ਜੋਤਸ਼ੀਆਂ ਦੀਆਂ ਅਸਫਲਤਾਵਾਂ

By | July 31, 2018

509554322_1_644x461_szeptunka-spetanie-milosne-urok-rytualy-szeptucha-podlasie-bialystok_rev001ਮੇਘ ਰਾਜ ਮਿੱਤਰ, 9888787440
ਮੇਰੇ ਨਜ਼ਦੀਕੀ ਤਰਕਸ਼ੀਲ ਸਾਥੀ ਨੇ ਮੈਨੂੰ ਦੱਸਿਆ ਕਿ ਉਸਦੇ ਰਿਸ਼ਤੇਦਾਰ ਜੋੜੇ ਨੂੰ ਜੋਤਿਸ਼ ‘ਤੇ ਬਹੁਤ ਜ਼ਿਆਦਾ ਵਿਸ਼ਵਾਸ਼ ਹੈ। ਉਨਾਂ ਦੇ ਘਰ ਨਵੇਂ ਜੀਅ ਨੇ ਆਉਣਾ ਸੀ ਤੇ ਆਉਣਾ ਵੀ ਮੁੰਡੇ ਨੇ ਸੀ। ਸੋ ਉਨਾਂ ਨੇ ਹਿੰਦੁਸਤਾਨ ਦੇ ਸਭ ਤੋਂ ਵੱਧ ਸਥਾਪਿਤ ਜੋਤਸ਼ੀ ਜੀ ਨਾਲ ਸੰਪਰਕ ਕੀਤਾ। ਜੋਤਿਸ਼ੀ ਜੀ ਨੇ ਕਿਹਾ ਕਿ ‘ਜੇ ਬੱਚਾ ਗਿਆਰਾਂ ਜੂਨ ਗਿਆਰਾਂ ਵੱਜ ਕੇ ਗਿਆਰਾਂ ਮਿੰਟ ‘ਤੇ ਜਨਮ ਲੈ ਲਵੇ ਤਾਂ ਉਹ ਭਾਰਤ ਦਾ ਵਜ਼ੀਰੇ ਆਜ਼ਮ ਬਣ ਸਕਦਾ ਹੈ।” ਪਰਿਵਾਰ ਨੇ ਉਸੇ ਸਮੇਂ ਹੀ ਜਣੇਪੇ ਦੇ ਮਾਹਿਰ ਸਰਜਨ ਨਾਲ ਸੰਪਰਕ ਕੀਤਾ ਕਿ ”ਕੀ ਤੁਸੀਂ ਸਾਡੇ ਬੱਚੇ ਦਾ ਜਨਮ ਨਿਸਚਿਤ ਮਿਤੀ ਅਤੇ ਸਮੇਂ ‘ਤੇ ਕਰਵਾ ਸਕਦੇ ਹੋ?” ਤਾਂ ਉਹ ਸਰਜਨ ਕਹਿਣ ਲੱਗਿਆ ਕਿ ਅਸੀਂ ਤਾਂ ਪੇਟ ਚੀਰ ਕੇ ਬੱਚੇ ਨੂੰ ਚੁੱਕਣਾ ਹੀ ਹੈ ਤੁਸੀਂ ਹੁਕਮ ਕਰੋ, ਅਸੀਂ ਇੱਕ ਸੈਕਿੰਡ ਦਾ ਵੀ ਫ਼ਰਕ ਨਹੀਂ ਪੈਣ ਦਿਆਂਗੇ।”
ਨਿਸਚਿਤ ਮਿਤੀ ਨੂੰ ਪਰਿਵਾਰ ਹਸਪਤਾਲ ਪਹੁੰਚ ਗਿਆ। ਬੈੱਡ ਦਾ ਮੂੰਹ ਵੀ ਸ਼ੁਭ ਪਾਸੇ ਵੱਲ ਨੂੰ ਕਰਵਾਇਆ ਗਿਆ। ਡਾਕਟਰ ਨੇ ਨਿਸਚਿਤ ਸਮੇਂ ‘ਤੇ ਬੱਚਾ ਪਰਿਵਾਰ ਨੂੰ ਫੜਾ ਦਿੱਤਾ।
