‘ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕੰਮ ਕਰਦੀ ਹੈ’ ਬਾਰੇ ਸਵਾਲ-ਜਵਾਬ

By | August 4, 2018

ਮੇਘ ਰਾਜ ਮਿੱਤਰ, 9888787440
ਕੋਈ ਤਾਂ ਸ਼ਕਤੀ ਹੈ ਜੋ ਸਾਡੇ ਸਾਰੇ ਸਰੀਰ ਨੂੰ ਚਲਾ ਰਹੀ ਹੈ। ਹੱਡਮਾਸ ਕਿਵੇਂ ਚੱਲਣਯੋਗ ਹੋ ਸਕਦੇ ਹਨ?
ਸਰੀਰ ਵਿੱਚ ਬਹੁਤ ਸਾਰੇ ਤੱਤ ਅਤੇ ਰਸਾਇਣਕ ਪਦਾਰਥ ਹੁੰਦੇ ਹਨ। ਖੁਰਾਕ ਸਾਨੂੰ ਊਰਜਾ ਦਿੰਦੀ ਹੈ। ਜਿਵੇਂ ਇੰਜਣ ਦਾ ਤੇਲ ਇੰਜਣ ਨੂੰ ਚਲਾਉਣ ਲਈ ਊਰਜਾ ਦਿੰਦਾ ਹੈ। ਠੀਕ ਇਸ ਤਰਾਂ ਹੀ ਸਾਡੇ ਸਰੀਰ ਵਿੱਚ ਹੁੰਦਾ ਹੈ। ਸਾਡੇ ਸਰੀਰ ਅਤੇ ਇੰਜਣ ਦਾ ਫ਼ਰਕ ਸਿਰਫ਼ ਇਹ ਹੁੰਦਾ ਹੈ ਕਿ ਸਾਡੇ ਕੋਲ ਦਿਮਾਗ ਹੈ, ਜਿਹੜਾ ਸੋਚਣ ਅਤੇ ਹੋਰ ਕਿਰਿਆਵਾਂ ਕਰਨ ਦਾ ਕੰਮ ਕਰਦਾ ਹੈ। ਇਹ ਕਿਰਿਆਵਾਂ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਹੁੰਦੀਆਂ ਹਨ। ਅੱਜਕੱਲ ਵਿਗਿਆਨਕ ਅਜਿਹੇ ਰਾਬਰਟ ਬਣਾਉਣ ਦਾ ਕੰਮ ਕਰ ਰਹੇ ਹਨ, ਜਿਹੜੇ ਮਨੁੱਖੀ ਭਾਵਨਾਵਾਂ ਨੂੰ ਫੜ ਸਕਣਗੇ। ਬਹੁਤ ਸਾਰੀਆਂ ਹਾਲਤਾਂ ਵਿੱਚ ਉਹ ਸਫ਼ਲ ਵੀ ਹੋ ਚੁੱਕੇ ਹਨ। ਅੱਜਕੱਲ ਮਾਰਕੀਟ ਵਿੱਚ ਅਜਿਹੇ ਗਜ਼ਟ ਉਪਲਬਧ ਹਨ, ਜਿਹੜੇ ਮਨੁੱਖੀ ਚਿਹਰਿਆਂ ਨੂੰ ਪੜ ਸਕਦੇ ਹਨ ਅਤੇ ਲੱਖਾਂ ਕਰੋੜਾਂ ਦੀ ਗੁਣਾ ਅਤੇ ਘਟਾਓ ਕਰਕੇ ਉਨਾਂ ਤੋਂ ਸਾਰਥਕ ਸਿੱਟੇ ਕੱਢ ਸਕਦੇ ਹਨ।
ਕੀ ਸਾਇੰਸ ਬੰਦੇ ਦੀ ਉਮਰ ਵਧਾ ਸਕਦੀ ਹੈ?
