ਕੀ ਕਰਾਮਾਤਾਂ ਸੰਭਵ ਹਨ?

By | July 31, 2018

richarddawkins.net_ਮੇਘ ਰਾਜ ਮਿੱਤਰ, 9888787440
ਮਹੀਨਾ ਕੁ ਪਹਿਲਾ ਦੀ ਗੱਲ ਹੈ ਕਿ ਮੈਂ ਸਵੇਰੇ-ਸਵੇਰੇ ਹੀ ਚੰਡੀਗੜ ਤੋਂ ਪਟਿਆਲਾ ਵੱਲ ਜਾ ਰਿਹਾ ਸਾਂ। ਡਰਾਈਵਰ ਵਾਲੀ ਸਾਈਡ ਤੇ ਖਿੜਕੀ ਵਾਲੀ ਸੀਟ ‘ਤੇ ਬੈਠ ਕੇ ਬਾਹਰ ਵੱਲ ਤੱਕਣਾ ਮੇਰਾ ਸ਼ੌਕ ਰਿਹਾ ਹੈ। ਅਚਾਨਕ ਮੈਨੂੰ ਪਾਣੀ ਵਿੱਚ ਤੈਰਦਾ ਇੱਕ ਪੁਤਲਾ ਜਿਹਾ ਨਜ਼ਰ ਆਇਆ। ਬਸ ਇੱਕ ਦੋ ਸੈਕਿੰਡਾਂ ਵਿਚ ਹੀ ਦੂਰ ਨਿਕਲ ਆਈ ਸੀ ਕਿ ਮਨ ਨੂੰ ਖਿਆਲ ਆਇਆ ਕਿ ਇਹ ਤਾਂ ਕਿਸੇ ਵਿਅਕਤੀ ਦੀ ਲਾਸ਼ ਹੀ ਹੋ ਸਕਦੀ ਹੈ। ਉਸੇ ਸਮੇਂ 100 ਨੰਬਰ ਤੇ ਪੁਲਸ ਨੂੰ ਫੋਨ ਕੀਤਾ ਤੇ ਦੱਸਿਆ ਕਿ ”ਸਤਲੁਜ ਜਮੁਨਾ ਲਿੰਕ ਦੇ ਖੜੇ ਪਾਣੀ ਵਿੱਚ ਕਿਸੇ ਵਿਅਕਤੀ ਦੀ ਲਾਸ਼ ਤੈਰ ਰਹੀ ਹੈ।” ਉਹ ਕਹਿਣ ਲੱਗੇ ਕਿ ਉਨਾਂ ਨੂੰ ਪਹਿਲਾ ਹੀ ਕਿਸੇ ਹੋਰ ਵਿਅਕਤੀ ਨੇ ਐਸ. ਐਮ. ਐਸ. ਕਰ ਦਿੱਤਾ ਹੈ। ਹੁਣ ਮੈਨੂੰ ਇਹ ਲਾਸ਼ ਕਿਉਂ ਨਜ਼ਰ ਆਈ?
ਅਸਲ ਵਿਚ ਸੰਸਾਰ ਅੰਦਰ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਨਿਯਮ ਜ਼ਰੂਰ ਹੁੰਦਾ ਹੈ। ਸਾਨੂੰ ਇਹ ਸਮਝ ਆਏ ਜਾਂ ਨਾ ਆਏ। ਵਿਗਿਆਨੀਆਂ ਨੂੰ ਵੀ ਹੋ ਸਕਦਾ ਹੈ ਇਸਦੀ ਸਮਝ ਨਾ ਹੋਵੇ ਕਿਉਂਕਿ ਦੁਨੀਆ ਵਿੱਚ ਅਰਬਾਂ ਰਹੱਸ ਹਨ। ਇਨਾਂ ਵਿੱਚੋਂ ਬਹੁਤਿਆਂ ਦੇ ਪਰਦੇ ਵਿਗਿਆਨਕਾਂ ਨੇ ਉਤਾਰ ਦਿੱਤੇ ਹਨ। ਰਹਿੰਦਿਆਂ ਦੇ ਆਉਣ ਵਾਲੀਆਂ ਕੁਝ ਸਦੀਆਂ ਵਿੱਚ ਲਹਿ ਜਾਣੇ ਹਨ। ਪਰ ਕੋਈ ਵੀ ਘਟਨਾ ਅਜਿਹੀ ਹੋ ਹੀ ਨਹੀਂ ਸਕਦੀ, ਜਿਸਦੇ ਪਿੱਛੇ ਕੋਈ ਪ੍ਰਾਕਿਰਤਕ ਨਿਯਮ ਨਾ ਹੋਵੇ। ਲਾਸ਼ ਦੀ ਉਦਾਹਰਣ ਹੀ ਲੈ ਲਈਏ। ਜਦੋਂ ਕੋਈ ਵਿਅਕਤੀ ਡੁੱਬਦਾ ਹੈ ਜਾਂ ਡੁਬੋਇਆ ਜਾਂਦਾ ਹੈ ਤਾਂ ਉਸਦਾ ਭਾਰ ਉਸ ਦੇ ਆਕਾਰ ਦੁਆਰਾ ਹਟਾਏ ਗਏ ਪਾਣੀ ਦੇ ਭਾਰ ਤੋਂ ਵੱਧ ਹੁੰਦਾ ਹੈ। ਸਿੱਟੇ ਵਜੋਂ ਸਰੀਰ ਡੁੱਬ ਜਾਂਦਾ ਹੈ। ਮੁਰਦਾ ਸਰੀਰ ਵਿੱਚ ਰਸਾਇਣਕ ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਜਿਸਦੇ ਸਿੱਟੇ ਵਜੋਂ ਸਰੀਰ ਵਿਚ ਗੈਸਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਉਹ ਗੈਸਾਂ ਸਰੀਰ ਨੂੰ ਫੁਲਾ ਦਿੰਦੀਆਂ ਹਨ। ਉਸਦੇ ਸਰੀਰ ਦਾ ਆਕਾਰ ਵਧ ਜਾਂਦਾ ਹੈ ਅਤੇ ਜੋ ਪਾਣੀ ਉਹ ਉਸ ਆਕਾਰ ਨਾਲ ਹਟਾਉਂਦਾ ਹੈ ਉਸਦਾ ਭਾਰ ਘੱਟ ਹੁੰਦਾ ਹੈ ਇਸ ਲਈ ਉਸਦਾ ਸਰੀਰ ਤੈਰਨ ਲੱਗ ਜਾਂਦਾ ਹੈ।
34 ਕੁ ਵਰੇ ਪਹਿਲਾਂ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਹੀ ਬਹੁਤ ਸਾਰੇ ਸਾਧਾਂ, ਸੰਤਾਂ, ਜੋਤਸੀਆਂ ਤੇ ਸਵਾਮੀਆਂ ਦੇ ਸ਼ਰਧਾਲੂ ਸਾਨੂੰ ਆਪਣੇ ਰਸਤੇ ਤੋਂ ਭਟਕਾਉਣ ਦਾ ਯਤਨ ਕਰਨ ਲੱਗ ਪਏ। ਕੋਈ ਕਹਿੰਦਾ ਕਿ ਸਾਡੇ ਮਹਾਂਪੁਰਸ਼ ਖੂਹ ਦਾ ਪਾਣੀ ਕਿਨਾਰਿਆਂ ਤੋਂ ਉਛਲਣ ਲਾ ਸਕਦੇ ਹਨ, ਕੋਈ ਹੋਰ ਕਹਿੰਦਾ ਸਾਡੇ ਸਵਾਮੀ ਜੀ ਤਾਂ ਬਾਣ ਦਾ ਰੱਸਾ ਤੀਹ ਫੁੱਟ ਤੱਕ ਅਸਮਾਨ ਵਿੱਚ ਬਿਨਾਂ ਕਿਸੇ ਸਹਾਰੇ ਤੋਂ ਖੜਾ ਕਰ ਸਕਦੇ ਹਨ, ਕੋਈ ਹੋਰ ਕਹਿੰਦਾ ਸਾਡੇ ਸਾਈਂ ਬਾਬੇ ਦੀ ਫੋਟੋ ਵਿੱਚ ਰਾਖ ਪ੍ਰਗਟ ਹੁੰਦੀ ਹੈ। ਕਿਸੇ ਹੋਰ ਦਾ ਫਰਮਾਨ ਹੁੰਦਾ ਸਾਡੇ ਭਗਵਾਨ ਜੀ ਦੀ ਫੋਟੋ ਅੱਗੇ ਰੱਖਿਆ ਸੇਬ ਆਪਣੇ ਆਪ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਜਦੋਂ ਅਸੀਂ ਉਨਾਂ ਨੂੰ ਸੁਸਾਇਟੀ ਵਲੋਂ ਰੱਖੇ ਦਸ ਹਜ਼ਾਰ ਰੁਪਏ ਦੇ ਇਨਾਮ ਦੀ ਪੇਸ਼ਕਸ਼ ਰੱਖ ਦਿੰਦੇ ਤਾਂ ਕਈ ਆਪਣੇ ਮਹਾਂਪੁਰਸ਼ਾਂ ਨੂੰ ਲਿਆਉਣ ਲਈ ਤੁਰ ਵੀ ਪੈਂਦੇ ਪਰ ਖਾਲੀ ਹੱਥ ਹੀ ਮੁੜਦੇ। ਮੈਂ ਤੇ ਮੇਰੇ ਕੁਝ ਸਾਥੀ ਸਾਇੰਸ ਦੇ ਅਧਿਆਪਕ ਸਾਂ। ਸਾਨੂੰ ਪਤਾ ਸੀ ਕਿ ਅਜਿਹਾ ਨਹੀਂ ਹੋਵੇਗਾ। ਪਰ ਸਾਡੇ ਬੁੱਲਾਂ ‘ਤੇ ਮੁਸਕਰਾਹਟ ਤੇ ਮਨ ਵਿਚ ਲੋਕਾਂ ਦੀ ਸੋਚ ਤੇ ਅਫਸੋਸ ਜ਼ਰੂਰ ਹੁੰਦਾ।
ਦਿਨ ਬੀਤਦੇ ਗਏ। ਇੱਕ ਦਿਨ ਬਰਨਾਲੇ ਦੇ ਨਜ਼ਦੀਕੀ ਪਿੰਡ ਢਿੱਲਵਾਂ ਤੋਂ ਇੱਕ ਸੰਤ ਦੇ ਸ਼ਰਧਾਲੂ ਆ ਗਏ। ਕਹਿਣ ਲੱਗੇ ਸਾਡੇ ਮਹਾਤਮਾ ਜੀ ਮਹਾਰਾਜ ਤਾਂ ਪਗੜੀ ਦੀਆਂ ਗੱਠਾਂ ਹੀ ਮੰਤਰ ਰਾਹੀਂ ਖੋਲ ਦਿੰਦੇ ਨੇ। ਅਸੀਂ ਨਾਲ ਹੋ ਤੁਰੇ। ਪਿੰਡ ਦੀ ਸੱਥ ਵਿੱਚ ਪੰਚ ਤੇ ਕਈ ਹੋਰ ਮੈਂਬਰ ਸਾਹਿਬਾਨ ਹਾਜ਼ਰ ਹੋ ਗਏ। ਸੰਤ ਅੱਗੇ ਪਗੜੀ ਦੀਆਂ ਗੱਠਾਂ ਦੇ ਕੇ ਰੱਖ ਦਿੱਤੀਆਂ ਗਈਆਂ। ਸੰਤ ਜੀ ਆਪਣੇ ਮੂੰਹ ਵਿਚ ਸਮਝ ਨਾ ਆਉਣ ਵਾਲੀ ਭਾਸ਼ਾ ਵਿਚ ਕੁਝ ਸ਼ਬਦਾਂ ਦਾ ਉਚਾਰਨ ਕਰਦੇ ਗਏ। ਪਗੜੀ ਦੀਆਂ ਗੱਠਾਂ ਕੀ ਖੁੱਲਣੀਆਂ ਸਨ? ਅਸਫ਼ਲ ਹੋ ਗਏ। ਜਮਾਨਤ ਦੀ ਰਾਸ਼ੀ ਜੋ ਉਨਾਂ ਦਿਨਾਂ ਵਿੱਚ ਸਿਰਫ਼ ਇੱਕ ਹਜ਼ਾਰ ਰੁਪਏ ਹੁੰਦੀ ਸੀ ਜ਼ਬਤ ਕਰਵਾ ਬੈਠੇ। ਅਸੀਂ ਤਾਂ ਇਹ ਪੈਸੇ ਲੈ ਕੇ ਤੁਰ ਆਏ। ਪਰ ਪਿੰਡ ਦੇ ਲੋਕ ਕਹਿਣ ਲੱਗੇ, ”ਇਸ ਸੰਤ ਨੇ ਝੂਠ ਬੋਲ ਕੇ ਪਿੰਡ ਦੀ ਬੇਇਜ਼ਤੀ ਕਰਵਾਈ ਹੈ ਉਨਾਂ ਨੇ ਉਸ ਸੰਤ ਦੀ ਖੜਕੈਂਤੀ ਕਰ ਦਿੱਤੀ ਤੇ ਉਸਨੂੰ ਪਿੰਡੋਂ ਦਫ਼ਾ ਕਰ ਦਿੱਤਾ।
ਇਸ ਤਰਾਂ ਹੀ ਮਹਿਲਾ ਚੌਂਕ ਜ਼ਿਲਾ ਸੰਗਰੂਰ ਦਾ ਇੱਕ ਸੰਤ ਕਹਿਣ ਲੱਗਿਆ ਮੈਂ ਕੁਰਸੀ ਤੇ ਬੈਠੇ ਕਿਸੇ ਤਰਕਸ਼ੀਲ ਦੀ ਟੰਗ ਆਪਣੇ ਮੰਤਰਾਂ ਦੀ ਸ਼ਕਤੀ ਰਾਹੀਂ ਤੋੜ ਸਕਦਾ ਹਾਂ। ਲੋਕਾਂ ਦੇ ਇਕੱਠ ਵਿੱਚ ਉਸਨੂੰ ਵੀ ਬੁਲਾ ਲਿਆ ਗਿਆ। ਹਸ਼ਰ ਉਸਦਾ ਵੀ ਅਜਿਹਾ ਹੀ ਹੋਇਆ।