ਜਦੋਂ ਬੱਚਾ ਛੇ ਮਹੀਨੇ ਦਾ ਹੋਇਆ ਤਾਂ ਇੱਕ ਦਿਨ ਉਸ ਨੂੰ ਪਿਸ਼ਾਬ ਅਤੇ ਟੱਟੀ ਦਾ ਬੰਨ ਪੈ ਗਿਆ। ਸਥਾਨਕ ਡਾਕਟਰਾਂ ਦੀ ਚਾਰ-ਪੰਜ ਦਿਨਾਂ ਦੀ ਭੱਜਨੱਠ ਵੀ ਉਸ ਦੀਆਂ ਚੰਘਿਆੜਾਂ ਨੂੰ ਬੰਦ ਨਾ ਕਰਵਾ ਸਕੀ। ਆਖਿਰ ਪਰਿਵਾਰ ਉਸ ਨੂੰ ਦਿੱਲੀ ਦੇ ਏਮਜ਼ ਹਸਪਤਾਲ ਲੈ ਗਿਆ। ਡਾਕਟਰਾਂ ਦੀ ਮੁਹਾਰਤ ਨੇ ਉਸ ਬੱਚੇ ਨੂੰ ਬਚਾ ਤਾਂ ਲਿਆ ਪਰ ਉਸਦੀ ਮੰਦਬੁੱਧੀ ਵਿੱਚ ਕੋਈ ਸੁਧਾਰ ਨਾ ਕਰ ਸਕੇ। ਅੱਜ ਇਹ ਨੌਜੁਆਨ ਹਰ ਕਾਰੋਬਾਰ ਵਿੱਚੋਂ ਅਸਫਲ ਹੋ ਗਿਆ। ਹੁਣ ਮਾਪੇ ਆਪਣੀ ਅਮੀਰੀ ਦੇ ਜ਼ੋਰ ‘ਤੇ ਇਸ ਨੂੰ ਵਾਸਤੂ ਮਾਹਿਰ ਬਣਾਉਣ ਦੀ ਯੋਜਨਾ ਉਲੀਕ ਰਹੇ ਹਨ।
ਸਾਡੇ ਸ਼ਹਿਰ ਵਿੱਚ ਇੱਕ ਜੋਤਸ਼ੀ ਜੀ ਬਹੁਤ ਪ੍ਰਸਿੱਧ ਹਨ। ਇੱਕ ਦਿਨ ਨਜ਼ਦੀਕੀ ਕਸਬੇ ਸ਼ੇਰਪੁਰ ਤੋਂ ਇੱਕ ਪਰਿਵਾਰ ਉਨਾਂ ਕੋਲ ਆਇਆ ਤੇ ਕਹਿਣ ਲੱਗਿਆ, ”ਇੱਕ ਅਧਿਆਪਕਾ ਨੇ ਸਾਡੇ ਸਮੁੱਚੇ ਪਰਿਵਾਰ ਉੱਪਰ ਕੁੱਟਮਾਰ ਦਾ ਪਰਚਾ ਦਰਜ ਕਰਵਾ ਦਿੱਤਾ ਹੈ। ਇਸ ਦਾ ਕੋਈ ਉਪਾਅ ਦੱਸੋ।”
ਹੁਣ ਜੋਤਸ਼ੀ ਜੀ ਉਸ ਪਰਿਵਾਰ ਨੂੰ ਉਪਾਅ ਦਸਦੇ ਸਮੇਂ ਇਹ ਗੱਲ ਛੁਪਾ ਰਹੇ ਸਨ ਕਿ ਉਸੇ ਅਧਿਆਪਕਾ ਨੇ ਮੇਰੇ (ਜੋਤਸ਼ੀ ਦੇ)ਪੁੱਤਰ ਅਤੇ ਨੂੰਹ ‘ਤੇ ਵੀ ਕੁੱਟਮਾਰ ਦਾ ਪਰਚਾ ਦਰਚ ਕਰਵਾਇਆ ਹੋਇਆ ਹੈ। ਇਸ ਦਾ ਜੇ ਕੋਈ ਉਪਾਅ ਹੁੰਦਾ ਤਾਂ ਮੈਂ ਇੱਕ ਸਾਲ ਭਰ ਪਹਿਲਾਂ ਹੀ ਨਾ ਕਰ ਲਿਆ ਹੁੰਦਾ।