ਭਾਰਤ ਵਿੱਚ 1935 ਵਿੱਚ ਮਨੁੱਖ ਦੀ ਔਸਤ ਉਮਰ 35 ਵਰੇ ਹੁੰਦੀ ਸੀ। ਸਿੱਖਾਂ ਦੇ ਦਸੇ ਗੁਰੂਆਂ ਦੀ ਔਸਤ ਉਮਰ ਵੀ 50 ਸਾਲ ਦੇ ਲਗਭਗ ਹੀ ਸੀ। ਪਰ ਅੱਜ ਤਾਂ ਭਾਰਤ ਵਿੱਚ ਔਸਤ ਉਮਰ 68 ਵਰੇ ਤੱਕ ਪਹੁੰਚ ਚੁੱਕੀ ਹੈ। ਜਾਪਾਨ ਵਰਗੇ ਮੁਲਕਾਂ ਵਿੱਚ ਇਹ ਉਮਰ ਪਚਾਸੀਆਂ ਨੂੰ ਪਾਰ ਕਰ ਚੁੱਕੀ ਹੈ। ਗੁਰਬਾਣੀ ਲਿਖਣ ਜਾਂ ਇਕੱਠੀ ਕਰਨ ਸਮੇਂ ਸਿੱਖ ਗੁਰੂਆਂ ਨੇ ਉਸ ਸਮੇਂ ਦੀ ਉਪਲਬਧ ਜਾਣਕਾਰੀ ਅਨੁਸਾਰ ਗੰਭੀਰ ਯਤਨ ਕੀਤੇ। ਅੱਜ ਦੇ ਵਿਗਿਆਨਕਾਂ ਨੂੰ ਸਾਰੀ ਦੁਨੀਆਂ ਵਿੱਚੋਂ ਜੋ ਵੀ ਗਿਆਨ ਉਪਲਬਧ ਹੁੰਦਾ ਹੈ ਉਸ ਅਨੁਸਾਰ ਹੀ ਦਵਾਈਆਂ ਅਤੇ ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।
ਮੌਤ ਤੋਂ ਬਾਅਦ ਕਿਸੇ ਵਿਅਕਤੀ ਦਾ ਭਾਰ 21 ਗਰਾਮ ਕਿਉਂ ਘਟ ਜਾਂਦਾ ਹੈ?
ਮੈਨੂੰ ਇਹ ਤਾਂ ਨਹੀਂ ਪਤਾ ਕਿ ਇਹ ਗੱਲ ਕਿੰਨੀ ਕੁ ਸੱਚੀ ਹੈ ਕਿ ਮੌਤ ਤੋਂ ਬਾਅਦ ਕਿਸੇ ਬੰਦੇ ਦਾ ਭਾਰ 21 ਗਰਾਮ ਘਟ ਜਾਂਦਾ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਕਿਸੇ ਵਿਅਕਤੀ ਦਾ ਭਾਰ ਮੌਤ ਤੋਂ ਬਾਅਦ ਘਟੇਗਾ ਜ਼ਰੂਰ। ਕਿਉਂਕਿ ਮ੍ਰਿਤਕ ਸਰੀਰ ਵਿੱਚੋਂ ਗੈਸਾਂ ਬਾਹਰ ਨਿਕਲ ਜਾਂਦੀਆਂ ਹਨ।
ਪੁਰਸ਼ ਦੇ ਵੀਰਜ ਦੇ ਇੱਕ ਤੁਪਕੇ ਵਿੱਚ ਲੱਖਾਂ ਸੁਪਰਮ ਹੁੰਦੇ ਹਨ। ਮਨੁੱਖੀ ਖੁਰਦਬੀਨ ਵਿੱਚ ਬਹੁਤ ਸਾਰੇ ਵਿਅਕਤੀਆਂ ਨੇ ਇਨਾਂ ਸੂਪਰਮਾਂ ਨੂੰ ਪੂਛ ਹਿਲਾ ਕੇ ਗਤੀ ਕਰਦੇ ਦੇਖਿਆ ਹੋਵੇਗਾ। ਇਸ ਦਾ ਮਤਲਬ ਇੱਕ ਸਰੀਰ ਵਿੱਚ ਇੱਕ ਆਤਮਾ ਨਹੀਂ ਹੁੰਦੀ ਸਗੋ ਲੱਖਾਂ ਆਤਮਾਵਾਂ ਹੁੰਦੀਆਂ ਹਨ?
ਸਰੀਰ ਵਿੱਚ ਆਤਮਾ ਨਹੀਂ ਹੁੰਦੀ, ਸਗੋਂ ਸਰੀਰ ਵਿੱਚ ਪਦਾਰਥਾਂ ਦੀਆਂ ਰਸਾਇਣਕ ਊਰਜਾਵਾਂ ਰਾਹੀਂ ਪੈਦਾ ਹੋਇਆ ਇਹ ਇੱਕ ਪਦਾਰਥੀ ਗੁਣ ਹੈ। ਇਹ ਗੁਣ ਸਪਰਮਾਂ ਵਿੱਚ ਵੀ ਇਸ ਤਰਾਂ ਹੀ ਪੈਦਾ ਹੁੰਦਾ ਹੈ।
ਇੱਕ ਅੰਬ ਦੀ ਗੁਠਲੀ ਬੀਜਣ ਨਾਲ ਅੰਬ ਦਾ ਬੂਟਾ ਪੈਦਾ ਹੋ ਜਾਂਦਾ ਹੈ ਅਤੇ ਸਮਾਂ ਬੀਤਣ ਨਾਲ ਇੱਕ ਦਰੱਖਤ ਦਾ ਰੂਪ ਧਾਰਨ ਕਰ ਲੈਂਦਾ ਹੈ। ਪੂਰੀ ਜ਼ਿੰਦਗੀ ਵਿੱਚ ਉਸ ਨੂੰ ਲੱਖਾਂ ਹੀ ਅੰਬ ਦੇ ਫਲ ਲਗਦੇ ਹਨ। ਕੀ ਇਹਨਾਂ ਸਾਰਿਆਂ ਅੰਬਾਂ ਵਿੱਚ ਇੱਕੋ ਆਤਮਾ ਵੰਡ ਕੇ ਆ ਜਾਂਦੀ ਹੈ?
ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਬੂਟਿਆਂ ਵਿੱਚ ਵੀ ਪਦਾਰਥਾਂ ਦੀਆਂ ਆਪਸੀ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਅੰਬ ਲੱਗਣਾ ਵੀ ਆਪਸੀ ਕਿਰਿਆਵਾਂ ਦੀ ਉਪਜ ਹੈ। ਕੋਈ ਆਤਮਾ ਨਹੀਂ ਹੁੰਦੀ, ਸਿਰਫ਼ ਤਾਲਮੇਲ ਹੀ ਕੰਮ ਕਰਦਾ ਹੈ। ਜਿਵੇਂ ਚੂਨੇ ਵਿੱਚ ਪਾਣੀ ਪਾਉਣ ਨਾਲ ਉੁਸ ਵਿੱਚ ਹਰਕਤ, ਗਰਮੀ ਅਤੇ ਆਵਾਜ਼ ਪੈਦਾ ਹੁੰਦੀ ਹੈ।
ਕਹਿੰਦੇ ਹਨ ਕਿ ਇੱਕ ਪ੍ਰਯੋਗ ਕੀਤਾ ਗਿਆ ਸੀ ਜਿਸ ਵਿੱਚ ਮਰ ਰਹੇ ਬੰਦੇ ਨੂੰ ਸ਼ੀਸ਼ੇ ਦੇ ਬਰਤਨ ਵਿੱਚ ਬੰਦ ਕਰ ਦਿੱਤਾ ਗਿਆ । ਉਸ ਦੀ ਮੌਤ ਤੋ ਬਾਅਦ ਸ਼ੀਸ਼ਾ ਟੁੱਟ ਗਿਆ । ਕਹਿੰਦੇ ਆਤਮਾ ਸ਼ੀਸਾ ਤੋੜ ਤੇ ਬਾਹਰ ਨਿਕਲ ਗਈ?
ਅਜਿਹਾ ਪ੍ਰਯੋਗ ਧਰਤੀ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਕੀਤਾ ਗਿਆ। ਪਰ ਤੁਸੀਂ ਕਰਕੇ ਵੇਖ ਸਕਦੇ ਹੋ। ਸੈਂਕੜੇ ਕੀੜੀਆਂ ਨੂੰ ਇੱਕ ਕੱਚ ਦੀ ਬੋਤਲ ਵਿੱਚ ਪਾ ਲਵੋ, ਇਸ ਵਿੱਚ ਥੋੜੀ ਜਿਹੀ ਕੀੜੇਮਾਰ ਦਵਾਈ ਪਾ ਕੇ ਬੋਤਲ ਨੂੰ ਚੰਗੀ ਤਰਾਂ ਬੰਦ ਕਰ ਦਿਓ। ਤੁਸੀਂ ਵੇਖੋਗੇ ਕੁੱਝ ਸਮੇਂ ਬਾਅਦ ਕੀੜੀਆਂ ਦੀ ਮੌਤ ਹੋ ਜਾਵੇਗੀ ਅਤੇ ਬੋਤਲ ਵੀ ਨਹੀਂ ਟੁੱਟੇਗੀ।
ਅਮੀਬੇ ਵਿੱਚ ਹਰਕਤ ਕਿਵੇਂ ਆਈ?
