ਤਰਕਸ਼ੀਲਾਂ ਦਾ ਧਰਮ ਬਾਰੇ ਨਜ਼ਰੀਆ

ਮੇਘ ਰਾਜ ਮਿੱਤਰ (+91 98887 87440)

ਤਰਕਸ਼ੀਲ ਨਾ ਤਾਂ ਕੌਮ-ਪ੍ਰਸਤੀ ਦੀ ਹਾਮੀ ਹਨ ਅਤੇ ਨਾ ਹੀ ਅੰਨ੍ਹੀ ਦੇਸ਼-ਭਗਤੀ ਦੇ। ਉਨ੍ਹਾਂ ਨੇ ਕਦੇ ਵੀ ਇਹ ਨਹੀਂ ਚਾਹਿਆ ਕਿ ਸੰਸਾਰ ਵਿਚ ਪਰਮਾਣੂ ਧਮਾਕੇ ਕੀਤੇ ਜਾਣ ਜਾਂ ਪਰਮਾਣੂ ਬੰਬਾਂ ਦੀ ਵਰਤੋਂ ਨਾਲ ਇਨਸਾਨੀਅਤ ਦਾ ਘਾਣ ਕੀਤਾ ਜਾਵੇ। ਸਗੋਂ ਉਹ ਸਮੇਂ-ਸਮੇਂ ਸਿਰ ਆਪਣੀਆਂ ਪੁਸਤਕਾਂ ਅਤੇ ਰਸਾਲਿਆਂ ਰਾਹੀਂ ਇਨ੍ਹਾਂ ਦੀ ਵਰਤੋਂ ਵਿਰੁੱਧ ਲੋਕਾਂ ਨੂੰ ਸੁਚੇਤ ਵੀ ਕਰਦੇ ਰਹੇ ਹਨ। ਇਸ ਸਾਲ ਦੀ ਮਰਦਮਸ਼ੁਮਾਰੀ ਸਮੇਂ ਤਰਕਸ਼ੀਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਧਰਮ ਵਾਲੇ ਖਾਨੇ ਵਿਚ ਇਨਸਾਨੀਅਤ ਲਿਖਵਾਉਣ ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਧਰਮ ਅੱਜ ਦੀਆਂ ਹਾਲਤਾਂ ਵਿਚ ਕੋਈ ਹਾਂ-ਪੱਖੀ ਰੋਲ ਅਦਾ ਨਹੀਂ ਕਰ ਰਿਹਾ ਹੈ।
ਅੱਜ ਤੋਂ ਦਸ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਪਸ਼ੂਆਂ ਵਰਗੀ ਜ਼ਿੰਦਗੀ ਜਿਉਂ ਰਿਹਾ ਸੀ। ਨਾ ਤਾਂ ਉਸਨੂੰ ਭੈਣਾਂ-ਭਰਾਵਾਂ, ਮਾਤਾ-ਪਿਤਾ ਦੇ ਰਿਸ਼ਤਿਆਂ ਦੀ ਸਮਝ ਸੀ ਅਤੇ ਨਾ ਹੀ ਉਹ ਸੱਚ ਝੂਠ ਜਾਇਜ਼ ਨਜਾਇਜ਼ ਗੱਲਾਂ ਨੂੰ ਸਮਝਦਾ ਸੀ ਅਤੇ ਇਸਦੇ ਨਾਲ ਹੀ ਉਹ ਵੱਖ-ਵੱਖ ਘਟਨਾਵਾਂ ਪਿੱਛੇ ਕੰਮ ਕਰਨ ਵਾਲੇ ਵਿਗਿਆਨਕ ਕਾਰਨਾਂ ਨੂੰ ਸਮਝਣ ਤੋਂ ਅਸਮਰਥ ਸੀ। ਇਸ ਲਈ ਜਿਸ ਦੀ ਲਾਠੀ ਉਸਦੀ ਮੱਝ ਵਾਲੀ ਕਹਾਵਤ ਪੂਰੀ ਤਰ੍ਹਾਂ ਪ੍ਰਚੱਲਤ ਸੀ। ਜੇ ਅਸੀਂ ਇਹ ਕਹਿ ਲਈਏ ਕਿ ਮਨੁੱਖ ਜੰਗਲੀ ਜਾਨਵਰਾਂ ਵਾਲੀ ਜ਼ਿੰਦਗੀ ਜਿਉਂ ਰਿਹਾ ਸੀ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁਝ ਸੂਝਵਾਨ ਵਿਚਾਰਕਾਂ ਨੇ ਇਸ ਜੰਗਲੀ ਸਮਾਜ ਵਿੱਚ ਕੁਝ ਕਾਨੂੰਨ ਬਣਾਉਣ ਦੀ ਗੱਲ ਤੋਰੀ ਅਤੇ ਇਸ ਤਰ੍ਹਾਂ ਮੁੱਢਲੇ ਸਮੇਂ ਵਿੱਚ ਧਰਮ ਦਾ ਰੋਲ ਹਾਂ ਪੱਖੀ ਰਿਹਾ ਹੈ। ਜੇ ਅੱਜ ਸਾਡੇ ਸਮਾਜ ਵਿੱਚ ਇੱਕ ਇਸਤਰੀ ਇੱਕ ਪੁਰਸ਼ ਦਾ ਨਿਯਮ ਜਾਂ ਕੁਝ ਸਪਸ਼ਟ ਜਾਇਜ਼ ਨਾਜਾਇਜ਼ ਦੇ ਨਿਯਮ ਪ੍ਰਚਲਤ ਹਨ ਤਾਂ ਇਹ ਧਰਮਾਂ ਦਾ ਹੀ ਯੋਗਦਾਨ ਹੈ ਕਿ ਮਨੁੱਖ ਕੁਝ ਸੱਭਿਅਕ ਹੋਇਆ ਹੈ। ਵੱਖ-ਵੱਖ ਵਿਚਾਰਕਾਂ ਨੇ ਧਰਮ ਨੂੰ ਇੰਜ ਪਰਿਭਾਸ਼ਿਤ ਕੀਤਾ ਹੈ।
