ਸੰਘਰਸ਼ ਤੇ ਜ਼ਿੰਦਗੀ

By | July 31, 2018

04-struggleਮੇਘ ਰਾਜ ਮਿੱਤਰ, 9888787440
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ
ਸੁਰਜੀਤ ਪਾਤਰ ਦੀਆਂ ਇਹ ਪੰਕਤੀਆਂ ਜਦੋਂ ਵੀ ਮੇਰੇ ਜ਼ਿਹਨ ਵਿਚ ਆਉਂਦੀਆਂ ਹਨ ਤਾਂ ਬੀਤੇ ਅਤੇ ਵਰਤਮਾਨ ਦੀਆਂ ਕੁਝ ਯਾਦਾਂ ਵੀ ਉੱਕਰ ਆਉਂਦੀਆਂ ਹਨ। ਮਹਾਨ ਵਿਗਿਆਨਕ ਚਾਰਲਸ ਡਾਰਵਿਨ ਨੇ ਸਮੁੰਦਰੀ ਦੀਪਾਂ ਤੋਂ ਹੱਡੀਆਂ, ਨਹੁੰ, ਪੰਜੇ ਤੇ ਚੁੰਝਾਂ ਇਕੱਠੀਆਂ ਕੀਤੀਆਂ ਅਤੇ ਕਈ ਸਾਲ ਉਨਾਂ ਦਾ ਅਧਿਐਨ ਕੀਤਾ। ਘੋਖਣ ਤੋਂ ਬਾਅਦ ਉਸਨੇ ਸਿੱਟਾ ਕੱਢਿਆ ਕਿ ਧਰਤੀ ‘ਤੇ ਰਹਿਣ ਵਾਲੇ ਜੀਵਾਂ ਨੂੰ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਵਿਚੋਂ ਉਹ ਹੀ ਜੀਵ ਜਿਉਂਦੇ ਰਹਿੰਦੇ ਹਨ, ਜਿਹੜੇ ਦੂਜਿਆਂ ਨਾਲੋਂ ਵਧੇਰੇ ਮਜ਼ਬੂਤ ਹੁੰਦੇ ਹਨ। ਦੂਸਰੇ ਵਿਗਿਆਨਕਾਂ ਨੇ ਵੀ ਉਸਦੀ ਸਮਝ ਨੂੰ ਅੱਗੇ ਵਧਾਇਆ ਤੇ ਦੱਸਿਆ ਕਿ ਜੀਵ ਜਿਹੜੇ ਅੰਗਾਂ ਨੂੰ ਵਰਤਦਾ ਹੈ ਉਹ ਵਿਕਸਿਤ ਹੋ ਜਾਂਦੇ ਹਨ। ਦੂਜੇ ਹੌਲੀ-ਹੌਲੀ ਕਮਜ਼ੋਰ ਹੋ ਕੇ ਅਲੋਪ ਹੋ ਜਾਂਦੇ ਹਨ। ਇਨਾਂ ਸਿੱਟਿਆਂ ਨੂੰ ਜੰਗਲਾਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਕਮਜ਼ੋਰ ਹਿਰਨ ਝੱਟ ਹੀ ਸ਼ੇਰਾਂ ਦਾ ਸ਼ਿਕਾਰ ਬਣ ਜਾਂਦੇ ਹਨ ਅਤੇ ਜ਼ਿਆਦਾ ਹਿਰਨ ਖਾਣ ਵਾਲੇ ਸ਼ੇਰ ਮਜ਼ਬੂਤ ਹੋ ਜਾਂਦੇ ਹਨ। ਇਸ ਲਈ ਹਿਰਨਾਂ ਦੇ ਪੈਦਾ ਹੋ ਰਹੇ ਬੱਚਿਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਉਹ ਭੱਜਣਾ ਸਿੱਖਣ।
ਜ਼ਿੰਦਗੀ ਸੰਘਰਸ਼ ਅਤੇ ਆਤਮ-ਵਿਸ਼ਵਾਸ ਨਾਲ ਹੀ ਟੀਸੀਆਂ ‘ਤੇ ਪੁਚਾਈ ਜਾ ਸਕਦੀ ਹੈ। ਕਹਿੰਦੇ ਨੇ ਇੱਕ ਵਾਰ ਇੱਕ ਅਧਿਆਪਕਾ ਬੱਚਿਆਂ ਨੂੰ ਪੜਾ ਰਹੀ ਸੀ ਕਿ ਕਿਵੇਂ ਇਕ ਲਾਰਵਾ ਤਿਤਲੀ ਵਿੱਚ ਬਦਲ ਜਾਂਦਾ ਹੈ? ਉਹ ਲਾਰਵੇ ਨੂੰ ਕਲਾਸ ਵਿਚ ਲੈ ਆਈ ਤੇ ਇਕ ਪਲੇਟ ਵਿੱਚ ਪਾ ਕੇ ਮੇਜ਼ ‘ਤੇ ਰੱਖ ਦਿੱਤਾ। ਕਿਸੇ ਕਾਰਨਵੱਸ ਅਧਿਆਪਕਾ ਨੂੰ ਕਲਾਸ ਰੂਮ ਵਿੱਚੋਂ ਬਾਹਰ ਜਾਣਾ ਪਿਆ। ਉਸ ਨੇ ਬੱਚਿਆਂ ਨੂੰ ਕਿਹਾ ”ਵੇਖਦੇ ਰਹੋ ਪਰ ਹੱਥ ਨਾ ਲਾਉਣਾ।” ਕੁਝ ਸਮੇਂ ਬਾਅਦ ਤਿਤਲੀ ਕੋਕੂਨ ਵਿੱਚੋਂ ਬਾਹਰ ਨਿਕਲਣ ਲਈ ਆਪਣੇ ਖੰਭ ਛਟਪਟਾਉਣ ਲੱਗੀ। ਇਸ ‘ਤੇ ਇੱਕ ਭੋਲੇ-ਭਾਲੇ ਵਿਦਿਆਰਥੀ ਨੂੰ ਬਹੁਤ ਤਰਸ ਆਇਆ। ਉਸਨੇ ਟੀਚਰ ਦੀ ਪ੍ਰਵਾਹ ਤੋਂ ਬਗੈਰ ਹੀ ਕੋਕੂਨ ਨੂੰ ਤੋੜ ਕੇ ਤਿਤਲੀ ਨੂੰ ਬਾਹਰ ਕੱਢ ਦਿੱਤਾ। ਅਧਿਆਪਕਾ ਕਹਿਣ ਲੱਗੀ ਕਿ, ”ਤੂੰ ਅਜਿਹਾ ਕਰਕੇ ਬਹੁਤ ਮਾੜਾ ਕੰਮ ਕੀਤਾ ਹੈ।” ਵਿਦਿਆਰਥੀ ਨੇ ਜੁਆਬ ਦਿੱਤਾ ਕਿ, ”ਵਿਚਾਰੀ ਤਿਤਲੀ ਤਾਂ ਕੋਕੂਨ ਵਿੱਚੋਂ ਬਾਹਰ ਨਿਕਲਣ ਲਈ ਔਖੀ ਹੋ ਰਹੀ ਸੀ। ਮੈਂ ਤਾਂ ਉਸਨੂੰ ਬਾਹਰ ਕੱਢ ਕੇ ਚੰਗਾ ਕੰਮ ਕੀਤਾ ਹੈ।” ਅਧਿਆਪਕਾ ਨੇ ਸਾਰੀ ਕਲਾਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ”ਤਿਤਲੀ ਜਦੋਂ ਕੋਕੂਨ ਵਿੱਚੋਂ ਬਾਹਰ ਨਿਕਲਦੀ ਹੈ ਤਾਂ ਆਪਣੇ ਖੰਭਾਂ ਨੂੰ ਇਸ ਲਈ ਛਟਪਟਾਉਂਦੀ ਹੈ ਤਾਂ ਜੋ ਉਸਦੇ ਖੰਭ ਮਜ਼ਬੂਤ ਹੋ ਜਾਣ। ਇਸ ਵਿਦਿਆਰਥੀ ਨੇ ਤਿਤਲੀ ਦਾ ਇਹ ਸੰਘਰਸ਼ ਖੋਹ ਲਿਆ ਹੈ। ਹੁਣ ਇਹ ਕੁੱਝ ਸਮੇਂ ਬਾਅਦ ਮਰ ਜਾਵੇਗੀ।” ਠੀਕ 5-7 ਮਿੰਟਾਂ ਬਾਅਦ ਤਿੱਤਲੀ ਮਰ ਗਈ।
ਸਾਡੇ ਬਜ਼ੁਰਗਾਂ ਵੱਲ ਜਦੋਂ ਵੀ ਅਸੀਂ ਝਾਤ ਮਾਰਦੇ ਹਾਂ ਤਾਂ ਵੇਖਦੇ ਹਾਂ ਕਿ ਕਿਵੇਂ ਸਾਡੇ ਸਮਾਜ ਵਿੱਚ ਬੁਰੀਆਂ ਰਸਮਾਂ ਦਾ ਵਿਰੋਧ ਉਨਾਂ ਨੂੰ ਵੀ ਕਰਨਾ ਪਿਆ ਹੈ। ਮੈਨੂੰ ਅੱਜ ਵੀ ਉਹ ਘਟਨਾ ਯਾਦ ਆ ਜਾਂਦੀ ਹੈ ਜਦੋਂ ਘਰੇ ਲੱਡੂਆਂ ਦੇ ਦੋ ਬੱਠਲ ਭਰ ਕੇ ਲਿਆਏ ਕੁਝ ਬੰਦੇ ਮੇਰੇ ਬਾਪ ਨੂੰ ਕਹਿ ਰਹੇ ਸਨ ਕਿ, ”ਬਿਰਜ ਲਾਲਾ ਤੂੰ ਸਾਡੇ ਬਜ਼ੁਰਗ ਦੇ ਹਕਾਮੇ ਦੇ ਲੱਡੂਆਂ ਨੂੰ ਘਰੋਂ ਮੋੜ ਕੇ ਚੰਗਾ ਕੰਮ ਨਹੀਂ ਕਰ ਰਿਹਾ। ਤੈਨੂੰ ਸਾਡੇ ਵੱਡੇ ਖਾਨਦਾਨ ਦਾ ਵੀ ਪਤਾ ਹੈ, ਇਸਦੇ ਸਿੱਟੇ ਤੈਨੂੰ ਭੁਗਤਣੇ ਪੈਣਗੇ।” ਮੇਰਾ ਬਾਪ ਉਨਾਂ ਨੂੰ ਕਹਿ ਰਿਹਾ ਸੀ ਕਿ ”ਸਰਦਾਰ ਜੀ ਤੁਸੀਂ ਤਾਂ ਆਪਣੇ ਬਜ਼ੁਰਗ ਦੀ ਮੌਤ ‘ਤੇ ਪਿੰਡ ਦੇ ਹਰ ਘਰ, ਹਰ ਜੀਅ ਲਈ ਸੇਰ ਮਿਠਾਈ ਦੇ ਦਿੱਤੀ ਹੈ। ਮੈਂ ਗਰੀਬ ਬੰਦਾ ਹਾਂ। ਮੈਂ ਅਜਿਹਾ ਨਹੀਂ ਕਰ ਸਕਾਂਗਾ।”
ਮੈਨੂੰ ਧੁੰਦਲੀ ਜਿਹੀ ਯਾਦ ਇਹ ਵੀ ਆਉਂਦੀ ਹੈ ਕਿ ਮੇਰਾ ਬਾਬਾ ਮੇਰੀ ਦਾਦੀ ਨੂੰ ਕਹਿ ਰਿਹਾ ਸੀ, ”ਜੇ ਦੋਲੀ ਰਾਮ ਦੀਆਂ ਕੁੜੀਆਂ ਦੇ ਵਿਆਹ ਆਪਾਂ ਨਾ ਕੀਤੇ ਤਾਂ ਉਹਨਾਂ ਦੇ ਨਾਨਕੇ ਕੁੜੀਆਂ ਨੂੰ ਕਿਸੇ ਤੋਂ ਪੈਸੇ ਲੈ ਕੇ ਤੋਰ ਦੇਣਗੇ। ਵੱਟਾ ਆਪਣੇ ਖਾਨਦਾਨ ਨੂੰ ਲੱਗ ਜਾਵੇਗਾ।”
ਸੋ ਅਜਿਹੇ ਨਿੱਕੇ-ਮੋਟੇ ਸੰਘਰਸ਼ ਹਰ ਪਰਿਵਾਰ ਦੀ ਹਰ ਪੀੜੀ ਨੂੰ ਲੜਨੇ ਪਏ ਹਨ। ਦੁਨੀਆਂ ਭਰ ਦੇ ਵਿਗਿਆਨਕਾਂ ਨੇ ਵੀ ਇਨਾਂ ਸੰਘਰਸ਼ਾਂ ਦੀਆਂ ਪੀੜਾਂ ਨੂੰ ਆਪਣੇ ਹੱਡੀਂ ਹੰਢਾਇਆ ਹੈ।
ਇਸਾਈ ਧਰਮ ਅਨੁਸਾਰ ਮੁਰਦਿਆਂ ਦੀਆਂ ਲਾਸ਼ਾਂ ਦੀ ਚੀਰ-ਫਾੜ ਕਰਨਾ ਪਾਪ ਸੀ, ਕਿਉਂਕਿ ਉਨਾਂ ਅਨੁਸਾਰ ਸਰੀਰ ਪ੍ਰਭੂ ਦੀ ਦੇਣ ਹੈ ਅਤੇ ਇਹ ਉਸ ਪਾਸ ਸਾਬਤੀ ਹਾਲਤ ਵਿਚ ਹੀ ਪਹੁੰਚਣਾ ਚਾਹੀਦਾ ਹੈ। ਪਰ ਅੱਜ ਦੇ ਸਰਜਰੀ ਵਿਗਿਆਨ (ਚੀਰ ਫਾੜ) ਦੇ ਜਨਮ ਦਾਤਾ ਵਾਸਲੀਅਸ ਨੇ ਲਾਸ਼ਾਂ ਨੂੰ ਸ਼ਮਸ਼ਾਨ ਘਾਟਾਂ ਵਿਚੋਂ ਚੋਰੀਓਂ ਲਿਆਉਣਾ ਸ਼ੁਰੂ ਕਰ ਦਿੱਤਾ ਅਤੇ ਉਨਾਂ ਲਾਸ਼ਾਂ ਦਾ ਅਧਿਐਨ ਕਰਕੇ ਉਸ ਨੇ ਮਨੁੱਖੀ ਸਰੀਰ ਦੀ ਸਮੁੱਚੀ ਅੰਦਰੂਨੀ ਬਣਤਰ ਲੋਕਾਂ ਸਾਹਮਣੇ ਰੱਖ ਦਿੱਤੀ। ਜਦੋਂ ਧਾਰਮਿਕ ਨੇਤਾਵਾਂ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਵਾਸਲੀਅਸ ਤੇ ਮੁਕੱਦਮਾ ਚਲਾਇਆ ਅਤੇ ਉਸ ਨੂੰ ਪਾਪ ਕਰਨ ਦਾ ਦੋਸ਼ੀ ਸਿੱਧ ਕਰਕੇ ਜ਼ਬਰਦਸਤੀ ਯੇਰੂਸ਼ਲਮ ਦੇ ਹੱਜ ਤੇ ਜਾਣ ਦੀ ਸਜ਼ਾ ਦੇ ਦਿੱਤੀ ਅਤੇ ਰਸਤੇ ਵਿਚ ਹੀ ਉਸ ਮਹਾਨ ਵਿਗਿਆਨਕ ਦੀ ਮੌਤ ਹੋ ਗਈ। ਭਾਵੇਂ ਵਕਤੀ ਤੌਰ ‘ਤੇ ਧਾਰਮਿਕ ਨੇਤਾਵਾਂ ਨੇ ਡਾਕਟਰੀ ਵਿਗਿਆਨ ਨੂੰ ਪੰਜ ਸੌ ਸਾਲ ਪਿੱਛੇ ਧੱਕ ਦਿੱਤਾ, ਪਰ ਕੀ ਉਹ ਵਿਗਿਆਨ ਨੂੰ ਮਨੁੱਖੀ ਸਰੀਰ ਦੀ ਅੰਦਰੂੁਨੀ ਬਣਤਰ ਸਮਝਣ ਤੋਂ ਰੋਕ ਸਕੇ? ਡਾਕਟਰਾਂ ਨੇ ਅੰਦਰੂਨੀ ਬਣਤਰ ਤੋਂ ਅਣਜਾਣ ਹੋਣ ਕਾਰਨ ਇਸ ਸਮੇਂ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਦੇ ਕਾਤਲ ਜੇ ਧਾਰਮਿਕ ਨੇਤਾ ਨਹੀਂ ਹਨ ਤਾਂ ਕੌਣ ਹੈ?
