ਹੱਥ ਰੇਖਾਵਾਂ ਦੀ ਅਸਲੀਅਤ

By | July 31, 2018

palm_lines_1424179522ਮੇਘ ਰਾਜ ਮਿੱਤਰ, 9888787440
ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿੱਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੁੰਦੇ। ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ ਤਾਂ ਮੱਧ ਸ਼੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ। ਉਹ ਆਪਣਾ ਭਵਿੱਖ ਜਾਨਣ ਲਈ ਅਤੇ ਆਪਣੇ ਆਲੇ-ਦੁਆਲੇ ਵਿੱਚ ਸ਼ੋਹਰਤ ਬਣਾਉਣ ਲਈ ਅਕਸਰ ਹੀ ਜੋਤਸ਼ੀਆਂ ਕੋਲ ਪੁੱਜ ਜਾਂਦੇ ਹਨ। ਅੱਜ ਸਾਡਾ ਸਾਰਾ ਸਮਾਜ ਹੀ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ। ਕਿਸੇ ਦੇ ਪੜੇ ਲਿਖੇ ਪੁੱਤ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ, ਕੋਈ ਆਪਣੇ ਧੀਆਂ ਪੁੱਤਾਂ ਲਈ ਚੰਗੇ ਰਿਸ਼ਤੇ ਲੱਭ ਰਿਹਾ ਹੈ, ਕਿਸੇ ਦੇ ਘਰ ਵਿਚ ਨਸ਼ਾ ਜਾਂ ਬਿਮਾਰੀ ਨੇ ਘਰ ਕੀਤਾ ਹੋਇਆ ਹੈ। ਇਸ ਤਰਾਂ ਇੱਥੇ ਬਹੁਤੇ ਲੋਕੀ ਇਨਾਂ ਸਮੱਸਿਆਵਾਂ ਦੀਆਂ ਘੁੰਮਣ ਘੇਰੀਆਂ ਵਿਚ ਫਸੇ ਹੋਏ ਹਨ ਤੇ ਸੋਚਦੇ ਹਨ ਕਿ ਸ਼ਾਇਦ ਜੋਤਸ਼ੀ ਹੀ ਉਨਾਂ ਨੂੰ ਇਨਾਂ ਮੁਸ਼ਕਿਲਾਂ ਵਿੱਚੋਂ ਕੱਢ ਸਕਦੇ ਹਨ। ਜੋਤਸ਼ੀ ਵੀ ਬਹੁਤ ਹੀ ਚਲਾਕ ਕਿਸਮ ਦੇ ਵਿਅਕਤੀ ਹੁੰਦੇ ਹਨ। ਉਹ ਗਾਹਕਾਂ ਨੂੰ ਮਾਨਸਿਕ ਤੌਰ ‘ਤੇ ਹੱਲਾਸ਼ੇਰੀ ਵੀ ਦੇ ਦਿੰਦੇ ਹਨ ਤੇ ਨਾਲ ਹੀ ਉਨਾਂ ਦੀ ਪ੍ਰਸੰਸਾ ਕਰਨੀ ਵੀ ਨਹੀਂ ਭੁੱਲਦੇ। ਕਈ ਵਾਰੀ ਉਹ ਗਾਹਕ ਦੇ ਮਨ ਵਿੱਚ ਡਰ ਵੀ ਬਿਠਾ ਦਿੰਦੇ ਹਨ ਤੇ ਡਰਿਆ ਹੋਇਆ ਗਾਹਕ ਵੱਧ ਲੁਟਾ ਹੁੰਦਾ ਹੈ। ਇਸ ਤਰਾਂ ਜੋਤਸ਼ ਦਾ ਧੰਦਾ ਦਿਨ ਰਾਤ ਫੁੱਲ ਤੇ ਫਲ ਰਿਹਾ ਹੈ।
ਟੈਲੀਵਿਯਨ ਚੈਨਲਾਂ ਨੂੰ ਚਲਾਉਣ ਲਈ ਵੱਡੇ ਸਟਾਫ਼ ਅਤੇ ਸਟੂਡੀਓ ਆਦਿ ਦੀ ਲੋੜ ਹੁੰਦੀ ਹੈ। ਇਸ ਲਈ ਇਸ ਸਮੁੱਚੇ ਧੰਦੇ ਨੂੰ ਲਾਹੇਬੰਦ ਬਣਾਉਣ ਲਈ ਵੱਡੀ ਆਮਦਨ ਦੀ ਵੀ ਜ਼ਰੂਰਤ ਹੈ। ਕੁਝ ਸਥਾਪਤ ਚੈਨਲਾਂ ਨੂੰ ਤਾਂ ਇਸ਼ਤਿਹਾਰਾਂ ਤੋਂ ਲੋੜੀਂਦੀ ਆਮਦਨ ਹੋ ਜਾਂਦੀ ਹੈ ਪਰ ਬਾਕੀਆਂ ਲਈ ਤਾਂ ਸਾਧ ਸੰਤ ਅਤੇ ਜੋਤਸ਼ੀ ਹੀ ਸਹਾਰਾ ਬਣਦੇ ਨੇ। ਜੇ ਲੋਕ ਇਸ ਗੱਲ ਨਾਲ ਬਰਬਾਦ ਹੁੰਦੇ ਹਨ ਤਾਂ ਹੋਈ ਜਾਣ, ਚੈਨਲਾਂ ਨੇ ਤਾਂ ਆਪਣਾ ਘਾਟਾ ਪੂਰਨਾ ਹੀ ਹੈ। ਇਸ ਤਰਾਂ ਜੋਤਸ਼ ਦਾ ਧੰਦਾ ਵਧ-ਫੁੱਲ ਰਿਹਾ ਹੈ।
ਹੱਥ ਦੀਆਂ ਲਕੀਰਾਂ ਦਾ ਕਿਸਮਤ ਨਾਲ ਸਬੰਧ :- ਕਹਿੰਦੇ ਨੇ ਬੰਦੇ ਦੀ ਕਿਸਮਤ ਅਤੇ ਹੱਥ ਦੀਆਂ ਲਕੀਰਾਂ ਦਾ ਰਿਸ਼ਤਾ ਬਹੁਤ ਨੇੜੇ ਦਾ ਹੁੰਦਾ ਹੈ। ਸੋ, ਆਉ ਅੱਜ ਇਸ ਗੱਲ ਨੂੰ ਵੀ ਨਿਰਖ ਪਰਖ ਲਈਏ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਨੁੱਖ ਦੀ ਕਿਸਮਤ, ਸਿਹਤ, ਉਮਰ, ਵਿਆਹ, ਧਨ, ਦੌਲਤ, ਪੁੱਤਰ ਅਤੇ ਧੀਆਂ ਸਭ ਕੁੱਝ ਹੱਥ ਦੀਆਂ ਲਕੀਰਾਂ ਦਰਸਾਅ ਦਿੰਦੀਆਂ ਹਨ।