ਇਸੇ ਤਰਾਂ ਬੱਸੀ ਪਠਾਣਾਂ ਤੋਂ ਅਖਬਾਰਾਂ ਵਿੱਚ ਖ਼ਬਰਾਂ ਛਪਣੀਆਂ ਸ਼ੁਰੂ ਹੋ ਗਈਆਂ ਕਿ ਇਕ ਵਿਦੇਸ਼ੀ ਮਹਾਂ ਪੁਰਸ਼ ਹਵਾ ਵਿੱਚ ਉੱਡ ਕੇ ਵਿਖਾਏਗਾ। ਅਸੀਂ ਪੁੱਜ ਗਏ ਪਰ ਸੰਤ ਜੀ ਮਹਾਰਾਜ ਕਿਤੇ ਵੀ ਹਵਾ ਵਿੱਚੋਂ ਪ੍ਰਗਟ ਨਾ ਹੋਇਆ ਭਾਵੇਂ ਉਨੀਂ ਦਿਨੀ ਅਸੀਂ ਇਨਾਮ ਦੀ ਰਾਸ਼ੀ ਵੀ ਵਧਾ ਕੇ ਇੱਕ ਲੱਖ ਰੁਪਏ ਕਰ ਚੁੱਕੇ ਸਾਂ।
93-94 ਵਿੱਚ ਹਿਮਾਚਲ ਦੇ ਕਸਬੇ ਹਮੀਰਪੁਰ ਦਾ ਇੱਕ ਸੰਤ ਆ ਗਿਆ। ਕਹਿਣ ਲੱਗਿਆ ਮੈਂ ਇੱਕ ਲੱਖ ਰੁਪਏ ਦੇ ਇਨਾਮ ਦੀ ਰਾਸ਼ੀ ਜਿੱਤਣ ਆਇਆ ਹਾਂ। ਅਸੀਂ ਉਸਤੋਂ ਪੁੱਛਿਆ ਕਿ ਤੂੰ ਕਿਸ ਕਿਸਮ ਦੀ ਕਰਾਮਾਤ ਕਰਕੇ ਵਿਖਾਏਗਾ? ਕਹਿਣ ਲੱਗਿਆ ਮੈਂ ”ਕਈ ਸਾਲਾਂ ਤੋਂ ਪਹਾੜਾਂ ਵਿੱਚ ਭਗਤੀ ਕਰ ਰਿਹਾ ਹਾਂ। ਹੁਣ ਮੇਰੇ ਵਿੱਚ ਅਦੁੱਤੀ ਸ਼ਕਤੀ ਪ੍ਰਗਟ ਹੋ ਗਈ ਹੈ। ਮੈਂ ਆਪਣੀ ਮਰਜ਼ੀ ਨਾਲ ਕਿਸੇ ਵੀ ਥਾਂ ‘ਤੇ ਬਰਸਾਤ ਕਰਵਾ ਸਕਦਾ ਹਾਂ ਤੇ ਜਦੋਂ ਚਾਹਾਂ ਬੰਦ ਵੀ ਕਰਵਾ ਸਕਦਾ ਹਾਂ।” ਅਸੀਂ ਹਵਨ ਲਈ ਲੋੜੀਂਦੀ ਸਮੱਗਰੀ ਵੀ ਉਸਨੂੰ ਮੰਗਵਾ ਦਿੱਤੀ। ਹਵਨ ਪੂਰਾ ਹੋਣ ਤੋਂ ਬਾਅਦ ਉਹ ਅਸਮਾਨ ਵੱਲ ਤੱਕਣ ਲੱਗ ਪਿਆ। ਮੀਂਹ ਤਾਂ ਕੀ ਪੈਣਾ ਸੀ ਇੱਕ ਬੱਦਲ ਵੀ ਪ੍ਰਗਟ ਨਾ ਹੋਇਆ। ਮਾਰਚ ਦੇ ਅੰਤਲੇ ਦਿਨ ਸਨ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਸੰਤ ਜੀ ਹਵਨ ਨਾਲ ਮੀਂਹ ਪੁਆ ਰਹੇ ਹਨ ਤਾਂ ਉਹ ਉਸਨੂੰ ਕੁੱਟਣ ਲਈ ਤਿਆਰ ਹੋ ਗਏ। ਕਹਿਣ ਲੱਗੇ ”ਸਾਡੀਆਂ ਫਸਲਾਂ ਪੱਕੀਆਂ ਹੋਈਆਂ ਹਨ ਇਹ ਭੜੂਆ ਮੀਂਹ ਪੁਆ ਰਿਹਾ ਹੈ।”
ਇਸੇ ਤਰਾਂ ਦਾ ਹਾਲ ਡਬਰੇ (ਮੱਧ ਪ੍ਰਦੇਸ਼) ਦੇ ਉਸ ਸੰਤ ਦਾ ਹੋਇਆ ਜੋ ਹਵਾ ਵਿੱਚੋਂ ਚੀਜ਼ਾਂ ਫੜਕੇ ਪ੍ਰਗਟ ਕਰ ਦੇਣ ਨਾਲ ਪੰਜ ਲੱਖ ਰੁਪਏ ਦੇ ਇਨਾਮ ਦੀ ਰਾਸ਼ੀ ਜਿੱਤਣਾ ਚਾਹੁੰਦਾ ਸੀ। ਜਦੋਂ ਅਸੀਂ ਉਸਨੂੰ ਕਿਹਾ ਕਿ ਰੇਲ ਗੱਡੀ ਦਾ ਇੰਜਣ ਪ੍ਰਗਟ ਕਰਕੇ ਦਿਖਾ ਤਾਂ ਉਹ ਕਹਿਣ ਲੱਗ ਪਿਆ ਕਿ ਰੇਲਵੇ ਲਾਈਨ ਤਾਂ ਇਥੋਂ 16 ਕਿਲੋਮੀਟਰ ਦੀ ਬਿੱਥ ‘ਤੇ ਹੈ।
ਇਥੇ ਸੁਆਲ ਇਨਾਂ ਧੋਖੇਬਾਜ਼ਾਂ ਦੇ ਦਾਅਵਿਆਂ ਦਾ ਨਹੀਂ ਹੈ। ਸਗੋਂ ਸੁਆਲ ਤਾਂ ਇਹ ਹੈ ਕਿ ਕੀ ਕਰਾਮਾਤਾਂ ਸੰਭਵ ਹਨ। ਆਮ ਲੋਕਾਂ ਵਿੱਚ ਇਕ ਨੁਕਸ਼ ਹੁੰਦਾ ਹੈ ਉਹ ਸੁਣੀਆਂ ਸੁਣਾਈਆਂ ਗੱਲਾਂ ਹੀ ਵਧਾ ਚੜਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇ ਕਿਸੇ ਸੰਤ ਦੁਆਰਾ ਦੱਸੀਆਂ ਗਈਆਂ ਸੌ ਗੱਲਾਂ ਵਿੱਚੋਂ ਨੜਿਨਵੇਂਂ ਗਲਤ ਨਿਕਲ ਜਾਂਦੀਆਂ ਹਨ ਤਾਂ ਉਹ ਇਨਾਂ ਵਿੱਚੋਂ ਕਿਸੇ ਇੱਕ ਦਾ ਵੀ ਜ਼ਿਕਰ ਨਹੀਂ ਕਰਨਗੇ ਪਰ ਸੱਚੀ ਨਿਕਲੀ ਇੱਕੋ ਗੱਲ ਨੂੰ ਹਜ਼ਾਰਾਂ ਵਾਰ ਹਜ਼ਾਰਾਂ ਲੋਕਾਂ ਨੂੰ ਦੱਸਣਗੇ। ਇਸ ਤਰਾਂ ਉਹ ਇਸ ਠੱਗੀ ਜਾਲ ਨੂੰ ਕਾਇਮ ਰੱਖਣ ਤੇ ਵਧਾਉਣ ਵਿੱਚ ਸਹਾਈ ਹੋ ਨਿਬੜਦੇ ਹਨ।
ਹੁਣ ਪਗੜੀ ਦੀਆਂ ਗੱਠਾਂ ਦਾ ਮੰਤਰਾਂ ਦੇ ਉਚਾਰਨ ਨਾਲ ਖੁੱਲਣ ਦਾ ਸੁਆਲ ਹੈ। ਪਗੜੀ ਦੀਆਂ ਗੱਠਾਂ ਖੋਲਣ ਲਈ ਬਲ ਦੀ ਲੋੜ ਹੈ। ਕੀ ਮੰਤਰਾਂ ਦੇ ਉਚਾਰਨ ਨਾਲ ਬਲ ਪੈਦਾ ਹੋ ਸਕਦਾ ਹੈ। ਜੇ ਬਲ ਇਸ ਤਰਾਂ ਹੀ ਪੈਦਾ ਹੋ ਜਾਂਦਾ ਹੈ ਤਾਂ ਅਸੀਂ ਬਲ ਨੂੰ ਪ੍ਰਭਾਸ਼ਿਤ ਕਿਵੇਂ ਕਰਾਂਗੇ? ਵਿਗਿਆਨ ਦੇ ਸਾਰੇ ਨਿਯਮ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਕਿਸੇ ਵੀ ਇੱਕ ਨਿਯਮ ਦੇ ਫੇਲ ਹੋਣ ਜਾਣ ਨਾਲ ਪੂਰੀ ਸਾਇੰਸ ਨੇ ਫੇਲ ਹੋ ਜਾਣਾ ਹੈ।
