Category Archives: Tarksheel

ਬਾਬਾ ਰਾਮ ਦੇਵ ਦੀ ਸੋਚ

ਮੇਘ ਰਾਜ ਮਿੱਤਰ (+91 98887 87440)
ਬਾਬਾ ਰਾਮ ਦੇਵ ਆਪਣੀਆਂ ਕਿਤਾਬਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਲਿਖਦਾ ਹੈ ਜਿਨ੍ਹਾਂimages (1) ਬਾਰੇ ਸਾਡੇ ਬਹੁਤ ਸਾਰੇ ਕਿੰਤੂ, ਪ੍ਰੰਤੂ ਹਨ। ਇਸ ਚੈਪਟਰ ਵਿੱਚ ਮੈਂ ਬਾਬਾ ਰਾਮ ਦੇਵ ਵੱਲੋਂ ਆਪਣੀ ਕਿਤਾਬ ‘‘ਯੋਗ ਸਾਧਨਾ ਅਤੇ ਯੋਗ ਚਕਿਤਸਾ ਰਹੱਸ’’ ਵਿੱਚ ਲਿਖੇ ਕੁਝ ਨੁਕਤਿਆਂ ਬਾਰੇ ਵਿਗਿਆਨਕ ਵਿਚਾਰ ਪੇਸ਼ ਕਰ ਰਿਹਾ ਹਾਂ।
ਬਾਬਾ ਰਾਮ ਦੇਵ : ਭਗਵਾਨ ਨੇ ਮਨੁੱਖ ਨੂੰ ਸ਼ਾਕਾਹਾਰੀ ਬਣਾਇਆ ਹੈ, ਜਦੋਂ ਅਸੀਂ ਰੋਟੀ ਖਾ ਕੇ ਜਿੰਦਾ ਰਹਿ ਸਕਦੇ ਹਾਂ ਤਾਂ ਕਿਸੇ ਜੀਵ ਦੀ ਹੱਤਿਆ ਕਰਕੇ ਉਸਦੀ ਪਿਆਰੀ ਜ਼ਿੰਦਗੀ ਖ਼ਤਮ ਕਰਕੇ ਸਾਨੂੰ ਜਿਉਣ ਦੀ ਕੀ ਲੋੜ ਹੈ। ਇਸ ਤਰ੍ਹਾਂ ਜਿਉਣ ਨਾਲੋਂ ਤਾਂ ਮਰ ਜਾਣਾ ਚੰਗਾ ਹੈ। ਮਾਸ ਖਾਣ ਨਾਲ ਦਿਆ, ਕਰੂਣਾ, ਸਹਾਨਭੂਤੀ, ਪ੍ਰੇਮ, ਆਪਣਾਪਣ ਅਤੇ ਸ਼ਰਧਾ ਭਗਤੀ ਆਦਿ ਮਨੁੱਖੀ ਗੁਣਾ ਦਾ ਅੰਤ ਹੋ ਜਾਂਦਾ ਹੈ। ਮਾਸਾਹਾਰੀ ਦਾ ਪੇਟ ਇੱਕ ਮੁਰਦਾਘਾਟ ਦੀ ਤਰ੍ਹਾਂ ਹੁੰਦਾ ਹੈ।
ਯੋਗ ਸਾਧਨਾ ਸਫ਼ਾ 5
ਸਮੁੱਚੀ ਦੁਨੀਆਂ ਤੇ ਬਹੁਸੰਮਤੀ ਲੋਕ ਅਜਿਹੇ ਹਨ ਜਿਹੜੇ ਆਪਣੇ ਖਾਣੇ ਵਿਚ ਮਾਸ ਦੀ ਵਰਤੋਂ ਕਰਦੇ ਹਨ। ਪ੍ਰਾਚੀਨ ਵੈਦਾਂ ਵਿੱਚ ਗਊ ਮਾਸ ਦੀ ਵਰਤੋਂ ਤੇ ਕੋਈ ਪਾਬੰਦੀ ਨਹੀਂ ਸੀ। ਆਪਣੇ ਆਪ ਨੂੰ ਵੈਦਾਂ ਦਾ ਸਮਰੱਥਕ ਦਰਸਾਉਣ ਵਾਲਾ ਬਾਬਾ ਰਾਮ ਦੇਵ ਮਾਸਾਹਾਰੀ ਖਾਣਿਆਂ ਦਾ ਐਨਾ ਵਿਰੋਧੀ ਕਿਉ ਹੈ? ਦੁਨੀਆਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਹੜੇ ਸਮੁੰਦਰਾਂ ਦੇ ਕਿਨਾਰਿਆਂ ਤੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਮੱਛੀ ਤੋਂ ਬਗ਼ੈਰ ਗੁਜ਼ਾਰਾ ਅਸੰਭਵ ਹੈ। ਬਾਬਾ ਜੀ ਜਿਹੜੇ ਮਾਨਵੀ ਗੁਣਾ ਦਿਆ, ਪ੍ਰੇਮ, ਸਹਾਨਭੂਤੀ ਅਤੇ ਆਪਣੇਪਣ ਦਾ ਸੰਬੰਧ ਸ਼ਾਕਾਹਾਰ ਨਾਲ ਜੋੜਨ ਦੀ ਗੱਲ ਕਰਦੇ ਹਨ ਉਹ ਬਿਲਕੁੱਲ ਹੀ ਬੇਬੁਨਿਆਦ ਹੈ। ਜੇ ਅੱਜ ਦੇ ਅੰਕੜੇ ਦੇਖੇ ਜਾਣ ਤਾਂ ਇਹ ਗੱਲ ਭਲੀਭਾਂਤ ਹੀ ਸਪਸ਼ਟ ਹੋ ਜਾਵੇਗੀ ਕਿ ਸ਼ਾਕਾਹਾਰੀ ਭੋਜਨ ਕਰਨ ਵਾਲਿਆਂ ਦੀ ਬਹੁਸੰਮਤੀ ਵਾਲੇ ਦੇਸ਼ ਭਾਰਤ ਵਿੱਚ ਹੀ ਸਭ ਤੋਂ ਵੱਧ ਕਤਲ, ਦੰਗੇ ਤੇ ਫ਼ਸਾਦ ਹੁੰਦੇ ਹਨ। ਫਿਰ ਸ਼ਾਕਾਹਾਰ ਹੋਣ ਨਾਲ ਬੰਦਾ ਦਿਆਵਾਨ ਕਿਵੇਂ ਹੋ ਜਾਂਦਾ ਹੈ। ਹਰਿਦੁਆਰ ਅਜਿਹਾ ਸਥਾਨ ਹੈ ਜਿੱਥੇ ਸ਼ਾਕਾਹਾਰੀਆਂ ਦੀ ਪ੍ਰਤੀਸ਼ਤ ਸ਼ਾਇਦ ਭਾਰਤ ਵਿੱਚ ਹੀ ਸਭ ਤੋਂ ਵੱਧ ਹੋਵੇ ਕੀ ਉੱਥੇ ਸਭ ਸੁੱਖ ਸ਼ਾਂਤੀ ਹੈ?
ਰਹੀ ਗੱਲ ਮਾਸਾਹਾਰੀ ਦੇ ਪੇਟ ਦੀ ਮੁਰਦਾਘਾਟ ਹੋਣ ਬਾਰੇ। ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋ ਸਕਦਾ ਜਿਸਦੇ ਪੇਟ ਵਿੱਚ ਅਰਬਾਂ ਦੀ ਗਿਣਤੀ ਵਿੱਚ ਜੀਵਤ ਤੇ ਮਿ੍ਰਤਕ ਜੀਵਾਣੂ ਨਾ ਹੋਣ। ਫਿਰ ਮਾਸਾਹਾਰੀ ਦਾ ਪੇਟ ਹੀ ਮੁਰਦਾਘਾਟ ਕਿਵੇਂ ਹੋਇਆ। ਭਾਰਤ ਦੀ 40% ਆਬਾਦੀ ਗ਼ਰੀਬੀ ਰੇਖਾ ਤੋਂ ਥੱਲੇ ਹੈ। ਇਨ੍ਹਾਂ ਗ਼ਰੀਬ ਲੋਕਾਂ ਲਈ ਸੁਆਲ ਮਾਸਾਹਾਰੀ ਜਾਂ ਸ਼ਾਕਾਹਾਰੀ ਹੋਣ ਦਾ ਨਹੀਂ ਸਗੋਂ ਢਿੱਡ ਭਰਨ ਦਾ ਹੈ। ਕਈ ਵਾਰ ਇਨ੍ਹਾਂ ਲੋਕਾਂ ਨੂੰ ਜੀਵਾਂ ਦਾ ਸ਼ਿਕਾਰ ਕਰਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ।
ਬਾਬਾ ਰਾਮ ਦੇਵ : ਜਦੋਂ ਬੰਦੇ ਨੂੰ ਕਰੋਧ ਆਉਦਾ ਹੈ ਉਹ ਦੰਦ ਪੀਸਣ ਲੱਗ ਪੈਂਦਾ ਹੈ। ਇਸ ਲਈ ਕ੍ਰੋਧ ਪੈਦਾ ਹੋਣ ਦਾ ਸਥਾਨ ਦੰਦ ਹਨ।
ਯੋਗ ਸਾਧਨਾ ਸਫ਼ਾ 5
ਮੈਨੂੰ ਇਸ ਗੱਲ ਵਿੱਚ ਭੋਰਾ ਭਰ ਵੀ ਸਚਾਈ ਨਜ਼ਰ ਨਹੀਂ ਆਉਦੀ ਕਿ ਕੋ੍ਰਧ ਦੰਦਾਂ ਵਿੱਚ ਪੈਦਾ ਹੁੰਦਾ ਹੈ। ਵਾਲ, ਨੁੰਹ ਤੇ ਦੰਦ ਤਾਂ ਸਰੀਰ ਦਾ ਨਿਰਜੀਵ ਭਾਗ ਹੁੰਦੇ ਹਨ। ਇਨ੍ਹਾਂ ਵਿੱਚ ਕਿਸੇ ਕਿਸਮ ਦੀ ਚੇਤਨਾ ਪੈਦਾ ਹੋਣ ਦੀ ਗੱਲ ਕਰਨਾ ਸਮਝਦਾਰੀ ਨਹੀਂ। ਅਸਲ ਵਿੱਚ ਸੋਚਣ ਦੀ ਪ੍ਰਕਿਰਿਆ ਸਾਡੇ ਦਿਮਾਗ਼ ਦੇ ਸੈੱਲਾਂ ਵਿੱਚ ਹੁੰਦੀ ਹੈ। ਬਾਕੀ ਸਾਰੇ ਅੰਗ ਦਿਮਾਗ਼ ਜਾਂ ਮਨ ਦੇ ਹੁਕਮ ਦੀ ਪਾਲਣਾ ਕਰਦੇ ਹਨ।
ਬਾਬਾ ਰਾਮ ਦੇਵ : ਗਰਮ ਪਾਣੀ ਨਾਲ ਇਸਨਾਨ ਕਰਨ ਨਾਲ ਬੁੱਧੀ ਤੇਜ਼ ਨਹੀਂ ਰਹਿੰਦੀ ਅਤੇ ਨਜ਼ਰ ਵੀ ਕਮਜ਼ੋਰ ਹੋ ਜਾਂਦੀ ਹੈ। ਵਾਲ ਵੀ ਛੇਤੀ ਸਫ਼ੈਦ ਹੋ ਜਾਂਦੇ ਹਨ? ਯੋਗ ਸਾਧਨਾ ਸਫ਼ਾ 7
ਨਹਾਉਣ ਸਮੇਂ ਪਾਣੀ ਠੰਡਾ ਹੋਵੇ ਜਾਂ ਗਰਮ ਇਹ ਸਾਰੇ ਵਿਅਕਤੀਆਂ ਦੀ ਨਿੱਜੀ ਚੋਣ ਹੁੰਦੀ ਹੈ। ਇੱਕ ਵਿਅਕਤੀ ਸਾਰਾ ਦਿਨ ਖੇਤਾਂ ਵਿੱਚ ਮਜ਼ਦੂਰੀ ਕਰਕੇ ਆਉਦਾ ਹੈ ਤੇ ਘਰ ਆ ਕੇ ਉਹ ਗਰਮ ਪਾਣੀ ਨਾਲ ਨਹਾ ਕੇ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਕਰਦਾ ਹੈ। ਕੀ ਉਹ ਗ਼ਲਤ ਕਰ ਰਿਹਾ ਹੈ? ਦੁਨੀਆਂ ਵਿੱਚ ਬਹੁਤ ਸਾਰੇ ਸਥਾਨ ਅਜਿਹੇ ਹਨ ਜਿੱਥੇ ਸਰਦੀਆਂ ਵਿੱਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਿਆ ਜਾਂਦਾ ਹੈ ਅਜਿਹੇ ਸਥਾਨਾਂ ਤੇ ਰਹਿਣ ਵਾਲੇ ਲੋਕਾਂ ਨੂੰ ਇਹ ਸਿੱਖਿਆ ਦੇਣੀ ਕਿ ਤੁਸੀਂ ਠੰਡੇ ਪਾਣੀ ਨਾਲ ਨਹਾਇਆ ਕਰੋ ਇਹ ਹਾਸੋਹੀਣੀ ਗੱਲ ਹੀ ਹੋਵੇਗੀ। ਜੇ ਠੰਡੇ ਪਾਣੀ ਨਾਲ ਨਹਾਉਣ ਨਾਲ ਬੁੱਧੀ ਤੇਜ਼ ਹੁੰਦੀ ਹੈ ਤਾਂ ਸਭ ਤੋਂ ਵੱਧ ਨੋਬਲ ਪ੍ਰਾਈਜ਼ ਭਾਰਤੀਆਂ ਨੂੰ ਖ਼ਾਸ ਕਰਕੇ ਹਰਿਦੁਆਰ ਦੇ ਵਸਨੀਕਾਂ ਨੂੰ ਹੀ ਮਿਲਦੇ ਜਿੱਥੇ ਠੰਡੇ ਪਾਣੀ ਨਾਲ ਨਹਾਉਣ ਵਾਲਿਆਂ ਦੀ ਪ੍ਰਤੀਸ਼ਤਾ ਵਧੇਰੇ ਹੈ।
ਭਾਰਤ ਦੇ ਪਿੰਡਾਂ ਵਿੱਚ ਜਿੱਥੇ ਵਧੇਰੇ ਲੋਕਾਂ ਕੋਲ ਨਹਾਉਣ ਲਈ ਗਰਮ ਪਾਣੀ ਹੁੰਦਾ ਹੀ ਨਹੀਂ ਉਨ੍ਹਾਂ ਲੋਕਾਂ ਦੀ ਨਿਗ੍ਹਾ ਜੇ ਟੈਸਟ ਕਰਵਾ ਕੇ ਵੇਖੀ ਜਾਵੇ ਤਾਂ ਇਹ ਸਭ ਤੋਂ ਘੱਟ ਹੋਵੇਗੀ। ਉਨ੍ਹਾਂ ਵਿਚਾਰਿਆਂ ਕੋਲ ਤਾਂ ਐਨਕਾਂ ਲਗਵਾਉਣ ਦੀ ਸਮਰੱਥਾ ਹੀ ਨਹੀਂ ਹੁੰਦੀ।
ਠੰਡੇ ਪਾਣੀ ਦੇ ਇਸਤੇਮਾਲ ਨਾਲ ਵਾਲ ਕਿਵੇਂ ਸਫ਼ੈਦ ਨਹੀਂ ਹੁੰਦੇ? ਸ਼ਾਇਦ ਬਾਬਾ ਜੀ ਇਸ ਬਾਰੇ ਕੋਈ ਵਧੀਆ ਦਲੀਲ ਪੇਸ਼ ਕਰ ਸਕਣ ਤਾਂ ਉਨ੍ਹਾਂ ਦੀ ਇਸ ਗੱਲ ਨੂੰ ਸਵੀਕਾਰ ਕਰਨ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਜੇ ਠੰਡ ਨਾਲ ਹੀ ਵਾਲ ਕਾਲੇ ਰਹਿੰਦੇ ਹੁੰਦੇ ਤਾਂ ਐਂਟਰਾਟਿਕਾਂ ਦੇ ਵਸਨੀਕਾਂ ਦੇ ਵਾਲ ਕਦੇ ਵੀ ਸਫ਼ੈਦ ਨਾ ਹੁੰਦੇ। ਜੇ ਗਰਮੀ ਨਾਲ ਵਾਲ ਸਫੈਦ ਹੁੰਦੇ ਤਾਂ ਅਫਰੀਕਣਾਂ ਦੇ ਵਾਲ ਕਦੇ ਵੀ ਕਾਲੇ ਨਾ ਹੁੰਦੇ। ਮੈਂ ਸਮਝਦਾ ਹਾਂ ਵਾਲਾਂ ਦੇ ਸਫੈਦ ਹੋਣ ਦਾ ਕਾਰਨ ਸਰੀਰ ਵਿੱਚ ਕਿਸੇ ਰਸ ਦੀ ਘਾਟ ਹੁੰਦੀ ਹੈ ਜੋ ਆਮ ਤੌਰ ਤੇ ਬੁਢਾਪੇ ਵਿੱਚ ਪੈਦਾ ਹੋਣਾ ਘੱਟ ਜਾਂਦਾ ਹੈ।
ਬਾਬਾ ਰਾਮ ਦੇਵ : ਈਸਾਈ, ਮੁਸਲਮ, ਜੈਨ ਤੇ ਬੁੱਧ ਧਰਮ ਵਿੱਚ ਉਹ ਸਮੱਗਰੀ, ਵਿਆਪਕਤਾ ਤੇ ਪਰਪੱਕਤਾ ਨਹੀਂ ਜਿਸ ਲਈ ਮਾਨਵ ਜਾਤੀ ਉਨ੍ਹਾਂ ਨੂੰ ਅਪਣਾ ਸਕੇ। ਇਨ੍ਹਾਂ ਸਭ ਦੀਆਂ ਆਪਣੀਆਂ-ਆਪਣੀਆਂ ਸੀਮਾਵਾਂ ਨੇ। ਇਨ੍ਹਾਂ ਧਰਮਾਂ ਨੂੰ ਫੈਲਾਉਣ ਲਈ ਇੱਥੇ ਖ਼ੂਨੀ ਸੰਘਰਸ਼ ਹੋਏ ਨੇ ਪ੍ਰੰਤੂ ਸਿੱਟੇ ਕੋਈ ਵੀ ਨਹੀਂ ਨਿਕਲੇ।
ਦੁਨੀਆਂ ਵਿੱਚ ਦੋ ਤਿਹਾਈ ਜੰਗਾਂ ਧਰਮ ਦੇ ਨਾਂ ਤੇ ਹੀ ਲੜੀਆਂ ਗਈਆਂ ਤੇ ਅਰਬਾਂ ਲੋਕ ਇਨ੍ਹਾਂ ਜੰਗਾਂ ਦੀ ਭੇਂਟ ਚਾੜ ਦਿੱਤੇ ਗਏ ਹਨ। ਭਾਰਤ ਵਿੱਚ 1947 ਦੇ ਦੰਗਿਆਂ ਰਾਹੀਂ ਪੰਜਾਬ ਤੇ ਬੰਗਾਲ ਦੇ ਦਸ ਲੱਖ ਵਿਅਕਤੀ ਵੱਢ ਟੁੱਕ ਦਿੱਤੇ ਗਏ ਸਨ।
1984 ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਤਿੰਨ ਹਜ਼ਾਰ ਵਿਅਕਤੀ ਗਲਾਂ ਵਿੱਚ ਟਾਇਰ ਪਾਕੇ ਫੂਕ ਦਿੱਤੇ ਗਏ ਸਨ। ਅਹਿਮਦਾਬਾਦ, ਗੁਜਰਾਤ ਵਿੱਚ ਧਰਮ ‘ਆਦਮ ਬੋ-ਆਦਮ ਬੋ’ ਕਰਦਾ ਹੀ ਰਹਿੰਦਾ ਹੈ। ਅੱਜ ਅਗਸਤ ਦੋ ਹਜ਼ਾਰ ਅੱਠ ਵਿੱਚ ਇਹ ਦੈਂਤ ਜੰਮੂ ਤੇ ਸ੍ਰ੍ਰੀਨਗਰ ਵਿੱਚ ਬੜਿਆ ਹੋਇਆ ਹੈ ਜਿੱਥੇ ਆਏ ਦਿਨ ਲਾਸ਼ਾਂ ਦੇ ਢੇਰ ਲੱਗ ਰਹੇ ਹਨ। ਕੀ ਹਿੰਦੂ ਧਰਮ ਜਿਸਦਾ ਬਾਬੇ ਨੇ ਕੋਈ ਜ਼ਿਕਰ ਨਹੀਂ ਕੀਤਾ ਕੀ ਇਨ੍ਹਾਂ ਗੱਲਾਂ ਤੋਂ ਉੱਪਰ ਹੈ? ਅਸਲ ਵਿੱਚ ਬਾਬਾ ਬਾਕੀ ਧਰਮਾਂ ਦੇ ਨਾਂਹਪੱਖੀ ਰੋਲ ਦਾ ਜ਼ਿਕਰ ਕਰਕੇ ਆਪਣੇ ਧਰਮ ਬਾਰੇ ਚੁੱਪ ਹੀ ਵੱਟ ਲੈਂਦਾ ਹੈ। ਦੁਨੀਆਂ ਦੀ ਕੁੱਲ ਆਬਾਦੀ ਵਿੱਚੋਂ ਜ਼ਿਆਦਾ ਲੋਕਾਂ ਦਾ ਵਿਸ਼ਵਾਸ ਈਸਾਈ ਧਰਮ ਵਿੱਚ ਹੈ। ਮੁਸਲਮ ਧਰਮ ਵਾਲੇ ਵੀ ਹਿੰਦੂ ਧਰਮ ਤੋਂ ਘੱਟ ਸੰਮਤੀ ਵਿਚ ਨਹੀਂ ਹਨ। ਅਸਲ ਵਿੱਚ ਬਾਬਾ ਅੰਤਰਰਾਸ਼ਟਰੀ ਸੋਚ ਦਾ ਮਾਲਕ ਨਹੀਂ ਹੈ।
ਬਾਬਾ ਰਾਮ ਦੇਵ : ਜੇ ਕੋਈ ਬੰਦਾ ਈਸਾਈ ਧਰਮ ਜਾਂ ਇਸਲਾਮ ਧਰਮ ਨੂੰ ਅਪਣਾ ਲਵੇ ਤਾਂ ਰਾਸ਼ਟਰੀ ਏਕਤਾ ਅਤੇ ਅਖੰਡਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ।
ਇੱਥੇ ਬਾਬਾ ਇਹ ਗੱਲ ਭਾਰਤ ਦੇ ਸੰਦਰਭ ਵਿੱਚ ਕਹਿੰਦਾ ਹੈ। ਅਸਲ ਵਿੱਚ ਇੱਥੇ ਬਾਬਾ ਹਿੰਦੂ ਧਰਮ ਨੂੰ ਛੱਡ ਜਾਂਦਾ ਹੈ। ਅਸਲੀਅਤ ਇਹ ਹੈ ਕਿ ਜਦੋਂ ਕੋਈ ਵੀ ਬੰਦਾ ਕਿਸੇ ਵੀ ਧਰਮ ਨੂੰ ਅਪਣਾ ਲੈਂਦਾ ਹੈ ਤਾਂ ਉਸਦੀ ਸੋਚ ਨਿਰਪੱਖ ਨਹੀਂ ਰਹਿੰਦੀ। ਹਿੰਦੂ ਨੂੰ ਸਿਰਫ਼ ਹਿੰਦੂ ਤੇ ਮੁਸਲਮਾਨਾਂ ਨੂੰ ਸਿਰਫ਼ ਮੁਸਲਮਾਨ ਤੇ ਸਿੱਖਾਂ ਨੂੰ ਸਿਰਫ਼ ਸਿੱਖ ਹੀ ਚੰਗੇ ਲੱਗਣ ਲੱਗ ਜਾਂਦੇ ਹਨ। ਇਹੀ ਗੱਲ ਹੁਕਮਰਾਨਾਂ ਤੇ ਜਾ ਢੁਕਦੀ ਹੈ। ਉਹ ਸਾਰੇ ਫ਼ੈਸਲੇ ਆਪਣੇ ਧਰਮਾਂ ਵਾਲਿਆਂ ਦੇ ਹੱਕ ਵਿੱਚ ਕਰਨ ਲੱਗ ਜਾਂਦੇ ਹਨ। ਉਦਾਹਰਣ ਸਪੱਸ਼ਟ ਹੈ ਪੰਜਾਬ ਵਿੱਚ ਅਕਾਲੀ ਸਿਆਸਤ ਵਿੱਚ ਹਨ। ਉਹ ਸਿੱਖ ਪੱਖੀ ਧਾਰਮਿਕ ਅਦਾਰਿਆਂ ਦੀ ਮੱਦਦ ਕਰਦੇ ਹਨ। ਕਦੇ ਕਿਸੇ ਲੀਡਰ ਨੇ ਤਰਕਸ਼ੀਲਾਂ ਦੀ ਕਿਸੇ ਜਥੇਬੰਦੀ ਦੀ ਕੋਈ ਮੱਦਦ ਨਹੀਂ ਕੀਤੀ। ਕਿਸੇ ਵੀ ਧਰਮ ਦੇ ਪੈਰੋਕਾਰ ਨਿਰਪੱਖ ਜਾਂ ਦੇਸ਼ ਭਗਤ ਹੋ ਹੀ ਨਹੀਂ ਸਕਦੇ। ਇਸ ਲਈ ਧਰਮ ਦੇ ਪੱਖੀ ਹੋਣ ਦਾ ਮਤਲਬ ਭਾਰਤੀ ਸੰਵਿਧਾਨ ਦੇ ਵਿਰੋਧੀ ਹੋਣਾ ਹੈ।
ਬਾਬਾ ਰਾਮ ਦੇਵ : ਕਾਮਵਾਸ਼ਨਾ ਨੂੰ ਉਤੇਜਿਤ ਕਰਨ ਵਾਲੇ ਖਾਣੇ, ਤਸਵੀਰਾਂ, ਗਾਣਿਆਂ ਦਾ ਤਿਆਗ ਕਰਕੇ ਵੀਰਜ ਰੱਖਿਆ ਕਰਨਾ ਬ੍ਰਹਮਚਾਰਿਆ ਅਖਵਾਉਦਾ ਹੈ। ਬ੍ਰਹਮਚਾਰੀਆਂ ਨੂੰ ਇਨ੍ਹਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ।
ਸਰੀਰ ਵਿੱਚ ਬਹੁਤ ਸਾਰੇ ਅੰਗ ਅਜਿਹੇ ਹਨ ਜਿਹੜੇ ਰਸ ਪੈਦਾ ਕਰਦੇ ਰਹਿੰਦੇ ਹਨ। ਵੀਰਜ ਵੀ ਅਜਿਹਾ ਹੀ ਇੱਕ ਰਸ ਹੈ ਜਿਹੜਾ ਸੰਤਾਨ ਉਤਪਤੀ ਲਈ ਜ਼ਰੂਰੀ ਹੈ। ਇਸ ਰਸ ਦਾ ਜਿੰਨਾ ਅਸੀਂ ਉਪਯੋਗ ਕਰਦੇ ਹਾਂ ਸਰੀਰ ਆਪਣੇ ਆਪ ਹੀ ਇਸ ਦੀ ਕਮੀ ਪੂਰੀ ਕਰ ਲੈਂਦਾ ਹੈ। ਮੈਨੂੰ ਬਾਬਾ ਜੀ ਦੀ ਇਹ ਗੱਲ ਸਮਝ ਨਹੀਂ ਪੈਂਦੀ ਕਿ ਉਹ ਵੀਰਜ ਰੱਖਿਆ ਲਈ ਕਿਉ ਕਹਿੰਦਾ ਹੈ। ਸ਼ਾਇਦ ਬਾਬਾ ਜੀ ਨੂੰ ਇਹ ਭਰਮ ਹੈ ਕਿ ਵੀਰਜ ਸਰੀਰਕ ਤਾਕਤ ਦਾ ਮੁੱਖ ਸੋਮਾ ਹੈ। ਅਸਲ ਵਿੱਚ ਅਜਿਹਾ ਨਹੀਂ। ਜਦੋਂ ਪੁਰਸ਼ ਜਾਂ ਇਸਤਰੀ ਜਵਾਨੀ ਵਿੱਚ ਪੈਰ ਧਰਦੇ ਹਨ ਤਾਂ ਉਹਨਾਂ ਵਿੱਚ ਸੰਤਾਨ ਉਤਪਤੀ ਕਰਨ ਵਾਲੇ ਰਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਦੇ ਨਿਕਾਸ ਦਾ ਕਿਸੇ ਕਿਸਮ ਦੀ ਸਰੀਰਕ ਕਮਜ਼ੋਰੀ ਨਾਲ ਕੋਈ ਸਬੰਧ ਨਹੀਂ ਹੁੰਦਾ। ਜਦੋਂ ਸਰੀਰ ਵਿੱਚ ਇਸ ਰਸ ਦੀ ਘਾਟ ਹੁੰਦੀ ਹੈ ਤਾਂ ਸਰੀਰਕ ਗੰ੍ਰਥੀਆਂ ਇਸ ਦੀ ਪੈਦਾਇਸ਼ ਨੂੰ ਵਧਾ ਦਿੰਦੀਆਂ ਹਨ। ਚੰਗੀ ਸਿਹਤ ਵਾਲੇ ਆਦਮੀਆਂ, ਇਸਤਰੀਆਂ ਲਈ ਕਾਮ ਸੰਤਾਨ ਉਤਪਤੀ ਤੋਂ ਇਲਾਵਾ ਇੱਕ ਹਲਕੀ ਕਸਰਤ ਵੀ ਹੈ। ਬਾਬਾ ਬਾਕੀ ਕਸਰਤਾਂ ਤੇ ਜ਼ੋਰ ਦਿੰਦਾ ਹੈ ਪਰ ਇਸ ਕਸਰਤ ਤੋਂ ਪ੍ਰਹੇਜ਼ ਰਖਵਾਉਦਾ ਹੈ। ਮੈਨੂੰ ਲੱਗਦਾ ਹੈ ਬਾਬਾ ਜੀ ਦੀ ਇਹ ਗੱਲ ਦਰੁਸਤ ਨਹੀਂ।
ਬਾਬਾ ਰਾਮ ਦੇਵ : ਭਗਵਤੀ ਅਤੇ ਗੰਗਾ ਦੇ ਪਵਿੱਤਰ ਜਲ ਨਾਲ ਸਰੀਰ ਦੀ ਸ਼ੁੱਧੀ ਹੋ ਸਕਦੀ ਹੈ। ਯੋਗ ਸਾਧਨਾ ਸਫ਼ਾ 13
ਗੰਗਾ ਦੇ ਕਿਨਾਰੇ ਤੇ ਹਜ਼ਾਰਾਂ ਸ਼ਹਿਰ ਤੇ ਪਿੰਡ ਵਸੇ ਹੋਏ ਹਨ। ਇਨ੍ਹਾਂ ਦੇ ਬਹੁਤ ਵਸਨੀਕਾਂ ਤੇ ਪਸ਼ੂਆਂ ਦਾ ਮਲ ਤਿਆਗ ਗੰਗਾ ਦੇ ਪਾਣੀ ਵਿੱਚ ਜਾ ਰਲਦਾ ਹੈ। ਗੰਗੋਤਰੀ ਜਮਨੋਤਰੀ ਦੀ ਯਾਤਰਾ ਸਮੇਂ ਮੈਂ ਆਪਣੀਆਂ ਅੱਖਾਂ ਨਾਲ ਉੱਤਰ ਕਾਸ਼ੀ ਸ਼ਹਿਰ ਦਾ ਸੈਂਕੜੇ ਟਨ ਮਨੁੱਖੀ ਮਲ ਤਿਆਗ ਗੰਗਾ ਵਿੱਚ ਤੈਰਦਾ ਵੇਖਿਆ ਹੈ। ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਗੰਗਾ ਜਲ ਪਵਿੱਤਰ ਹੋ ਹੀ ਨਹੀਂ ਸਕਦਾ। ਭਾਰਤ ਦੀਆਂ ਦਸ ਪ੍ਰਯੋਗਸ਼ਾਲਾਵਾਂ ਵਿੱਚ ਗੰਗਾ ਜਲ ਦੀ ਇੱਕ-ਇੱਕ ਸ਼ੀਸ਼ੀ ਭੇਜ ਕੇ ਇਸ ਗੱਲ ਦੀ ਪਰਖ ਕਰਵਾਈ ਜਾ ਸਕਦੀ ਹੈ। ਬਹੁਤ ਸਾਰੇ ਵਿਅਕਤੀ ਇਹ ਕਹਿੰਦੇ ਹਨ ਕਿ ਗੰਗਾ ਜਲ ਦੇ ਪਵਿੱਤਰ ਹੋਣ ਕਾਰਨ ਇਸ ਵਿੱਚ ਜਾਲੇ ਨਹੀਂ ਬਣਦੇ। ਅਸਲ ਵਿੱਚ ਗੰਗਾ ਜਲ ਵਿੱਚ ਮਲਮੂਤਰ ਆਦਿ ਹੋਣ ਕਾਰਨ ਇਸ ਨੂੰ ਖਾਣ ਲਈ ਬੈਕਟੀਰੀਆ ਫਾਸ ਨਾ ਦਾ ਬੈਕਟੀਰੀਆ ਪੈਦਾ ਹੋ ਜਾਂਦਾ ਹੈ। ਜੋ ਜਾਲੇ ਪੈਦਾ ਹੋਣ ਨਹੀਂ ਦਿੰਦਾ।
ਸੋ ਗੰਗਾ ਜਲ ਨਾਲ ਸਰੀਰ ਦੀ ਸ਼ੁੱਧੀ ਹੋਣ ਵਾਲੀ ਗੱਲ ਅੰਧ ਵਿਸ਼ਵਾਸ ਤੋਂ ਵਧੇਰੇ ਕੁਝ ਨਹੀਂ ਹੈ।
ਬਾਬਾ ਰਾਮ ਦੇਵ : ਪੂਰਨ ਸੱਤਿਆ ਚਰਨ ਵਾਲਾ ਵਿਅਕਤੀ ਜੋ ਕੁਝ ਮੂੰਹੋਂ ਕਹਿ ਦਿੰਦਾ ਹੈ ਉਹ ਪੂਰਾ ਹੋ ਜਾਂਦਾ ਹੈ।
ਬਾਬਾ ਜੀ ਅਜਿਹਾ ਇੱਕ ਵੀ ਪੁਰਸ਼ ਸੰਸਾਰ ਵਿੱਚੋਂ ਕਿਧਰੋਂ ਵੀ ਲੱਭ ਕੇ ਲੈ ਆਉਣ ਉਸਨੂੰ ਕਹਿਣ ਕਿ ਧਰਤੀ ਸੂਰਜ ਦੁਆਲੇ ਚੱਕਰ ਲਾਉਣਾ ਬੰਦ ਕਰ ਦੇਵੇ ਸਗੋਂ ਸੂਰਜ ਧਰਤੀ ਦੁਆਲੇ ਚੱਕਰ ਲਾਉਣਾ ਸ਼ੁਰੂ ਕਰ ਦੇਵੇ। ਕੀ ਇਹ ਹੋ ਜਾਵੇਗਾ? ਜੀ ਨਹੀਂ ਅਸਲ ਵਿੱਚ ਅਜਿਹਾ ਇੱਕ ਵੀ ਵਿਅਕਤੀ ਨਾ ਕਿਧਰੇ ਪੈਦਾ ਹੋਇਆ ਹੈ ਨਾ ਹੀ ਪੈਦਾ ਹੋਵੇਗਾ ਜਿਸਦਾ ਕਿਹਾ ਹਰ ਬੋਲ ਸੱਚ ਹੋਵੇਗਾ। ਬਾਬਾ ਜੀ ਇਸ ਗੱਲ ਦੇ ਨਾਲ ਵੀ ਇਹ ਗੱਲ ਲਿਖਦੇ ਹਨ ਕਿ ਯੋਗੀ ਪੁਰਸ਼ ਕਦੇ ਵੀ ਅਸੰਭਵ, ਹਾਨੀਕਾਰਕ ਤੇ ਆਯੁਕਤ ਬਾਣੀ ਨਹੀਂ ਬੋਲਦੇ ਹਨ। ਬਾਬਾ ਜੀ ਜੇ ਤੁਸੀਂ ਕੋਈ ਅਜਿਹਾ ਵਿਅਕਤੀ ਲੱਭ ਕੇ ਉਸਤੋਂ ਬੁਲਾ ਦੇਵੋ ਕਿ ਭਾਰਤ ਵਿੱਚੋਂ ਬੇਰੁਜ਼ਗਾਰੀ ਤੇ ਅਣਪੜ੍ਹਤਾ ਛੇ ਮਹੀਨੇ ਦੇ ਅੰਦਰ-ਅੰਦਰ ਖ਼ਤਮ ਹੋ ਜਾਵੇ, ਕੀ ਇਹ ਖ਼ਤਮ ਹੋ ਜਾਵੇਗੀ। ਨਹੀਂ, ਇਹ ਗੱਲਾਂ ਤਾਂ ਉਦੋਂ ਸੰਭਵ ਹੋਣਗੀਆਂ ਜਦੋਂ ਇੱਥੇ ਲੋਕ ਹਿੱਤੂ ਚੰਗੇ ਵਿਅਕਤੀਆਂ ਦੀ ਟੀਮ ਇਸ ਦੇਸ਼ ਦੀ ਸਤ੍ਹਾ ਤੇ ਕਾਬਜ਼ ਹੋਵੇਗੀ।
ਬਾਬਾ ਰਾਮ ਦੇਵ : ਜੇਕਰ ਸੰਸਾਰ ਦੇ ਲੋਕ ਅਸਲ ਵਿੱਚ ਇਸ ਗੱਲ ਲਈ ਗੰਭੀਰ ਨੇ ਕਿ ਸੰਸਾਰ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਤਾਂ ਇਸਦਾ ਇੱਕੋ ਇੱਕ ਹੱਲ ਹੈ ਅਸਟਾਂਗ ਯੋਗ ਦੀ ਪਾਲਣਾ। ਅਸਟਾਂਗ ਯੋਗ ਨਾਲ ਹੀ ਸਰੀਰਕ ਸਿਹਤ, ਦਿਮਾਗ਼ੀ ਚੇਤਨਾ, ਮਾਨਸਿਕ ਸ਼ਾਂਤੀ ਅਤੇ ਆਤਮਿਕ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ।
ਆਉ ਵੇਖੀਏ ਕਿ ਇਹ ਅਸਟਾਂਗ ਯੋਗ ਤੋਂ ਬਾਬਾ ਜੀ ਦਾ ਕੀ ਭਾਵ ਹੈ, ਅਸਟਾਂਗ ਦਾ ਮਤਲਬ ਹੈ ਅੱਠ ਅੰਗ।
1. ਮਨ ਅਤੇ ਸਰੀਰ ਦੀਆਂ ਇੰਦਰੀਆਂ ਨੂੰ ਹਿੰਸਕ ਕਾਰਵਾਈਆਂ ਤੋਂ ਹਟਾ ਕੇ ਆਤਮਿਕ ਕੇਂਦਰ ਕਰਨਾ
2. ਆਤਮਾ ਦੀ ਸ਼ੁੱਧੀ ਕਰਨਾ, ਸੰਤੋਸ਼, ਤਪ, ਸ਼ਕਤੀ
3. ਆਸਣ ਲਗਾਉਣਾ
4. ਪ੍ਰਾਣ ਯਾਮ ਕਰਨਾ
5. ਇੰਦਰੀਆਂ ਨੂੰ ਅੰਤਰਮੁਖੀ ਕਰਨਾ
6. ਮਨ ਨੂੰ ਇਕਾਗਰ ਕਰਨਾ
7. ਧਿਆਨ ਲਾਉਣਾ
8. ਸਮਾਧੀ ਲਾਉਣੀ ਯੋਗ ਸਾਧਨਾ ਸਫ਼ਾ 9
ਬਾਬਾ ਜੀ ਸਮਝਦੇ ਹਨ ਕਿ ਜੇ ਸੰਸਾਰ ਦੇ ਸਾਰੇ ਵਿਅਕਤੀ ਉਪਰੋਕਤ ਅੱਠ ਨਿਯਮਾਂ ਦਾ ਪਾਲਣ ਕਰਨ ਤਾਂ ਪੂਰੇ ਸੰਸਾਰ ਵਿੱਚ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ।
ਹੁਣ ਆਓ ਵੇਖੀਏ ਕਿ ਸੰਸਾਰ ਵਿੱਚ ਇਸ ਤਰ੍ਹਾਂ ਕਰਨ ਨਾਲ ਸ਼ਾਂਤੀ ਸਥਾਪਤ ਕੀਤੀ ਜਾ ਸਕਦੀ ਹੈ?
ਜਿਵੇਂ ਦੁਨੀਆਂ ਦੇ ਲੋਕ ਜਾਣਦੇ ਹਨ ਕਿ ਸਮੁੱਚਾ ਮਨੁੱਖੀ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਇੱਕ ਜਮਾਤ ਉਹਨਾਂ ਅਮੀਰ ਲੋਕਾਂ ਦੀ ਹੈ ਜੋ ਦੂਸਰਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਕਰਦੇ ਹਨ। ਦੂਸਰੀ ਜਮਾਤ ਉਹਨਾਂ ਲੋਕਾਂ ਦੀ ਹੈ ਜੋ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਜਿੰਨਾ ਚਿਰ ਦੁਨੀਆਂ ਵਿੱਚ ਚੋਰ ਵੰਡ ਰਹੇਗੀ ਕੀ ਇੱਥੇ ਸ਼ਾਂਤੀ ਸੰਭਵ ਹੈ। ਬਾਬਾ ਜੀ ਦੇ ਉਪਰੋਕਤ ਨਿਯਮਾਂ ਦੀ ਪਾਲਣਾ ਨਾਲ ਅਮੀਰਾਂ ਨੇ ਆਪਣਾ ਧੰਨ ਦੌਲਤ ਗ਼ਰੀਬਾਂ ਵਿੱਚ ਵੰਡਣਾ ਨਹੀਂ ਹੈ। ਇਸ ਲਈ ਜਿੰਨਾ ਚਿਰ ਅਮੀਰਾਂ ਗ਼ਰੀਬਾਂ ਦੀ ਦੌਲਤ ਵਿੱਚ ਇਹ ਵੱਡਾ ਪਾੜਾ ਕਾਇਮ ਰਹੇਗਾ ਉਨਾ ਚਿਰ ਇੱਥੇ ਕਿਸੇ ਕਿਸਮ ਦੀ ਸ਼ਾਂਤੀ ਸਥਾਪਤ ਹੋਣਾ ਅਸੰਭਵ ਹੋਵੇਗਾ। ਇਹ ਸ਼ਾਂਤੀ ਉਸ ਸਮੇਂ ਹੀ ਸੰਭਵ ਹੋਵੇਗੀ ਜਦੋਂ ਇੱਥੇ ਗ਼ਰੀਬਾਂ ਤੇ ਅਮੀਰਾਂ ਵਿੱਚ ਇਹ ਪਾੜਾ ਖ਼ਤਮ ਹੋਵੇਗਾ। ਇਹ ਪਾੜਾ ਉਨਾ ਚਿਰ ਖ਼ਤਮ ਨਹੀਂ ਹੋਵੇਗਾ ਜਿੰਨਾ ਚਿਰ ਇੱਥੇ ਰਾਜ ਸੱਤਾ ਵਿੱਚ ਅਜਿਹੇ ਲੋਕ ਨਹੀਂ ਆਉਣਗੇ ਜੋ ਕਾਨੂੰਨ ਰਾਹੀਂ ਅਮੀਰਾਂ ਦੀ ਧੰਨ ਦੌਲਤ ਤੇ ਰਾਜ ਸੱਤਾ ਦਾ ਕਬਜ਼ਾ ਨਹੀਂ ਕਰਨਗੇ। ਸੋ ਦੌਲਤ ਦੀ ਕਾਣੀ ਵੰਡ ਹੀ ਅਸ਼ਾਂਤੀ ਦਾ ਕਾਰਨ ਹੈ। ਇਹ ਕਾਣੀ ਵੰਡ ਸ਼ਾਂਤੀ ਨਾਲ ਹੀ ਖ਼ਤਮ ਕੀਤੀ ਜਾਣੀ ਸੰਭਵ ਨਹੀਂ, ਕਿਉਕਿ ਅੱਜ ਕੱਲ੍ਹ ਧੰਨ ਦੌਲਤ ਤੇ ਕਾਬਜ਼ ਆਪਣੇ ਧੰਨ ਦੌਲਤ ਰਾਹੀਂ ਹੀ ਸਤ੍ਹਾ ਤੇ ਕਾਬਜ਼ ਹਨ। ਦੌਲਤ ਹੀਣ ਵਿਅਕਤੀਆਂ ਦਾ ਅੱਜ ਦੇ ਨੋਟਾਂ ਤੇ ਨਸ਼ੇ ਵੰਡਣ ਦੇ ਦੌਰ ਵਿੱਚ ਸ਼ਾਂਤੀ ਨਾਲ ਸਤ੍ਹਾ ਤੇ ਕਾਬਜ਼ ਹੋਣਾ ਸੰਭਵ ਨਹੀਂ।
ਬਾਬਾ ਰਾਮ ਦੇਵ : ਭੋਜਨ ਕਰਨ ਸਮੇਂ ਗੱਲਬਾਤ ਕਰਨ ਨਾਲ ਭੋਜਨ ਚੰਗੀ ਤਰ੍ਹਾਂ ਚਿੱਥਿਆ ਨਹੀਂ ਜਾਂਦਾ। ਇਸ ਲਈ ਭੋਜਨ ਕਰਦੇ ਸਮੇਂ ਚੁੱਪ ਰਹਿਕੇ ਭਗਵਾਨ ਦਾ ਨਾਮ ਜਪਦੇ ਹੋਏ ਚਿੱਥ-ਚਿੱਥ ਕੇ ਭੋਜਨ ਕਰਨਾ ਚਾਹੀਦਾ ਹੈ।
ਮੈਂ ਬਾਬਾ ਜੀ ਦੀ ਇਸ ਗੱਲ ਨਾਲ ਤਾਂ ਸਹਿਮਤ ਹਾਂ ਕਿ ਭੋਜਨ ਚੰਗੀ ਤਰ੍ਹਾਂ ਚਿੱਥ-ਚਿੱਥ ਕੇ ਕਰਨਾ ਚਾਹੀਦਾ ਹੈ। ਪਰ ਉਹਨਾਂ ਦੀ ਇਸ ਗੱਲ ਨਾਲ ਬਿਲਕੁੱਲ ਵੀ ਸਹਿਮਤ ਨਹੀਂ ਹਾਂ ਕਿ ਭੋਜਨ ਕਰਨ ਸਮੇਂ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਕੀ ਕਿਸੇ ਸ਼ਬਦ ਨੂੰ ਵਾਰ-ਵਾਰ ਦੁਹਰਾਉਣ ਨਾਲ ਸ਼ਬਦ ਦੁਹਰਾਉਣ ਵਾਲੇ ਵਿਅਕਤੀ ਦੀ ਸਿਹਤ ਵਧੀਆ ਹੋ ਜਾਂਦੀ ਹੈ ਜਾਂ ਜਿਸ ਸ਼ਬਦ ਦਾ ਵਾਰ-ਵਾਰ ਦੁਹਰਾਓ ਕੀਤਾ ਜਾਂਦਾ ਹੈ ਕੀ ਉਸਦੀ ਸਿਹਤ ਨੂੰ ਕੋਈ ਫ਼ਰਕ ਪਵੇਗਾ? ਇਹ ਗੱਲ ਹਰੇਕ ਵਿਅਕਤੀ ਨੂੰ ਵਿਚਾਰਨੀ ਚਾਹੀਦੀ ਹੈ ਕਿ ਸ਼ਬਦਾਂ ਦੇ ਵਾਰ-ਵਾਰ ਦੁਹਰਾਓ ਬੇਅਰਥ ਹਨ। ਹਾਂ ਜੇ ਕਿਸੇ ਵਿਅਕਤੀ, ਦੇਵਤੇ ਜਾਂ ਭਗਵਾਨ ਵਿਚ ਤੁਹਾਡਾ ਵਿਸ਼ਵਾਸ ਹੈ ਤਾਂ ਉਸ ਦੁਆਰਾ ਦੱਸੀਆਂ ਗਈਆਂ ਚੰਗੀਆਂ ਗੱਲਾਂ ਨੂੰ ਜੇ ਅਮਲ ਵਿਚ ਲਿਆਂਦਾ ਜਾਵੇ ਤਾਂ ਇਹ ਜ਼ਰੂਰ ਹੀ ਇਸ ਗੱਲ ਨਾਲੋਂ ਵੱਧ ਲਾਭਦਾਇਕ ਹੋਵੇਗਾ। ਜੇ ਪੂਰਾ ਪ੍ਰੀਵਾਰ ਜਾਂ ਕਈ ਦੋਸਤ ਮਿੱਤਰ ਭੋਜਨ ਕਰਦੇ ਸਮੇਂ ਬੈਠ ਕੇ ਗੱਲਬਾਤ ਵੀ ਕਰ ਲੈਂਦੇ ਹਨ ਤਾਂ ਇਸ ਵਿਚ ਵੀ ਕੋਈ ਹਰਜ ਨਹੀਂ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜਦੋਂ ਮੈਨੂੰ ਇੱਕ ਦਾਅਵਤ ਤੇ ਬੁਲਾਇਆ ਗਿਆ ਤਾਂ ਮੇਰਾ ਦੁਭਾਸੀਆ ਮੈਨੂੰ ਕਹਿਣ ਲੱਗਿਆ ਕਿ ਤੁਸੀਂ ਇਹ ਭੋਜਨ ਹੌਲੀ-ਹੌਲੀ ਕਰਨਾ ਕਿਉਕਿ ਇੱਥੇ ਦਾਅਵਤਾਂ ਤਾਂ ਗੱਲਬਾਤ ਕਰਨ ਲਈ ਹੀ ਕੀਤੀਆਂ ਜਾਂਦੀਆਂ ਹਨ। ਮੈਨੂੰ ਯਾਦ ਹੈ ਅਸੀਂ ਉਹ ਭੋਜਨ ਦੋ ਘੰਟਿਆਂ ਵਿੱਚ ਖ਼ਤਮ ਕੀਤਾ ਸੀ।
ਬਾਬਾ ਰਾਮ ਦੇਵ : ਦੌਲਤ ਉਹਨਾਂ ਦੇ ਅੱਗੇ ਪਿੱਛੇ ਭੱਜਦੀ ਹੈ ਜਿਹੜੇ ਉਸਨੂੰ ਤਿਆਗ ਦਿੰਦੇ ਹਨ। ਯੋਗੀ ਮਹਾਂ ਪੁਰਸ਼ਾਂ ਦੀ ਸਥਿਤੀ ਵੀ ਅਜਿਹੀ ਹੀ ਹੁੰਦੀ ਹੈ। ਉਹ ਲੋਭੀ ਨਹੀਂ ਹੁੰਦੇ। ਦੁਨੀਆਂ ਦੇ ਦਾਨੀ ਲੋਕ ਉਨ੍ਹਾਂ ਦੇ ਚਰਨਾਂ ਵਿੱਚ ਹਰ ਕਿਸਮ ਦੇ ਹੀਰੇ, ਜਵਾਹਰਾਤ ਢੇਰੀ ਕਰ ਦਿੰਦੇ ਹਨ ਅਤੇ ਉਹ ਯੋਗੀ ਪੁਰਸ਼ ਵੀ ਆਪਣਾ ਸਾਰਾ ਕੁਝ ਮਾਨਵਤਾ ਦੇ ਹਿੱਤ ਵਿੱਚ ਅਰਪਣ ਕਰ ਦਿੰਦੇ ਹਨ।
ਆਪਣੀ ਸੁਰਤ ਸੰਭਾਲਣ ਤੋਂ ਪਿੱਛੋਂ ਮੈਂ ਭਾਰਤ ਦੇ ਯੋਗੀ ਪੁਰਸ਼ਾਂ ਨੂੰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ ਵੇਖਿਆ ਹੈ। ਲੋਕਾਂ ਵੱਲੋਂ ਦਾਨ ਵਿੱਚ ਦਿੱਤੇ ਗਏ ਪੈਸੇ ਦਾ ਇਸਤੇਮਾਲ ਆਪਣੀਆਂ ਸੁੱਖ ਸਹੂਲਤਾਂ ਲਈ ਕਰਦੇ ਵੇਖਿਆ ਹੈ। ਬਾਬਾ ਰਾਮਦੇਵ ਜੀ ਵੀ ਕੈਸਟਾਂ, ਸੀਡੀਆਂ, ਦਵਾਈਆਂ ਅਤੇ ਕਿਤਾਬਾਂ ਲਾਗਤ ਮੁੱਲ ਤੋਂ ਚਾਰ ਪੰਜ ਗੁਣਾ ਵੱਧ ਕੀਮਤ ਤੇ ਵੇਚ ਰਹੇ ਹਨ। ਮੈਨੂੰ ਤਾਂ ਉਹਨਾਂ ਦੀ ਇਹ ਗੱਲ ਉਪਰੋਕਤ ਗੱਲ ਦਾ ਵਿਰੋਧ ਕਰਦੀ ਹੀ ਨਜ਼ਰ ਆਉਦੀ ਹੈ। ਜੇ ਅਜਿਹਾ ਨਹੀਂ ਹੈ ਤਾਂ ਬਾਬਾ ਜੀ ਨੂੰ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਘੱਟੋ-ਘੱਟ ਦਵਾਈਆਂ, ਕਿਤਾਬਾਂ ਤੇ ਸੀਡੀਆਂ ਲਾਗਤ ਮੁੱਲ ਤੇ ਵੇਚਣੀਆਂ ਚਾਹੀਦੀਆਂ ਹਨ।
ਬਾਬਾ ਰਾਮ ਦੇਵ : ਭਗਵਾਨ ਨੇ ਭਰਵੱਟੇ, ਅੱਖ, ਕੰਨ, ਨੱਕ, ਦਿਲ ਅਤੇ ਛਾਤੀ ਆਦਿ ਸਾਰੇ ਅੰਗਾਂ ਦੀ ਸ਼ਕਲ ਓਂਕਾਰ ਵਰਗੀ ਬਣਾਈ ਹੈ।
ਜੇ ਕੋਈ ਸਿੱਖ ਬੱਦਲਾਂ ਵੱਲ ਧਿਆਨ ਨਾਲ ਵੇਖੇ ਤਾਂ ਉਸਨੂੰ ਉਹਨਾਂ ਵਿੱਚੋਂ ਖੰਡਾ ਨਜ਼ਰ ਆਉਣ ਲੱਗ ਪਵੇਗਾ, ਜੇ ਕੋਈ ਹਿੰਦੂ ਉਹਨਾਂ ਹੀ ਬੱਦਲਾਂ ਨੂੰ ਧਿਆਨ ਨਾਲ ਦੇਖਣ ਲੱਗ ਪਵੇ ਤਾਂ ਓਂਕਾਰ ਨਜ਼ਰ ਆਉਣ ਲੱਗ ਪਵੇਗਾ ਤੇ ਈਸਾਈਆਂ ਨੂੰ ਉਸ ਵਿੱਚ ਈਸਾ ਮਸੀਹ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣਗੇ ਤੇ ਮੁਸਲਮਾਨਾਂ ਨੂੰ ਅੱਲ੍ਹਾ ਵਿਖਾਈ ਦੇਣਾ ਸ਼ੁਰੂ ਕਰ ਦੇਵੇਗਾ। ਅਸਲ ਵਿੱਚ ਇਹ ਸਾਰੇ ਮਨੋਭਰਮ ਹੁੰਦੇ ਹਨ। ਹਰ ਧਰਮ ਦਾ ਪੈਰੋਕਾਰ ਆਪਣੇ ਧਰਮ ਨੂੰ ਦੂਜਿਆਂ ਦੇ ਧਰਮ ਨਾਲੋਂ ਵੱਡਾ ਅਤੇ ਅਲੋਕਾਰੀ ਸ਼ਕਤੀਆਂ ਦਾ ਮਾਲਕ ਸਿੱਧ ਕਰਨਾ ਚਾਹੁੰਦਾ ਹੈ। ਮਨੁੱਖੀ ਅੰਗਾਂ ਵਿੱਚੋਂ ਕਿਸੇ ਇੱਕ ਦੀ ਵੀ ਸ਼ਕਲ ਓਂਕਾਰ ਵਰਗੀ ਨਹੀਂ ਹੁੰਦੀ ਪਰ ਓਂਕਾਰ ਦੀ ਸ਼ਕਲ ਇਹਨਾਂ ਵਰਗੀ ਜ਼ਰੂਰ ਬਣਾਈ ਜਾ ਸਕਦੀ ਹੈ। ਜਿਵੇਂ ਵਿਆਹਾਂ ਦੇ ਕਾਰਡਾਂ ਤੇ ਗਣੇਸ਼ ਜੀ ਦੀ ਸ਼ਕਲ ਨੂੰ ਬਣਾਉਣ ਦੇ ਢੰਗ ਹਜ਼ਾਰਾਂ ਹੀ ਨਹੀਂ ਲੱਖਾਂ ਹਨ।
ਬਾਬਾ ਰਾਮ ਦੇਵ : ਸਮੁੱਚੇ ਬ੍ਰਹਿਮੰਡ ਨੂੰ ਓਂਕਾਰ ਨਾਂ ਦੀ ਗੈਬੀ ਸ਼ਕਤੀ ਚਲਾ ਰਹੀ ਹੈ। ਬ੍ਰਹਮਾ ਜੋ ਨੰਗੀ ਅੱਖ ਨਾਲ ਵਿਖਾਈ ਨਹੀਂ ਦਿੰਦਾ ਉਹ ਆਪਣੀ ਗ਼ੈਬੀ ਸ਼ਕਤੀ ਨਾਲ ਇਸ ਬ੍ਰਹਿਮੰਡ ਦਾ ਸੰਚਾਲਨ ਕਰ ਰਿਹਾ ਹੈ।
