ਸਾਧਵੀ ਬਣਨ ਦੀ ਜਿੱਦ ‘ਤੇ ਅੜੀ ਲੜਕੀ

By | July 30, 2016

-ਮੇਘ ਰਾਜ ਮਿੱਤਰ, 98887 87440
s1ਮਈ 2016 ਦੇ ਆਖ਼ਰੀ ਹਫ਼ਤੇ ਦੀ ਗੱਲ ਹੈ, ਇੱਕ ਪਰਿਵਾਰ ਆਪਣੀ ਚੌਦਾਂ ਸਾਲ ਦੀ ਧੀ ਨੂੰ ਲੈ ਕੇ ਮੇਰੇ ਕੋਲ ਆਇਆ। ਕਹਿਣ ਲੱਗਿਆ, ”ਸਾਡੀ ਲੜਕੀ ਨੇ ਇਸ ਗੱਲ ਦੀ ਜਿੱਦ ਫੜੀ ਹੋਈ ਹੈ ਕਿ ਇਹ ਸਾਧਵੀ ਬਣ ਕੇ ਆਸ਼ਰਮ ਵਿਚ ਰਹਿਣਾ ਚਾਹੁੰਦੀ ਹੈ। ਬਹੁਤ ਸਮਝਾਉਣ ਦੇ ਬਾਵਜੂਦ ਅਸੀਂ ਇਸ ਨੂੰ ਰਸਤੇ ‘ਤੇ ਨਹੀਂ ਲਿਆ ਸਕੇ। ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਠੀਕ ਰਸਤੇ ‘ਤੇ ਪਾਇਆ ਹੈ। ਸਾਡੀ ਧੀ ‘ਤੇ ਵੀ ਕ੍ਰਿਪਾ ਕਰੋ।” ਮੈਂ ਇਹ ਜਾਣਦਾ ਸੀ ਕਿ ਲੜਕੀ ਦਾ ਇਨ੍ਹਾਂ ਗੱਲਾਂ ਵਿਚ ਵਿਸ਼ਵਾਸ ਉਂਝ ਹੀ ਨਹੀਂ ਬਣਿਆ। ਬਚਪਨ ਵਿਚ ਮਿਲਿਆ ਕੋਈ ਨਾ ਕੋਈ ਮਾਹੌਲ ਬੱਚਿਆਂ ਦੇ ਸੰਵੇਦਨਸ਼ੀਲ ਮਨਾਂ ਵਿਚ ਇਸ ਵਿਸ਼ਵਾਸ ਦੀ ਉਸਾਰੀ ਕਰਦਾ ਹੈ। ਮੈਂ ਪਰਿਵਾਰ ਨੂੰ ਪੁੱਛਿਆ, ”ਇਸ ਲੜਕੀ ਦਾ ਇਹ ਵਿਸ਼ਵਾਸ ਕਿਵੇਂ ਬਣਿਆ?” ਉਹ ਕਹਿਣ ਲੱਗੇ, ”ਇਸ ਦੇ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ। ਅਸੀਂ ਜੈਨ ਧਰਮ ਵਿਚ ਵਿਸ਼ਵਾਸ ਕਰਦੇ ਹਾਂ। ਡੇਰੇ ਦੇ ਕੁੱਝ ਸਾਧੂ ਅਤੇ ਸਾਧਵੀਆਂ ਸਾਡੇ ਘਰ ਦੋ ਕੁ ਹਫ਼ਤਿਆਂ ਲਈ ਰੁਕੇ। ਇਹ ਲੜਕੀ ਉਨ੍ਹਾਂ ਦੀ ਸੇਵਾ ਕਰਦੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਨੇ ਇਹ ਗੱਲ ਦੁਹਰਾਉਣੀ ਸ਼ੁਰੂ ਕਰ ਦਿੱਤੀ ਕਿ ਮੈਂ ਵੀ ਆਸ਼ਰਮ ਵਿਚ ਜਾਣਾ ਹੈ।”