ਲਗਭਗ ਤਿੰਨ ਕੁ ਸੌ ਕਰੋੜ ਵਰੇ ਪਹਿਲਾਂ ਸਮੁੰਦਰਾਂ ਵਿੱਚ ਦਬੀਆਂ ਚਟਾਨਾਂ ‘ਤੇ ਅਮੀਬੇ ਵਰਗੇ ਜਾਨਵਰਾਂ ਦੇ ਤੁਰਨ ਫਿਰਨ ਦੇ ਨਿਸ਼ਾਨ ਮੈਂ ਖ਼ੁਦ ਵੇਖੇ ਹਨ। 2004 ਵਿੱਚ ਮੈਨੂੰ ਅਮਰੀਕਾ ਦੇ ‘ਨੇਚੁਰਲ ਹਿਸਟਰੀ ਮਿਊਜ਼ੀਮਅ’ ਵਿੱਚ ਜਾਣ ਦਾ ਮੌਕਾ ਮਿਲਿਆ। ਉੱਥੇ ਅਜਿਹੀਆਂ ਚਟਾਨਾਂ ਰੱਖੀਆਂ ਹੋਈਆਂ ਹਨ, ਜਿਨਾਂ ‘ਤੇ ਅਮੀਬੇ ਵਰਗੇ ਇੱਕ ਸੈੱਲੇ ਜੀਵਾਂ ਦੀਆਂ ਹਰਕਤਾਂ ਦੇ ਨਿਸ਼ਾਨ ਹਨ। ਧਰਤੀ ਤੇ ਅਰਬਾਂ ਵਰਿਆਂ ਵਿੱਚ ਕਰੋੜਾਂ ਕਿਸਮ ਦੇ ਜੀਵਾਂ ਦੀਆਂ ਨਸਲਾਂ ਪੈਦਾ ਹੋਈਆਂ ਹਨ। ਇਹਨਾਂ ਸਾਰੀਆਂ ਨਸਲਾਂ ਨੂੰ ਜਿਉਂਦੇ ਰਹਿਣ ਲਈ ਆਪਣੇ ਆਲੇ-ਦੁਆਲੇ ਦੀਆਂ ਆਦਤਾਂ ਨੂੰ ਆਪਣੇ ਅਨੁਸਾਰ ਢਾਲਣ ਲਈ ਇੱਕ ਜੀਵਨ ਸੰਘਰਸ਼ ਕਰਨਾ ਪਿਆ। ਉਸ ਸੰਘਰਸ਼ ਵਿੱਚੋਂ ਹੀ ਅਮੀਬੇ ਵਿੱਚ ਹਰਕਤਾਂ ਪੈਦਾ ਹੋਈਆਂ। ਸਮੁੰਦਰ ਇੱਕ ਸੈੱਲੇ ਜੀਵਾਂ ਨਾਲ ਭਰੇ ਹੋਏ ਸਨ। ਜੀਵਾਂ ਦੇ ਅੰਦਰ ਪੈਦਾ ਹੋਈਆਂ ਜੈਵਿਕ ਕਿਰਿਆਵਾਂ ਨੇ ਹੌਲੀ-ਹੌਲੀ ਇਨਾਂ ਜੀਵਾਂ ਨੂੰ ਬਾਹਰੀ ਹਰਕਤਾਂ ਕਰਨ ਯੋਗ ਬਣਾ ਦਿੱਤਾ।
ਆਤਮਾ ਬਾਰੇ ਮੈਨੂੰ ਜਾਨਣ ਦੀ ਜ਼ਰੂਰਤ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਆਤਮਾ ਬਾਰੇ ਜਾਣਦੀ ਹਾਂ। ਮੈਂ ਆਪਣੀ ਆਤਮਾ ਨਾਲ ਗੱਲਾਂ ਵੀ ਕਰਦੀ ਰਹਿੰਦੀ ਹਾਂ?
ਮੈਂ ਅਜਿਹੇ ਬਹੁਤ ਸਾਰੇ ਵਿਅਕਤੀ ਵੇਖੇ ਹਨ। ਜਿੰਨਾਂ ਦੇ ਬੁੱਲ ਹਰਕਤਾਂ ਕਰਦੇ ਰਹਿੰਦੇ ਹਨ। ਮੇਰਾ ਚਾਚਾ ਵੀ ਅਜਿਹਾ ਹੀ ਕਰਦਾ ਰਹਿੰਦਾ ਸੀ। ਜਦੋਂ ਅਸੀਂ ਉਸ ਨੂੰ ਪੁੱਛਣਾ ਕਿ ਚਾਚਾ ਜੀ ਤੁਸੀਂ ਕਿਸ ਨਾਲ ਗੱਲਾਂ ਕਰਦੇ ਹੋ, ਤਾਂ ਉਹਨਾਂ ਦਾ ਜਵਾਬ ਹੁੰਦਾ ਸੀ ‘ਆਪਣੇ ਆਪ ਨਾਲ’। ਅਸਲ ਵਿੱਚ ਮਨੁੱਖੀ ਮਨ ਇੱਕ ਗੁੰਝਲਦਾਰ ਬੁਝਾਰਤ ਹੈ। ਕੁੱਝ ਵਿਅਕਤੀਆਂ ਨੂੰ ਮਨੋਭਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਕਈਆਂ ਨੂੰ ਨਸ਼ੇ ਵਿੱਚ ਆਪਣਾ ਆਪ ਹਵਾ ਵਿੱਚ ਉੱਡਦਾ ਹੋਇਆ ਮਹਿਸੂਸ ਹੁੰਦਾ ਹੈ। ਪਰ ਇਹ ਸਭ ਕੁੱਝ ਦਿਮਾਗੀ ਵਿਕਾਰ ਦੀਆਂ ਨਿਸ਼ਾਨੀਆਂ ਹਨ। ਸੋ ਇਨਾਂ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ।
