ਮੁਰਾਰਜੀ ਡਿਸਾਈ ਆਪਣਾ ਪਿਸ਼ਾਬ ਕਿਉਂ ਪੀਂਦਾ ਸੀ?

By | July 31, 2018

desaiਮੇਘ ਰਾਜ ਮਿੱਤਰ, 9888787440
ਗੱਲ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਦੀ ਹੈ ਭਾਰਤ ਵਿੱਚ ਐਮਰਜੈਂਸੀ ਹਟਣ ਤੋਂ ਬਾਅਦ ਜਨਤਾ ਦਲ ਦੀ ਸਰਕਾਰ ਬਣੀ ਸੀ ਜਿਸਦੇ ਪ੍ਰਧਾਨ ਮੰਤਰੀ ਸ੍ਰੀ ਮੁਰਾਰ ਜੀ ਡਿਸਾਈ ਸਨ। ਉਹਨਾਂ ਬਾਰੇ ਇਹ ਗੱਲ ਪ੍ਰਸਿੱਧ ਸੀ ਕਿ ਉਹ ਆਪਣਾ ਪਿਸ਼ਾਬ ਆਪ ਪੀਂਦੇ ਹਨ। ਸਾਡੇ ਸਕੂਲ ਵਿੱਚ ਸਾਡੇ ਇੱਕ ਸਾਥੀ ਦੇਸ਼ ਰਾਜ ਜੀ ਸਨ ਭਾਵੇਂ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਸਨ ਪਰ ਫਿਰ ਵੀ ਉਹ ਕਦੇ-ਕਦੇ ਅੰਧਵਿਸ਼ਵਾਸੀ ਗੱਲਾਂ ਦੇ ਗੁਬਾਰੇ ਛੱਡ ਦਿੰਦੇ ਸਨ। ਇੱਕ ਦਿਨ ਉਹਨਾਂ ਨੇ ਮੁਰਾਰ ਜੀ ਡਿਸਾਈ ਦੇ ਪਿਸ਼ਾਬ ਪੀਣ ਦੀ ਗੱਲ ਵੀ ਸਟਾਫ ਨੂੰ ਸੁਣਾ ਦਿੱਤੀ ਤੇ ਕਹਿਣ ਲੱਗੇ ਕਿ ”ਪਿਸ਼ਾਬ ਪੀਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਕੈਂਸਰ, ਚਮੜੀ ਦੀਆਂ ਝੁਰੜੀਆਂ, ਜ਼ਖਮ, ਦਮਾ, ਪੀਲੀਆ, ਗਠੀਆ, ਅਤੇ ਗਲਾ ਠੀਕ ਹੋ ਜਾਂਦਾ ਹੈ। ਮੈਂ ਵੀ ਕਦੇ-ਕਦੇ ਆਪਣਾ ਪਿਸ਼ਾਬ ਪੀ ਲੈਂਦਾ ਹਾਂ ਤੇ ਕਈ ਵਾਰੀ ਮੈਂ ਪਖਾਨੇ ਦੇ ਪਿੱਛੋਂ ਆਪਣੀ ਪਿੱਠ ਵੀ ਪਿਸ਼ਾਬ ਨਾਲ ਸਾਫ ਕਰ ਲੈਂਦਾ ਹਾਂ।” ਮੇਰੇ ਸਾਥੀ ਅਧਿਆਪਕਾਂ ਵਿੱਚ ਇਸ ਗੱਲ ਦੀ ਬਹਿਸ ਤੁਰ ਪਈ ਕਿ ਕੀ ਆਪਣਾ ਪਿਸ਼ਾਬ ਪੀਣਾ ਸਿਹਤ ਲਈ ਲਾਭਦਾਇਕ ਹੈ ਜਾਂ ਹਾਨੀਕਾਰਕ ਹੈ। ਅਧਿਆਪਕਾਂ ਨੇ ਮੈਨੂੰ ਵੀ ਸਵਾਲ ਕਰ ਦਿੱਤਾ। ਮੈਂ ਦੱਸਿਆ ਕਿ ਮੁਰਾਰ ਜੀ ਡਿਸਾਈ ਨੂੰ ਜਦੋਂ ਕਿਸੇ ਪੱਤਰਕਾਰ ਨੇ ਇਹ ਸਵਾਲ ਕਰ ਦਿੱਤਾ ਕਿ ਇਹ ਪਿਸ਼ਾਬ ਜਿਹੜਾ ਤੁਸੀਂ ਪੀਂਦੇ ਹੋ ਇਹ ਕਿੱਥੋਂ ਆਉਂਦਾ ਹੈ। ਇਸ ਨੂੰ ਮੁੜ-ਮੁੜ ਉਸੇ ਚੱਕਰ ਵਿੱਚ ਦੁਹਰਾਉਂਣ ਦਾ ਕੀ ਫਾਇਦਾ? ਮੁਰਾਰ ਜੀ ਇਸ ਸਵਾਲ ਦਾ ਜਵਾਬ ਨਾ ਦੇ ਸਕੇ। ਬਹਿਸ ਨੂੰ ਅੱਗੇ ਤੋਰਦਿਆਂ ਮੈਂ ਕਿਹਾ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਪਿਸ਼ਾਬ ਵਿੱਚ ਕਿਹੜੇ-ਕਿਹੜੇ ਪਦਾਰਥ ਹੁੰਦੇ ਹਨ ਤੇ ਇਹ ਵੱਖ-ਵੱਖ ਰੋਗਾਂ ਨੂੰ ਕਿਵੇਂ ਠੀਕ ਕਰਦੇ ਹਨ?

ਪਿਸ਼ਾਬ ਦੀ ਬਣਤਰ
ਮਨੁੱਖੀ ਪਿਸ਼ਾਬ ਵਿੱਚ 95% ਪਾਣੀ ਹੁੰਦਾ ਹੈ ਤੇ 2.5% ਯੂਰੀਆ ਹੁੰਦਾ ਹੈ ਅਤੇ ਬਾਕੀ 2.5% ਹੋਰ ਪਦਾਰਥ ਹੁੰਦੇ ਹਨ ਜਿਨਾਂ ਵਿੱਚ ਕੈਲਸੀਅਮ, ਸੋਡੀਅਮ, ਅਮੀਨੋ ਐਸਿਡ, ਪੋਟਾਸੀਆਮ ਅਤੇ ਇਹਨਾਂ ਦੇ ਫਾਸਫੇਟ ਵੀ ਹੁੰਦੇ ਹਨ। ਕੁੱਲ ਮਿਲਾ ਕੇ ਇਹਨਾਂ ਪਦਾਰਥਾਂ ਦੀ ਗਿਣਤੀ ਥੋੜੀ ਬਹੁਤ ਮਾਤਰਾ ਦੇ ਵਿੱਚ 20 ਦੇ ਕਰੀਬ ਬਣ ਜਾਂਦੀ ਹੈ। ਅਸਲ ਵਿੱਚ ਸਾਡੇ ਗੁਰਦੇ ਪਿਸ਼ਾਬ ਰਾਹੀਂ ਸਾਡੇ ਸਰੀਰ ਦਾ ਜ਼ਹਿਰੀਲਾ ਮਾਦਾ, ਖੂਨ ਨੂੰ ਫਿਲਟਰ ਕਰਕੇ ਕੱਢਦੇ ਹਨ। ਕਈ ਵਾਰ ਮਨੁੱਖ ਦੇ ਗੁਰਦੇ ਕੰਮ ਕਰਨਾ ਛੱਡ ਜਾਂਦੇ ਹਨ। ਉਸ ਹਾਲਤ ਵਿੱਚ ਖੂਨ ਵਿੱਚੋਂ ਯੂਰੀਏ ਦੀ ਮਾਤਰਾ ਵਧ ਜਾਂਦੀ ਹੈ ਇਹ ਵਧੀ ਹੋਈ ਮਾਤਰਾ ਖੂਨ ਦੀ ਆਕਸੀਜਨ ਸੋਖਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੀ ਹੈ। ਜਿਸ ਨਾਲ ਹਰਟ ਅਟੈਕ ਹੋ ਜਾਂਦਾ ਹੈ। ਅੱਜ ਕੱਲ ਡਾਕਟਰ ਇਸ ਕੰਮ ਲਈ ਡਾਇਲੇਸਿਸ ਕਰਦੇ ਹਨ। ਜਿਸ ਨਾਲ ਵਿਅਕਤੀ ਮੁੜ ਤੰਦਰੁਸਤ ਹੋ ਜਾਂਦਾ ਹੈ। ਇਸ ਲਈ ਪਿਸ਼ਾਬ ਖੂਨ ਵਿਚਲੇ ਫਾਲਤੂ ਤੇ ਜ਼ਹਿਰੀਲੇ ਪਦਾਰਥਾਂ ਦਾ ਮਿਸ਼ਰਨ ਹੁੰਦਾ ਹੈ। ਇਸ ਲਈ ਪਿਸ਼ਾਬ ਨੂੰ ਵਾਰ-ਵਾਰ ਪੀਣਾ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਮੂੰਹ ਵਿੱਚ ਕੋਈ ਵੀ ਪਦਾਰਥ ਪਾਉਣ ਤੋਂ ਪਹਿਲਾਂ ਅਸੀਂ ਬਹੁਤ ਵਾਰ ਸੋਚਦੇ ਹਾਂ ਪਰ ਅੰਧਵਿਸ਼ਵਾਸੀਆਂ ਦੀਆਂ ਗੱਲਾਂ ਵਿੱਚ ਆਕੇ ਅਸੀਂ ਤਰਕ ਬੰਦ ਕਰ ਦਿੰਦੇ ਹਾਂ।

ਬਿਮਾਰੀਆਂ ਕੀ ਹੁੰਦੀਆਂ ਹਨ?
ਹੁਣ ਅਸੀਂ ਇਕੱਲੀ ਇਕੱਲੀ ਬਿਮਾਰੀ ਦਾ ਅਧਿਐਨ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਪਿਸ਼ਾਬ ਦਾ ਇਨਾਂ ਬਿਮਾਰੀਆਂ ਉੱਪਰ ਕੀ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾਂ ਅਸੀਂ ਕੈਂਸਰ ਨੂੰ ਹੀ ਲੈਂਦੇ ਹਾਂ ਇਹ ਰੋਗ ਸਰੀਰ ਵਿੱਚ ਸੈੱਲਾਂ ਦੇ ਬੇਲੋੜੇ ਵਾਧੇ ਕਾਰਨ ਹੁੰਦਾ ਹੈ। ਇੱਕ ਸੈੱਲ ਵਧਕੇ ਦੋ ਵਿੱਚ ਟੁੱਟ ਜਾਂਦਾ ਹੈ ਦੋ ਚਾਰ ਵਿੱਚ ਚਾਰ ਅੱਠ ਵਿੱਚ ਟੁੱਟਦੇ ਰਹਿੰਦੇ ਹਨ। ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਸਰੀਰ ਵੱਲੋਂ ਫਾਲਤੂ ਸਮਝ ਕੇ ਕੱਢੇ ਪਦਾਰਥ ਇਸ ਸੈੱਲਾਂ ਦੇ ਵਾਧੇ ਨੂੰ ਕਿਵੇਂ ਘਟਾ ਜਾਂ ਠੀਕ ਕਰ ਸਕਦੇ ਹਾਂ।
ਚਮੜੀ ਦੀਆਂ ਝੁਰੜੀਆਂ ਅਤੇ ਜ਼ਖਮ :- ਮੈਂ ਭਾਵੇਂ ਡਾਕਟਰ ਨਹੀਂ ਹਾਂ ਪਰ ਇਹ ਜਾਣਦਾ ਹਾਂ ਕਿ ਬੁਢਾਪੇ ਵਿੱਚ ਹਰ ਰੋਜ ਪੈਦਾ ਹੋਣ ਵਾਲੇ ਸੈੱਲਾਂ ਨਾਲੋਂ ਮਰਨ ਵਾਲੇ ਸੈੱਲਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਇਸ ਲਈ ਸਰੀਰ ਵਿੱਚ ਸੈੱਲਾਂ ਦੀ ਘਾਟ ਹੋ ਜਾਂਦੀ ਹੈ। ਜੇ ਚਿਹਰੇ ਵਿੱਚ ਪਹਿਲਾਂ ਸੈੱਲਾਂ ਦੀ ਗਿਣਤੀ ਦਸ ਅਰਬ ਸੀ ਤਾਂ ਬੁਢਾਪੇ ਵਿੱਚ ਆ ਕੇ ਇਹ ਸੱਤ ਅੱਠ ਅਰਬ ਹੀ ਰਹਿ ਜਾਂਦੀ ਹੈ। ਜਿਸ ਲੲਂੀ ਚਮੜੀ ਦੇ ਹੇਠਾਂ ਖਲਾਅ ਪੈਦਾ ਹੋ ਜਾਂਦਾ ਹੈ ਅਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੁਣ ਤੁਸੀਂ ਹੀ ਦੱਸੋ ਕਿ ਯੂਰੀਆ ਵੱਧ ਜਮਾਂ ਕਰਨ ਨਾਲ ਝੁਰੜੀਆਂ ਹਟ ਸਕਦੀਆਂ ਹਨ। ਭਾਵੇਂ ਪਿਸ਼ਾਬ ਦੇ ਸਰੀਰ ਦੇ ਵਿੱਚੋਂ ਬਾਹਰ ਆਉਣ ਕਾਰਨ ਤਾਜ਼ਾ ਪਿਸ਼ਾਬ ਜਰਮ ਰਹਿਤ ਹੁੰਦਾ ਹੈ। ਇਸ ਲਈ ਸਾਡੇ ਪੁਰਾਣੇ ਬਜ਼ੁਰਗ ਉਂਗਲਾਂ ਤੇ ਦਾਤੀਆਂ, ਖੁਰਪੇ ਆਦਿ ਵੱਜਣ ਤੇ ਉਂਗਲਾਂ ‘ਤੇ ਪਿਸ਼ਾਬ ਕਰਵਾ ਲੈਂਦੇ ਸਨ।
ਦਮਾ ਤੇ ਗਲਾ :- ਸਾਹ ਦੀਆਂ ਬਿਮਾਰੀਆਂ ਹਨ। ਸਰੀਰ ਵਿੱਚ ਜਮਾਂ ਹੋਇਆ ਯੂਰਿਆ ਸਾਹ ਦੀਆਂ ਬਿਮਾਰੀਆਂ ਤਾਂ ਪੈਦਾ ਕਰ ਸਕਦਾ ਹੈ ਪਰ ਇਹਨਾਂ ਦਾ ਇਲਾਜ ਨਹੀਂ ਕਰ ਸਕਦਾ।
ਗਠੀਆ :- ਗਠੀਆ ਤਾਂ ਸਰੀਰ ਵਿੱਚ ਯਰੀਏ ਦੀ ਮਾਤਰਾ ਵਧਣ ਕਾਰਨ ਹੀ ਹੁੰਦਾ ਹੈ। ਆਪਣਾ ਪਿਸ਼ਾਬ ਵਾਰ-ਵਾਰ ਪੀਣ ਨਾਲ ਹੱਡੀਆਂ ਦੇ ਜੋੜਾਂ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧੇਗੀ ਹੀ ਇਸ ਲਈ ਪਿਸ਼ਾਬ ਪੀਣ ਨਾਲ ਗਠੀਆ ਠੀਕ ਨਹੀਂ ਹੋ ਸਕਦਾ।
ਪੀਲੀਆ :- ਇਹ ਰੋਗ ਦੂਸਿਤ ਪਾਣੀ ਪੀਣ ਨਾਲ ਫੈਲਦਾ ਹੈ ਅਤੇ ਸਾਡੇ ਜਿਗਰ ਦੀ ਖਰਾਬੀ ਦਾ ਕਾਰਨ ਬਣਦਾ ਹੈ। ਆਪਣੇ ਪਿਸ਼ਾਬ ਨਾਲ ਇਸ ਰੋਗ ਦੇ ਠੀਕ ਹੋਣ ਦਾ ਕੋਈ ਸੰਬੰਧ ਨਹੀਂ ਹੈ।
ਫੇਰ ਪਿਸ਼ਾਬ ਦੇ ਫਾਇਦੇ ਦਾ ਪ੍ਰਚਾਰ ਕਿਉਂ ਕੀਤਾ ਜਾਂਦਾ ਹੈ?
