ਸ਼੍ਰਿਸ਼ਟੀ ਕਿਵੇਂ ਚੱਲ ਰਹੀ ਹੈ?

Earth_Globeਲੋਕਾਂ ਦੇ ਮਨ ਵਿਚ ਆਮ ਹੀ ਇਹ ਧਾਰਨਾ ਪੈਦਾ ਹੁੰਦੀ ਹੈ ਕਿ ਜੇ ਸ਼੍ਰਿਸ਼ਟੀ ਨੂੰ ਚਲਾਉਣ ਵਾਲਾ ਕੋਈ ਨਹੀਂ ਤਾਂ ਸ਼੍ਰਿਸ਼ਟੀ ਕਿਵੇਂ ਚੱਲ ਰਹੀ ਹੈ? ਇਸ ਵਰਤਾਰੇ ਨੂੰ ਸਮਝਣ ਤੋਂ ਪਹਿਲਾਂ ਕੁੱਝ ਹੋਰ ਗੱਲਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਦਾਰਥ ਸਦਾ ਸੀ, ਸਦਾ ਹੈ ਅਤੇ ਸਦਾ ਰਹੇਗਾ। ਬ੍ਰਹਿਮੰਡ ਦੀ ਹੋਂਦ ਸਿਰਫ਼ ਪਦਾਰਥ ਨਾਲ ਹੀ ਹੈ। ਹਰੇਕ ਕਿਸਮ ਦੀ ਊਰਜਾ ਭਾਵੇਂ ਉਹ ਪ੍ਰਕਾਸ਼ ਹੋਵੇ, ਆਵਾਜ਼ ਹੋਵੇ ਜਾਂ ਗਰਮੀ ਹੋਵੇ। ਇਹ ਸਭ ਪਦਾਰਥ ਦੀਆਂ ਕਿਸਮਾਂ ਹਨ। ਪਦਾਰਥ ਦੇ ਖਿੰਡਣ ਨਾਲ ਪ੍ਰਕਾਸ਼ ਪੈਦਾ ਹੁੰਦਾ ਹੈ। ਪਦਾਰਥ ਦੇ ਟਕਰਾਉਣ ਨਾਲ ਗਰਮੀ ਪੈਦਾ ਹੁੰਦੀ ਹੈ ਤੇ ਕੰਬਾਹਟ ਨਾਲ ਆਵਾਜ਼ ਪੈਦਾ ਹੁੰਦੀ ਹੈ। ਜਦੋਂ ਵੀ ਪਦਾਰਥ ਦਾ ਕੋਈ ਰੂਪ ਜਾਂ ਮਾਤਰਾ ਨਸ਼ਟ ਹੁੰਦੀ ਹੈ ਤਾਂ ਉਸੇ ਮਾਤਰਾ ਵਿਚ ਪਦਾਰਥ ਦੇ ਕਿਸੇ ਹੋਰ ਰੂਪ ਦੀ ਸਿਰਜਣਾ ਹੁੰਦੀ ਹੈ। ਵਿਗਿਆਨ ਅਨੁਸਾਰ, ਪ੍ਰਕਿਰਤੀ ਨੂੰ ਚਲਾਉਣ ਵਾਲੇ ਚਾਰ ਮੁੱਢਲੇ ਨਿਯਮ ਹਨ। ਇਨਾਂ ਚਾਰ ਨਿਯਮਾਂ ਵਿਚ ਆਪਸੀ ਕੀ ਸਬੰਧ ਹੈ ਜਾਂ ਨਿਯਮਾਂ ਨੂੰ ਇਕੱਠੇ ਕਰਨ ਦੇ ਯਤਨਾਂ ਸਬੰਧੀ ਖੋਜ-ਪੜਤਾਲ ਆਉਣ ਵਾਲੇ ਸਮੇਂ ਵਿਚ ਹੋ ਸਕਦੀ ਹੈ।
ਪਹਿਲਾ ਨਿਯਮ
ਬ੍ਰਹਿਮੰਡ ਵਿਚ ਹਰ ਵਸਤੂ ਦੂਸਰੀ ਵਸਤੂ ਨੂੰ ਆਪਣੇ ਭਾਰ ਅਨੁਸਾਰ ਆਪਣੇ ਵੱਲ ਖਿੱਚਦੀ ਹੈ। ਦੂਰੀ ਵਧਣ ਨਾਲ ਇਹ ਖਿੱਚ-ਸ਼ਕਤੀ ਘੱਟ ਜਾਂਦੀ ਹੈ। ਬ੍ਰਹਿਮੰਡ ਵਿਚ ਤਾਰੇ, ਗ੍ਰਹਿ, ਉਪਗ੍ਰਹਿ, ਗਲੈਕਸੀਆਂ ਤੇ ਧੂਮਕੇਤੂ ਇਕ-ਦੂਜੇ ਨੂੰ ਖਿੱਚ ਰਹੇ ਹਨ। ਇਨ੍ਹਾਂ ਵਿਚ ਪੈਦੇ ਹੋਏ ਸਮਤੋਲ ਕਰ ਕੇ ਇਹ ਇਕ-ਦੂਜੇ ਦੇ ਦੁਆਲੇ ਗਤੀਸ਼ੀਲ ਹਨ। ਜਦੋਂ ਕਿਤੇ ਵੀ ਕਿਸੇ ਦੀ ਆਪਸੀ ਦੂਰੀ ਘਟ ਜਾਂਦੀ ਹੈ ਤਾਂ ਘੁੰਮਣ ਗਤੀ ਘੱਟ ਜਾਂਦੀ ਹੈ ਅਤੇ ਉਹ ਇਕ-ਦੂਜੇ ਨਾਲ ਟਕਰਾ ਵੀ ਜਾਂਦੇ ਹਨ। ਧਰਤੀ ਦੇ ਭਾਰਤੀ ਖਿੱਤੇ ਵਿਚ ਤਿੰਨ ਕੁ ਸਾਲ ਪਹਿਲਾਂ ਇਕ ਤਰਾਸਦੀ ਇਸੇ ਨਿਯਮ ਕਾਰਨ ਵਾਪਰੀ ਸੀ। ਪਹਾੜਾਂ ਵਿਚ ਉਚਾਈ ‘ਤੇ ਹੋਈ ਭਾਰੀ ਬਾਰਿਸ਼ ਕਾਰਨ ਨਦੀਆਂ ਰਾਹੀਂ ਵੱਡੀ ਮਾਤਰਾ ਵਿਚ ਪਾਣੀ ਧਰਤੀ ਦੇ ਕੇਂਦਰ ਵੱਲ ਨੂੰ ਖਿੱਚਿਆ ਜਾਣ ਲੱਗ ਪਿਆ। ਇਸ ਪਾਣੀ ਅਤੇ ਪਹਾੜਾਂ ਵਿਚੋਂ ਆਈ ਮਿੱਟੀ ਦੇ ਵਹਿਣ ਕਾਰਨ ਕੇਦਾਰਨਾਥ ਵਿਖੇ ਬਹੁਤ ਸਾਰੇ ਧਾਰਮਿਕ ਸਥਾਨਾਂ, ਵਾਹਨਾਂ ਅਤੇ ਮਨੁੱਖਾਂ ਨੇ ਇਸ ਤਰਾਸਦੀ ਦਾ ਸੰਤਾਪ ਭੋਗਿਆ। ਇਸ ਤਰਾਂ ਇਹ ਗੁਰੂਤਾ-ਆਕਰਸ਼ਣ ਦਾ ਨਿਯਮ ਬਹੁਤ ਸ਼ਕਤੀਸ਼ਾਲੀ ਹੈ, ਪਰ ਇਹ ਇਕ ਕਮਜ਼ੋਰ ਬਲ ਹੈ। ਹਾਂ, ਇਸ ਤੋਂ ਵੀ ਸ਼ਕਤੀਸ਼ਾਲੀ ਬਲ ਬ੍ਰਹਿਮੰਡ ਵਿਚ ਕਾਰਜ ਕਰ ਰਹੇ ਹਨ।
ਦੂਜਾ ਨਿਯਮ
ਇਹ ਨਿਯਮ ਨਿਊਕਲੀ ਬਲਾਂ ਦਾ ਹੈ। ਐਟਮ (ਪ੍ਰਮਾਣੂ) ਬੰਬਾਂ ਰਾਹੀਂ ਹੁੰਦੀ ਤਬਾਹੀ ਬਹੁਤ ਸਾਰੇ ਵਿਅਕਤੀਆਂ ਨੇ ਵੇਖੀ-ਸੁਣੀ ਹੈ। ਇਕ ਛੋਟੇ ਜਿਹੇ ਐਟਮ ਬੰਬ ਨੇ ਜਾਪਾਨ ਦੇ ਸ਼ਹਿਰ ਹੀਰੋਸੀਮਾ ਅਤੇ ਨਾਗਾਸਾਕੀ ਦੇ ਲੱਖਾਂ ਵਿਅਕਤੀਆਂ ਨੂੰ ਭੁੰਨ ਕੇ ਰੱਖ ਦਿੱਤਾ ਸੀ। ਅਸਲ ਵਿਚ, ਬ੍ਰਹਿਮੰਡ ਦੇ ਸਾਰੇ ਸੂਰਜਾਂ ਵਿਚ ਐਟਮੀ ਬੰਬਾਂ ਵਾਲੀਆਂ ਕਿਰਿਆਵਾਂ ਹੀ ਵਾਪਰ ਰਹੀਆਂ ਹਨ। ਸੂਰਜ ਉਪਰ ਵੀ ਹਾਈਡ੍ਰੋਜਨ ਗੈਸ ਦੇ ਹੀਲੀਅਮ ਵਿਚ ਬਦਲਣ ਕਾਰਨ ਨਿਊਕਲੀਅਸ ਸੰਯੋਜਣ ਹੋ ਰਿਹਾ ਹੈ। ਅਥਾਹ ਪ੍ਰਕਾਸ਼ ਅਤੇ ਗਰਮੀ ਪੈਦਾ ਹੋ ਰਹੀ ਹੈ।
ਤੀਜਾ ਨਿਯਮ