ਮੈਂ ਸਮੁੱਚੇ ਪਰਿਵਾਰ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਦੁਨੀਆਂ ਵਿਚ ਛੋਟੇ-ਮੋਟੇ ਚਾਰ ਹਜ਼ਾਰ ਦੇ ਕਰੀਬ ਧਰਮ, ਮੱਠ ਜਾਂ ਡੇਰੇ ਹਨ ਅਤੇ ਹੋਰ ਹਜ਼ਾਰਾਂ ਹੀ ਹੋਂਦ ਵਿਚ ਆਉਂਦੇ ਅਤੇ ਅਲੋਪ ਹੁੰਦੇ ਰਹਿੰਦੇ ਹਨ। ਕੁੱਝ ਸਥਾਪਤ ਵੀ ਹੋ ਜਾਂਦੇ ਹਨ ਅਤੇ ਅਲੱਗ ਧਰਮ ਪੈਦਾ ਹੋ ਜਾਂਦਾ ਹੈ। ਇਨ੍ਹਾਂ ਨੂੰ ਮੰਨਣ ਵਾਲਾ ਹਰੇਕ ਵਿਅਕਤੀ ਸੋਚਦਾ ਹੈ ਕਿ ਮੇਰਾ ‘ਰੱਬ’ ਠੀਕ ਹੈ ਬਾਕੀ ਸਾਰੇ ਰੱਬ ਗਲਤ ਹਨ। ਇਹ ਹੀ ਅੰਤਿਮ ਸੱਚ ਹੈ, ਜਦਕਿ ਇਹ ਸੱਚਾਈ ਨਹੀਂ ਹੈ। ਪਰਿਵਾਰ ਕਹਿਣ ਲੱਗਿਆ, ”ਸਾਡੇ ਜੈਨ ਧਰਮ ਵਾਲੇ ਤਾਂ ਮੁਕਤੀ ਲਈ ਭਗਤੀ ਕਰਦੇ ਹਨ।” ਮੈਂ ਫਿਰ ਦੁਹਰਾਇਆ, ”ਮੁਕਤੀ ਕੀ ਹੁੰਦੀ ਹੈ? ਕਿਸ ਚੀਜ਼ ਤੋਂ ਮੁਕਤ ਹੋਣਾ ਹੁੰਦਾ ਹੈ?” ਪਰਿਵਾਰ ਦਾ ਜਵਾਬ ਸੀ, ”ਮੁਕਤੀ ਤਾਂ ਮਰ ਕੇ ਹੀ ਮਿਲਦੀ ਹੈ।” ਮੈਂ ਦੱਸਿਆ, ”ਇਹ ਤਾਂ ਬਹੁਤ ਸੁਖਾਲੀ ਗੱਲ ਹੈ, ਸਲਫ਼ਾਸ ਦੀ ਇਕ-ਇਕ ਗੋਲੀ ਉਨ੍ਹਾਂ ਨੂੰ ਸਦਾ ਲਈ ਮੁਕਤ ਕਰ ਸਕਦੀ ਹੈ?” ਪਰਿਵਾਰ ਸੋਚਾਂ ਵਿਚ ਪੈ ਗਿਆ। ਇਸ ਤੋਂ ਬਾਅਦ ਮੈਂ ਲੜਕੀ ਨੂੰ ਸਮਝਾਉਣ ਲਈ ਅਲੱਗ ਕਮਰੇ ਵਿਚ ਲੈ ਗਿਆ।
ਲੜਕੀ ਦਸਵੀਂ ਕਲਾਸ ਦੀ ਵਿਦਿਆਰਥਣ ਸੀ। ਦਿਮਾਗ਼ੀ ਪੱਖੋਂ ਬਹੁਤ ਚੁਸਤ ਅਤੇ ਹੁਸ਼ਿਆਰ ਸੀ। ਮੈਂ ਉਸ ਨੂੰ ਪੁੱਛਿਆ, ”ਤੈਨੂੰ ਪਤਾ ਹੈ ਕਿ ਜੈਨ ਸਾਧਵੀ ਬਣਨ ਲਈ ਕਿੰਨੇ ਦੁੱਖ ਝੱਲਣੇ ਪੈਂਦੇ ਹਨ?” ਉਹ ਕਹਿਣ ਲੱਗੀ, ”ਮੇਰੇ ਸਿਰ ਦੇ ਸਾਰੇ ਵਾਲ ਉਹ ਖਿੱਚ-ਖਿੱਚ ਕੇ ਪੁੱਟ ਦੇਣਗੇ। ਸਾਰੀ ਉਮਰ ਮੂੰਹ ‘ਤੇ ਪੱਟੀ ਬੰਨ੍ਹਣੀ ਪਊਗੀ। ਨੰਗੇ ਪੈਰੀਂ ਰਹਿਣਾ ਪਊ। ਵਿਆਹ ਵੀ ਨਹੀਂ ਕਰਵਾ ਸਕਾਂਗੀ। ਜ਼ਿਆਦਾ ਯਾਤਰਾ ਪੈਦਲ ਹੀ ਕਰਨੀ ਪਊ। ਸਾਰਾ ਸਮਾਂ ਲੋਕਾਂ ਦੇ ਪਰਿਵਾਰਾਂ ਵਿਚ ਜਾਂ ਆਸ਼ਰਮਾਂ ਵਿਚ ਹੀ ਬਤੀਤ ਕਰਨਾ ਪਊ।” ਮੈਂ ਉਸ ਨੂੰ ਕਿਹਾ ਕਿ ਜੇ ਤੂੰ ਸਾਧਵੀ ਨਹੀਂ ਬਣਦੀ ਤਾਂ ਤੂੰ ਇਕ ਨਰਸ, ਡਾਕਟਰ, ਇੰਜੀਨੀਅਰ, ਏਅਰ ਹੋਸਟੈੱਸ ਅਤੇ ਅਧਿਅਪਕਾ ਵੀ ਬਣ ਸਕਦੀ ਹੈ। ਹੋ ਸਕਦਾ ਹੈ ਕਿ ਤੇਰੇ ਕੋਲ ਆਪਣੀ ਕਾਰ ਵੀ ਹੋਵੇ। ਕੁੱਝ ਸਮੇਂ ਬਾਅਦ ਪਰਿਵਾਰ ਵਾਲੇ ਤੇਰਾ ਵਿਆਹ ਕਰ ਦੇਣਗੇ। ਉਸ ਸਮੇਂ ਤੈਨੂੰ ਹੱਸਣ-ਖੇਡਣ ਲਈ ਤੇਰਾ ਜੀਵਨ ਸਾਥੀ ਵੀ ਮਿਲ ਜਾਵੇਗਾ। ਦੁਨੀਆਂ ਦਾ ਘੇਰਾ ਬਹੁਤ ਵਿਸ਼ਾਲ ਹੈ। ਤੂੰ ਆਪਣੀ ਹਿੰਮਤ ਨਾਲ ਕਿਤੇ ਵੀ ਉਡਾਰੀ ਭਰ ਸਕਦੀ ਹੈਂ। ਇਸ ਤਰ੍ਹਾਂ ਮੈਂ ਲਗਭਗ ਦੋ ਘੰਟੇ ਉਸ ਦੇ ਸੁਆਲਾਂ ਦੇ ਜਵਾਬ ਹੀ ਦਿੰਦਾ ਰਿਹਾ।
ਉਸ ਦਾ ਸਭ ਤੋਂ ਵੱਡਾ ਸਵਾਲ ਤਾਂ ਆਤਮਾ ਦੀ ਹੋਂਦ ਬਾਰੇ ਸੀ। ਮੈਂ ਉਸ ਨੂੰ ਕਿਹਾ ਕਿ ਆਤਮਾ ਨਾਂਅ ਦੀ ਕੋਈ ਚੀਜ਼ ਇਸ ਬ੍ਰਹਿਮੰਡ ਵਿਚ ਨਹੀਂ ਹੈ। ਆਤਮਾ ਕੋਈ ਵੀ ਪਦਾਰਥਕ ਵਸਤੂ ਨਹੀਂ ਹੈ। ਵਿਗਿਆਨ ਅਨੁਸਾਰ, ਹਰੇਕ ਮਾਦਾ ਆਕਾਰ ਰੱਖਦਾ ਹੈ, ਉਸ ਦਾ ਭਾਰ ਹੁੰਦਾ ਹੈ, ਉਹ ਥਾਂ ਘੇਰਦਾ ਹੈ। ਸਮੁੱਚੇ ਬ੍ਰਹਿਮੰਡ ਵਿਚ ਅਜਿਹੀ ਕੋਈ ਵੀ ਵਸਤੂ ਨਹੀਂ ਜਿਸ ਦੇ ਤਿੰਨੇ ਗੁਣ ਨਾ ਹੋਣ। ਵਿਗਿਆਨੀਆਂ ਨੇ ਤਾਂ ਇਲੈਕਟ੍ਰੋਨਾਂ, ਪ੍ਰੋਟੋਨਾਂ ਦੇ ਭਾਰ ਅਤੇ ਆਕਾਰ ਤਕ ਦੱਸ ਦਿੱਤੇ ਹਨ। ਅੱਜ ਤਕ ਕਿਸੇ ਵੀ ਡਾਕਟਰ ਨੇ ਆਤਮਾ ਦੇ ਭਾਰ, ਆਕਾਰ ਅਤੇ ਥਾਂ ਘੇਰਨ ਦੀ ਪੁਸ਼ਟੀ ਨਹੀਂ ਕੀਤੀ। ਬੱਚੇ ਦੇ ਜਨਮ ਸਮੇਂ ਆਤਮਾ ਦੇ ਪ੍ਰਵੇਸ਼ ਕਰਨ ਬਾਰੇ ਵੀ ਉਸ ਦੇ ਮਨ ਵਿਚ ਕੁੱਝ ਸਵਾਲ ਸਨ। ਮੈਂ ਉਸ ਨੂੰ ਦੱਸਿਆ ਕਿ ਜਾਪਾਨੀ ਤਾਂ ਗਰਭ ਧਾਰਨ ਕਰਨ ਸਮੇਂ ਆਤਮਾ ਦੇ ਪ੍ਰਵੇਸ਼ ਕਰਨ ਵਿਚ ਯਕੀਨ ਕਰਦੇ ਹਨ। ਪਿਤਾ ਮਾਂ ਦੀ ਕੁੱਖ ਵਿਚ ਮਾਦਾ ਸੈੱਲ ਪ੍ਰਵੇਸ਼ ਕਰਵਾਉਂਦਾ ਹੈ। ਮਾਂ ਅਤੇ ਪਿਤਾ ਦੇ ਮਿਲਾਪ ਨਾਲ ਪੈਦਾ ਹੋਇਆ ਸੈੱਲ ਵਧਣਾ ਸ਼ੁਰੂ ਕਰ ਦਿੰਦਾ ਹੈ ਅਤੇ ਵਧ ਕੇ ਦੋ ਟੁਕੜਿਆਂ ਵਿਚ ਟੁੱਟ ਜਾਂਦਾ ਹੈ। ਦੋ ਨਵੇਂ ਸੈੱਲ ਹੋਂਦ ਵਿਚ ਆ ਜਾਂਦੇ ਹਨ। ਕੁੱਝ ਸਮੇਂ ਬਾਅਦ ਇਹ ਸੈੱਲ ਵਧ ਕੇ ਵਿਚਾਲਿਉਂ ਟੁੱਟ ਜਾਂਦੇ ਹਨ ਅਤੇ ਚਾਰ ਵਿਚ ਬਦਲ ਜਾਂਦੇ ਹਨ। ਇਸ ਤਰ੍ਹਾਂ ਲਗਭਗ 280 ਦਿਨ ਮਾਂ ਦੇ ਪੇਟ ਵਿਚ ਭਰੂਣ ਵਿਕਾਸ ਕਰਦਾ ਰਹਿੰਦਾ ਹੈ। ਇਸ ਵਾਧੇ ਲਈ ਲੋੜੀਂਦੀ ਖ਼ੁਰਾਕ ਉਸ ਨੂੰ ਮਾਂ ਦੀ ਖ਼ੁਰਾਕ ਵਿਚੋਂ ਮਿਲਦੀ ਰਹਿੰਦੀ ਹੈ। ਜਨਮ ਤੋਂ ਬਾਅਦ ਬੱਚਾ ਮਾਂ ਦੇ ਦੁੱਧ ਦੇ ਰੂਪ ਵਿਚ ਅਤੇ ਬਾਹਰੋਂ ਖ਼ੁਰਾਕ ਲੈਣੀ ਸ਼ੁਰੂ ਕਰ ਦਿੰਦਾ ਹੈ। ਲਗਭਗ ਚਾਲੀ ਸਾਲਾਂ ਦੀ ਉਮਰ ਤਕ ਸਰੀਰ ਵਿਚ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਵਧਦੀ ਰਹਿੰਦੀ ਹੈ। ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤਕ ਜਿੰਨ੍ਹੇ ਕੁ ਸੈੱਲ ਸਾਡੇ ਸਰੀਰ ਵਿਚ ਹਰ ਰੋਜ਼ ਬਣਦੇ ਹਨ, ਲਗਭਗ ਉਨ੍ਹੇ ਕੁ ਹੀ ਮਰਦੇ ਰਹਿੰਦੇ ਹਨ। ਇਸ ਲਈ ਸਰੀਰ ਸਾਵਾਂ ਜਿਹਾ ਰਹਿੰਦਾ ਹੈ। ਪੰਜਾਹ ਸਾਲ ਦੀ ਉਮਰ ਤੋਂ ਬਾਅਦ ਹਰ ਰੋਜ਼ ਪੈਦਾ ਹੋਣ ਨਾਲੋਂ ਮਰਨ ਵਾਲੇ ਸੈੱਲਾਂ ਦੀ ਗਿਣਤੀ ਵਧ ਜਾਂਦੀ ਹੈ। ਸਰੀਰ ਢਹਿੰਦੀਆਂ ਕਲਾਵਾਂ ਵਿਚ ਜਾਣਾ ਸ਼ੁਰੂ ਹੋ ਜਾਂਦਾ ਹੈ। ਅੱਸੀ-ਨੱਬੇ ਸਾਲ ਦੀ ਉਮਰ ਵਿਚ ਪਹੁੰਚਦਿਆਂ ਸਰੀਰ ਵਿਚ ਸੈੱਲਾਂ ਦੀ ਗਿਣਤੀ ਏਨੀ ਘੱਟ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਜਵਾਬ ਦੇ ਜਾਂਦੀ ਹੈ, ਜਿਸ ਨਾਲ ਸਾਡੀ ਮੌਤ ਹੋ ਜਾਂਦੀ ਹੈ। ਸਾਡੇ ਸਰੀਰ ਨੂੰ ਜਲਾ ਜਾਂ ਦਫ਼ਨਾ ਦਿੱਤਾ ਜਾਂਦਾ ਹੈ। ਸਿੱਟੇ ਵਜੋਂ, ਦਰੱਖਤਾਂ ਤੋਂ ਲਈ ਖ਼ੁਰਾਕ ਆਕਸੀਜਨ ਅਤੇ ਪਾਣੀ ਦੇ ਰੂਪ ਵਿਚ ਦਰੱਖਤਾਂ ਨੂੰ ਵਾਪਸ ਮੁੜ ਜਾਂਦੀ ਹੈ।
ਲੜਕੀ ਇਸ ਗੱਲ ਦੇ ਉਪਰ ਜ਼ੋਰ ਦੇ ਰਹੀ ਸੀ ਕਿ ਆਤਮਾ ਸਦੀਵੀ ਹੁੰਦੀ ਹੈ। ਇਹ ਨਾ ਜਲਦੀ ਹੈ ਅਤੇ ਨਾ ਹੀ ਨਸ਼ਟ ਹੁੰਦੀ ਹੈ। ਕੋਈ ਵੀ ਦੂਸਰਾ ਵਿਅਕਤੀ ਇਸ ਨੂੰ ਆਪਣੇ ਵੱਸ ਵਿਚ ਨਹੀਂ ਕਰ ਸਕਦਾ। ਇਸ ਗੱਲ ਦੀ ਵਿਆਖਿਆ ਕਰਨ ਲਈ ਮੈਂ ਉਸ ਨੂੰ ਦੱਸਿਆ ਕਿ ਡਾਕਟਰ ਆਪਣੇ ਮਰੀਜ਼ ਨੂੰ ਟੀਕਾ ਲਾ ਕੇ ਜਾਂ ਐਨਅਸਥੀਜੀਆ ਦੇ ਕੇ ਜਦੋਂ ਵੀ ਚਾਹੁਣ ਅਤੇ ਜਿੰਨ੍ਹੇ ਵੀ ਸਮੇਂ ਲਈ ਚਾਹੁਣ ਬੇਹੋਸ਼ ਕਰ ਸਕਦੇ ਹਨ। ਉਸ ਸਮੇਂ ਕਿਸੇ ਵਿਅਕਤੀ ਦੀ ਆਤਮਾ ਕਿੱਥੇ ਰਹਿੰਦੀ ਹੈ? ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਆਤਮਾ ਡਾਕਟਰ ਦੇ ਕੰਟਰੋਲ ਵਿਚ ਚਲੀ ਜਾਂਦੀ ਹੈ। ਅਮਰੀਕਾ ਵਾਲਿਆਂ ਨੇ ਹੀਰੋਸੀਮਾ ਅਤੇ ਨਾਗਸਾਕੀ ‘ਤੇ ਐਟਮ ਬੰਬ ਸੁੱਟ ਕੇ ਇਕ-ਦੋ ਮਿੰਟ ਵਿਚ ਲੱਖਾਂ ਹੀ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕੀ ਆਤਮਾਵਾਂ ਨੂੰ ਉਨ੍ਹਾਂ ਨੇ ਜ਼ਬਰਦਸਤੀ ਨਹੀਂ ਸੀ ਮੁਕਤ ਕੀਤਾ? ਮੁੜ-ਮੁੜ ਕੇ ਉਸ ਲੜਕੀ ਦਾ ਵਿਸ਼ਵਾਸ ਜੈਨੀਆਂ ਦੀ ਭਗਤੀ ਰਾਹੀਂ ਹੋਣ ਵਾਲੀ ਮੁਕਤੀ ਦੇ ਨੁਕਤੇ ਵੱਲ ਨੂੰ ਜਾ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਜੇ ਜੈਨੀ ਇਨ੍ਹਾਂ ਛੇਤੀ ਮੁਕਤ ਹੋਣਾ ਚਾਹੁੰਦੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਬਿਮਾਰੀ ਸਮੇਂ ਡਾਕਟਰੀ ਮਦਦ ਨਹੀਂ ਲੈਣੀ ਚਾਹੀਦੀ। ਮੁਕਤੀ ਛੇਤੀ ਮਿਲ ਜਾਵੇਗੀ। ਮੈਂ ਉਸ ਨੂੰ ਆਤਮਾ ਬਾਰੇ ਭਰਮ ਦੀ ਮੁਕਤੀ ਲਈ ਕੁੱਝ ਉਦਾਹਰਣਾਂ ਅਜਿਹੀਆਂ ਦੱਸੀਆਂ, ਜਿਨ੍ਹਾਂ ਵਿਚ ਮਰਨ ਤੋਂ ਕਈ-ਕਈ ਘੰਟੇ ਬਾਅਦ ਵੀ ਵਿਅਕਤੀ ਜਿਉਂਦੇ ਹੋਏ ਸਨ। ਅਜਿਹੀਆਂ ਮੌਤਾਂ ਸਮੇਂ ਵਿਅਕਤੀ ਅਜਿਹੇ ਸਥਾਨਾਂ ‘ਤੇ ਹੁੰਦੇ ਹਨ, ਜਿਥੇ ਠੰਢ ਕਾਰਨ ਦਿਮਾਗ਼ੀ ਸੈੱਲ ਨਹੀਂ ਮਰਦੇ। ਅਜਿਹੇ ਸੈੱਲਾਂ ਨੂੰ ਮੁੜ ਜੀਵਤ ਕਰਨਾ ਸੰਭਵ ਹੁੰਦਾ ਹੈ। ਆਸੂਤੋਸ਼ ਬਾਰੇ ਵੀ ਉਸ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਮੁੜ ਕਦੇ ਵੀ ਜੀਵਤ ਨਹੀਂ ਹੋ ਸਕੇਗਾ।
ਪਾਣੀ ਵਿਚ ਡੁੱਬ ਕੇ ਮਰੀਆਂ ਮੱਖੀਆਂ ਨੂੰ ਜਿਉਂਦਾ ਕਰਨ ਦਾ ਢੰਗ ਵੀ ਉਸ ਨੂੰ ਸਿਖਾਇਆ ਗਿਆ। ਗੱਲਾਂ-ਗੱਲਾਂ ਵਿਚ ਉਸ ਨੂੰ ਦੱਸਿਆ ਗਿਆ ਕਿ ਗਿਆਨ ਵੀ ਵਿਕਾਸ ਕਰਦਾ ਰਹਿੰਦਾ ਹੈ। ਅੱਜ ਤੋਂ ਤਿੰਨ ਸੌ ਵਰ੍ਹੇ ਪਹਿਲਾਂ ਜਦੋਂ ਵੀ ਕਿਸੇ ਵਿਅਕਤੀ ਨੂੰ ਪੁੱਛਿਆ ਜਾਂਦਾ ਸੀ ਕਿ ਬਰਸਾਤ ਕਿਵੇਂ ਹੁੰਦੀ ਹੈ ਤਾਂ ਉਸ ਦਾ ਜਵਾਬ ਹੁੰਦਾ ਸੀ ਕਿ ਇੰਦਰ ਦੇਵਤਾ ਮੀਂਹ ਪਾਉਂਦਾ ਹੈ। ਅੱਜ ਤੀਜੀ ਜਮਾਤ ਦਾ ਵਿਦਿਆਰਥੀ ਵੀ ਦੱਸਦਾ ਹੈ ਕਿ ਵਾਸ਼ਪੀਕਰਨ ਰਾਹੀਂ ਬੱਦਲ ਬਣਦੇ ਹਨ, ਜੋ ਵਰ੍ਹ ਜਾਂਦੇ ਹਨ।
