ਤਰਕਸ਼ੀਲ ਰੱਬ ਵਿਰੋਧੀ ਨਹੀਂ ਹਨ

ਮੇਘ ਰਾਜ ਮਿੱਤਰ (+91 98887 87440)
ਅਸੀਂ ਤਰਕਸ਼ੀਲ ਰੱਬ ਦੇ ਵਿਰੋਧੀ ਨਹੀਂ ਹਾਂ। ਵਿਰੋਧ ਤਾਂ ਉਸ ਵਰਤਾਰੇ ਦਾ ਹੀ ਹੋ ਸਕਦਾ ਹੈ ਜਿਸਦੀ ਕੋਈ ਹੋਂਦ ਹੋਵੇ, ਹscienceਵਾ ਵਿਚ ਤਲਵਾਰਾਂ ਚਲਾਉਣ ਦਾ ਕੀ ਫ਼ਾਇਦਾ। ਪਰ ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਰੱਬ ਦੀ ਹੋਂਦ ਹੋਵੇ ਤੇ ਅਸੀਂ ਉਸ ਨੂੰ ਮਿਲ ਸਕਦੇ ਹੋਈਏ। ਅਸੀਂ ਤਾਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਦੱਸਣਾ ਚਾਹੁੰਦੇ ਹਾਂ ਕਿ ‘‘ਤੇਰੀ ਅਗਵਾਈ ਵਿਚ ਸਾਡੇ ਦੇਸ਼ ਦੇ ਸਤੱਤਰ ਪ੍ਰਤੀਸ਼ਤ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਕੇ ਜ਼ਿੰਦਗੀ ਨੂੰ ਘੜੀਸ ਰਹੇ ਹਨ। ਇਸੇ ਤਰ੍ਹਾਂ ਅਸੀਂ ਸਮੁੱਚੇ ਸੰਸਾਰ ਨੂੰ ਚਲਾਉਣ ਵਾਲੀ ਉਸ ਤਾਕਤ ਜਾਂ ਸਰਬ ਸ਼ਕਤੀਮਾਨ ਦੇ ਦਰਸ਼ਨ ਕਰਕੇ ਉਸ ਅੱਗੇ ਇਸ ਧਰਤੀ ਦੀਆਂ ਢੇਰ ਸਾਰੀਆਂ ਸਮੱਸਿਆਵਾਂ ਪੇਸ਼ ਕਰਨਾ ਚਾਹੁੰਦੇ ਹਾਂ ਪਰ ਸਾਡੀ ਪੱਚੀ ਵਰ੍ਹਿਆਂ ਦੀ ਖੋਜ ਪੜਤਾਲ ਦਰਸਾ ਰਹੀ ਹੈ ਕਿ ਉਸਦੀ ਕੋਈ ਹੋਂਦ ਹੀ ਨਹੀਂ।
ਅਸੀਂ ਲੱਖਾਂ ਵਿਅਕਤੀਆਂ, ਪੁਜਾਰੀਆਂ ਜਾਂ ਪੌਪਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਕਿਸੇ ਅਜਿਹੇ ਵਿਅਕਤੀ ਨੂੰ ਮਿਲਾ ਦੇਣ ਜਿਹੜਾ ਰੱਬ ਨੂੰ ਮਿਲ ਕੇ ਆਇਆ ਹੋਵੇ। ਪਰ ਅਫ਼ਸੋਸ ਕਿ ਸਾਡੀ ਹੁਣ ਤੱਕ ਦੀ ਖੋਜ ਕਿਸੇ ਅਜਿਹੇ ਵਿਅਕਤੀ ਦੀ ਭਾਲ ਨਹੀਂ ਕਰ ਸਕੀ।