ਓਂਕਾਰ ਦਾ ਬ੍ਰਹਿਮੰਡ ਨੂੰ ਚਲਾਉਣ ਵਿੱਚ ਕੋਈ ਹੱਥ ਨਹੀਂ ਹੈ ਸਗੋਂ ਸੰਸਾਰ ਵਿੱਚ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕੁਦਰਤ ਦਾ ਨਿਯਮ ਜ਼ਰੂਰ ਹੁੰਦਾ ਹੈ। ਇਹਨਾਂ ਕੁਦਰਤੀ ਨਿਯਮਾਂ ਨੂੰ ਬਣਾਉਣ ਵਾਲੀ ਕੋਈ ਸ਼ਕਤੀ ਨਹੀਂ ਸੀ ਅਤੇ ਨਾ ਹੀ ਕੋਈ ਅਜਿਹੀ ਸ਼ਕਤੀ ਹੈ ਜਿਹੜੀ ਇਹਨਾਂ ਨਿਯਮਾਂ ਨੂੰ ਖ਼ਤਮ ਕਰ ਸਕੇ। ਕੁਦਰਤੀ ਨਿਯਮ ਸਦੀਵੀ ਸੱਚ ਹੁੰਦੇ ਹਨ ਜਿਹੜੇ ਸਮੇਂ ਤੇ ਸਥਾਨਾਂ ਤੇ ਨਿਰਭਰ ਨਹੀਂ ਕਰਦੇ। ਜਿਹੜੇ ਨਿਯਮ ਧਰਤੀ ਤੇ ਠੀਕ ਸਿੱਧ ਹੁੰਦੇ ਹਨ ਉਹ ਚੰਦਰਮਾ, ਗ੍ਰਹਿਆਂ ਅਤੇ ਤਾਰਿਆਂ ਤੇ ਵੀ ਸਹੀ ਹੋਣਗੇ। ਜੇ ਅੱਜ ਧਰਤੀ ਤੇ ਲੱਗੇ ਦਰੱਖ਼ਤ ਦੇ ਫਲ ਟੁੱਟ ਕੇ ਧਰਤੀ ਦੇ ਕੇਂਦਰ ਵੱਲ ਨੂੰ ਡਿੱਗਦੇ ਹਨ ਤਾਂ ਅੱਜ ਤੋਂ ਦਸ ਹਜ਼ਾਰਾਂ ਸਾਲ ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ। ਆਕਸੀਜਨ ਦੀ ਅਣਹੋਂਦ ਕਰਕੇ ਬੇਸ਼ੱਕ ਚੰਦਰਮਾ ਤੇ ਦਰੱਖ਼ਤ ਨਹੀਂ ਹਨ ਪਰ ਜੇ ਉੱਥੇ ਵੀ ਅਜਿਹਾ ਹੁੰਦਾ ਤਾਂ ਫਲ ਟੁੱਟ ਜਾਣ ਤੇ ਚੰਦਰਮਾ ਦੇ ਕੇਂਦਰ ਵੱਲ ਨੂੰ ਹੀ ਖਿੱਚੇ ਜਾਣੇ ਸਨ। ਪ੍ਰਾਿਤਕ ਨਿਯਮਾਂ ਨੂੰ ਵਿਗਿਆਨਕਾਂ ਨੇ ਬਣਾਇਆ ਨਹੀਂ ਸਗੋਂ ਖੋਜਿਆ ਹੈ। ਨਿਊਟਨ ਦਾ ਗੁਰੂਤਾ ਆਕਰਸ਼ਨ ਦਾ ਨਿਯਮ ਉਸ ਸਮੇਂ ਵੀ ਠੀਕ ਸੀ ਜਦੋਂ ਨਿਊਟਨ ਅਜੇ ਪੈਦਾ ਵੀ ਨਹੀਂ ਸੀ ਹੋਇਆ।
ਜੀਵਨ ਚੱਕਰ
ਵਿਗਿਆਨ ਨੂੰ ਸਮਝਣ ਲਈ ਇੱਕ ਹੋਰ ਨਿਯਮ ਦੀ ਸਮਝ ਵੀ ਅਤਿ ਜ਼ਰੂਰੀ ਹੈ। ਬ੍ਰਹਿਮੰਡ ਵਿੱਚ ਉਪਲੱਬਧ ਹਰੇਕ ਜੀਵਤ ਅਤੇ ਮੁਰਦਾ ਵਸਤੂ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਸੁਖ਼ਾਲੀ ਭਾਸ਼ਾ ਵਿੱਚ ਅਸੀਂ ਇਸ ਨੂੰ ਜੀਵਨ ਚੱਕਰ ਕਹਿ ਸਕਦੇ ਹਾਂ। ਸਾਰੇ ਸੰਸਾਰ ਵਿੱਚ ਇੱਕ ਵੀ ਅਜਿਹਾ ਪਦਾਰਥ ਨਹੀਂ ਹੈ ਜਿਸਦਾ ਜਨਮ ਅਤੇ ਮੌਤ ਨਾ ਹੋਵੇ। ਇਹ ਜੀਵਨ ਚੱਕਰ ਸੈਕਿੰਡ ਤੋਂ ਘੱਟ ਹੋ ਸਕਦਾ ਹੈ ਅਤੇ ਖ਼ਰਬਾਂ ਵਰ੍ਹਿਆਂ ਤੋਂ ਵੱਧ ਵੀ। ਉਦਾਹਰਣ ਲਈ ਮੱਛਰ ਕੁਝ ਦਿਨਾਂ ਵਿੱਚ ਹੀ ਜਨਮ, ਜੁਆਨੀ, ਸੰਤਾਨ ਉਤਪਤੀ ਅਤੇ ਬੁਢਾਪੇ ਦਾ ਚੱਕਰ ਪੂਰਾ ਕਰ ਲੈਂਦਾ ਹੈ। ਅਸੀਂ ਮਨੁੱਖ ਲੱਗਭੱਗ ਅੱਸੀ ਸਾਲ ਵਿੱਚ ਇਹ ਚੱਕਰ ਖ਼ਤਮ ਕਰ ਲਵਾਂਗੇ। ਆਪਣੇ ਮਾਤਾ ਪਿਤਾ ਤੋਂ ਇੱਕ-ਇੱਕ ਸੈੱਲ ਪ੍ਰਾਪਤ ਕਰਕੇ ਅਸੀਂ ਆਪਣਾ ਜੀਵਨ ਚੱਕਰ ਸ਼ੁਰੂ ਕਰਦੇ ਹਾਂ। ਇਸ ਤੋਂ ਬਾਅਦ ਧਰਤੀ ਤੇ ਉੱਗੇ ਪੌਦਿਆਂ ਤੋਂ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਵਰਗੇ ਤੱਤਾਂ ਦੇ ਪ੍ਰਮਾਣੂਆਂ ਤੋਂ ਬਣੇ ਅਣੂ ਪ੍ਰਾਪਤ ਕਰਦੇ ਰਹਿੰਦੇ ਹਾਂ ਜਿਸ ਨਾਲ ਸਾਡੇ ਅੰਦਰ ਸੈੱਲਾਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ। ਲੱਗਭਗ ਚਾਲੀ ਸਾਲ ਦੀ ਉਮਰ ਤੱਕ ਸਾਡੇ ਵਿੱਚ ਜਮ੍ਹਾਂ ਹੋਣ ਵਾਲੇ ਸੈੱਲਾਂ ਦੀ ਗਿਣਤੀ ਛੇ ਖ਼ਰਬ ਤੱਕ ਪੁੱਜ ਜਾਂਦੀ ਹੈ। ਜਿਵੇਂ ਹਰੇਕ ਵਸਤੂ ਦਾ ਜੀਵਨ ਚੱਕਰ ਹੁੰਦਾ ਹੈ ਉਸੇ ਤਰ੍ਹਾਂ ਸੈੱਲਾਂ ਦਾ ਜੀਵਨ ਚੱਕਰ ਵੀ ਕੁਝ ਦਿਨਾਂ ਦਾ ਹੀ ਹੁੰਦਾ ਹੈ। ਪੁਰਾਣੇ ਸੈੱਲ ਮਰਦੇ ਰਹਿੰਦੇ ਹਨ ਅਤੇ ਨਵੇਂ ਪੈਦਾ ਹੁੰਦੇ ਰਹਿੰਦੇ ਹਨ। ਸਮੁੱਚੇ ਰੂਪ ਵਿੱਚ ਸਰੀਰ ਦੇ ਸੈੱਲਾਂ ਦੀ ਗਿਣਤੀ ਚਾਲੀ ਸਾਲ ਦੀ ਉਮਰ ਤੱਕ ਵਧਦੀ ਰਹਿੰਦੀ ਹੈ। ਪਰ ਇਸ ਪਿੱਛੋਂ ਚਾਲੀ ਤੋਂ ਪੰਜਾਹ ਸਾਲ ਦੀ ਉਮਰ ਤੱਕ ਇਹ ਗਿਣਤੀ ਲੱਗਭੱਗ ਸਾਵੀਂ ਰਹਿੰਦੀ ਹੈ। ਇਸ ਤੋਂ ਬਾਅਦ ਇਹ ਘਟਨਾ ਸ਼ੁਰੂ ਹੋ ਜਾਂਦੀ ਹੈ। ਸਰੀਰ ਵਿੱਚ ਰੋਜ਼ਾਨਾ ਪੈਦਾ ਹੋਣ ਵਾਲੇ ਸੈੱਲਾਂ ਦੀ ਗਿਣਤੀ ਮਰਨ ਵਾਲੇ ਸੈੱਲਾਂ ਤੋਂ ਘੱਟ ਜਾਂਦੀ ਹੈ। ਲੱਗਭੱਗ ਅੱਸੀ ਸਾਲ ਦੀ ਉਮਰ ਤੱਕ ਸਰੀਰ ਦੇ ਸੈੱਲਾਂ ਦੀ ਗਿਣਤੀ ਐਨੀ ਘੱਟ ਹੋ ਜਾਂਦੀ ਹੈ ਕਿ ਸਾਡੀ ਕੋਈ ਨਾ ਕੋਈ ਅੰਗ ਪ੍ਰਣਾਲੀ ਕੰਮ ਕਰਨੋਂ ਜਵਾਬ ਦੇ ਜਾਂਦੀ ਹੈ। ਇਸ ਤਰ੍ਹਾਂ ਸਾਡੇ ਜੀਵਨ ਚੱਕਰ ਦਾ ਅੰਤ ਹੋ ਜਾਂਦਾ ਹੈ ਅਤੇ ਧਰਤੀ ਤੋਂ ਪ੍ਰਾਪਤ ਸਾਰੇ ਕਣ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਨੂੰ ਮੁੜ ਜਾਂਦੇ ਹਨ।
ਧਰਤੀ ਤੇ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਵੀ ਇਸੇ ਕਿਸਮ ਦਾ ਜੀਵਨ ਚੱਕਰ ਬਤੀਤ ਕਰਦੀਆਂ ਰਹਿੰਦੀਆਂ ਹਨ। ਉਦਾਹਰਣ ਵਜੋਂ ਜਿਸ ਕੁਰਸੀ ਤੇ ਬੈਠ ਕੇ ਤੁਸੀਂ ਇਹ ਕਿਤਾਬ ਪੜ੍ਹ ਰਹੇ ਹੋ ਉਸ ਦੇ ਬੀਤੇ ਹੋਏ ਸਮੇਂ ਤੇ ਆਉਣ ਵਾਲੇ ਪਲਾਂ ਬਾਰੇ ਤੁਸੀਂ ਕੁਝ ਨਾ ਕੁਝ ਅੰਦਾਜ਼ਾ ਜ਼ਰੂਰ ਲਾ ਸਕਦੇ ਹੋ। ਤੁਹਾਡੀ ਸੋਚ ਦੱਸੇਗੀ ਕਿ ਕਿਸੇ ਸਮੇਂ ਇਹ ਕੁਰਸੀ ਇੱਕ ਦਰੱਖ਼ਤ ਦਾ ਕੋਈ ਅੰਗ ਹੋਵੇਗੀ ਅਤੇ ਉਹ ਦਰੱਖ਼ਤ ਆਪਣੀ ਉਮਰ ਭੋਗ ਕੇ ਸੁੱਕ ਗਿਆ ਹੋਵੇਗਾ ਜਾਂ ਕਿਸੇ ਲੱਕੜ ਹਾਰੇ ਦੀ ਲੋੜ ਬਣ ਗਿਆ ਹੋਵੇਗਾ ਅਤੇ ਕਿਸੇ ਕਾਰੀਗਰ ਨੇ ਇਸਦੀ ਕੁਰਸੀ ਤਿਆਰ ਕਰ ਦਿੱਤੀ ਹੋਵੇਗੀ। ਜਦੋਂ ਇਸਦੇ ਭਵਿੱਖ ਵੱਲ ਨਜ਼ਰ ਮਾਰੋਗੇ ਤਾਂ ਤੁਸੀਂ ਇਸ ਸਿੱਟੇ ਤੇ ਪਹੁੰਚੋਗੇ ਕਿ ਕਿਸੇ ਦਿਨ ਇਹ ਕੁਰਸੀ ਟੁੱਟ ਜਾਵੇਗੀ ਅਤੇ ਕੋਈ ਇਸਨੂੰ ਚੁੱਲ੍ਹੇ ਵਿੱਚ ਬਾਲਣ ਦੇ ਤੌਰ ਤੇ ਵਰਤ ਲਵੇਗਾ। ਇਸ ਤਰ੍ਹਾਂ ਪ੍ਰਾਪਤ ਹੋਇਆ ਗਰਮੀ, ਪਾਣੀ ਤੇ ਕਾਰਬਨ ਡਾਈਆਕਸਾਈਡ ਮੁੜ ਵਾਯੂਮੰਡਲ ਵਿੱਚ ਜਾ ਮਿਲੇਗਾ ਜਿੱਥੇ ਦਰੱਖ਼ਤਾਂ ਨੇ ਮੁੜ ਇਸਦੀ ਖੁਰਾਕ ਬਣਾ ਲੈਣੀ ਹੈ ਅਤੇ ਸਿੱਟੇ ਵਜੋਂ ਧਰਤੀ ਵਿੱਚੋਂ ਨਿਕਲੇ ਅਣੂ ਧਰਤੀ ਵਿੱਚ ਹੀ ਵਾਪਸ ਹੋ ਜਾਣਗੇ।
ਸਮੁੰਦਰ ਵਿੱਚੋਂ ਵਾਸ਼ਪ ਬਣ ਕੇ ਉੱਡਿਆ ਪਾਣੀ ਬੱਦਲ ਬਣ ਕੇ ਪਹਾੜਾਂ ਤੇ ਢੇਰੀ ਹੋ ਜਾਂਦਾ ਹੈ। ਸੈਂਕੜੇ ਮੀਲਾਂ ਦੀ ਦੂਰੀ ਤੈਅ ਕਰਕੇ ਫਿਰ ਨਦੀਆਂ ਨਾਲਿਆਂ ਵਿੱਚੋਂ ਦੀ ਯਾਤਰਾ ਕਰਦਾ ਮੁੜ ਸਮੁੰਦਰ ਵਿਚ ਪ੍ਰਵੇਸ਼ ਕਰ ਜਾਂਦਾ ਹੈ। ਇਸ ਤਰ੍ਹਾਂ ਬ੍ਰਹਿਮੰਡ ਵਿੱਚ ਮਿਲਣ ਵਾਲੇ ਸਾਰੇ ਤਾਰਿਆਂ, ਗ੍ਰਹਿਆਂ ਤੇ ਉਪਗ੍ਰਹਿਆਂ ਦਾ ਜੀਵਨ ਚੱਕਰ ਹੁੰਦਾ ਹੈ। ਭਾਵੇਂ ਇਹ ਜੀਵਨ ਚੱਕਰ ਅਰਬਾਂ ਵਰ੍ਹੇ ਦੇ ਹਨ ਤੇ ਇਸ ਵਿੱਚ ਅਰਬਾਂ ਹੀ ਛੋਟੇ ਵੱਡੇ ਜੀਵਨ ਚੱਕਰ ਹੋਰ ਸ਼ਾਮਿਲ ਹਨ, ਇਹਨਾਂ ਸਾਰਿਆਂ ਦੀ ਚਰਚਾ ਕਰਨੀ ਸਾਡੀ ਸਮਰੱਥਾ ਤੋਂ ਬਾਹਰੀ ਗੱਲ ਹੈ।
ਬਾਬਾ ਰਾਮ ਦੇਵ : ਯੋਗ ਲੱਖਾਂ ਸਾਲ ਪੁਰਾਣੀ ਵਿਦਿਆ ਹੈ। ਮੈਂ ਤਾਂ ਕਹੂੰਗਾ ਕਿ ਸਾਡੀ ਮੰਨਤਾ ਅਨੁਸਾਰ ਇਹ ਸਿ੍ਰਸ਼ਟੀ ਦੋ ਸੌ ਕਰੋੜ ਸਾਲ ਪੁਰਾਣੀ ਹੈ।
ਯੋਗ ਸੰਦੇਸ਼ 8/2008 ਪੇਜ਼ ਨੰ : 27
ਬਾਬਾ ਰਾਮ ਦੇਵ ਜੀ ਤੁਹਾਡੇ ਅੰਕੜੇ ਵਿਗਿਆਨ ਦੇ ਅਨੁਸਾਰ ਬਿਲਕੁੱਲ ਗ਼ਲਤ ਹਨ। ਸ਼ਾਇਦ ਇਹ ਤੁਹਾਡਾ ਮਨੋਭਰਮ ਹੈ ਕਿ ਤੁਸੀਂ ਹਰੇਕ ਨੁਕਤੇ ਤੇ ਸਹੀ ਹੋ। ਅਸਲ ਵਿੱਚ ਅਜਿਹਾ ਨਹੀਂ ਹੰੁਦਾ। ਮੇਰੇ ਸਮੇਤ ਹਰੇਕ ਵਿਅਕਤੀ ਕਿਤੇ ਨਾ ਕਿਤੇ ਗ਼ਲਤ ਹੁੰਦਾ ਹੀ ਹੈ ਤੇ ਇਸ ਨੂੰ ਸਵੀਕਾਰ ਕਰ ਵੀ ਲੈਣਾ ਚਾਹੀਦਾ ਹੈ ਤੇ ਦਰੁਸਤ ਵੀ।
ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਅੱਜ ਤੋਂ ਪੰਦਰਾਂ ਸੌ ਕ੍ਰੋੜ ਵਰ੍ਹੇ ਪਹਿਲਾਂ ਹੋਈ ਸੀ ਲੱਗਭੱਗ ਇਕ ਹਜ਼ਾਰ ਕਰੋੜ ਵਰ੍ਹੇ ਪਹਿਲਾਂ ਸਾਡੀ ਗਲੈਕਸੀ ਮਿਲਕੀ ਵੇ ਹੋਂਦ ਵਿੱਚ ਆਈ ਸੀ। ਚਾਰ ਸੌ ਸੱਠ ਕਰੋੜ ਵਰ੍ਹੇ ਪਹਿਲਾਂ ਸਾਡਾ ਸੂਰਜ ਬਣਿਆ। ਲੱਗਭੱਗ ਇਸ ਸਮੇਂ ਹੀ ਪਿ੍ਰਥਵੀ ਹੋਂਦ ਵਿੱਚ ਆਈ। ਧਰਤੀ ਤੇ ਤਿੰਨ ਸੌ ਚਾਲੀ ਕਰੋੜ ਵਰ੍ਹੇ ਪਹਿਲਾਂ ਇੱਕ ਸੈਲਾ ਜੀਵ ਅਮੀਬਾ ਹੋਂਦ ਵਿੱਚ ਆਇਆ। ਅਮੀਬੇ ਤੋਂ ਕਾਈ ਤੇ ਸਪੰਜ 59 ਕਰੋੜ ਵਰ੍ਹੇ ਪਹਿਲਾਂ ਬਣੇ। ਚਾਲੀ ਕਰੋੜ ਵਰ੍ਹੇ ਪਹਿਲਾਂ ਨੀਲੋਕੈਥ ਨਾਂ ਦੀ ਮੱਛੀ ਹੋਂਦ ਵਿੱਚ ਆਈ। 25 ਕੁ ਕਰੋੜ ਵਰ੍ਹੇ ਪਹਿਲਾਂ ਅਜਿਹਾ ਕੇਕੜਾ ਬਣ ਗਿਆ ਜਿਹੜਾ ਸਮੁੰਦਰ ਦੀ ਬਜਾਏ ਜ਼ਮੀਨ ਤੇ ਰਹਿਣਾ ਸਿੱਖ ਗਿਆ। ਇਸ ਕੇਕੜੇ ਤੋਂ ਸੱਪ, ਕੱਛੂ, ਘੜਿਆਲ, ਮਗਰਮੱਛ, ਡੱਡੂ ਤੇ ਗਿਰਗਿਟ 25 ਕੁ ਕਰੋੜ ਵਰ੍ਹੇ ਪਹਿਲਾਂ ਵਿਕਾਸ ਕਰ ਗਏ। ਇਹਨਾਂ ਤੋਂ ਵਿਕਸਤ ਕਰਕੇ ਹੀ ਅੱਜ ਧਰਤੀ ਤੇ ਰਹਿਣ ਵਾਲੇ ਪਸ਼ੂ, ਪੰਛੀ ਤੇ ਜੀਵ ਬਣੇ ਹਨ ਅੱਜ ਤੋਂ ਤਿੰਨ ਕਰੋੜ ਅੱਸੀ ਲੱਖ ਵਰ੍ਹੇ ਪਹਿਲਾਂ ਬਾਂਦਰ ਲੰਗੂਰ ਤੋਂ ਵਿਕਸਿਤ ਹੋਇਆ। ਇੱਕ ਕਰੋੜ ਸੱਠ ਕੁ ਲੱਖ ਸਾਲ ਪਹਿਲਾਂ ਬਾਂਦਰ ਤੋਂ ਪ੍ਰਾਚੀਨ ਮਨੁੱਖ ਦਾ ਵਿਕਾਸ ਹੋਇਆ। ਸੱਠ ਕੁ ਲੱਖ ਸਾਲ ਪਹਿਲਾਂ ਮਨੁੱਖ ਨੇ ਬੋਲਣਾ ਸਿੱਖ ਲਿਆ। ਲੱਗਭੱਗ 17 ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਨੇ ਖੇਤੀ ਕਰਨੀ ਸਿੱਖ ਲਈ।
ਬਾਬਾ ਰਾਮ ਦੇਵ : ਇਹ ਭੌਤਿਕ ਸਰੀਰ ਪਵਿੱਤਰ ਨਹੀਂ ਹੈ। ਕਿਉਕਿ ਇਹ ਸਰੀਰ ਮਲ ਮੂਤਰ ਤੇ ਯੋਨੀ ਵਿੱਚੋਂ ਪੈਦਾ ਹੁੰਦਾ ਹੈ। ਰੋਮਾਂ ਅਤੇ ਮੂੰਹ ਵਿੱਚੋਂ ਹਮੇਸ਼ਾ ਦੁਰਗੰਧ ਨਿਕਲਦੀ ਹੈ ਤੇ ਮਰਨ ਉਪਰੰਤ ਵੀ ਇਹ ਮੁਸਕ ਮਾਰਨ ਲੱਗਦਾ ਹੈ। ਇਸ ਲਈ ਇਹ ਮਲ ਦਾ ਭੰਡਾਰ ਹੈ। ਪਾਣੀ ਨਾਲ ਵਾਰ ਵਾਰ ਨਹਾਉਣ ਨਾਲ ਵੀ ਇਹ ਪਵਿੱਤਰ ਨਹੀਂ ਹੁੰਦਾ। ਇਸ ਲਈ ਸਰੀਰ ਬਾਰੇ ਇਸ ਤਰ੍ਹਾਂ ਸੋਚ ਕੇ ਮਨੁੱਖ ਦਾ ਸਰੀਰ ਨਾਲ ਮੋਹ ਨਹੀਂ ਰਹਿੰਦਾ। ਇਸ ਲਈ ਉਹ ਪ੍ਰੇਮ ਸਰੀਰ ਨਾਲ ਨਹੀਂ ਆਤਮਾ ਨਾਲ ਕਰਦਾ ਹੈ।
ਬਾਬਾ ਜੀ ਇੱਥੇ ਵੀ ਦੋਹਰੇ ਮਾਪਦੰਡ ਹੀ ਵਰਤਦੇ ਹਨ। ਇੱਕ ਪਾਸੇ ਤਾਂ ਉਹ ਦਵਾਈਆਂ, ਕਸਰਤਾਂ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਿੰਦੇ ਹਨ ਦੂਸਰੇ ਪਾਸੇ ਉਹ ਸਰੀਰ ਨੂੰ ਮਲ ਦਾ ਭੰਡਾਰ ਦੱਸਦੇ ਹਨ। ਗਊ ਦੇ ਪੇਸ਼ਾਬ ਤੇ ਗਊ ਨੂੰ ਉਹ ਪਵਿੱਤਰ ਸਮਝਦੇ ਹਨ ਭਾਵੇਂ ਉਸਦੀ ਪੈਦਾਇਸ਼ ਮਨੱੁਖ ਦੀ ਤਰ੍ਹਾਂ ਹੀ ਮਲ ਮੂਤਰ ਤੇ ਯੋਨੀ ਵਿੱਚੋਂ ਹੁੰਦੀ ਹੈ। ਉਹ ਸਰੀਰ ਨਾਲੋਂ ਆਤਮਾ ਨੂੰ ਤਰਜੀਹ ਦਿੰਦੇ ਹਨ। ਆਤਮਾ ਜਿਸਦੀ ਸਰੀਰ ਵਿੱਚ ਕੋਈ ਹੋਂਦ ਹੀ ਨਹੀਂ ਹੁੰਦੀ ਤੇ ਨਾ ਹੀ ਅੱਜ ਤੱਕ ਕਿਸੇ ਡਾਕਟਰ ਨੂੰ ਕਿਸੇ ਸਰੀਰ ਵਿੱਚੋਂ ਮਿਲੀ ਹੈ। ਭੌਤਿਕ ਵਿਗਿਆਨ ਵਿੱਚ ਅਸੀਂ ਮਾਦਾ ਉਸ ਸ਼ੈਅ ਨੂੰ ਕਹਿੰਦੇ ਹਾਂ ਜਿਸਦਾ ਭਾਰ ਹੁੰਦਾ ਹੈ ਜੋ ਥਾਂ ਘੇਰਦੀ ਹੈ ਤੇ ਜਿਸਦਾ ਗਿਆਨ, ਇੰਦਰੀਆਂ ਰਾਹੀਂ ਹੁੰਦਾ ਹੈ। ਪਰ ਅੱਜ ਤੱਕ ਆਤਮਾ ਦਾ ਭਾਰ, ਰੰਗ ਰੂਪ ਕਿਸੇ ਇੱਕ ਵੀ ਵਿਅਕਤੀ ਨੂੰ ਨਹੀਂ ਮਿਲਿਆ ਤੇ ਨਾ ਹੀ ਕਿਸੇ ਦੀਆਂ ਗਿਆਨ ਇੰਦਰੀਆਂ ਨੇ ਇਸਨੂੰ ਮਹਿਸੂਸ ਕੀਤਾ ਹੈ। ਮੈਂ ਸੈਂਕੜੇ ਅਜਿਹੇ ਵਿਅਕਤੀਆਂ ਨੂੰ ਮਿਲਿਆ ਹਾਂ ਤੇ ਜਾਣਦਾ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦਰਜਨਾਂ ਕੀਮਤੀ ਵਰ੍ਹੇ ਆਤਮਾ ਪ੍ਰਮਾਤਮਾ ਨੂੰ ਲੱਭਦਿਆਂ ਗੁਜ਼ਾਰੇ ਹਨ ਪਰ ਮੈਨੂੰ ਇਨ੍ਹਾਂ ਵਿੱਚੋਂ ਕਿਸੇ ਵੀ ਇੱਕ ਅਜਿਹੇ ਬੰਦੇ ਦੇ ਦਰਸ਼ਨ ਨਹੀਂ ਹੋਏ ਜਿਸਨੂੰ ਆਤਮਾ ਪ੍ਰਮਾਤਮਾ ਮਿਲ ਗਿਆ ਹੋਵੇ। 2004 ਵਿੱਚ ਕੈਨੇਡਾ ਤੇ ਅਮਰੀਕਾ ਵਿੱਚ ਤਰਕਸ਼ੀਲ ਪ੍ਰਚਾਰ ਹੇਤੂ ਕੀਤੀ ਯਾਤਰਾ ਦੌਰਾਨ ਮੈਨੂੰ ਇੱਕ ਵਿਅਕਤੀ ਨੇ ਰੇਡੀਓ ਤੇ ਪੁੱਛਿਆ ਕਿ ਕੀ ਮੈਂ ਪ੍ਰਮਾਤਮਾ ਵਿੱਚ ਵਿਸ਼ਵਾਸ ਕਰਦਾ ਹਾਂ ਮੇਰੇ ਨਾਂਹ ਕਹਿਣ ਤੇ ਉਸਨੇ ਪੁੱਛਿਆ ਕਿ ਮੈਂ ਕਦੇ ਭਗਤੀ ਕੀਤੀ ਹੈ। ਮੇਰੇ ਫਿਰ ਨਾਂਹ ਕਹਿਣ ਤੇ ਉਸਨੇ ਕਿਹਾ ‘‘ਫਿਰ ਤੈਨੂੰ ਪ੍ਰਮਾਤਮਾ ਕਿੱਥੋਂ ਮਿਲਣਾ ਸੀ?’’ ਮੈਂ ਉਸਨੂੰ ਪੁੱਛਿਆ ਕਿ ਤੂੰ ਭਗਤੀ ਕੀਤੀ ਹੈ ਤੇ ਕਿੰਨੀ? ਉਹ ਕਹਿਣ ਲੱਗਿਆ ਮੈਂ ਪਿਛਲੇ ਵੀਹ ਵਰ੍ਹਿਆਂ ਤੋਂ ਭਗਤੀ ਕਰ ਰਿਹਾ ਹਾਂ। ਮੈਂ ਫਿਰ ਪੁੱਛਿਆ ਕਿ ਕੀ ਤੈਨੂੰ ਪ੍ਰਮਾਤਮਾ ਮਿਲ ਗਿਆ ਹੈ ਉਹ ਕਹਿਣ ਲੱਗਿਆ ਕਿ ਨਹੀਂ। ਅੱਗੇ ਗੱਲ ਤੋਰਦੇ ਹੋਏ ਮੈਂ ਉਸਨੂੰ ਫਿਰ ਪੁੱਛਿਆ ਕਿ ਕੀ ਤੈਥੋਂ ਵੱਧ ਵੀ ਕਿਸੇ ਨੇ ਭਗਤੀ ਕੀਤੀ ਹੈ? ਉਹ ਕਹਿਣ ਲੱਗਿਆ ਕਿ ਮੇਰੇ ਗੁਰੂ ਜੀ ਪਿਛਲੇ ਚਾਲੀ ਵਰ੍ਹਿਆਂ ਤੋਂ ਭਗਤੀ ਕਰ ਰਹੇ ਹਨ। ਮੈਂ ਫਿਰ ਪੁੱਛਿਆ ਕਿ ਕੀ ਉਹਨਾਂ ਨੂੰ ਆਤਮਾ ਪ੍ਰਮਾਤਮਾ ਦੇ ਦਰਸ਼ਨ ਹੋ ਗਏ ਹਨ। ਉਹ ਕਹਿਣ ਲੱਗਿਆ ਨਹੀਂ। ਸੋ ਕੀਮਤੀ ਸਮੇਂ ਨੂੰ ਇਸ ਤਰ੍ਹਾਂ ਬਰਬਾਦ ਕਰਨ ਦਾ ਕੀ ਲਾਭ।
ਬਾਬਾ ਰਾਮ ਦੇਵ : ਹਰ ਰੋਜ਼ ਦਿਨ ਵਿੱਚ 2-3 ਵਾਰ 5-5 ਮਿੰਟ ਉਂਗਲੀਆਂ ਦੇ ਨਹੁੰਆਂ ਨੂੰ ਆਪਸ ਵਿੱਚ ਰਗੜਨ ਨਾਲ ਵਾਲ ਝੜਨੇ ਤੇ ਵਾਲਾਂ ਦਾ ਸਫ਼ੈਦ ਹੋਣਾ ਰੁਕ ਜਾਂਦਾ ਹੈ। ਵਾਲ ਕਾਲੇ ਤੇ ਜ਼ਿਆਦਾ ਹੋਣ ਲੱਗ ਜਾਂਦੇ ਹਨ ਅਸੀਂ ਇਸ ਪ੍ਰਯੋਗ ਨਾਲ ਗੰਜਿਆਂ ਦੇ ਵਾਲ ਉਗਦੇ ਵੇਖੇ ਹਨ ਤੇ ਸੱਤਰ ਸਾਲ ਦੀ ਉਮਰ ਦੇ ਬੁੜਿਆਂ ਦੇ ਵਾਲ ਵੀ ਕਾਲੇ ਹੁੰਦੇ ਵੇਖੇ ਹਨ।
ਨਹੁੰਆਂ ਦੇ ਆਪਸ ਵਿੱਚ ਰਗੜਨ ਨਾਲ ਵਾਲਾਂ ਦੇ ਕਾਲੇ ਹੋਣ ਦਾ ਕੀ ਸਬੰਧ ਹੈ। ਨਹੁੰਆਂ ਦੇ ਆਪਸ ਵਿੱਚ ਰਗੜਨ ਨਾਲ ਗੰਜਿਆਂ ਦੇ ਬੰਦ ਹੋਏ ਵਾਲਾਂ ਦੇ ਸੁਰਾਖ ਕਿਵੇਂ ਖੱੁਲ੍ਹ ਜਾਂਦੇ ਹਨ? ਜਾਂ ਉਹ ਰਸ ਜੋ ਵਾਲਾਂ ਨੂੰ ਸਫ਼ੈਦ ਕਰਦਾ ਹੈ ਉਸਦੀ ਸਰੀਰ ਵਿੱਚ ਮੁੜ ਪੈਦਾਇਸ਼ ਹੋਣੀ ਕਿਵੇਂ ਸ਼ੁਰੂ ਹੋ ਜਾਂਦੀ ਹੈ? ਜੇ ਬਾਬਾ ਜੀ ਨੂੰ ਦਸ ਗੰਜੇ ਵਿਅਕਤੀ ਦੇ ਦਿੱਤੇ ਜਾਣ ਜਿਹੜੇ ਬਾਬਾ ਜੀ ਦੀਆਂ ਨਹੁੰਆਂ ਦੀਆਂ ਰਗੜਨ ਦੀ ਕਸਰਤ ਦਿਨ ਵਿੱਚ 2-3 ਵਾਰ 5-5 ਮਿੰਟ ਲਈ ਬਾਬਾ ਜੀ ਦੇ ਕਿਸੇ ਨੁੰਮਾਇਦੇ ਦੀ ਹਾਜ਼ਰੀ ਵਿੱਚ ਕਰਨਗੇ। ਤਾਂ ਕੀ ਬਾਬਾ ਜੀ ਤਿੰਨ ਮਹੀਨੇ ਦੇ ਅੰਦਰ-ਅੰਦਰ ਉਨ੍ਹਾਂ ਦੇ ਵਾਲ ਮੁੜ ਪੈਦਾ ਕਰਨ ਦੀ ਸਾਡੀ ਚਣੌਤੀ ਨੂੰ ਸਵੀਕਾਰ ਕਰਨ ਨੂੰ ਤਿਆਰ ਹਨ। ਜੇ ਉਹ ਤਿਆਰ ਨਹੀਂ ਤਾਂ ਘੱਟੋ-ਘੱਟ ਉਨ੍ਹਾਂ ਨੂੰ ਆਪਣੀ ਕਿਤਾਬ ਵਿਚੋਂ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਪਾਉਣ ਵਾਲੀਆਂ ਅਜਿਹੀਆਂ ਗੱਲਾਂ ਜ਼ਰੂਰ ਕੱਢ ਦੇਣੀਆਂ ਚਾਹੀਦੀਆਂ ਹਨ।
ਬਾਬਾ ਰਾਮਦੇਵ : ਗਊ ਦੇ ਪੇਸ਼ਾਬ ਨੂੰ ਤਾਂਬੇ ਦੇ ਬਰਤਨ ਵਿੱਚ ਪਾਕੇ ਉਸਨੂੰ ਉਬਾਲ ਲਓ। ਜਦੋਂ ਅੱਧੇ ਤੋਂ ਘੱਟ ਰਹਿ ਜਾਏ ਤਾਂ ਉਸਨੂੰ ਛਾਣ ਕੇ ਸ਼ੀਸ਼ੀ ਭਰਕੇ ਰੱਖ ਲਵੋ। ਇਸਦੀ ਇੱਕ ਜਾਂ ਦੋ ਬੂੰਦਾਂ ਸਵੇਰੇ ਸ਼ਾਮ ਅੱਖ ਵਿੱਚ ਪਾਉਣ ਨਾਲ ਅੱਖਾਂ ਦੇ ਸਾਰੇ ਰੋਗਾਂ ਵਿੱਚ ਲਾਭ ਹੁੰਦਾ ਹੈ।
ਔਸਧੀ ਦਰਸ਼ਨ ਸਫ਼ਾ 56
ਇਸ ਸੁਆਲ ਦਾ ਇਹ ਵਿਸ਼ਾ ਤਾਂ ਘੋਖ ਪੜਤਾਲ ਦੀ ਮੰਗ ਕਰਦਾ ਹੈ ਕਿ ਗਊ ਦਾ ਪੇਸ਼ਾਬ ਅੱਖਾਂ ਦੇ ਸਾਰੇ ਰੋਗਾਂ ਵਿੱਚ ਲਾਭਦਾਇਕ ਹੈ ਜਾਂ ਨਹੀਂ। ਪਰ ਬਾਬਾ ਜੀ ਇਸਨੂੰ ਤਾਂਬੇ ਦੇ ਬਰਤਨ ਵਿੱਚ ਹੀ ਉਬਾਲਣ ਤੇ ਕਿਉ ਜ਼ੋਰ ਦਿੰਦੇ ਹਨ। ਕੀ ਤਾਂਬਾ ਵੀ ਅੱਖਾਂ ਦੇ ਰੋਗਾਂ ਲਈ ਲਾਹੇਬੰਦ ਹੈ?