ਪਹਿਲਾਂ ਆਪਾਂ ਕਿਸਮਤ ਨੂੰ ਹੀ ਲੈ ਲਈਏ। ਅੰਮ੍ਰਿਤਸਰ ਦੇ ਪਾਗਲਖਾਨੇ ਵਿੱਚ ਜਾ ਕੇ ਇਸਦੀ ਪਰਖ ਆਰਾਮ ਨਾਲ ਕੀਤੀ ਜਾ ਸਕਦੀ ਹੈ। ਉੱਥੋਂ ਸਾਨੂੰ ਸੈਂਕੜੇ ਅਜਿਹੇ ਵਿਅਕਤੀਆਂ ਦੇ ਹੱਥ ਦੀਆਂ ਲਕੀਰਾਂ ਦੇ ਫੋਟੋਗ੍ਰਾਫ ਆਰਾਮ ਨਾਲ ਮਿਲ ਸਕਦੇ ਹਨ, ਜਿਨਾਂ ਨੂੰ ਡਾਕਟਰਾਂ ਨੇ ਟੈਸਟ ਕਰਕੇ ਕਿਹਾ ਹੈ ਕਿ ਉਹ ਜਮਾਂਦਰ ਪਾਗਲ ਹਨ। ਆਪਣੀ ਮੌਤ ਤੱਕ ਇਨਾਂ ਨੇ ਪਾਗਲ ਹੀ ਰਹਿਣਾ ਹੈ। ਇਹ ਹੱਥ ਚਿੱਤਰ ਵੇਖ ਕੇ ਜੋਤਸ਼ੀ ਉਨਾਂ ਦੀ ਕਿਸਮਤ ਜ਼ਰੂਰ ਪੜਨਗੇ ਤੇ ਬਹੁਤਿਆਂ ਬਾਰੇ ਕਹਿਣਗੇ ਕਿ ਇਨਾਂ ਦੀ ਕਿਸਮਤ ਬਹੁਤ ਚੰਗੀ ਹੈ।
ਉਮਰ :- ਜੇ ਗੱਲ ਉਮਰ ਦੀ ਕਰਨੀ ਹੋਵੇ ਤਾਂ ਅੱਜ ਪੰਜਾਬ ਵਿਚ ਘੱਟੋ-ਘੱਟ ਅੱਠ ਵਿਅਕਤੀ ਹਰ ਰੋਜ ਐਕਸੀਡੈਂਟਾਂ ਵਿਚ ਮਰ ਰਹੇ ਹਨ। ਉਨਾਂ ਦੇ ਹੱਥ ਦੀਆਂ ਲਕੀਰਾਂ ਦਰਸਾਅ ਰਹੀਆਂ ਹੁੰਦੀਆਂ ਨੇ ਕਿ ਉਨਾਂ ਨੇ ਲੰਬੀ ਉਮਰ ਭੋਗਣੀ ਹੈ। ਇਸ ਤਰਾਂ ਭੁਪਾਲ ਵਿਚ ਗੈਸ ਰਿਸੀ। ਇੱਕੋ ਦਿਨ ਹੀ ਦੋ ਹਜ਼ਾਰ ਵਿਅਕਤੀ ਰਾਤੀਂ ਚੰਗੇ ਭਲੇ ਸੁੱਤੇ, ਪਰ ਸਵੇਰ ਨੂੰ ਉੱਠ ਹੀ ਨਹੀਂ ਸਕੇ। ਜੋਤਸ਼ੀਆਂ ਦਾ ਇੱਕ ਪੂਰਾ ਮੁਹੱਲਾ ਖੁਦ ਹੀ ਇਸਦੀ ਜਕੜ ਵਿੱਚ ਆ ਗਿਆ ਸੀ। ਕੀ ਇਨਾਂ ਸਭ ਵਿਅਕਤੀਆਂ ਦੀਆਂ ਹਥੇਲੀਆਂ ਤੇ ਉਮਰਾਂ ਦੀਆਂ ਰੇਖਾਵਾਂ ਕੱਟ ਵੱਢ ਹੋ ਗਈਆਂ ਸਨ?