ਅਸੀਂ ਉਨ੍ਹਾਂ ਵਿਅਕਤੀਆਂ ਨੂੰ ਮਿਲੇ ਹਾਂ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅੱਧਾ-ਅੱਧਾ ਦਹਾਕਾ ਉਸਦੀ ‘ਬੰਦਗੀ’ ਵਿਚ ਲਾਇਆ ਹੈ ਪਰ ਅਜੇ ਤੱਕ ਉਸਦੇ ਦਰਸ਼ਨ ਉਨ੍ਹਾਂ ਨੂੰ ਵੀ ਨਹੀਂ ਹੋਏ।
ਜਦੋਂ ਅਸੀਂ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਨਾਲ ਰੱਬ ਬਾਰੇ ਗੱਲ ਕਰਦੇ ਹਾਂ ਤਾਂ ਸਭ ਧਰਮ ਉਸਦੀ ਦਿੱਖ, ਸਿੱਖਿਆਵਾਂ, ਪ੍ਰੰਪਰਾਵਾਂ, ਰਿਹਾਇਸ਼ ਬਾਰੇ ਆਪਾ ਵਿਰੋਧੀ ਵਿਚਾਰ ਅਤੇ ਵੇਰਵੇ ਦੱਸਦੇ ਹਨ। ਜੇ ਉਹ ਹੋਵੇ ਤਾਂ ਘੱਟੋ-ਘੱਟ ਉਸਦੀ ਦਿੱਖ ਬਾਰੇ ਤਾਂ ਉਨ੍ਹਾਂ ਦੇ ਵਿਚਾਰ ਇੱਕੋ ਹੀ ਹੋਣ।
ਕੁੱਝ ਤਾਂ ਕਹਿੰਦੇ ਨੇ ਕਿ ਮਨੁੱਖਾਂ ਦੀਆਂ ਬਲੀਆਂ ਨਾਲ, ਕੁੱਝ ਦਾ ਦਾਅਵਾ ਹੈ ਕਿ ਜਾਨਵਰਾਂ ਦੀਆਂ ਕੁਰਬਾਨੀਆਂ ਨਾਲ, ਕੁੱਝ ਕਹਿੰਦੇ ਹਨ ਕਿ ਉਸਦਾ ਨਾਮ ਵਾਰ-ਵਾਰ ਦੁਹਰਾਉਣ ਨਾਲ ਉਸਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸਾਡੇ ਭਾਰਤ ਵਿਚ ਦੁਨੀਆਂ ’ਚੋਂ ਸਾਰੇ ਦੇਸ਼ਾਂ ਨਾਲੋਂ ਵਧੇਰੇ ਅਧਿਆਤਮਵਾਦੀ ਲੋਕ ਰਹਿੰਦੇ ਹਨ। ਸਭ ਤੋਂ ਵੱਧ ਮੰਦਰ, ਸਭ ਤੋਂ ਵੱਧ ਦੇਵਤੇ ਅਤੇ ਸਭ ਤੋਂ ਵੱਧ ਪਾਠ ਪੂਜਾ ਇੱਥੇ ਹੀ ਹੁੰਦੀ ਹੈ। ਪਰ ਜੇ ਇਸਦਾ ਦੂਜਾ ਪਾਸਾ ਵੇਖੀਏ ਤਾਂ ਸਭ ਤੋਂ ਵੱਧ ਦੁਰਘਟਨਾਵਾਂ, ਸਭ ਤੋਂ ਵੱਧ ਬੇਈਮਾਨੀ, ਸਭ ਤੋਂ ਵੱਧ ਝੂਠ, ਸਭ ਤੋਂ ਵੱਧ ਬੀਮਾਰੀਆਂ ਵੀ ਇੱਥੇ ਹੀ ਹਨ। ਜਿਸਦਾ ਸਿੱਧਾ ਜਿਹਾ ਮਤਲਬ ਹੈ ਕਿ ਇਨ੍ਹਾਂ ਸਭ ਬੁਰਾਈਆਂ ਦਾ ਸਿੱਧਾ ਸਬੰਧ ਪ੍ਰਮਾਤਮਾ ਤੇ ਧਰਮ ਨਾਲ ਜਾ ਜੁੜਦਾ ਹੈ।
