ਦਹਿਸ਼ਤ ਦੇ ਦਿਨਾਂ ਦਾ ਖ਼ੌਫ਼

ਮੇਘ ਰਾਜ ਮਿੱਤਰ, 98887 87440khalista
1978 ਤੋਂ ਲੈ ਕੇ 1993 ਤਕ ਪੰਜਾਬ ਦੇ ਲੋਕਾਂ ਨੇ ਦਹਿਸ਼ਤਗਰਦੀ ਦਾ ਖ਼ੌਫ਼ ਝੱਲਿਆ ਹੈ। ਇਹ ਅਜਿਹਾ ਕਾਲਾ ਦੌਰ ਸੀ, ਜਦੋਂ ਲੋਕ ਸੱਥਾਂ ਵਿਚ ਬੈਠ ਕੇ ਗੱਲਾਂ ਕਰਨਾ ਬੰਦ ਕਰ ਗਏ ਸਨ। ਜੇ ਕੋਈ ਗੱਲ ਕਰਨੀ ਵੀ ਹੁੰਦੀ ਤਾਂ ਘਰਾਂ ਦੇ ਅੰਦਰਲੇ ਕਮਰਿਆਂ ਵਿਚ ਜਾ ਕੇ ਕੰਨਾਂ ਵਿਚ ਹੀ ਘੁਸਰ-ਮੁਸਰ ਕਰਦੇ। ਗਲੀਆਂ ਦੇ ਕੁੱਤਿਆਂ ਨੇ ਭੌਂਕਣਾ ਬੰਦ ਕਰ ਦਿੱਤਾ ਸੀ। ਕਿਉਂਕਿ ਜਾਂ ਤਾਂ ਲੋਕਾਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਸੀ ਜਾਂ ਸੰਗਲੀਆਂ ਪਾ ਕੇ ਕਮਰਿਆਂ ਅੰਦਰ ਡੱਕ ਦਿੱਤਾ ਸੀ ਤਾਂ ਕਿ ਰਾਤ ਨੂੰ ਗਲੀਆਂ ਵਿਚ ਫਿਰਦੇ ਬੇਗਾਨੇ ਬੰਦਿਆਂ ਦੀਆਂ ਗਤੀਵਿਧੀਆਂ ਬਾਰੇ ਬਿੜਕ ਨਾ ਲੱਗੇ। ਪੰਜਾਬ ਦੇ ਸ਼ਹਿਰਾਂ ਵਿਚ ਬਹੁਤ ਸਾਰੇ ਘਰ ਖਾਲੀ ਹੋ ਗਏ ਸਨ। ਜਦੋਂ ਕਿ ਹਰਿਆਣਾ ਦੇ ਨੇੜਲੇ ਸ਼ਹਿਰਾਂ ਵਿਚ ਘਰਾਂ ਦੇ ਕਿਰਾਏ ਤੇ ਕੀਮਤਾਂ ਵਧ ਗਈਆਂ ਸਨ। ਹਸਪਤਾਲਾਂ ਵਿਚ ਹਰ ਰੋਜ਼ ਚਾਰ-ਪੰਜ ਲਾਸ਼ਾਂ ਪੋਸਟਮਾਰਟਮ ਲਈ ਆ ਰਹੀਆਂ ਸਨ। ਇਹ ਜਾਂ ਤਾਂ ਪੁਲਿਸ ਦੇ ਫ਼ਰਜ਼ੀ ਮੁਕਾਬਲਿਆਂ ਵਿਚ ਮਾਰੇ ਹੁੰਦੇ ਜਾਂ ਖ਼ਾਲਿਸਤਾਨੀਆਂ ਨੇ ਬੱਸਾਂ ਵਿਚੋਂ ਕੱਢ ਕੇ ਗੱਡੀ ਚਾੜ੍ਹੇ ਹੁੰਦੇ। ਬੰਦੇ ਦਾ ਘੋਗਾ ਚਿੱਤ ਕਰਨ ਲਈ ਘੜਿਆਂ ਵਿਚੋਂ ਪਰਚੀਆਂ ਕੱਢੀਆਂ ਜਾ ਰਹੀਆਂ ਸਨ।