ਕੀ ਚੰਗੀਆਂ ਆਤਮਾਵਾਂ ਰਾਤ ਦੇ ਪਹਿਲੇ ਪਹਿਰ ਗਰਭ ਧਾਰਨ ਕਰਦੀਆਂ ਹਨ? ਇਹ ਗੱਲ ਸੰਤ ਸਿੰਘ ਮਸਕੀਨ ਨੇ ਆਪਣੀ ਕੈਸਿਟ ਵਿੱਚ ਕਹੀ ਹੈ।
ਇਹ ਗੱਲ ਹਕੀਕਤ ਨਹੀਂ। ਦੁਨੀਆਂ ਦੇ ਸਾਰੇ ਖਿੱਤਿਆਂ ਵਿੱਚ ਪੁਰਸ਼-ਇਸਤਰੀਆਂ ਦਾ ਮਿਲਾਪ ਰਾਤ ਸ਼ੁਰੂ ਹੋਣ ਦੇ ਪਹਿਲੇ ਪਹਿਰ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਲਈ ਧਰਤੀ ਦੀ ਬਹੁਤੀ ਵਸੋਂ ਪਹਿਲੇ ਪਹਿਰ ਹੀ ਗਰਭ ਧਾਰਨ ਕਰਦੀ ਹੈ। ਮਸਕੀਨ ਜੀ ਅਨੁੁਸਾਰ ਤਾਂ ਪੰਜਾਬ ਦੇ ਬਹੁਤੇ ਲੋਕ ਬੁਰੀਆਂ ਆਤਮਾਵਾਂ ਹਨ। ਪੰਜਾਬ ਦੀ ਧਰਤੀ ਦੇ 95 ਪ੍ਰਤੀਸ਼ਤ ਲੋਕ ਚੰਗੇ ਹਨ। ਇਹ ਚੰਗੇ ਲੋਕ ਕਿੱੱਥੋਂ ਆ ਗਏ?
ਮਰਨ ਤੋਂ ਬਾਅਦ ਸਰੀਰ ਦੇ ਨਸ਼ਟ ਹੋਣ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਕੀ ਕਿਸੇ ਦਿਨ ਡਾਕਟਰ ਇਨਾਂ ਕਿਰਿਆਵਾਂ ਨੂੰ ਚਾਲੂ ਕਰਕੇ ਮਨੁੱਖੀ ਸਰੀਰਾਂ ਨੂੰ ਚਾਲੂ ਕਰ ਸਕਿਆ ਕਰਨਗੇ?
ਇਹ ਸਮਾਂ ਜਿਆਦਾ ਦੂਰ ਨਹੀਂ । 2050 ਤੱਕ ਮਰ ਚੁੱਕੇ ਵਿਅਕਤੀਆਂ ਨੂੰ ਦੁਬਾਰਾ ਜੀਵਿਤ ਕਰ ਲਿਆ ਜਾਇਆ ਕਰੇਗਾ। ਕੁੱਝ ਵਿਸ਼ੇਸ਼ ਹਾਲਤਾਂ ਵਿੱਚ ਅੱਜ ਵੀ ਅਜਿਹਾ ਹੋ ਰਿਹਾ ਹੈ। ਜਾਪਾਨ ਵਿੱਚੋਂ ਮੱਛੀਆਂ ਨੂੰ ਫੜ ਕੇ, ਬਰਫ ਵਿੱਚ ਜਮਾ ਕੇ ਅਮਰੀਕਾ ਨੂੰ ਭੇਜ ਦਿੱਤਾ ਜਾਂਦਾ ਹੈ। ਅਮਰੀਕਣ ਲੋਕ ਮੱਛੀਆਂ ਆਪਣੇ ਘਰਾਂ ਵਿੱਚ ਲੈ ਜਾਂਦੇ ਹਨ ਅਤੇ ਗਰਮ ਪਾਣੀ ਵਿੱਚ ਪਾ ਦਿੰਦੇ ਹਨ ਅਤੇ ਉਨਾਂ ਵਿੱਚ ਹਰਕਤ ਪੈਦਾ ਹੋ ਜਾਂਦੀ ਹੈ। ਇਸ ਤਰਾਂ ਬਰਫ ਵਿੱਚ ਜੰਮ ਕੇ ਮਰੇ ਹੋਏ ਕਈ ਵਿਅਕਤੀਆਂ ਨੂੰ 2-4 ਘੰਟਿਆਂ ਬਾਅਦ ਜਿਉਂਦਾ ਕੀਤਾ ਹੈ।
ਇਸ ਸਰੀਰ ਵਿੱਚ ਮੈਂ ਕੌਣ ਹਾਂ, ਜੋ ਹਰ ਦੁੱਖ-ਸੁੱਖ ਅਤੇ ਖੁਸ਼ੀ ਨੂੰ ਮਹਿਸੂਸ ਕਰਦਾ ਹਾਂ?
