ਕੁਝ ਥਾਵਾਂ ’ਤੇ ਲਾਟਾਂ ਕਿਵੇਂ ਬਲਦੀਆਂ ਹਨ?

By | February 18, 2014

eternal flame_topਮੇਘ ਰਾਜ ਮਿੱਤਰ (+91 98887 87440)

ਲਗਭਗ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਵੱਡੀਆਂ ਉਥਲਾਂ-ਪੁਥਲਾਂ ਹੋਈਆਂ। ਇਨ੍ਹਾਂ ਦਾ ਕਾਰਨ ਧਰਤੀ ਨਾਲ ਟਕਰਾਇਆ ਕੋਈ ਵੱਡਾ ਉਲਕਾ ਪਿੰਡ ਸੀ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਇਹ ਉਲਕਾ ਪਿੰਡ ਦੱਖਣੀ ਅਮਰੀਕਾ ਦੇ ਇਕ ਦੇਸ਼ ਅਰਜਨਟਾਇਨਾ ਵਿਖੇ ਟਕਰਾਇਆ ਸੀ। ਉਸ ਸਮੇਂ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੀਆਂ ਨੜ੍ਹਿਨਵੇਂ ਫੀਸਦੀ ਨਸਲਾਂ ਸਦਾ ਲਈ ਧਰਤੀ ਦੀਆਂ ਤੈਹਾਂ ਵਿਚ ਦਬ ਗਈਆਂ। ਆਕਸੀਜਨ ਦੀ ਅਣਹੋਂਦ ਕਾਰਨ ਇਹਨਾਂ ਜੀਵਾਂ ਦੀ ਇਹ ਚਰਬੀ ਤੇਲ ਅਤੇ ਗੈਸ ਵਿਚ ਬਦਲ ਗਈ। ਅੱਜ ਧਰਤੀ ਉੱਪਰ ਬਹੁਤ ਸਾਰੇ ਥਾਵਾਂ ਉੱਤੋਂ ਤੇਲ ਅਤੇ ਗੈਸ ਦੇ ਭੰਡਾਰ ਮਿਲ ਰਹੇ ਹਨ। ਕੁੱਝ ਥਾਵਾਂ ਉੱਪਰ ਇਹ ਧਰਤੀ ਦੀਆਂ ਘੱਟ ਡੂੰਘਾਈਆਂ ਉੱਪਰ ਵੀ ਮਿਲ ਜਾਂਦੇ ਹਨ, ਕੁੱਝ ਥਾਵਾਂ ਉੱਪਰ ਇਹ ਵੱਧ ਪੁਟਾਈ ਕਰਨ ਤੇ ਪ੍ਰਾਪਤ ਹੁੰਦੀਆਂ ਹਨ। ਹੁਸ਼ਿਆਰਪੁਰ ਤੋਂ ਕਾਂਗੜੇ ਦੀ ਯਾਤਰਾ ਕਰਦਿਆਂ ਰਾਸਤੇ ਵਿਚ ਬਹੁਤ ਸਾਰੀਆਂ ਗੋਲ-ਗੋਲ ਪੱਥਰਾਂ ਵਾਲੀਆਂ ਮਿੱਟੀ ਦੀਆਂ ਪਹਾੜੀਆਂ ਨਜ਼ਰ ਆਉਂਦੀਆਂ ਹਨ। ਇਹ ਇਸ ਗੱਲ ਦਾ ਪ੍ਰਤੀਕ ਹਨ ਕਿ ਇਸ ਸਥਾਨ ਉੱਪਰ ਕਿਸੇ ਸਮੇਂ ਸਮੁੰਦਰ ਹੁੰਦਾ ਸੀ। ਕਿਉਂਕਿ ਦਰਿਆਵਾਂ ਵਿਚੋਂ ਰੁੜ੍ਹਦੇ ਜਾਂਦੇ ਪੱਥਰ ਹਜ਼ਾਰਾਂ ਮੀਲਾਂ ਦੀ ਯਾਤਰਾ ਸੈਂਕੜੇ ਸਾਲਾਂ ਵਿਚ ਕਰਦੇ ਕਰਦੇ ਗੋਲ ਹੋ ਕੇ ਸਮੁੰਦਰਾਂ ਵਿਚ ਜਾ ਡਿੱਗਦੇ ਹਨ ਅਤੇ ਨਾਲ ਹੀ ਦਰਿਆਵਾਂ ਦੁਆਰਾ ਲਿਜਾਈ ਗਈ ਰੇਤ ਇਨ੍ਹਾਂ ਉੱਪਰ ਜਮ੍ਹਾਂ ਹੋ ਜਾਂਦੀ ਹੈ। ਕਿਸੇ ਸਮੇਂ ਕੋਈ ਭੁਚਾਲ ਆਉਂਦਾ ਹੈ ਅਤੇ ਇਹ ਸਮੁੰਦਰੀ ਡੂੰਘਾਈਆਂ ਵਿਚੋਂ ਪਹਾੜੀਆਂ ਦੇ ਰੂਪ ਵਿਚ ਉੱਭਰ ਆਉਂਦੀਆਂ ਹਨ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਕਿਸੇ ਸਮੇਂ ਇਸ ਸਥਾਨ ਉੱਤੇ ਟੈਬੀਜ਼ ਨਾਂ ਦੇ ਸਮੁੰਦਰ ਦੀ ਹੋਂਦ ਸੀ। ਸੋ ਇਸ ਲਈ ਇਸ ਸਥਾਨ ’ਤੇ ਮਰੀਆਂ ਹੋਈਆਂ ਅਰਬਾਂ ਮੱਛੀਆਂ ਦੀ ਚਰਬੀ, ਤੇਲ ਅਤੇ ਗੈਸ ਦੇ ਰੂਪ ਵਿਚ ਜਮ੍ਹਾਂ ਹੋ ਗਈ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਚ ਜਵਾਲਾ ਜੀ ਵਿਖੇ ਕੁਝ ਥਾਵਾਂ ’ਤੇ ਅਜਿਹੀਆਂ ਲਾਟਾਂ ਬਲ ਰਹੀਆਂ ਹਨ। ਇਸ ਦੀ ਖੁਦਾਈ ਕਰਨ ਲਈ ਇਸ ਸ਼ਹਿਰ ਵਿਚ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਦੇ ਦਫ਼ਤਰ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਉਹਨਾਂ ਨੇ ਇਥੇ ਖੁਦਾਈ ਰਾਹੀਂ ਗੈਸਾਂ ਕੱਢਣ ਦਾ ਯਤਨ ਕੀਤਾ ਵੀ ਹੈ। ਪਰ ਉਹਨਾਂ ਦੇ ਬੋਰ ਕਰਨ ਦੇ ਬਰਮਿਆਂ ਦੀ ਡੂੰਘਾਈ ਘੱਟ ਹੋਣ ਕਾਰਨ ਉਹਨਾਂ ਨੂੰ ਇਸ ਸਥਾਨ ਤੋਂ ਗੈਸ ਪ੍ਰਾਪਤ ਹੋਈ ਹੈ ਪਰ ਇਸਦੀ ਮਾਤਰਾ ਬਹੁਤੀ ਨਹੀਂ ਸੀ, ਸੋ ਇਹ ਕੱਢਣੀ ਲਾਹੇਵੰਦ ਵੀ ਨਹੀਂ ਸੀ। ਉਹਨਾਂ ਨੂੰ ਯਕੀਨ ਹੈ ਕਿ ਜਦੋਂ ਵੀ ਉਹਨਾਂ ਕੋਲ ਵੱਧ ਡੂੰਘਾਈ ਕਰਨ ਵਾਲੀਆਂ ਮਸ਼ੀਨਾਂ ਆ ਜਾਣਗੀਆਂ ਤਾਂ ਇਸ ਸਥਾਨ ਤੋਂ ਉਹਨਾਂ ਨੂੰ ਗੈਸ ਵੀ ਵੱਡੀ ਮਾਤਰਾ ਵਿਚ ਮਿਲ ਜਾਣੀ ਹੈ। ਆਪਣੀ ਯਾਤਰਾ ਸਮੇਂ ਮੈਂ ਵੇਖਿਆ ਹੈ ਕਿ ਇਸ ਸਥਾਨ ’ਤੇ ਅਜਿਹੇ ਪੱਥਰ ਮੌਜੂਦ ਹਨ ਜਿਨ੍ਹਾਂ ਵਿਚ ਬਰੀਕ-ਬਰੀਕ ਮੁਸਾਮ ਹਨ। ਮੁਸਾਮਦਾਰ ਪੱਥਰ ਸਿਰਫ ਉਨ੍ਹਾਂ ਸਥਾਨਾਂ ’ਤੇ ਹੀ ਮਿਲਦੇ ਹਨ ਜਿੱਥੇ ਗੈਸਾਂ ਰਿਸ ਰਿਸ ਕੇ ਬਾਹਰ ਆ ਸਕਦੀਆਂ ਹੋਣ। ਜਵਾਲਾ ਜੀ ਦੇ ਮੰਦਰ ਦੀ ਦੂਸਰੀ ਮੰਜ਼ਿਲ ’ਤੇ ਇਕ ਸਥਾਨ ਹੈ ਜਿਸ ਨੂੰ ਗੋਰਖ ਟਿੱਬੀ ਕਿਹਾ ਜਾਂਦਾ ਹੈ, ਇਥੇ ਇਕ ਛੋਟੇ ਜਿਹੇ ਕੁੰਡ ਵਿਚ ਠੰਢਾ ਪਾਣੀ ਉੱਬਲਦਾ ਨਜ਼ਰ ਆਉਂਦਾ ਹੈ। ਇਹੀ ਪਾਣੀ ਵਿਚੋਂ ਨਿਕਲੀ ਗੈਸ ਕਰਕੇ ਹੀ ਹੁੰਦਾ ਹੈ। ਇਕ ਜਾਂ ਦੋ ਮਿੰਟ ਵਿਚ ਇਸ ਕੁੰਡ ਵਿਚ ਗੈਸ ਇਕੱਠੀ ਹੋ ਜਾਂਦੀ ਹੈ। ਪੁਜਾਰੀ ਧੂਪ ਜਾਂ ਬੱਤੀ ਨਾਲ ਵੱਡੀ ਲਾਟ ਪ੍ਰਗਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਜੇ ਤੁਸੀਂ ਪੁਜਾਰੀ ਨੂੰ ਉਸੇ ਸਮੇਂ ਹੀ ਦੁਬਾਰਾ ਅੱਗ ਲਾਉਣ ਲਈ ਕਹੋਗੇ ਤਾਂ ਉਹ ਅਜਿਹਾ ਨਹੀਂ ਕਰ ਸਕੇਗਾ ਕਿਉਂਕਿ ਗੈਸ ਇਕੱਠੀ ਹੋਣ ਨੂੰ ਇਕ-ਦੋ ਮਿੰਟ ਲਗਦੇ ਹਨ। ਠੰਢੇ ਪਾਣੀ ਵਿਚੋਂ ਬੁਲਬੁਲੇ ਵੀ ਨਿਕਲਦੇ ਨਜ਼ਰ ਆਉਂਦੇ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਗੈਸ ਰਿਸ ਰਿਸ ਕੇ ਬਾਹਰ ਆ ਰਹੀ ਹੈ।
ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਵੇਂ ਆਪਣਾ ਵਿਸ਼ਵਾਸ ਇਨ੍ਹਾਂ ਗੱਲਾਂ ਵਿਚ ਬਰਕਰਾਰ ਰੱਖਣ ਪਰ ਤਰਕਸ਼ੀਲਾਂ ਤੇ ਵਿਗਿਆਨਕਾਂ ਦੁਆਰਾ ਦਰਸਾਈਆਂ ਉਪਰੋਕਤ ਸੱਚਾਈਆਂ ਨੂੰ ਵੀ ਆਪਣੇ ਤਰਕ ਦੀ ਕਸੌਟੀ ’ਤੇ ਜ਼ਰੂਰ ਪਰਖਣ। ਤਰਕਸ਼ੀਲ ਕਦੇ ਵੀ ਕਿਸੇ ਧਾਰਮਿਕ ਸਮਾਗਮ ਵਿਚ ਜਾ ਕੇ ਕੋਈ ਭੜਕਾਹਟ ਪੈਦਾ ਕਰਨ ਵਿਚ ਯਕੀਨ ਨਹੀਂ ਰੱਖਦੇ ਅਤੇ ਨਾ ਹੀ ਉਹ ਕਦੇ ਅਜਿਹਾ ਕਰਨਗੇ। ਜੇ ਕੋਈ ਅਜਿਹਾ ਕਰੇਗਾ ਤਾਂ ਉਹ ਤਰਕਸ਼ੀਲ ਹੋਵੇਗਾ ਵੀ ਨਹੀਂ। ਤਰਕਸ਼ੀਲਾਂ ਦਾ ਮੁੱਖ ਮੰਤਵ ਧਰਮ ਦੇ ਨਾਂ ’ਤੇ ਗੁਮਰਾਹ ਕਰਕੇ ਲੋਕਾਂ ਵਿਚ ਦੰਗੇ ਭੜਕਾਉਣ ਵਾਲੀਆਂ ਸਿਆਸਤਾਂ ਨੂੰ ਨਾਕਾਮ ਕਰਨਾ ਹੈ। ਸਾਨੂੰ ਇਸ ਕੰਮ ਵਿੱਚ ਲੋਕਾਂ ਦੇ ਸਹਿਯੋਗ ਦੀ ਅਤਿ ਲੋੜ ਹੈ।

Leave a Reply

Your email address will not be published. Required fields are marked *