ਚਿਣਗ ਚਾਨਣ-ਮੁਨਾਰਾ ਕਿਵੇਂ ਬਣੀ?

By | July 30, 2018

ਮੇਘ ਰਾਜ ਮਿੱਤਰ, 9888787440
ਗੱਲ ਉਸ ਦੌਰ ਦੀ ਹੈ, ਜਦੋਂ ਦਿਨ ਵੇਲੇ ਹੀ ਹਨੇਰਾ ਛਾਅ ਜਾਂਦਾ ਸੀ। ਲੋਕ ਗੱਲਾਂ ਵੀ ਇਕ-ਦੂਜੇ ਨਾਲ ਘੁਸਰ-ਮੁਸਰ ਵਿਚ ਹੀ ਕਰਦੇ। ਕੁੱਤਿਆਂ ਨੇ ਵੀ ਭੌਂਕਣਾ ਛੱਡ ਦਿੱਤਾ ਸੀ। ਪਿੰਡਾਂ ਦੇ ਨਾਈ ਸ਼ਹਿਰਾਂ ਵੱਲ ਕੂਚ ਕਰ ਗਏ ਸਨ। ਹਰ ਰੋਜ਼ ਪੰਜ-ਚਾਰ ਲਾਸ਼ਾਂ ਸ਼ਹਿਰਾਂ ਵਿਚ ਪੋਸਟਮਾਰਟਮ ਲਈ ਆ ਰਹੀਆਂ ਸਨ। ਇਨਾਂ ਦਿਨਾਂ ਦੌਰਾਨ ਹੀ ਸਾਡੇ ਸਕੂਲ ਵਿਚ ਇਕ ਨਵਾਂ ਅਧਿਆਪਕ ਬਦਲ ਕੇ ਆ ਗਿਆ। ਇਕ ਗੁਆਂਢੀ ਸਕੂਲ ਦਾ ਅਧਿਆਪਕ ਉਨਾਂ ਬਾਰੇ ਦੱਸਣ ਲੱਗਿਆ ਕਿ ਬਰਾੜ ਸਾਹਬ ਵਾਲ ਦੀ ਖੱਲ ਲਾਹੁਣ ਵਾਲਾ ਬੰਦਾ ਹੈ। ਜਦੋਂ ਉਸ ਨੇ ਵਿਆਹ ਕਰਵਾਉਣਾ ਸੀ ਤਾਂ ਉਸ ਨੇ ਆਪਣੇ ਲਈ ਘਰਵਾਲੀ ਲੱਭਣ ਵਾਸਤੇ ਗੁਣਾਂ ਦੀ ਪੂਰੀ ਸੂਚੀ ਬਣਾਈ ਹੋਈ ਸੀ, ਜਿਸ ਵਿਚ ਹੋਣ ਵਾਲੀ ਘਰਵਾਲੀ ਦੀ ਯੋਗਤਾ, ਰੰਗ-ਰੂਪ, ਕੱਦ-ਕਾਠ,te-dev-purash-haar-gaye-book-by-abraham-t-kovoor-10338-350x500 ਭਾਰ, ਉਮਰ ਆਦਿ ਸਭ ਕੁੱਝ ਦਰਜ ਕੀਤਾ ਹੋਇਆ ਸੀ। ਜੇ ਕੋਈ ਵੀ ਗੁਣ ਇੱਧਰ-ਉਧਰ ਹੁੰਦਾ ਤਾਂ ਉਹ ਝੱਟ ਕੋਰਾ ਜਵਾਬ ਦੇ ਦਿੰਦਾ ਸੀ। ਠੀਕ ਪੂਰੇ ਗੁਣਾਂ ਵਾਲੀ ਲੜਕੀ ਹੀ ਉਸ ਨੇ ਆਪਣੇ ਲਈ ਚੁਣੀ।
ਇਹ ਗੱਲ ਆਈ-ਗਈ ਹੋ ਗਈ। ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਿਸ ਦਿਨ ਉਨਾਂ ਨੇ ਵੱਖ-ਵੱਖ ਭੱਠਿਆਂ ਤੋਂ ਅਠਾਰਾਂ ਇੱਟਾਂ ਲਿਆ ਕੇ ਮੇਰੇ ਸਾਇੰਸ ਰੂਮ ਦੀ ਮੇਜ ‘ਤੇ ਰੱਖ ਦਿੱਤੀਆਂ। ਕਹਿਣ ਲੱਗਿਆ, ”ਮੇਘ ਰਾਜ ਜੀ! ਤੁਸੀਂ ਇਨਾਂ ਦਾ ਆਕਾਰ ਅਤੇ ਭਾਰ ਮਾਪ ਕੇ ਇਹ ਦੱਸੋ ਕਿ ਇਨਾਂ ਇੱਟਾਂ ਵਿਚੋਂ ਸਭ ਤੋਂ ਭਾਰੀ ਤੇ ਪੱਕੀ ਇੱਟ ਕਿਹੜੀ ਹੈ?” ਮੈਂ ਉਨਾਂ ਨੂੰ ਪੁੱਛ ਲਿਆ, ”ਬਰਾੜ ਸਾਬ! ਇਹ ਦੱਸੋ ਕਿ ਤੁਸੀਂ ਇਸ ਤੋਂ ਕੀ ਕਰਵਾਉਣਾ ਚਾਹੁੰਦੇ ਹੋ?” ਉਹ ਕਹਿਣ ਲੱਗੇ, ”ਤੁਹਾਨੂੰ ਪਤਾ ਹੀ ਹੈ ਕਿ ਮੈਂ ਆਪਣਾ ਘਰ ਬਣਾਉਣਾ ਹੈ ਅਤੇ ਸੱਠ ਸਾਲ ਉਸ ਵਿਚ ਰਹਿਣਾ ਵੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਸਭ ਤੋਂ ਵਧੀਆ ਇੱਟ ਹੀ ਘਰ ‘ਤੇ ਲਾਵਾਂ। ਪਹਿਲਾਂ ਮੈਂ ਪਲਾਟ ਖ਼ਰੀਦਣ ਸਮੇਂ ਵੀ ਪੂਰੀ ਜਾਂਚ-ਪੜਤਾਲ ਕੀਤੀ ਹੈ। ਇਹ ਪਲਾਟ ਮੇਰੀ ਘਰਵਾਲੀ ਨੂੰ ਆਪਣੇ ਸਕੂਲ ਤੋਂ ਕਿੰਨੀ ਦੂਰ ਪਵੇਗਾ? ਮੇਰੀ ਬੇਟੀ ਦੇ ਕਾਲਜ ਦੀ ਦੂਰੀ ਕਿੰਨੀ ਹੋਵੇਗੀ? ਰਿਕਸ਼ੇ ਦਾ ਕਿਰਾਇਆ ਕੀ ਹੋਵੇਗਾ? ਇਨਾਂ ਸਾਰੇ ਖ਼ਰਚਿਆਂ ਦਾ ਹਿਸਾਬ ਲਾ ਕੇ ਹੀ ਮੈਂ ਥਾਂ ਦੀ ਚੋਣ ਕੀਤੀ ਹੈ।” ਸਾਥੀ ਅਧਿਆਪਕ ਉਸ ਦੀਆਂ ਗੱਲਾਂ ਦਾ ਮਜ਼ਾਕ ਉਡਾਉਂਦੇ। ਮੈਨੂੰ ਤੇ ਮੇਰੇ ਇਕ-ਦੋ ਸਾਥੀਆਂ ਨੂੰ ਉਹ ਅਧਿਆਪਕ ਬਹੁਤ ਪਸੰਦ ਆਇਆ। ਉਨਾਂ ਦਿਨਾਂ ਵਿਚ ਮੇਰੇ ਕੋਲ ਸਕੂਟਰ ਨਹੀਂ ਸੀ। ਇਕ ਦਿਨ ਕਿਸੇ ਦੇ ਭੋਗ ‘ਤੇ ਜਾਣ ਲਈ ਮੈਂ ਸਕੂਟਰ ਮੰਗ ਲਿਆ। ਉਨਾਂ ਕਿਹਾ, ”ਕਿੰਨੇ ਵਜੇ ਅਤੇ ਕਿੰਨੀ ਦੂਰ ਜਾਣਾ ਹੈ?” ਮੈਂ ਸਮਾਂ ਤੇ ਦੂਰੀ ਦੱਸ ਦਿੱਤੀ। ਠੀਕ ਉਸੇ ਸਮੇਂ ਉਨਾਂ ਨੇ ਸਕੂਟਰ ਦੀ ਕਿੱਕ ‘ਤੇ ਪੈਰ ਰੱਖਿਆ ਹੋਇਆ ਸੀ। ਮੈਨੂੰ ਕਹਿਣ ਲੱਗੇ, ”ਸਕੂਟਰ ‘ਤੇ ਬੈਠ। ਮੈਨੂੰ ਦੱਸੀ ਜਾਈਂ ਕਿੱਧਰ ਨੂੰ ਜਾਣਾ ਹੈ? ਦਫ਼ਤਰ ਵਿਚ ਛੁੱਟੀ ਮੈਂ ਰੱਖ ਆਇਆ ਹਾਂ।” ਘੰਟੇ ਕੁ ਬਾਅਦ ਅਸੀਂ ਵਾਪਸ ਆ ਗਏ। ਸਕੂਟਰ ਨੂੰ ਸਟੈਂਡ ਲਾਉਂਦਿਆਂ ਉਹ ਕਹਿਣ ਲੱਗਿਆ, ”ਮੇਘ ਰਾਜ ਜੀ! ਜਦੋਂ ਤੁਸੀਂ ਸਕੂਟਰ ਖ਼ਰੀਦ ਲਵੋਂਗੇ, ਮੈਂ ਤੁਹਾਡੇ ਤੋਂ ਮੰਗਾਂਗਾ ਨਹੀਂ।” ਮੈਂ ਉਨਾਂ ਦੀ ਗੱਲ ਦਾ ਮਤਲਬ ਸਮਝ ਗਿਆ। ਉਹ ਕਹਿਣਾ ਚਾਹੁੰਦਾ ਸੀ ਕਿ ‘ਤੂੰ ਦੁਬਾਰਾ ਸਕੂਟਰ ਨਾ ਮੰਗੀ’। ਗੱਲਾਂ ਚੱਲਦੀਆਂ ਰਹੀਆਂ। ਅਸੀਂ ਉਸ ਦੇ ਸੁਭਾਅ ਦੇ ਏਨੇ ਕਾਇਲ ਹੋ ਗਏ ਕਿ ਉਸ ਦੀ ਹਰ ਮਸਲੇ ‘ਤੇ ਸਲਾਹ ਲੈਣ ਲੱਗ ਪਏ। ਜੇ ਉਹ ਕਿਤੋਂ ਟਾਈਮਪਾਈਸ ਵੀ ਖ਼ਰੀਦ ਕੇ ਲਿਆਉਂਦਾ ਤਾਂ ਉਸ ਨੂੰ ਪੁੱਛ ਲੈਂਦੇ, ”ਬਰਾੜ ਸਾਬ! ਤੁਸੀਂ ਇਹ ਟਾਈਮਪੀਸ ਕਿਥੋਂ ਅਤੇ ਕਿੰਨੇ ਦਾ ਖ਼ਰੀਦਿਆ ਹੈ?” ਅਸੀਂ ਲੋੜ ਅਨੁਸਾਰ ਉਥੋਂ ਅਤੇ ਉਸੇ ਕੰਪਨੀ ਦਾ ਓਨੀ ਹੀ ਕੀਮਤ ਦੇ ਕੇ ਖ਼ਰੀਦ ਲਿਆਉਂਦੇ। ਸਾਨੂੰ ਪਤਾ ਸੀ ਕਿ ਇਨਾਂ ਨੇ ਪਹਿਲਾਂ ਹੀ ਦਸ ਦੁਕਾਨਾਂ ਤੋਂ ਉਸ ਦਾ ਮੁੱਲ ਪਤਾ ਕੀਤਾ ਹੋਵੇਗਾ। ਸਾਨੂੰ ਬਹੁਤੀ ਮਗਜ਼-ਖਪਾਈ ਨਾ ਕਰਨੀ ਪੈਂਦੀ।
ਇਨਾਂ ਹੀ ਦਿਨਾਂ ਦੌਰਾਨ ਮੈਨੂੰ ਸ੍ਰੀਲੰਕਾ ਦੇ ਡਾ. ਅਬਰਾਹਮ ਟੀ. ਕੋਵੂਰ ਦੀ ਅੰਗਰੇਜ਼ੀ ਵਿਚ ਲਿਖੀ ਹੋਈ ਕਿਤਾਬ ‘ਬੀਗਾਨ ਗਾਡਮੈੱਨ’ ਮਿਲ ਗਈ। ਮੈਨੂੰ ਚੰਗੀਆਂ ਕਿਤਾਬਾਂ ਪੜਨ ਦਾ ਸ਼ੌਕ ਬਚਪਨ ਤੋਂ ਹੀ ਸੀ। ਮੈਂ ਉਹ ਕਿਤਾਬ ਪੜੀ ਤੇ ਪਸੰਦ ਕੀਤੀ। ਜਿਵੇਂ ਹੁੰਦਾ ਹੈ; ਅਸੀਂ ਚੰਗੀਆਂ ਕਿਤਾਬਾਂ ਦੀ ਸਿਫ਼ਾਰਿਸ਼ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਕਰਦੇ ਹਾਂ। ਬਰਾੜ ਸਾਹਬ ਨੇ ਵੀ ਉਹ ਕਿਤਾਬ ਪੜ ਲਈ। ਪੜਨ ਤੋਂ ਬਾਅਦ ਉਹ ਕਹਿਣ ਲੱਗੇ, ”ਮੈਨੂੰ ਇਹ ਕਿਤਾਬ ਪੰਜਾਬੀ ਵਿਚ ਚਾਹੀਦੀ ਹੈ। ਮੈਂ 500 ਰੁਪਈਆ ਇਸ ਕਿਤਾਬ ‘ਤੇ ਖ਼ਰਚ ਕਰ ਸਕਦਾ ਹਾਂ।” ਮੈਂ ਉਨਾਂ ਨੂੰ ਪੁੱਛਿਆ, ”ਬਰਾੜ ਸਾਬ! ਤੁਸੀਂ ਅੰਗਰੇਜ਼ੀ ਵਿਚ ਇਸ ਕਿਤਾਬ ਨੂੰ ਪੜ ਹੀ ਲਿਆ ਹੈ। ਤੁਸੀਂ ਤਾਂ ਕਿਸੇ ਚੀਜ਼ ‘ਤੇ ਦੁਆਨੀ ਫ਼ਾਲਤੂ ਨਹੀਂ ਖ਼ਰਚਦੇ। ਇਸ ਕਿਤਾਬ ‘ਤੇ ਇਨੇ ਪੈਸੇ ਖ਼ਰਚਣ ਲਈ ਕਿਉਂ ਤਿਆਰ ਹੋ?” ਉਹ ਕਹਿਣ ਲੱਗੇ, ”ਮੈਂ ਇਸ ਕਿਤਾਬ ਤੋਂ ਪੰਦਰਾ ਸੌ ਰੁਪਏ ਕਮਾਉਣੇ ਹਨ।” ਇਹ ਪੁੱਛਣ ‘ਤੇ ਕਿ ਉਹ ਪੰਦਰਾਂ ਸੌ ਰੁਪਈਆ ਕਿਵੇਂ ਕਮਾਉਣਗੇ। ਉਹ ਕਹਿਣ ਲੱਗੇ, ”ਮੇਰੀ ਘਰਵਾਲੀ ਇਕ ਜੋਤਸ਼ੀ ਦੇ ਚੱਕਰ ਵਿਚ ਫਸੀ ਹੋਈ ਹੈ, ਜਿਹੜਾ ਪਿਛਲੇ ਤਿੰਨ ਸਾਲਾਂ ਵਿਚ ਮੇਰੇ ਘਰ ਤੋਂ ਦਾਨ ਵਜੋਂ ਅਨਾਜ ਤੇ ਖੇਸ ਆਦਿ ਦੇ ਰੂਪ ਵਿਚ ਤਿੰਨ ਹਜ਼ਾਰ ਰੁਪਈਆ ਲਿਜਾ ਚੁੱਕਿਆ ਹੈ। ਅਜੇ ਦੋ ਸਾਲ ਦੇ ਉਪਾਅ ਹੋਰ ਦੱਸੇ ਹੋਏ ਹਨ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਉਹ ਦੋ ਹਜ਼ਾਰ ਰੁਪਈਆ ਮੇਰੇ ਘਰ ਵਿਚੋਂ ਲੈ ਕੇ ਹੀ ਜਾਵੇਗਾ। ਜੇ ਮੇਰੀ ਘਰਵਾਲੀ ਇਹ ਕਿਤਾਬ ਪੜ ਲੈਂਦੀ ਹੈ ਤਾਂ ਉਹ ਜੋਤਸ਼ੀ ਨੂੰ ਮੇਰੇ ਘਰ ਵਿਚੋਂ ਦਫ਼ਾ ਕਰ ਦੇਵੇਗੀ। ਇਸ ਤਰਾਂ ਪੰਦਰਾਂ ਸੌ ਰੁਪਏ ਮੇਰੀ ਕਮਾਈ ਹੋ ਜਾਵੇਗੀ।” ਉਨਾਂ ਦੇ ਇਸ ਨਿੱਕੇ ਜਿਹੇ ਸੁਝਾਅ ਨਾਲ ਅਸੀਂ ਇਹ ਕਿਤਾਬ ਪੰਜਾਬੀ ਵਿਚ ਉਲਥਾ ਲਈ ਅਤੇ ਸੱਤ ਰੁਪਏ ਦੀ ਮਾਮੂਲੀ ਕੀਮਤ ‘ਤੇ ਲੋਕਾਂ ਵਿਚ ਵੇਚਣੀ ਸ਼ੁਰੂ ਕਰ ਦਿੱਤੀ। ਅੱਜ ਇਸ ਪੰਜਾਬੀ ਕਿਤਾਬ ਦੀਆਂ ਲੱਖਾਂ ਕਾਪੀਆਂ ਪੰਜਾਬੀ ਘਰਾਂ ਵਿਚ ਚਾਨਣ ਦੀਆਂ ਚਿਣਗਾਂ ਵੰਡ ਰਹੀਆਂ ਹਨ