ਮਨੁੱਖੀ ਸਰੀਰ ਵਿਚ ਖੂਨ ਦੇ ਦੌਰੇ ਦੀ ਖੋਜ ਕਰਨ ਵਾਲੇ ਵਿਗਿਆਨਕ ਵਿਲੀਅਮ ਹਾਰਵੇ ਨੂੰ ਵੀ ਧਾਰਮਿਕ ਨੇਤਾਵਾਂ ਦੇ ਅੱਤਿਆਚਾਰਾਂ ਦਾ ਸ਼ਿਕਾਰ ਹੋਣਾ ਪਿਆ। ਉਸਦਾ ਕਸੂਰ ਖੂਨ ਦੇ ਦੌਰੇ ਦੇ ਸਬੰਧ ਵਿੱਚ ਸੱਚਾਈ ਲੋਕਾਂ ਸਾਹਮਣੇ ਲਿਆਉਣਾ ਸੀ।
ਇਹ ਇੱਕ-ਦੋ ਘਟਨਾਵਾਂ ਨਹੀਂ ਸਗੋਂ ਹਜ਼ਾਰਾਂ ਨੇ, ਜਿੱਥੇ ਵੱਖ-ਵੱਖ ਕਿਸਮ ਦੇ ਖੋਜੀਆਂ ਨੂੰ ਕੱਟੜਪੰਥੀਆਂ ਦੇ ਗੁੱਸਿਆਂ ਦਾ ਸ਼ਿਕਾਰ ਹੋਣਾ ਪਿਆ। ਪਰ ਹਨੇਰ ਵਿਰੁੱਧ ਜੂਝਣ ਵਾਲੇ ਚਾਨਣ ਦੇ ਵਣਜਾਰੇ ਰੋਕਿਆਂ ਕਦ ਰੁਕਦੇ ਹਨ। ਇਨਾਂ ਦੇ ਪੈਰ ਤਾਂ ਸੂਲਾਂ ‘ਤੇ ਵੀ ਨੱਚਦੇ ਰਹਿੰਦੇ ਹਨ। ਮੇਰੇ ਸਾਥੀ ਅਧਿਆਪਕ ਗੱਲਾਂ ਸੁਣਾਉਂਦੇ ਰਹੇ ਹਨ ਕਿ ਜਦੋਂ ਪਹਿਲਾਂ-ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਸਕੂਲਾਂ ਨੂੰ ਖੋਹਲਣ ਲਈ ਯਤਨ ਕੀਤੇ ਜਾਣ ਲੱਗੇ ਤਾਂ ਪਿੰਡਾਂ ਦੇ ਸਰਦਾਰਾਂ ਨੇ ਇਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਰਦਾਰ ਕਹਿਣ ਲੱਗੇ, ”ਜੇ ਪਿੰਡਾਂ ਦੇ ਦਲਿਤ ਅਤੇ ਗਰੀਬ ਪੜ ਗਏ ਤਾਂ ਸਾਡੇ ਖੇਤਾਂ ਵਿੱਚ ਕੰਮ ਕੌਣ ਕਰੂੰਗਾ?” ਪਰ ਕੀ ਸਕੂਲ ਖੁੱਲਣੋਂ ਰੁਕੇ? ਜਦੋਂ ਪਿੰਡਾਂ ਨੂੰ ਬੱਸਾਂ ਰਾਹੀਂ ਲਿੰਕ ਕਰਨ ਦਾ ਯਤਨ ਕੀਤਾ ਗਿਆ ਤਾਂ ਰੱਜੇ-ਪੁੱਜੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ, ”ਇਨਾਂ ਨਾਲ ਤਾਂ ਪਿੰਡ ਦੀਆਂ ਨੂੰਹਾਂ-ਧੀਆਂ ਬੱਸਾਂ ਵਿਚ ਬੈਠ ਕੇ ਭੱਜ ਜਾਇਆ ਕਰਨਗੀਆਂ।” ਪਰ ਕੀ ਉਨਾਂ ਦੇ ਇਹ ਯਤਨ ਕਾਮਯਾਬ ਹੋਏ?
ਕਹਿੰਦੇ ਨੇ ਜਦੋਂ ਭਾਖੜੇ ਤੋਂ ਬਿਜਲੀ ਆਈ ਤਾਂ ਇਕ ਪਾਸੇ ਪਿੰਡਾਂ ਵਿੱਚ ਇਹ ਗੀਤ ਚੱਲਦੇ ਰਹੇ ਕਿ ”ਭਾਖੜੇ ਤੋਂ ਆਈ ਇੱਕ ਮੁਟਿਆਰ ਨੱਚਦੀ” ਦੂਜੇ ਪਾਸੇ ਸਮਾਜ ਵਿਰੋਧੀ ਅਨਸਰ ਇਹ ਹੋਕਾ ਦਿੰਦੇ ਰਹੇ ਕਿ ”ਲੋਕੋਂ ਹੁਣ ਤਾਂ ਤੁਹਾਨੂੰ ਪਾਣੀ ਵੀ ਫੋਕਾ ਮਿਲਿਆ ਕਰੂੰਗਾ। ਉਨਾਂ ਨੇ ਬਿਜਲੀ ਤਾਂ ਇਸ ਵਿੱਚੋਂ ਕੱਢ ਹੀ ਲਈ ਹੈ।” ਸਾਨੂੰ ਤਰਕਸ਼ੀਲਾਂ ਨੂੰ ਵੀ ਪਿਛਲੇ ਸਤਾਈ ਵਰਿਆਂ ਤੋਂ ਲਗਾਤਾਰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਸਾਡੀ ਲੜਾਈ ਕਿਸੇ ਇਕੱਲੇ-ਕਹਿਰੇ ਬਾਬੇ ਨਾਲ ਨਹੀਂ, ਸਗੋਂ ਇਹ ਲੜਾਈ ਤਾਂ ਬਾਬਾਵਾਦ ਵਿਰੁੱਧ ਹੈ। ਇਸ ਲੜਾਈ ਦਾ ਮੁੱਖ ਉਦੇਸ਼ ਤਾਂ ਲੋਕਾਂ ਨੂੰ ਸਿਆਣੇ ਕਰਨਾ ਹੈ। ਤਰਕਸ਼ੀਲਾਂ ਦੇ ਦਿਮਾਗ ਖੁੱਲੇ ਹਨ। ਇਸ ਲਈ ਉਨਾਂ ਤੋਂ ਗਲਤੀਆਂ ਹੋਣ ਦੀ ਗੁੰਜਾਇਸ਼ ਘੱਟ ਹੀ ਹੁੰਦੀ ਹੈ। ਕੱਟੜਪੰਥੀ ਭਾਵੇਂ ਕਿਸੇ ਫਿਰਕੇ ਦੇ ਵੀ ਹੋਣ, ਉਹ ਇਹ ਹਾਲ-ਦੁਹਾਈ ਮਚਾਉਣਾ ਸ਼ੁਰੂ ਕਰ ਦਿੰਦੇ ਹਨ ਕਿ ਤਰਕਸ਼ੀਲ ਜਦੋਂ ਵੀ ਕਦੇ ਵਿਗਿਆਨ ਦੀ ਗੱਲ ਕਰਦੇ ਹਨ ਤਾਂ ਉਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ, ਜਿਵੇਂ ਤਰਕਸ਼ੀਲਾਂ ਦੀਆਂ ਤਾਂ ਕੋਈ ਭਾਵਨਾਵਾਂ ਹੀ ਨਹੀਂ ਹੁੰਦੀਆਂ। ਦਸੰਬਰ 2010 ਵਿੱਚ ਪਾਕਿਸਤਾਨ ਦੇ ਹਾਕਮਾਂ ਨੂੰ ਤਰਕਸ਼ੀਲਾਂ ਦੀ ਵੈੱਬਸਾਈਟ ਹੀ ਡਰਾਉਣ ਲੱਗ ਪਈ ਕਿਉਂਕਿ ਇਸ ਵਿੱਚ ਉਨਾਂ ਨੇ ਪੱਚੀ ਤਰਕਸ਼ੀਲ ਕਿਤਾਬਾਂ ਦਾ ਸ਼ਾਹਮੁੱਖੀ ਵਿੱਚ ਅਨੁਵਾਦ ਕਰਕੇ ਪਾਇਆ ਹੋਇਆ ਸੀ। ਇਹ ਕਿਤਾਬਾਂ ਦਿਮਾਗਾਂ ‘ਤੇ ਮੂੱਧੇ ਮਾਰੇ ਠੀਕਰਿਆਂ ਨੂੰ ਚੁੱਕਦੀਆਂ ਸਨ। ਸੋ ਉਨਾਂ ਨੇ ਭਾਰਤੀ ਫੌਜੀ ਵੈੱਬਸਾਈਟਾਂ ਦੇ ਨਾਲ-ਨਾਲ ਇਹ ਵੈੱਬਸਾਈਟਾਂ ਵੀ ਹੈੱਕ ਕਰ ਲਈਆਂ।
ਗਊ ਮੂਤਰ ਦੇ ਵਪਾਰੀ ਕਿਹੜਾ ਘੱਟ ਸਨ। ਉਨਾਂ ਗਊ ਮੂਤਰ ਨੂੰ ਹਿੰਦੂ ਧਰਮ ਦੀ ਹੀ ਰੰਗਤ ਦੇ ਦਿੱਤੀ। ਇਸ ਤਰਾਂ ਨਾਲੇ ਤਾਂ ਵਣਜ ਹੋਈ ਜਾਂਦਾ ਹੈ, ਨਾਲੇ ਕੋਈ ਬੋਲ ਵੀ ਨਹੀਂ ਸਕਦਾ। ਅਸੀਂ ਤਾਂ ਪੂਰੇ ਦੇਸ਼ ਨੂੰ ਹੀ ਗਊ ਦੇ ਪਿਸ਼ਾਬ ਦਾ ਸੇਵਨ ਕਰਨ ਲਾ ਦੇਣਾ ਹੈ। ਸਾਨੂੰ ਕੋਈ ਵੀ ਮਾਈ ਦਾ ਲਾਲ ਨਹੀਂ ਰੋਕ ਸਕਦਾ। ਇਸ ਨੂੰ ਅੰਧਵਿਸ਼ਵਾਸ ਕਹਿਣ ਵਾਲੇ ਦੇ ਤਾਂ ਅਸੀਂ ਸੌ ਜੁੱਤੀਆਂ ਮਾਰਾਂਗੇ। ਸੋ ਤਰਕਸ਼ੀਲ ਇਨਾਂ ਦੇ ਗੁੱਸੇ ਦਾ ਸ਼ਿਕਾਰ ਹੋਣੋ ਵੀ ਨਾ ਬਚ ਸਕੇ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਕੁਝ ਪਖੰਡੀ ਸਾਧ ਤਾਂ ਵਾਸੂ ਭਾਰਦਵਾਜ ਨੂੰ ਹੀ ਦੇਵਤਾ ਬਣਾ ਕੇ ਪੇਸ਼ ਕਰਨ ਲੱਗ ਪਏ ਸਨ। ਵਿਗਿਆਨ ਦੇ ਪੱਤਰਕਾਰ ਤੋਂ ਚੁੱਕ ਕੇ ਉਸਨੂੰ ਨਾਸਾ ਦਾ ਵਿਗਿਆਨੀ ਬਣਾ ਦਿੱਤਾ। ਪਰ ਤਰਕਸ਼ੀਲ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹਨ ਕਿਤੋਂ ਨਾ ਕਿਤੋਂ ਕੋਈ ਖੁਰਾ-ਖੋਜ਼ ਲੱਭ ਲਿਆਉਂਦੇ ਹਨ। ਭਾਵੇਂ ਅੱਜ ਤੱਕ ਕਿਸੇ ਵੀ ਤਰਕਸ਼ੀਲ ਨੇ ਕਿਸੇ ਧਰਮ ਸਥਾਨ ਦੀ ਨਾ ਤਾਂ ਕੋਈ ਇੱਟ ਛੇੜੀ ਹੈ ਤੇ ਨਾ ਹੀ ਕਿਸੇ ਮੂਰਤੀ ਨੂੰ ਹੱਥ ਲਾਇਆ ਹੈ ਅਤੇ ਨਾ ਹੀ ਕਿਸੇ ਪਖੰਡੀ ਸਾਧ ਨੂੰ ਗਲ਼ਾਮੇ ਤੋਂ ਫੜਿਆ ਹੈ। ਪਰ ਫੇਰ ਵੀ ਸਰਕਾਰੀ ਛੱਤਰ ਛਾਇਆ ਦੇ ਬਾਵਜੂਦ ਇਹ ਤਰਕਸ਼ੀਲਾਂ ਤੋਂ ਕਿਉਂ ਭੈ-ਭੀਤ ਨੇ? ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਲੜਾਈ ਝੂਠ ਤੇ ਸੱਚ ਦੀ ਹੈ। ਸੱਚ ਨੇ ਸੌ ਛੱਤਾਂ ਪਾੜ ਕੇ ਵੀ ਬਾਹਰ ਆਉਣਾ ਹੁੰਦਾ ਹੈ। ਹੁਣ ਜੇ ਕੋਈ ਆਪਣੇ ਡੇਰੇ ਵਿੱਚ ਹੀ ਕਾਰਸਤਾਨੀਆਂ ਕਰਦਾ ਰਹਿੰਦਾ ਹੈ ਤਾਂ ਤਰਕਸ਼ੀਲਾਂ ਦਾ ਇਸ ਵਿੱਚ ਕੀ ਕਸੂਰ? ਇੱਕ ਦਿਨ ਤਾਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਹੋ ਹੀ ਜਾਣਾ ਹੈ ਤੇ ਸਾਰਾ ਕਸੂਰ ਤਰਕਸ਼ੀਲਾਂ ਸਿਰ ਮੜ ਕੇ ਆਪਣੇ ਆਪ ਨੂੰ ਪਾਕ-ਪਵਿੱਤਰ ਕਹਿ ਦੇਣਾ ਹੈ। ਭੇਡਾਂ ਨੂੰ ਕਿਹੜਾ ਦਿਮਾਗ ਦੀ ਲੋੜ ਹੁੰਦੀ ਹੈ, ਆਜੜੀ ਜਿੱਧਰ ਨੂੰ ਮਰਜ਼ੀ ਲੈ ਜਾਵੇ।
ਤਰਕਸ਼ੀਲ ਤਾਂ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹਨ ਇਹ ਨਾ ਤਾਂ ਹਨੇਰੀਆਂ ਤੋਂ ਡਰਦੇ ਨੇ ਅਤੇ ਨਾ ਹੀ ਤੂਫ਼ਾਨ ਇਨਾਂ ਦਾ ਕੁਝ ਵਿਗਾੜ ਸਕਦੇ ਨੇ। ਇਹ ਆਪਣੀਆਂ ਮੀਟਿੰਗਾਂ ਵਿੱਚ ਕਹਿੰਦੇ ਨੇ ਕਿ, ”ਲੋਕੋ ਤੁਸੀਂ ਤਾਂ ਬਾਜ ਹੋ, ਤੁਹਾਨੂੰ ਤਾਂ ਬੇ ਵਜਾ ਹੀ ਮੁਰਗੀਆਂ ਬਣਾ ਦਿੱਤਾ ਗਿਆ।” ਫਿਰ ਕਹਾਣੀਆਂ ਸ਼ੁਰੂ ਕਰ ਲੈਂਦੇ ਨੇ ਕਿ ”ਇੱਕ ਵਾਰ ਇੱਕ ਮੁਰਗੀ ਨੂੰ ਬਾਜ਼ ਦਾ ਆਂਡਾ ਮਿਲ ਗਿਆ। ਉਸਨੇ ਆਪਣੇ ਆਂਡਿਆਂ ਨਾਲ ਹੀ ਉਸਨੂੰ ਗਰਮੀ ਦੇਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਆਂਡਿਆਂ ਵਿਚੋਂ ਚੂਚੇ ਬਾਹਰ ਆ ਗਏ। ਬਾਜ਼ ਦਾ ਬੱਚਾ ਵੀ ਮੁਰਗੀ ਦੇ ਚੂਚਿਆਂ ਨਾਲ ਰੂੜੀਆਂ ਤੋਂ ਦਾਣੇ ਚੁਗਣ ਲੱਗ ਪਿਆ। ਜਦੋਂ ਵੀ ਉਹ ਅਸਮਾਨ ਵਿਚ ਉੱਡਦੇ ਬਾਜ਼ਾਂ ਨੂੰ ਦੇਖਿਆ ਕਰੇ ਤਾਂ ਕਿਹਾ ਕਰੇ ”ਮਾਂ ਮੈਂ ਵੀ ਉੱਡਣਾ ਚਾਹੁੰਦਾ ਹਾਂ” ਤਾਂ ਮੁਰਗੀ ਕਿਹਾ ਕਰੇ ”ਤੂੰ ਉੱਡ ਨਹੀਂ ਸਕਦਾ, ਤੂੰ ਮੁਰਗੀ ਦਾ ਚੂਚਾ ਹੈਂ। ਉੱਡਣ ਵਾਲੇ ਤਾਂ ਬਾਜ਼ ਹੁੰਦੇ ਨੇ।” ਇਸ ਤਰਾਂ ਬਾਜ਼ ਦਾ ਬੱਚਾ ਹੋ ਕੇ ਵੀ ਉਹ ਸਾਰੀ ਉਮਰ ਮੁਰਗੀ ਹੀ ਬਣਿਆ ਰਿਹਾ।
ਮੇਰੇ ਭਾਰਤ ਦੇ ਲੋਕ ਮਹਾਨ ਨੇ। ਸਿੱਖਿਆਵਾਂ ਦਾ ਦੌਰ ਇੱਥੇ ਵੀ ਅਜਿਹਾ ਹੀ ਚੱਲ ਰਿਹਾ ਹੈ। ਝੂਠੇ, ਮੱਕਾਰ ਅਤੇ ਪਾਖੰਡੀ ਧੰਦੇਬਾਜ਼ਾਂ ਨੂੰ ਮਹਾਂਪੁਰਖ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪਰ ਤਰਕਸ਼ੀਲ ਨਕਾਬ ਉਤਾਰਨ ਨੂੰ ਮਿੰਟ ਵੀ ਨਹੀਂ ਲਾਉਂਦੇ। ਦਿਨੋ-ਦਿਨ ਲੋਕ ਸਮਝ ਰਹੇ ਹਨ ਕਿ ਤਰਕਸ਼ੀਲ ਕਿਤਾਬਾਂ ਇਨਾਂ ਜਿੰਦਰਿਆਂ ਨੂੰ ਖੋਹਲਣ ਲਈ ਚਾਬੀਆਂ ਹਨ। ਕਿਤਾਬਾਂ ਅਸਲੀਅਤ ਵੀ ਉਜਾਗਰ ਕਰ ਦਿੰਦੀਆਂ ਹਨ।
ਇਤਿਹਾਸ ਦੇ ਪੰਨਿਆਂ ਵਿੱਚ ਇੱਕ ਲੜਕੀ ਵਿਲਮਾ ਰੁਡੋਲਫ ਦਾ ਜ਼ਿਕਰ ਵੀ ਆਉਂਦਾ ਹੈ। ਕਹਿੰਦੇ ਹਨ ਕਿ ਜਦੋਂ ਇਸ ਲੜਕੀ ਦੀ ਉਮਰ ਚਾਰ ਸਾਲ ਦੀ ਸੀ ਤਾਂ ਉਹ ਪੋਲੀਓ ਦੀ ਸ਼ਿਕਾਰ ਹੋ ਗਈ। ਡਾਕਟਰਾਂ ਨੇ ਉਸਦੀਆਂ ਟੰਗਾਂ ਨੂੰ ਸਿੱਧੇ ਕਰਨ ਲਈ ਉਸਨੂੰ ਕੜੇ ਪਹਿਨਾ ਦਿੱਤੇ। ਉਸਦੀ ਮਾਂ ਉਸਦੀ ਹੌਂਸਲਾ-ਅਫ਼ਜਾਈ ਕਰਦੀ ਰਹੀ। 9 ਸਾਲ ਦੀ ਉਮਰ ਵਿੱਚ ਉਸਨੇ ਕੜੇ ਉਤਾਰ ਦਿੱਤੇ ਅਤੇ ਕਲਾਸ ਦੇ ਵਿਦਿਆਰਥੀਆਂ ਨਾਲ ਭੱਜਣਾ ਸ਼ੁਰੂ ਕਰ ਦਿੱਤਾ। 