’ਤੇ ਇਉਂ ਜਾਂਦੀ ਸੀ ਪਰਚੀ ਆਂਡੇ ਵਿੱਚ

By | July 31, 2018

ਮੇਘ ਰਾਜ ਮਿੱਤਰ, 9888787440egg
ਪਿਛਲੇ ਹਫ਼ਤਿਆਂ ਤੋਂ ਜਿਹੜੀ ਖ਼ਬਰ ਟਰਾਂਟੋ ਦੇ ਏਰੀਏ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਹ ਇੱਕ ਠੱਗ ਬਾਬੇ ਵੱਲੋਂ ਕਿਵੇਂ ਕਿੰਨੇ ਹੀ ਭੋਲੇ ਭਾਲੇ ਲੋਕਾਂ ਨੂੰ ਦਿਨ ਦਿਹਾੜੇ ਲੁੱਟਿਆ ਗਿਆ। ਭਾਵੇਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਪਰ ਖ਼ਬਰਾਂ ਵਿੱਚ ਆਉਣ ਵਾਲੀ ਕੈਨੇਡੀਅਨ ਭਾਈਚਾਰੇ ਵਿੱਚ ਵਾਪਰੀ ਸਭ ਤੋਂ ਵੱਡੀ ਠੱਗੀ ਜ਼ਰੂਰ ਹੈ। ਕਿਉਂਕਿ ਇੱਕ ਅਨੁਮਾਨ ਅਨੁਸਾਰ ਇਸ ਬਾਬੇ ਨੇ ਕੋਈ ਹਜ਼ਾਰਾਂ ਵਿੱਚ ਨਹੀਂ ਸਗੋਂ ਮਿਲੀਅਨਸ ਡਾਲਰਾਂ ਦੀ ਠੱਗੀ ਮਾਰੀ ਹੈ। ਹੁਣ ਸਵਾਲ ਇਹ ਹੈ ਕਿ ਕਿਉਂ ਵਾਪਰਦੀਆਂ ਨੇ ਇਹੋ ਜਿਹੀਆਂ ਘਟਨਾਵਾਂ? ਕਿਉਂ ਅਸੀਂ ਅਜਿਹਾ ਕਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ? ਇਨਾਂ ਸਾਰੇ ਸਵਾਲਾਂ ਦਾ ਇੱਕੋ ਇੱਕ ਜਵਾਬ ਹੈ ਸਾਡੀ ਸੋਚ ਦਾ ਤਰਕਸ਼ੀਲ ਨਾ ਹੋਣਾ।
ਅਜਿਹਾ ਹੀ ਟਰਾਂਟੋ ਵਿੱਚ ਵਾਪਰਿਆ ਹੈ। ਰੋਸ਼ਨ ਭਾਈ ਨਾਮ ਦਾ ਠੱਗ ਬਾਬਾ ਲੋਕਾਂ ਨੂੰ ਆਪਣੇ ਘਰੋਂ ਆਂਡੇ ਲਿਆਉਣ ਲਈ ਕਹਿੰਦਾ। ਫਿਰ ਉਨਾਂ ਆਂਡਿਆਂ ਉੱਪਰ ਸਾਰੇ ਪਰਿਵਾਰ ਦਾ ਨਾਂ ਲਿਖ ਦਿੰਦਾ ਅਤੇ ਫਿਰ ਅੰਡਿਆਂ ਨੂੰ ਊਬਾਲ ਕੇ ਠੰਢੇ ਕਰਨ ਲਈ ਪਾਣੀ ਵਿੱਚ ਪਾਉਂਦਾ। ਫਿਰ ਆਂਡੇ ਛਿੱਲਣ ਲਈ ਕਹਿੰਦਾ ਤੇ ਉਨਾਂ ਆਂਡਿਆਂ ਵਿਚੋਂ ਇੱਕ ਆਂਡੇ ਵਿੱਚੋਂ ਪਰਚੀ ਨਿਕਲਦੀ, ਜਿਸ ਵਿੱਚ ਲਿਖਿਆ ਹੁੰਦਾ ਸੀ ‘ਤੁਸੀਂ ਕਿਸਮਤ ਵਾਲੇ ਹੋ’, ਲਾਟਰੀ ਅਤੇ ਉਸ ਦਾ ਨੰਬਰ।” ਇਸ ਆਮ ਜਾਦੂ ਦੇ ਟਰਿੱਕ ਨਾਲ ਬਾਰੇ ਨੇ ਖ਼ਬਰਾਂ ਅਨੁਸਾਰ ਲਗਭਗ 3 ਮਿਲੀਅਨ ਡਾਲਰ ਵੱਖ ਵੱਖ ਲੋਕਾਂ ਤੋਂ ਠੱਗੇ ਅਤੇ ਫਰਾਰ ਹੋ ਗਿਆ। ਐਨੇ ਵੱਡੇ ਪੱਧਰ ਦੇ ਲੋਕਾਂ ਦੇ ਲੁੱਟੇ ਜਾਣ ਦਾ ਇੱਕ ਕਾਰਨ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਉੱਤੇ ਹੈਰਾਨੀ ਹੈ ਆਂਡੇ ਵਿੱਚ ਪਰਚੀ ਜਾਂਦੀ ਕਿਵੇਂ ਹੈ? ਬਾਬਾ ਸੱਚੀਂ ਕੋਈ ਕਰਨੀ ਵਾਲਾ ਹੀ ਹੈ। ਬਾਬੇ ਦੇ ਝੂਠ ਦੇ ਪਰਦੇ ਨੂੰ ਲਾਹਿਆ ਟਰਾਂਟੋ ਵਿੱਚ ਕਈ ਸਾਲਾਂ ਤੋਂ ਤਰਕਸ਼ੀਲ (ਰੈਸ਼ਨਲਿਸਟ) ਸੰਸਥਾ ਨਾਲ ਕੰਮ ਕਰਦੇ ਹਰਪਿੰਦਰ ਬਰਾੜ ਨੇ, ਜਿਸ ਨੇ ‘ਗਾਉਂਦਾ ਪੰਜਾਬ’ ਟੈਲੀਵਿਜ਼ਨ ਪ੍ਰੋਗਰਾਮ , ਜੋ ਕਿ ਹਰ ਸ਼ਨੀਵਾਰ ਵਿਜ਼ਨ ਟੀ.ਵੀ. ਤੋਂ ਪੇਸ਼ ਹੁੰਦਾ ਹੈ। ਜਿਸ ਨੂੰ ਜੋਗਿੰਦਰ ਸਿੰਘ ਵਾਸੀ ਪੇਸ਼ ਕਰਦੇ ਹਨ। ਹਰਪਿੰਦਰ ਬਰਾੜ ਨੇ ਬੜੇ ਵਿਸਥਾਰ ਨਾਲ ਜਿੱਥੇ ਪਰਚੀ ਆਂਡੇ ਵਿੱਚ ਜਾਣ ਦਾ ਰਾਜ ਲੋਕਾਂ ਨੂੰ ਦੱਸਿਆ, ਉੱਥੇ ਇਨਾਂ ਬਾਬਿਆਂ ਨੂੰ ਚੁਣੌਤੀ ਦਿੱਤੀ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਆਪਣੀ ਨਿੱਜੀ ਜ਼ਿੰਦਗੀ ਵਿੱਚ ਅਪਨਾਉਣ ਦੀ ਪੁਰਜ਼ੋਰ ਅਪੀਲ ਵੀ ਕੀਤੀ। ਇੱਥੇ ਉਨਾਂ ਨੇ ਮੇਘ ਰਾਜ ਮਿੱਤਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਜਿੰਨਾਂ ਨੇ ਆਡਿਆਂ ਵਾਲੇ ਬਾਬੇ ਦੇ ਝੂਠ ਤੋਂ ਪਰਦਾ ਫਾਸ਼ ਕਰਨ ਲਈ ਉਨਾਂ ਦੀ ਸਹਾਇਤਾ ਕੀਤੀ।ਆਓ ਜ਼ਰਾ ਦੇਖੀਏ ਕਿ ਇਹ ਟਰਿੱਕ ਕਿਵੇਂ ਕੀਤਾ ਜਾਂਦਾ ਸੀ।
ਪਹਿਲੀ ਗੱਲ, ਬਾਬੇ ਕੋਲ ਪਹਿਲਾਂ ਤੋਂ ਇੱਕ ਆਂਡਾ, ਜਿਸ ਵਿੱਚ ਲਾਟਰੀ ਵਾਲੀ ਪਰਚੀ ਪਾਈ ਹੁੰਦੀ ਹੈ, ਤਿਆਰ ਕੀਤਾ ਹੁੰਦਾ ਹੈ, ਜਿਸ ਉੱਤੇ ਆਪਣੇ ਸ਼ਿਕਾਰ ਦਾ ਨਾਂ ਵੀ ਲਿਖਿਆ ਹੁੰਦਾ ਹੈ। ਸ਼ਿਕਾਰ ਦੁਆਰਾ ਲਿਆਂਦੇ ਗਏ ਆਂਡਿਆਂ ਉੱਪਰ ਆਪ ਨਾਂ ਲਿਖਦਾ ਸੀ ਤਾਂ ਕਿ ਜੋ ਅੰਡਾ ਬਾਬੇ ਕੋਲ ਪਹਿਲਾਂ ਤੋਂ ਹੀ ਤਿਆਰ ਹੈ ਅਤੇ ਸ਼ਿਕਾਰ ਵਾਲੇ ਆਂਡਿਆਂ ਦੀ ਲਿਖਾਈ, ਭਾਸ਼ਾ ਅਤੇ ਨਾ ਵਗੈਰਾ ਬਾਬੇ ਵਾਲੇ ਆਂਡੇ ਨਾਲ ਮਿਲਦੇ ਹੋਣ। ਬਾਬੇ ਕੋਲ ਦੋ ਮੌਕੇ ਆਂਡਾ ਬਦਲਣ ਦੇ ਹੁੰਦੇ ਸਨ, ਇੱਕ ਤਾਂ ਅੰਡਿਆਂ ਉੱਪਰ ਨਾ ਲਿਖਣ ਵੇਲੇ ਜਾਂ ਊਬਾਲਣ ਤੋਂ ਬਾਅਦ ਜਦੋਂ ਆਂਡਿਆਂ ਨੂੰ ਠੰਢਾ ਕਰਨ ਲਈ ਬਾਬਾ ਪਾਣੀ ਬਦਲਦਾ ਸੀ। ਉਸ ਵੇਲੇ ਬਾਬਾ ਪਹਿਲਾਂ ਤੋਂ ਹੀ ਤਿਆਰ ਆਂਡਾ ਆਪਣੇ ਸ਼ਿਕਾਰ ਵਾਲੇ ਆਂਡੇ ਨਾਲ ਹੁਸ਼ਿਆਰੀ ਨਾਲ ਬਦਲ ਦਿੰਦਾ ਸੀ। ਇਸ ਟਰਿੱਕ ਵਿੱਚ ਔਖਾ ਕੰਮ ਆਂਡਾ ਬਦਲਣਾ ਹੀ ਹੈ। ਜਿਸ ਲਈ ਕਾਫ਼ੀ ਅਭਿਆਸ ਦੀ ਲੋੜ ਹੁੰਦੀ ਹੈ। ਇੱਕ ਗੱਲ ਇਹ ਹੈ ਕਿ ਸਾਧ ਕੋਲ ਕੋਈ ਪਾਰਖੂ ਨਜ਼ਰ ਨਹੀਂ ਜਾਂਦਾ। ਸ਼ਰਧਾ ਕਾਰਨ ਲੋਕ ਪਹਿਲਾਂ ਹੀ ਹਿਪਨੋਟਾਈਜ਼ ਹੋਏ ਹੁੰਦੇ ਹਨ। ਜਿੰਨਾ ਚਿਰ ਤੱਕ ਕੋਈ ਬਾਬਾ, ਸਾਧ ਜਾਂ ਜੋਤਸ਼ੀ ਦਾ ਝੂਠ ਫੜਿਆ ਨਹੀਂ ਜਾਂਦਾ ਉਦੋਂ ਤੱਕ ਉਹ ਕਰਨੀ ਵਾਲੇ ਹੀ ਬਣੇ ਰਹਿੰਦੇ ਹਨ। ਲੋਕਾਂ ਦਾ ਲਾਈਲੱਗ ਵਾਲਾ ਸੁਭਾਅ ਹੀ ਇਹਨਾਂ ਠੱਗਾਂ ਦਾ ਵਧੀਆ ਹਥਿਆਰ ਹੈ। ਟਰਾਂਟੋ ਦੀ ਪੁਲਿਸ ਅਤੇ ਫਰਾਡ ਮਹਿਕਮੇ ਵਾਲੇ ਇਸ ਬਾਬੇ ਦੀ ਭਾਲ ਕਰ ਰਹੇ ਹਨ। ਇਸ ਬਾਬੇ ਬਾਬੇ ਕਿਸੇ ਨੂੰਕੋਈ ਪਤਾ ਨਹੀਂ, ਉਹ ਕਿੱਥੇ ਹੈ, ਭਾਲ ਅਜੇ ਜਾਰੀ ਹੈ। ਫੜਿਆ ਜਾਵੇਗਾ ਜਾਂ ਨਹੀਂ, ਕੁੱਝ ਨਹੀਂ ਕਿਹਾ ਜਾ ਸਕਦਾ। ਇਹ ਵੀ ਹੋ ਸਕਦਾ ਹੈ ਕਿ ਬਾਬਾ ਕਿਧਰੇ ਹੋਰ ਬੈਠਾ ਆਪਣੀਆਂ ਕਰਾਮਾਤਾਂ ਦਿਖਾ ਰਿਹਾ ਹੋਵੇ।
