Body Donation

ਮਰਨ ਉਪਰੰਤ ਸਰੀਰ ਦਾਨ ਕਰਨ ਲਈ ਫਾਰ਼ਮ ਇਸ ਲਿੰਕ ਤੋਂ ਡਾਊਨਲੋਡ ਕਰੋ :

Download Body Donation Form

News Links on Body Donation

 

ਇੰਝ ਬਣੀ ਪੰਜਾਬ ਵਿੱਚ ਸਰੀਰ ਦਾਨ ਦੀ ਲਹਿਰ
-ਮੇਘ ਰਾਜ ਮਿੱਤਰ

b ਕਾਮਰੇਡ ਬ੍ਰਿਜ ਲਾਲ ਦੀ ਮ੍ਰਿਤਕ ਦੇਹ ਦਿਆਨੰਦ ਮੈਡੀਕਲ ਕਾਲਜ ਨੂੰ ਸੌਪਣ ਸਮੇਂ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਅਤੇ ਤਰਕਸ਼ੀਲ ਸੁਸਾਇਟੀ ਮੈਬਰ

18 ਸਤੰਬਰ 2006 ਨੂੰ ਜਦੋਂ ਧਰਤੀ ਦੇ ਪੰਜਾਬ ਵਾਲੇ ਖਿੱਤੇ ਵਿਚ ਸੂਰਜ ਨੇ ਆਪਣੀ ਲਾਲੀ ਵਿਖੇਰਨੀ ਸ਼ੁਰੂ ਕੀਤੀ ਸੀ ਤਾਂ ਉਸੇ ਵੇਲੇ ਸਾਡੇ ਘਰ ਵਿਚ ਹਨੇਰ ਛਾ ਗਿਆ ਸੀ। ਇਸ ਦਿਨ ਮੇਰੇ ਪਿਤਾ ਜੀ 91ਵੇਂ ਸਾਲ ਦੀ ਉਮਰ ਵਿਚ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਮਰਨ ਤੋਂ ਲਗਭਗ 10 ਵਰ੍ਹੇ ਪਹਿਲਾਂ ਉਨ੍ਹਾਂ ਨੇ ਆਪਣੀ ਲਿਖਤੀ ਵਸੀਅਤ ਰਾਹੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਾਕੀਦ ਕੀਤੀ ਸੀ ਕਿ ਮਰਨ ਤੋਂ ਬਾਅਦ ਉਨ੍ਹਾਂ ਦਾ ਸਰੀਰ ਕਿਸੇ ਮੈਡੀਕਲ ਕਾਲਜ ਨੂੰ ਸੌਂਪ ਦਿਤਾ ਜਾਵੇ ਤਾਂ ਜੋ ਡਾਕਟਰ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਖੋਜ ਪੜਤਾਲ ਵਿਚ ਕੰਮ ਆ ਸਕੇ। ਇਸ ਤੋਂ ਪਹਿਲਾਂ ਮੈਂ ਮੈਡੀਕਲ ਕਾਲਜਾਂ ਨੂੰ ਇਹ ਕਹਿੰਦੇ ਸੁਣਿਆ ਸੀ, ”ਅਸੀਂ ਭਾਰਤੀ ਵਧੀਆ ਡਾਕਟਰ ਕਿਵੇਂ ਪੈਦਾ ਕਰ ਸਕਦੇ ਹਾਂ, ਜਦੋਂਕਿ ਸਾਨੂੰ ਤਾਂ ਸਿਰਫ਼ ਮਿੱਟੀ ਤੇ ਸੁਆਹ ਹੀ ਪ੍ਰਾਪਤ ਹੁੰਦੀ ਹੈ। ਮੁਸਲਮ ਧਰਮ ਦੇ ਪੈਰੋਕਾਰ ਆਪਣੇ ਮੁਰਦਿਆਂ ਨੂੰ ਦਫ਼ਨ ਕਰ ਦਿੰਦੇ ਹਨ, ਜਿਹੜੇ ਮਿੱਟੀ ਹੋ ਜਾਂਦੇ ਹਨ। ਹਿੰਦੂ ਧਰਮ ਦੇ ਪੈਰੋਕਾਰ ਆਪਣੇ ਮ੍ਰਿਤਕਾਂ ਨੂੰ ਜਲਾ ਦਿੰਦੇ ਹਨ, ਜੋ ਸੁਆਹ ਬਣ ਜਾਂਦੇ ਹਨ। ਹੁਣ ਮਿੱਟੀ ਤੇ ਸੁਆਹ ਨਾਲ ਕੀ ਸਾਡੇ ਡਾਕਟਰ ਮਾਹਰ ਬਣ ਸਕਦੇ ਹਨ?”
ਮੈਨੂੰ ਇਸ ਡਾਕਟਰ ਦੀ ਇਹ ਗੱਲ ਵਧੀਆ ਲੱਗੀ। ਉਂਝ ਵੀ ਤਰਕਸ਼ੀਲ ਸੁਸਾਇਟੀ ਸਵਰਗ-ਨਰਕ ਆਦਿ ਵਿਚ ਯਕੀਨ ਨਹੀਂ ਕਰਦੀ। ਇਸ ਲਈ ਮੈਂ ਆਪਣੇ ਪਿਤਾ ਜੀ ਦੀ ਲਿਖਤੀ ਵਸੀਅਤ ਨੂੰ ਅਮਲੀਜਾਮਾ ਪਹਿਨਾਉਣ ਦਾ ਸੰਕਲਪ ਲਿਆ। ਮੈਂ ਜਾਣਦਾ ਸਾਂ ਕਿ ਮੇਰੇ ਭੈਣ-ਭਰਾ ਜੋ ਕਾਫ਼ੀ ਹੱਦ ਤਕ ਧਾਰਮਕ ਹਨ, ਮੈਨੂੰ ਇਸ ਗੱਲ ਦੀ ਸੌਖੇ ਢੰਗ ਨਾਲ ਇਜਾਜ਼ਤ ਨਹੀਂ ਦੇਣਗੇ। ਮੈਂ ਪਿਤਾ ਜੀ ਦੀ ਮ੍ਰਿਤਕ ਦੇਹ ਨੂੰ ਘਰ ਲਿਆਉਣ ਲਈ ਰੁਝ ਗਿਆ ਅਤੇ ਆਪਣੇ ਸਪੁਤਰ ਨੂੰ ਪਿਤਾ ਜੀ ਦੀ ਵਸੀਅਤ ਦੀਆਂ ਦੋ ਸੌ ਕੁ ਕਾਪੀਆਂ ਫ਼ੋਟੋਸਟੇਟ ਕਰਵਾਉਣ ਲਈ ਕਿਹਾ ਤਾਂ ਜੋ ਸਾਰੇ ਰਿਸ਼ਤੇਦਾਰਾਂ ਅਤੇ ਭੈਣਾ-ਭਰਾਵਾਂ ਨੂੰ ਮਨੋਂ ਤਿਆਰ ਕਰਨ ਲਈ ਯਤਨ ਤੇਜ਼ ਹੋ ਸਕਣ। ਮੈਂ ਇਹ ਵੀ ਜਾਣਦਾ ਸਾਂ ਕਿ ਕਿਸੇ ਮਰ ਰਹੇ ਵਿਅਕਤੀ ਦੀ ਵਸੀਅਤ ‘ਤੇ ਅਮਲ ਨਾ ਕਰਨਾ ਨੈਤਿਕ ਅਤੇ ਕਾਨੂੰਨੀ ਤੌਰ ‘ਤੇ ਗ਼ਲਤ ਹੁੰਦਾ ਹੈ। ਵਸੀਅਤ ਦੀ ਕਾਪੀ ਨੂੰ ਪੜ੍ਹ ਕੇ ਸਾਰੇ ਜਣੇ ਕਹਿਣ ਲੱਗੇ ਕਿ ਉਨ੍ਹਾਂ ਨੇ ਤਾਂ ਆਪਣਾ ਫ਼ੈਸਲਾ ਸੁਣਾ ਦਿਤਾ ਹੈ। ਇਸ ‘ਤੇ ਅਮਲ ਹੋਣਾ ਚਾਹੀਦਾ ਹੈ।