13 ਸਾਲ ਦੀ ਉਮਰ ਵਿਚ ਉਹ ਪਹਿਲੀ ਵਾਰ ਕਿਸੇ ਪ੍ਰਤੀਯੋਗਤਾ ਲਈ ਦੌੜੀ, ਪਰ ਸਭ ਤੋਂ ਆਖਰੀ ਨੰਬਰ ‘ਤੇ ਰਹੀ। ਇਸ ਤਰਾਂ ਕਰਦੀ ਉਹ ਯੂਨੀਵਰਸਿਟੀ ਵਿਚ ਪਹੁੰਚ ਗਈ। ਇੱਥੇ ਉਹ ਏਡ ਟੈਂਪਲ ਨਾਂ ਦੇ ਇਕ ਕੋਚ ਨੂੰ ਮਿਲੀ ਅਤੇ ਕਿਹਾ ਕਿ, ”ਮੈਂ ਦੁਨੀਆਂ ਦੀ ਸਭ ਤੋਂ ਤੇਜ਼ ਦੌੜਾਕ ਬਣਨਾ ਚਾਹੁੰਦੀ ਹਾਂ। ਤੁਸੀਂ ਮੈਨੂੰ ਸਿਖਲਾਈ ਦਿਓ।” ਕੋਚ ਕਹਿਣ ਲੱਗਿਆ, ”ਤੇਰੀਆਂ ਪੋਲੀਓ-ਗ੍ਰਸਤ ਟੰਗਾਂ ਦਰਸਾ ਰਹੀਆਂ ਹਨ ਕਿ ਤੂੰ ਅਜਿਹਾ ਨਹੀਂ ਕਰ ਸਕੇਂਗੀ ਪਰ ਤੇਰੀਆਂ ਗੱਲਾਂ ਵਿੱਚੋਂ ਝਲਕਦਾ ਤੇਰਾ ਆਤਮ-ਵਿਸ਼ਵਾਸ ਤੈਨੂੰ ਬੁਲੰਦੀਆਂ ‘ਤੇ ਪੁਚਾ ਸਕਦਾ ਹੈ ਅਤੇ ਮੈਂ ਤੈਨੂੰ ਸਿਖਲਾਈ ਦੇਵਾਂਗਾ।”
1960 ਦੀਆਂ ਉਲੰਪਿਕ ਖੇਡਾਂ ਆ ਗਈਆਂ। ਇਨਾਂ ਵਿੱਚ ਭਾਗ ਲੈਣ ਵਾਲੀ ਇਕ ਲੜਕੀ ਜੂਟਾ ਹੈਨ ਵੀ ਸੀ, ਜੋ ਕਦੇ ਕਿਸੇ ਤੋਂ ਦੌੜ ਵਿਚ ਹਾਰੀ ਨਹੀਂ ਸੀ। ਸੌ ਮੀਟਰ ਦੀ ਦੌੜ ਵਿੱਚ ਵਿਲਮਾ ਨੇ ਹੈਨ ਨੂੰ ਹਰਾ ਕੇ ਸੋਨ-ਤਮਗਾ ਜਿੱਤਿਆ। ਦੋ ਸੌ ਮੀਟਰ ਦੀ ਦੌੜ ਵਿੱਚ ਵੀ ਉਸਨੇ ਹੈਨ ਨੂੰ ਮਾਤ ਦਿੱਤੀ। ਇਹ ਉਸਦਾ ਦੂਸਰਾ ਸੋਨ-ਤਮਗਾ ਸੀ। ਇਸ ਤੋਂ ਬਾਅਦ ਉਸਨੇ 400 ਮੀਟਰ ਵਿੱਚ ਵੀ ਰਿਲੇਅ ਦੌੜ ਲਗਾਈ। ਇਸ ਵਿੱਚ ਚਾਰ ਖਿਡਾਰੀਆਂ ਦੀ ਟੀਮ ਹੁੰਦੀ ਹੈ। ਸਭ ਤੋਂ ਅਖੀਰ ਵਿੱਚ ਸਭ ਤੋਂ ਤੇਜ਼ ਦੌੜਾਕ ਹੀ ਦੌੜਦਾ ਹੈ। ਵਿਲਮਾ ਨੇ ਵੀ ਚੌਥੇ ਨੰਬਰ ‘ਤੇ ਦੌੜਨਾ ਸੀ। ਬੇਟਨ ਫੜਨ ਸਮੇਂ ਉਸਤੋਂ ਬੇਟਨ ਡਿੱਗ ਪਈ। ਬੇਟਨ ਚੁੱਕ ਕੇ ਵੀ ਉਸਦੀ ਟੀਮ ਪਹਿਲੇ ਨੰਬਰ ‘ਤੇ ਰਹੀ। ਇਹ ਉਸਦਾ ਉਲੰਪਿਕ ਵਿਚ ਤੀਜਾ ਸੋਨ-ਤਮਗਾ ਸੀ।
ਉਪਰੋਕਤ ਸੱਚੀ ਉਦਾਹਰਣ ਸਿੱਧ ਕਰਦੀ ਹੈ ਕਿ ਆਤਮ-ਵਿਸ਼ਵਾਸ ਅਜਿਹਾ ਗੁਰ ਹੈ ਜਿਹੜਾ ਕਿਸੇ ਵੀ ਮਨੁੱਖ ਨੂੰ ਬੁਲੰਦੀਆਂ ‘ਤੇ ਪੁਚਾ ਸਕਦਾ ਹੈ। ਸੋ ਆਓ, ਝੂਠੀਆਂ-ਮੂਠੀਆਂ ਫਹੁੜੀਆਂ ਨੂੰ ਵਗਾਹ ਮਾਰੀਏ। ਸੰਘਰਸ਼ ਤੇ ਆਤਮ-ਵਿਸ਼ਵਾਸ ਰਾਹੀਂ ਸਿਖ਼ਰਾਂ ‘ਤੇ ਪੈੜਾਂ ਦੇ ਨਿਸ਼ਾਨ ਛੱਡੀਏ।
ਅੰਤ ਵਿੱਚ ਮੈਂ ਆਪਣੇ ਤਰਕਸ਼ੀਲ ਸਾਥੀਆਂ ਤੇ ਅਗਾਂਹਵਧੂੁ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸੰਘਰਸ਼ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨੂੰ ਜਿੱਤਣ ਲਈ ਆਤਮ ਵਿਸ਼ਵਾਸ ਦੀ ਲੋੜ ਹੈ।