ਅਜਿਹੇ ਵਿਅਕਤੀਆਂ ਵਿਚ ਇਹ ਵਹਿਮ ਹੁੰਦਾ ਹੈ ਕਿ ਮੁਕਤੀ ਤੋਂ ਬਾਅਦ ਆਤਮਾ ਪ੍ਰਮਾਤਮਾ ਨਾਲ ਮਿਲ ਜਾਂਦੀ ਹੈ। ਮੈਂ ਬਹੁਤ ਸਾਰੇ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ, ਜਿਨ੍ਹਾਂ ਨੇ ਚਾਲੀ-ਪੰਜਾਹ ਵਰ੍ਹੇ ਭਗਤੀ ਵਿਚ ਬਤੀਤ ਕੀਤੇ ਹੁੰਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛੀ ਦਾ ਹੈ ਕਿ ਕੀ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਹਨ ਤਾਂ 99.99 ਫ਼ੀਸਦੀ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ। ਜੋ ਵਿਰਲੇ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ ਹਨ, ਉਹ ਵੀ ਭਰਮ ਵਿਚ ਹੁੰਦੇ ਹਨ। ਜਿਵੇਂ ਕਿਸੇ ਨਸ਼ਈ ਵਿਅਕਤੀਆਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਉਹ ਹਵਾ ਵਿਚ ਉੱਡ ਰਿਹਾ ਹੈ। ਪਰ ਵੇਖਣ ਵਾਲਿਆਂ ਨੂੰ ਉਹ ਜ਼ਮੀਨ ‘ਤੇ ਹੀ ਵਿਖਾਈ ਦਿੰਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਮਨੋਭਰਮ ਦਾ ਸ਼ਿਕਾਰ ਹੋ ਜਾਂਦੇ ਹਨ। ਛੇਤੀ ਹੀ ਉਨ੍ਹਾਂ ਦੀ ਸਥਿਤੀ ਪਾਗਲਾਂ ਵਾਲੀ ਬਣ ਜਾਂਦੀ ਹੈ। ਉਂਝ ਵੀ ਵੱਖ-ਵੱਖ ਧਰਮਾਂ ਅਤੇ ਆਸ਼ਰਮਾਂ ਵਾਲਿਆਂ ਦੇ ਪ੍ਰਮਾਤਮਾ ਦੇ ਦਰਸ਼ਨ ਵੱਖ-ਵੱਖ ਹੁੰਦੇ ਹਨ। ਪੰਜਾਬ ਦੇ ਸਿੱਖਾਂ ਨੂੰ ਉਹ ਪੱਗੜੀ ਵਾਲਾ ਵਿਖਾਈ ਦਿੰਦਾ ਹੈ। ਭਾਰਤ ਦੇ ਹਿੰਦੂਆਂ ਨੂੰ ਕ੍ਰਿਸ਼ਨ ਦੇ ਰੂਪ ਵਿਚ ਦਿਸਦਾ ਹੈ। ਯੂਰਪ ਦੇ ਈਸਾਈਆਂ ਨੂੰ ਈਸਾ ਮਸੀਹ ਦੇ ਰੂਪ ਵਿਚ ਪ੍ਰਗਟ ਹੁੰਦਾ ਹੈ। ਇਸ ਵੱਖਰੇਪਣ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਸ ਦੀ ਕੋਈ ਹੋਂਦ ਨਹੀਂ।
ਜਦੋਂ ਮੈਂ ਉਸ ਲੜਕੀ ਨੂੰ ਕਿਹਾ ਕਿ ਚੌਦਾਂ ਸਾਲ ਦੀ ਉਮਰ ਵਿਚ ਤੇਰਾ ਘਰ ਛੱਡ ਕੇ ਜਾਣਾ ਕਾਨੂੰਨੀ ਪੱਖੋਂ ਗ਼ਲਤ ਹੈ ਤੇ ਇਸ ਤਰ੍ਹਾਂ ਤੇਰੇ ਮਾਪਿਆਂ ਨੂੰ ਅਤੇ ਤੈਨੂੰ ਲਿਜਾਣ ਵਾਲਿਆਂ ਨੂੰ ਸਜ਼ਾ ਹੋ ਸਕਦੀ ਹੈ। ਪਰ ਉਹ ਕਹਿਣ ਲੱਗੀ ਕਿ ਜਦੋਂ ਸਾਧਵੀਆਂ ਦੀ ਦੀਕਸ਼ਾ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲੇ ਤਾਂ ਖੁਦ ਉਥੇ ਪਹਿਰਾ ਦੇ ਰਹੇ ਹੁੰਦੇ ਹਨ। ਮੈਂ ਕਿਹਾ ਕਿ ਭਾਰਤ ਵਿਚ ਅਜਿਹਾ ਸੰਭਵ ਹੈ। ਹਜ਼ਾਰਾਂ ਅਪਰਾਧ ਪੁਲਿਸ ਵਾਲੇ ਖ਼ੁਦ ਕਰਵਾਉਂਦੇ ਹਨ। ਇਸ ਲਈ ਤੂੰ ਆਪਣਾ ਫ਼ੈਸਲਾ ਸੋਚ ਵਿਚਾਰ ਕੇ ਲਈਂ। ਕਿਤੇ ਤੇਰੇ ਮਾਪਿਆਂ ਅਤੇ ਆਸ਼ਰਮ ਵਾਲਿਆਂ ਨੂੰ ਸਮੱਸਿਆ ਨਾ ਖੜ੍ਹੀ ਹੋ ਜਾਵੇ। ਉਂਝ ਵੀ ਜੇ ਤੂੰ ਇਕ ਵਾਰ ਚਲੀ ਗਈ ਤਾਂ ਤੇਰਾ ਵਾਪਸ ਮੁੜਨਾ ਔਖਾ ਹੋ ਜਾਵੇਗਾ ਕਿਉਂਕਿ ਤੂੰ ਆਪਣੇ ਦੁਆਲੇ ਅਜਿਹਾ ਮਾਹੌਲ ਸਿਰਜ ਲਵੇਂਗੀ, ਜਿਸ ਵਿਚੋਂ ਬਾਹਰ ਆਉਣਾ ਲਗਭਗ ਅਸੰਭਵ ਹੁੰਦਾ ਹੈ। ਕੁੱਝ ਦਿਨਾਂ ਬਾਅਦ ਮੈਨੂੰ ਲੜਕੀ ਦੇ ਘਰਦਿਆਂ ਤੋਂ ਇਹ ਪਤਾ ਲੱਗਿਆ ਕਿ ਸ਼ਾਇਦ ਲੜਕੀ ਆਪਣੀ ਜਿੱਦ ਤੋਂ ਹਟ ਜਾਵੇਗੀ।
ਅੰਤ ਵਿਚ ਮੈਂ ਜਵਾਨ ਹੋ ਰਹੇ ਪੁੱਤਰਾਂ-ਧੀਆਂ ਦੇ ਮਾਪਿਆਂ ਨੂੰ ਇਹ ਸਲਾਹ ਦੇਵਾਂਗਾ ਕਿ ਉਹ ਆਪਣੇ ਪੁੱਤਰਾਂ-ਧੀਆਂ ਨੂੰ ਆਪਣੇ ਵਿਸ਼ਵਾਸਾਂ ਵਿਚ ਨਾ ਪਾਉਣ। ਹਰੇਕ ਵਿਅਕਤੀ ਸੋਚਦਾ ਹੈ ਕਿ ਉਸ ਦਾ ਧਰਮ ਜਾਂ ਉਸ ਦਾ ਰੱਬ ਅੰਤਿਮ ਸੱਚ ਹੈ। ਅਜਿਹਾ ਕੁੱਝ ਵੀ ਨਹੀਂ। ਦੁਨੀਆ ਹਰ ਪਲ ਹਰ ਘੜੀ ਬਦਲ ਰਹੀ ਹੈ। ਜਿਹੜੀਆਂ ਗੱਲਾਂ ਨੂੰ ਅਸੀਂ ਅਤੀਤ ਵਿਚ ਸੱਚ ਮੰਨਦੇ ਸੀ, ਅੱਜ ਇੰਟਰਨੈੱਟ ਦੀ ਦੁਨੀਆਂ ਨੇ ਉਹ ਝੂਠੀਆਂ ਸਾਬਤ ਕਰ ਦਿੱਤੀਆਂ ਹਨ। ਆਓ ਜ਼ਮਾਨੇ ਦੇ ਨਾਲ-ਨਾਲ ਬਦਲਣਾ ਸਿੱਖੀਏ।