ਸੰਸ�ਿਤ ਦੇ ਪ੍ਰਸਿੱਧ ਵਿਆਕਰਣਕਾਰ ਪਾਣਿਨੀ ਅਨੁਸਾਰ ਧਰਮ ਸ਼ਬਦ ਦੀ ਉਤਪਤੀ ਧਿਰ ਅਰਥਾਤ ਧਾਤੂ ਤੋਂ ਹੋਈ ਹੈ ਜਿਸ ਦਾ ਅਰਥ ਹੈ ‘ਧਾਰਨ ਕਰਨਾ’।
GODਇੱਕ ਨਿਸ਼ਚਿਤ ਵਿਧੀ ਨੂੰ ਧਾਰਨ ਕਰਨਾ। ਸੋ ਧਰਮ ਦਾ ਅਰਥ ਹੈ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਣ ਲਈ ਕੁਝ ਖਾਸ ਨਿਯਮਾਂ, ਅਸੂਲਾਂ ਜਾਂ ਸਿਧਾਂਤਾਂ ਨੂੰ ਧਾਰਨ ਕਰਨਾ। ਕੁਝ ਹੋਰ ਵਿਦਵਾਨਾਂ ਨੇ ਵੀ ਧਰਮ ਨੂੰ ਪਰਿਭਾਸ਼ਿਤ ਕੀਤਾ ਹੈ ਜਿਵੇਂ ਉਪਨਿਸ਼ਦਾਂ ਵਿੱਚ ਕਿਹਾ ਗਿਆ ਹੈ ਕਿ ‘ਜੋ ਸੱਚ ਹੈ ਉਹ ਧਰਮ ਹੈ, ਜੋ ਧਰਮ ਹੈ ਉਹ ਸੱਚ ਹੈ।’ ਜੈਮਿਨੀ ਕਰਮਕਾਂਡਾਂ ਨੂੰ ਕਰਨਾ ਹੀ ਧਰਮ ਮੰਨਦਾ ਹੈ। ਮੰਨੂੰ ਮਨ ਤੇ ਕਾਬੂ, ਪਵਿੱਤਰਤਾ, ਖਿਮਾ, ਚੋਰੀ ਨਾ ਕਰਨਾ, ਇੰਦਰੀਆਂ ਨੂੰ ਵੱਸ ਵਿੱਚ ਰੱਖਣਾ, ਗਿਆਨ ਤੇ ਵਿੱਦਿਆ ਪ੍ਰਾਪਤ ਕਰਨਾ, ਸੱਚ ਦਾ ਪਾਲਣ ਕਰਨਾ, ਕੋ੍ਰਧ ਦਾ ਤਿਆਗ ਕਰਨਾ ਆਦਿ ਨੂੰ ਧਰਮ ਦੱਸਦਾ ਹੈ। ਬੁੱਧ ਧਰਮ ਦਾ ਸੰਸਥਾਪਕ ਗੌਤਮ ਬੁੱਧ ਹਿੰਸਾ, ਚੋਰੀ ਨਾ ਕਰਨੀ, ਸਦਾ ਸੱਚ ਬੋਲਣਾ, ਚੰਗਾ ਚਾਲ ਚਲਣ ਰੱਖਣਾ, ਚੰਗੇ ਵਿਚਾਰ ਰੱਖਣਾ, ਸੰਜਮ ਨਾਲ ਰਹਿਣਾ, ਨਸ਼ਿਆਂ ਤੋਂ ਬਚਣਾ, ਕਿਸੇ ਦਾ ਬੁਰਾ ਨਾ ਕਰਨਾ ਆਦਿ ਨਿਯਮਾਂ ਨੂੰ ਹੀ ਧਰਮ ਮੰਨਦਾ ਹੈ। ਆਧੁਨਿਕ ਵਿਦਵਾਨਾਂ ਵਿੱਚੋਂ ਬਹੁਤਿਆਂ ਨੇ ਮਨੁੱਖੀ ਫਰਜ਼ਾਂ ਨੂੰ ਨਿਭਾਉਣਾ ਹੀ ਧਰਮ ਮੰਨਿਆ ਹੈ। ਸੋ ਜੇ ਅਸੀਂ ਧਰਮਾਂ ਦੀ ਵੱਖ-ਵੱਖ ਪਰਿਭਾਸ਼ਾ ਵੱਲ ਝਾਤ ਮਾਰੀਏ ਤਾਂ ਸਾਨੂੰ ਸਪਸ਼ਟ ਨਜ਼ਰ ਆਉਂਦਾ ਹੈ ਕਿ ਵਧੀਆ ਮਨੁੱਖੀ ਗੁਣਾਂ ਨੂੰ ਹੀ ਧਰਮ ਕਿਹਾ ਜਾਂਦਾ ਹੈ।
ਪਰ ਜਦੋਂ ਅਸੀਂ ਮਨੁੱਖੀ ਇਤਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਧਰਮ ਦਾ ਘਿਨਾਉਣਾ ਤੇ ਵਿਕਰਾਲ ਰੂਪ ਸਪਸ਼ਟ ਨਜ਼ਰ ਆਉਂਦਾ ਹੈ।
ਹੁਣ ਤੱਕ ਧਰਤੀ ਤੇ ਲੜਾਈਆਂ ਵਿੱਚ ਜਿੰਨੇ ਲੋਕ ਮਾਰੇ ਗਏ ਹਨ ਉਨ੍ਹਾਂ ਵਿੱਚੋਂ ਦੋ ਤਿਹਾਈ ਧਰਮ ਦੇ ਨਾਂ ਤੇ ਹੀ ਲੜੀਆਂ ਗਈਆਂ। ਕਿਸੇ ਮਹਾਂਮਾਰੀ ਵਿੱਚ ਵੀ ਇੰਨੇ ਲੋਕਾਂ ਦਾ ਘਾਣ ਨਹੀਂ ਹੋਇਆ। ਭਾਰਤ ਨੇ ਪਾਕਿਸਤਾਨ ਅਤੇ ਚੀਨ ਨਾਲ ਕਈ ਜੰਗਾਂ ਲੜੀਆਂ ਹਨ ਪਰ ਇਸ ਤੋਂ ਸੈਂਕੜੇ ਗੁਣਾ ਵੱਧ ਲੋਕ ਧਰਮ ਦੇ ਨਾਂ ਤੇ ਹੀ ਕਤਲ ਕਰ ਦਿੱਤੇ ਗਏ ਹਨ। 