ਸਰੀਰ ਵਿੱਚ ਦੁੱਖ-ਸੁੱਖ ਅਤੇ ਖੁਸ਼ੀਆਂ ਨੂੰ ਸਾਂਭਣ ਲਈ ਵਿਸ਼ੇਸ਼ ਰਸਾਇਣਕ ਕਿਰਿਆਵਾਂ ਅਤੇ ਬਿਜਲੀ, ਚੁੰਬਕੀ ਕਿਰਿਆਵਾਂ ਹੁੰਦੀਆਂ ਹਨ।
ਤੂੰਬੀ ਇੱਕ ਅਜਿਹਾ ਯੰਤਰ ਹੈ, ਜਿਸ ਵਿੱਚ ਲੱਕੜ, ਚੰਮ ਅਤੇ ਲੋਹੇ ਦੀ ਵਰਤੋਂ ਹੁੰਦੀ ਹੈ ਅਤੇ ਇਹ ਸੰਗੀਤ ਪੈਦਾ ਕਰਨ ਦੇ ਯੋਗ ਹੋ ਜਾਂਦੀ ਹੈ। ਜੇ ਮੈਂ ਇਸ ਯੰਤਰ ਨੂੰ ਤੋੜ ਦੇਵਾਂ ਤਾਂ ਸੰਗੀਤ ਪੈਦਾ ਹੋਣਾ ਵੀ ਬੰਦ ਹੋ ਜਾਵੇਗਾ। ਕੀ ਸੰਗੀਤ ਦੀ ਪਦਾਰਥ ਤੋਂ ਬਾਹਰ ਕੋਈ ਵੱਖਰੀ ਹੋਂਦ ਹੈ?
ਅਸਲ ਵਿੱਚ ਸੰਗੀਤ ਤਾਂ ਪਦਾਰਥ ਵਿੱਚੋਂ ਪੈਦਾ ਹੋਇਆ ਇੱਕ ਗੁਣ ਹੈ। ਜਦੋਂ ਲੋਹੇ ਦੀ ਪਤਲੀ ਤਾਰ ਨੂੰ ਟੁਣਕਾਇਆ ਜਾਂਦਾ ਹੈ ਤਾਂ ਇਸ ਵਿੱਚ ‘ਕੰਪਨ’ ਪੈਦਾ ਹੁੰਦਾ ਹੈ। ਇਹ ਕੰਪਨ ਹਵਾ ਦੀਆਂ ਲਹਿਰਾਂ ਨੂੰ ਟਿਕਾ ਕੇ ਸੰਗੀਤ ਪੈਦਾ ਕਰਦਾ ਹੈ। ਇਸ ਲਈ ਇਹ ਪਦਾਰਥ ਦਾ ਗੁਣ ਹੈ।
ਉਹ ਕਿਹੜੀ ਚੀਜ਼ ਹੈ ਜਿਸ ਨਾਲ ਆਦਮੀ ਤੁਰਿਆ ਫਿਰਦਾ ਹੈ, ਫਿਰ ਉਹ ਕਿਹੜੀ ਚੀਜ਼ ਹੈ ਜਿਸ ਦੇ ਨਿਕਲਣ ਨਾਲ ਆਦਮੀ ਦੀ ਮੌਤ ਹੋ ਜਾਂਦੀ ਹੈ? ਮੌਤ ਤੋਂ ਬਾਅਦ ਡਾਕਟਰ ਵੀ ਕਹਿ ਦਿੰਦੇ ਹਨ ਕਿ ਮੈਂ ਹੁਣ ਕੁੱਝ ਨਹੀਂ ਕਰ ਸਕਦਾ, ਪ੍ਰਮਾਤਮਾ ਹੀ ਕਰ ਸਕਦਾ ਹੈ। ਗ੍ਰੰਥਾਂ ਵਿੱਚ ਵੀ ਆਤਮਾ ਦਾ ਜ਼ਿਕਰ ਹੁੰਦਾ ਹੈ।
ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਸਰੀਰ ਦੀਆਂ ਵੱਖ ਵੱਖ ਪ੍ਰਣਾਲੀਆਂ ਵਿੱਚ ਤਾਲਮੇਲ ਹੀ ਬੰਦੇ ਨੂੰ ਤੋਰੀ ਫਿਰਦਾ ਹੈ। ਤਾਲਮੇਲ ਵਿੱਚ ਵਿਘਨ ਪੈਣ ਨਾਲ ਜਾਂ ਰੁਕ ਜਾਣ ਨਾਲ ਆਦਮੀ ਦੀ ਮੌਤ ਹੋ ਜਾਂਦੀ ਹੈ। ਡਾਕਟਰਾਂ ਲਈ ਤਾਂ ਆਪਣੀ ਅਸਫਲਤਾ ਨੂੰ ਛੁਪਾਉਣ ਲਈ ਇਹ ਇੱਕ ਬੇਹਤਰੀਨ ਹਥਿਆਰ ਹੈ। ਪੰਜਾਬ ਵਿੱਚ 99 ਪ੍ਰਤੀਸ਼ਤ ਡਾਕਟਰ ਲੋਕਾਂ ਨੂੰ ਦਵਾਈ ਦੀ ਪਰਚੀ ਲਿਖਣ ਸਮੇਂ ਹੀ ਆਰ. ਐਕਸ. ਪਾ ਕੇ ਟਾਲ ਦਿੰਦੇ ਹਨ । ਜਿਸ ਦਾ ਮਤਲਬ ਹੁੰਦਾ ਹੈ ਕਿ ਮੈਂ ਤਾਂ ਦਵਾਈ ਲਿਖਣ ਵਾਲਾ ਹਾਂ, ਕਰਨ ਕਰਾਉਣ ਵਾਲਾ ਤਾਂ ਉੱਪਰ ਵਾਲਾ ਹੈ।
ਇੱਕ ਨਵਾਂ ਜੰਮਿਆ ਬੱਚਾ ਕੁੱਝ ਦਿਨ ਆਪਣੇ ਖਿਆਲਾਂ ਵਿੱਚ ਹੀ ਮੁਸਕਰਾਉਂਦਾ ਰਹਿੰਦਾ ਹੈ। ਕੀ ਇਹ ਇਸ ਵਿਚਲੀ ਰੂਹ ਨਹੀਂ। ਜੋ ਬੋਲ ਤਾਂ ਨਹੀਂ ਸਕਦੀ ਪਰ ਮੁਸਕਰਾਹਟ ਵਿੱਚ ਆਪਣਾ ਜਵਾਬ ਦਿੰਦੀ ਹੈ? ਬੱਚੇ ਵਿੱਚ ਅਜਿਹਾ ਕਿਹੜੀ ਚੀਜ਼ ਕਰਦੀ ਹੈ?
ਗਰਭ ਦੋ ਚੌਥੇ ਪੰਜਵੇਂ ਮਹੀਨੇ ਵਿੱਚ ਬੱਚੇ ਦਾ ਦਿਮਾਗ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਵਿੱਚ ਖਿਆਲ ਆਉਣੇ ਜਾਣੇ ਸ਼ੁਰੂ ਹੋ ਜਾਂਦੇ ਹਨ। ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਸਾਡਾ ਸਰੀਰ ਬਿਜਲੀ, ਚੁੰਬਕੀ ਅਤੇ ਰਸਾਇਣਕ ਕਿਰਿਆਵਾਂ ਦਾ ਸਮੂਹ ਹੈ। ਸੋ, ਖਿਆਲ ਵੀ ਬਿਜਲੀ, ਚੁੰਬਕੀ ਕਿਰਿਆਵਾਂ ਹੀ ਹੁੰਦੇ ਹਨ, ਜੋ ਇਨਾਂ ਦੁਆਰਾ ਹੀ ਸੰਭਾਲੇ ਅਤੇ ਭੁਲਾਏ ਜਾਂਦੇ ਹਨ। ਆਏ ਖਿਆਲਾਂ ਅਨੁਸਾਰ ਹੀ ਹਰਕਤਾਂ ਪੈਦਾ ਹੁੰਦੀਆਂ ਹਨ।
ਸਾਡੇ ਸਰੀਰ ਦਾ ਸਾਰਾ ਸਿਸਟਮ ਬਣਾਇਆ ਕਿਸ ਨੇ ਹੈ? ਮਰਨ ਉੰਪਰੰਤ ਡਾਕਟਰ ਇਸ ਨੂੰ ਡਾਕਟਰ ਦੁਬਾਰਾ ਕਿਉਂ ਨਹੀਂ ਬਣਾ ਦਿੰਦੇ?