ਸਾਇੰਸ ਦਾ ਇੱਕ ਨਿਯਮ ਹੈ ਕਿ ਮਾਦਾ ਨਾ ਤਾਂ ਪੈਦਾ ਹੋ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਸਗੋਂ ਇਸ ਨੂੰ ਇਕ ਰੂਪ ਤੋਂ ਦੂਜੇ ਰੂਪ ਵਿੱਚ ਬਦਲਿਆ ਜਾ ਸਕਦਾ ਹੈ। ਹੁਣ ਜੇ ਕੋਈ ਸੰਤ ਕਿਸੇ ਰੇਲ ਗੱਡੀ ਦੇ ਇੰਜਣ ਨੂੰ ਹਵਾ ਵਿੱਚੋਂ ਫੜ ਕੇ ਪੇਸ਼ ਕਰ ਦਿੰਦਾ ਹੈ ਤਾਂ ਵਿਗਿਆਨਕਾਂ ਲਈ ਤਾਂ ਇਹ ਸੁਆਲ ਖੜਾ ਹੋ ਜਾਂਦਾ ਹੈ ਕਿ ਉਸ ਨੇ ਮਾਦੇ ਦੀ ਸੁਰੱਖਿਅਤਾਂ ਦੇ ਨਿਯਮ ਦੀਆਂ ਧੱਜੀਆਂ ਕਿਵੇਂ ਉਡਾਈਆਂ? ਕੀ ਉਸਨੂੰ ਰੇਲ ਗੱਡੀ ਦਾ ਇੱਜਣ ਬਣਾਉਣ ਲਈ ਕਿਸੇ ਹੋਰ ਪਦਾਰਥ ਦੀ ਲੋੜ ਹੀ ਨਹੀਂ ਪਈ। ਕਈ ਸੰਤ ਮਹਾਤਮਾ ਹਵਾ ਵਿਚੋਂ ਸੋਨੇ ਦੀਆਂ ਜੰਜੀਰੀਆਂ ਤੇ ਲਾਕੇਟ ਫੜ ਕੇ ਜਾਂ ਮੁੰਦਰੀਆਂ ਪ੍ਰਗਟ ਕਰਕੇ ਲੋਕਾਂ ਨੂੰ ਭੰਬਲ ਭੂਸਿਆ ਵਿੱਚ ਪਾ ਦਿੰਦੇ ਹਨ। ਭਾਰਤੀ ਕਾਨੂੰਨ ਅਨੁਸਾਰ ਤਾਂ ਉਨਾਂ ਨੂੰ ਸੋਨੇ ਦੀ ਇਸ ਤਰਾਂ ਦੀ ਪੈਦਾਇਸ਼ ਤੇ ਟੈਕਸ ਵੀ ਦੇਣਾ ਹੁੰਦਾ ਹੈ। ਪਰ ਸਰਕਾਰਾਂ ਅਜਿਹੇ ਸੰਤਾਂ ਨਾਲ ਮਿਲੀਆਂ ਹੁੰਦੀਆਂ ਹਨ ਕਿਉਂਕਿ ਉਨਾਂ ਦੇ ਭਗਤਜਨਾਂ ਦੀਆਂ ਵੋਟਾਂ ਦਾ ਸੁਆਲ ਹੁੰਦਾ ਹੈ।
ਇਸੇ ਤਰਾਂ ਹੀ ਕਿਸੇ ਵੀ ਵਸਤੂ ਦੇ ਹਵਾ ਵਿੱਚ ਉੱਡਣ ਲਈ ਵਿਗਿਆਨਕ ਨਿਯਮ ਹੁੰਦੇ ਹਨ। ਜੇ ਉੱਡਣ ਲਈ ਜ਼ਰੂਰੀ ਨਿਯਮਾਂ ਦੀ ਪੂਰਤੀ ਹੁੰਦੀ ਹੋਵੇਗੀ ਫਿਰ ਹੀ ਉੱਡਿਆ ਜਾ ਸਕਦਾ ਹੈ ਇਸਤੋਂ ਬਗੈਰ ਇਹ ਸੰਭਵ ਨਹੀਂ।
ਬਰਸਾਤ ਹੋਣ ਲਈ ਲੋੜੀਂਦਾ ਦਬਾਅ, ਤਾਪਮਾਨ ਅਤੇ ਹਵਾ ਦੀ ਗਤੀ ਆਦਿ ਕਈ ਸ਼ਰਤਾਂ ਦੀ ਹੋਂਦ ਜ਼ਰੂਰੀ ਹੁੰਦੀ ਹੈ। ਕੀ ਕੋਈ ਸੰਤ ਆਪਣੇ ਹਵਨਾਂ ਦੁਆਰਾ ਲੋੜੀਂਦੀਆਂ ਇਹ ਸ਼ਰਤਾਂ ਪੂਰੀਆਂ ਕਰ ਸਕਦਾ ਹੈ?
