ਨਿਰੋਗ ਜੀਵਨ

By | July 31, 2018

nirogਮੇਘ ਰਾਜ ਮਿੱਤਰ, 9888787440
ਜੇ ਤੁਸੀਂ ਹੀ ਨਹੀਂ ਜਾਂ ਤੁਹਾਡਾ ਸਰੀਰ ਤੰਦਰੁਸਤ ਨਹੀਂ ਤਾਂ ਤੁਹਾਡੇ ਦੁਆਰਾ ਕਲਪੇ ਗਏ ਉਦੇਸ਼ਾਂ ਦਾ ਕੀ ਬਣੇਗਾ? ਉਹ ਉਦੇਸ਼, ਜਿਨਾਂ ਲਈ ਤੁਸੀਂ ਆਪਣੀ ਜਵਾਨੀ ਦੇ ਸੁਨਹਿਰੀ ਦਿਨਾਂ ਦੇ ਕਈ ਦਹਾਕੇ ਲਾਏ ਸਨ। ਉਹਨਾਂ ਦੀ ਫ਼ਸਲ ਪੱਕਣ ਸਮੇਂ ਤੁਸੀਂ ਉਸ ਨੂੰ ਵੇਖ ਹੀ ਨਾ ਸਕੋ। ਇਸ ਤੋਂ ਵਧੇਰੇ ਅਫ਼ਸੋਸ ਦੀ ਗੱਲ ਕੀ ਹੋ ਸਕਦੀ ਹੈ? ਭਾਵੇਂ ਨਿਰੋਗ ਰਹਿਣਾ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ, ਪਰ ਫਿਰ ਵੀ ਪਚੱਨਵੇਂ ਫ਼ੀਸਦੀ ਬਿਮਾਰੀਆਂ ਮਨੁੱਖ, ਅਣਜਾਣਪੁਣੇ ਜਾਂ ਲਾਪ੍ਰਵਾਹੀ ਕਾਰਨ ਆਪਣੇ-ਆਪ ਨੂੰ ਸਹੇੜ ਲੈਂਦਾ ਹੈ। ਇਸ ਅਧਿਆਏ ਦਾ ਮੁੱਖ ਮਨੋਰਥ ਹੀ ਆਮ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਹੈ ਕਿ ਮਨੁੱਖ ਨਿਰੋਗ ਕਿਵੇਂ ਰਹੇ? ਇਸ ਇਕ ਚੈਪਟਰ ਨੂੰ ਲਿਖਣ ਤੋਂ ਪਹਿਲਾਂ ਮੈਂ ਉਹਨਾਂ ਦਰਜਨਾਂ ਬਜ਼ੁਰਗਾਂ, ਪੁਸਤਕਾਂ ਦੇ ਲੇਖਕਾਂ ਅਤੇ ਐਮ.ਬੀ.ਬੀ.ਐਸ. ਡਾਕਟਰਾਂ ਦਾ ਧੰਨਵਾਦੀ ਹਾਂ, ਜਿਨਾਂ ਨਾਲ ਕੀਤੇ ਬਹਿਸ ਵਟਾਂਦਰੇ ਨੂੰ ਮੈਂ ਤੁਹਾਡੇ ਤਕ ਲੈ ਕੇ ਆ ਰਿਹਾ ਹਾਂ।
ਨਿਰੋਗ ਰਹਿਣ ਲਈ ਹੇਠ ਲਿਖੀਆਂ ਗੱਲਾਂ ਦੀ ਬਹੁਤ ਜ਼ਰੂਰਤ ਹੈ।

1. ਚੰਗੀ ਖ਼ੁਰਾਕ
ਮੈਂ ਕਿਸੇ ਵੀ ਅਜਿਹੇ ਬਜ਼ੁਰਗ ਨੂੰ ਲੰਮੀ ਉਮਰ ਭੋਗਦੇ ਨਹੀਂ ਵੇਖਿਆ, ਜਿਸ ਨੇ ਜ਼ਿਆਦਾ ਭੋਜਨ ਖਾਣ ‘ਤੇ ਜ਼ੋਰ ਦਿੱਤਾ ਹੋਵੇ, ਸਗੋਂ ਜ਼ਿਆਦਾ ਭੋਜਨ ਖਾਣ ਵਾਲੇ ਛੇਤੀ ਮਰਦੇ ਹਨ। ਲੰਬੀ ਉਮਰ ਸਿਰਫ਼ ਉਹ ਵਿਅਕਤੀ ਬਤੀਤ ਕਰਦੇ ਹਨ, ਜਿਹੜੇ ਸੰਤੁਲਤ ਖ਼ੁਰਾਕ ਖਾਂਦੇ ਹਨ। ਅੱਜ-ਕੱਲ ਦੇ ਜ਼ਮਾਨੇ ਵਿਚ ਜਦੋਂ ਸਾਡੇ ਸਰੀਰਾਂ ਨੂੰ ਜ਼ਿਆਦਾ ਜ਼ੋਰ ਵਾਲਾ ਕੰਮ ਨਹੀਂ ਕਰਨਾ ਪੈਂਦਾ ਤਾਂ ਖਾਧੀ ਹੋਈ ਵੱਧ ਖ਼ੁਰਾਕ ਸਰੀਰ ਨੂੰ ਹੀ ਖਾਣਾ ਸ਼ੁਰੂ ਕਰ ਦਿੰਦੀ ਹੈ। ਖਾਣੇ ਵਿਚ ਚਿਕਨਾਈ ਦੀ ਜ਼ਿਆਦਾ ਮਾਤਰਾ ਸਾਡੀਆਂ ਨਾੜੀਆਂ ਵਿਚ ਜੰਮ ਜਾਂਦੀ ਹੈ ਅਤੇ ਖ਼ੂਨ ਦਾ ਵੱਗਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਲਈ ਪੰਜਾਹ ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿਚ ਬਹੁਤੀਆਂ ਮੌਤਾਂ ਦਿਲ ਦੇ ਦੌਰੇ ਕਾਰਨ ਹੁੰਦੀਆਂ ਹਨ। ਦਿਲ ਦੇ ਦੌਰੇ ਦਾ ਸਿੱਧਾ ਸਬੰਧ ਵਧੇ ਹੋਏ ਕਲੈਸਟਰੋਲ ਦੇ ਪੱਧਰ ਨਾਲ ਹੁੰਦਾ ਹੈ। ਆਮ ਪੰਜਾਬੀਆਂ ਦਾ ਇਹ ਵਿਚਾਰ ਹੈ ਕਿ ਦੇਸੀ ਘਿਓ ਖਾਣਾ ਬਹੁਤ ਫ਼ਾਇਦੇਮੰਦ ਹੈ, ਜਦੋਂਕਿ ਵਿਗਿਆਨੀ ਇਸ ਧਾਰਨਾ ਦੇ ਹਾਮੀ ਨਹੀਂ। ਉਨਾਂ ਅਨੁਸਾਰ, ਵਣਸਪਤੀ ਤੋਂ ਸਿੱਧੀ ਪ੍ਰਾਪਤ ਹੋਈ ਚਿਕਨਾਈ ਪਸ਼ੂਆਂ ਤੋਂ ਪ੍ਰਾਪਤ ਹੋਈ ਚਿਕਨਾਈ ਨਾਲੋਂ ਵੱਧ ਫ਼ਾਇਦੇਮੰਦ ਹੁੰਦੀ ਹੈ। ਚਿਕਨਾਈ ਵੀ ਦੋ ਕਿਸਮ ਦੀ ਹੁੰਦੀ ਹੈ। ਇਕ ਚਿਕਨਾਈ ਮੱਝਾਂ, ਗਾਵਾਂ ਅਤੇ ਸੂਰਾਂ ਤੋਂ ਪ੍ਰਾਪਤ ਹੁੰਦੀ ਹੈ। ਇਹ ਆਮ ਤੌਰ ‘ਤੇ ਠੰਢਾ ਕਰਨ ‘ਤੇ ਜੰਮ ਜਾਂਦੀ ਹੈ। ਇਸ ਚਿਕਨਾਈ ਨੂੰ ਸੰਤ੍ਰਿਪਤ ਚਿਕਨਾਈ ਕਹਿ ਸਕਦੇ ਹਾਂ। ਇਹ ਸਾਡੇ ਸਰੀਰ ਅੰਦਰਲੇ ਕਲੈਸਟਰੋਲ ਦੇ ਪੱਧਰ ਨੂੰ ਵਧਾ ਦਿੰਦੀ ਹੈ। ਦੂਜੀ ਚਿਕਨਾਈ ਇਸ ਤੋਂ ਘੱਟ ਨੁਕਸਾਨਦਾਇਕ ਹੁੰਦੀ ਹੈ। ਇਸ ਨੂੰ ਅਸੰਤ੍ਰਿਪਤ ਚਿਕਨਾਈ ਕਹਿ ਸਕਦੇ ਹਾਂ। ਇਹ ਚਿਕਨਾਈ ਆਮ ਤੌਰ ‘ਤੇ ਸੂਰਜਮੁਖੀ, ਸਰੋਂ, ਸੋਇਆਬੀਨ ਆਦਿ ਤੋਂ ਪ੍ਰਾਪਤ ਹੁੰਦੀ ਹੈ। ਮੋਟੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਰਿਫ਼ਾਈਂਡ ਤੇਲ ਦੇਸੀ ਘਿਓ ਨਾਲੋਂ ਘੱਟ ਨੁਕਸਾਨਦਾਇਕ ਹਨ।
ਘਿਓ ਤੇ ਖੰਡ (ਗੁੜ ਤੇ ਸ਼ੱਕਰ ਵੀ ਖੰਡ ਹੁੰਦੇ ਹਨ) ਵਿਚ ਊਰਜਾ ਦੀਆਂ ਕੈਲੋਰੀਆਂ ਬਾਕੀ ਖਾਣਯੋਗ ਵਸਤੂਆਂ ਦੇ ਮੁਕਾਬਲੇ ਕਰੀਬ ਤਿੰਨ ਗੁਣਾਂ ਵੱਧ ਹੁੰਦੀਆਂ ਹਨ। ਦੁੱਧ ਪੀਣ ਸਮੇਂ ਅਸੀਂ ਇਹ ਧਿਆਨ ਨਹੀਂ ਦਿੰਦੇ ਕਿ ਅਸੀਂ ਇਸ ਵਿਚਲੀ ਕਿੰਨੀ ਚਿਕਨਾਈ ਆਪਣੇ ਅੰਦਰ ਜਮਾਂ ਕਰ ਰਹੇ ਹਾਂ। ਜੇ ਇਕ ਵਿਅਕਤੀ ਚਾਹ ਜਾਂ ਦੁੱਧ ਦੇ ਰੂਪ ਵਿਚ ਇਕ ਕਿਲੋ ਦੁੱਧ ਪੀ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਘੱਟੋ-ਘੱਟ ਇਕ ਸੌ ਵੀਹ ਗ੍ਰਾਮ ਘਿਓ ਖਾ ਜਾਂਦਾ ਹੈ, ਪਰ ਵਿਗਿਆਨੀਆਂ ਦਾ ਖਿਆਲ ਹੈ ਕਿ ਸਾਨੂੰ ਜਿਹੜੀਆਂ ਊਰਜਾ ਕੈਲੋਰੀਆਂ ਦੀ ਲੋੜ ਹੁੰਦੀ ਹੈ, ਉਹ 30 ਫ਼ੀਸਦੀ ਤੋਂ ਵੱਧ ਚਿਕਨਾਈ ਤੋਂ ਪ੍ਰਾਪਤ ਨਹੀਂ ਹੋਣੀ ਚਾਹੀਦੀ। ਜਦੋਂਕਿ ਪੰਜਾਬੀ ਤਾਂ ਪੰਜਾਹ ਫ਼ੀਸਦੀ ਤੋਂ ਵੱਧ ਕੈਲੋਰੀਆਂ ਚਿਕਨਾਈ ਤੋਂ ਹੀ ਪ੍ਰਾਪਤ ਕਰਦੇ ਹਨ। ਇਹ ਰੁਝਾਨ ਮਾੜਾ ਹੈ। ਜੇ ਤੁਸੀਂ ਕੋਈ ਸਰੀਰਕ ਮਿਹਨਤ ਨਹੀਂ ਕਰਦੇ ਤਾਂ ਇਸ ਚਿਕਨਾਈ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
ਉਂਝ ਵੀ ਦੁਨੀਆਂ ਦੇ ਕਿਸੇ ਵੀ ਮੁਲਕ ਵਿਚ ਸ਼ੁੱਧ ਦੁੱਧ ਪੀਤਾ ਹੀ ਨਹੀਂ ਜਾਂਦਾ। ਵਧੀਆ ਗੱਲ ਹੋਵੇਗੀ, ਜੇ ਲੋਕ ਦੁੱਧ ਨੂੰ ਸਪਰੇਟੇ ਦੇ ਰੂਪ ਵਿਚ ਵਰਤਣ।
ਮਿੱਠੇ ਦੀ ਬਹੁਤੀ ਵਰਤੋਂ ਨੇ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਦੇ ਮਰੀਜ਼ ਬਣਾ ਦਿੱਤਾ ਹੈ। ਇਸ ਲਈ ਇਸ ਦੀ ਵਰਤੋਂ ਵੀ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਖ਼ੁਰਾਕ ਵਿਚ ਚੰਗੀ ਤਰਾਂ ਸਾਫ਼ ਕੀਤੇ ਹੋਏ ਫਲ ਅਤੇ ਸਬਜ਼ੀਆਂ ਵੱਧ ਸ਼ਾਮਲ ਕਰਨੇ ਚਾਹੀਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹਨਾਂ ਨਾਲ ਹੀ ਢਿੱਡ ਨੂੰ ਭਰ ਲਿਆ ਜਾਵੇ। ਵਧੀਆ ਗੱਲ ਹੋਵੇਗੀ ਕਿ ਜੇ ਤੁਸੀਂ ਖ਼ੁਰਾਕ ਐਨੀ ਕੁ ਖਾਵੋ ਕਿ ਜੇ ਲੋੜ ਪਵੇ ਤਾਂ ਓਨੀ ਹੋਰ ਖਾ ਸਕਦੇ ਹੋਵੋ। ਮੇਰੇ ਕਹਿਣ ਦਾ ਮਤਲਬ ਹੈ ਕਿ ਖਾਣ ਵੇਲੇ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ। ਤੁਹਾਨੂੰ ਐਨੀ ਕੁ ਖ਼ੁਰਾਕ ਹਰ ਰੋਜ਼ ਖਾਣੀ ਚਾਹੀਦੀ ਹੈ ਕਿ ਉਹ ਤੁਹਾਡੇ ਅੰਦਰ ਵਾਧੂ ਕੈਲੋਰੀਆਂ ਜਮਾਂ ਨਾ ਕਰੇ।