ਕੁੱਝ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੇ ਚਾਚਾ ਜੀ ਦਾ ਮੈਨੂੰ ਫੋਨ ਆਇਆ ਤੇ ਕਹਿਣ ਲੱਗੇ ਕਿ ”ਆਪਾਂ ਅੱਜ ਲੁਧਿਆਣੇ ਜਾ ਕੇ ਆਉਣਾ ਹੈ, ਉੱਥੇ ਆਪਾਂ ਨੂੰ ਇੱਕ ਮੁੰਡੇ ਦੀ ਦੱਸ ਪਈ ਹੈ।” ਅਸੀਂ ਦੋਵੇਂ ਜਣੇ ਲੁਧਿਆਣੇ ਮੁੰਡੇ ਵਾਲਿਆਂ ਦੇ ਘਰ ਪੁੱਜ ਗਏ। ਮੁੰਡਾ ਸਾਨੂੰ ਪਸੰਦ ਆ ਗਿਆ। ਅਸੀਂ ਉਨਾਂ ਨੂੰ ਕਿਹਾ ਕਿ ਸਾਨੂੰ ਅਗਲਾ ਪ੍ਰੋਗਰਾਮ ਦੱਸੋ। ਤਾਂ ਉਹ ਕਹਿਣ ਲੱਗੇ, ”ਤੁਸੀਂ ਕੁੜੀ ਦੀ ਜਨਮ ਪੱਤਰੀ ਨਾਲ ਲੈ ਕੇ ਆਏ ਹੋ?” ਤਾਂ ਮੇਰੇ ਚਾਚਾ ਜੀ ਕਹਿਣ ਲੱਗੇ, ”ਪਹਿਲਾਂ ਅਸੀਂ ਇਸੇ ਕੁੜੀ ਦੀ ਸ਼ਾਦੀ ਜਨਮ ਕੁੰਡਲੀਆਂ ਮਿਲਾ ਕੇ ਕੀਤੀ ਸੀ, ਜੋ ਸਾਨੂੰ ਰਾਸ ਨਹੀਂ ਆਈ, ਹੁਣ ਅਸੀਂ ਜਨਮ ਕੁੰਡਲੀਆਂ ਮਿਲਾਉਣਾ ਨਹੀਂ ਚਾਹੁੰਦੇ।” ਮੁੰਡੇ ਦਾ ਬਾਪ ਕਹਿਣ ਲੱਗਿਆ, ”ਪਹਿਲਾਂ ਅਸੀਂ ਇਸੇ ਮੁੰਡੇ ਦੀ ਸ਼ਾਦੀ ਜਨਮ ਕੁੰਡਲੀਆਂ ਮਿਲਾਉਣ ਤੋਂ ਵਗੈਰ ਕੀਤੀ ਸੀ, ਜੋ ਸਾਨੂੰ ਵੀ ਰਾਸ ਨਹੀਂ ਆਈ। ਇਸ ਲਈ ਸਾਨੂੰ ਵਹਿਮ ਹੈ ਕਿ ਅਸੀਂ ਹੁਣ ਸ਼ਾਦੀ ਜਨਮ ਕੁੰਡਲੀਆਂ ਮਿਲਾ ਕੇ ਹੀ ਕਰਾਂਗੇ।” ਮੈਂ ਚਾਚੇ ਨੂੰ ਕਿਹਾ ਕਿ ਇੱਥੇ ਤਾਂ ਤੁਹਾਡੇ ਵਹਿਮ ਹੀ ਅਲੱਗ-ਅਲੱਗ ਹਨ। ਇਸ ਲਈ ਇੱਥੇ ਗੱਲ ਨਹੀਂ ਬਣੇਗੀ। ਆਓ ਚੱਲੀਏ।
ਜਨਮ ਕੁੰਡਲੀਆਂ ਤਿਆਰ ਕਰਨ ਲਈ ਜੋਤਿਸ਼ੀਆਂ ਨੂੰ ਜਨਮ ਸਮੇਂ, ਸਥਾਨ ਅਤੇ ਰਾਸ਼ੀ ਚੱਕਰ ਦੀ ਜ਼ਰੂਰਤ ਹੁੰਦੀ ਹੈ। ਹੁਣ ਵਿਗਿਆਨ ਨੇ ਉਨਾਂ ਨੂੰ ਅਜਿਹੀ ਘੁੰਮਣ ਘੇਰੀ ਵਿੱਚ ਫਸਾ ਦਿੱਤਾ ਹੈ ਕਿ ਉਨਾਂ ਕੋਲ ਇਸ ਗੱਲ ਦਾ ਕੋਈ ਜੁਆਬ ਹੀ ਨਹੀਂ ਹੈ। ਅਮਰੀਕਾ ਦੇ ਸ਼ਹਿਰ ਟੇਕਸਾਸ ਦੀ ਘਟਨਾ ਹੈ। ਇੱਕ ਹੋਣ ਵਾਲੀ ਮਾਂ ਮਾਰਗੇਟ ਨੇ ਜਦੋਂ 16ਵੇਂ ਹਫ਼ਤੇ ਆਪਣੇ ਪੇਟ ਦਾ ਅਲਟਰਾਸਾਊਂਡ ਕਰਵਾਇਆ ਤਾਂ ਪਤਾ ਚੱਲਿਆ ਕਿ ਜਨਮ ਲੈਣ ਵਾਲੇ ਇੱਕ ਬੱਚੇ ਲੀਨੀ ਬੂਮਰ ਵਿੱਚ ਇੱਕ ਟਿਊਮਰ ਦਿਖਾਈ ਦਿੱਤਾ। 23ਵੇਂ ਹਫਤੇ ਜਦੋਂ ਮੁੜ ਅਲਟਰਾਸਾਊਂਡ ਕਰਾਇਆ ਤਾਂ ਪਤਾ ਲੱਗਿਆ ਕਿ ਇਹ ਟਿਊਮਰ ਬਹੁਤ ਤੇਜ਼ੀ ਨਾਲ ਵੱਡਾ ਹੋ ਰਿਹਾ ਹੈ। ਡਾਕਟਰਾਂ ਦਾ ਖਿਆਲ ਸੀ ਕਿ ਜੇ ਬੱਚੇ ਦੇ ਟਿਊਮਰ ਨੂੰ ਨਾ ਹਟਾਇਆ ਗਿਆ ਤਾਂ ਇਹ ਬੱਚੇ ਦੇ ਦਿਲ ਨੂੰ ਵਿਕਾਸ ਨਹੀਂ ਕਰਨ ਦੇਵੇਗਾ। ਜਿਸ ਨਾਲ ਛੇਤੀ ਹੀ ਬੱਚੇ ਦੀ ਮੌਤ ਹੋ ਸਕਦੀ ਹੈ। ਸੋ 24ਵੇਂ ਹਫਤੇ ਮਾਂ ਦੇ ਪੇਟ ਦਾ ਉਪਰੇਸ਼ਨ ਕੀਤਾ ਗਿਆ। ਡਾਕਟਰਾਂ ਨੇ ਪੇਟ ਨੂੰ ਖੋਲ ਕੇ ਦੇਖਿਆ ਕਿ ਬੱਚੇ ਦੇ ਉਪਰੇਸ਼ਨ ਲਈ ਬੱਚੇ ਨੂੰ ਪੇਟ ਤੋਂ ਬਾਹਰ ਕੱਢਣ ਦੀ ਜ਼ਰੂਰਤ ਹੈ। ਇਸ ਲਈ ਉਨਾਂ ਨੇ ਬੱਚੇ ਨੂੰ ਚੁੱਕਿਆ, 24 ਮਿੰਟ ਲਈ ਉਪਰੇਸ਼ਨ ਰਾਹੀਂ ਟਿਊਮਰ ਕੱਢ ਕੇ ਮਾਂ ਦੇ ਪੇਟ ਵਿੱਚ ਮੁੜ ਰੱਖ ਦਿੱਤਾ ਅਤੇ ਖੂਨ ਤੇ ਖੁਰਾਕ ਦੀ ਸਪਲਾਈ ਬਹਾਲ ਕਰ ਦਿੱਤੀ ਗਈ। ਇਸ ਤਰਾਂ 36ਵੇਂ ਹਫ਼ਤੇ ਬੱਚੇ ਦਾ ਮੁੜ ਜਨਮ ਹੋ ਗਿਆ। ਇਸ ਤਰਾਂ ਬੱਚੇ ਦੇ ਮੁੜ ਜਨਮ ਨੇ ਜੋਤਿਸ਼ ਦੇ ਧੰਦੇ ਦਾ ਬੇੜਾ ਗਰਕ ਕਰ ਦਿੱਤਾ ਹੈ ਤੇ ਉਸਦੀ ਜਨਮ ਕੁੰਡਲੀ ਕਿਹੜੇ ਜਨਮ ਦੀ ਤਿਆਰ ਕਰਨਗੇ?
