ਮੈਂ ਸਨਮਾਨ ਵਾਪਸ ਕਿਉਂ ਕਰ ਰਿਹਾ ਹਾਂ?

india-more-writers-return-akademi-awards-in-protest-against-killing-of-rationalists-1210201512310962ਅੱਜ ਸੈਂਕੜੇ ਪੰਜਾਬੀ ਲੇਖਕ ਸਰਕਾਰੀ ਅਕਾਦਮੀਆਂ ਤੋਂ ਸਨਮਾਨ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਜੁਗਾੜ ਲਾ ਰਹੇ ਹਨ, ਪਰ ਮੈਂ ਇਸ ਸਨਮਾਨ ਨੂੰ ਵਾਪਸ ਕਰ ਰਿਹਾ ਹਾਂ। ਇਹ ਸਨਮਾਨ, ਉਸ ਸਮੇਂ ਵਾਪਸ ਕਰਨੇ ਹੋਰ ਵੀ ਔਖੇ ਹੋ ਜਾਂਦੇ ਹਨ, ਜਦੋਂ ਸਨਮਾਨ ਚਿੰਨ੍ਹ ਨਾਲ ਕੋਈ ਰਾਸ਼ੀ ਵੀ ਜੁੜੀ ਹੋਈ ਹੋਵੇ। 60ਵਿਆਂ ਨੂੰ ਟੱਪੇ ਕਿਸੇ ਵਿਅਕਤੀ ਲਈ ਏਡੀ-ਵੱਡੀ ਰਕਮ ਦਾ ਪ੍ਰਬੰਧ ਕਰਨ ਲਈ ਮਨ ‘ਤੇ ਬੋਝ ਰੱਖਣਾ ਹੀ ਪੈਂਦਾ ਹੈ। ਮੈਂ ਅਪਣਾ ਸ਼੍ਰੋਮਣੀ ਸਾਹਿਤਕਾਰ ਸਨਮਾਨ ਦੀ ਵਾਪਸੀ ਸਮੇਂ ਪੰਜਾਬ ਦੇ ‘ਨੈਲਸਨ ਮੰਡੇਲਾ’ ਜੀ ਨੂੰ ਸੰਬੋਧਨ ਕਰਕੇ ਹੀ ਲਿਖ ਰਿਹਾ ਹਾਂ। ਮੇਰੇ ਖਿਆਲ ਵਿਚ, ਜੇਕਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਕੋਈ ਦਰਜਾ ਦਿੱਤਾ ਹੈ ਤਾਂ ਉਹਨਾਂ ਨੇ ਸਮੁੱਚੇ ਤੱਥਾਂ ਦੀ ਘੋਖ ਤਾਂ ਕੀਤੀ ਹੀ ਹੋਵੇਗੀ। ਮੈਂ ਆਪ ਜੀ (ਪੰਜਾਬ ਦੇ ‘ਨੈਲਸਨ ਮੰਡੇਲਾ’) ਦੇ ਧਿਆਨ ਵਿਚ ਪਿਛਲੇ ਅੱਠ ਸਾਲਾਂ ਦੀਆਂ ਪ੍ਰਾਪਤੀਆਂ ਲਿਆ ਰਿਹਾ ਹਾਂ।
ਪੰਜਾਬ ਦੇ ਸਾਢੇ ਤੇਰਾਂ ਹਜ਼ਾਰ ਪਿੰਡਾਂ ਵਿਚ ਅੱਜ ਹਰ ਪਿੰਡ ਦੇ 40-50 ਘਰਾਂ ਦੇ ਚਿਰਾਗ ‘ਚਿੱਟੇ’ ਦੀ ਜਕੜ ਵਿਚ ਆ ਚੁੱਕੇ ਹਨ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਚਿਰਾਗਾਂ ਨੂੰ ਬੁਝਣੋਂ ਰੋਕਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਅਤੇ ਜਿਸ ਦੀ ਸੰਭਾਵਨਾ ਘੱਟ ਹੀ ਹੈ। ਇਸ ਦੇ ਲਈ ਪੰਜਾਬ ਦੇ ਘੱਟੋ-ਘੱਟ ਪੰਜ ਲੱਖ ਪਰਿਵਾਰ ਮਾਨਸਿਕ ਅਤੇ ਆਰਥਿਕ ਤੌਰ ‘ਤੇ ਬਰਬਾਦੀ ਵੱਲ ਜਾਣਗੇ ਹੀ। ਜੇ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਤਾਂ ਹੋਰ ਕੌਣ ਹੈ? ਇਸੇ ਤਰ੍ਹਾਂ ਰੇਤ-ਬਜਰੀ ਦੀ ਥੁੜ ਕਾਰਨ ਤਿੰਨ ਸਾਲ ਤੋਂ ਇਮਾਰਤਾਂ ਦੀ ਉਸਾਰੀ ਦਾ ਕੰਮ ਲਗਭਗ ਠੱਪ ਪਿਆ ਹੈ। ਭੱਠਿਆਂ ਦੇ ਮਾਲਕ ਅਤੇ ਪਥੇਰੇ ਲਗਭਗ ਵਿਹਲੇ ਬੈਠ ਕੇ ਖਾਂਦੇ ਰਹੇ ਹਨ ਅਤੇ ਇਮਾਰਤਾਂ ਦੀ ਉਸਾਰੀ ਵਿਚ ਜੁਟੇ ਮਜ਼ਦੂਰ ਅਤੇ ਮਿਸਤਰੀ ਬੇਰੁਜ਼ਗਾਰ ਹੋ ਰਹੇ ਹਨ। ਇਸ ਤਰਾਂ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜਿਨਾਂ ਨੇ ਤਿਣਕਾ-ਤਿਣਕਾ ਜੋੜ ਕੇ ਕੁੱਝ ਪੂੰਜੀ ਜਮ੍ਹਾਂ ਕੀਤੀ ਹੋਵੇਗੀ, ਉਹ ਇਸ ਮੁਸ਼ਕਲ ਦੌਰ ਵਿਚ ਕੰਗਾਲੀ ਦੀਆਂ ਬਰੂਹਾਂ ‘ਤੇ ਪੁੱਜ ਗਏ ਹਨ। ਇਸ ਤੋਂ ਅੱਗੇ ਵੀ ਕਿਸਾਨਾਂ ਦੀ ਨਰਮੇ ਦੀ ਫ਼ਸਲ, ਜੇ ਨਕਲੀ ਦਵਾਈਆਂ ਅਤੇ ਘਟੀਆ ਬੀਜ਼ਾਂ ਉਪਰ ਹੋਏ ਚਿੱਟੇ ਮੱਛਰ ਦੇ ਹਮਲੇ ਕਾਰਨ ਬਰਬਾਦ ਹੋਈ ਹੈ ਤਾਂ ਇਹ ਆਪ ਜੀ ਵੱਲੋਂ ਆਪਣੇ ਅਫ਼ਸਰਾਂ ਅਤੇ ਵਜ਼ੀਰਾਂ ਨੂੰ ਦਿੱਤੀ ਹੱਲਾਸ਼ੇਰੀ ਕਰ ਕੇ ਹੀ ਵਾਪਰੀ ਹੈ। ਇਸ ਦੀਆਂ ਕੁੱਝ ਪਰਤਾਂ ਖੁੱਲ੍ਹ ਰਹੀਆਂ ਹਨ ਅਤੇ ਕੁੱਝ ਸਮੇਂ ਨੇ ਖੋਲ੍ਹ ਦੇਣੀਆਂ ਹਨ।
ਇਸ ਤੋਂ ਅੱਗੇ ਆਪ ਮੰਡੇਲਾ ਜੀ ਦੀ ਕਿਰਪਾ ਨਾਲ ਇੱਥੇ ਬਹੁਤ ਸਾਰੇ ਡੇਰੇ ਤੇ ਮੱਠ ਅਰਬਾਂਪਤੀ ਕਰ ਹੋ ਗਏ ਹਨ, ਜਿਨ੍ਹਾਂ ਲਈ ਵਿਸ਼ਾਲ ਇਮਾਰਤਾਂ ਉਸਾਰੀਆਂ ਗਈਆਂ ਹਨ ਅਤੇ ਉਨਾਂ ਨੂੰ ਚੌੜੀਆਂ, ਪੱਕੀਆਂ ਅਤੇ ਸੁੰਦਰ ਸੜਕਾਂ ਬਣਵਾ ਦਿੱਤੀਆਂ ਗਈਆਂ ਹਨ। ਜਿਹੜੇ ਸਾਧ-ਸੰਤ ਪੰਜਾਬ ਵਿਚ ਆਉਂਦੇ ਹਨ, ਭਾਵੇਂ ਉਹ ਕੁਮਾਰ ਸਵਾਮੀ, ਆਸਾਰਾਮ ਬਾਪੂ, ਰਾਮਦੇਵ ਜਾਂ ਇਨ੍ਹਾਂ ਵਰਗਾ ਕੋਈ ਹੋਰ ਹੋਵੇ, ਉਹ ਅਰਬਾਂਪਤੀ ਹੋ ਕੇ ਜਾਂਦੇ ਹਨ। ਤੁਸੀਂ ਉਨਾਂ ਤੋਂ ਅਸ਼ੀਰਵਾਦ ਲੈਂਦੇ ਵੀ ਹੋ ਅਤੇ ਬਦਲੇ ਵਿਚ ਖ਼ਜ਼ਾਨੇ ਦਾ ਮੂੰਹ ਵੀ ਖੋਲਦੇ ਹੋ। ਭਾਵੇਂ ਪੰਜਾਬ ਦੇ ਲੋਕਾਂ ਨੂੰ ਆਲੇ-ਦੁਆਲੇ ਦੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਟੈਕਸ ਵੀ ਅਦਾ ਕਰਨਾ ਪਵੇ।
ਮੰਡੇਲਾ ਜੀ, ਤੁਹਾਡੇ ਸਪੁੱਤਰ, ਨੂੰਹ ਅਤੇ ਹੋਰ ਰਿਸ਼ਤੇਦਾਰਾਂ ਨੇ ਆਰਬਿਟ ਬੱਸਾਂ ਰਾਹੀਂ ਭਾਵੇਂ ਰੋਡਵੇਜ਼ ਕੰਗਾਲੀ ਦੇ ਕਿਨਾਰੇ ਪਹੁੰਚਾ ਦਿੱਤੀ ਹੈ, ਪਰ ਫਿਰ ਵੀ ਕੁੱਝ ਗਿਣੇ-ਮਿੱਥੇ ਲੋਕਾਂ ਨੂੰ ਤਾਂ ਇਨ੍ਹਾਂ ਬੱਸਾਂ ਦੀਆਂ ਏ.ਸੀ. ਤੇ ਆਰਾਮਦਾਇਕ ਬੱਸਾਂ ਦੀਆਂ ਸਹੂਲਤਾਂ ਪ੍ਰਾਪਤ ਹੋ ਹੀ ਰਹੀਆਂ ਹਨ। ਮੈਨੂੰ ਲਗਦਾ ਹੈ ਕਿ ਜੇ ਤੁਹਾਨੂੰ ਪੰਜ-ਦਸ ਸਾਲ ਦਾ ਹੋਰ ਮੌਕਾ ਮਿਲ ਗਿਆ ਤਾਂ ਤੁਹਾਡੀਆਂ ਆਰਬਿਟ ਬੱਸਾਂ ਨੇ ਹਵਾਈ ਜਹਾਜ਼ਾਂ ਵਿਚ ਬਦਲ ਜਾਣਾ ਹੈ। ਸ਼ਾਇਦ, ਇਨ੍ਹਾਂ ਦੀ ਗਿਣਤੀ ਵੀ ਦਸ-ਵੀਹ ਗੁਣਾ ਵਧ ਜਾਵੇ। ਪਰ ਪੀ.ਆਰ.ਟੀ.ਸੀ. ਦੇ ਵਰਕਰਾਂ ਨੂੰ ਤਾਂ ਪੈਨਸ਼ਨਾਂ ਦੇ ਪੈਸੇ ਵੀ ਉਸ ਸਮੇਂ ਤੱਕ ਨਹੀਂ ਮਿਲਣੇ, ਕਿਉਂਕਿ ਇਹ ਪੈਸੇ ਤਾਂ ਕਿਸੇ ਨਾ ਕਿਸੇ ਰੂਪ ਵਿਚ ਤੁਹਾਡੀਆਂ ਆਰਬਿਟਾਂ ਵਿਚ ਸਮਾ ਗਏ ਹਨ। ਪੰਜਾਬ ਦੇ ਮੰਡੇਲਾ ਜੀ ਦੀ ਅਗਵਾਈ ਵਿਚ ਫ਼ਾਸਟਵੇਅ ਚੈਨਲ ਛੋਟੇ-ਮੋਟੇ ਚੈਨਲਾਂ ਨੂੰ ਤਾਂ ਖਾ ਚੁੱਕਿਆ ਹੈ। ਹੁਣ ਤਾਂ ਉਹ ਸਾਧਾਂ-ਸੰਤਾਂ, ਜੋਤਿਸ਼ੀਆਂ, ਨੀਮ-ਹਕੀਮਾਂ ਦੀਆਂ ਇਸ਼ਤਿਹਾਰਬਾਜ਼ੀਆਂ ਰਾਹੀਂ ਵੱਡੀਆਂ ਰਕਮਾਂ ਵਸੂਲ ਕਰ ਕੇ ਆਪ ਤਾਂ ਅਮੀਰ ਹੋ ਹੀ ਰਿਹਾ ਹੈ ਤੇ ਨਾਲ ਹੀ ਇਨ੍ਹਾਂ ਠੱਗਾਂ ਦੀਆਂ ਝੋਲੀਆਂ ਭਰ ਰਿਹਾ ਹੈ। ਪਰ ਜਨਤਾ ਵਿਚਾਰੀ ਹੇਠਾਂ ਨੂੰ ਹੀ ਜਾ ਰਹੀ ਹੈ। ਇਸੇ ਤਰ੍ਹਾਂ ਸਾਇਕਲ ਉਦਯੋਗ ਤੇ ਲੋਹਾ ਸਨਅੱਤ ਵੀ ਤੁਹਾਡੀ ਅਗਵਾਈ ਵਿਚ ਵਾਹਵਾ ਤਰੱਕੀ ਕਰ ਰਹੇ ਹਨ। ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਰਹੀਆਂ ਹਨ। ਇਹ ਸਭ ਤੁਹਾਡੀ ‘ਸੁਯੋਗ ਅਗਵਾਈ’ ਵਿਚ ਹੋ ਰਿਹਾ ਹੈ।
ਸਰਕਾਰੀ ਸਕੂਲਾਂ ਨੂੰ ਤੁਸੀਂ ਬਹੁਤ ਸਾਰੀਆਂ ਸਹੂਲਤਾਂ ਨਾਲ ਮਾਲਾ-ਮਾਲ ਕਰ ਦਿੱਤਾ ਹੈ। ਅੱਜ ਹਰੇਕ ਸਕੂਲ ਵਿਚ ਸਾਰੇ ਬੱਚਿਆਂ ਨੂੰ ਬੈਠਣ ਲਈ ਸ਼ਾਨਦਾਰ ਇਮਾਰਤਾਂ, ਵਧੀਆ ਫ਼ਰਨੀਚਰ ਅਤੇ ਪੂਰਾ ਸਟਾਫ਼ ਉਪਲਬਧ ਹੈ ਤਾਂਹੀਉਂ ਤਾਂ ਤੁਸੀਂ ਆਪਣੇ ਪੋਤੇ-ਪੋਤੀ ਨੂੰ ਸਰਕਾਰੀ ਸਕੂਲਾਂ ਵਿਚ ਭੇਜਣ ਦੀ ਤਿਆਰੀ ਕਰ ਰਹੇ ਹੋ। ਜੇ ਕਿਸੇ ਪਰਿਵਾਰ ਵਿਚ ਨਿੱਕੀ ਜਿਹੀ ਬਿਮਾਰੀ ਵੜ ਜਾਂਦੀ ਹੈ ਤਾਂ ਉਨਾਂ ਦਾ ਘਰ-ਵਾਰ ਸਭ ਕੁੱਝ ਵਿਕ ਜਾਂਦਾ ਹੈ। ਜੇ ਅਧਿਆਪਕਾਂ ਦੇ ਮੁਜ਼ਾਹਰੇ ਹੁੰਦੇ ਹਨ ਤਾਂ ਤੁਹਾਡੀ ਪੁਲਿਸ ਉਨਾਂ ਤੋਂ ਰਜਾਈਆਂ ਖੋਹ ਲੈਂਦੀ ਹੈ ਅਤੇ ਤੁਹਾਡੇ ਪਾਲੇ ਹੋਏ ਗੁੰਡੇ ਅਤੇ ਵਜ਼ੀਰ ਧਰਨਿਆਂ ਅਤੇ ਮੁਜ਼ਾਹਰਿਆਂ ਨੂੰ ਰੋਕਣ ਲਈ ਲਾਠੀਆਂ ਲੈ ਕੇ ਪੁਲਿਸ ਦੇ ਨਾਲ ਜਾ ਖੜੋਂਦੇ ਹਨ।
ਮੇਘ ਰਾਜ ਮਿੱਤਰ
9888787440