ਖ਼ੁਰਾਕ ਦੇ ਨਾਲ ਹੀ ਸਾਲ ਵਿਚ ਤਿੰਨ ਜਾਂ ਚਾਰ ਵਾਰ ਤੁਹਾਨੂੰ ਮਲਟੀ ਵਿਟਾਮਿਨ ਦੀਆਂ ਗੋਲੀਆਂ ਵੀ ਜ਼ਰੂਰ ਚਾਰ ਕੁ ਹਫ਼ਤੇ ਲਈ ਵਰਤੋਂ ਵਿਚ ਲਿਆਉਣੀਆਂ ਚਾਹੀਦੀਆਂ ਹਨ। ਇਹਨਾਂ ਦੀ ਵਰਤੋਂ ਉਹਨਾਂ ਮਹੀਨਿਆਂ ਵਿਚ ਜ਼ਿਆਦਾ ਲਾਹੇਵੰਦ ਰਹਿੰਦੀ ਹੈ, ਜਿਨਾਂ ਵਿਚ ਤਾਜ਼ਾ ਤੇ ਹਰੀਆਂ ਸਬਜ਼ੀਆਂ ਦੀ ਘਾਟ ਹੋਵੇ। ਵਿਟਾਮਿਨ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਬਰਕਰਾਰ ਰੱਖਦੇ ਹਨ। ਵਿਟਾਮਿਨ ਸਾਨੂੰ ਬਾਹਰੋਂ ਇਸ ਲਈ ਲੈਣੇ ਪੈਂਦੇ ਹਨ ਕਿ ਸਾਡਾ ਸਰੀਰ ਇਹਨਾਂ ਨੂੰ ਖ਼ੁਦ ਪੈਦਾ ਨਹੀਂ ਕਰ ਸਕਦਾ।
ਸ਼ੁੱਧ ਪਾਣੀ ਮਨੁੱਖ ਦੀ ਅਤਿਅੰਤ ਲੋੜ ਹੈ। ਹਰ ਨੌਜਵਾਨ ਵਿਅਕਤੀ ਨੂੰ ਘੱਟੋ-ਘੱਟ ਦੋ ਲੀਟਰ ਪਾਣੀ (7 ਗਲਾਸ) ਜ਼ਰੂਰ ਪੀਣਾ ਚਾਹੀਦਾ ਹੈ। ਨਲਕਿਆਂ ਜਾਂ ਟੈਂਕੀਆਂ ਵਾਲੇ ਪਾਣੀ ਵਿਚ ਬਿਮਾਰੀਆਂ ਫੈਲਾਉਣ ਵਾਲੇ ਬਹੁਤ ਸਾਰੇ ਕੀਟਾਣੂ ਅਤੇ ਹੋਰ ਰਸਾਇਣਕ ਪਦਾਰਥ ਮਿਲੇ ਹੁੰਦੇ ਹਨ, ਜਿਹੜੇ ਸਰੀਰ ਲਈ ਨੁਕਸਾਨਦਾਇਕ ਹੁੰਦੇ ਹਨ। ਪੀਲੀਆ, ਟਾਈਫ਼ਾਈਡ ਅਤੇ ਹੈਜਾ ਵਰਗੀਆਂ ਬਿਮਾਰੀਆਂ ਤਾਂ ਦੂਸ਼ਿਤ ਪਾਣੀ ਪੀਣ ਦੇ ਦੋ-ਚਾਰ ਦਿਨਾਂ ਅੰਦਰ ਹੀ ਹੋ ਜਾਂਦੀਆਂ ਹਨ। ਜੋੜਾਂ ਦੇ ਦਰਦ ਅਤੇ ਦੰਦਾਂ ਦੀਆਂ ਕੁੱਝ ਬਿਮਾਰੀਆਂ ਲੰਬੇ ਸਮੇਂ ਦੌਰਾਨ ਹੋ ਜਾਂਦੀਆਂ ਹਨ। ਇਸ ਲਈ ਜੇ ਤੁਸੀਂ ਸਮਰੱਥ ਹੋ ਤਾਂ ਘਰਾਂ ਵਿਚ ਫਿਲਟਰ ਕੀਤਾ ਪਾਣੀ ਵਰਤੋ। ਬਾਜ਼ਾਰ ਵਿਚ ਉਪਲਬਧ ਫਿਲਟਰ ਇਹਨਾਂ ਜੀਵਾਣੂਆਂ ਦਾ ਨਾਸ਼ ਕਰਦੇ ਹਨ ਤੇ ਇਨਾਂ ਦੇ ਨਾਲ ਹੀ ਰਸਾਇਣਕ ਪਦਾਰਥਾਂ ਦੀ ਮਾਤਰਾ ਵੀ ਘਟਾ ਦਿੰਦੇ ਹਨ। ਸਫ਼ਰ ‘ਤੇ ਜਾਣ ਸਮੇਂ ਘਰੇਲੂ ਪਾਣੀ ਨਾਲ ਲਿਜਾਇਆ ਜਾ ਸਕਦਾ ਹੋਵੇ ਤਾਂ ਆਲਸ ਨਹੀਂ ਕਰਨੀ ਚਾਹੀਦੀ।
ਨਿਰੋਗ ਸਿਹਤ ਲਈ ਇਹ ਵੀ ਜ਼ਰੂਰੀ ਹੈ ਕਿ ਧਾਰਮਿਕ ਸਥਾਨਾਂ ‘ਤੇ ਵਰਤਾਏ ਜਾਂਦੇ ਪ੍ਰਸ਼ਾਦ, ਪਤਾਸਿਆਂ ਅਤੇ ਬਰਤਨ ਆਦਿ ਤੋਂ ਗੁਰੇਜ਼ ਕੀਤਾ ਜਾਵੇ। ਇਸ ਦੇ ਨਾਲ ਹੀ ਨਿਰਜਲਾ ਅਕਾਦਸ਼ੀ ਸਮੇਂ ਪਿਲਾਏ ਜਾਂਦੇ ਪਾਣੀ ਅਤੇ ਖੁਆਏ ਜਾਂਦੇ ਚੌਲਾਂ ਅਤੇ ਹੋਰ ਖਾਣਿਆਂ ਤੋਂ ਤੌਬਾ ਕੀਤੀ ਜਾਵੇ, ਕਿਉਂਕਿ ਇਨਾਂ ਜੱਗਾਂ ਆਦਿ ਦੀ ਤਿਆਰੀ ਸਮੇਂ ਵਰਤਾਵੇ ਤੇ ਬਰਤਨ ਜ਼ਿਆਦਾ ਹੁੰਦੇ ਹਨ, ਸੋ ਲੋੜੀਂਦੀ ਸਫ਼ਾਈ ਰਹਿ ਹੀ ਨਹੀਂ ਸਕਦੀ। ਧਾਰਮਿਕ ਸਥਾਨਾਂ, ਹੋਟਲਾਂ ਅਤੇ ਡੇਰਿਆਂ ‘ਤੇ ਖੁਆਏ ਜਾਂਦੇ ਖਾਣੇ ਕਦੇ ਵੀ ਤੁਹਾਡੇ ਘਰੇਂ ਤਿਆਰ ਕੀਤੇ ਖਾਣਿਆਂ ਤੋਂ ਸਫ਼ਾਈ ਪੱਖੋਂ ਵਧੀਆ ਨਹੀਂ ਹੋ ਸਕਦੇ। ਇਸ ਲਈ ਸਿਰਫ਼ ਮਜ਼ਬੂਰੀਵੱਸ ਹੀ ਇਹਨਾਂ ਦੀ ਵਰਤੋਂ ਕੀਤੀ ਜਾਵੇ।

2. ਕਸਰਤ
ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਨੇ ਆਪਣੇ ਜਹਾਜ਼ ਬੀਗਲ ਰਾਹੀਂ ਸਮੁੰਦਰੀ ਯਾਤਰਾ ਕਰਕੇ ਬਹੁਤ ਸਾਰੇ ਦੀਪਾਂ ਤੋਂ ਜਾਨਵਰਾਂ ਦੀਆਂ ਚੁੰਝਾਂ, ਪੰਜੇ, ਖੰਭ, ਹੱਡੀਆਂ ਅਤੇ ਮ੍ਰਿਤਕ ਸਰੀਰ ਇਕੱਠੇ ਕੀਤੇ ਅਤੇ ਕਈ ਸਾਲ ਇਹਨਾਂ ਦਾ ਅਧਿਐਨ ਕੀਤਾ। ਫਿਰ ਉਹ ਇਸ ਨਤੀਜੇ ‘ਤੇ ਪਹੁੰਚੇ ਕਿ ਜੀਵ ਜਿਹੜੇ ਅੰਗਾਂ ਨੂੰ ਵਰਤਦੇ ਰਹਿੰਦੇ ਹਨ ਉਹ ਅੰਗ ਵਿਕਸਤ ਹੋ ਜਾਂਦੇ, ਪਰ ਜਿਹੜੇ ਅੰਗਾਂ ਦੀ ਵਰਤੋਂ ਘਟਾ ਦਿੰਦੇ ਹਨ, ਉਹ ਹੌਲੀ-ਹੌਲੀ ਕਮਜ਼ੋਰ ਹੋ ਜਾਂਦੇ ਹਨ। ਆਮ ਪਿੰਡਾਂ ਵਿਚ ਹਰ ਕੋਈ ਜਾਣਦਾ ਹੈ ਕਿ ਜਿਹੜੇ ਵਿਅਕਤੀ ਜਾਂ ਟੀਮਾਂ ਵੱਧ ਅਭਿਆਸ ਕਰ ਲੈਂਦੀਆਂ ਹਨ, ਮੁਕਾਬਲਿਆਂ ਵਿਚ ਉਹਨਾਂ ਦੀ ਕਾਰਗ਼ੁਜ਼ਾਰੀ ਵੀ ਵਧੀਆ ਹੋ ਨਿਬੜਦੀ ਹੈ। ਸੋ, ਚੰਗੀ ਸਿਹਤ ਲਈ ਕਸਰਤ ਕਰਨਾ ਬਹੁਤ ਹੀ ਜ਼ਰੂਰੀ ਹੈ।
ਕਸਰਤ ਹੇਠ ਲਿਖੇ ਫ਼ਾਇਦੇ ਪਹੁੰਚਾਉਂਦੀ ਹੈ:
1) ਤੁਹਾਡੇ ਫੇਫੜੇ ਵੱਧ ਆਕਸੀਜਨ ਪ੍ਰਾਪਤ ਕਰਦੇ ਹਨ ਤੇ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਸਪਲਾਈ ਕਰਦੇ ਹਨ।
2) ਤੁਹਾਡਾ ਦਿਲ ਮਜ਼ਬੂਤ ਹੁੰਦਾ ਹੈ। ਸਿੱਟੇ ਵਜੋਂ ਸਰੀਰ ਦੇ ਸਾਰੇ ਅੰਗਾਂ ਨੂੰ ਖ਼ੂਨ ਦੀ ਸਪਲਾਈ ਵੱਧ ਹੁੰਦੀ ਹੈ।
3) ਤੁਹਾਡੀ ਚਮੜੀ ਨੂੰ ਖ਼ੂਨ ਦੀ ਪ੍ਰਾਪਤੀ ਵੱਧ ਹੁੰਦੀ ਹੈ, ਜਿਸ ਨਾਲ ਇਹ ਵੱਧ ਸਿਹਤਮੰਦ ਤੇ ਸੁੰਦਰ ਵਿਖਾਈ ਦਿੰਦੀ ਹੈ। ਝੁਰੜੀਆਂ ਘੱਟ ਪੈਂਦੀਆਂ ਹਨ।
4) ਜੋੜ ਚੱਲਦੇ ਰਹਿੰਦੇ ਹਨ। ਲੰਬੇ ਸਮੇਂ ਲਈ ਇਹਨਾਂ ਵਿਚ ਅਕੜਾਅ ਘੱਟਦਾ ਹੈ।
5) ਪੱਠੇ ਮਜ਼ਬੂਤ ਹੁੰਦੇ ਹਨ।
6) ਨਾੜੀਆਂ ਵਿਚ ਜਮਾਂ ਹੋਈ ਚਰਬੀ ਘੁਲਦੀ ਹੈ, ਜਿਸ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਖ਼ੂਨ ਦੀ ਸਪਲਾਈ ਵੱਧਦੀ ਹੈ ਤੇ ਇਹ ਦਿਨੋਂ-ਦਿਨ ਤੰਦਰੁਸਤ ਹੁੰਦੇ ਜਾਂਦੇ ਹਨ।
ਉਪਰੋਕਤ ਗੱਲਬਾਤ ਤੋਂ ਇਹ ਤਾਂ ਸਿੱਧ ਹੁੰਦਾ ਹੀ ਹੈ ਕਿ ਚੰਗੀ ਸਿਹਤ ਲਈ ਕਸਰਤ ਕਰਨਾ ਬਹੁਤ ਲਾਭਦਾਇਕ ਹੈ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਕਿਹੜੀ ਕਸਰਤ ਕੀਤੀ ਜਾਵੇ। ਇਹ ਤੁਹਾਡੇ ਕਿੱਤੇ, ਉਮਰ, ਰੋਜ਼ਾਨਾ ਗਤੀਵਿਧੀ ਅਤੇ ਸਿਹਤ ‘ਤੇ ਨਿਰਭਰ ਕਰਦਾ ਹੈ। ਕਿਸੇ ਵਿਅਕਤੀ ਲਈ ਦੌੜ ਲਗਾਉਣਾ ਲਾਭਦਾਇਕ ਹੋ ਸਕਦਾ ਹੈ। ਕਿਸੇ ਹੋਰ ਲਈ ਇਹ ਹਾਨੀਕਾਰਕ ਵੀ ਹੋ ਸਕਦਾ ਹੈ। ਸੋ, ਕੋਈ ਵੀ ਕਸਰਤ ਕਰਨ ਦਾ ਫ਼ੈਸਲਾ ਆਪਣੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਹੀ ਕਰਨਾ ਚਾਹੀਦਾ ਹੈ। ਹਫ਼ਤੇ ਵਿਚ ਪੱਚੀ ਕੁ ਕਿਲੋਮੀਟਰ ਦੀ ਸੈਰ ਹਰ ਉਮਰ ਲਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦਸ ਮਿੰਟ ਤੋਂ ਵੀਹ ਕੁ ਮਿੰਟ ਦੀ ਜਾਗਿੰਗ ਵੀ ਕਾਫ਼ੀ ਲਾਭਦਾਇਕ ਹੋ ਸਕਦੀ ਹੈ। ਬੈਡਮਿੰਟਨ, ਕ੍ਰਿਕਟ, ਤੈਰਾਕੀ, ਹਾਕੀ ਤੇ ਕਬੱਡੀ ਆਦਿ ਖੇਡਾਂ ਦੇ ਖਿਡਾਰੀਆਂ ਲਈ ਹੋਰ ਕਸਰਤ ਦੀ ਲੋੜ ਨਹੀਂ ਹੁੰਦੀ। ਇਹ ਖੇਡਾਂ ਹੀ ਉਹਨਾਂ ਅੰਦਰ ਜਮਾਂ ਹੋਈ ਚਰਬੀ ਨੂੰ ਖੋਰਨ ਲਈ ਕਾਫ਼ੀ ਹੁੰਦੀਆਂ ਹਨ। ਸਰੀਰਕ ਮਿਹਨਤ ਕਰਨ ਵਾਲੇ ਮਜ਼ਦੂਰਾਂ ਦੀਆਂ ਨਾੜੀਆਂ ਦੀ ਚਰਬੀ ਤਾਂ ਪਹਿਲਾਂ ਹੀ ਇਸ ਨਿਜ਼ਾਮ ਨੇ ਖਾ ਲਈ ਹੁੰਦੀ ਹੈ, ਇਸ ਲਈ ਉਨਾਂ ਲਈ ਕਸਰਤ ਦੇ ਕੋਈ ਮਾਅਨੇ ਨਹੀਂ।
ਰੀਡ ਦੀ ਹੱਡੀ ਵਿਚ ਦਰਦ, ਦਿਲ ਵਿਚ ਨੁਕਸ, ਹਾਈ ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀ ਵਾਲੇ ਰੋਗੀਆਂ ਨੂੰ ਕਸਰਤ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ।
ਪੰਜਾਬੀ ਲੋਕ ਸਵੇਰੇ ਛੇਤੀ ਉਠਣ ਦੇ ਆਦੀ ਹੁੰਦੇ ਹਨ। ਉਹਨਾਂ ਵਾਸਤੇ ਕਸਰਤ ਲਈ ਸਵੇਰ ਦਾ ਸਮਾਂ ਹੀ ਸਭ ਤੋਂ ਵੱਧ ਢੁਕਵਾਂ ਹੈ। ਬਹੁਤ ਸਾਰੇ ਲੋਕ ਸੂਰਜ ਚੜਨ ਤੋਂ ਪਹਿਲਾਂ ਹੀ ਸੈਰ ਨੂੰ ਨਿਕਲ ਪੈਂਦੇ ਹਨ। ਇਸ ਸਮੇਂ ਦਰੱਖਤਾਂ ਹੇਠਾਂ ਕਸਰਤ ਕਰਨੀ ਪੂਰੀ ਲਾਹੇਵੰਦ ਨਹੀਂ ਹੁੰਦੀ, ਕਿਉਂਕਿ ਦਰੱਖਤ ਰਾਤ ਸਮੇਂ ਸਾਹ ਰਾਹੀਂ ਆਕਸੀਜਨ ਲੈਂਦੇ ਹਨ ਤੇ ਕਾਰਬਨਡਾਈਆਕਸਾਈਡ ਛੱਡਦੇ ਹਨ। ਇਸ ਲਈ ਦਰੱਖਤਾਂ ਦੀ ਬਹੁਤਾਤ ਵਾਲੇ ਇਲਾਕਿਆਂ ਵਿਚ ਰਾਤ ਸਮੇਂ ਕਸਰਤ ਕਰਨੀ ਹੀ ਨਹੀਂ ਚਾਹੀਦੀ। ਕਸਰਤ ਸਿਰਫ਼ ਸਾਫ਼-ਸੁਥਰੇ ਇਲਾਕਿਆਂ ਵਿਚ ਹੀ ਕਰਨੀ ਚਾਹੀਦੀ ਹੈ।

3. ਸਫ਼ਾਈ
ਸਫ਼ਾਈ ਬਾਰੇ ਜਾਣਕਾਰੀ ਤੋਂ ਪਹਿਲਾਂ ਸਾਨੂੰ ਇਸ ਦੀ ਮਹੱਤਤਾ ਬਾਰੇ ਜਾਣ ਲੈਣਾ ਚਾਹੀਦਾ ਹੈ। ਸਾਡੇ ਸਰੀਰ ਵਿਚ ਬਹੁਤ ਸਾਰੀਆਂ ਬਿਮਾਰੀਆਂ ਅਜਿਹੀਆਂ ਹਨ, ਜਿਹੜੀਆਂ ਸੂਖ਼ਮ ਜੀਵਾਂ ਅਤੇ ਸੂਖ਼ਮ ਰਸਾਇਣਾਂ ਕਾਰਨ ਹੁੰਦੀਆਂ ਹਨ। ਇਹ ਜੀਵ ਬਹੁਤ ਸੂਖ਼ਮ ਹੁੰਦੇ ਹਨ। ਨੰਗੀ ਅੱਖ ਨਾਲ ਇਹ ਵਿਖਾਈ ਹੀ ਨਹੀਂ ਦੇ ਸਕਦੇ। ਇਹਨਾਂ ਨੂੰ ਖ਼ੁਰਦਬੀਨ ਰਾਹੀਂ ਹੀ ਵੇਖਿਆ ਜਾ ਸਕਦਾ ਹੈ। ਸਾਡੇ ਘਰਾਂ ਦੇ ਅੰਦਰ ਤੇ ਚੌਗਿਰਦੇ ਵਿਚ ਕੋਈ ਵੀ ਥਾਂ ਅਜਿਹੀ ਨਹੀਂ ਹੁੰਦੀ, ਜਿਥੇ ਇਹ ਹਾਜ਼ਰ ਨਾ ਹੋਣ। ਦਰਵਾਜ਼ਿਆਂ ਦੇ ਹੈਂਡਲ, ਕਰੰਸੀ, ਨੋਟ, ਕਿਤਾਬਾਂ, ਬਿਸਤਰੇ, ਜੁੱਤੀਆਂ, ਸੋਫ਼ੇ ਅਤੇ ਗਲੀਚੇ ਆਦਿ ਇਹਨਾਂ ਦਾ ਭੰਡਾਰ ਹੁੰਦੇ ਹਨ। ਸਿਲੀਆਂ ਥਾਵਾਂ ‘ਤੇ ਇਹਨਾਂ ਨੂੰ ਪੈਦਾ ਹੋਣ ਦਾ ਮੌਕਾ ਜ਼ਿਆਦਾ ਮਿਲਦਾ ਹੈ। ਬੈਕਟੀਰੀਆ ਅਜਿਹਾ ਜੀਵਾਣੂ ਹੁੰਦਾ ਹੈ, ਜਿਹੜਾ ਮੁਰਦਾ ਹੋਣ ਦੇ ਬਾਵਜੂਦ ਲੱਖਾਂ ਵਰੇ ਜਿਉਂਦਾ ਰਹਿੰਦਾ ਹੈ। ਉਹ ਨਿਰਜਿੰਦ ਪਿਆ ਰਹਿੰਦਾ ਹੈ, ਜਦੋਂ ਵੀ ਢੁਕਵੀਆਂ ਹਾਲਤਾਂ ਮਿਲ ਜਾਂਦੀਆਂ ਹਨ ਤਾਂ ਜਿਉਂਦਾ ਹੋ ਜਾਂਦਾ ਹੈ ਤੇ ਆਪਣਾ ਵਾਧਾ ਸ਼ੁਰੂ ਕਰ ਦਿੰਦਾ ਹੈ। ਵੀਹ ਕੁ ਮਿੰਟਾਂ ਵਿਚ ਹੀ ਇਹ ਅਪਣੀ ਗਿਣਤੀ ਦੁੱਗਣੀ ਕਰ ਲੈਂਦਾ ਹੈ। ਕੁੱਝ ਦਿਨਾਂ ਵਿਚ ਤਾਂ ਇਸ ਦੀ ਗਿਣਤੀ ਅਰਬਾਂ ਵਿਚ ਪੁੱਜ ਜਾਂਦੀ ਹੈ।