ਇਸ ਤਰਾਂ ਦੂਸਰੇ ਸੰਸਾਰ ਯੁੱਧ ਸਮੇਂ 1945 ਵਿਚ ਅਮਰੀਕੀ ਸਰਕਾਰ ਨੇ ਉੱਥੇ ਦੇ ਪਾਦਰੀਆਂ ਤੋਂ ਅਸ਼ੀਰਵਾਦ ਦੁਆ ਕੇ ਦੋ ਜਹਾਜ਼ਾਂ ਨੂੰ ਜਾਪਾਨ ਦੇ ਸ਼ਹਿਰਾਂ ਹੀਰੋਸੀਮਾ ਅਤੇ ਨਾਗਾਸਾਕੀ ਉੱਪਰ ਐਟਮ ਬੰਬ ਸੁੱਟਣ ਲਈ ਭੇਜ ਦਿੱਤਾ। ਇਸ ਤਰਾਂ ਲੱਖਾਂ ਲੋਕ ਮਾਰੇ ਗਏ। ਕੀ ਉਨਾਂ ਦੀਆਂ ਹੱਥ ਦੀਆਂ ਲਕੀਰਾਂ ਮਿਟ ਚੁੱਕੀਆਂ ਸਨ?
ਵਿਆਹ :- ਹੁਣ ਜੇ ਗੱਲ ਵਿਆਹਾਂ ਦੀ ਕਰ ਲਈਏ ਜੋਤਿਸ਼ੀ ਦਾਅਵਾ ਕਰਦੇ ਹਨ ਕਿ ਵਿਆਹ ਦੀ ਰੇਖਾ ਹੱਥ ਉੱਤੇ ਅੰਕਿਤ ਹੁੰਦੀ ਹੈ। ਅਮਰੀਕਾ ਕੈਨੇਡਾ ਤੇ ਹੋਰ ਯੂਰਪੀ ਮੁਲਕਾਂ ਵਿੱਚ ਹਰ ਰੋਜ ਨਿੱਤ ਨਵੇਂ ਵਿਆਹ ਹੁੰਦੇ ਹਨ। ਕੀ ਉਨਾਂ ਦੀਆਂ ਹੱਥ ਰੇਖਾਵਾਂ ਨਿੱਤ ਹੀ ਬਦਲ ਜਾਂਦੀਆਂ ਨੇ। ਸਾਡੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਦਾ ਜੀ ਨੇ ਸੈਂਕੜੇ ਇਸਤਰੀਆਂ ਆਪਣੇ ਮਹਿਲ ਵਿਚ ਪਤਨੀਆਂ ਤੇ ਦਾਸੀਆਂ ਦੇ ਰੂਪ ਵਿਚ ਰੱਖੀਆਂ ਹੋਈਆਂ ਸਨ ਅਤੇ ਉਨਾਂ ਦੇ ਹੱਥਾਂ ਉੱਤੇ ਵਿਆਹ ਦੀ ਇਕੋ ਹੀ ਰੇਖਾ ਸੀ, ਇਸ ਤਰਾਂ ਹੀ ਸੰਸਾਰ ਪ੍ਰਸਿੱਧ ਐਕਟਰੈਸ ਜਾ ਜਾ ਗੈਬਰੋ ਨੇ ਆਪਣੀ ਜ਼ਿੰਦਗੀ ਵਿਚ ਅੱਠ ਵਿਆਹ ਕਰਵਾਏ ਅਤੇ ਇਕੋ ਵਿਅਕਤੀ ਨਾਲ ਦੋ ਵਾਰ ਵਿਆਹ ਕਰਵਾਇਆ ਪਰ ਉਸਦੇ ਹੱਥ ਤੇ ਵਿਆਹ ਦੀ ਇੱਕ ਹੀ ਲਕੀਰ ਸੀ। ਹੁਣ ਜੇ ਗੱਲ ਪੁੱਤਾਂ ਜਾਂ ਧੀਆਂ ਦੀ ਕਰਨੀ ਹੋਵੇ। ਕੀ ਇਹ ਲਕੀਰਾਂ ਵੀ ਆਦਮੀ ਦੇ ਹੱਥ ਤੇ ਦਰਜ ਹੁੰਦੀਆਂ ਹਨ? ਇੱਕ ਤੰਦਰੁਸਤ ਮਨੁੱਖ ਵਿਚ ਕਰੋਮੋਸੋਮਾ ਦੀ ਗਿਣਤੀ ਐਨੀ ਹੁੰਦੀ ਹੈ ਕਿ ਉਸ ਨਾਲ ਪੂਰੇ ਸੰਸਾਰ ਦੀਆਂ ਇਸਤਰੀਆਂ ਗਰਭਵਤੀ ਹੋ ਸਕਦੀਆਂ ਹਨ। ਕੀ ਫਿਰ ਹੱਥ ਉੱਤੇ ਪੁੱਤਾਂ ਤੇ ਧੀਆਂ ਵਾਲੀ ਲਕੀਰ ਵਿੱਚ ਐਨੇ ਨਿਸ਼ਾਨ ਹੁੰਦੇ ਹਨ?
ਪੁੱਤਰ ਤੇ ਧੀਆਂ : ਜੇ ਇੱਥੇ ਇਸਤਰੀਆਂ ਦੀਆਂ ਪੁੱਤਰ ਤੇ ਧੀਆਂ ਵਾਲੀ ਲਕੀਰ ਦੀ ਵੀ ਗੱਲ ਕਰ ਲਈਏ ਤਾਂ ਅੱਜ ਇਸਤਰੀ ਦਾ ਇੱਕ ਨਿਸ਼ੇਚਤ ਆਂਡਾ ਤੋੜ ਕੇ ਉਸ ਤੋਂ ਲੱਖਾਂ ਬੱਚੇ ਪੈਦਾ ਕੀਤੇ ਜਾ ਸਕਦੇ ਹਨ। ਕੀ ਇਸਤਰੀ ਦੇ ਹੱਥਾਂ ਤੇ ਵੀ ਪੁੱਤਾਂ ਧੀਆਂ ਦੀ ਗਿਣਤੀ ਲਿਖੀ ਹੁੰਦੀ ਹੈ?
ਜੇ ਧਿਆਨ ਨਾਲ ਬਾਂਦਰ ਦੇ ਹੱਥ ਨੂੰ ਵੇਖਿਆ ਜਾਵੇ ਤਾਂ ਇਹ ਲਕੀਰਾਂ ਉਸਦੇ ਹੱਥ ਉੱਤੇ ਵੀ ਹੁੰਦੀਆਂ ਹਨ। ਪਰ ਤੁਸੀਂ ਕਦੇ ਵੀ ਕਿਸੇ ਜੋਤਸ਼ੀ ਨੂੰ ਬਾਂਦਰ ਦੇ ਹੱਥ ਵੇਖਦੇ ਨਹੀਂ ਵੇਖੋਗੇ। ਕਿਉਂਕਿ ਬਾਂਦਰ ਦੀ ਜੇਬ ਨਹੀਂ ਹੁੰਦੀ। ਪਰ ਮਨੁੱਖ ਕੋਲ ਤਾਂ ਬਟੂਆ ਹੁੰਦਾ ਹੈ, ਜਿਸ ਵਿਚੋਂ ਪੈਸੇ ਨਿਕਲ ਕੇ ਜੋਤਸ਼ੀ ਦੀ ਜੇਬ ਵਿਚ ਚਲੇ ਜਾਂਦੇ ਹਨ। ਇੱਕ ਗੱਲ ਸਪੱਸ਼ਟ ਹੈ ਜੇ ਕਿਤੇ ਬਾਂਦਰਾਂ ਦੇ ਜੇਬਾਂ ਹੁੰਦੀਆਂ ਤਾਂ ਜੋਤਸ਼ੀਆਂ ਨੇ ਉਨਾਂ ਦੀਆਂ ਵੀ ਬਰਾਤਾਂ ਚੜਾਉਣੀਆਂ ਸਨ।
ਇੱਥੇ ਮੈਨੂੰ ਕਿਸੇ ਕਵੀ ਦੀ ਲਿਖੀ ਹੋਈ ਇੱਕ ਪੰਗਤੀ ਵੀ ਯਾਦ ਆਉਂਦੀ ਹੈ।
‘ਕਿਸਮਤ ਉਨਕੀ ਵੀ ਹੋਤੀ ਹੈ ਜਿਨਕੇ ਹਾਥ ਨਹੀਂ ਹੋਤੇ।’
ਹੱਥਾਂ ਤੇ ਲਕੀਰਾਂ ਕਿਉਂ : ਕਈ ਵਿਅਕਤੀਆਂ ਨੇ ਮੈਨੂੰ ਇਹ ਵੀ ਸੁਆਲ ਕੀਤਾ ਹੈ ਕਿ ਜੇ ਕਿਸਮਤ ਹੱਥ ਉੱਤੇ ਨਹੀਂ ਲਿਖੀ ਹੁੰਦੀ ਤਾਂ ਹੱਥਾਂ ਤੇ ਲਕੀਰਾਂ ਕਿਉਂ ਪੈਂਦੀਆਂ ਹਨ?