ਉਪਰੋਕਤ ਘਟਨਾਵਾਂ ਦੇ ਵਾਪਰਣ ਦਾ ਕਾਰਣ ਜਿੱਥੇ ਆਮ ਲੋਕਾਂ ਦੀ ਅੰਧਵਿਸ਼ਵਾਸ਼ੀ ਸੋਚ ਹੈ, ਉੱਥੇ ਮੀਡੀਆ ਵੀ ਪੂੂਰੀ ਤਰਾਂ ਜਿੰਮੇਵਾਰ ਹੈ। ਜਿੱਥੇ ਮੀਡੀਆ ਦਾ ਇੱਕ ਹਿੱਸਾ ਅਜਿਹੇ ਬਾਬਿਆਂ ਦਾ ਪਰਦਾ ਫਾਸ਼ ਕਰਦਾ ਹੈ, ਉੱਥੇ ਮੀਡੀਆ ਦਾ ਹੀ ਇੱਕ ਹਿੱਸਾ ਇਨਾਂ ਬਾਬਿਆਂ ਦੇ ਇਸ਼ਤਿਹਾਰ ਦਿੰਦਾ ਹੈ। ਜਿਵੇਂ ਕਿ ਪਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਿਸ ਤਰਾਂ ਉਸ ਨੇ ਇੱਕ ਰੇਡੀਓ ਤੋਂ ਠੱਗ ਬਾਬੇ ਦੀ ਐਡ ਸੁਣੀ ਤੇ ਆਪਣੇ ਘਰ ਦੀ ਸਮੱਸਿਆ ਬਾਰੇ ਬਾਬੇ ਕੋਲ ਗਿਆ। ਤਾਂ ਹੁਣ ਸਵਾਲ ਇਹ ਹੈ ਕਿ ਕੀ ਫ਼ਰਕ ਹੈ ਅਜਿਹੇ ਮੀਡੀਆ ਅਤੇ ਸਾਧ ਬਾਬਿਆਂ ਵਿਚਕਾਰ? ਪਰ ਜਦੋਂ ਕਦੀ ਵੀ ਸਾਧਾਂ ਦੀ ਮਸ਼ਹੂਰੀ ਕਰਨ ਵਾਲੇ ਮੀਡੀਆ ਸੰਚਾਲਕਾਂ ਨੂੰ ਸੁਆਲ ਕੀਤਾ ਜਾਂਦਾ ਹੈ ਤਾਂ ਉਹ ਬੇਸਿਰ-ਪੈਰ ਦਲੀਲ ਦਿੰਦੇ ਇਹ ਆਖ ਕੇ ਪਿਛਾ ਛੁਡਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ”ਦੇਖੋ ਜੀ ਸਾਧ ਲੋਕਾਂ ਨੂੰ ਲੁੱਟਦੇ ਹਨ ਅਤੇ ਅਸੀਂ ਸਾਧਾਂ ਨੂੰ ਲੁੱਟਦੇ ਹਾਂ।” ਹੁਣ ਇਸ ਦਾ ਸਿੱਧਾ ਅਰਥ ਤਾਂ ਇਹੋ ਹੋਇਆ ਕਿ ਇਸ ਕਿਸਮ ਦੇ ਮੀਡੀਆ ਵਾਲੇ ਸਾਧਾਂ ਰਾਹੀਂ ਲੋਕਾਂ ਨੂੰ ਲੁੱਟਦੇ ਹਨ। ਹੁਣ ਗੱਲ ਆਉਂਦੀ ਹੈ ਕਿ ਆਮ ਲੋਕਾਂ ਦੀਆਂ ਇਹ ਠੱਗੀਆਂ ਅਤੇ ਧੋਖੇ ਓਨਾ ਚਿਰ ਜਾਰੀ ਰਹਿਣਗੇ ਜਦੋਂ ਤੱਕ ਲੋਕ ਤਰਕਸ਼ੀਲਤਾ ਨੂੰ ਆਪਣੀ ਜ਼ਿੰਦਗੀ ਦਾ ਅੰਗ ਨਹੀਂ ਬਣਾਉਂਦੇ ਤੇ ਹਰ ਘਟਨਾ ਜਾਂ ਚਮਤਕਾਰ ਨੂੰ ਕੀ, ਕਿਉਂ, ਕਦੋਂ, ਕਿੱਥੇ ਤੇ ਕਿਵੇਂ ਦੀ ਕਸੌਟੀ ‘ਤੇ ਨਹੀਂ ਪਰਖਦੇ।