ਤੁਸੀਂ ਕਈ ਵਾਰੀ ਵੇਖਿਆ ਜਾਂ ਸੁਣਿਆ ਹੈ ਕਿ ਵਿਆਹਾਂ ਵਿਚ ਖਾਣਾ-ਖਾਣ ਵਾਲੇ ਸਾਰੇ ਮਹਿਮਾਨ ਹੀ ਉਲਟੀਆਂ, ਟੱਟੀਆਂ ਜਾਂ ਪੇਟ ਦਰਦ ਦੇ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਸਿਰਫ਼ ਸੂਖ਼ਮ ਜੀਵਾਣੂਆਂ ਦੁਆਰਾ ਦੂਸ਼ਿਤ ਕੀਤੇ ਭੋਜਨ ਸਦਕਾ ਹੁੰਦਾ ਹੈ। ਇਸ ਲਈ ਭੋਜਣ ਖਾਣ ਤੋਂ ਪਹਿਲਾਂ ਸਾਨੂੰ ਆਪਣੇ ਹੱਥਾਂ ਨੂੰ ਸਾਬਣ ਨਾਲ ਜ਼ਰੂਰ ਧੋ ਲੈਣਾ ਚਾਹੀਦਾ ਹੈ। ਉਹ ਬਰਤਨ ਜਿਨਾਂ ਵਿਚ ਅਸੀਂ ਖਾਣਾ ਖਾਂਦੇ ਹਾਂ, ਉਹ ਵੀ ਧੋ ਕੇ ਸੁਕਾਏ ਹੋਣ ਤਾਂ ਵਧੀਆ ਹੈ। ਪੱਛਮੀ ਮੁਲਕਾਂ ਵਿਚ ਤਾਂ ਭਾਂਡੇ ਧੋਣ ਤੇ ਖ਼ੁਸ਼ਕ ਕਰਨ ਲਈ ਘਰਾਂ ਵਿਚ ਮਸ਼ੀਨਾਂ ਦੀ ਵਰਤੋਂ ਹੁੰਦੀ ਹੈ, ਪਰ ਸਾਡੇ ਮੁਲਕ ਵਿਚ ਤਾਂ ਇਹ ਦੂਰ ਦੀਆਂ ਗੱਲਾਂ ਹਨ। ਸੋ ਭਾਂਡੇ ਸਾਫ਼ ਕਰਨ ਲਈ ਵਰਤੋਂ ਵਿਚ ਲਿਆਂਦੀ ਗਈ ਡਿਟਰਜੈਂਟ ਦੀ ਮਾਤਰਾ ਵੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਭਾਂਡਿਆਂ ਵਿਚ ਪੈਦਾ ਹੋਏ ਸੂਖ਼ਮ ਜੀਵਾਂ ਦਾ ਨਾਸ਼ ਕਰਨ ਲਈ ਇਹ ਕਾਫ਼ੀ ਹੋਣ। ਬਰਤਨਾਂ ਨੂੰ ਧੋਣ ਤੋਂ ਬਾਅਦ ਖ਼ੁਸ਼ਕ ਕਰਨ ਲਈ ਰੱਖ ਦੇਣਾ ਚਾਹੀਦਾ ਹੈ।
ਚਾਕੂ ਤੇ ਕਰਦਾਂ ਨੂੰ ਸਾਫ਼ ਕਰਨਾ ਵੀ ਭਾਂਡਿਆਂ ਦੀ ਤਰਾਂ ਹੀ ਜ਼ਰੂਰੀ ਹੈ। ਵੱਧ ਪੈਦਾਵਾਰ ਦੇ ਲਾਲਚ ਵਿਚ ਕਿਸਾਨ ਖਾਣ ਵਾਲੀਆਂ ਸਬਜ਼ੀਆਂ ਤੇ ਫਲਾਂ ਉਤੇ ਕੀਟਾਣੂਨਾਸ਼ਕ ਰਸਾਇਣਾਂ ਦੀ ਸਪਰੇਅ ਬਹੁਤ ਵੱਡੀ ਮਾਤਰਾ ਵਿਚ ਕਰ ਰਹੇ ਹਨ। ਉਂਝ ਤਾਂ ਅਸੀਂ ਭਾਰਤ ਦੇ ਵਸਨੀਕ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚ ਹੀ ਨਹੀਂ ਸਕਦੇ ਪਰ ਇਹਨਾਂ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਸਾਡੇ ਦੇਸ਼ ਦੇ ਬਹੁਤੇ ਵਸਨੀਕ ਕਿਸਾਨ, ਆਪਣੇ ਖਾਣਯੋਗ ਫਲ ਸਬਜ਼ੀਆਂ ਤਾਂ ਆਪਣੇ ਖੇਤਾਂ ਬਗ਼ੀਚਿਆਂ ਵਿਚ ਉਗਾ ਸਕਦੇ ਹਨ। ਜੇ ਬਾਜ਼ਾਰ ਵਿਚਲੀ ਸਬਜ਼ੀ ਫਲ ਵਰਤਣੇ ਹੀ ਹਨ ਤਾਂ ਇਹਨਾਂ ਨੂੰ ਖੁਲੇ ਪਾਣੀ ਵਿਚ ਸਾਫ਼ ਕਰਕੇ ਹੀ ਵਰਤਨਾ ਚਾਹੀਦਾ ਹੈ।
ਸਫ਼ਰ ਕਰਨ ਸਮੇਂ ਤਾਂ ਅਜਿਹੇ ਫਲ ਹੀ ਖਾਣੇ ਚਾਹੀਦੇ ਹਨ, ਜਿਨਾਂ ਦਾ ਛਿਲਕਾ ਉਤਾਰ ਕੇ ਖਾਇਆ ਜਾ ਸਕਦਾ ਹੋਵੇ, ਜਿਵੇਂ ਕਿ ਕੇਲਾ ਅਤੇ ਸੰਗਤਰਾ। ਬਾਕੀ ਫਲ ਘਰ ਲਿਆ ਕੇ, ਧੋ ਕੇ ਅਤੇ ਚਾਕੂ ਨਾਲ ਛਿਲਕਾ ਉਤਾਰ ਕੇ ਹੀ ਖਾਣਯੋਗ ਹੁੰਦੇ ਹਨ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਕਿਸੇ ਵੀ ਸਪਰੇਅ ਦਾ ਅਸਰ ਛਿਲਕੇ ਉਪਰ ਹੀ ਹੁੰਦਾ ਹੈ।