ਬਾਬਾ ਰਾਮ ਦੇਵ : ਅਪਾਮਾਰਗ ਨਾਂ ਦੇ ਪੌਦੇ ਦੀ ਜੜ੍ਹ ਨੂੰ ਚੱਕਰਾਕਾਰ ਵਿੱਚ ਬਣਾ ਕੇ ਨਾਭੀ ਦੇ ਉੱਪਰ ਲਗਾਉਣ ਨਾਲ ਡਲਿਵਰੀ ਨਾਰਮਲ ਹੋ ਜਾਂਦੀ ਹੈ। ਜਦੋਂ ਮਾਂ ਨੂੰ ਪ੍ਰਸਵ ਪੀੜਾ ਸ਼ੁਰੂ ਹੋਵੇ ਤਾਂ ਅਪਾਮਾਰਗ ਦੀ ਰਿੰਗ ਨੂੰ ਨਾਭੀ ਤੇ ਬੰਨਣ ਨਾਲ 5-10 ਮਿੰਟ ਵਿੱਚ ਹੀ ਬੱਚੇ ਦਾ ਜਨਮ ਹੋ ਜਾਂਦਾ ਹੈ।
ਅਪਾਮਾਰਗ ਦੇ ਪੌਦੇ ਦੀ ਜੜ੍ਹ ਦਾ ਚੱਕਰਾਕਾਰ ਘੇਰਾ ਗਰਭਵਤੀ ਦੀ ਨਾਭੀ ਦੇ ਆਲੇ ਦੁਆਲੇ ਲਾਉਣ ਨਾਲ ਜਾਂ ਉਸਦੀ ਰਿੰਗ ਨਾਭੀ ਨਾਲ ਬੰਨ੍ਹਣ ਕਰਕੇ ਬੱਚੇ ਦਾ ਜਨਮ ਕਿਵੇਂ ਛੇਤੀ ਹੋ ਜਾਂਦਾ ਹੈ? ਮੈਨੂੰ ਬਾਬੇ ਦਾ ਇਹ ਕਥਨ ਵੀ ਗ਼ੈਰ ਵਿਗਿਆਨਕ ਹੀ ਨਜ਼ਰ ਆਉਦਾ ਹੈ।

ਬਾਬਾ ਰਾਮ ਦੇਵ ਤੇ ਤਰਕਸ਼ੀਲ ਵਿਚਾਰਧਾਰਾ

 ਮੇਘ ਰਾਜ ਮਿੱਤਰ (+91 98887 87440)
ਬਹੁਤ ਸਾਰੇ ਵਿਅਕਤੀਆਂ ਨੇ ਫ਼ੋimagesਨ ਕਾਲਾਂ ਅਤੇ ਚਿੱਠੀਆਂ ਰਾਹੀਂ ਬਾਬਾ ਰਾਮ ਦੇਵ ਬਾਰੇ ਤਰਕਸ਼ੀਲ ਸੁਸਾਇਟੀ ਦੇ ਵਿਚਾਰਾਂ ਨੂੰ ਜਾਣਨਾ ਚਾਹਿਆ ਹੈ। ਬਾਬਾ ਰਾਮ ਦੇਵ ਨੇ ਭਾਰਤ ਦੇ ਕਾਫ਼ੀ ਵਸਨੀਕਾਂ ਨੂੰ ਕਸਰਤ ਕਰਨ ਦੀ ਇੱਕ ਆਦਤ ਪਾ ਦਿੱਤੀ ਹੈ ਇਹ ਗੱਲ ਪ੍ਰਸੰਸਾਯੋਗ ਹੈ। ਸਵੇਰ ਵੇਲੇ ਜਦੋਂ ਮੈਂ ਕਸਰਤ ਤੇ ਸੈਰ ਲਈ ਪਾਰਕ ਵਿਚ ਜਾਂਦਾ ਹਾਂ ਤਾਂ ਵੇਖਦਾ ਹਾਂ ਕਿ ਬਹੁਤ ਸਾਰੇ ਵਿਅਕਤੀ ਆਪਣੇ ਨੱਕ ਤੇ ਹੱਥ ਰੱਖੀ ਲੰਬੇ-ਲੰਬੇ ਸਾਹ ਲੈ ਰਹੇ ਹੁੰਦੇ ਹਨ ਜਾਂ ਇੱਕ ਦੂਜੇ ਨੂੰ ਵੇਖ ਕੇ ਤਾੜੀਆਂ ਹੀ ਮਾਰਨ ਲੱਗੇ ਹੁੰਦੇ ਹਨ। ਸਰੀਰ ਨੂੰ ਚੜਦੀਆਂ ਕਲਾਵਾਂ ਵਿਚ ਰੱਖਣ ਲਈ ਕਸਰਤ ਦੀ ਭੂਮਿਕਾ ਨੂੰ ਕੋਈ ਵੀ ਵਿਅਕਤੀ ਰੱਦ ਨਹੀਂ ਕਰ ਸਕਦਾ।
ਦੂਸਰੀ ਗੱਲ ਜਿਹੜੀ ਬਾਬਾ ਰਾਮ ਦੇਵ ਦੀ ਪ੍ਰਸੰਸਾਯੋਗ ਹੈ ਉਹ ਹੈ ਭਰਮ, ਵਹਿਮ, ਰਾਸ਼ੀ ਚੱਕਰ, ਜੋਤਿਸ਼ ਅਤੇ ਬਹੁ-ਕੌਮੀ ਕਾਰਪੋਰੇਸ਼ਨ ਦੇ ਵਿਰੁੱਧ ਉਸਦਾ ਪ੍ਰਚਾਰ। ਨਾਲ ਹੀ ਹੋਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜਿਹਨਾਂ ਵਿਚ ਉਸਦੀ ਭੂਮਿਕਾ ਚੰਗੀ ਵੀ ਨਹੀਂ।
ਅੱਜ ਤੋਂ ਕੁਝ ਸਾਲ ਪਹਿਲਾਂ ਭਾਰਤ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਇਸਾਈ ਪ੍ਰਚਾਰਿਕ ਆਉਂਦੇ ਸਨ ਤੇ ਉਹ ਲੋਕਾਂ ਦੀਆਂ ਐਨਕਾਂ, ਫਹੁੜੀਆਂ, ਸੁਣਨ ਵਾਲੀਆਂ ਮਸ਼ੀਨਾਂ ਆਦਿ ਸੁਟਵਾ ਦਿੰਦੇ ਸਨ ਤੇ ਉਹ ਦਾਅਵਾ ਕਰਦੇ ਸਨ ਕਿ ਜਿਹੜੇ ਵੀ ਵਿਅਕਤੀ ਬਾਈਬਲ ਦੇ ਲੜ ਲੱਗ ਗਏ ਉਹਨਾਂ ਵਿੱਚੋਂ ਇਹ ਬੀਮਾਰੀਆਂ ਸਦਾ ਲਈ ਅਲੋਪ ਹੋ ਗਈਆਂ। ਉਹ ਅਜਿਹੇ ਠੀਕ ਹੋਏ ਵਿਅਕਤੀਆਂ ਨੂੰ ਸਟੇਜਾਂ ਤੇ ਲੋਕਾਂ ਸਾਹਮਣੇ ਪੇਸ਼ ਕਰਦੇ। ਪਰ ਜਦੋਂ ਕਿਤੇ ਵੀ ਤਰਕਸ਼ੀਲਾਂ ਨੇ ਉਹਨਾਂ ਦੇ ਦਾਅਵਿਆਂ ਦੀ ਪੜਤਾਲ ਕੀਤੀ ਤਾਂ ਉਹ ਸਭ ਝੂਠੇ ਸਿੱਧ ਹੋਏ। ਇਸ ਲਈ ਤਰਕਸ਼ੀਲਾਂ ਦੀਆਂ ਚਣੌਤੀਆਂ ਸਾਹਮਣੇ ਉਹ ਹਮੇਸ਼ਾ ਹੀ ਪੱਤਰੇ ਵਾਚ ਜਾਂਦੇ। ਬਾਬਾ ਰਾਮ ਦੇਵ ਵੀ ਇਸ ਕਿਸਮ ਦਾ ਹੀ ਇੱਕ ਹਿੰਦੁੂ ਧਰਮ ਦਾ ਪ੍ਰਚਾਰਕ ਹੈ। ਕਿਸੇ ਇੱਕ ਹੀ ਫਿਰਕੇ ਦਾ ਫੱਟਾ ਲਾਕੇ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਨੂੰ ਅਸੀਂ ਦੇਸ਼ ਭਗਤ ਨਹੀਂ ਕਹਿ ਸਕਦੇ। ਕਿਉਂਕਿ ਉਹਨਾਂ ਦੀ ਇਹ ਗੱਲ ਦੇਸ਼ ਦੇ ਸੰਵਿਧਾਨ ਵਿਚ ਦਰਜ ਅਖੰਡਤਾ ਦੀ ਮੱਦ ਦੇ ਹੱਕ ਵਿਚ ਨਹੀਂ ਭੁਗਤਦੀ। ਠੀਕ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੂੰ ਤੁਰੰਤ ਰਾਮ ਦੇਵ ਮੀਡੀਆਂ ਸਾਹਮਣੇ ਪੇਸ਼ ਕਰਕੇ ਲੋਕਾਂ ਵਿੱਚੋਂ ਸਮੂਹ ਬੀਮਾਰੀਆਂ ਯੋਗਾ ਰਾਹੀਂ ਖਤਮ ਕਰਨ ਦਾ ਪ੍ਰਚਾਰ ਕਰਦਾ ਹੈ। ਸਰੀਰ ਵਿਚ ਬਹੁਤੀਆਂ ਅਜਿਹੀਆਂ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੀਆਂ ਬੈਕਟੀਰੀਆ ਜਾਂ ਜੀਵਾਣੂਆਂ ਕਰਕੇ ਹੁੰਦੀਆਂ ਹਨ। ਅਜਿਹੀਆਂ ਬੀਮਾਰੀਆਂ ਨੂੰ ਸਰੀਰ ਵਿੱਚੋਂ ਖਤਮ ਕਰਨ ਲਈ ਦਵਾਈਆਂ ਦੀ ਵਰਤੋਂ ਅਤੀ ਜ਼ਰੂਰੀ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਜੇ ਕਿਸੇ ਵਿਅਕਤੀ ਨੂੰ ਟੀ. ਬੀ. ਹੋ ਗਈ ਹੈ ਤਾਂ ਉਸ ਲਈ ਬੀਮਾਰੀ ਦੇ ਖਾਤਮੇ ਤੱਕ ਦਵਾਈ ਖਾਣੀ ਅਤੀ ਜ਼ਰੂਰੀ ਹੈ। ਟੀ. ਬੀ. ਦੀ ਦਵਾਈ ਵਿਚਕਾਰੋਂ ਛੱਡ ਦੇਣ ਦਾ ਮਤਲਬ ਹੁੰਦਾ ਹੈ ਕਿ ਅਗਲੀ ਵਾਰ ਇਹ ਦਵਾਈ ਉਸ ਤੇ ਅਸਰ ਨਹੀਂ ਕਰੇਗੀ। ਇਸ ਤਰ੍ਹਾਂ ਉਸਦੀ ਬੀਮਾਰੀ ਹੋਰ ਘਾਤਕ ਹੋ ਸਕਦੀ ਹੈ।
ਬਲਬੀਰ ਮੇਰੇ ਸ਼ਹਿਰ ਦਾ ਵਸਨੀਕ ਹੈ। ਇੱਕ ਵਾਰ ਉਸਤੇ ਵੀ ਬਾਬਾ ਰਾਮ ਦੇਵ ਦੀ ਕਸਰਤ ਦਾ ਭੂਤ ਸਵਾਰ ਹੋ ਗਿਆ। ਉਹ ਪਹਿਲਾਂ ਹੀ ਦਿਲ ਦੀ ਬੀਮਾਰੀ ਦਾ ਸ਼ਿਕਾਰ ਸੀ। ਬਾਬੇ ਦੀ ਲੰਬੇ-ਲੰਬੇ ਸਾਹ ਲੈਣ ਦੀ ਕਸਰਤ ਨੇ ਉਸਦਾ ਅਜਿਹਾ ਹਸ਼ਰ ਕੀਤਾ ਕਿ ਲੱਖਾਂ ਰੁਪਏ ਖਰਚ ਕੇ ਬੜੀ ਮੁਸ਼ਕਿਲ ਨਾਲ ਪ੍ਰੀਵਾਰ ਵਾਲੇ ਉਸਦੀ ਜ਼ਿੰਦਗੀ ਨੂੰ ਬਚਾ ਸਕੇ। ਹੁਣ ਉਹ ਸੈਰ ਤਾਂ ਕਰਦਾ ਹੈ ਪਰ ਬਾਬੇ ਦੀਆਂ ਕਸਰਤਾਂ ਤੋਂ ਉਸ ਨੇ ਤੋਬਾ ਕਰ ਲਈ ਹੈ। ਅਜਿਹੇ ਵਿਅਕਤੀ ਨੂੰ ਰਾਮਦੇਵ ਕਦੇ ਵੀ ਮੀਡੀਆ ਅੱਗੇ ਪੇਸ਼ ਨਹੀਂ ਕਰੇਗਾ।
ਬਾਬਾ ਰਾਮਦੇਵ ਯੋਗਾ ਤੇ ਆਯੁਰਵੈਦ ਦੀਆਂ ਸ਼ਕਤੀਆਂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕਰਨ ਦਾ ਆਦੀ ਹੈ। ਕਈ ਵਾਰ ਤਾਂ ਉਹ ਕਹਿੰਦਾ ਹੈ ਕਿ ਮੈਂ ਆਥਣ ਤੱਕ ਪਾਰਕਸਿਨ ਦੀ ਬੀਮਾਰੀ ਨੂੰ ਜੜੋਂ ਖਤਮ ਕਰ ਦਵਾਂਗਾ। ਕਦੇ ਉਹ ਕਹਿੰਦਾ ਹੈ ਕਿ ਯੋਗ ਰਾਹੀਂ ਏਡਜ ਦਾ ਖਾਤਮਾ ਕੀਤਾ ਜਾ ਸਕਦਾ ਹੈ। ਕੈਂਸਰ ਬਾਰੇ ਵੀ ਉਸਦੇ ਦਾਅਵੇ ਅਜਿਹੇ ਹੀ ਹੁੰਦੇ ਹਨ। ਕਦੇ ਉਹ ਕਹਿੰਦਾ ਹੈ ਕਿ ਯੋਗ ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਕੀ ਉਹ ਅਮੀਰਾਂ ਹੱਥੋਂ ਹੋ ਰਹੀ ਗਰੀਬਾਂ ਦੀ ਲੁੱਟ ਨੂੰ ਯੋਗ ਰਾਹੀਂ ਖਤਮ ਕਰ ਸਕਦਾ ਹੈ? ਕੀ ਉਹ ਦੰਗਿਆਂ ਰਾਹੀਂ ਹੋ ਰਹੇ ਕਤਲੇਆਮ ਨੂੰ ਯੋਗ ਰਾਹੀਂ ਰੋਕ ਸਕਦਾ ਹੈ? ਕੀ ਉਹ ਭਾਰਤ ਦੇ ਦਸ ਕਰੋੜ ਬੇਰੁਜ਼ਗਾਰਾਂ ਨੂੰ ਯੋਗਾ ਰਾਹੀਂ ਨੌਕਰੀਆਂ ਦੁਆ ਸਕਦਾ ਹੈ? ਸਾਰੀਆਂ ਸਮੱਸਿਆਵਾਂ ਯੋਗਾ ਰਾਹੀਂ ਹੱਲ ਨਹੀਂ ਹੋ ਸਕਦੀਆਂ ਸਗੋਂ ਚੰਗੀ ਸਿਆਸਤ ਹੀ ਇਹਨਾਂ ਨੂੰ ਹੱਲ ਕਰ ਸਕਦੀ ਹੈ।
ਹਰੇਕ ਵਿਅਕਤੀ ਵਿਚ ਕੁਝ ਗੁਣ ਤੇ ਔਗੁਣ ਹੁੰਦੇ ਹਨ। ਬਾਬਾ ਰਾਮ ਦੇਵ ਜੀ ਵੀ ਕਈ ਵਾਰ ਬਚਕਾਨਾ ਹਰਕਤਾਂ ’ਤੇ ਉੱਤਰ ਆਉਂਦੇ ਹਨ। ਉਹਨਾਂ ਦੀਆਂ ਇਹ ਹਰਕਤਾਂ ਸਮੱੁਚੇ ਅੰਤਰਰਾਸ਼ਟਰੀ ਭਾਈਚਾਰੇ ਦੇ ਵਿਰੁੱਧ ਜਾਂਦੀਆਂ ਹਨ। ਜਿਵੇਂ ਮੀਟ ਜਾਂ ਆਂਡੇ ਖਾਣਾ ਹਰੇਕ ਦੇਸ਼ ਜਾਂ ਧਰਮ ਦੇ ਲੋਕਾਂ ਦਾ ਨਿੱਜੀ ਮਸਲਾ ਹੁੰਦਾ ਹੈ। ਕੇਰਲਾ ਵਿਚ ਰਹਿਣ ਵਾਲੇ ਬ੍ਰਾਹਮਣ ਮੱਛੀ ਖਾਏ ਬਗੈਰ ਸੋਚ ਵੀ ਨਹੀਂ ਸਕਦੇ। ਠੰਡੇ ਮੁਲਕਾਂ ਵਿਚ ਰਹਿਣ ਵਾਲੇ ਲੋਕਾਂ ਦਾ ਗੁਜ਼ਾਰਾਂ ਮੀਟ ਜਾਂ ਆਂਡਿਆਂ ਤੋਂ ਬਿਨਾਂ ਨਹੀਂ ਹੋ ਸਕਦਾ। ਪਰ ਬਾਬਾ ਰਾਮ ਦੇਵ ਜੀ ਜਦੋਂ ਆਂਡਿਆਂ ਨੂੰ ਮੁਰਗੀ ਦੀ ਪੋਟੀ ਕਹਿੰਦੇ ਹਨ ਤਾਂ ਇਹਨਾਂ ਚੀਜ਼ਾਂ ਨੂੰ ਖਾਣ ਵਾਲੇ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ।
ਬਾਬਾ ਜੀ ਖੁਦ ਅੱਠ ਪੜ੍ਹੇ ਹੋਏ ਹੀ ਹਨ। ਇਸ ਲਈ ਬਹੁਤ ਸਾਰੇ ਖੇਤਰਾਂ ਵਿਚ ਉਹਨਾਂ ਦੀ ਆਪਣੀ ਜਾਣਕਾਰੀ ਬਹੁਤ ਥੋੜ੍ਹੀ ਹੈ। ਗਿਆਨ ਕਿਸੇ ਦਾ ਵੀ ਘੱਟ ਹੋ ਸਕਦਾ ਹੈ। ਪਰ ਜੇ ਘੱਟ ਗਿਆਨ ਵਾਲਾ ਵਿਅਕਤੀ ਸਰਬਗਿਆਤਾਂ ਕਹਾਉਣ ਲੱਗ ਪਏ ਤਾਂ ਕਈ ਵਾਰ ਉਸਦੀਆਂ ਗੱਲਾਂ ਤੇ ਹਾਸਾ ਵੀ ਆਉਂਦਾ ਹੈ। ਜਿਵੇਂ ਬਾਬਾ ਰਾਮ ਦੇਵ ਆਸਥਾ ਚੈਨਲ ਤੇ 12 ਨਵੰਬਰ 2007 ਨੂੰ ਆਪਣੇ ਭਾਸ਼ਣ ਵਿਚ ਕਹਿ ਰਿਹਾ ਸੀ ਕਿ ਵਿਗਿਆਨਿਕਾਂ ਨੂੰ ਇਹ ਪਤਾ ਨਹੀਂ ਕਿ ਪਹਿਲਾ ਮੁਰਗੀ ਆਈ ਜਾਂ ਆਂਡਾ? ਵਿਗਿਆਨਕ ਤਾਂ ਕੀ ਅੱਜ ਕੱਲ੍ਹ ਹਰ ਬੀ. ਐਸ. ਸੀ. ਪੜਿਆ ਵਿਅਕਤੀ ਇਹ ਗੱਲ ਭਲੀਭਾਂਤ ਜਾਣਦਾ ਹੈ ਕਿ ਆਂਡੇ ਤਾਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਤੇ ਡਾਇਨਾਸੌਰਾਂ ਵੇਲੇ ਵੀ ਮੌਜੂਦ ਸਨ। ਪਰ ਉਸ ਸਮੇਂ ਮੁਰਗੀਆਂ ਨਹੀਂ ਸਨ। ਮੁਰਗੀ ਤਾਂ ਮੁਰਗਾਬੀ ਤੋਂ ਅੱਜ ਤੋਂ 10 ਕੁ ਹਜ਼ਾਰ ਵਰ੍ਹੇ ਪਹਿਲਾਂ ਪਾਲਤੂ ਬਣਾਈ ਗਈ ਹੈ। ਜਿਵੇਂ ਜੀਵ ਵਿਕਾਸ ਵਿਚ ਸਾਰੀਆਂ ਮਹੱਤਵ ਪੂਰਨ ਤਬਦੀਲੀਆਂ ਪਹਿਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ। ਬਾਕੀ ਸੈੱਲ ਤਾਂ ਵਾਧੇ ਤੇ ਵੰਡ ਰਾਹੀਂ ਹੋਂਦ ਵਿਚ ਆਉਂਦੇ ਰਹਿੰਦੇ ਹਨ ਤੇ ਇਹ ਪਹਿਲੇ ਸੈੱਲ ਦੀ ਫੋਟੋਕਾਪੀ ਹੀ ਹੁੰਦੇ ਹਨ। ਇਹ ਪਹਿਲਾਂ ਸੈੱਲ ਆਂਡੇ ਵਿਚ ਹੀ ਹੁੰਦਾ ਹੈ। ਇਸ ਲਈ ਆਂਡਾ ਮੁਰਗੀ ਨਾਲੋਂ ਪਹਿਲਾਂ ਹੋਂਦ ਵਿਚ ਆਇਆ। ਇਸ ਤਰ੍ਹਾਂ ਬਾਬਾ ਰਾਮ ਦੇਵ ਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਕਿ ਬਾਂਦਰ ਤੋਂ ਮਨੁੱਖ ਕਿਵੇਂ ਹੋਂਦ ਵਿਚ ਆਇਆ? ਅਸਲ ਵਿਚ ਜੀਵ ਵਿਕਾਸ ਇੱਕ ਹੌਲੀ-ਹੌਲੀ ਚੱਲਣ ਵਾਲੀ ਿਆ ਹੁੰਦੀ ਹੈ। ਇਸਨੂੰ ਪ੍ਰਯੋਗਸ਼ਾਲਾਂ ਵਿਚ ਵੇਖਿਆ ਨਹੀਂ ਜਾ ਸਕਦਾ। ਜੀਵਾਂ ਦੀਆਂ ਹੋਂਦ ਵਿਚ ਰਹੀਆਂ ਬਹੁਤ ਸਾਰੀਆਂ ਨਸਲਾਂ ਵਿੱਚੋਂ ਕਿਸੇ ਇੱਕ ਨਸਲ ਦੇ ਕਿਸੇ ਇੱਕ ਜੀਵ ਵਿਚ ਕੋਈ ਅਜਿਹੀ ਤਬਦੀਲੀ ਆਉਂਦੀ ਹੈ ਜੋ ਇੱਕ ਨਵੀਂ ਜਾਤੀ ਦੀ ਪੈਦਾਇਸ਼ ਬਣ ਜਾਂਦੀ ਹੈ। ਅੱਜ ਤੋਂ ਇੱਕ ਕਰੋੜ ਵਰ੍ਹੇ ਪਹਿਲਾਂ ਅਫ਼ਰੀਕਾ ਦੇ ਜੰਗਲਾਂ ਵਿਚ ਬਾਂਦਰਾਂ ਦੀ ਇੱਕ ਨਸਲ ਦੇ ਇੱਕ ਜੀਵ ਵਿਚ ਕੋਈ ਅਜਿਹੀ ਸਿਫਤੀ ਤਬਦੀਲੀ ਆਈ ਜੋ ਉਸਨੂੰ ਮਨੁੱਖ ਜਾਤੀ ਦਾ ਸਭ ਤੋਂ ਪਹਿਲਾਂ ਪੂਰਵਜ ਬਣਾ ਗਈ। ਅਸੀਂ ਸਾਰੇ ਤਾਂ ਉਸ ਇੱਕੋ ਬਾਂਦਰਨੁਮਾ ਮਨੁੱਖ ਦੇ ਬੰਸਜ ਹਾਂ। ਧਰਤੀ ਦੀ ਡੂੰਘਾਈ ਅਨੁਸਾਰ ਵੱਖ-ਵੱਖ ਤੈਹਾਂ ਵਿੱਚੋਂ ਮਿਲਦੇ ਫਾਸਿਲ ਇਸ ਗੱਲ ਦਾ ਸਬੂਤ ਹਨ। ਬਾਬਾ ਰਾਮ ਦੇਵ ਤਾਂ ਕਹਿੰਦਾ ਹੈ ਕਿ ਮਨੁੱਖ ਧਰਤੀ ਵਿੱਚੋਂ ਪੈਦਾ ਹੋਇਆ। ਇਸ ਲਈ ਧਰਤੀ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ। ਅਸੀਂ ਇਹ ਗੱਲ ਤਾਂ ਮੰਨ ਸਕਦੇ ਹਾਂ ਕਿ ਧਰਤੀ ਸਾਡੀ ਸਭ ਦੀ ਪਾਲਣਹਾਰ ਹੈ ਪਰ ਪੈਦਾਇਸ਼ ਤਾਂ ਜੀਵ ਵਿਕਾਸ ਰਾਹੀ ਹੀ ਹੋਈ ਹੈ। ਇਸ ਤਰ੍ਹਾਂ ਸੂਰਜ ਦੀ ਪੈਦਾਇਸ਼, ਅਮੀਬੇ ਦੀ ਪੈਦਾਇਸ਼ ਆਦਿ ਬਾਰੇ ਬਾਬੇ ਦੇ ਵਿਚਾਰ ਗੈਰ ਵਿਗਿਆਨਕ ਹਨ।
ਇੰਗਲੈਂਡ ਵਿਚ ਬਾਬੇ ਦੇ ਇਕ ਭਗਤ ਦਾ ਦਾਅਵਾ ਸੀ ਕਿ ਬਾਬੇ ਦੀ ਇੱਕ ਦਿਨ ਦੀ ਬੈਠਕ ਵਿਚ ਹੀ ਉਸਦਾ ਭਾਰ 5 ਪੌਂਡ ਘੱਟ ਗਿਆ ਹੈ। ਸੁਬੋਧ ਗੁਪਤਾ ਨਾਂ ਦੇ ਇੱਕ ਵਿਗਿਆਨਕ ਨੇ ਬਾਬੇ ਦੇ ਉਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਪੰਜ ਪੌਂਡ ਚਰਬੀ ਦੇ ਖ਼ਤਮ ਹੋਣ ਦਾ ਮਤਲਬ 5¿;3500=17500 ਕੈਲਰੀਜ ਦਾ ਪੈਦਾ ਹੋਣਾ ਹੈ। ਜੋ ਕਿ ਅਸੰਭਵ ਹੈ। ਸਰੀਰ ਵਿਚ ਵੱਧ ਤੋਂ ਵੱਧ 250 ਕੈਲਰੀਜ ਹੀ ਇੱਕ ਬੈਠਕ ਦੌਰਾਨ ਘੱਟ ਕੀਤੀਆਂ ਜਾ ਸਕਦੀਆਂ ਹਨ। ਜਾਨੀ ਕੇ ਇੱਕ ਵਾਰ ਦੀ ਕਸਰਤ ਲਗਭਗ 35 ਕੁ ਗ੍ਰਾਮ ਚਰਬੀ ਹੀ ਘਟਾ ਸਕਦੀ ਹੈ। ਹਾਂ ਸਰੀਰ ਵਿਚ ਪਸੀਨੇ ਰਾਹੀਂ ਪਾਣੀ ਜ਼ਰੂਰ ਇੱਕ ਦੋ ਕਿਲੋ ਘਟਾਇਆ ਜਾ ਸਕਦਾ ਹੈ। ਬਾਬੇ ਦਾ ਵਿਉਪਾਰ ਵਧੀਆ ਚੱਲ ਰਿਹਾ ਹੈ। ਕਿਤਾਬਾਂ ਤੇ ਦਵਾਈਆਂ ਦੇ ਵੱਡੇ ਮੁੱਲ ਨੇ ਅਤੇ ਸਿਵਰਾਂ ਰਾਹੀਂ ਲੋਕਾਂ ਤੋਂ ਵਸੂਲੇ ਕਰੋੜਾਂ ਰੁਪਿਆ ਨੇ ਬਾਬੇ ਨੂੰ ਅਰਬਪਤੀ ਬਣਾ ਦਿੱਤਾ ਹੈ। ਇਸ ਲਈ ਤਾਂ ਮੱਧ ਸ਼੍ਰੇਣੀ ਦੇ ਲੋਕਾਂ ਲਈ ਬਾਬਾ ਇੱਕ ਦੇਵਤਾ ਬਣ ਗਿਆ ਹੈ। ਪਰ ਗਰੀਬਾਂ ਕੋਲ ਤਾਂ ਉਸਦੀਆਂ ਦਵਾਈਆਂ, ਕਿਤਾਬਾਂ ਖ੍ਰੀਦਣ ਦੀ ਸਮਰੱਥਾ ਹੀ ਨਹੀਂ। ਉਂਝ ਵੀ ਉਸਦੇ ਆਪਣੇ ਦਵਾਈਆਂ ਬਣਾਉਣ ਵਾਲੇ ਕਾਰਖਾਨੇ ਵਿਚ ਮਜ਼ਦੂਰਾਂ ਨੂੰ ਘੱਟ ਉਜਰਤਾਂ ਕਾਰਨ ਹੜਤਾਲਾਂ ਕਰਨੀਆਂ ਪੈਂਦੀਆਂ ਹਨ। ਮਾਰਕਸੀ ਪਾਰਟੀ ਦੀ ਪੋਲਿਟ ਬਿਊਰੋ ਮੈਂਬਰਾਂ ਬਰਿੰਦਾ ਕਰਤ ਜਦੋਂ ਅਜਿਹੇ ਮਜ਼ਦੂਰਾਂ ਦੀ ਮਦਦ ਲਈ ਗਈ ਤਾਂ ਉਹਨਾਂ ਨੇ ਦੱਸਿਆ ਕਿ ਬਾਬਾ ਰਾਮ ਦੇਵ ਦੀਆਂ ਦਵਾਈਆਂ ਵਿਚ ਮਨੁੱਖੀ ਹੱਡੀਆਂ ਅਤੇ ਜਾਨਵਰਾਂ ਦੀਆਂ ਹੱਡੀਆਂ ਮਿਲਾਈਆਂ ਹੁੰਦੀਆਂ ਹਨ। ਭਾਵੇਂ ਬਾਬਾ ਰਾਮ ਦੇਵ ਇਸ ਗੱਲ ਨੂੰ ਸਵੀਕਾਰ ਨਹੀਂ ਕਰਦਾ ਪਰ ਆਯੁਰਵੈਦ ਵਿਚ ਇਹਨਾਂ ਗੱਲਾਂ ਦੀ ਕੋਈ ਮਨਾਹੀ ਨਹੀਂ। ਹੱਡੀਆਂ ਦੀ ਭਸਮ ਵੀ ਉਹਨਾਂ ਲਈ ਇੱਕ ਦਵਾਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਤੁਹਾਨੂੰ ਬੀਮਾਰੀ ਦੀ ਹਾਲਤ ਵਿਚ ਕਿਹੜੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਸਿਰਫ਼ ਉਹ ਹੀ ਪ੍ਰਣਾਲੀ ਵਰਤੋਂ ਵਿਚ ਲਿਆਉਣੀ ਚਾਹੀਦੀ ਹੈ ਜਿਹੜੀ ਤੁਹਾਡੇ ਕਿੰਤੂਆਂ ਦਾ ਤਸੱਲੀਬਖ਼ਸ ਜੁਆਬ ਦਿੰਦੀ ਹੋਵੇ। ਮਤਲਬ ਤੁਹਾਨੂੰ ਜੋ ਬੀਮਾਰੀ ਪੈਦਾ ਹੋਈ ਉਹ ਕਿਉਂ ਹੋਈ? ਦਵਾਈ ਉਹ ਬੀਮਾਰੀ ਨੂੰ ਕਿੰਨੇ ਸਮੇਂ ਵਿਚ ਅਤੇ ਕਿਵੇਂ ਠੀਕ ਕਰੇਗੀ? ਆਯੁਰਵੈਦ ਇਹਨਾਂ ਗੱਲਾਂ ਦਾ ਜੁਆਬ ਤਸੱਲੀਬਖ਼ਸ਼ ਨਹੀਂ ਦਿੰਦਾ। ਇਸਦੇ ਮੁਕਾਬਲੇ ਐਲੋਪੈਥੀ ਇਹਨਾਂ ਗੱਲਾਂ ਦਾ ਜੁਆਬ ਦਿੰਦੀ ਹੈ। ਆਯੁਰਵੈਦਿਕ ਪ੍ਰਣਾਲੀ ਵਿਚ ਬਹੁਤ ਸਾਰੀਆਂ ਭਾਰੀਆਂ ਧਾਤਾਂ ਦੀਆਂ ਭਸਮਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਜ਼ਹਿਰੀਲੀਆਂ ਹੁੰਦੀਆਂ ਹਨ। ਜਿਵੇਂ ਸਿੱਕਾ ਪਾਰਾ, ਆਰਸੈਨਿਕ ਆਦਿ। ਬਰਸਾਤੀ ਮੌਸਮ ਵਿਚ ਜੜੀਆਂ ਬੂਟੀਆਂ ਵਿਚ ਪਾਣੀ ਦੀ ਮਾਤਰਾ ਵੱਧ ਹੁੰਦੀ ਹੈ। ਗਰਮੀਆਂ ਵਿਚ ਘੱਟ। ਇਸ ਤਰ੍ਹਾਂ ਆਯੁਰਵੈਦਿਕ ਪ੍ਰਣਾਲੀ ਵਿਚ ਦਵਾਈ ਦੀ ਮਾਤਰਾ ਘੱਟ ਵੱਧ ਹੁੰਦੀ ਰਹਿੰਦੀ ਹੈ। ਐਲੋਪੈਥਿਕ ਦਵਾਈਆਂ ਵਿਚ ਹਰ ਵੇਲੇ ਲੱਖਾਂ ਵਿਗਿਆਨਕ ਖੋਜ ਪੜਤਾਲ ਵਿਚ ਲੱਗੇ ਰਹਿੰਦੇ ਹਨ। ਕਿਸੇ ਵੀ ਦਵਾਈ ਦੇ ਸਾਈਡ ਇਫੈਕਟਾਂ ਦੀ ਗੱਲ ਜਨਤਕ ਹੁੰਦੀ ਰਹਿੰਦੀ ਹੈ। ਪਰ ਆਯੁਰਵੈਦ ਵਿਚ ਅਜਿਹਾ ਨਹੀਂ ਹੁੰਦਾ ਜੇ ਹੁੰਦਾ ਵੀ ਹੈ ਤਾਂ ਵੀ ਬਹੁਤ ਘੱਟ ਇਹ ਜਨਤਕ ਹੁੰਦਾ ਹੈ। ਆਯੁਰਵੈਦ ਦੀਆਂ ਬਹੁਤ ਸਾਰੀਆਂ ਦਵਾਈਆਂ ਐਲੋਪੈਥੀ ਅਨੁਸਾਰ ਸਟੀਰਾਇਡਜ ਹੁੰਦੀਆਂ ਹਨ ਜਿਹੜੀਆਂ ਉਸ ਹਾਲਤ ਵਿਚ ਹੀ ਲੈਣੀਆਂ ਬਣਦੀਆਂ ਹਨ ਜਦੋਂ ਕੋਈ ਹੋਰ ਹੱਲ ਨਾ ਰਹੇ। ਐਲੋਪੈਥੀ ਅਜਿਹੀ ਪ੍ਰਣਾਲੀ ਹੈ ਜਿਸਨੇ ਧਰਤੀ ਤੇ ਉਪਲੱਬਧ ਸੈਂਕੜੇ ਬੀਮਾਰੀਆਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ। ਜਿਵੇਂ ਅੱਜ ਤੋਂ 60 ਕੁ ਸਾਲ ਪਹਿਲਾ ਟੀ. ਬੀ. ਨਾਲ ਕਿਸੇ ਵੀ ਮਰੀਜ਼ ਦਾ ਬਚਣਾ ਮੁਸ਼ਕਿਲ ਹੁੰਦਾ ਸੀ। ਪਰ ਅੱਜ ਟੀ. ਬੀ. ਦੇ ਬਹੁਤੇ ਮਰੀਜ਼ ਬਚ ਜਾਂਦੇ ਹਨ। ਇਸ ਤਰ੍ਹਾਂ ਧਰਤੀ ਤੋਂ ਪਲੇਗ, ਚੇਚਕ ਦਾ ਭੋਗ ਪਾ ਦਿੱਤਾ ਗਿਆ। ਪੋਲੀਓ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇਗਾ ਤੇ ਆਉਣ ਵਾਲੇ 20-30 ਸਾਲਾਂ ਵਿਚ ਸੈਂਕੜੇ ਹੋਰ ਬੀਮਾਰੀਆਂ ਧਰਤੀ ਤੋਂ ਸਦਾ ਲਈ ਖ਼ਤਮ ਕਰ ਦਿੱਤੀਆਂ ਜਾਣਗੀਆਂ। ਭਾਵੇਂ ਆਯੁਰਵੈਦ ਪੁਰਾਤਨ ਗ੍ਰੰਥਾਂ ਦੀ ਦੇਣ ਹੈ। ਪਰ ਆਯੁਰਵੈਦ ਉਪਰੋਕਤ ਬੀਮਾਰੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਕਦੇ ਖਤਮ ਕਿਉਂ ਨਾ ਕਰ ਸਕਿਆ?