ਅਸਲ ਵਿਚ ਸਾਡੀ ਹਥੇਲੀ ਦੀ ਬਣਤਰ ਅਜਿਹੀ ਹੈ ਕਿ ਇਸ ਨੇ ਅੰਦਰ ਨੂੰ ਮੁੜਨਾ ਹੈ। ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦੇ ਜੀਵ ਵਿਕਾਸ ਦੇ ਤਿੰਨ ਸੌ ਕਰੋੜ ਵਰਿਆਂ ਦੌਰਾਨ ਮਨੁੱਖ ਜਾਤੀ ਨੂੰ ਵੱਡੇ ਸੰਘਰਸ਼ ਅਤੇ ਜਦੋ ਜਹਿਦ ਕਰਨੀ ਪਈ ਹੈ। ਇਸ ਜਦੋ ਜਹਿਦ ਵਿੱਚ ਮਨੁੱਖੀ ਹੱਥ ਹੀ ਸਨ ਜਿਨਾਂ ਨੇ ਸੰਦਾਂ ਨੂੰ ਫੜਨ ਅਤੇ ਵਰਤਣ ਦੀ ਜਾਂਚ ਸਿੱਖੀ। ਇਸ ਲਈ ਮਨੁੱਖੀ ਹਥੇਲੀ ਨੇ ਅੰਦਰ ਨੂੰ ਮੁੜਨ ਦਾ ਵੱਲ ਗ੍ਰਹਿਣ ਕੀਤਾ। ਇਸ ਲਈ ਹਥੇਲੀ ਤੇ ਚਮੜੀ ਦੀ ਸੈਲ ਬਣਤਰ ਕੁੱਝ ਵੱਖ ਕਿਸਮ ਦੀ ਵਿਕਸਿਤ ਹੋ ਗਈ। ਇਸ ਲਈ ਹਥੇਲੀ ਤੇ ਲਕੀਰਾਂ ਪੈ ਗਈਆਂ। ਸਾਡੇ ਹੱਥ ਬਾਹਰਲੇ ਪਾਸੇ ਨੂੰ ਮੁੜਦੇ ਹੀ ਨਹੀਂ ਇਸ ਲਈ ਬਾਹਰਲੇ ਪਾਸੇ ਲਕੀਰਾਂ ਹੀ ਨਹੀਂ। ਜਿੱਥੋਂ ਵੀ ਹੱਥ ਜਾਂ ਉਂਗਲੀਆਂ ਮੁੜਦੀਆਂ ਹਨ ਉੱਥੇ ਹੀ ਲਕੀਰਾਂ ਹਨ। ਸੋ ਲਕੀਰਾਂ ਕੁਝ ਨਹੀਂ ਇਹ ਤਾਂ ਹੱਥਾਂ ਦੇ ਮੋੜ ਹਨ।
ਬੱਚੇ ਦਾ ਵਿਕਾਸ ਮਾਂ ਦੇ ਪੇਟ ਵਿਚ 280 ਦਿਨ ਵਿਚ ਹੁੰਦਾ ਹੈ। ਤੀਜੇ ਚੋਥੇ ਅਤੇ ਪੰਜਵੇ ਮਹੀਨੇ ਵਿੱਚ ਅੰਗਾਂ ਦੀ ਪੈਦਾਇਸ਼ ਤੇ ਵਿਕਾਸ ਹੁੰਦਾ ਹੈ। ਇਸ ਵਿਕਾਸ ਸਮੇਂ ਦੌਰਾਨ ਬੱਚੇ ਦੀਆਂ ਮੁੱਠੀਆਂ ਬੰਦ ਹੁੰਦੀਆਂ ਹਨ। ਇਹ ਵੀ ਕਾਰਨ ਹੈ ਕਿ ਹੱਥ ਤੇ ਲਕੀਰਾਂ ਪੈ ਜਾਂਦੀਆਂ ਹਨ।