ਫ਼ਰਿੱਜ਼ਾਂ ਬਾਰੇ ਆਮ ਤੌਰ ‘ਤੇ ਸਮਝ ਇਹ ਹੁੰਦੀ ਹੈ ਕਿ ਇਹਨਾਂ ਵਿਚ ਰੱਖਿਆ ਖਾਣਾ ਦੂਸ਼ਿਤ ਨਹੀਂ ਹੁੰਦਾ। ਅਸਲੀਅਤ ਇਹ ਨਹੀਂ ਹੁੰਦੀ। ਬੈਕਟੀਰੀਆ ਜਾਂ ਸੂਖ਼ਮ ਜੀਵਾਣੂ 20 ਡਿਗਰੀ ਸੈਲਸੀਅਸ ਤੋਂ ਲੈ ਕੇ 50 ਡਿਗਰੀ ਸੈਲਸੀਅਸ ਤਕ ਆਪਣੀ ਗਿਣਤੀ ਵਿਚ ਵਾਧਾ ਛੇਤੀ ਕਰਦੇ ਹਨ। ਇਸ ਲਈ ਗਰਮੀਆਂ ਵਿਚ ਜ਼ਿਆਦਾ ਬਿਮਾਰੀਆਂ ਫੈਲਦੀਆਂ ਹਨ। ਫ਼ਰਿੱਜ਼ਾਂ ਵਿਚ ਤਾਪਮਾਨ ਘੱਟ ਹੋਣ ਕਾਰਨ ਸੂਖ਼ਮ ਜੀਵਾਂ ਦੀ ਗਿਣਤੀ ਵਿਚ ਵਾਧਾ ਘੱਟ ਰਫ਼ਤਾਰ ਨਾਲ ਹੁੰਦਾ ਹੈ। ਇਸ ਲਈ ਉਹ ਖਾਣਾ, ਜਿਹੜਾ ਫ਼ਰਿੱਜ਼ਾਂ ਤੋਂ ਬਾਹਰ ਪਿਆ 5-6 ਘੰਟੇ ਵਿਚ ਖ਼ਰਾਬ ਹੋ ਜਾਂਦਾ ਹੈ, ਉਹ ਫ਼ਰਿੱਜ਼ ਵਿਚ ਪਿਆ 25-30 ਘੰਟੇ ਖ਼ਰਾਬ ਨਹੀਂ ਹੁੰਦਾ। ਇਸ ਲਈ ਫ਼ਰਿੱਜ਼ਾਂ ਵਿਚ ਰੱਖਿਆ ਦੋ ਦਿਨਾਂ ਤੋਂ ਵੱਧ ਬਾਸੀ ਖਾਣਾ ਨਹੀਂ ਖਾਣਾ ਚਾਹੀਦਾ।

4. ਚੈੱਕਅੱਪ
ਚਾਲੀਆਂ ਦੀ ਉਮਰ ਪਾਰ ਕਰ ਚੁੱਕੇ ਹਰ ਵਿਅਕਤੀ ਨੂੰ ਸਾਲ ਵਿਚ ਇਕ ਵਾਰ ਕਿਸੇ ਮਾਹਰ ਡਾਕਟਰ ਤੋਂ ਆਪਣੇ ਸਾਰੇ ਮਹੱਤਵਪੂਰਨ ਅੰਗ ਚੈੱਕ ਕਰਵਾ ਲੈਣੇ ਚਾਹੀਦੇ ਹਨ। ਸਰੀਰ ਵਿਚ ਜ਼ਿਆਦਾ ਅੰਗ ਅਜਿਹੇ ਹੁੰਦੇ ਹਨ, ਜਿਹੜੇ ਕੰਮ ਛੱਡਣ ਤੋਂ ਪਹਿਲਾਂ ਚਿਤਾਵਨੀ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੰਦੇ ਹਨ। ਜਿਵੇਂ ਦਿਲ ਨੂੰ ਹੀ ਲੈ ਲਓ। ਇਹ ਸਰੀਰ ਦਾ ਮਹੱਤਵਪੂਰਨ ਅੰਗ ਹੈ। 99 ਫ਼ੀਸਦੀ ਹਾਲਤਾਂ ਵਿਚ ਇਹ ਨਕਾਰਾ ਹੋਣ ਤੋਂ ਪਹਿਲਾਂ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਹੈ। ਈ.ਸੀ.ਜੀ., ਟੀ.ਟੀ.ਐਮ. ਅਤੇ ਈਕੋ ਵਰਗੇ ਟੈਸਟ ਤੁਹਾਡੇ ਸਾਹਮਣੇ ਦਿਲ ਦੀ ਹਾਲਤ ਬਾਰੇ ਸਪੱਸ਼ਟ ਤਸਵੀਰ ਰੱਖ ਦਿੰਦੇ ਹਨ। ਐਲੋਪੈਥੀ ਦਵਾਈਆਂ ਤੁਹਾਡੇ ਦਿਲ ਦੇ ਬਹੁਤ ਸਾਰੇ ਰੋਗਾਂ ਨੂੰ ਸਦਾ ਲਈ ਅਲਵਿਦਾ ਕਹਿ ਦਿੰਦੀਆਂ ਹਨ। ਕਈ ਵਾਰੀ ਦਿਲ ਨੂੰ ਖ਼ੂਨ ਸਪਲਾਈ ਕਰਨ ਵਾਲੀਆਂ ਨਾੜੀਆਂ ਵਿਚ ਜੰਮੀ ਚਿਕਨਾਈ ਉਹਨਾਂ ਨੂੰ ਪੂਰੀ ਤਰਾਂ ਬੰਦ ਕਰਨ ਦੇ ਨੇੜੇ ਪੁੱਜੀ ਹੁੰਦੀ ਹੈ। ਅਜਿਹੀ ਹਾਲਤ ਵਿਚ ਨਾੜੀਆਂ ਨੂੰ ਖੋਲਣ ਲਈ ਬੇਲੂਨ ਥੈਰੇਪੀ ਐਂਜੀਓਗ੍ਰਾਫ਼ੀ ਜਾਂ ਬਾਈਪਾਸ ਸਰਜਰੀ ਆਦਿ ਦੀ ਬਹੁਤ ਜ਼ਰੂਰਤ ਪੈਂਦੀ ਹੈ। ਦਿਲ ਦੀ ਕਾਰਗ਼ੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਕਈ ਵਾਰ ਪੇਸ਼ ਮੇਕਰ ਦੀ ਵੀ ਲੋੜ ਹੋ ਸਕਦੀ ਹੈ।
ਇਸੇ ਤਰਾਂ ਖ਼ੂਨ ਦੇ ਕਈ ਤਰਾਂ ਦੇ ਟੈਸਟ ਬਹੁਤ ਸਾਰੀਆਂ ਆਉਣ ਵਾਲੇ ਸਮੇਂ ਦੀਆਂ ਬਿਮਾਰੀਆਂ ਬਾਰੇ ਦੱਸ ਦਿੰਦੇ ਹਨ। ਵਧਿਆ ਕਲੈਸਟਰੋਲ ਬਲੱਡ ਪ੍ਰੈੱਸ਼ਰ ਦੇ ਵਧਣ ਦਾ ਕਾਰਨ ਬਣੇਗਾ।
ਖ਼ੂਨ ਵਿਚ ਘੱਟ ਹਿਮੋਗਲੋਬਿਨ ਤੁਹਾਡੇ ਸਰੀਰ ਦੀ ਘੱਟ ਹੋ ਰਹੀ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਸੂਚਕ ਹੈ। ਅੱਖਾਂ ਦਾ ਵਧਿਆ ਹੋਇਆ ਪ੍ਰੈਸ਼ਰ ਅੱਖਾਂ ਵਿਚ ਆ ਰਹੇ ਕਾਲੇ ਮੋਤੀਆ ਦਾ ਸੂਚਕ ਹੈ। ਟੀ.