ਹੁਣ ਜੇ ਕਿਸੇ ਡੇਰੇ ਵਿੱਚ ਸ਼ਰਾਬ ਦੀ ਬੋਤਲ ਲਿਜਾਈ ਜਾਂਦੀ ਹੈ ਤੇ ਇਹ ਪਾਣੀ ਵਿੱਚ ਬਦਲ ਜਾਂਦੀ ਹੈ। ਕੋਈ ਵੀ ਲਾਈਲੱਗ ਵਿਅਕਤੀ ਇਸ ਵਿੱਚ ਯਕੀਨ ਕਰ ਸਕਦਾ ਹੈ ਪਰ ਇਕ ਤਰਕਸ਼ੀਲ ਜਾਂ ਵਿਗਿਆਨਕ ਸੋਚ ਦਾ ਵਿਅਕਤੀ ਤਾਂ ਇਹ ਸੋਚੇਗਾ ਹੀ ਕਿ ਸ਼ਰਾਬ ਵਿੱਚ ਤਿੰਨ ਤੱਤ ਆਕਸੀਜਨ, ਹਾਈਡ੍ਰੋਜਨ ਤੇ ਕਾਰਬਨ ਹੁੰਦੇ ਹਨ। ਪਰ ਪਾਣੀ ਵਿੱਚ ਸਿਰਫ਼ ਹਾਈਡ੍ਰੋਜਨ ਤੇ ਆਕਸੀਜਨ ਹੀ ਹੁੰਦੇ ਹਨ। ਹੁਣ ਡੇਰੇ ਵਿੱਚ ਲੈ ਜਾਣ ਮਗਰੋਂ ਤਿੰਨ ਤੱਤਾਂ ਵਿੱਚੋਂ ਕਾਰਬਨ ਕਿੱਧਰ ਚਲੀ ਗਈ?
ਜੇ ਕੋਈ ਵਿਦਿਆਰਥੀ ਰਸਾਇਣਕ ਕ੍ਰਿਆਵਾਂ ਵਿਖਾਉਣ ਲਈ ਸ਼ਰਾਬ ਤੋਂ ਪਾਣੀ ਬਣਿਆ ਵਿਖਾਏਗਾ ਤਾਂ ਅਧਿਆਪਕ ਉਸਦੀ ਸਮੀਕਰਣ ‘ਤੇ ਕਾਟੀ ਮਾਰ ਦੇਵੇਗਾ ਤੇ ਉਸਨੂੰ ਉਸ ਸੁਆਲ ਦਾ ਸਿਫ਼ਰ ਅੰਕ ਹੀ ਮਿਲੇਗਾ। ਅਸਲ ਵਿੱਚ ਸਮੁੱਚਾ ਬ੍ਰਹਿਮੰਡ ਹੀ ਆਪਣੀ ਹੋਂਦ ਦੇ ਆਉਣ ਦੇ ਸਮੇਂ ਤੋਂ ਲੈ ਕੇ ਚਾਰ ਮੁੱਢਲੇ ਪ੍ਰਾਕਿਰਤਕ ਨਿਯਮਾਂ ਅਨੁਸਾਰ ਹੀ ਚੱਲ ਰਿਹਾ ਹੈ ਅਤੇ ਅਰਬਾਂ ਵਰੇ ਤੱਕ ਚੱਲਦਾ ਹੀ ਰਹੇਗਾ।
ਅਸਲ ਵਿੱਚ ਸਾਡੇ ਬਹੁਤ ਸਾਰੇ ਕਥਾ ਵਾਚਕ ਅਨਪੜ ਤੇ ਅੰਧ ਵਿਸ਼ਵਾਸੀ ਕਿਸਮ ਦੇ ਵਿਅਕਤੀ ਹੁੰਦੇ ਹਨ। ਉਨਾਂ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਿਆ ਹੁੰਦਾ ਹੈ ਕਿ ਸਾਹਮਣੇ ਬੈਠੀ ਜਨਤਾ ਵਿੱਚੋਂ ਵਾਹ-ਵਾਹ ਕਿਵੇਂ ਕਰਵਾਈ ਜਾਵੇ ਤਾਂ ਜੋ ਉਹ ਆਪਣੀਆਂ ਜੇਬਾਂ ਹਲਕੀਆਂ ਕਰਨ। ਇਸ ਲਈ ਉਹ ਝੂਠੀਆਂ ਤੇ ਕਲਪਿਤ ਕਰਾਮਾਤੀ ਕਹਾਣੀਆਂ ਲੋਕਾਂ ਦੇ ਮਨਾਂ ਵਿੱਚ ਭਰਨ ਲਈ ਪੂਰੀ ਟਿੱਲ ਲਾ ਦਿੰਦੇ ਹਨ। ਇਸ ਤਰਾਂ ਕਰਕੇ ਉਹ ਵਕਤੀ ਤੌਰ ‘ਤੇ ਲੋਕ ਮਨਾਂ ਵਿੱਚ ਹਮਦਰਦੀ ਜਾਂ ਰੋਹ ਭਰ ਦਿੰਦੇ ਹਨ ਪਰ ਅਸਲ ਵਿੱਚ ਉਹ ਲੋਕਾਈ ਦੀ ਸੋਚ ਨੂੰ ਖੁੰਢੀ ਕਰਕੇ ਉਨਾਂ ਨੂੰ ਅੰਧਵਿਸ਼ਵਾਸੀ ਦਲ-ਦਲ ਵਿੱਚ ਹੋਰ ਡੂੰਘਾ ਧੱਕ ਦਿੰਦੇ ਹਨ।
ਤਰਕਸ਼ੀਲ ਸੁਸਾਇਟੀ ਭਾਰਤ ਨੇ ਇੱਕ ਵੀ ਕਰਾਮਾਤੀ ਸ਼ਕਤੀ ਦੇ ਦਾਅਵੇਦਾਰ ਨੂੰ ਜਾਂ ਉਸਨੂੰ ਲੱਭਣ ਵਾਲੇ ਵਿਅਕਤੀ ਲਈ ਇਕ ਕਰੋੜ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੋਈ ਹੈ। ਜ਼ਮਾਨਤ ਦੀ ਰਾਸ਼ੀ ਅੱਜ ਕੱਲ ਸਿਰਫ਼ ਇੱਕ ਲੱਖ ਰੁਪਏ ਹੀ ਹੈ। ਸੋ ਜੇ ਕਿਸੇ ਨੂੰ ਵੀ ਕਰਾਮਾਤਾਂ ਵਿੱਚ ਵਿਸ਼ਵਾਸ ਹੈ ਤਾਂ ਉਨਾਂ ਨੂੰ ਕਰਾਮਾਤੀ ਸ਼ਕਤੀ ਦਾ ਦਾਅਵੇਦਾਰ ਲੱਭਣ ਲਈ ਜੁੱਟ ਜਾਣਾ ਚਾਹੀਦਾ ਹੈ। ਸਿੱਖ ਗੁਰੂਆਂ ਨੇ ਵੀ ਕਰਾਮਾਤਾਂ ਦਾ ਖੰਡਣ ਕੀਤਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਨਾਂ ਦੇ ਪੈਰੋਕਾਰ ਹੀ ਉਨਾਂ ਦੀ ਸੋਚ ਦੇ ਪਰ ਕੁਤਰਣ ‘ਤੇ ਲੱਗੇ ਹੋਏ ਹਨ।
ਅੰਤ ਵਿਚ ਮੈਂ ਇਹ ਕਹਿਣਾ ਚਾਹੂੰਗਾ ਕਿ ਧਰਤੀ ੳੁੱਤੇ ਕਦੇ ਵੀ ਕੋਈ ਕਰਾਮਾਤ ਨਹੀਂ ਵਾਪਰੀ ਅਤੇ ਨਾ ਹੀ ਵਾਪਰੇਗੀ। ਪਰ ਮਿਹਨਤ ਲਈ ਜੁੜੇ ਲੱਖਾਂ ਹੱਥ ਕਰਾਮਾਤਾਂ ਕਰ ਵੀ ਵਿਖਾਉਂਦੇ ਹਨ। ਉੱਚੇ ਪਹਾੜਾਂ ਦੀਆਂ ਟੀਸੀਆਂ ਨੂੰ ਮੈਦਾਨਾਂ ਵਿੱਚ ਬਦਲ ਸਕਦੇ ਹਨ। ਉਹ ਮਾਰੂਥਲਾਂ ਨੂੰ ਲਹਿ ਲਹਾਉਂਦੇ ਖੇਤਾਂ ਵਿਚ ਬਦਲ ਵਿਖਾਉਂਦੇ ਹਨ। ਜਦੋਂ ਭਾਰਤ ਦੇ ਇਕ ਅਰਬ ਪੱਚੀ ਕਰੋੜ ਦਿਮਾਗ ਦੋ ਅਰਬ ਪੰਜਾਹ ਕਰੋੜ ਹੱਥਾਂ ਨਾਲ ਉੱਠ ਖੜੋਏ ਤਾਂ ਕੁਝ ਹੀ ਸਾਲਾਂ ਵਿਚ ਇਥੇ ਵੀ ਕਰਾਮਾਤਾਂ ਵਾਪਰ ਸਕਦੀਆਂ ਹਨ। ਅੱਜ ਤਾਂ ਭਾਰਤ ਅੰਦਰ ਹੀ ਦੋ ਭਾਰਤ ਵਸ ਰਹੇ ਹਨ ਇਕ ਗਰੀਬਾਂ ਦਾ ਭਾਰਤ ਤੇ ਇਕ ਅਮੀਰਾਂ ਦਾ ਭਾਰਤ। ਜਦੋਂ ਸਧਾਰਣ ਜਨਤਾ ਅੰਧਵਿਸ਼ਵਾਸਾਂ ਵਿਚੋਂ ਬਾਹਰ ਨਿਕਲ ਤੁਰੀ ਤਾਂ ਇਥੇ ਵੀ ਕਰਾਮਾਤਾਂ ਵਾਪਰਨ ਨੂੰ ਸਮਾਂ ਨਹੀਂ ਲੱਗਣਾ।