ਕਿਉਕਿ ਧਰਮ ਤੇ ਰੱਬ ਦਾ ਵਿਸ਼ਵਾਸ ਜਦੋਂ ਕਿਸੇ ਦਿਮਾਗ਼ ਵਿਚ ਘਰ ਕਰ ਲੈਂਦਾ ਹੈ ਤਾਂ ਉਸਨੂੰ ਆਪਣੇ ਆਲੇ-ਦੁਆਲੇ ਦੀ ਸੁੱਧ ਹੀ ਨਹੀਂ ਰਹਿੰਦੀ। ਇਸ ਲਈ ਤਾਂ ਦੁਰਘਟਨਾਵਾਂ, ਖਾਣ-ਪੀਣ ਵਿਚ ਅਣਗਹਿਲੀਆਂ ਕਾਰਨ ਬੀਮਾਰੀਆਂ, ਭਗਤੀ ਵਿਚ ਲੀਨਾਂ ਤੋਂ ਰਿਸ਼ਵਤਖੋਰੀਆਂ ਅਤੇ ਡਿਊਟੀ ਵਿਚ ਲਾਪ੍ਰਵਾਹੀਆਂ ਵਾਪਰਦੀਆਂ ਹੀ ਰਹਿੰਦੀਆਂ ਹਨ। ਦਸਵਾਂ ਦਸੌਂਦ ਕੱਢਣ ਨਾਲ ‘ਬਖ਼ਸ਼ਣਹਾਰ’ ਸਾਰੀਆਂ ਭੁੱਲਾਂ ਬਖ਼ਸ਼ਾ ਜੋ ਦਿੰਦਾ ਹੈ।
ਕੁੱਝ ਵਿਅਕਤੀ ਕਹਿੰਦੇ ਹਨ ਕਿ ਤਰਕਸ਼ੀਲ ਲੋਕਾਂ ਨੂੰ ਹਨੇਰੇ ਦੇ ਜੰਗਲਾਂ ਵੱਲ ਲਿਜਾ ਰਹੇ ਹਨ, ਜਿਵੇਂ ਪਹਿਲਾਂ ਤਾਂ ਲੋਕ ਬਹੁਤ ਵੱਡੇ ਚਾਨਣ ਵਿਚ ਹੋਣ। ਅਸਲ ਵਿੱਚ ਸਾਡੇ ਸਿਆਸਤਦਾਨਾਂ ਨੇ ਰੱਬ ਤੇ ਧਰਮ ਦੇ ਨਾਂ ਦਾ ਇਸਤੇਮਾਲ ਕਰਕੇ ਇੱਥੋਂ ਦੇ ਲੋਕਾਂ ਦੀ ਮੱਤ ਮਾਰੀ ਹੋਈ ਹੈ। ਇਸ ਲਈ ਹੀ ਇੱਥੇ ਅਮੀਰਾਂ-ਗਰੀਬਾਂ ਵਿੱਚ ਵੱਡਾ ਖੱਪਾ ਹੈ। ਇੱਕ ਦੀ ਰੋਜ਼ ਦੀ ਕਮਾਈ ਅਰਬਾਂ ਵਿੱਚ ਹੈ ਤੇ ਇੱਕ ਨੂੰ ਹਰ ਰੋਜ਼ ਦਸ ਰੁਪਏ ਵੀ ਨਸੀਬ ਨਹੀਂ ਹੁੰਦੇ, ਫਿਰ ਕੀ ਇੱਥੇ ਅਮਨ ਅਮਾਨ ਰਹਿ ਸਕਦਾ ਹੈ?
ਇੱਥੋਂ ਦੀ ਗੰਦੀ ਤੋਂ ਗੰਦੀ ਸਿਆਸਤ ਇੱਥੋਂ ਦੇ ਧਾਰਮਿਕ ਸਥਾਨਾਂ ਤੋਂ ਪੈਦਾ ਹੁੰਦੀ ਹੈ ਫਿਰ ਕੀ ਅਸੀਂ ਇੱਥੋਂ ਦੇ ਧਾਰਮਿਕ ਸਥਾਨਾਂ ਨੂੰ ਚਾਨਣ ਦੇ ਸੂਰਜ ਸਮਝ ਲਈਏ। ਅਸੀਂ ਲੱਖਾਂ ਲੋਕਾਂ ਤੋਂ ਇਹ ਜਾਨਣਾ ਚਾਹਿਆ ਹੈ ਕਿ ਜੇ ਤੁਹਾਡੇ ਕੋਲ ਚਾਰ ਵਸਤੂਆਂ ਪਵਿੱਤਰ ਗ੍ਰੰਥ, ਪਵਿੱਤਰ ਅਸਥਾਨ, ਪਵਿੱਤਰ ਮੂਰਤੀਆਂ ਅਤੇ ਮਨੁੱਖ ਹੋਣ ਤਾਂ ਤੁਸੀਂ ਪਹਿਲ ਕਿਸ ਨੂੰ ਦੇਵੋਗੇ। 