ਮੋਗੇ ਸ਼ਹਿਰ ਦੀ ਘਟਨਾ ਹੈ। ਇਸ ਸ਼ਹਿਰ ਦੀ ਅੰਮ੍ਰਿਤਸਰ ਰੋਡ ‘ਤੇ ਇੱਕ ਕਲੋਨੀ ਦਸ਼ਮੇਸ਼ ਨਗਰ ਹੈ। ਇਸ ਦੀ ਗਲੀ ਨੰ. 2 ਵਿੱਚ ਜੋਤਸ਼ੀ ਜੀ ਨੇ ਇੱਕ ਮਹਾਂਕਾਲੀ ਜੋਤਿਸ਼ ਕੇਂਦਰ ਬਣਾਇਆ ਹੋਇਆ ਸੀ। ਜੋਤਸ਼ੀ ਜੀ ਸਵੇਰੇ ਸਾਢੇ ਨੌਂ ਵਜੇ ਆਪਣੀ ਦੁਕਾਨ ਬੰਦ ਕਰਕੇ ਨਾਸ਼ਤਾ ਕਰਨ ਲਈ ਚਲੇ ਗਏ। ਉਸ ਤੋਂ ਕੁੱਝ ਸਮੇ ਬਾਅਦ ਕਿਸੇ ਨੇ ਜਿੰਦਰਾ ਤੋੜ ਕੇ ਮੇਜ਼ ਦੇ ਦਰਾਜ ਖੋਲ ਲਏ। ਜਿੰਨਾਂ ਵਿਚੋਂ ਮਾਤਾ ਦੇ ਚੜਾਵੇ ਦੇ 2500 ਰੁਪਏ ਅਤੇ ਸ਼ੁੱਧ ਕੀਤੀਆਂ ਚਾਂਦੀ ਦੀਆਂ ਅੰਗੂਠੀਆਂ, ਕੁੱਝ ਨਗ ਅਤੇ ਸਟੋਨ ਵੀ ਚੋਰੀ ਕਰ ਲਏ। ਜੋਤਸ਼ੀ ਜੀ ਨਾ ਤਾਂ ਚੋਰੀ ਕਰਨ ਤੋਂ ਪਹਿਲਾਂ ਦੱਸ ਸਕੇ ਕਿ ਮੇਰੀ ਦੁਕਾਨ ਵਿੱਚ ਚੋਰੀ ਹੋ ਜਾਵੇਗੀ ਅਤੇ ਨਾ ਹੀ ਉਹ ਉਸ ਵਿਅਕਤੀ ਬਾਰੇ ਦੱਸ ਸਕੇ ਜਿਸ ਨੇ ਚੋਰੀ ਕੀਤੀ ਹੈ। ਉਨਾਂ ਦੇ ਅਨੁਸਾਰ ਕਰੀਬ 2500 ਰੁਪਇਆ ਦੁਕਾਨ ਤੇ ਰੱਖੀ ਮੂਰਤੀ ਤੇ ਚੜਾਇਆ ਹੋਇਆ ਸੀ। ਇਹ ਪੈਸੇ ਹੁਣ ਕਿਸੇ ਹੋਰ ਮੰਦਰ ਵਿੱਚ ਚਲੇ ਜਾਣੇ ਸਨ ਜਾਂ ਜੋਤਸ਼ੀ ਜੀ ਦੀ ਜ਼ੇਬ ਵਿੱਚ? ਇਹ ਤਾਂ ਪਾਠਕ ਹੀ ਦੱਸ ਸਕਦੇ ਹਨ।