1947 ਵਿੱਚ ਦੋਹੇਂ ਪੰਜਾਬਾਂ ਦੇ ਪੰਜ ਲੱਖ ਤੋਂ ਵੱਧ ਲੋਕ ਧਰਮ ਨੇ ਮੌਤ ਦੀ ਬਲੀ ਚੜ੍ਹਾ ਦਿੱਤੇ। 43 ਲੱਖ ਦੇ ਕਰੀਬ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ। ਪਿਛਲੇ ਦਹਾਕੇ ਵਿੱਚ ਹੀ ਦਿੱਲੀ ਵਿੱਚ 3000 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। 30,000 ਤੋਂ ਵੱਧ ਬੰਦੇ ਪੰਜਾਬ ਦੀ ਧਰਤੀ ਦੇ ਉੱਪਰ ਪੁਲਸ ਅਤੇ ਧਰਮਾਂ ਦੇ ਪ੍ਰਚਾਰਕਾਂ ਵੱਲੋਂ ਗੱਡੀ ਚਾੜ ਦਿੱਤੇ ਗਏ। ਲਗਭਗ ਦਸ ਸਾਲ ਸਹਿਮ ਦਾ ਵਾਤਾਵਰਣ ਪੰਜਾਬ ਦੀ ਧਰਤੀ ਦੇ ਉੱਪਰ ਧਰਮਾਂ ਵਾਲਿਆਂ ਨੇ ਹੀ ਪੈਦਾ ਕੀਤਾ ਹੋਇਆ ਸੀ।
ਧਰਮ ਦਾ ਇਹੀ ਪਹਿਲੂ ਨੁਕਸਾਨਦਾਇਕ ਨਹੀਂ ਹੈ। ਜਦੋਂ ਤੋਂ ਮਨੁੱਖ ਨੇ ਵਿਗਿਆਨਕ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਸਨ। ਉਸੇ ਸਮੇਂ ਤੋਂ ਧਰਮ ਵਾਲਿਆਂ ਨੇ ਵਿਗਿਆਨੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਦਾਹਰਣ ਦੇ ਤੌਰ ਤੇ ਭਾਰਤ ਵਿੱਚ ਬੁੱਧ ਮੱਤ ਦਾ ਜ਼ੋਰ ਸੀ। ਕਿਉਂਕਿ ਬੁੱਧ ਮੱਤ ਅਹਿੰਸਾ ਵਿੱਚ ਵਿਸ਼ਵਾਸ ਰੱਖਦਾ ਸੀ। ਕਿਸੇ ਵੀ ਮਨੁੱਖ ਜਾਂ ਜਾਨਵਰ ਦੀ ਚੀਰ-ਫਾੜ ਕਰਨਾ ਬੁੱਧ ਧਰਮ ਦੇ ਨਿਯਮਾਂ ਦੇ ਉਲਟ ਸੀ। ਇਸ ਲਈ ਇੱਥੇ ਸਰਜਰੀ ਵਿਗਿਆਨ ਨੂੰ ਵਿਕਸਿਤ ਨਹੀਂ ਹੋਣ ਦਿੱਤਾ ਗਿਆ। ਜਦੋਂ ਕਾਪਰਨਿਕਸ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਉਸੇ ਸਮੇਂ ਹੀ ਇਸਾਈਆਂ ਨੇ ਕਾਪਰਨਿਕਸ ਵਿਰੁੱਧ ਜ਼ਿਹਾਦ ਖੜਾ ਕਰ ਦਿੱਤਾ। ਬਰੂਨੋ ਨਾਂ ਦੇ ਵਿਗਿਆਨਕ ਨੂੰ ਜਿਉਂਦਿਆਂ ਹੀ ਅੱਗ ਵਿੱਚ ਸਾੜ ਦਿੱਤਾ ਗਿਆ। ਗਲੈਲੀਓ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਅੱਜ ਦੀ ਐਨੋਟਮੀ ਦੇ ਸੰਸਥਾਪਕ ਵਾਸਲੀਅਸ ਦਾ ਵੀ ਬੁਰਾ ਹਾਲ ਕੀਤਾ ਗਿਆ ਕਿਉਂਕਿ ਉਹ ਮਨੁੱਖੀ ਸਰੀਰ ਦੀ ਅੰਦਰੂਨੀ ਬਣਤਰ ਨੂੰ ਸਮਝਣ ਲਈ ਲਾਸ਼ਾਂ ਕਬਰਾਂ ਵਿੱਚੋਂ ਕੱਢ ਕੇ ਘਰ ਲਿਆਉਂਦਾ ਸੀ ਅਤੇ ਉਹਨਾਂ ਦੀ ਚੀਰ ਫਾੜ ਕਰਿਆ ਕਰਦਾ ਸੀ। ਇੱਕ ਰਾਤ ਉਹ ਆਪਣੀ ਮਾਂ ਦੀ ਲਾਸ਼ ਕਬਰ ਵਿੱਚੋਂ ਕੱਢ ਲਿਆਇਆ। ਉਥੋਂ ਦੀ ਧਾਰਮਿਕ ਅਦਾਲਤ ਨੇ ਉਸ ਨੂੰ ਜਬਰਦਸਤੀ ਹੱਜ ਕਰਨ ਲਈ ਭੇਜ ਦਿੱਤਾ ਅਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮਨੁੱਖੀ ਸਰੀਰ ਵਿੱਚ ਖੂਨ ਦੇ ਦੌਰੇ ਦੀ ਖੋਜ ਕਰਨ ਵਾਲੇ ਵਿਲੀਅਮ ਹਾਰਵੇ ਦਾ ਹਸ਼ਰ ਵੀ ਅਜਿਹਾ ਹੀ ਕੀਤਾ ਗਿਆ। ਜਾਨ ਵਾਇਰ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਬੁਰੀਆਂ ਜਾਂ ਚੰਗੀਆਂ ਆਤਮਾਵਾਂ ਨਹੀਂ ਹੁੰਦੀਆਂ ਸਗੋਂ ਮਾਨਸਿਕ ਰੋਗ ਹੁੰਦੇ ਹਨ। ਤਾਂ ਉਸਨੂੰ ਵੀ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਸਦੀਆਂ ਕਿਤਾਬਾਂ ਜਨਤਕ ਤੌਰ ਤੇ ਫੂਕ ਦਿੱਤੀਆਂ ਗਈਆਂ। ਇਹੋ ਹਸ਼ਰ ਉਸ ਦੇ ਚੇਲੇ ਰੈਕਨਾਡ ਸਕਾਟ ਦਾ ਕੀਤਾ ਗਿਆ ਕਿਉਂਕਿ ਉਹ ਭੂਤਾਂ ਦੀ ਹੋਂਦ ਨੂੰ ਨਹੀਂ ਮੰਨਦਾ ਸੀ।
ਧਰਮ ਦੇ ਨਾਂ ਦੇ ਉੱਪਰ ਲੱਖਾਂ ਹੀ ਨਾਗੇ ਸਾਧੂ ਹਰ ਸਾਲ ਨੰਗੇ ਹੋ ਕੇ ਜਲੂਸ ਕੱਢਦੇ ਹਨ। ਉਹਨਾਂ ਉੱਪਰ ਕੋਈ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ। ਉੜੀਸਾ ਵਿੱਚ ਲੱਖਾਂ ਹੀ ਲੋਕ ਆਪਣੇ ਕੱਪੜੇ ਲਾਹ ਕੇ ਕਈ ਕਿਲੋਮੀਟਰਾਂ ਦੀ ਯਾਤਰਾ ਕਰਕੇ ਨਦੀਆਂ ਵਿੱਚ ਨੰਗੇ ਹੀ ਨਹਾਉਣ ਜਾਂਦੇ ਹਨ। ਇਹ ਸਭ ਕੁਝ ਧਰਮ ਦੇ ਨਾਂ ਤੇ ਹੁੰਦਾ ਹੈ। ਹਰ ਕੋਈ ਸਮਝਦਾ ਹੈ ਨਸ਼ੇ ਬੁਰੀ ਚੀਜ਼ ਹਨ, ਪਰ ਪੰਜਾਬ ਦੇ ਨਹਿੰਗਾਂ ਨੂੰ ਕੌਣ ਰੋਕਦਾ ਹੈ। ਜਾਂ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਨਸ਼ੇ ਮਿਲਣਾ ਆਮ ਹੈ। ਹਰੇਕ ਸਾਧ ਸੰਤ ਦੇ ਡੇਰੇ ਵਿੱਚ ਹੋਰ ਕੁਝ ਮਿਲੇ ਜਾਂ ਨਾ ਮਿਲੇ ਪਰ ਨਸ਼ੇ ਜ਼ਰੂਰ ਆਮ ਹੁੰਦੇ ਹਨ।
ਧਰਮ ਦੇ ਨਾਂ ਦੇ ਉੱਪਰ ਪ੍ਰਦੂਸ਼ਣ ਜ਼ੋਰਾਂ ਤੇ ਹੈ। ਸਵੇਰ ਦਾ ਸਮਾਂ ਸਾਡੇ ਲਈ ਬੇਹਤਰੀਨ ਸਮਾਂ ਹੁੰਦਾ ਹੈ। ਧਾਰਮਿਕ ਸਥਾਨਾਂ ਤੇ ਉੱਚੀ ਆਵਾਜ਼ ਵਿੱਚ ਵੱਜਦੇ ਲਾਊਡ ਸਪੀਕਰ ਇਸ ਸਮੇਂ ਨੂੰ ਹੀ ਬਰਬਾਦ ਕਰ ਦਿੰਦੇ ਹਨ। ਵਿਦਿਆਰਥੀਆਂ ਤੇ ਮਰੀਜ਼ਾਂ ਦੀ ਹਾਲਤ ਹੋਰ ਵੀ ਭੈੜੀ ਹੋ ਜਾਂਦੀ ਹੈ। ਨਦੀਆਂ ਨਾਲਿਆਂ ਦਾ ਪਾਣੀ ਸੈਂਕੜੇ ਲੋਕ ਨਹਾ ਕੇ ਗੰਦਾ ਕਰ ਦਿੰਦੇ ਹਨ ਅਤੇ ਫੇਰ ਉਸੇ ਪਾਣੀ ਨੂੰ ਪਵਿੱਤਰ ਪਾਣੀ ਸਮਝ ਕੇ ਪੀਣ ਲਈ ਢੋਲੀਆਂ ਭਰ ਕੇ ਘਰਾਂ ਨੂੰ ਲੈ ਜਾਂਦੇ ਹਨ। ਬਹੁਤ ਸਾਰੇ ਮੰਦਰ ਜਾਂ ਗੁਰਦੁਆਰੇ ਸੜਕਾਂ ਜਾਂ ਸਾਂਝੀਆਂ ਥਾਵਾਂ ਨੂੰ ਰੋਕ ਕੇ ਹੀ ਉਸਾਰੇ ਜਾਂਦੇ ਹਨ। ਕਿਉਂਕਿ ਸਿਆਸੀ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ। ਇਸ ਲਈ ਉਹ ਇਨ੍ਹਾਂ ਨਾਜਾਇਜ਼ ਕੰਮਾਂ ਵਿੱਚ ਧਾਰਮਿਕ ਅਦਾਰਿਆਂ ਦੀ ਮੱਦਦ ਕਰਦੇ ਹਨ।
ਭੂਤਾਂ-ਪੇ੍ਰਤਾਂ ਅਤੇ ਨਿੱਤ ਨੇਮਾਂ ਦੀ ਉਲੰਘਣਾ ਕਾਰਨ ਹੋਏ ਵਹਿਮ ਕਰਕੇ ਹਜ਼ਾਰਾਂ ਵਿਅਕਤੀ ਮਾਨਸਿਕ ਰੋਗੀ ਬਣਕੇ ਸਾਡੇ ਕੋਲ ਆਏ ਹਨ। ਕਰਮਾਂ ਅਤੇ ਕਿਸਮਤਾਂ ਦਾ ਚੱਕਰ ਉਨ੍ਹਾਂ ਨੂੰ ਬੁਜ਼ਦਿਲ ਬਣਾ ਦਿੰਦਾ ਹੈ ਅਤੇ ਉਹ ਆਤਮ-ਵਿਸ਼ਵਾਸ ਖੋ ਬੈਠਦੇ ਹਨ ਅਤੇ ਫੇਰ ਸਾਧਾਂ-ਸੰਤਾਂ, ਆਤਮਾ-ਪ੍ਰਮਾਤਮਾ ਦੇ ਨਾਂ ਦੀਆਂ ਝੂਠੀਆਂ ਫੌੜੀਆਂ ਲੈ ਕੇ ਤੁਰਨ ਦਾ ਯਤਨ ਕਰਦੇ ਹਨ। ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਿੱਚ ਦਿਖਾਈਆਂ ਗਈਆਂ ਚਾਰ-ਚਾਰ, ਛੇ-ਛੇ, ਅੱਠ-ਅੱਠ ਬਾਹਵਾਂ ਅਤੇ ਸ਼ਿਵਜੀ ਦੇ ਜੂੜੇ ਵਿੱਚੋਂ ਨਿਕਲਦੀ ਪਾਣੀ ਦੀ ਧਾਰਾ ਅਤੇ ਸੱਤ ਮੂੰਹੇ ਸੱਪ ਦੀ ਸਿਰੀ ਤੇ ਖੜੇ �ਿਸ਼ਨ ਜੀ ‘ਮਹਾਰਾਜ’ ਦੇ ਦਰਸ਼ਨ ਕਰਕੇ ਬੱਚਿਆਂ ਦੀ ਸੋਚ ਗੈਰ ਵਿਗਿਆਨਕ ਬਣ ਜਾਂਦੀ ਹੈ। ਸਿੱਟੇ ਵਜੋਂ ਉਹ ਲਾਈ ਲੱਗ ਕਿਸਮ ਦੇ ਇਨਸਾਨ ਬਣ ਜਾਂਦੇ ਹਨ। ਜਿੰਨਾਂ ਦੇ ਦਿਮਾਗ ਸਦਾ ਬੰਦ ਰਹਿੰਦੇ ਹਨ।
ਬਾਬੇ ਨਾਨਕ ਨੇ ਭਾਵੇਂ ਇਸਤਰੀ ਜਾਤੀ ਦੀ ਪ੍ਰਸ਼ੰਸਾ ਕੀਤੀ ਹੈ ਪਰ ਬਹੁਤ ਸਾਰੇ ਧਰਮ ਗਰੰਥਾਂ ਵਿਚ ਇਸਤਰੀ ਜਾਤੀ ਨੂੰ ਭੰਡਿਆ ਗਿਆ ਹੈ। ਕੋਈ ਕਹਿੰਦਾ ਹੈ ਕਿ ਇਸਤਰੀਆਂ ਮੂਰਖ ਅਤੇ ਅਸ਼ੁਭ ਹੁੰਦੀਆਂ ਹਨ। ਕੋਈ ਕਹਿੰਦਾ ਹੈ ਕਿ ਇਸਤਰੀਆਂ ਨੂੰ ਵੇਦ ਪੜ੍ਹਨ ਦਾ ਹੱਕ ਨਹੀਂ ਹੈ। ਕੋਈ ਹੋਰ ਲਿਖਦਾ ਹੈ ਕਿ ਇਸਤਰੀਆਂ ਨੂੰ ਬਚਪਨ ਵਿਚ ਆਪਣੇ ਪਿਤਾ, ਜਵਾਨੀ ਵਿਚ ਆਪਣੇ ਪਤੀ ਅਤੇ ਬੁਢਾਪੇ ਵਿਚ ਆਪਣੇ ਪੁੱਤਰਾਂ ਅਨੁਸਾਰ ਚੱਲਣਾ ਚਾਹੀਦਾ ਹੈ। ਕਈ ਧਰਮ ਤਿੰਨ-ਤਿੰਨ ਚਾਰ-ਚਾਰ ਇਸਤਰੀਆਂ ਨਾਲ ਵਿਆਹ ਕਰਵਾਉਣ ਨੂੰ ਜਾਇਜ਼ ਠਹਿਰਾਉਂਦੇ ਹਨ। ਕਿਸੇ ਹੋਰ ਧਰਮ ਗਰੰਥ ਵਿਚ ਲਿਖਿਆ ਹੁੰਦਾ ਹੈ ਕਿ ਇਸਤਰੀਆਂ ਸੜਕ ਦੇ ਕਿਨਾਰੇ ਤੇ ਜਲਣ ਵਾਲੇ ਉਹ ਦੀਵੇ ਹਨ ਜਿਹੜੇ ਨਰਕ ਦਾ ਮਾਰਗ ਵਿਖਾਉਂਦੇ ਹਨ। ਸੋ ਭਾਰਤੀ ਇਸਤਰੀ ਦੀ ਹਾਲਤ ਅੱਜ ਜੇ ਏਨੀ ਬੁਰੀ ਹੈ ਤਾਂ ਇਹ ਸਿਰਫ਼ ਧਾਰਮਿਕ ਅੰਧ-ਵਿਸ਼ਵਾਸਾਂ ਕਰਕੇ ਹੀ ਹੈ।