ਮ੍ਰਿਤਕ ਦੇਹ ਲਈ ਪ੍ਰਚੱਲਤ ਕੁੱਝ ਸਮਾਜਕ ਰਸਮਾਂ ਘਰ ਵਿਚ ਰੱਖ ਕੇ ਹੀ ਪੂਰੀਆਂ ਕੀਤੀਆਂ ਗਈਆਂ। ਉਸ ਤੋਂ ਬਾਅਦ ਐਂਬੂਲੈਂਸ ਮੰਗਵਾਈ ਗਈ ਤਾਂ ਜੋ ਪਿਤਾ ਜੀ ਦੀ ਮ੍ਰਿਤਕ ਦੇਹ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਨੂੰ ਸੌਂਪ ਦਿੱਤੀ ਜਾਵੇ। ਸਾਡੇ ਆਲੇ-ਦੁਆਲੇ ਵਿਚ ਕਿਸੇ ਨੇ ਵੀ ਇਸ ਤਰ੍ਹਾਂ ਹੁੰਦਾ ਨਹੀਂ ਸੀ ਵੇਖਿਆ। ਇਸ ਲਈ ਬਹੁਤ ਸਾਰੇ ਰਿਸ਼ਤੇਦਾਰ ਅਤੇ ਭੈਣ-ਭਰਾ ਉਨ੍ਹਾਂ ਦੀ ਦੇਹ ਹਸਪਤਾਲ ਨੂੰ ਸੌਂਪਣ ਜਾਣ ਲਈ ਤਿਆਰ ਹੋ ਗਏ। ਸਾਡੀਆਂ ਗੱਡੀਆਂ ਦਾ ਕਾਫ਼ਲਾ ਹਸਪਤਾਲ ਦੇ ਅਨਾਟਮੀ ਵਿਭਾਗ ਵਿਚ ਪੁੱਜ ਗਿਆ। ਭਾਵੇਂ ਹਸਪਤਾਲ ਵਾਲਿਆਂ ਨੂੰ ਅਸੀਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ, ਪਰ ਸਾਨੂੰ ਬੜੀ ਨਿਰਾਸ਼ਾ ਹੋਈ ਕਿ ਹਸਪਤਾਲ ਦਾ ਇਕ ਵੀ ਡਾਕਟਰ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਉਥੇ ਹਾਜ਼ਰ ਨਹੀਂ ਸੀ। ਅਸੀਂ ਮੋਰਚਰੀ ਵਿਚ ਸਰੀਰ ਨੂੰ ਰੱਖ ਕੇ ਨਿਰਾਸ਼ਾ ਦੀ ਹਾਲਤ ਵਿਚ ਘਰ ਨੂੰ ਚੱਲ ਪਏ। ਸ਼ਾਮ ਨੂੰ ਸਾਡਾ ਪਰਿਵਾਰ ਇਕੱਠਾ ਬੈਠ ਗਿਆ। ਪਿਤਾ ਜੀ ਬਾਰੇ ਗੱਲਾਂ ਹੋਣ ਲੱਗ ਪਈਆਂ। ਹਰ ਕੋਈ ਪਿਤਾ ਜੀ ਨਾਲ ਹੰਢਾਈਆਂ ਯਾਦਾਂ ਦਾ ਉਲੇਖ ਕਰ ਰਿਹਾ ਸੀ। ਮੈਂ ਚਾਹੁੰਦਾ ਸੀ ਕਿ ਪਿਤਾ ਜੀ ਦਾ ਸ਼ਰਧਾਂਜਲੀ ਪ੍ਰੋਗਰਾਮ ਵੀ ਪਰੰਪਰਾ ਤੋਂ ਹੱਟ ਕੇ ਵਿਲੱਖਣ ਢੰਗ ਨਾਲ ਹੋਵੇ। ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਹਦਾਇਤ ਕੀਤੀ ਕਿ ਪਿਤਾ ਜੀ ਜਿਹੋ-ਜਿਹੇ ਵੀ ਸਨ, ਬਾਰੇ ਹਰ ਜੀਅ ਇਕ-ਦੋ ਸਫ਼ੇ ਜ਼ਰੂਰ ਲਿਖੇ ਜਾਂ ਲਿਖਵਾਏ ਤਾਂ ਜੋ ਉਨ੍ਹਾਂ ਦੇ ਸ਼ਰਧਾਂਜਲੀ ਪ੍ਰੋਗਰਾਮ ਸਮੇਂ ਹਾਜ਼ਰ ਹੋਣ ਵਾਲੇ ਵਿਅਕਤੀਆਂ ਨੂੰ ਲੱਡੂ ਜਾਂ ਪਤਾਸੇ ਦੇਣ ਦੀ ਵਜਾਏ ਉਨ੍ਹਾਂ ਦੀ ਯਾਦ ਵਿਚ ਛਪੀ ਕਿਤਾਬ ਭੇਂਟ ਕੀਤੀ ਜਾ ਸਕੇ। ਦਸ ਕੁ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਨੂੰ ਅਮਲੀਜਾਮਾ ਪਹਿਨਾ ਦਿੱਤਾ।
ਪਹਿਲੀ ਅਕਤੂਬਰ 2006 ਨੂੰ ਅਸੀਂ ਸ਼ਰਧਾਂਜਲੀ ਸਮਾਗਮ ਰੱਖ ਲਿਆ ਅਤੇ ਦਿਆਨੰਦ ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਨੂੰ ਵੀ ਇਸ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ। ਬਹੁਤ ਸਾਰੇ ਵਿਅਕਤੀ ਇਸ ਦਿਨ ਆਏ। ਸਮਾਗਮ ਵਿਚ ਪਹੁੰਚੇ ਸੱਤ-ਅੱਠ ਬੁਲਾਰਿਆਂ ਨੇ ਵੀ ਪਿਤਾ ਜੀ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਹਸਪਤਾਲ ਦੇ ਡਾਕਟਰ ਅਜੇੇ ਨੇ ਉਨ੍ਹਾਂ ਦੀ ਪ੍ਰਯੋਗਸ਼ਾਲਾ ਲਈ ਮ੍ਰਿਤਕ ਦੇਹਾਂ ਦੀ ਘਾਟ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਦੱਸਿਆ ਕਿ ਮੈਡੀਕਲ ਕਾਲਜ ਨੂੰ ਪਿਛਲੇ 40 ਸਾਲਾਂ ਵਿਚ ਮਿਲਣ ਵਾਲੀ ਇਹ ਪਹਿਲੀ ਮ੍ਰਿਤਕ ਦੇਹ ਹੈ। ਇਸ ਪ੍ਰੋਗਰਾਮ ਦੌਰਾਨ ਸਾਡੇ ਪਰਿਵਾਰ ਵਲੋਂ ਪਿਤਾ ਜੀ ਦੀਆਂ ਯਾਦਾਂ ਬਾਰੇ ਪ੍ਰਕਾਸ਼ਤ ਕੀਤੀ ਕਿਤਾਬ ‘ਇਕ ਵਗਦਾ ਦਰਿਆ’ ਵੀ ਵੰਡ ਗਈ। ਸ਼ਰਧਾਂਜਲੀ ਪ੍ਰੋਗਰਾਮ ਤੋਂ ਬਾਅਦ ਡਾਕਟਰ ਸਾਹਿਬ ਸਾਨੂੰ ਕਹਿਣ ਲੱਗੇ ਕਿ ਸਰੀਰ ਦਾਨ ਕਰਨ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਹੋਰ ਸੁਝਾਵਾਂ ਤੋਂ ਇਲਾਵਾ ਮੈਂ ਉਨ੍ਹਾਂ ਨੂੰ ਕਿਹਾ ਕਿ ਜਿਸ ਦਿਨ ਅਸੀਂ ਦੇਹ ਲੈ ਕੇ ਤੁਹਾਡੇ ਕੋਲ ਪੁੱਜੇ ਸਾਂ ਵਧੀਆ ਗੱਲ ਹੁੰਦੀ ਜੇ ਦੋ-ਤਿੰਨ ਡਾਕਟਰ ਉਸ ਸਮੇਂ ਉਥੇ ਹਾਜ਼ਰ ਹੁੰਦੇ ਅਤੇ ਮ੍ਰਿਤਕ ਦੇਹ ਨੂੰ ਸਤਿਕਾਰ ਸਹਿਤ ਪ੍ਰਾਪਤ ਕਰਦੇ। ਇਸ ਨਾਲ ਇਸ ਰਿਵਾਇਤ ਨੂੰ ਅੱਗੇ ਤੋਰਨ ਲਈ ਮ੍ਰਿਤਕ ਦੇਹ ਛੱਡਣ ਆਏ ਵਿਅਕਤੀਆਂ ਨੂੰ ਬਲ ਮਿਲਦਾ ਹੈ। ਡਾਕਟਰ ਨੇ ਅਜਿਹਾ ਕਰਨ ਦਾ ਵਾਅਦਾ ਕੀਤਾ।
ਮਹਿਲਾ ਕਲਾਂ ਐਕਸ਼ਨ ਕਮੇਟੀ ਦੇ ਕਨਵੀਨਰ ਨਰੈਣ ਦੱਤ ਜੀ ਦੇ ਪਿਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਮ੍ਰਿਤਕ ਦੇਹ ਦਾਨ ਕਰਨ ਲਈ ਆਪਣੇ ਭੈਣਾਂ-ਭਰਾਵਾਂ ਨੂੰ ਰਜ਼ਾਮੰਦ ਕਰ ਲਿਆ। ਉਨ੍ਹਾਂ ਦੇ ਪਰਿਵਾਰ ਸਮੇਤ ਅਸੀਂ ਸਾਰੇ ਹਸਪਤਾਲ ਪੁੱਜ ਗਏ। ਸਾਨੂੰ ਸੰਤੁਸ਼ਟੀ ਹੋਈ ਕਿ ਡਾਕਟਰਾਂ ਦੀ ਟੀਮ ਨੇ ਉਸ ਦੇਹ ਨੂੰ ਸਤਿਕਾਰ ਨਾਲ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇਕ ਕਾਨਫ਼ਰੰਸ ਰੂਮ ਵਿਚ ਲੈ ਗਏ। ਚਾਹ-ਪਾਣੀ ਦੇ ਨਾਲ ਉਨ੍ਹਾਂ ਨੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਉਸ ਮੌਕੇ ਇਕੱਠਾ ਕੀਤਾ ਹੋਇਆ ਸੀ। ਡਾਕਟਰਾਂ ਸਮੇਤ ਸਾਡੇ ਵਿਚੋਂ ਕਈ ਬੁਲਾਰੇ ਇਸ ਛੋਟੇ ਜਿਹੇ ਪ੍ਰੋਗਰਾਮ ‘ਤੇ ਬੋਲੇ। ਹਰ ਇਕ ਦਾ ਵਿਸ਼ਾ ਇਹ ਸੀ ਕਿ ਇਸ ਰਿਵਾਇਤ ਨੂੰ ਹੋਰ ਅੱਗੇ ਕਿਵੇਂ ਤੋਰਿਆ ਜਾਵੇ? ਮੈਡੀਕਲ ਕਾਲਜ ਦੇ ਪ੍ਰਬੰਧਕਾਂ ਵਲੋਂ ਇਸ ਮੌਕੇ ਕੁੱਝ ਐਲਾਨ ਵੀ ਕੀਤੇ ਗਏ। ਪਹਿਲੀ ਗੱਲ ਜੋ ਉਨ੍ਹਾਂ ਨੇ ਕਹੀ ਕਿ ਅੱਜ ਤੋਂ ਬਾਅਦ ਜੋ ਵੀ ਪਰਿਵਾਰ ਮ੍ਰਿਤਕ ਦੇਹ ਦਾਨ ਵਿਚ ਦੇਵੇਗਾ, ਉਸ ਨੂੰ ਹਸਪਤਾਲ ਦੇ ਖ਼ਰਚੇ ਵਿਚੋਂ ਕੁੱਝ ਡਿਸਕਾਉਂਟ ਮਿਲਿਆ ਕਰੇਗਾ। ਪਰ ਅਸੀਂ ਇਸ ਗੱਲ ਨੂੰ ਰੱਦ ਕਰ ਦਿੱਤਾ, ਕਿਉਂਕਿ ਸਾਡੇ ਸਾਰੇ ਪਰਿਵਾਰ ਮ੍ਰਿਤਕ ਦੇਹਾਂ ਦਾਨ ਕਰਨ ਲਈ ਕੋਈ ਵੀ ਸੁਵਿਧਾ ਪ੍ਰਾਪਤ ਕਰਨੀ ਨਹੀਂ ਚਾਹੁੰਦੇ ਸੀ। ਹਸਪਤਾਲ ਵਾਲਿਆਂ ਨੇ ਇਹ ਵੀ ਐਲਾਨ ਕੀਤਾ ਕਿ ਅਗਾਹਾਂ ਤੋਂ ਮ੍ਰਿਤਕ ਦੇਹਾਂ ਅਸੀਂ ਖ਼ੁਦ ਆ ਕੇ ਪ੍ਰਾਪਤ ਕਰਿਆ ਕਰਾਂਗੇ। ਹਸਪਤਾਲ ਦੀ ਵੈਨ ਜਾਵੇਗੀ, ਦੇਹ ਨੂੰ ਲੈ ਕੇ ਆਵੇਗੀ।
ਕੁੱਝ ਦਿਨਾਂ ਬਾਅਦ ਹੀ ਜੋਧਪੁਰ ਦੇ ਸਾਬਕਾ ਸਰਪੰਚ ਕਾਮਰੇਡ ਅਮਰਜੀਤ ਦੀ ਮੌਤ ਹੋ ਗਈ। ਉਸ ਦਾ ਪੁੱਤਰ ਬਾਹਰਲੇ ਦੇਸ਼ ਵਿਚ ਸੀ। ਪਰਿਵਾਰ ਦਾ ਫ਼ੈਸਲਾ ਸੀ ਕਿ ਅਮਰਜੀਤ ਦੀ ਮ੍ਰਿਤਕ ਦੇਹ ਉਸ ਦੇ ਪੁੱਤਰ ਦੇ ਆਉਣ ‘ਤੇ ਹੀ ਹਸਪਤਾਲ ਨੂੰ ਸੌਂਪੀ ਜਾਵੇਗੀ। ਇਸ ਲਈ ਦੇਹ ਨੂੰ ਕੁੱਝ ਦਿਨਾਂ ਵਾਸਤੇ ਫ਼ਰੀਜ਼ਰ ਵਿਚ ਰੱਖਣਾ ਪਿਆ। ਇਸ ਲਈ ਪਰਿਵਾਰ ਨੂੰ ਲੱਖਾਂ ਰੁਪਏ ਖ਼ਰਚ ਕਰਨੇ ਪਏ। ਹਸਪਤਾਲ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਨੇ ਦੇਹ ਲਿਜਾਣ ਲਈ ਵੈਨ ਵੀ ਭੇਜ ਦਿੱਤੀ, ਪਰ ਪਰਿਵਾਰ ਦਾ ਫ਼ੋਨ ਆ ਗਿਆ ਕਿ ਸਾਡੇ ਪਰਿਵਾਰ ਦਾ ਸਭ ਤੋਂ ਮੁੱਖ ਬੰਦਾ ਮਰਿਆ ਹੋਵੇ ਤੇ ਉਸ ਦੇ ਸਰੀਰ ਨੂੰ ਅਸੀਂ ਟੁੱਟੀ ਜਿਹੀ ਵੈਨ ਵਿਚ ਪਾ ਕੇ ਰਵਾਨਾ ਕਰ ਦਈਏ ਇਹ ਗੱਲ ਸਾਨੂੰ ਸੋਭਾ ਨਹੀਂ ਦਿੰਦੀ। ਇਸ ਲਈ ਤੁਸੀਂ ਖ਼ੁਦ ਨਵੀਂ ਗੱਡੀ ਦਾ ਪ੍ਰਬੰਧ ਕਰ ਕੇ ਭੇਜੋ ਤਾਂ ਜੋ ਦੇਹ ਹਸਪਤਾਲ ਵਿਚ ਪਹੁੰਚਾਈ ਜਾਵੇ। ਸੋ ਇੰਝ ਹੀ ਕੀਤਾ ਗਿਆ ਅਤੇ ਤਰੁਟੀ ਹਸਪਤਾਲ ਵਾਲਿਆਂ ਦੇ ਧਿਆਨ ਵਿਚ ਵੀ ਲਿਆ ਦਿੱਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਅਗਾਹਾਂ ਤੋਂ ਵਧੀਆ ਗੱਡੀ ਭੇਜੀ ਜਾਇਆ ਕਰੇਗੀ।
ਸੁਸਾਇਟੀ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਤੇਜਾ ਸਿੰਘ ਰੌਂਤੇ ਦੀ ਸੁਪਤਨੀ ਵੀ ਚੱਲ ਵਸੀ। ਉਹ ਕਹਿਣ ਲੱਗਿਆ ਕਿ ਮੈਂ ਇਹ ਦੇਹ ਹਸਪਤਾਲ ਨੂੰ ਦੇਣੀ ਤਾਂ ਚਾਹੁੰਦਾ ਹਾਂ, ਪਰ ਮੈਨੂੰ ਇਸ ਗੱਲ ਦਾ ਖ਼ਦਸਾ ਹੈ ਕਿ ਮੇਰੇ ਪੁੱਤਰਾਂ-ਧੀਆਂ ਨੂੰ ਕੋਈ ਇਸ ਗੱਲ ਦਾ ਨਹੋਰਾ ਨਾ ਮਾਰੇ ਕਿ ਅਸੀਂ ਤੁਹਾਡੀ ਮਾਂ ਨੂੰ ਨੰਗੀ ਹਾਲਤ ਵਿਚ ਦੇਖਿਆ ਹੈ। ਹਸਪਤਾਲ ਵਾਲਿਆਂ ਤੋਂ ਇਹ ਵਾਅਦਾ ਲਵੋ ਕਿ ਇਸ ਦੀ ਸ਼ਨਾਖ਼ਤ ਗੁਪਤ ਰੱਖੀ ਜਾਵੇ। ਸੋ ਅਜਿਹਾ ਹੀ ਕੀਤਾ ਗਿਆ। ਅਜਿਹਾ ਕਰਨ ਤੋਂ ਬਾਅਦ ਉਹ ਦੇਹ ਵੀ ਹਸਪਤਾਲ ਵਾਲਿਆਂ ਦੇ ਸਪੁਰਦ ਹੋ ਗਈ।
ਸਾਡੀ ਸੁਸਾਇਟੀ ਦਾ ਇਕ ਆਗੂ ਮਹਿਤਪੁਰ ਦਾ ਰਾਜਕੁਮਾਰ ਹੈ। ਉਸ ਦੀ ਮਾਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਸਮੂਹ ਪਰਿਵਾਰ ਨੇ ਆਪਣੀ ਰਜ਼ਾਮੰਦੀ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਨੂੰ ਇਹ ਦੇਹ ਸੌਂਪ ਦਿੱਤੀ। ਦੂਸਰੇ ਦਿਨ ਹੀ ਮਹਿਤਪੁਰ ਦਾ ਫ਼ੋਨ ਆ ਗਿਆ। ਕਹਿਣ ਲੱਗਿਆ, ”ਮਾਂ ਦੀ ਮੌਤ ਤੋਂ ਬਾਅਦ ਮੇਰਾ ਛੋਟਾ ਭਰਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਹੈ ਅਤੇ ਹਰ ਵੇਲੇ ਇਹ ਹੀ ਕਹਿ ਰਿਹਾ ਹੈ ਕਿ ਮੈਂ ਤਾਂ ਸਸਕਾਰ ਕਰਨਾ ਹੈ।” ਉਸ ਦੀ ਮਾਨਸਿਕ ਉਲਝਣ ਕਿਵੇਂ ਦਰੁਸਤ ਕੀਤੀ ਜਾਵੇ। ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ ਮੈਡੀਕਲ ਕਾਲਜ ਦੇ ਮੁਖੀ ਨੂੰ ਇਹ ਦੇਹ ਵਾਪਸ ਭੇਜਣ ਦੀ ਬੇਨਤੀ ਕੀਤੀ। ਤਾਂ ਉਨ੍ਹਾਂ ਕਿਹਾ,”ਦਾਨ ਕੀਤੀ ਹੋਈ ਕੋਈ ਚੀਜ਼ ਕੋਈ ਵਿਅਕਤੀ ਕਦੇ ਵਾਪਸ ਨਹੀਂ ਮੰਗਦਾ। ਤੁਸੀਂ ਅਜਿਹੇ ਪਹਿਲੇ ਸਖ਼ਸ਼ ਹੋ।” ਮੈਂ ਉਨ੍ਹਾਂ ਨੂੰ ਮਜ਼ਬੂਰੀ ਦੱਸੀ ਤਾਂ ਉਨ੍ਹਾਂ ਨੇ ਮ੍ਰਿਤਕ ਦੇਹ ਵਾਪਸ ਦੇਣ ਦਾ ਵਾਅਦਾ ਕੀਤਾ।
ਤਰਕਸ਼ੀਲ ਸੁਸਾਇਟੀ ਦੇ ਆਗੂ ਹਰਮੇਸ਼ ਛੀਨੀਵਾਲੀਆ ਦੀ ਨੂੰਹ ਗਰਭਵਤੀ ਸੀ। ਕਿਸੇ ਕਾਰਨ ਹਸਪਤਾਲ ਵਿਚ ਗਰਭ ਵਿਚਲੇ ਬੱਚੇ ਦੀ ਸੱਤਵੇਂ ਮਹੀਨੇ ਵਿਚ ਹੀ ਮੌਤ ਹੋ ਗਈ। ਉਹ ਵੀ ਕਹਿਣ ਲੱਗਆ ਕਿ ਵਧੀਆ ਹੋਵੇਗਾ ਜੇ ਅਸੀਂ ਇਸ ਬੱਚੇ ਦਾ ਸਰੀਰ ਵੀ ਹਸਪਤਾਲ ਨੂੰ ਸੌਂਪ ਸਕੀਏ। ਡਾਕਟਰਾਂ ਨੇ ਕਿਹਾ ਕਿ ਸਾਡੇ ਲਈ ਤਾਂ ਇਹ ਬਹੁਤ ਫ਼ਾਇਦੇਮੰਦ ਹੋਵੇਗਾ। ਸੋ ਇਹ ਦੇਹ ਵੀ ਅਸੀਂ ਹਸਪਤਾਲ ਨੂੰ ਦੇ ਆਏ।
ਗੱਲ ਇਥੇ ਹੀ ਨਹੀਂ ਮੁਕਦੀ ਇਕ ਨਿਹੰਗ ਅਤੇ ਨਿਹੰਗਣੀ ਮੇਰੇ ਕੋਲ ਘਰ ਆਏ। ਕਹਿਣ ਲੱਗੇ, ”ਅਸੀਂ ਦੋਵਾਂ ਨੇ ਫ਼ੈਸਲਾ ਕੀਤਾ ਹੈ ਕਿ ਸਾਡੇ ਵਿਚੋਂ ਜੋ ਵੀ ਪਹਿਲਾਂ ਮਰੇਗਾ, ਦੂਸਰਾ ਉਸ ਦਾ ਸਰੀਰ ਹਸਪਤਾਲ ਨੂੰ ਸੌਂਪੇਗਾ।” ਮੈਂ ਉਨ੍ਹਾਂ ਦੀ ਇਸ ਇੱਛਾ ਦੀ ਪ੍ਰਸੰਸਾ ਕੀਤੀ। ਤਿੰਨ ਕੁ ਮਹੀਨਿਆਂ ਬਾਅਦ ਉਹ ਆਪਣੇ ਸਾਲ ਕੁ ਭਰ ਦੇ ਬੱਚੇ ਦਾ ਮ੍ਰਿਤਕ ਸਰੀਰ ਲੈ ਕੇ ਰਾਤ ਦੇ 9 ਵਜੇ ਮੇਰੇ ਘਰ ਆ ਗਏ। ਕਹਿਣ ਲੱਗੇ ਕਿ ਅਸੀਂ ਇਸ ਦਾ ਸਰੀਰ ਵੀ ਹਸਪਤਾਲ ਨੂੰ ਦਾਨ ਕਰਨਾ ਹੈ। ਬੱਚੇ ਦੀ ਮੌਤ ਹੋਈ ਨੂੰ ਅੱਠ ਘੰਟੇ ਤੋਂ ਉਪਰ ਸਮਾਂ ਹੋ ਚੁੱਕਿਆ ਸੀ ਅਤੇ ਅਗਾਹਾਂ ਵੀ ਰਾਤ ਉਪਰ ਪਈ ਸੀ। ਜਦੋਂ ਹਸਪਤਾਲ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾ ਨੇ ਇਸ ਸਰੀਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਸੋ, ਬੱਚੇ ਦੀ ਲਾਸ਼ ਨੂੰ ਦਫ਼ਨਾਉਣਾ ਉਨ੍ਹਾਂ ਦੀ ਮਜ਼ਬੂਰੀ ਸੀ। ਦੋ ਕੁ ਸਾਲ ਬਾਅਦ ਜਦੋਂ ਇੱਕ ਦਿਨ ਮੈਂ ਬਰਨਾਲਾ ਸਟੇਸ਼ਨ ‘ਤੇ ਗੱਡੀ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਉਹ ਨਿਹੰਗਣੀ ਮੈਨੂੰ ਵੇਖ ਕੇ ਮੇਰੇ ਕੋਲ ਆ ਗਈ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਬੰਦ ਹੋਣ ਦਾ ਨਾਮ ਨਹੀਂ ਲੈ ਰਹੇ ਸਨ। ਦਸ ਕੁ ਮਿੰਟ ਰੋਣ ਮਗਰੋਂ ਉਹ ਕੁੱਝ ਸ਼ਾਂਤ ਹੋਈ। ਮੈਂ ਉਸ ਨੂੰ ਰੋਣ ਦਾ ਕਾਰਨ ਪੁੱਛਿਆ। ਉਹ ਕਹਿਣ ਲੱਗੀ, ”ਮੈਂ ਬਿਹਾਰ ਗਈ ਸਾਂ। ਪਿੱਛੋਂ ਨਿਹੰਗ ਚੱਲ ਵਸਿਆ। ਮੈਨੂੰ ਉਸ ਦੇ ਜਾਣ ਦਾ ਇਨ੍ਹਾਂ ਦੁੱਖ ਨਹੀਂ, ਜਿਨ੍ਹਾਂ ਇਸ ਗੱਲ ਦਾ ਹੈ ਕਿ ਮੈਂ ਉਸ ਨਾਲ ਕੀਤਾ ਸਰੀਰ ਦਾਨ ਕਰਨ ਦਾ ਵਾਅਦਾ ਪੂਰਾ ਨਾ ਕਰ ਸਕੀ।”
ਅੰਮ੍ਰਿਤਸਰ ਦੇ ਪਿੰਡ ਸ਼ੇਰੋਂ ਵਿਖੇ ਤਰਕਸ਼ੀਲ ਆਗੂ ਭਗਵਾਨ ਸਿੰਘ ਖਹਿਰਾ ਨੇ ਆਪਣੇ ਪਿੰਡ ਸ਼ੇਰੋਂ ਵਿਖੇ ਸਮਾਰੋਹ ਕਰਵਾਇਆ ਅਤੇ ਐਲਾਨ ਕੀਤਾ ਕਿ ਉਸ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸਰੀਰ ਦਾਨ ਕਰਨ ਦਾ ਪ੍ਰਣ ਕੀਤਾ ਹੈ। ਦੇਹ ਦਾਨ ਦੀ ਇਹ ਪਰੰਪਰਾ ਅੱਜ ਲੋਕਾਂ ਵਿਚ ਏਨੀ ਪ੍ਰਚੱਲਤ ਹੋ ਗਈ ਹੈ ਕਿ ਅੱਜ ਪੰਜਾਬ ਦੇ ਸਾਰੇ ਮੈਡੀਕਲ ਕਾਲਜ ਵਿਚ ਮ੍ਰਿਤਕ ਦੇਹਾਂ ਸਮਰੱਥਾ ਨਾਲੋਂ ਵੱਧ ਹਨ। ਹੁਣ ਤਾਂ ਅਜਿਹੀਆਂ ਉਦਾਹਰਣਾਂ ਵੀ ਪ੍ਰਾਪਤ ਹੋਣ ਲੱਗ ਪਈਆਂ ਹਨ ਕਿ ਇਕ ਪਤੀ ਅਤੇ ਪਤਨੀ ਦੋਵਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਪੀ.ਜੀ.ਆਈ. ਵਿਚ ਪਈ ਹੈ। ਇਹ ਕਾਰਨਾਮਾ ਰਣਜੀਤ ਝੁਨੇਰ ਦੇ ਪਰਿਵਾਰ ਵਲੋਂ ਕੀਤਾ ਗਿਆ ਹੈ। ਅਸੀਂ ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ ਬਾਹਰਲੇ ਸੂਬਿਆਂ ਵਿਚ ਵੀ ਮ੍ਰਿਤਕ ਦੇਹਾਂ ਭੇਜਣ ਦਾ ਉਪਰਾਲਾ ਕਰ ਰਹੇ ਹਾਂ। ਭਾਵੇਂ ਸੂਬਿਆਂ ਦੀਆਂ ਸਰਹੱਦਾਂ ‘ਤੇ ਮ੍ਰਿਤਕ ਦੇਹਾਂ ਲਿਜਾਣ ਲਈ ਕਾਫ਼ੀ ਝੰਝਟ ਹੈ। ਇਸ ਤਰ੍ਹਾਂ ਸਰੀਰ ਦਾਨ ਦੀ ਇਹ ਪਰੰਪਰਾ ਅੱਜ ਘਰ-ਘਰ ਪਹੁੰਚ ਰਹੀ ਹੈ।

———————-

ਵਿਛੜੇ ਪਿਤਾ ਦੇ ਨਾਂ ਇੱਕ ਖ਼ਤ

brij gਸਤਿਕਾਰ ਯੋਗ ਪਿਤਾ ਜੀ,
ਜਿਸ ਦਿਨ 18 ਸਤੰਬਰ 2006 ਨੂੰ ਸਵੇਰੇ 8.30 ਵਜੇ ਤੁਸੀਂ ਆਪਣੀ ਉਮਰ ਦੇ 91ਵੇਂ ਵਰ੍ਹੇ ਵਿੱਚ ਵਿਛੋੜਾ ਦੇ ਗਏ ਸੀ, ਉਸ ਤੋਂ ਬਾਅਦ ਬਹੁਤ ਕੁਝ ਵਾਪਰਿਆ ਹੈ, ਜੋ ਮੈਂ ਤੁਹਾਡੇ ਰਾਹੀਂ ਤੁਹਾਡੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਹੱਥੀਂ ਆਪਣਾ ਮ੍ਰਿਤਕ ਸਰੀਰ ਹਸਪਤਾਲ ਨੂੰ ਦੇਣ ਦੀ ਵਸੀਅਤ ਲਿਖ ਕੇ ਸਾਡੇ ਸਾਰੇ ਭੈਣਾਂ ਭਰਾਵਾਂ ਨੂੰ ਇਸ ਵਿਸ਼ੇ ‘ਤੇ ਲੜਨੋਂ ਬਚਾਇਆ ਹੈ। ਨਹੀਂ ਤਾਂ ਸਾਡੇ ਵਿਚੋਂ ਕੁਝ ਨੇ ਕਹਿਣਾ ਸੀ ਕਿ ਅਸੀਂ ਸਸਕਾਰ ਦੀ ਰਸਮ ਤੇ ਭੋਗ ਦੀ ਰਸਮ ਕਰਨੀ ਹੈ। ਪਰ ਤੁਸੀਂ ਤਾਂ ਪਹਿਲਾਂ ਹੀ ਆਪਣੀ ਵਸੀਅਤ ਵਿਚ ਇਨ੍ਹਾਂ ਸਾਰੀਆਂ ਗੱਲਾਂ ਤੇ ਪਾਬੰਦੀ ਲਾ ਦਿੱਤੀ ਸੀ।