ਅਸੀਂ ਤਿੰਨ ਸੌ ਕਰੋੜ ਵਰੇ ਤੋਂ ਜਿਉਂਦੇ ਰਹਿਣ ਲਈ ਸੰਘਰਸ਼ ਕਰ ਰਹੇ ਹਾਂ। ਸੰਘਰਸ਼ ਕਾਰਨ ਹੀ ਅਮੀਬਾ ਤੋਂ ਲੈ ਕੇ ਮਨੁੱਖ ਬਣਨ ਤੱਕ ਸਾਰੀਆਂ ਨਸਲਾਂ ਨੂੰ ਜਿਉਂਦੇ ਰਹਿਣ ਲਈ ਆਪਣੇ ਆਪ ਨਾਲ ਸੰਘਰਸ਼ ਕਰਨਾ ਪਿਆ ਹੈ। ਸਿਰਫ਼ ਉਹ ਹੀ ਨਸਲਾਂ ਇਸ ਜੀਵਨ ਸੰਘਰਸ਼ ਵਿੱਚੋ ਸਫ਼ਲ ਹੋਈਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਨਾਲੋਂ ਵਧੀਆ ਸਨ। ਇਸ ਤਰਾਂ ਜ਼ਿੰਦਗੀ ਦੇ ਚੰਗੇ ਗੁਣਾਂ ਨੂੰ ਅਪਣਾਉਂਦੇ ਹੋਏ ਅਤੇ ਘਟੀਆ ਗੁਣਾਂ ਨੂੰ ਛੱਡਦੇ ਹੋਏ ਜੀਵ ਨਸਲਾਂ ਆਪਣਾ ਸੁਧਾਰ ਕਰਦੀਆਂ ਰਹਿੰਦੀਆਂ ਹਨ। ਇਹ ਜੀਵਾਂ ਦੀ ਆਪਣੀ ਜ਼ਰੂਰਤ ਵਿੱਚੋਂ ਬਣਿਆ ਹੋਇਆ ਸਰੀਰ ਹੈ। ਸਰੀਰ ਨੂੰ ਜਿਉਂਦਾ ਰੱਖਣ ਲਈ ਵਿਗਿਆਨਕਾਂ ਦੇ ਯਤਨ ਜਾਰੀ ਹਨ।
ਕੀ ਇਨਸਾਨ ਦਾ ਕਰੋਧ, ਮੋਹ, ਲੋਭ, ਹੰਕਾਰ ਅਤੇ ਕਾਮਿਕ ਇੱਛਾ ਦਾ ਸਬੰਧ ਆਤਮਾ ਨਾਲ ਹੈ, ਸਰੀਰ ਨਾਲ ਨਹੀਂ?
ਅਸਲ ਵਿੱਚ ਸਰੀਰ ਵਿੱਚ ਆਤਮਾ ਤਾਂ ਹੁੰਦੀ ਹੀ ਨਹੀਂ। ਇਹ ਗੱਲਾਂ ਆਤਮਾ ਨਾਲ ਨਹੀਂ ਜੁੜੀਆਂ, ਸਗੋਂ ਦਿਮਾਗ ਦੀਆਂ ਰਸਾਇਣਕ ਕਿਰਿਆਵਾਂ ਦੀ ਉਪਜ ਹਨ।
ਕਈ ਸਾਥੀਆਂ ਨੇ ਇਹ ਸਵਾਲ ਵੀ ਕੀਤਾ ਹੈ ਕਿ ਕਈ ਬੱਚਿਆਂ ਦਾ ਪੁਨਰਜਨਮ ਹੁੰਦਾ ਦੇਖਿਆ ਗਿਆ ਹੈ। ਇਹ ਕਿਵੇਂ ਹੁੰਦਾ ਹੈ?
ਪੁਨਰ ਜਨਮ ਹੋ ਹੀ ਨਹੀਂ ਸਕਦਾ। ਕਿਉਂਕਿ ਕੋਈ ਵੀ ਵਿਅਕਤੀ ਇਹ ਸਿੱਧ ਨਹੀਂ ਕਰ ਸਕਦਾ ਕਿ ਕਿਸੇ ਵਿਅਕਤੀ ਦੀ ਜਾਣਕਾਰੀ ਉਸ ਦੇ ਮਰਨ ਤੋਂ ਬਾਅਦ ਕਿਸੇ ਦੂਸਰੇ ਵਿਅਕਤੀ ਵਿੱਚ ਕਿਵੇਂ ਚਲੀ ਗਈ। ਮਾਪਿਆਂ ਦੇ ਗੁਣ ਬੱਚਿਆਂ ਵਿੱਚ ਡੀ.ਐਨ. ਏ. ਰਾਹੀਂ ਦਾਖਿਲ ਹੋ ਜਾਂਦੇ ਹਨ। ਡੀ.ਐਨ. ਏ. ਕਰੋਮੋਸੋਮਾਂ ਰਾਹੀਂ ਸਫ਼ਰ ਕਰਦਾ ਹੈ। ਪੁਨਰ ਜਨਮ ਸਿਰਫ਼ ਮਨ ਵਿੱਚ ਆਏ ਕੁੱਝ ਖਿਆਲ ਹੀ ਹੁੰਦੇ ਹਨ। ਜਿਹਨਾਂ ਨੂੰ ਆਲਾ ਦੁਆਲਾ ਹੋਰ ਪ੍ਰਫੁਲਿਤ ਕਰ ਦਿੰਦਾ ਹੈ। ਇਹ ਕਈ ਵਾਰ ਕਈ ਸਾਜਿਸ਼ਾਂ ਨੂੰ ਵੀ ਜਨਮ ਦਿੰਦਾ ਹੈ। ਕਿਸੇ ਦੀਆਂ ਜਾਇਦਾਦਾਂ ਉੱਪਰ ਕਬਜ਼ਾ ਕਰਨ ਲਈ ਪੁਨਰਜਨਮ ਕਰਾਇਆ ਜਾਂਦਾ ਹੈ। ਸੋ, ਪੁਨਰ ਜਨਮ ਕੋਰਾ ਝੂਠ ਹੈ।