ਸ਼ਾਇਦ ਅਸੀਂ ਭੁੱਲ ਗਏ ਹਾਂ ਕਿ ਇਹ ਧਰਮ ਹੀ ਸੀ ਜਿਸਨੇ ਮਨੁੱਖ ਜਾਤੀ ਦੇ ਇੱਕ ਹਿੱਸੇ ਜਿਸ ਨੂੰ ਅੱਜ ਵੀ ਸ਼ੂਦਰ ਕਿਹਾ ਜਾਂਦਾ ਹੈ ਨੂੰ ਆਪਣੇ ਗਲਾਂ ਵਿੱਚ ਕੁੱਜੇ ਲਟਕਾ ਕੇ ਤੇ ਮਗਰ ਝਾੜੀਆਂ ਬੰਨ ਕੇ ਤੁਰਨ ਲਈ ਮਜ਼ਬੂਰ ਕੀਤਾ ਸੀ ਤਾਂ ਜੋ ਉਹਨਾਂ ਦੇ ਥੁੱਕ ਉੱਪਰ ਕਿਸੇ ਬ੍ਰਾਹਮਣ ਦਾ ਪੈਰ ਨਾ ਟਿਕ ਜਾਵੇ ਅਤੇ ਉਹਨਾਂ ਦੀਆਂ ਪੈੜਾਂ ਵਿੱਚ ਕਿਸੇ ਬ੍ਰਾਹਮਣ ਦਾ ਪੈਰ ਨਾ ਧਰਿਆ ਜਾਵੇ। ਜ਼ਰਾ ਸੋਚੋ ਐਕਲਵਿਆ ਦਾ ਕਸੂਰ ਕੀ ਸੀ ਅਤੇ ਕਿਉਂ ਦੋ੍ਰਣਾਚਾਰੀਆ ਨੇ ਉਸਦਾ ਅੰਗੂਠਾ ਹੀ ਵੱਢਵਾ ਲਿਆ ਸੀ ?
ਭਾਰਤ ਵਿੱਚ ਸਮੱਸਿਆਵਾਂ ਦਿਨੋ ਦਿਨ ਵਧ ਰਹੀਆਂ ਹਨ। ਇਸ ਦਾ ਇੱਕ ਕਾਰਨ ਵੱਧ ਆਬਾਦੀ ਵੀ ਹੈ। ਕਰਮਾਂ ਅਤੇ ਕਿਸਮਤਾਂ ਧਰਮ ਦੀਆਂ ਪੈਦਾਵਾਰ ਹਨ ਅਤੇ ਇਹ ਆਬਾਦੀ ਨੂੰ ਵਧਾਉਂਦੀਆਂ ਹਨ। ਇੱਕ ਪਾਸੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਆਪਣਾ ਪੇਟ ਭਰਨਾ ਪੈਂਦਾ ਹੈ। ਦੂਜੇ ਪਾਸੇ ਧਰਮਾਂ ਦੇ ਨਾਂ ਤੇ ਕਰੋੜਾਂ ਲੋਕ ਵਿਹਲੇ ਫਿਰਦੇ ਹਨ। ਸਾਧਾਂ ਸੰਤਾਂ ਦੇ ਵੱਗ ਪਰਜੀਵੀ ਬਣਕੇ ਲੋਕਾਂ ਦੀ ਮਿਹਨਤ ਨੂੰ ਖਾਈ ਜਾਂਦੇ ਹਨ। ਗੁਰਦੁਆਰੇ ਦੇ ਭਾਈ ਜੀ, ਮੰਦਰ ਦੇ ਪੁਜਾਰੀ ਉਹ ਵਿਹਲੜ ਲਾਣੇ ਹਨ ਜਿਹੜੇ ਡੱਕਾ ਦੂਹਰਾ ਨਾ ਕਰ ਕੇ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਛਕਦੇ ਹਨ। ਇਨ੍ਹਾਂ ਦੀਆਂ ਕਮਾਈਆਂ ਉੱਪਰ ਤਾਂ ਸਰਕਾਰਾਂ ਟੈਕਸ ਵੀ ਨਹੀਂ ਲਾਉਂਦੀਆਂ।
ਜੇ ਵੇਖਿਆ ਜਾਵੇ ਭਾਰਤ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਸਾਡੀ ਧਾਰਮਿਕ ਸੋਚ ਨੇ 1947 ਵਿੱਚ ਹੀ ਕਰ ਦਿੱਤਾ ਸੀ ਜਦੋਂ ਪਾਕਿਸਤਾਨ ਬਣਾ ਕੇ ਅਸੀਂ ਨਾਲੇ ਤਾਂ ਆਪਣੀ ਵੱਡੀ ਆਬਾਦੀ ਨੂੰ ਅਤੇ ਵੱਡੇ ਇਲਾਕੇ ਨੂੰ ਆਪਣਾ ਦੁਸ਼ਮਣ ਬਣਾ ਲਿਆ ਸੀ ਅਤੇ ਜਿਸਦਾ ਸਵਾਦ ਅਸੀਂ ਹਰ ਪੰਜ-ਸੱਤ ਸਾਲ ਪਹਿਲਾਂ ਹੋਣ ਵਾਲੀਆਂ ਲੜਾਈਆਂ ਵਿੱਚ ਆਪਣੇ ਹਜ਼ਾਰਾਂ ਫੌਜੀ ਮਰਵਾ ਕੇ ਲੈ ਚੁੱਕੇ ਹਾਂ।
ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਮਨੁੱਖ ਵਿੱਚ ਚੰਗੀਆਂ ਕਦਰਾਂ ਕੀਮਤਾਂ ਧਰਮ ਕਰਕੇ ਹੀ ਪੈਦਾ ਹੁੰਦੀਆਂ ਹਨ ਤਾਂ ਤੇਤੀ ਕਰੋੜ ਦੇਵੀ, ਦੇਵਤਿਆਂ ਦੇ ਦੇਸ਼ ਭਾਰਤ ਵਿੱਚ ਝੂਠ, ਕਪਟ, ਭਿ੍ਰਸਟਾਚਾਰ ਦੁਨੀਆਂ ਵਿੱਚੋਂ ਸਭ ਤੋਂ ਵੱਧ ਕਿਉਂ ਹੈ?