ਇਹ ਨਿਯਮ ਬਿਜਲਈ ਚੁੰਬਕੀ ਬਲਾਂ ਦਾ ਹੈ। ਲੋਹੇ ਦੀ ਇਕ ਤਾਰ ਵਿਚ ਬਿਜਲੀ ਲੰਘਾਉਣ ਨਾਲ ਉਹ ਚੁੰਬਕ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਸਿਧਾਂਤ ‘ਤੇ ਸਾਰੇ ਪੱਖੇ, ਮੋਟਰਾਂ ਆਦਿ ਬਣਦੇ ਹਨ। ਇਹ ਬਲ ਇਕ ਸ਼ਕਤੀਸ਼ਾਲੀ ਬਲ ਹੈ। ਸੂਰਜ ਵਿਚੋਂ ਉਠਦੇ ਤੂਫ਼ਾਨ ਇਨ੍ਹਾਂ ਬਿਜਲਈ ਚੁੰਬਕੀ ਬਲਾਂ ਕਾਰਨ ਹੀ ਧਰਤੀ ਤੱਕ ਮਾਰ ਕਰ ਜਾਂਦੇ ਹਨ।
ਚੌਥਾ ਨਿਯਮ
ਇਸ ਨਿਯਮ ਰਾਹੀਂ ਧਰਤੀ ਦੇ ਉਪਰ ਵੱਖ-ਵੱਖ ਸਾਰੀਆਂ ਚੀਜ਼ਾਂ ਦਾ ਨਿਰਮਾਣ ਹੁੰਦਾ ਹੈ। ਹਾਈਡ੍ਰੋਜ਼ਨ ਗੈਸ ਹੀਲੀਅਮ ਵਿਚ ਬਦਲਦੀ ਹੈ, ਹੀਲੀਅਮ ਕਾਰਬਨ ਵਿਚ ਬਦਲ ਜਾਂਦੀ ਹੈ ਅਤੇ ਕਾਰਬਨ, ਆਕਸੀਜਨ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਤਰਾਂ ਸਮੁੱਚੇ ਬ੍ਰਹਿਮੰਡ ਵਿਚ ਉਪਜੇ ਸਾਰੇ ਤੱਤ ਇਕ ਦੂਜੇ ਵਿਚ ਬਦਲਦੇ ਹਨ। ਕਿਸੇ ਗ੍ਰਹਿ, ਉਪਗ੍ਰਹਿ ਜਾਂ ਤਾਰੇ ‘ਤੇ ਕਾਰਬਨ ਦੀ ਮਾਤਰਾ ਜ਼ਿਆਦਾ ਹੈ। ਕਿਸੇ ਹੋਰ ‘ਤੇ ਲੋਹਾ ਵੱਧ ਮਾਤਰਾ ਵਿਚ ਮਿਲਦਾ ਹੈ। ਹੋ ਸਕਦਾ ਹੈ, ਕੋਈ ਉਲਕਾਪਾਤੀ ਸੋਨੇ ਦਾ ਹੀ ਬਣਿਆ ਹੋਵੇ। ਇਸ ਤਰਾਂ ਕਿਸੇ ਉਪਰ ਚਾਂਦੀ ਦੀ ਮਾਤਰਾ ਵਧੇਰੇ ਹੋ ਸਕਦੀ ਹੈ। ਸੂਰਜਾਂ ਦੁਆਰਾ ਪੈਦਾ ਕੀਤੀ ਜਾ ਰਹੀ ਵੱਖ-ਵੱਖ ਮਾਤਰਾ ਵਿਚ ਗਰਮੀ, ਵੱਖਰੇ-ਵੱਖਰੇ ਤੱਤਾਂ ਦਾ ਨਿਰਮਾਣ ਕਰਦੀ ਹੈ। ਧਰਤੀ ‘ਤੇ ਬਣੀਆਂ ਸਾਰੀਆਂ ਵਸਤੂਆਂ ਇਨਾਂ ਇਕ ਜਾਂ ਦੋ ਜਾਂ ਤਿੰਨ ਤੱਤਾਂ ਦੀ ਅਲੱਗ-ਅਲੱਗ ਮਾਤਰਾ ਮਿਲਾਉਣ ਨਾਲ ਬਣ ਜਾਂਦੀਆਂ ਹਨ।
ਉਪਰੋਕਤ ਨਿਯਮਾਂ ਤੋਂ ਸਪੱਸ਼ਟ ਹੈ ਕਿ ਸ਼੍ਰਿਸ਼ਟੀ ਆਪਣੇ-ਆਪ ਕੁੱਝ ਨਿਯਮਾਂ ਤਹਿਤ ਚੱਲ ਰਹੀ ਹੈ ਤੇ ਚੱਲਦੀ ਰਹੇਗੀ।
-ਮੇਘ ਰਾਜ ਮਿੱਤਰ

9888787440