99 ਪ੍ਰਤੀਸ਼ਤ ਦਾ ਜੁਆਬ ਹੁੰਦਾ ਹੈ ਕਿ ਅਸੀਂ ਮਨੁੱਖਤਾ ਨੂੰ ਪਹਿਲ ਦੇਵਾਂਗੇ। ਜੇ ਅਸੀਂ ਉਨ੍ਹਾਂ ਤੋਂ ਪੁੱਛਦੇ ਹਾਂ ਕਿ ਪਹਿਲੀਆਂ ਤਿੰਨ ਚੀਜ਼ਾਂ ਦੀ ਸਿਰਜਣਾ ਕਿਸ ਨੇ ਕੀਤੀ ਹੈ ਤਾਂ ਸਭ ਦਾ ਜੁਆਬ ਹੁੰਦਾ ਹੈ ਕਿ ‘ਮਨੁੱਖ ਨੇ’।
ਸੋ ਅਸੀਂ ਤਰਕਸ਼ੀਲ ਮਨੁੱਖਤਾ ਨੂੰ ਮੰਨਦੇ ਹਾਂ। ਪਰ ਅਧਿਆਤਮਵਾਦੀ ਲੋਕਾਂ ਦੀ ਤਰਜੀਹ ਪਹਿਲੀਆਂ ਤਿੰਨ ਚੀਜ਼ਾਂ ਵਿੱਚੋਂ ਕੋਈ ਇੱਕ, ਦੋ ਜਾਂ ਤਿੰਨੇ ਹੁੰਦੀਆਂ ਹਨ ਅਤੇ ਜੇ ਲੋੜ ਪਵੇ ਤਾਂ ਪਹਿਲੀਆਂ ਤਿੰਨ ਚੀਜ਼ਾਂ ਦੀ ਖਾਤਰ ਮਨੁੱਖਤਾ ਦਾ ਘਾਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਗੱਲ ਦੀਆਂ ਉਦਾਹਰਣਾਂ ਨਾਲ ਮਾਨਵਤਾ ਦਾ ਸਮੁੱਚਾ ਇਤਿਹਾਸ ਭਰਿਆ ਪਿਆ ਹੈ। ਦੁਨੀਆਂ ਦੀਆਂ ਦੋ ਤਿਹਾਈ ਜੰਗਾਂ ਧਰਮ ਦੇ ਨਾਂ ਤੇ ਲੜੀਆਂ ਗਈਆਂ ਹਨ।
1947 ਵਿਚ ਭਾਰਤ ਦੇ ਦਸ ਲੱਖ ਲੋਕ, ਅੱਸੀਵਿਆਂ ਦੇ ਦਹਾਕੇ ਵਿਚ ਪੰਜਾਬ ਵਿੱਚ ਏ. ਕੇ. ਸੰਤਾਲੀਆਂ ਨਾਲ ਤੀਹ ਹਜ਼ਾਰ ਲੋਕ, 1984 ਵਿੱਚ ਦਿੱਲੀ ਵਿਚ ਤਿੰਨ ਹਜ਼ਾਰ ਮਨੁੱਖ ਗਲਾਂ ਵਿਚ ਟਾਇਰ ਪਾ ਕੇ ਫੂਕ ਦਿੱਤੇ ਗਏ ਅਤੇ ਗੋਧਰਾ ਵਿਚ ਅੱਜ ਵੀ ਧਰਮ ਦੇ ਨਾਂ ਤੇ ਆਦਮ-ਬੋ, ਆਦਮ-ਬੋ ਹੋ ਰਹੀ ਹੈ। ਸੋ ਅਸੀਂ ਇਨ੍ਹਾਂ ਮਨੁੱਖ ਖਾਣੇ ਧਰਮਾਂ ਵਿਚ ਬਿਲਕੁੱਲ ਯਕੀਨ ਨਹੀਂ ਰੱਖਦੇ। ਉਂਝ ਵੀ ਇਹ ਧਰਮ, ਜਾਤ-ਪਾਤ ਪੈਦਾ ਕਰਕੇ ਮਨੁੱਖਾਂ ਵਿੱਚ ਵੰਡੀਆਂ ਪਾਉਦੇ ਹਨ ਅਤੇ ਲੋਟੂ ਲੋਕਾਂ ਦੀਆਂ ਸਿਆਸਤਾਂ ਨੂੰ ਪਕੇਰਾ ਕਰਦੇ ਹਨ।
ਰਹੀ ਗੱਲ ਸਮਾਜ ਵਿਚ ਚੰਗੇ ਰਿਸ਼ਤਿਆਂ ਦੀ ਕੀ ਅਧਿਆਤਮਕਤਾ ਜਾਂ ਧਰਮ ਇਹ ਪੈਦਾ ਕਰਦਾ ਹੈ। ਸ਼ਾਇਦ ਦੁਨੀਆਂ ਵਿਚ ਸਭ ਤੋਂ ਵੱਧ ਅਧਿਆਤਮਵਾਦੀ ਪ੍ਰੀਵਾਰ ਨੇਪਾਲ ਦਾ ਸ਼ਾਹੀ ਘਰਾਣਾ ਹੈ। ਜੋ ਆਪਣੇ ਆਪ ਨੂੰ ਹਿੰਦੂਆਂ ਦੇ ਦੇਸ਼ ਦਾ ਮੁਖੀ ਅਖਵਾਉਦਾ ਹੈ। ਘਰ ਦੇ ਹੀ ਇੱਕ ਨੌਜਵਾਨ ਹੱਥੋਂ ਫਾਇਰਿੰਗ ਹੋ ਕੇ ਮਰੇ ਸੱਤ ਜੀਆਂ ਵਾਲੇ ਇਸ ਪ੍ਰੀਵਾਰ ਦਾ ਹਸ਼ਰ ਕਿਸ ਤੋਂ ਭੁੱਲਿਆ ਹੈ? ਇੱਥੋਂ ਦੇ ਸਾਧ ਸੰਤ ਸਭ ਤੋਂ ਵੱਧ ਧਾਰਮਿਕ ਅਖਵਾਉਦੇ ਹਨ ਤੇ ਸਭ ਤੋਂ ਵੱਧ ਬਲਾਤਕਾਰੀ ਵੀ ਇਹ ਹੀ ਹੁੰਦੇ ਨੇ। ਹਜ਼ਾਰਾਂ ਹੀ ਮੰਦਰਾਂ, ਮਸਜਿਦਾਂ, ਗਿਰਜ਼ਿਆਂ ਦੀਆਂ ਉਦਾਹਰਣਾਂ ਗਿਣਾਈਆਂ ਜਾ ਸਕਦੀਆਂ ਹਨ, ਜਿੱਥੇ ਬਾਲੜੀਆਂ ਨਾਲ ਬਲਾਤਕਾਰ ਹੁੰਦੇ ਰਹੇ ਨੇ। ਪਰ ਤਰਕਸ਼ੀਲਾਂ ਦਾ ਪੱਚੀ ਵਰ੍ਹਿਆਂ ਦਾ ਇਤਿਹਾਸ ਦਰਸਾਉਦਾ ਹੈ ਕਿ ਹਜ਼ਾਰਾਂ ਤਰਕਸ਼ੀਲਾਂ ਵਿੱਚੋਂ ਇੱਕ ਵੀ ਤਰਕਸ਼ੀਲ ਇਸ ਚਿੱਕੜ ਵਿਚ ਨਹੀਂ ਲਿਬੜਿਆ। ਅਜਿਹਾ ਕਿਉ ਵਾਪਰਿਆ ਇੱਥੇ ਵੀ ਗੱਲ ਬੰਦ ਦਿਮਾਗ਼ਾਂ ਤੇ ਖੁੱਲ੍ਹੇ ਦਿਮਾਗ਼ਾਂ ਦੀ ਹੈ। ਅਕਸਰ ਹੀ ਇਹ ਵੇਖਿਆ ਗਿਆ ਹੈ ਕਿ ਬੰਦ ਦਿਮਾਗ਼ ਖੁੱਲ੍ਹੇ ਦਿਮਾਗ਼ਾਂ ਨਾਲੋਂ ਗ਼ਲਤੀਆਂ ਕਰਨ ਵਿਚ ਅੱਗੇ ਹੁੰਦੇ ਹਨ।