ਅੱਜ ਜਦੋਂ ਵਿਗਿਆਨਕ ਖੋਜਾਂ ਇੰਟਰਨੈਟ, ਟੈਲੀਵੀਜ਼ਨ, ਟੈਲੀ ਕਮਿਊਨੀਕੇਸ਼ਨ ਨੇ ਸਾਰੀ ਦੁਨੀਆਂ ਨੂੰ ਇੱਕ ਪਿੰਡ ਦੇ ਰੂਪ ਵਿੱਚ ਬਦਲ ਦਿੱਤਾ ਹੈ ਤਾਂ ਵੱਖ-ਵੱਖ ਧਰਮਾਂ ਨੂੰ ਕਾਇਮ ਰੱਖਣ ਦੀ ਕੀ ਅਹਿਮੀਅਤ ਹੈ ? ਸੋ ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਰੀ ਦੁਨੀਆਂ ਉੱਪਰ ਇੱਕ ਹੀ ਸਰਕਾਰ ਹੋਵੇ, ਇਥੇ ਸਰਹੱਦਾਂ ਨਾ ਹੋਣ ਕਿਤੇ ਵੀ ਜਾਣ ਲਈ ਵੀਜ਼ੇ, ਪਾਸਪੋਰਟਾਂ ਦੀ ਲੋੜ ਨਾ ਹੋਵੇ ਤਾਂ ਸਾਨੂੰ ਧਰਮਾਂ ਨੂੰ ਸਦਾ ਲਈ ਤਿਲਾਂਜਲੀ ਦੇਣੀ ਪਵੇਗੀ। ਤਾਂ ਜੋ 21ਵੀਂ ਸਦੀ ਦਾ ਮਨੁੱਖ ਹੋਰ ਵੱਡੀਆਂ ਪੁਲਾਂਘਾਂ ਪੁੱਟਣ ਲਈ ਅੱਗੇ ਵਧ ਸਕੇ। ਸਾਡੇ ਭਾਰਤ ਵਿੱਚ ਸਾਡੇ ਸਿਆਸੀ ਆਗੂਆਂ ਨੂੰ ਧਾਰਮਿਕ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਇਹਨਾਂ ਦੀ ਜਾਇਜ਼ ਨਾਜਾਇਜ਼ ਮੰਗਾਂ ਨੂੰ ਮੰਨਣਾ ਪੈਂਦਾ ਹੈ। ਹਰ ਸਿਆਸੀ ਲੀਡਰ ਆਪਣੀ ਚੋਣ ਦਾ ਮਹੂਰਤ ਆਪਣੇ ਇਲਾਕੇ ਦੇ ਬਹੁ ਗਿਣਤੀ ਵੋਟਰਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਸਮਝਦਾ ਹੋਇਆ ਉਹਨਾਂ ਦੇ ਧਾਰਮਿਕ ਅਦਾਰਿਆਂ ਵਿੱਚੋਂ ਸ਼ੁਰੂ ਕਰਦਾ ਹੈ। ਹਰ ਵਿਅਕਤੀ ਨੂੰ ਜਨਮ ਸਮੇਂ, ਸਕੂਲ ਵਿੱਚ ਦਾਖਲ ਹੋਣ ਸਮੇਂ, ਵਿਆਹ ਸਮੇਂ ਅਤੇ ਨੌਕਰੀ ਪ੍ਰਾਪਤ ਕਰਨ ਸਮੇਂ ਅਤੇ ਮਰਨ ਸਮੇਂ ਆਪਣਾ ਜਾਤ-ਪਾਤ ਅਤੇ ਧਰਮ ਲਿਖਵਾਉਣਾ ਪੈਂਦਾ ਹੈ। ਇਸ ਲਈ ਅਸੀਂ ਪਿਛਲੇ ਪੰਜਾਹ ਵਰ੍ਹਿਆਂ ਤੋਂ ਹੀ ਧਰਮ ਆਧਾਰਤ ਰਾਜਨੀਤੀ ਅਧੀਨ ਲੰਘਾ ਰਹੇ ਹਾਂ। ਜਿਸ ਦੇ ਸਿੱਟੇ ਸਾਡੇ ਸਾਹਮਣੇ ਹਨ। ਅੱਜ ਹਿੰਦੁਸਤਾਨ ਵਿੱਚ ਕਰੋੜਾਂ ਲੋਕ ਬੇਰੁਜ਼ਗਾਰੀ ਦਾ ਸ਼ਿਕਾਰ ਹਨ ਅਤੇ ਇੰਨੇ ਹੀ ਹਰ ਰੋਜ਼ ਭੁੱਖੇ ਸੜਕਾਂ ਤੇ ਸੌਂਦੇ ਹਨ। ਥਾਂ ਥਾਂ ਭਿ੍ਰਸ਼ਟਾਚਾਰ ਫੈਲਿਆ ਹੋਇਆ ਹੈ। ਕੋਈ ਵੀ ਦੇਵੀ ਦੇਵਤਾ ਜਾਂ ਧਾਰਮਿਕ ਆਗੂ ਆਪਣੇ ਭਗਤਾਂ ਨੂੰ ਭਿ੍ਰਸ਼ਟਾਚਾਰ ਤੋਂ ਕਿਨਾਰਾ ਕਰਨ ਲਈ ਵਰਜਦਾ ਨਹੀਂ। ਭਾਵੇਂ ਅਸੀਂ ਸਮਝਦੇ ਹਾਂ ਕਿ ਰਾਜਨੀਤੀ ਅਜਿਹੀ ਚੰਗੀ ਚੀਜ਼ ਹੈ ਜਿਸ ਨਾਲ ਸਮੁੱਚੇ ਲੋਕਾਂ ਦੀ ਕਿਸਮਤ ਪੂਰੀ ਤਰ੍ਹਾਂ ਬਦਲੀ ਜਾ ਸਕਦੀ ਹੈ। ਸਾਡੇ ਗੁਆਂਢੀ ਦੇਸ਼ ਚੀਨ ਨੇ ਭਾਰਤ ਨਾਲੋਂ ਵੱਧ ਆਬਾਦੀ ਹੁੰਦੇ ਹੋਏ ਵੀ ਉਥੋਂ ਦੇ ਲੋਕਾਂ ਨੂੰ ਇੱਜ਼ਤ ਭਰੀ ਜ਼ਿੰਦਗੀ ਜਿਉਣਾ ਸਿਖਾ ਦਿੱਤਾ ਹੈ। ਫਿਰ ਕਿਉਂ ਅਸੀਂ ਭਾਰਤੀ ਕੰਗਾਲ ਅਤੇ ਭੀਖਮੰਗੇ ਬਣੇ ਹਾਂ। ਇਹ ਸੋਚਣ ਦੀ ਗੱਲ ਹੈ, ਜਦੋਂ ਅਸੀਂ ਸੋਚਾਂਗੇ ਤਾਂ ਧਰਮ ਅਧਾਰਤ ਰਾਜਨੀਤੀ ਹੀ ਇਸ ਗੱਲ ਦੀ ਜ਼ੁੰਮੇਵਾਰ ਹੋਵੇਗੀ।
ਸੋ ਜੇ ਧਰਮਾਂ ਦਾ ਨਜ਼ਰੀਆ ਇਨਸਾਨਾਂ ਵਿਚ ਵਧੀਆ ਕਦਰਾਂ-ਕੀਮਤਾਂ ਪੈਦਾ ਕਰਨਾ ਹੀ ਹੁੰਦਾ ਤਾਂ ਤਰਕਸ਼ੀਲਾਂ ਨੂੰ ਇਸ ਗੱਲ ਵਿਚ ਕੋਈ ਇਤਰਾਜ਼ ਨਹੀਂ ਸੀ ਪਰ ਅੱਜ ਧਰਮ ਤਾਂ ਸਿਰਫ਼ ਪਾਠ ਕਰਨੇ, ਜਗਰਾਤੇ ਕਰਨੇ ਕਰਵਾਉਣੇ, ਹਵਨ ਕਰਨੇ, ਵਰਤ ਰੱਖਣੇ, ਦਾਨ-ਪੁੰਨ ਕਰਨਾ ਕਰਵਾਉਣਾ, ਵਿਸ਼ੇਸ਼ ਪਹਿਰਾਵੇ ਪਹਿਨਣੇ ਪਹਿਨਾਉਣੇ, ਯੱਗ ਕਰਨੇ, ਟੱਲੀਆਂ ਖੜਕਾਉਣਾ ਆਦਿ ਨੂੰ ਹੀ ਸਮਝਿਆ ਜਾ ਰਿਹਾ ਹੈ ਅਤੇ ਹਰ ਧਰਮ ਜਿਵੇਂ ਘੁਮਿਆਰੀ ਆਪਣੇ ਹੀ ਬਣਾਏ ਭਾਂਡੇ ਨੂੰ ਵਧੀਆ ਦੱਸਦੀ ਹੈ ਇਸ ਤਰ੍ਹਾਂ ਹਰ ਧਾਰਮਿਕ ਵਿਅਕਤੀ ਆਪਣੇ ਹੀ ਧਰਮ ਨੂੰ ਸੰਸਾਰ ਦਾ ਸਭ ਤੋਂ ਵਧੀਆ ਧਰਮ ਦਰਸਾਉਂਦਾ ਹੈ। ਅਸੀਂ ਤਰਕਸ਼ੀਲ ਗਰੰਥਾਂ, ਮੂਰਤੀਆਂ ਅਤੇ ਅਸਥਾਨਾਂ ਨਾਲੋਂ ਮਨੁੱਖ ਨੂੰ ਵਧੀਆ ਸਮਝਦੇ ਹਾਂ। ਅਸੀਂ ਇਹ ਵੀ ਸਮਝਦੇ ਹਾਂ ਕਿ ਉਪਰੋਕਤ ਤਿੰਨੇ ਚੀਜ਼ਾਂ ਦੀ ਰਚਨਾ ਕਰਨ ਵਾਲਾ ਵੀ ਮਨੁੱਖ ਹੀ ਹੈ ਅਤੇ ਇਨ੍ਹਾਂ ਚੀਜ਼ਾਂ ਦੀ ਖਾਤਰ ਇਨਸਾਨੀਅਤ ਦਾ ਘਾਣ ਕਰਨਾ ਬਹੁਤ ਘਟੀਆ ਹੈ। ਇਸ ਲਈ ਅਸੀਂ ਤਰਕਸ਼ੀਲ, ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਨਾਲੋਂ ਇਨਸਾਨ ਹੋਣ ਨੂੰ ਤਰਜੀਹ ਦਿੰਦੇ ਹਾਂ। ਇਸ ਲਈ ਅਸੀਂ ਵਾਰ-ਵਾਰ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਲੋਕੋ ਧਰਮਾਂ ਦੀਆਂ ਵਲਗਣਾਂ ਵਿਚੋਂ ਬਾਹਰ ਨਿਕਲ ਕੇ ਸੱਚੇ-ਸੁੱਚੇ ਇਨਸਾਨ ਬਣੀਏ।

 


Warning: count(): Parameter must be an array or an object that implements Countable in H:\root\home\ksgbnl-001\www\tarksheel\wp-includes\class-wp-comment-query.php on line 399

Leave a Reply

Your email address will not be published. Required fields are marked *