ਤੁਹਾਡੀ ਮੌਤ ਤੋਂ ਬਾਅਦ ਅਸੀਂ ਤੁਹਾਡੇ ਸਰੀਰ ਨੂੰ ਹਸਪਤਾਲ ਤੋਂ ਆਪਣੇ ਘਰ ਲੈ ਆਏ। ਤੁਹਾਨੂੰ ਨਹਾਉਣ ਤੋਂ ਬਾਅਦ ਨਵੇਂ ਕੱਪੜੇ ਪੁਆ ਕੇ ਰੱਖ ਦਿੱਤਾ। ਸਮੂਹ ਅੰਤਿਮ ਦਰਸ਼ਨ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਗਈ ਕਿ ਤੁਹਾਡੀ ਮ੍ਰਿਤਕ ਦੇਹ ਤੇ ਫੁੱਲ ਹੀ ਚੜ੍ਹਾਏ ਜਾਣ ਪਰ ਫਿਰ ਵੀ ਕੁਝ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਫੁੱਲਾਂ ਦੇ ਨਾਲ ਨਾਲ ਕੁਝ ਪੈਸੇ ਵੀ ਚੜ੍ਹਾ ਦਿੱਤੇ। ਤੁਹਾਡੀ ਮਾਰਕਸੀ ਪਾਰਟੀ ਦਾ ਬਲਾਕ ਸਕੱਤਰ ਕਾਫੀ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਹਾਜ਼ਰ ਹੋਇਆ ਤੇ ਕਹਿਣ ਲੱਗਿਆ ਕਿ ”ਕਾਮਰੇਡ ਬਿਰਜ ਲਾਲ ਸਾਡੀ ਪਾਰਟੀ ਦਾ ਮੈਂਬਰ ਰਿਹਾ ਹੈ”, ਇਸ ਲਈ ਉਨ੍ਹਾਂ ਨੇ ਤੁਹਾਡੀ ਦੇਹ ਤੇ ਲਾਲ ਝੰਡਾ ਪਾ ਦਿੱਤਾ। ਦਿਆਨੰਦ ਮੈਡੀਕਲ ਹਸਪਤਾਲ ਦੇ ਡਾਕਟਰਾਂ ਨੂੰ ਅਸੀਂ ਤੁਹਾਡੀ ਅੰਤਿਮ ਇੱਛਾ ਦੱਸੀ ਤਾਂ ਉਹ ਕਹਿਣ ਲੱਗੇ ਕਿ ਮ੍ਰਿਤਕ ਦੇਹ ਸਾਨੂੰ ਲੁਧਿਆਣੇ ਆ ਕੇ ਦੇ ਜਾਓ। ਅਸੀਂ ਇੱਕ ਐਂਬੂਲੈਂਸ ਮੰਗਵਾਈ ਤੇ ਵੀਹ ਕੁ ਵਿਅਕਤੀ ਕਾਰਾਂ ਵਿਚ ਸਵਾਰ ਹੋ ਕੇ ਦਿਆਨੰਦ ਮੈਡੀਕਲ ਕਾਲਜ ਵਿਚ ਪੁੱਜ ਗਏ। ਪਰ ਉਥੇ ਪਹੁੰਚ ਕੇ ਸਾਨੂੰ ਇਸ ਗੱਲ ਦਾ ਬਹੁਤ ਹੀ ਅਫ਼ਸੋਸ ਹੋਇਆ ਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਸਬੰਧੀ ਕਿਸੇ ਕਿਸਮ ਦੀ ਕੋਈ ਵੀ ਦਿਲਚਸਪੀ ਨਹੀਂ ਵਿਖਾਈ ਗਈ। ਮਜ਼ਬੂਰਨ ਅਸੀਂ ਹਸਪਤਾਲ ਦੀ ਮੌਰਚਰੀ ਵਿਚਲੇ ਫ੍ਰੀਜਰ ਵਿਚ ਤੁਹਾਡਾ ਸਰੀਰ ਇਸ ਆਸ ਨਾਲ ਰੱਖ ਦਿੱਤਾ ਕਿ ਆਪੇ ਵਿਦਿਆਰਥੀ ਇਸਨੂੰ ਖੋਜ ਪੜਤਾਲ ਲਈ ਵਰਤ ਲੈਣਗੇ।
ਰਾਤੀਂ ਜਦੋਂ ਸਾਡਾ ਸਮੂਹ ਪਰਿਵਾਰ ਇਕੱਠਾ ਹੋਇਆ ਤਾਂ ਮੈਂ ਪਰਿਵਾਰ ਮੈਂਬਰਾਂ ਨੂੰ ਪੁੱਛਿਆ ਕਿ ”ਪਿਤਾ ਜੀ ਦੀ ਮ੍ਰਿਤਕ ਦੇਹ ਹਸਪਤਾਲ ਨੂੰ ਦੇਣ ਤੇ ਤੁਸੀਂ ਕੀ ਮਹਿਸੂਸ ਕਰ ਰਹੇ ਹੋ?” ਤਾਂ ਉਨ੍ਹਾਂ ਵਿਚੋਂ ਕੁਝ ਨੇ ਕਿਹਾ, ”ਜੋ ਕੀਤਾ ਗਿਆ ਚੰਗਾ ਹੀ ਕੀਤਾ ਗਿਆ” ਪਰ ਕੁਝ ਕਹਿਣ ਲੱਗ, ”ਜੇ ਪਿਤਾ ਜੀ ਦੀ ਦੇਹ ਜਲਾ ਦਿੱਤੀ ਜਾਂਦੀ ਤਾਂ ਚੰਗਾ ਸੀ ਕਿਉਂਕਿ ਹੁਣ ਉਨ੍ਹਾਂ ਦੇ ਸਰੀਰ ਦਾ ਲੁਧਿਆਣੇ ਹਸਪਤਾਲ ਵਿਚ ਪਏ ਹੋਣ ਦਾ ਅਹਿਸਾਸ ਸਾਡੇ ਮਨਾਂ ਵਿਚ ਬਣਿਆ ਰਹੇਗਾ।” ਪਰ ਤੁਹਾਡੀ ਛੋਟੀ ਭੈਣ ਰੋਂਦੀ-ਰੋਂਦੀ ਕਹਿਣ ਲੱਗੀ ”ਹਾਏ, ਵੇ ਵੀਰਿਆ ਤੇਰੇ ਅੰਗਾਂ ਨੂੰ ਹਸਪਤਾਲ ਵਾਲਿਆਂ ਨੇ ਵੱਢ ਟੁੱਕ ਦੇਣਾ ਹੈ।” ਮੈਂ ਕਿਹਾ ”ਭੂਆ ਜੀ ਜੇ ਅਸੀਂ ਆਪਣੇ ਪਿਤਾ ਜੀ ਦੀ ਦੇਹ ਹਸਪਤਾਲ ਨੂੰ ਨਾ ਦਿੰਦੇ ਤਾਂ ਅਸੀਂ ਇਸ ਨੂੰ ਖੁਦ ਜਲਾ ਦੇਣਾ ਸੀ।”
ਤੁਹਾਡੀ ਵਸੀਅਤ ਅਨੁਸਾਰ, ਅਸੀਂ ਐਤਵਾਰ ਨੂੰ ਤੁਹਾਡੇ ਸ਼ਰਧਾਂਜਲੀ ਸਮਾਰੋਹ ਦਾ ਪ੍ਰਬੰਧ ਕਰ ਲਿਆ। ਤੁਹਾਡੀ ਪਾਰਟੀ ਦੇ ਕਈ ਵਰਕਰਾਂ ਅਤੇ ਹੋਰ ਕਈ ਜਥੇਬੰਦੀਆਂ, ਪਾਰਟੀਆਂ ਨੇ ਤੁਹਾਡੇ ਦੁਆਰਾ ਸਮਾਜ ਦੀ ਬੇਹਤਰੀ ਲਈ ਕੀਤੇ ਯਤਨਾਂ ਦੀ ਪ੍ਰਸੰਸਾ ਕੀਤੀ। ਦਿਆਨੰਦ ਮੈਡੀਕਲ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਜੇ ਵੀ ਬੁਲਾਰਿਆਂ ਵਿਚੋਂ ਇਕ ਸੀ। ਸ਼ਰਧਾਂਜਲੀ ਸਮਾਰੋਹ ਦੀ ਸਮਾਪਤੀ ਤੇ ਸਮੁੱਚੇ ਪ੍ਰੀਵਾਰ ਵੱਲੋਂ ਤੁਹਾਡੀ ਸ਼ਖਸੀਅਤ ਬਾਰੇ ਆਪਣੇ ਵਿਚਾਰ ਲਿਖ ਕੇ ਛਪਵਾਈ ਪੁਸਤਕ ”ਇਕ ਵਗਦਾ ਦਰਿਆ” ਸਭ ਹਾਜ਼ਰ ਲੋਕਾਂ ਨੂੰ ਭੇਂਟ ਕੀਤੀ ਗਈ।
ਸ਼ਰਧਾਂਜਲੀ ਸਮਾਰੋਹ ਦੀ ਸਮਾਪਤੀ ਤੇ ਅਸੀਂ ਦਿਆਨੰਦ ਮੈਡੀਕਲ ਕਾਲਜ ਦੇ ਪ੍ਰੋ. ਅਜੇ ਨੂੰ ਬੇਨਤੀ ਕੀਤੀ ਕਿ ”ਮ੍ਰਿਤਕ ਦੇਹਾਂ” ਪ੍ਰਾਪਤ ਕਰਨ ਦੇ ਢੰਗ ਵਿਚ ਸੁਧਾਰ ਹੋਣਾ ਚਾਹੀਦਾ ਹੈ। ਉਸਨੇ ਪ੍ਰਬੰਧਕਾਂ ਕੋਲ ਸਾਡੇ ਇਹ ਵਿਚਾਰ ਪਹੁੰਚਾਉਣ ਦਾ ਵਾਅਦਾ ਕੀਤਾ। ਤੁਹਾਡੀ ਮੌਤ ਤੋਂ ਮਹੀਨੇ ਕੁ ਬਾਅਦ ਹੀ ਬਰਨਾਲੇ ਦੇ ਨਜ਼ਦੀਕੀ ਪਿੰਡ ਹਮੀਦੀ ਦੇ ਪੰਡਤ ਕੇਦਾਰ ਨਾਥ ਵੀ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਕਿਰਨਜੀਤ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਸਾਥੀ ‘ਨਰਾਇਣ ਦੱਤ’ ਦੇ ਪਿਤਾ ਜੀ ਸਨ। ਸੋ ਨਰਾਇਣ ਦੱਤ ਤੇ ਉਸਦੇ ਭੈਣਾ-ਭਰਾਵਾਂ ਨੇ ਵੀ ਉਨ੍ਹਾਂ ਦਾ ਸਰੀਰ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ ਨੂੰ ਦੇਣ ਦਾ ਫੈਸਲਾ ਕਰ ਲਿਆ ਗਿਆ। ਅਸੀਂ 20-25 ਕੁ ਵਿਅਕਤੀ ਜਦੋਂ ਉਨ੍ਹਾਂ ਦੀ ਮ੍ਰਿਤਕ ਦੇਹ ਲੈ ਕੇ ਹਸਪਤਾਲ ਪੁੱਜੇ ਤਾਂ ਉੱਥੇ ਹਾਜ਼ਰ ਡਾਕਟਰਾਂ ਨੇ ਸਾਡਾ ਸੁਆਗਤ ਕੀਤਾ ਅਤੇ ਇਕ ਹਾਲ ਵਿਚ ਮੀਟਿੰਗ ਵੀ ਕੀਤੀ ਗਈ। ਜਿਸ ਵਿਚ ਸਾਥੋਂ ਸਾਰਿਆਂ ਤੋਂ ਇਲਾਵਾ ਹਸਪਤਾਲ ਦਾ ਕਾਫ਼ੀ ਅਮਲਾ ਫੈਲਾ ਹਾਜ਼ਰ ਸੀ। ਉਸ ਮੀਟਿੰਗ ਵਿਚ ਦੋਵੇਂ ਪਾਸਿਆਂ ਦੇ ਬੁਲਾਰਿਆਂ ਨੇ ਇਸ ਰਸਮ ਨੂੰ ਹੋਰ ਵਧੀਆ ਬਣਾਉਣ ਲਈ ਆਪਣੇ ਆਪਣੇ ਸੁਝਾਅ ਰੱਖੇ।
ਤੁਹਾਡੀ ਮੌਤ ਤੋਂ ਦੋ ਮਹੀਨੇ ਬਾਅਦ ਜੋਧਪੁਰ ਦਾ ਸਾਬਕਾ ਸਰਪੰਚ ਕਾਮਰੇਡ ਅਮਰਜੀਤ ਸਿੰਘ ਵੀ ਸਦੀਵੀ ਵਿਛੋੜਾ ਦੇ ਗਿਆ। ਉਸਦੇ ਪਰਿਵਾਰ ਮੈਂਬਰਾਂ ਵੱਲੋਂ ਵੀ ਉਨ੍ਹ੍ਹਾਂ ਦਾ ਸਰੀਰ ਹਸਪਤਾਲ ਨੂੰ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿਆਨੰਦ ਹਸਪਤਾਲ ਵਾਲਿਆਂ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਆਪ ਲੈ ਜਾਣ ਦੇ ਕੀਤੇ ਹੋਏ ਫ਼ੈਸਲੇ ਦੇ ਅਨੁਸਾਰ, ਇਕ ਪੁਰਾਣਾ ਜਿਹਾ ਕੈਂਟਰ ਭੇਜ ਦਿੱਤਾ। ਪਰਿਵਾਰ ਵਾਲੇ ਸਾਨੂੰ ਕਹਿਣ ਲੱਗੇ ”ਸਾਡੇ ਪਰਿਵਾਰ ਦਾ ਮੁੱਖ ਮੈਂਬਰ ਸਾਨੂੰ ਵਿਛੋੜਾ ਦੇ ਗਿਆ ਹੈ ਤੇ ਅਸੀਂ ਉਸਦੀ ਮ੍ਰਿਤਕ ਦੇਹ ਇਕ ਪੁਰਾਣੇ ਜਿਹੇ ਕੈਂਟਰ ਵਿਚ ਭੇਜੀਏ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਦੀ।” ਇਸ ਲਈ ਅਸੀਂ ਉਸੇ ਸਮੇਂ ਇਕ ਐਂਬੂਲੈਂਸ ਦੀ ਭਾਲ ਕੀਤੀ ਤੇ ਉਨ੍ਹਾਂ ਦੀ ਦੇਹ ਵੀ ਵਧੀਆ ਢੰਗ ਨਾਲ ਹਸਪਤਾਲ ਦੇ ਸਪੁਰਦ ਕਰ ਦਿੱਤੀ।
ਇਸ ਤੋਂ ਕੁਝ ਸਮੇਂ ਬਾਅਦ ਹੀ ਮੇਰੇ ਮਿੱਤਰ ਅਤੇ ਤਰਕਸ਼ੀਲ ਸੁਸਾਇਟੀ ਦੇ ਮੁਢਲੇ ਮੈਂਬਰਾਂ ਵਿਚੋਂ ਮਾਸਟਰ ਤੇਜਾ ਸਿੰਘ ਰੌਂਤਾ ਦੀ ਸੁਪਤਨੀ ਵੀ ਚੱਲ ਵਸੀ। ਰੌਂਤਾ ਜੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਸਰੀਰ ਵੀ ਹਸਪਤਾਲ ਨੂੰ ਭੇਂਟ ਕਰ ਦਿੱਤਾ ਜਾਵੇ। ਪਰ ਕਾਫ਼ੀ ਸਾਰੇ ਮੈਂਬਰ ਇਸ ਸ਼ਸੋਪੰਜ ਵਿਚ ਸਨ ਕਿ ਇਸਤਰੀ ਪਰਿਵਾਰ ਦੀ ਇੱਜ਼ਤ ਹੁੰਦੀ ਹੈ। ਉਸਦੇ ਸਰੀਰ ਦਾ ਨੰਗੇਜ਼ ਕਿਤੇ ਪਰਿਵਾਰ ਦੀ ਬੇਇੱਜ਼ਤੀ ਦਾ ਕਾਰਨ ਨਾ ਬਣ ਜਾਵੇ। ਹਸਪਤਾਲ ਦੇ ਡਾਕਟਰਾਂ ਵੱਲੋਂ ਇਹ ਕਹਿਣ ਤੇ ਕਿ ਕਿਸੇ ਵੀ ਮ੍ਰਿਤਕ ਸਰੀਰ ਦੀ ਸ਼ਨਾਖ਼ਤ ਨਹੀਂ ਹੋ ਸਕਦੀ ਹੁੰਦੀ। ਇਹ ਬਹੁਤ ਹੀ ਗੁਪਤ ਹੁੰਦਾ ਹੈ। ਅਸੀਂ ਹਸਪਤਾਲ ਵਾਲਿਆਂ ਨੂੰ ਉਸਦੀ ਮ੍ਰਿਤਕ ਦੇਹ ਲਿਜਾਣ ਲਈ ਫੋਨ ਕਰ ਦਿੱਤਾ। ਇਸ ਵਾਰ ਉਨ੍ਹਾਂ ਨੇ ਇਕ ਵਧੀਆ ਐਂਬੂਲੈਂਸ ਭੇਜ ਦਿੱਤੀ।