ਵੀ., ਏਡਜ਼, ਪੀਲੀਆ ਅਤੇ ਗੁਰਦਿਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਜਾਣਕਾਰੀ ਖ਼ੂਨ ਦੇ ਟੈਸਟ ਨਾਲ ਹੀ ਹੋ ਜਾਂਦੀ ਹੈ। ਸੋ, ਟੈਸਟ ਕਰਵਾਉਣ ਤੋਂ ਡਰਨਾ ਨਹੀਂ ਚਾਹੀਦਾ, ਸਗੋਂ ਇਹ ਇਸ ਕਰਕੇ ਜ਼ਰੂਰੀ ਹਨ ਕਿ ਸ਼ੁਰੂ ਦੀਆਂ ਹਾਲਤਾਂ ਵਿਚ ਪੈਦਾ ਹੋ ਰਹੀਆਂ ਬਿਮਾਰੀਆਂ ਨੂੰ ਕਾਬੂ ਵਿਚ ਕਰਨਾ ਸੁਖਾਲਾ ਹੁੰਦਾ ਹੈ। ਤਰਕਸ਼ੀਲ ਸੁਸਾਇਟੀ ਦੇ ਆਗੂ ਕ੍ਰਿਸ਼ਨ ਬਰਗਾੜੀ ਦੀ ਉਦਾਹਰਣ ਸਾਡੇ ਸਾਹਮਣੇ ਹੈ। ਬਿਮਾਰੀ ਦੀ ਹਾਲਤ ਵਿਚ ਉਸਦੇ ਖ਼ੂਨ ਦਾ ਟੈਸਟ ਹੋਇਆ ਤਾਂ ਪਤਾ ਚੱਲਿਆ ਕਿ ਉਨਾਂ ਨੂੰ ਬਲੱਡ ਕੈਂਸਰ ਦੀ ਦੂਜੀ ਸਟੇਜ ਹੈ, ਜਿਸ ਦੇ ਬੱਚਣ ਦੇ ਮੌਕੇ ਅੱਧ-ਪਚੱਧ ਹੀ ਸਨ। ਜੇ ਕੁੱਝ ਸਮਾਂ ਪਹਿਲਾਂ ਉਨਾਂ ਦੇ ਟੈਸਟ ਹੋ ਜਾਂਦੇ ਤਾਂ ਉਨਾਂ ਦੇ ਬਲੱਡ ਕੈਂਸਰ ਤੋਂ ਬਚਣ ਦੇ ਮੌਕੇ ਸੌ ਫ਼ੀੰਸਦੀ ਸਨ।
ਅਮਰੀਕਾ ਕੈਨੇਡਾ ਜਾਂ ਬਹੁਤ ਸਾਰੇ ਯੂਰਪੀ ਮੁਲਕਾਂ ਵਿਚ ਬੀਮਾ ਕੰਪਨੀਆਂ ਹੀ ਆਪਣੇ ਗਾਹਕਾਂ ਦੇ ਘਰ ਬੈਠੇ ਹੀ ਟੈਸਟ ਕਰਵਾ ਲੈਂਦੀਆਂ ਹਨ। ਉਹਨਾਂ ਦੇ ਮੁਲਾਜ਼ਮ ਘਰਾਂ ਵਿੱਚ ਆਉਂਦੇ ਹਨ ਤੇ ਖ਼ੂਨ-ਪਿਸਾਬ ਦੇ ਨਮੂਨੇ ਲੈ ਜਾਂਦੇ ਹਨ। ਉਹਨਾਂ ਦਾ ਇਸ ਪਿੱਛੇ ਵਪਾਰਕ ਹਿੱਤ ਹੁੰਦਾ ਹੈ ਕਿਉਂਕਿ ਇਹਨਾਂ ਕੰਪਨੀਆਂ ਨੇ ਇਹਨਾਂ ਵਿਅਕਤੀਆਂ ਦਾ ਜੀਵਨ ਬੀਮਾ ਕੀਤਾ ਹੁੰਦਾ ਹੈ। ਇਸ ਲਈ ਜੇ ਕੋਈ ਵਿਅਕਤੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ ਜਾਂ ਮਰ ਜਾਂਦਾ ਹੈ ਤਾਂ ਇਹਨਾਂ ਕੰਪਨੀਆਂ ਨੂੰ ਅਜਿਹੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਭਾਰੀ ਰਕਮਾਂ ਅਦਾ ਕਰਨੀਆਂ ਪੈਂਦੀਆਂ ਹਨ। ਉਂਝ ਵੀ ਭਾਰਤੀ ਫ਼ੌਜਾਂ ਵਿਚ ਸਾਰੇ ਮੁਲਾਜ਼ਮਾਂ ਦਾ ਸਾਲ ਵਿਚ ਘੱਟੋ-ਘੱਟ ਇਕ ਵਾਰ ਚੈਕਅੱਪ ਜ਼ਰੂਰ ਹੁੰਦਾ ਹੈ। ਬਹੁਤ ਸਾਰੀਆਂ ਕੰਪਨੀਆਂ ਆਪਣੇ ਮੁਲਜ਼ਮਾਂ ਨੂੰ ਸਾਲਾਨਾ ਚੈਕਅੱਪ ਲਈ ਖ਼ਰਚਿਆਂ ਦਾ ਭੁਗਤਾਨ ਵੀ ਕਰਦੀਆਂ ਹਨ।
ਨਿਰੋਗ ਜੀਵਨ ਲਈ ਹਾਂ ਪੱਖੀ ਸੋਚ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਸਾਡੇ ਪਿੰਡ ਦੇ ਹੀ ਦੋ ਸਕੇ ਭਰਾਵਾਂ ਦੀ ਉਦਾਹਰਣ ਲੈ ਲਵੋ। ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੱਡਾ ਭਰਾ ਹਰ ਸਮੇਂ ਇਹ ਹੀ ਕਹਿੰਦਾ ਹੁੰਦਾ ਸੀ, ”ਬਿਮਾਰੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਜੇ ਮੈਂ ਮਰਦਾ ਤਾਂ ਹਾਂ ਨਹੀਂ।” ਇਸ ਤਰਾਂ ਉਹ ਅੱਸੀ ਸਾਲ ਤਕ ਜਿਉਂਦਾ ਰਿਹਾ। ਛੋਟੇ ਭਰਾ ਨੂੰ ਜਦੋਂ ਕਿਸੇ ਛੋਟੀ ਜਿਹੀ ਬਿਮਾਰੀ ਨੇ ਹੀ ਘੇਰ ਲਿਆ ਤਾਂ ਉਹ ਕਹਿਣ ਲੱਗਿਆ, ”ਹੁਣ ਮੈਂ ਬੱਚਦਾ ਨਹੀਂ।” ਠੀਕ ਜਵਾਨੀ ਵਿਚ, 40 ਸਾਲ ਦੀ ਉਮਰ ਵਿਚ ਹੀ ਉਹ ਅਲਵਿਦਾ ਕਹਿ ਗਿਆ।
ਸੋ ਨਿਰੋਗ ਜ਼ਿੰਦਗੀ ਲਈ ਹਾਂ ਪੱਖੀ ਸੋਚ ਦਾ ਬਹੁਤ ਮਹੱਤਵ ਹੈ। ਜਿਵੇਂ ਨਿੱਕਾ ਜਿਹਾ ਬੀਜ ਵੱਡੇ ਪੱਥਰਾਂ ਨੂੰ ਤੋੜ ਦਿੰਦਾ ਹੈ। ਠੀਕ ਉਸੇ ਤਰਾਂ ਹੀ ਹਾਂ ਪੱਖੀ ਸੋਚ ਰਾਹੀਂ ਵੱਡੀਆਂ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।