ਮੱਧ ਪ੍ਰੇਦਸ਼ ਦੇ ਸ਼ਹਿਰ ਇੰਦੌਰ ਦਾ ਇੱਕ ਪ੍ਰਸਿੱਧ ਜੋਤਸ਼ੀ ਭਗਵਤੀ ਪ੍ਰਕਾਸ਼ ਆਪਣੇ ਪਰਿਵਾਰ (ਧੀਆਂ ਅੰਚਲ, ਪਲਕ ਅਤੇ ਪਤਨੀ ਸੁਨੀਤਾ) ਨਾਲ ਵਰਧਾ ਮੈਡੀਕਲ ਕਾਲਜ ਦੀ ਡਾਕਟਰੀ ਦੀ ਪੜਾਈ ਵਿੱਚੋਂ ਟਾਪ ਕਰਨ ਵਾਲੀ ਉਨਾਂ ਦੀ ਬੇਟੀ ਅੰਚਲ ਲਈ ਗੋਲਡ ਮੈਡਲ ਪ੍ਰਾਪਤ ਕਰਨ ਜਾ ਰਿਹਾ ਸੀ। ਉਸ ਦੀ ਕਾਰ ਇੱਕ ਟਰੱਕ ਦੇ ਡੀਜ਼ਲ ਟੈਂਕ ਵਿੱਚ ਜਾ ਫਸੀ। ਜਿਸ ਨਾਲ ਟੈਂਕ ਫਟ ਗਿਆ ਅਤੇ ਡੀਜ਼ਲ ਨੂੰ ਅੱਗ ਲੱਗ ਗਈ। ਪੂਰਾ ਪਰਿਵਾਰ ਹੀ ਇਸ ਦੀ ਭੇਂਟ ਚੜ ਗਿਆ।
ਹਰ ਰੋਜ਼ ਹਿੰਦੋਸਤਾਨ ਵਿੱਚ ਹਜ਼ਾਰਾਂ ਵਿਅਕਤੀ ਆਤਮ ਹੱਤਿਆ ਕਰ ਜਾਂਦੇ ਹਨ ਪਰ ਅਜਿਹੀਆਂ ਕੁੱਝ ਮੌਤਾਂ ਤੋਂ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ। ਦਿੱਲੀ ਦਾ ਇੱਕ ਪਬਲਿਕ ਸਕੂਲ ਅਜਿਹਾ ਹੈ, ਜਿਸ ਦੀ ਆਰ. ਕੇ. ਪੁਰਮ ਬ੍ਰਾਂਚ ਦੀ ਪਿੰਸੀਪਲ ਦੀ 29 ਸਾਲਾ ਬੇਟੀ ਅੰਜਨਾ ਸੈਣੀ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ। ਇਸ ਦਾ ਕਾਰਨ ਇਹ ਸੀ ”ਜਦੋਂ ਵੀ ਕਿਸੇ ਲੜਕੇ ਨਾਲ ਉਸਦੀ ਜਨਮ ਕੁੰਡਲੀ ਮਿਲਾਈ ਜਾਂਦੀ ਸੀ ਤਾਂ ਇਹ ਮਿਲਦੀ ਨਹੀਂ ਸੀ। ਇਸ ਵਿੱਚ ਕੋਈ ਨਾ ਕੋਈ ਨੁਕਸ਼ ਨਿਕਲ ਆਉਂਦਾ ਸੀ।” ਇਸ ਕਰਕੇ ਉਸਦੀ ਸ਼ਾਦੀ ਦੀ ਗੱਲ ਕਿਤੇ ਤਹਿ ਹੀ ਨਹੀਂ ਹੋ ਰਹੀ ਸੀ। ਜਿਸ ਤੋਂ ਨਿਰਾਸ਼ ਇਸ ਲੜਕੀ ਨੇ ਆਪਣੀ ਜੀਵਨ ਲੀਲਾ ਹੀ ਖਤਮ ਕਰ ਲਈ। ਕੁੰਡਲੀ ਮਿਲਾਉਣ ਵਾਲੇ ਜੋਤਿਸ਼ੀਆਂ ਉੱਪਰ ਇਸ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨਾਂ ਦੁਆਰਾ ਪਾਏ ਵਹਿਮ ਨੇ ਇੱਕ ਲੜਕੀ ਨੂੰ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰ ਦਿੱਤਾ।
ਰੋਜ਼ਾਨਾ ਸਪੋਕਸਮੈਨ ਦੇ ਇੱਕ ਪਾਠਕ ਨੇ ਦੱਸਿਆ ਕਿ ਪਹੇਵੇ ਵਿਖੇ ਇੱਕ ਬਹੁਤ ਵੱਡੇ ਜੋਤਿਸ਼ੀ ਦਾ ਦਫ਼ਤਰ ਹੈ। ਇਸ ਦਫ਼ਤਰ ਦੇ ਮੁਖੀ ਦਾ ਨਾਂ ਗਿਰੀ ਹੈ। ਹਰ ਵੇਲੇ 100-200 ਵਿਅਕਤੀ ਆਪਣੀਆਂ ਭਵਿੱਖਬਾਣੀਆਂ ਬਾਰੇ ਜਾਨਣ ਲਈ ਇੱਥੇ ਬੈਠੇ ਰਹਿੰਦੇ ਹਨ।
ਸਪੋਕਸਮੈਨ ਦੇ ਪਾਠਕ ਨੇ ਇਸ ਡੇਰੇ ਦੇ ਮਾਲਕ ਨੂੰ ਪੁੱਛਿਆ ਕਿ ”ਤੁਸੀਂ ਕਿੰਨੇ ਕੁ ਸਮੇਂ ਲਈ ਭਵਿੱਖਬਾਣੀ ਕਰ ਦਿੰਦੇ ਹੋ।” ਜੋਤਿਸ਼ੀ ਜੀ ਕਹਿਣ ਲੱਗੇ ਕਿ ”ਆਉਣ ਵਾਲੇ 100 ਸਾਲ ਤੱਕ ਦੀ ਭਵਿੱਖਬਾਣੀ ਆਰਾਮ ਨਾਲ ਕਰ ਸਕਦਾ ਹਾਂ।”
ਠੀਕ ਵੀਹ ਦਿਨਾਂ ਬਾਅਦ ਹੀ ਉਸਦਾ ਹੋਣਹਾਰ ਪੁੱਤਰ ਮੋਟਰ ਸਾਈਕਲ ਦੇ ਐਕਸੀਡੈਂਟ ਨਾਲ ਸਦਾ ਦੀ ਨੀਂਦ ਸੌਂ ਗਿਆ। ਪਾਠਕ ਨੇ ਗਿਰੀ ਜੀ ਨੂੰ ਕਿਹਾ, ”ਤੁਸੀਂ ਤਾਂ ਕਹਿੰਦੇ ਸੀ, ਮੈਂ 100 ਸਾਲ ਦੀ ਭਵਿੱਖਬਾਣੀ ਕਰ ਸਕਦਾਂ ਪਰ ਤੁਸੀਂ ਤਾਂ ਵੀਹ ਦਿਨ ਦੀ ਭਵਿੱਖਬਾਣੀ ਵੀ ਨਾ ਕਰ ਸਕੇ।”
ਜੋਤਸ਼ੀ ਜੀ ਨੂੰ ਡੁੱਬ ਮਰਨ ਲਈ ਥਾਂ ਨਹੀਂ ਸੀ ਲੱਭ ਰਹੀ।