ਸਾਡੇ ਮਾਂ-ਪਿਉ ਅਤੇ ਵੱਡ ਵਡੇਰਿਆਂ ਦੇ ਹੱਥਾਂ ਤੇ ਲਕੀਰਾਂ ਸਨ। ਮਾਪਿਆਂ ਦੇ ਗੁਣ ਬੱਚਿਆਂ ਵਿੱਚ ਪ੍ਰਵੇਸ਼ ਕਰਦੇ ਹੀ ਹਨ। ਇਸ ਤਰਾਂ ਹੱਥ ਦੀਆਂ ਲਕੀਰਾਂ ਦਾ ਗੁਣ ਵੀ ਪ੍ਰਵੇਸ਼ ਕਰ ਜਾਂਦਾ ਹੈ।
ਹੱਥ ਦੀਆਂ ਲਕੀਰਾਂ ਦਾ ਮਨੁੱਖੀ ਕਿੱਤੇ ਨਾਲ ਵੀ ਗੂੜਾ ਸਬੰਧ ਹੁੰਦਾ ਹੈ। ਹਲ਼ ਵਾਹੁਣ ਵਾਲੇ ਕਿਸਾਨਾਂ ਦੇ ਹੱਥਾਂ ਤੇ ਲਕੀਰਾਂ ਅੱਧੀਆਂ ਹੀ ਰਹਿ ਜਾਂਦੀਆਂ ਹਨ। ਇਸ ਤਰਾਂ ਸਾਰਾ ਦਿਨ ਹਥੋੜੀ ਚਲਾਉਣ ਵਾਲੇ ਲੁਹਾਰ ਦੀਆਂ ਲਕੀਰਾਂ ਦਾ ਹਸ਼ਰ ਵੀ ਅਜਿਹਾ ਹੀ ਹੁੰਦਾ ਹੈ।
ਹੱਥ ਦੀਆਂ ਲਕੀਰਾਂ ਦਾ ਸਬੰਧ ਕਿਸੇ ਵਿਅਕਤੀ ਦੀ ਕਿਸਮਤ ਨਾਲ ਨਹੀਂ ਹੁੰਦਾ। ਪਰ ਜੋਤਸ਼ੀਆਂ ਨੇ ਆਪਣੀਆਂ ਕਿਸਮਤਾਂ ਦੇ ਨਿਰਮਾਣ ਲਈ ਇਨਾਂ ਲਕੀਰਾਂ ਦਾ ਸਬੰਧ ਕਿਸਮਤ ਨਾਲ ਜੋੜਨ ਲਈ ਹਜ਼ਾਰਾਂ ਸਾਲਾਂ ਤੋਂ ਇੱਕ ਯੋਜਨਾਬੰਦ ਢੰਗ ਨਾਲ ਪੂਰਾ ਪ੍ਰਚਾਰ ਜ਼ਰੂਰ ਕੀਤਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਇਸ ਪ੍ਰਥਾ ਦੀ ਰੀੜ ਦੀ ਹੱਡੀ ਤੋੜਨੀ ਅਤੀ ਜ਼ਰੂਰੀ ਹੈ।
ਅੰਤ ਵਿੱਚ ਮੈਂ ਤਰਕਸ਼ੀਲ ਸੁਸਾਇਟੀ ਰਜਿ. ਵੱਲੋਂ ਸਮੂਹ ਹੱਥ ਰੇਖਾਵਾਂ ਦੇ ਮਾਹਿਰਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਤਰਕਸ਼ੀਲ ਸੁਸਾਇਟੀ ਉਨਾਂ ਦੇ ਸਾਹਮਣੇ ਬੁਰਕੇ ਪੁਆ ਕੇ ਦਸ ਵਿਅਕਤੀਆਂ ਨੂੰ ਖੜੇ ਕਰਨ ਲਈ ਤਿਆਰ ਹੈ। ਉਨਾਂ ਦਾ ਇੱਕ-ਇੱਕ ਹੱਥ ਨੰਗਾ ਹੋਵੇਗਾ। ਜੇ ਹੱਥ ਰੇਖਾਵਾਂ ਦੇ ਮਾਹਿਰ ਉਨਾਂ ਦੇ ਹੱਥ ਦੇਖ ਕੇ ਇਹ ਦੱਸ ਦੇਣਗੇ ਕਿ ਇਨਾਂ ਵਿੱਚ ਕਿੰਨੀਆਂ ਇਸਤਰੀਆਂ, ਕਿੰਨੇ ਮਰਦ ਅਤੇ ਕਿੰਨੇ ਖੁਸਰੇ ਹਨ। ਉਨਾਂ ਦੇ ਪੁੱਤਾਂ-ਧੀਆਂ ਦੀ ਗਿਣਤੀ ਅਤੇ ਉਨਾਂ ਦੀ ਯੋਗਤਾ ਅਤੇ ਕਿੱਤਾ ਕੀ ਕੀ ਹੈ। ਜੇ ਉਨਾਂ ਦੇ ਜੁਆਬ 95% ਸਹੀ ਹੋਣਗੇ ਤਾਂ ਤਰਕਸ਼ੀਲ ਸੁਸਾਇਟੀ ਉਨਾਂ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇ ਦੇਵੇਗੀ। ਚੁਣੌਤੀ ਕਬੂਲ ਕਰਨ ਲਈ ਜੋਤਸ਼ੀਆਂ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਜ਼ਮਾਨਤ ਦੇ ਤੌਰ ‘ਤੇ ਜਮਾਂ ਕਰਵਾਉਣੀ ਹੋਵੇਗੀ। ਹਾਰ ਜਾਣ ਦੀ ਸੂਰਤ ਵਿੱਚ ਉਨਾਂ ਦੀ ਇਹ ਰਾਸ਼ੀ ਜ਼ਬਤ ਹੋ ਜਾਵੇਗੀ। ਜਿੱਤ ਜਾਣ ਦੀ ਸੂਰਤ ਵਿਚ ਇਹ ਇੱਕ ਕਰੋੜ ਰੁਪਏ ਦੇ ਇਨਾਮ ਨਾਲ ਵਾਪਸ ਦੇ ਦਿੱਤੀ ਜਾਵੇਗੀ। ਜ਼ਮਾਨਤ ਦੀ ਰਾਸ਼ੀ ਸਿਰਫ਼ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀਆਂ ਨੂੰ ਭਜਾਉਣ ਲਈ ਹੀ ਰੱਖੀ ਗਈ ਹੈ। ਹਰ ਕਿਸਮ ਦੇ ਜੋਤਸ਼ੀਆਂ, ਪਾਂਡਿਆਂ ਨੂੰ ਇਸ ਇਨਾਮ ਨੂੰ ਜਿੱਤਣ ਲਈ ਸੱਦਾ ਦਿੱਤਾ ਜਾਂਦਾ ਹੈ।