ਹਰ ਤਰਕਸ਼ੀਲ ਆਪਣੀ ਸੰਤਾਨ ਵਿਚ ‘ਕੀ ਕਿਉ ਤੇ ਕਿਵੇਂ’ ਦੀ ਆਦਤ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਵਾਰ-ਵਾਰ ਅਜਿਹਾ ਕਰਨ ਨਾਲ ਬੱਚਿਆਂ ਦੇ ਮਨ ਵਿਚ ਇਹ ਗੱਲ ਬੈਠ ਜਾਂਦੀ ਹੈ ਕਿ ਜ਼ਿੰਦਗੀ ਇੱਕ ਸੰਘਰਸ਼ ਹੈ। ਇਸ ਸੰਘਰਸ਼ ਵਿੱਚੋਂ ਕਾਮਯਾਬ ਹੋਣ ਲਈ ਦੂਸਰਿਆਂ ਨਾਲੋਂ ਆਪਣੇ ਆਪ ਨੂੰ ਬੇਹਤਰ ਕਰਨਾ ਹੀ ਹੋਵੇਗਾ। ਕਿਸਮਤ ਜਾਂ ਕਰਮਾਂ ਦਾ ਫਲ ਆਦਿ ਸ਼ਬਦ ਉਨ੍ਹਾਂ ਦੀ ਡਿਕਸ਼ਨਰੀ ਵਿਚ ਨਹੀਂ ਹੁੰਦੇ। ਇਸ ਲਈ ਪ੍ਰਾਪਤੀਆਂ ਲਈ ਮਿਹਨਤ, ਯੋਜਨਾਬੰਦੀ ਆਦਿ ਹਥਿਆਰਾਂ ਦੀ ਵਰਤੋਂ ਕਰਨਾ ਉਨ੍ਹਾਂ ਦੀ ਮਜ਼ਬੂਰੀ ਹੁੰਦੀ ਹੈ। ਉਹ ਬੱਚਿਆਂ ਨੂੰ ਲਾਈਲੱਗ ਜਾਂ ਜ਼ਬਰੀ ਆਗਿਆਕਾਰੀ ਨਹੀਂ ਬਣਾਉਦੇ ਸਗੋਂ ਹਰ ਗੱਲ ਨੂੰ ਜਾਇਜ਼ ਜਾਂ ਨਜ਼ਾਇਜ ਦੀ ਕਸੌਟੀ ਤੇ ਪ੍ਰਖਣ ਲਈ ਕਹਿੰਦੇ ਹਨ। ਮਨੁੱਖੀ ਰਿਸ਼ਤੇ ਇਸ ਤਰ੍ਹਾਂ ਹੀ ਦਿ੍ਰੜ ਤੇ ਸਦੀਵੀ ਹੁੰਦੇ ਨੇ ਲਾਈਲੱਗਤਾ ਨਾਲ ਨਹੀਂ।
ਤਰਕਸ਼ੀਲਾਂ ਨੂੰ ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੈ ਕਿ ਧਰਮ ਤੇ ਰੱਬ ਪੂਰੇ ਸੰਸਾਰ ਵਿਚ ਫੈਲੇ ਇਕ ਸਭ ਤੋਂ ਵੱਡੇ ਵਿਉਪਾਰ ਦਾ ਆਧਾਰ ਹਨ। ਕੀ ਸੰਸਾਰ ਵਿਚ ਅਜਿਹਾ ਇਕ ਵੀ ਵਿਅਕਤੀ ਹੈ ਜਿਸਦਾ ਕਿਸੇ ਧਾਰਮਿਕ ਸਥਾਨ ਤੇ ਚੜ੍ਹਾਇਆ ਹੋਇਆ ਇੱਕ ਵੀ ਪੈਸਾ ਕਿਸੇ ਰੱਬ ਕੋਲ ਗਿਆ ਹੋਵੇ। ਇੱਥੇ ਮੈਂ ਸਿੱਧ ਕਰ ਸਕਦਾ ਹਾਂ ਕਿ 99% ਲੋਕਾਂ ਦੇ ਦਾਨ ਵਿੱਚ ਦਿੱਤੇ ਪੈਸੇ ਰੱਬ ਦੇ ਏਜੰਟਾਂ ਕੋਲ ਜਾ ਪੁੱਜਦੇ ਹਨ।