ਇਨ੍ਹਾਂ ਦਿਨਾਂ ਦੌਰਾਨ ਮੇਰਾ ਬੇਟਾ ਰੂਸ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਸੀ। ਛੁੱਟੀਆਂ ਕਾਰਨ ਉਹ ਘਰ ਆ ਗਿਆ ਸੀ। ਉਸ ਨਾਲ ਪੜ੍ਹਦੀ ਇਕ ਲੜਕੀ ਨੇ ਉਸ ਨੂੰ ਡਬਲ ਬੈੱਡ ਦਾ ਇਕ ਕੰਬਲ ਫੜਾ ਦਿੱਤਾ ਤਾਂ ਜੋ ਮਾਲੇਰਕੋਟਲੇ ਕੋਲ ਉਸ ਦੇ ਘਰ ਪਹੁੰਚਾਇਆ ਜਾ ਸਕੇ। ਬੇਟੇ ਨੇ ਆਪਣੇ ਇਕ ਦੋਸਤ ਨੂੰ ਨਾਲ ਲਿਆ। ਸਕੂਟਰ ਦੀ ਪਿਛਲੀ ਸੀਟ ‘ਤੇ ਬੈਠੇ ਪੱਗ ਵਾਲੇ ਉਸ ਦੇ ਦੋਸਤ ਨੇ ਕੰਬਲ ਵਿਚਾਲੇ ਰੱਖ ਲਿਆ। ਮੈਂ ਆਪਣੇ ਬੇਟੇ ਨੂੰ ਸਿਰ ‘ਤੇ ਹੈਲਮਟ ਲੈਣ ਲਈ ਜ਼ੋਰ ਪਾਉਣ ਲੱਗ ਪਿਆ। ਪਰ ਉਹ ਹੈਲਮਟ ਨਾ ਲੈ ਕੇ ਜਾਣ ‘ਤੇ ਅੜ ਗਿਆ। ਮਾਲੇਰਕੋਟਲੇ ਤਕ ਆਉਣ-ਜਾਣ ਦਾ ਸਫ਼ਰ ਕਰੀਬ 140 ਕਿਲੋਮੀਟਰ ਸੀ। ਮੈਂ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਹੈਲਮਟ ਤੋਂ ਬਗੈਰ ਜਾਣ ਨਹੀਂ ਸੀ ਦੇਣਾ ਚਾਹੁੰਦਾ। ਉਸ ਦੇ ਦੋਸਤ ਨੇ ਇਹ ਕਹਿ ਕੇ ਮੇਰੇ ਕੋਲੋਂ ਹੈਲਮਟ ਫੜ ਲਿਆ, ”ਅੰਕਲ ਜੀ! ਸ਼ਹਿਰ ਨਿਕਲਦਿਆਂ ਹੀ ਮੈਂ ਇਸ ਦੇ ਸਿਰ ‘ਤੇ ਹੈਲਮਟ ਰੱਖ ਦਿਆਂਗਾ।” ਜਾਣ ਤੋਂ ਪੰਜ-ਸੱਤ ਮਿੰਟਾਂ ਬਾਅਦ ਹੀ ਮੇਰਾ ਬੇਟਾ ਲਹੂ-ਲੁਹਾਣ ਹੋ ਕੇ ਘਰ ਮੁੜ ਆਇਆ। ਕਹਿਣ ਲੱਗਿਆ, ”ਪਾਪਾ ਜੀ! ਅੱਜ ਤਾਂ ਤੁਸੀਂ ਮੈਨੂੰ ਬਚਾ ਲਿਆ। ਅਜੇ ਮੈਂ ਸੰਘੇੜੇ ਹੀ ਪਹੁੰਚਿਆ ਸਾਂ ਕਿ ਗਲੀ ਵਿਚੋਂ ਆਉਂਦੇ ਇਕ ਤੇਜ਼ ਰਫ਼ਤਾਰ ਰੇਹੜੇ ਨੇ ਸਾਨੂੰ ਟੱਕਰ ਮਾਰ ਦਿੱਤੀ। ਹੈਲਮਟ ਟੁੱਟ ਗਿਆ। ਇਸ ਲਈ ਮੈਂ ਉਸ ਨੂੰ ਉਥੇ ਹੀ ਸੁੱਟ ਆਇਆ ਹਾਂ।”
ਮੈਂ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ। ਡਾਕਟਰ ਨੇ ਸਿਰ ‘ਤੇ ਟਾਂਕੇ ਲਾ ਕੇ ਪੱਟੀ ਕਰ ਦਿੱਤੀ। ਉਸੇ ਸਮੇਂ ਖ਼ੂਨ ਨਾਲ ਲੱਥ-ਪੱਥ ਇਕ ਇਸਤਰੀ ਨੂੰ ਉਸ ਦਾ ਪਤੀ ਹਸਪਤਾਲ ਲੈ ਕੇ ਆਇਆ। ਉਸ ਦਾ ਚਿਹਰਾ ਥਾਂ-ਥਾਂ ਤੋਂ ਝਰੀਟਿਆ ਹੋਇਆ ਸੀ। ਮੈਂ ਉਸ ਦੇ ਘਰਵਾਲੇ ਨੂੰ ਪੁੱਛਿਆ, ”ਇਸ ਦੇ ਸੱਟਾਂ ਕਿਵੇਂ ਵੱਜੀਆਂ?” ਉਹ ਕਹਿਣ ਲੱਗਿਆ, ”ਕੱਲ੍ਹ ਖਾੜਕੂਆਂ ਦਾ ਬੰਦ ਹੋਣ ਕਾਰਨ ਅਸੀਂ ਦੋਵੇਂ ਅੱਜ ਬਰਨਾਲੇ ਘਰ ਦਾ ਸਾਮਾਨ ਖ਼ਰੀਦਣ ਆ ਰਹੇ ਸਾਂ। ਇਨ੍ਹੇ ਵਿਚ ਮੇਰੇ ਸਕੂਟਰ ਕੋਲੋਂ ਦੀ ਲੰਘ ਰਹੇ ਸਾਇਕਲ ਦੇ ਟਾਇਰ ਦਾ ਪਟਾਕਾ ਪੈ ਗਿਆ। ਸਕੂਟਰ ਦੇ ਪਿੱਛੇ ਬੈਠੀ ਮੇਰੀ ਘਰਵਾਲੀ ਨੇ ਇਹ ਕਹਿ ਕੇ ਛਾਲ ਮਾਰ ਦਿੱਤੀ ਕਿ ਅੱਤਵਾਦੀ ਆ ਗਏ.. ..ਅੱਤਵਾਦੀ ਆ ਗਏ.. .। ਸਕੂਟਰ ਤੇਜ਼ ਸੀ। ਇਸ ਲਈ ਇਹ ਸੜਕ ‘ਤੇ ਮੂੰਹ ਪਰਨੇ ਡਿੱਗ ਪਈ। ਮੂੰਹ-ਮੱਥਾ ਝਰੀਟਿਆ ਗਿਆ।”
‘ਪੰਜਾਬ ਬੰਦ’ ਤੋਂ ਇਕ ਦਿਨ ਬਾਅਦ ਜਦੋਂ ਮੈਂ ਸਕੂਲ ਗਿਆ ਤਾਂ ਮੇਰੇ ਸਾਥੀ ਅਧਿਆਪਕਾਂ ਨੇ ਅਜਿਹੀ ਹੀ ਇਕ ਹੋਰ ਸੱਚੀ ਘਟਨਾ ਸੁਣਾਈ। ਉਨ੍ਹਾਂ ਕਿਹਾ ਕਿ ਕੱਲ੍ਹ ਖਾੜਕੂਆਂ ਦੇ ਦਿੱਤੇ ਬੰਦ ਦੇ ਸੱਦੇ ਦੇ ਬਾਵਜੂਦ ਕਾਲਜ ਸਾਹਮਣੇ ਕੰਟੀਨ ਚਲਾਉਂਦੇ ਹੰਸੇ ਨੇ ਆਪਣੀ ਚਾਹ ਦੀ ਦੁਕਾਨ ਖੁੱਲ੍ਹੀ ਰੱਖੀ। ਸ਼ਾਮ ਨੂੰ ਸੱਤ ਕੁ ਵਜੇ ਉਹ ਅਜੇ ਘਰ ਪੁੱਜਿਆ ਹੀ ਸੀ ਕਿ ਗਲੀ ਵਿਚ ਦੋ ਬੰਦੇ ਟਾਰਚਾਂ ਲੈ ਕੇ ਉਸ ਦਾ ਘਰ ਪੁੱਛ ਰਹੇ ਸਨ। ਹੰਸਾ ਫਟਾ-ਫਟ ਪੌੜੀਆਂ ਚੜ੍ਹਿਆ ਅਤੇੇ ਬਨੇਰਾ ਟੱਪ ਕੇ ਗੁਆਂਢੀਆਂ ਦੇ ਕੋਠੇ ‘ਤੇ ਛਾਲ ਮਾਰ ਦਿੱਤੀ। ਪਿੱਛੇ ਹੀ ਸਾਡੇ ਇਕ ਅਧਿਆਪਕ ਦਾ ਘਰ ਸੀ। ਉਹ ਖੜਾਕ ਸੁਣਕੇ ਪੌੜੀਆਂ ਚੜ੍ਹ ਆਇਆ। ਲੁਕੇ ਬੈਠੇ ਹੰਸੇ ਨੂੰ ਪੁੱਛਣ ਲੱਗਿਆ, ”ਹੰਸਿਆ ਤੂੰ ਕਿਉਂ ਕੰਬ ਰਿਹੈਂ?” ਉਹ ਕਹਿਣ ਲਗਿਆ, ”ਦੋ ਖਾੜਕੂ ਮੈਨੂੰ ਮਾਰਨ ਲਈ ਲੱਭਦੇ ਫਿਰਦੇ ਨੇ।” ਅਧਿਆਪਕ ਕਹਿਣ ਲੱਗਿਆ, ”ਸਾਡੇ ਸਾਰੇ ਟੱਬਰ ਨੂੰ ਵੀ ਮਰਵਾਏਂਗਾ, ਚੱਲ ਭੱਜ ਇਥੋਂ!” ਹੰਸੇ ਨੇ ਨਾਲ ਲਗਦੇ ਇਕ ਹੋਰ ਗੁਆਂਢੀ ਦੇ ਕੋਠੇ ‘ਤੇ ਛਾਲ ਮਾਰ ਦਿੱਤੀ। ਉਹ ਵੀ ਸਾਡੇ ਸਕੂਲ ਦਾ ਕਲਰਕ ਸੀ। ਉਹ ਵੀ ਛੱਤ ‘ਤੇ ਚੜ੍ਹ ਆਇਆ। ਹੰਸੇ ਨੇ ਕਿਹਾ, ”ਮੈਂ ਅੱਜ ਦੁਕਾਨ ਖੋਲ੍ਹ ਕੇ ਰੱਖੀ ਸੀ। ਇਸ ਲਈ ਖਾੜਕੂ ਮੈਨੂੰ ਗੱਡੀ ਚਾੜ੍ਹਨ ਲਈ ਲੱਭ ਰਹੇ ਨੇ।” ਉਸ ਨੇ ਵੀ ਦੋ-ਚਾਰ ਧੱਕੇ ਮਾਰ ਕੇ ਹੰਸੇ ਨੂੰ ਭਜਾ ਦਿੱਤਾ। ਏਨੇ ਨੂੰ ਹੰਸੇ ਦੀ ਘਰਵਾਲੀ ਕੋਠੇ ਉਪਰ ਆ ਗਈ। ਕਹਿਣ ਲੱਗੀ, ”ਉਹ ਬੰਦੇ ਤਾਂ ਬਿਜਲੀ ਠੀਕ ਕਰਨ ਵਾਲੇ ਮੁਲਾਜ਼ਮ ਸਨ ਅਤੇ ਪੌੜੀ ਮੰਗ ਰਹੇ ਸਨ।”
ਅਜਿਹੇ ਵਿਅਕਤੀਆਂ ਨਾਲ ਸਬੰਧਤ ਬਹੁਤ ਸਾਰੀਆਂ ਘਟਨਾਵਾਂ ਹਨ, ਜਿਨ੍ਹਾਂ ਨੇ ਦਹਿਸ਼ਤਗਰਦੀ ਦਾ ਸੰਤਾਪ ਝੱਲਿਆ ਹੈ। ਕਾਸ਼! ਅਜਿਹੇ ਦਿਨ ਮੁੜ ਨਾ ਆਉਣ।