ਮਾਰਚ 2007 ਵਿਚ ਤਰਕਸ਼ੀਲ ਸੁਸਾਇਟੀ ਦੀ ਇਕਾਈ ਬਰਨਾਲਾ ਦੇ ਸਾਬਕਾ ਮੈਂਬਰ ਹਰਿੰਦਰ ਦਾ ਪਿਤਾ ਹੰਡਿਆਏ ਦਾ ਬੂਟੀ ਰਾਮ ਵੀ ਤੁਹਾਡੇ ਨਕਸ਼ੇ ਕਦਮ ਤੇ ਚੱਲਦਾ ਹੋਇਆ ਦਿਆਨੰਦ ਹਸਪਤਾਲ ਵਿਚ ਪਹੁੰਚ ਗਿਆ। ਸੁਸਾਇਟੀ ਵੱਲੋਂ ਲੁਧਿਆਣੇ ਦੇ ਖੇਤੀਬਾੜੀ ਮੇਲੇ ਤੇ ਕਿਤਾਬਾਂ ਦੀ ਸਟਾਲ ਲਾਈ ਹੋਈ ਸੀ। ਇਸ ਮੇਲੇ ਤੇ ਦਿਆਨੰਦ ਮੈਡੀਕਲ ਕਾਲਜ ਦੀ ਐਨੋਟਮੀ ਵਿਭਾਗ ਦੀ ਮੁਖੀ ਡਾ. ਪੂਨਮ ਕੁਝ ਹੋਰ ਡਾਕਟਰਾਂ ਨੂੰ ਲੈ ਕੇ ਸਟਾਲ ਤੇ ਆਈ ਉਨ੍ਹਾਂ ਇਸ ਪਿਰਤ ਨੂੰ ਅੱਗੇ ਵਧਾਉਣ ਲਈ ਸਾਡਾ ਸਭ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਮ੍ਰਿਤਕ ਦੇਹ ਦਾਨੀਆਂ ਦੇ ਪਰੀਵਾਰ ਨੂੰ ਹਸਪਤਾਲ ਵੱਲੋਂ ਕੀਤੇ ਇਲਾਜ ਦੇ ਖਰਚਿਆਂ ਵਿਚ ਵੀ 20% ਦੀ ਛੋਟ ਦਿੱਤੀ ਜਾਇਆ ਕਰੇਗੀ। ਪਰ ਅਸੀਂ ਡਾ. ਸਾਹਿਬ ਨੂੰ ਕਿਹਾ ਕਿ ”ਤੁਹਾਡਾ ਇਸ ਸਹੂਲਤ ਲਈ ਧੰਨਵਾਦ ਪਰ ਅਸੀਂ ਇਹ ਸਾਰਾ ਕੁਝ ਅਜਿਹੀਆਂ ਰਿਆਇਤਾਂ ਪ੍ਰਾਪਤ ਕਰਨ ਲਈ ਨਹੀਂ ਕਰ ਰਹੇ। ”
ਅੰਤ ਵਿਚ ਪਿਤਾ ਜੀ ਮੈਂ ਤਾਂ ਤੁਹਾਨੂੰ ਇਹ ਹੀ ਕਹਾਂਗਾ ਕਿ ਭਾਵੇਂ ਤੁਸੀਂ ਸਰੀਰ ਦਾਨ ਕਰਨ ਵਾਲੇ ਪਹਿਲੇ ਵਿਅਕਤੀ ਨਹੀਂ ਸੀ, ਪਰ ਫਿਰ ਵੀ ਆਪਣੀ ਵਸੀਅਤ ਕਰਕੇ ਤੁਸੀਂ ਜੋ ਪਿਰਤਾਂ ਪਾ ਗਏ ਹੋ, ਉਨ੍ਹਾਂ ਵਿਚ ਲਗਾਤਾਰ ਵਿਕਾਸ ਹੋ ਰਿਹਾ ਹੈ। ਹੁਣ ਤਾਂ ਲੱਗਭਗ ਹਰ ਮਹੀਨੇ ਹੀ ਕੋਈ ਨਾ ਕੋਈ ਮ੍ਰਿਤਕ ਦੇਹ ਹਸਪਤਾਲ ਲਈ ਜਾ ਰਹੀ ਹੈ। ਮੈਨੂੰ ਆਸ ਹੈ ਹੁਣ ਡਾਕਟਰਾਂ ਨੂੰ ਇਹ ਸ਼ਿਕਾਇਤ ਨਹੀਂ ਰਹੇਗੀ ਕਿ ਉਨ੍ਹਾਂ ਨੂੰ ਖੋਜ ਪੜਤਾਲ ਲਈ ਸਿਰਫ਼ ਹਿੰਦੂਆਂ ਵੱਲੋਂ ਰਾਖ ਅਤੇ ਮੁਸਲਮਾਨਾਂ ਵੱਲੋਂ ਮਿੱਟੀ ਹੀ ਮਿਲਦੀ ਹੈ। ਇਸ ਲਈ ਉਹ ਵਧੀਆ ਡਾਕਟਰ ਕਿਵੇਂ ਪੈਦਾ ਕਰ ਸਕਦੇ ਹਨ? ਸੋ ਮੈਨੂੰ ਇਸ ਗੱਲ ਦਾ ਖਦਸਾ ਪੈਦਾ ਹੋ ਗਿਆ ਹੈ ਕਿ ਆਉਣ ਵਾਲੇ ਸਮੇਂ ਇਹ ਭੀੜ ਐਨੀ ਵਧ ਜਾਵੇ ਕਿ ਮੈਡੀਕਲ ਕਾਲਜ ਮ੍ਰਿਤਕ ਦੇਹਾਂ ਨੂੰ ਸੰਭਾਲਣ ਤੋਂ ਅਸਮਰਥ ਹੀ ਨਾ ਹੋ ਜਾਣ। ਮਾਰਚ ਮਹੀਨੇ ਵਿਚ ਸੇਰੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸ੍ਰੀ ਭਗਵਾਨ ਸਿੰਘ ਖੈਹਿਰਾ ਵੱਲੋਂ ਇਕ ਤਰਕਸ਼ੀਲ ਮੇਲੇ ਦਾ ਪ੍ਰਬੰਧ ਕੀਤਾ ਗਿਆ। ਇਸ ਮੇਲੇ ਦੀ ਵਿਲੱਖਣਤਾ ਇਹ ਸੀ ਖੈਹਿਰਾ ਸਾਹਿਬ, ਉਨ੍ਹਾਂ ਦੇ ਪਿਤਾ ਜੀ ਅਤੇ ਉਨ੍ਹਾਂ ਦੀ 25 ਸਾਲਾ ਪੁਤਰੀ ਅਮਨ ਨੇ ਵੀ ਮਰਨ ਤੋਂ ਬਾਅਦ ਆਪਣਾ ਸਰੀਰ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਹੁਣੇ ਅਪ੍ਰੈਲ ਮਹੀਨੇ ਵਿਚ ਲੁਧਿਆਣੇ ਏ ਪੰਜਾਬੀ ਰਵਨ ਵਿਖੇ ਸਾਥੀ ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਸਰੀਰ ਦਾਨ ਕਰਨ ਦੇ ਫਾਰਮ ਭਰ ਦਿੱਤੇ ਹਨ।
ਪਿਤਾ ਜੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਵਰਗਾਂ ਦੀ ਹੋਂਦ ਵਿਚ ਕੋਈ ਯਕੀਨ ਨਹੀਂ ਰੱਖਦਾ, ਪਰ ਮੇਰੀ ਇੱਛਾ ਜ਼ਰੂਰ ਸੀ ਕਿ ਸਵਰਗਾਂ ਦੀ ਹੋਂਦ ਹੁੰਦੀ ਤੇ ਮੈਂ ਤੁਹਾਨੂੰ ਉਪਰੋਕਤ ਦੁਖਦਾਇਕ ਗੱਲਾਂ ਤੋਂ ਇਲਾਵਾ ਇਹ ਖ਼ੁਸ਼ਖ਼ਬਰੀ ਵੀ ਦੇ ਸਕਦਾ ਹੁੰਦਾ ਕਿ ਤੇਰੇ ਪੋਤੇ ਡਾ. ਵਿਸ਼ਾਲ ਨੇ ਇਕ ਅਧਿਆਪਕਾ ਨਾਲ ਮਾਰਚ 2007 ਵਿਚ ਵਿਆਹ ਕਰਵਾ ਲਿਆ ਹੈ।
ਮਾਨਵ ਦੇ ਨੇ ਦੋ ਸੰਸਾਰ
ਇਕ ਨੇ ਸਿਰਜਿਆ ਮਾਨਵ ਨੂੰ
ਦੂਜੇ ਨੂੰ ਸਿਰਜ ਰਿਹਾ ਹੈ ਮਾਨਵ
ਤੁਹਾਡਾ ਸਪੁੱਤਰ
– ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ, ਬਰਨਾਲਾ।