ਅੱਜ ਤੋਂ ਦੋ ਸੌ ਸਾਲ ਪਹਿਲਾਂ ਜੇ ਕਿਸੇ ਵਿਅਕਤੀ ਤੋਂ ਇਹ ਪੁੱਛਿਆ ਜਾਂਦਾ ਸੀ ਕਿ ਮੀਂਹ ਕਿਵੇਂ ਪੈਂਦਾ ਹੈ ਤਾਂ ਉਸਦਾ ਜੁਆਬ ਹੁੰਦਾ ਸੀ ਕਿ ਮੀਂਹ ਤਾਂ ਇੰਦਰ ਦੇਵਤਾ ਪਾਉਦਾ ਹੈ। ਪਰ ਅੱਜ ਜੇ ਇਹ ਸੁਆਲ ਕਿਸੇ ਤੀਸਰੀ ਜਮਾਤ ਦੇ ਵਿਦਿਆਰਥੀ ਨੂੰ ਵੀ ਪੁੱਛਿਆ ਜਾਵੇ ਤਾਂ ਉਸਦਾ ਜੁਆਬ ਹੋਵੇਗਾ ਕਿ ਸਮੁੰਦਰ ਦਾ ਪਾਣੀ ਵਾਸਪੀਕਰਨ ਰਾਹੀਂ ਉੱਤੇ ਜਾਂਦਾ ਹੈ ਤੇ ਹੌਲੀ-ਹੌਲੀ ਪ੍ਰਕਿਰਤਕ ਨਿਯਮਾਂ ਅਧੀਨ ਬੱਦਲਾਂ ਦੇ ਰੂਪ ਵਿੱਚ ਇਕੱਠਾ ਹੋ ਕੇ ਵਰ੍ਹ ਪੈਂਦਾ ਹੈ।
ਇਸ ਲਈ ਗਿਆਨ ਦੀ ਪ੍ਰਾਪਤੀ ਆਪਣੇ ਆਪ ਬਹੁਤ ਸਾਰੀਆਂ ਗੁੰਝਲਾਂ ਨੂੰ ਸੁਲਝਾ ਦਿੰਦੀ ਹੈ। ਬ੍ਰਹਿਮੰਡ ਦੀ ਵਿਸ਼ਾਲ ਜਾਣਕਾਰੀ ਨੇ ਰੱਬ ਨਾਂ ਦੀ ਗੁੰਝਲਦਾਰ ਬੁਝਾਰਤ ਨੂੰ ਹੱਲ ਕਰ ਦਿੱਤਾ ਹੈ। ਸੋ ਰੱਬ ਦੀ ਕੋਈ ਹੋਂਦ ਨਹੀਂ ਤੇ ਪ੍ਰਾਕਿਰਤੀ, ਪ੍ਰਾਕਿਰਤਕ ਨਿਯਮਾਂ ਅਧੀਨ ਸਵੈ-ਚਾਲਤ ਹੈ ਅਤੇ ਪ੍ਰਾਕਿਰਤਕ ਨਿਯਮ ਸਦਾ ਸਨ ਤੇ ਸਦਾ ਰਹਿਣਗੇ।
ਕੁੱਝ ਲੋਕ ਮਿੱਥਾਂ ਅਤੇ ਵਹਿਮਾਂ ਭਰਮਾਂ ਨੂੰ ਰਲਗੱਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਹਨ। ਅਸਲ ਵਿਚ ਸਾਡਾ ਸਮੁੱਚਾ ਇਤਿਹਾਸ ਮਿੱਥਾਂ ਜਾਂ ਦੰਦ ਕਥਾਵਾਂ ਨਾਲ ਭਰਿਆ ਪਿਆ ਹੈ। ਭਾਵੇਂ ਇਹ ਹਕੀਕੀ ਨਹੀਂ ਪਰ ਇਹ ਸਾਡੇ ਪੁਰਖਿਆਂ ਦੀਆਂ ਹੰਝੂਆਂ ਤੇ ਹਾਸਿਆਂ ਦੀ ਦਾਸਤਾਨ ਹਨ। ਅੱਜ ਦੇ ਯੁੱਗ ਦਾ 99% ਸਾਹਿਤ ਕਲਪਨਾ ਤੇ ਆਧਾਰਤ ਹੈ। ਪਰ ਸਾਡੇ ਦੇਸ਼ ਦੇ ਲੋਕ ਤਾਂ ਐਨੇ ਪਛੜੇ ਹੋਏ ਹਨ ਕਿ ਉਹ ਕਲਪਨਾ ਦੇ ਆਧਾਰ ਤੇ ਲਿਖੇ ਹੋਏ ਇਨ੍ਹਾਂ ਘਟਨਾ ਕਰਮਾਂ ਨੂੰ ਹੀ ਹਕੀਕੀ ਸਮਝੀ ਜਾ ਰਹੇ ਹਨ। ਸੋ ਅਸੀਂ ਤਰਕਸ਼ੀਲ ਪਰੀ ਕਹਾਣੀਆਂ ਦੇ ਵਿਰੁੱਧ ਨਹੀਂ ਹਾਂ, ਅਸੀਂ ਵਹਿਮਾਂ ਭਰਮਾਂ ਦੇ ਵਿਰੁੱਧ ਜ਼ਰੂਰ ਹਾਂ। ਕਿਉਕਿ ਵਹਿਮ ਭਰਮ ਅਨਪੜ੍ਹਤਾ ਜਾਂ ਅਗਿਆਨਤਾ ਕਾਰਨ ਪੈਦਾ ਹੁੰਦੇ ਅਤੇ ਦੁਰਦਸ਼ਾ ਦੀ ਮਾਂ ਬਣ ਬੈਠਦੇ ਹਨ। ਨਿੱਕੀ ਜਿਹੀ ਉਦਾਹਰਣ ਤੇਰਾਂ ਦੇ ਅੰਕਾਂ ਦੀ ਹੀ ਲੈ ਲਈਏ। ਜੇ ਕੋਈ ਅੰਧ-ਵਿਸ਼ਵਾਸੀ ਡ੍ਰਾਈਵਰ ਤੇਰਾਂ ਦੇ ਅੰਕ ਵਾਲੀ ਗੱਡੀ ਡ੍ਰਾਈਵ ਕਰਦਾ ਹੈ ਤੇ ਉਹ ਆਪਣੇ ਮਨ ਵਿਚ ਉਸ ਗੱਡੀ ਨੂੰ ਮਨਹੂਸ ਸਮਝ ਬੈਠਦਾ ਹੈ ਤੇ ਉਸਦੀ ਇਹ ਸੋਚ ਉਸਨੂੰ ਦੁਰਘਟਨਾਵਾਂ ਵੱਲ ਲੈ ਜਾਂਦੀ ਹੈ। ਬੈੱਡ ਨੰਬਰ ਤੇਰਾਂ ਜਾਂ ਕਮਰਾ ਨੰਬਰ ਤੇਰਾਂ ਵਿਚ ਦਾਖ਼ਲ ਮਰੀਜ਼ ਆਪਣੇ ਮਾਨਸਿਕ ਵਿਚਾਰਾਂ ਕਰਕੇ ਛੇਤੀ ਮੌਤ ਦੇ ਮੂੰਹ ਜਾ ਪੈਂਦੇ ਹਨ। ਇਸ ਲਈ ਸਾਨੂੰ ਮਿੱਥਾਂ ਤੇ ਵਹਿਮਾਂ-ਭਰਮਾਂ ਵਿਚ ਵਿੱਥ ਰੱਖਣੀ ਚਾਹੀਦੀ ਹੈ।
ਸੋ ਵਹਿਮਾਂ-ਭਰਮਾਂ ਨੂੰ ਨਕਾਰਦੇ ਹੋਏ, ਸਾਧਾ ਸੰਤਾਂ ਤੇ ਰੱਬ ਦੇ ਦਲਾਲਾਂ ਤੋਂ ਬਚਦੇ ਹੋਏ ਇੱਕ ਨਰੋਏ ਸਮਾਜ ਦੀ ਸਿਰਜਣਾ ਵਿਚ ਸਾਨੂੰ ਆਪਣਾ ਯੋਗਦਾਨ ਜਾਰੀ ਰੱਖਣਾ ਚਾਹੀਦਾ ਹੈ।

Warning: count(): Parameter must be an array or an object that implements Countable in H:\root\home\ksgbnl-001\www\tarksheel\wp-includes\class-wp-comment-query.php on line 399

Leave a Reply

Your email address will not be published. Required fields are marked *