ਸਾਡੇ ਦੇਸ ਦੀ 80% ਤੋਂ ਵੱਧ ਆਬਾਦੀ ਗਰੀਬ ਲੋਕਾਂ ਦੀ ਹੈ। ਸਰਕਾਰ ਚਾਹੁੰਦੀਆਂ ਹਨ ਕਿ ਸਾਡੇ ਦੇਸ ਦੇ ਸਵਾ ਅਰਬ ਲੋਕਾਂ ਦੀ ਗਿਣਤੀ ਨੂੰ 2050 ਤੱਕ 50 ਕਰੋੜ ‘ਤੇ ਲਿਆਂਦਾ ਜਾਵੇ। ਇਸ ਲਈ ਲੋਕਾਂ ਦੇ ਖਾਣ ਲਈ ਖੁਰਾਕ ਦੀ ਘਾਟ ਪੈਦਾ ਕੀਤੀ ਜਾਂਦੀ ਹੈ। ਉਸ ਭੁੱਖਮਰੀ ਦੀ ਹਾਲਤ ਵਿੱਚ ਜੇ ਲੋਕਾਂ ਨੂੰ ਆਪਣਾ ਪਿਸ਼ਾਬ, ਗਊ ਦਾ ਪਿਸ਼ਾਬ ਜਾਂ ਗਊ ਦਾ ਗੋਬਰ ਖਵਾਉਣ ਦੀ ਆਦਤ ਪਾਈ ਜਾਵੇ ਤਾਂ ਉਹ ਹੁਣੇ ਹੀ ਇਨਾਂ ਖੁਰਾਕਾਂ ਦੇ ਆਦੀ ਹੋ ਜਾਣਗੇ। ਸਾਡਾ ਦੇਸ ਇੱਕ ਵੱਡੇ ਸਮੁੰਦਰੀ ਜਹਾਜ਼ ਦੀ ਤਰਾਂ ਹੈ। ਇਸਦੇ ਪਾਇਲਟ ਮੁੱਠੀ ਭਰ ਅਮੀਰ ਲੋਕ ਹਨ। ਇਹ ਅਮੀਰ ਟੀ. ਵੀ. ਚੈਨਲਾਂ ਅਤੇ ਅਖ਼ਬਾਰਾਂ ਦੇ ਮਾਲਕ ਹਨ। ਬਹੁਤ ਸਾਰੇ ਮੈਗਜ਼ੀਨ ਇਹਨਾਂ ਦੇ ਕਬਜੇ ਵਿੱਚ ਹਨ। ਇਸ ਲਈ ਪ੍ਰਚਾਰ ਪ੍ਰਸਾਰ ਦੀ ਸਮੱਗਰੀ ਰਾਹੀਂ ਅਜਿਹੀਆਂ ਅੰੰਧਵਿਸ਼ਵਾਸੀ ਗੱਲਾਂ ਲੋਕਾਂ ਵਿੱਚ ਘਰ-ਘਰ ਪਹੁੰਚਾ ਦਿੰਦੇ ਹਨ। ਸੋ ਮੇਰੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਹੈ। ਕਿ ਮੁੱਠੀ ਭਰ ਅਮੀਰ ਲੋਕ ਉਹਨਾਂ ਦੇ ਹਿਤੈਸੀ ਨਹੀਂ ਸਗੋਂ ਗਰੀਬਾਂ ਦੇ ਮਾੜੀ ਹਾਲਤ ਦੇ ਜੁੰਮੇਵਾਰ ਉਹ ਹਨ। ਇਸ ਲਈ ਮੂੰਹ ਵਿੱਚ ਕੋਈ ਚੀਜ ਪਾਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ ਚਾਹੀਦਾ ਹੈ। ਕਿਸੇ ਗੱਲ ਨੂੰ ਇਸ ਲਈ ਜ਼ਿੰਦਗੀ ਦੇ ਅਮਲ ਦਾ ਹਿੱਸਾ ਨਹੀਂ ਬਣਾ ਲੈਣਾ ਚਾਹੀਦਾ ਕਿ ਕੋਈ ਸਥਾਪਤ ਵਿਅਕਤੀ ਅਜਿਹਾ ਕਰਦਾ ਸੀ। ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਗਾ ਕਿ ਪਸ਼ੂ ਵੀ ਆਪਣਾ ਪਿਸ਼ਾਬ ਨਹੀਂ ਪੀਂਦੇ ਹਨ ਅਤੇ ਨਾ ਹੀ ਗੋਬਰ ਖਾਂਦੇ ਹਨ।