸਭ ਤੋਂ ਪੁਰਾਣੀ ਸੱਭਿਅਤਾ ਪ੍ਰਮਾਣਿਤ ਹੋਈ ਹੈ। ਇਸ ਤੋਂ ਪਿੱਛੋਂ ਹੜੱਪਾ ਤੇ ਮਹਿੰਜਦੜੋ ਦੀਆਂ ਸੱਭਿਅਤਾਵਾਂ ਦਾ ਨਾਂ ਆਉਂਦਾ ਹੈ। ਸਾਡੀਆਂ ਇਹਨਾਂ ਸੱਭਿਅਤਾਵਾਂ ਦੇ ਬਸਿੰਦਿਆਂ ਨੇ ਇਹ ਸਿੱਖ ਲਿਆ ਸੀ ਕਿ ਪਾਣੀ ਹਮੇਸ਼ਾ ਉਚਾਈ ਤੋਂ ਨਿਵਾਈ ਵੱਲ ਆਉਂਦਾ ਹੈ। ਉਹਨਾਂ ਇਮਾਰਤਾਂ ਦੀ ਉਸਾਰੀ ਦੇ ਕੁਝ ਢੰਗ ਤਰੀਕੇ ਵੀ ਵਿਕਸਿਤ ਕਰ ਲਏ ਸਨ। ਉਹਨਾਂ ਸਮਿਆਂ ਵਿੱਚ ਅਜਿਹੇ ਹੁਨਰ ਸਿੱਖ ਲੈਣਾ ਤੇ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਵੱਡੀ ਗੱਲ ਹੁੰਦੀ ਸੀ। ਪਰ ਜੇ ਇਹ ਕਿਹਾ ਜਾਵੇ ਕਿ ਉਸ ਸਮੇਂ ਦੀ ਵਿਗਿਆਨ ਅੱਜ ਦੇ ਵਿਗਿਆਨ ਨਾਲੋਂ ਕਿਤੇ ਅੱਗੇ ਸੀ ਇਹ ਗਲਤ ਹੈ।

ਪ੍ਰਸ਼ਨ :- ਮੁਰਦਾ ਸ਼ਰੀਰ ਕੁਝ ਸਮੇਂ ਬਾਅਦ ਪਾਣੀ ਵਿੱਚ ਤੈਰਨ ਕਿਉਂ ਲੱਗ ਜਾਂਦਾ ਹੈ?
ਉੱਤਰ :- ਮੌਤ ਤੋਂ ਬਾਅਦ ਸ਼ਰੀਰ ਵਿੱਚ ਕੁਝ ਰਸਾਇਣਕ ਪ੍ਰਕਿਰਿਆਵਾਂ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹਨਾਂ ਰਸਾਇਣਕ ਕ੍ਰਿਆਵਾਂ ਦੀ ਉਪਜ ਕਾਰਨ ਸ਼ਰੀਰ ਵਿੱਚ ਕਈ ਗੈਸਾਂ ਦੀ ਪੈਦਾਵਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਗੈਸਾਂ ਕਾਰਨ ਸ਼ਰੀਰ ਫੁੱਲਣਾ ਸ਼ੁਰੂ ਕਰ ਦਿੰਦਾ ਹੈ। ਉਸਦਾ ਆਕਾਰ ਵੱਧਣ ਕਾਰਨ ਉਸਦੀ ਘਣਤਾ ਘੱਟ ਹੋ ਜਾਂਦੀ ਹੈ। ਸਿੱਟੇ ਵੱਜੋਂ ਮੁਰਦਾ ਸ਼ਰੀਰ ਤੈਰਨਾ ਸ਼ੁਰੂ ਕਰ ਦਿੰਦਾ ਹੈ। ਗੈਸਾਂ ਦੀ ਮਾਤਰਾਂ ਕੁਝ ਸਮੇਂ ਬਾਅਦ ਹੀ ਵੱਧਦੀ ਹੈ। ਇਸ ਲਈ ਲਾਸ਼ ਵੀ ਪਾਣੀ ਵਿੱਚ ਡੁੱਬਣ ਤੋਂ ਬਾਅਦ ਹੀ ਕੁਝ ਘੰਟਿਆ ਬਾਅਦ ਪਾਣੀ ਦੀ ਸਤਾ ਦੇ ਉਪਰ ਆ ਕੇ ਤੈਰਨਾ ਸ਼ੁਰੂ ਕਰਦੀ ਹੈ।

ਪ੍ਰਸ਼ਨ :- ਮਨ ਕੀ ਹੈ?
ਉੱਤਰ :- ਮਨੁੱਖੀ ਦਿਮਾਗ ਵਿੱਚ ਵਾਪਰਦੀਆਂ ਰਸਾਇਣਕ ਤੇ ਬਿਜਲੀ ਕ੍ਰਿਆਵਾਂ ਤੇ ਸੰਕੇਤਾਂ ਦਾ ਸਮੂਹ ਹੈ। ਮਨੁੱਖ ਨੇ ਮਨ ਨੂੰ ਸਮਝਣ ਤੋਂ ਬਾਅਦ ਹੀ ਕੰਪਿਊਟਰ ਚਿਪ ਨੂੰ ਜਾਣਕਾਰੀ ਸਗ੍ਰਿਹ ਦਾ ਸੋਮਾ ਬਣਾਇਆ ਹੈ।

ਪ੍ਰਸ਼ਨ :- ਮਨੁੱਖ ਵਿੱਚ ਬੋਲਣਾ ਤੇ ਹਰਕਤ ਕਰਨਾ ਕੀ ਹੈ?
ਉੱਤਰ :- ਮਨੁੱਖੀ ਮਨ ਇੱਕ ਪਦਾਰਥ ਹੈ। ਪਦਾਰਥ ਵਿੱਚ ਅਜਿਹੇ ਗੁਣ ਹੋ ਹੀ ਸਕਦੇ ਹਨ। ਜਿਵੇਂ ਚੂਨੇ ਵਿੱਚ ਪਾਣੀ ਪਾਉਣ ਨਾਲ ਗਰਮੀ, ਆਵਾਜ਼ ਤੇ ਹਰਕਤ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਕਰੋੜਾਂ ਵਰ੍ਹਿਆਂ ਦੇ ਸੰਘਰਸ਼ ਰਾਹੀਂ ਪ੍ਰਾਪਤ ਕੀਤੇ ਤੇ ਵਿਉਂਤ ਵੱਧ ਕੀਤੇ ਇਹ ਗੁਣ ਮਨੁੱਖੀ ਮਨ ਵਿੱਚ ਪ੍ਰਾਪਤ ਹੋ ਗਏ ਹਨ। ਹਰ ਪੀੜ੍ਹੀ ਡੀ. ਐਨ. ਏ ਰਾਹੀਂ ਇਹ ਗੁਣ ਆਪਣੇ ਵਾਰਮਾਂ ਦੇ ਸਪੁਰਦ ਕਰਦੀ ਜਾਂਦੀ ਹੈ।

ਪ੍ਰਸ਼ਨ :- ਪੁਨਰ ਜਨਮ ਕੀ ਹੁੰਦਾ ਹੈ?
ਉੱਤਰ :- ਕਿਸੇ ਬੁੱਢੇ, ਜੁਆਨ ਜਾਂ ਬੱਚੇ ਦੇ ਮਨ ਵਿੱਚ ਉਪਜੇ ਖਿਆਲ ਹੀ ਹਨ ਤੇ ਖਿਆਲਾਂ ਦਾ ਹਕੀਕਤ ਨਾਲ ਕੋਈ ਸਬੰਧ ਨਹੀਂ ਹੁੰਦਾ। ਭੰਗ ਪੀ ਕੇ ਤੁਹਾਨੂੰ ਆਪਣਾ ਆਪ ਅਸਮਾਨ ਵਿੱਚ ਉੱਡਦਾ ਨਜ਼ਰ ਆਵੇਗਾ, ਪਰ ਇਹ ਹਕੀਕੀ ਨਹੀਂ ਹੋਵੇਗਾ। ਇਸ ਤਰ੍ਹਾਂ ਪੁਨਰਜਨਮ ਵੀ ਸੁਪਨੇ ਵਾਂਗੂ ਕਿਸੇ ਮਨ ਦੇ ਖਿਆਲ ਹੀ ਹੁੰਦਾ ਹੈ।