ਬਾਬਾ ਰਾਮ ਦੇਵ ਸਕੂਲਾਂ ਵਿਚ ਸੈਕਸ-ਐਜ਼ੂਕੇਸ਼ਨ ਦਾ ਵਿਰੋਧੀ ਹੈ। ਏਡਜ ਅਤੇ ਹੋਰ ਜਨਣ ਅੰਗਾਂ ਦੀਆਂ ਬੀਮਾਰੀਆਂ ਨੂੰ ਕਾਬੂ ਵਿਚ ਰੱਖਣ ਲਈ ਇਹ ਸਿੱਖਿਆ ਅਤੀ ਜ਼ਰੂਰੀ ਹੈ। ਬਾਬਾ ਰਾਮ ਦੇਵ ਇੱਕ ਸਾਧ ਦਾ ਬਾਣਾ ਪਾਕੇ ਹੀ ਸਟੇਜ ਤੇ ਆਉਂਦਾ ਹੈ ਉਸਦਾ ਕਾਰਨ ਹੈ ਕਿ ਇਸ ਦੇਸ਼ ਦੇ ਲੋਕ ਸਾਧਾਂ, ਸੰਤਾਂ ਪ੍ਰਤੀ ਸ਼ਰਧਾਵਾਨ ਹੁੰਦੇ ਹਨ। ਪਰ ਪੰਜਾਬ ਦੀ ਤਕਰਸ਼ੀਲ ਲਹਿਰ ਵਿਚ 1984 ਤੋਂ ਲੈਕੇ ਹੁਣ ਤੱਕ ਦੀ ਮੇਰੀ ਸਰਗਰਮੀ ਦੱਸਦੀ ਹੈ ਕਿ ਭਗਵੇ ਕੱਪੜਿਆਂ ਵਾਲੇ ਹਮੇਸ਼ਾ ਹੀ ਲੋਕ ਵਿਰੋਧੀ ਹੁੰਦੇ ਹਨ। ਬਾਬਾ ਦਾੜੀ ਮੁੱਛਾਂ ਕਿਉਂ ਰੱਖਦਾ ਇਸਦਾ ਵੀ ਇੱਕ ਕਾਰਨ ਹੈ ਕਿ ਉਸ ਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਬੈਲੱਜ ਪੈਲਸੀ (2 ) ਨਾਂ ਦੀ ਬੀਮਾਰੀ ਹੈ ਗਈ ਸੀ ਜਿਸ ਵਿਚ ਕੋਈ ਵਿਅਕਤੀ ਇੱਕ ਪਾਸੇ ਦੇ ਚਿਹਰੇ ਦੇ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ ਜਿਵੇਂ ਬਾਬੇ ਦੀ ਅੱਖ ਦਾ ਦਬੱਣਾ ਆਦਿ ਜੇ ਉਸਨੇ ਦਾੜੀ ਮੁੱਛਾ ਨਾਂ ਰੱਖੀਆਂ ਹੁੰਦੀਆਂ ਤਾਂ ਉਸਦੀ ਇਹ ਬੀਮਾਰੀ ਹੋਰ ਸਪੱਸ਼ਟ ਨਜ਼ਰ ਆਉਣੀ ਸੀ। ਬਾਬਾ ਯੋਗਾ ਰਾਹੀਂ ਆਪਣੀ ਇਹ ਬਿਮਾਰੀ ਹੁਣ ਤੱਕ ਕਿਉਂ ਖਤਮ ਨਹੀਂ ਕਰ ਸਕਿਆ? ਮਨੁੱਖ ਜਾਤੀ ਵਿੱਚ ਨੱਕ ਦੇ ਸੁਰਾਖ਼ ਤਾਂ ਦੋ ਹੁੰਦੇ ਹਨ ਪਰ ਆਪਣੀ ਲੰਬਾਈ ਦੇ ਸਿਰਫ਼ ਦੋ ਇੰਚ ਦੀ ਦੂਰੀ ਤੇ ਇਹ ਸੁਰਾਖ਼ ਸਿਰਫ਼ ਇੱਕ ਨਾਲੀ ਵਿਚ ਹੀ ਤਬਦੀਲ ਹੋ ਜਾਂਦਾ ਹੈ। ਹੁਣ ਬਾਬਾ ਜੀ ਲੋਕਾਂ ਨੂੰ ਇੱਕ ਨੱਕ ਰਾਹੀਂ ਸਾਹ ਲੈਕੇ ਦੂਜੇ ਰਾਹੀ ਕੱਢਣ ਤੇ ਹੀ ਕਿਉਂ ਜ਼ੋਰ ਦਿੰਦੇ ਰਹਿੰਦੇ ਹਨ। ਇਸਦਾ ਫਾਇਦਾ ਕਿਵੇਂ ਹੋ ਸਕਦਾ ਹੈ?
ਅੰਤ ਵਿਚ ਮੈਂ ਮੇਰੇ ਲੋਕਾਂ ਨੂੰ ਇਹ ਹੀ ਸਲਾਹ ਦੇਵਾਂਗਾ ਕੇ ਬਾਬੇ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ ਉਹਨਾਂ ਲੋਕਾਂ ਲਈ ਹੀ ਫਾਇਦੇਮੰਦ ਹੋ ਸਕਦੀਆਂ ਹਨ ਜਿਹੜੇ ਕਿਸੇ ਕਿਸਮ ਦੀਆਂ ਹੋਰ ਕਸਰਤਾਂ ਨਹੀਂ ਕਰਦੇ। ਉਂਝ ਵੀ ਸਕੂਲਾਂ ਤੇ ਫ਼ੌਜ ਦੇ ਡਰਿੱਲ ਮਾਸਟਰਾਂ ਵੱਲੋਂ ਕਰਵਾਈਆਂ ਜਾਂਦੀਆਂ ਕਸਰਤਾਂ, ਬਾਬੇ ਦੀਆਂ ਕਸਰਤਾਂ ਦੇ ਮੁਕਾਬਲੇ ਵੱਧ ਵਿਗਿਆਨਕ ਹਨ। ਕਿਸੇ ਵੀ ਵਿਅਕਤੀ ਨੂੰ ਮਾਨਸਿਕ, ਜਾਂ ਸਰੀਰਕ ਸਿਹਤ ਜਾਂ ਉਮਰ ਨੂੰ ਧਿਆਨ ਵਿਚ ਰੱਖ ਕੇ ਹੀ ਕਸਰਤ ਕਰਨੀ ਚਾਹੀਦੀ ਹੈ। ਜੇ ਤੁਸੀਂ ਵੱਡੀ ਉਮਰ ਵਿਚ ਜਾਕੇ ਭੱਜਣਾ ਸ਼ੁਰੂ ਕਰ ਦੇਵੇਗੋ ਤਾਂ ਹੋ ਸਕਦਾ ਹੈ ਤੁਹਾਡੀ ਕੋਈ ਹੱਡੀ ਟੁੱਟ ਜਾਵੇ ਜਾਂ ਅੰਦਰੋਂ ਮਾਸ ਫਟ ਜਾਵੇ ਤੇ ਤੁਸੀਂ ਸਦਾ ਲਈ ਮੰਜਾ ਮੱਲ ਬੈਠੋ।

ਹੱਥ ਰੇਖਾਵਾਂ ਦੀ ਅਸਲੀਅਤ

ਮੇਘ ਰਾਜ ਮਿੱਤਰ (+91 98887 87440)
5233309_f260ਮੇਰੇ ਦੇਸ਼ ਦੀ ਨੱਬੇ ਪ੍ਰਤੀਸ਼ਤ ਜਨਤਾ ਜੋਤਸ਼ੀਆਂ ਵਿਚ ਵਿਸ਼ਵਾਸ ਰੱਖਦੀ ਹੈ। ਅੱਜ ਤੋਂ 50-60 ਸਾਲ ਪਹਿਲਾ ਲੋਕਾਂ ਕੋਲ ਪੈਸੇ ਹੀ ਨਹੀਂ ਸਨ ਹੰੁਦੇ ਇਸ ਲਈ ਉਸ ਸਮੇਂ ਜੋਤਸ਼ੀਆਂ ਦਾ ਧੰਦਾ ਵੀ ਬਹੁਤਾ ਲਾਹੇਬੰਦ ਨਹੀਂ ਸੀ। ਅੱਜ ਕੱਲ੍ਹ ਤਾਂ ਮੱਧ ਸ੍ਰੇਣੀ ਕੋਲ ਪੈਸੇ ਦੀ ਬਹੁਤਾਤ ਹੈ ਉਹ ਆਪਣਾ ਭਵਿੱਖ ਜਾਨਣ ਲਈ ਅਤੇ ਆਪਣੇ ਆਲੇ ਦੁਆਲੇ ਵਿਚ ਸ਼ੋਹਰਤ ਬਣਾਉਣ ਲਈ ਅਕਸਰ ਹੀ ਜੋਤਸ਼ੀਆਂ ਕੋਲ ਪੁੱਜ ਜਾਂਦੇ ਹਨ। ਅੱਜ ਸਾਡਾ ਸਾਰਾ ਸਮਾਜ ਹੀ ਮੁਸ਼ਕਿਲਾਂ ਵਿਚ ਘਿਰਿਆ ਹੋਇਆ ਹੈ ਕਿਸੇ ਦੇ ਪੜ੍ਹੇ ਲਿਖੇ ਪੁੱਤ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਹੈ ਅਤੇ ਕੋਈ ਆਪਣੇ ਧੀਆਂ ਪੁੱਤਾਂ ਲਈ ਚੰਗੇ ਰਿਸ਼ਤੇ ਲੱਭ ਰਿਹਾ ਹੈ ਅਤੇ ਕਿਸੇ ਦੇ ਘਰ ਵਿਚ ਨਸ਼ਾ ਜਾਂ ਬਿਮਾਰੀ ਨੇ ਘਰ ਕੀਤਾ ਹੋਇਆ ਹੈ। ਇਸ ਤਰ੍ਹਾਂ ਇੱਥੇ ਬਹੁਤੇ ਲੋਕੀ ਇਨ੍ਹਾਂ ਸਮੱਸਿਆਵਾਂ ਦੀਆਂ ਘੁੰਮਣ ਘੇਰੀਆਂ ਵਿਚ ਫਸੇ ਹੋਏ ਹਨ ਤੇ ਸੋਚਦੇ ਹਨ ਕਿ ਸ਼ਾਇਦ ਜੋਤਸ਼ੀ ਹੀ ਉਨ੍ਹਾਂ ਨੂੰ ਇਨ੍ਹਾਂ ਮੁਸ਼ਕਿਲਾਂ ਵਿਚੋਂ ਕੱਢ ਸਕਦੇ ਹਨ। ਜੋਤਸ਼ੀ ਵੀ ਬਹੁਤ ਹੀ ਚਲਾਕ ਕਿਸਮ ਦੇ ਵਿਅਕਤੀ ਹੰੁਦੇ ਹਨ ਉਹ ਗਾਹਕਾਂ ਨੂੰ ਮਾਨਸਿਕ ਤੌਰ ’ਤੇ ਹੱਲਾ ਸ਼ੇਰੀ ਵੀ ਦੇ ਦਿੰਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਪ੍ਰਸੰਸਾ ਕਰਨੀ ਵੀ ਨਹੀਂ ਭੁੱਲਦੇ। ਕਈ ਵਾਰੀ ਉਹ ਗਾਹਕ ਦੇ ਮਨ ਵਿਚ ਡਰ ਵੀ ਬਿਠਾ ਦਿੰਦੇ ਹਨ ਤੇ ਡਰਿਆ ਹੋਇਆ ਗਾਹਕ ਵੱਧ ਲੁਟਾ ਹੁੰਦਾ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਦਿਨ ਰਾਤ ਫੁੱਲ ਤੇ ਫਲ ਰਿਹਾ ਹੈ।
ਟੈਲੀਵਿਯਨ ਚੈਨਲਾਂ ਨੂੰ ਚਲਾਉਣ ਲਈ ਵੱਡੇ ਸਟਾਫ਼ ਅਤੇ ਸਟੂਡੀਓ ਆਦਿ ਦੀ ਲੋੜ ਹੰੁਦੀ ਹੈ। ਇਸ ਲਈ ਇਸ ਸਮੁੱਚੇ ਧੰਦੇ ਨੂੰ ਲਾਹੇਬੰਦ ਬਣਾਉਣ ਲਈ ਵੱਡੀ ਆਮਦਨ ਦੀ ਵੀ ਜ਼ਰੂਰਤ ਹੈ। ਕੁਝ ਸਥਾਪਤ ਚੈਨਲਾਂ ਨੂੰ ਤਾਂ ਇਸ਼ਤਿਹਾਰਾਂ ਤੋਂ ਲੋੜੀਂਦੀ ਆਮਦਨ ਹੋ ਜਾਂਦੀ ਹੈ ਪਰ ਬਾਕੀਆਂ ਲਈ ਤਾਂ ਸਾਧ ਸੰਤ ਅਤੇ ਜੋਤਸ਼ੀ ਹੀ ਸਹਾਰਾ ਬਣਦੇ ਨੇ। ਜੇ ਲੋਕ ਇਸ ਗੱਲ ਨਾਲ ਬਰਬਾਦ ਹੰੁਦੇ ਹਨ ਤਾਂ ਹੋਈ ਜਾਣ ਚੈਨਲਾਂ ਨੇ ਤਾਂ ਆਪਣਾ ਘਾਟਾ ਪੂਰਨਾ ਹੀ ਹੈ। ਇਸ ਤਰ੍ਹਾਂ ਜੋਤਸ਼ ਦਾ ਧੰਦਾ ਵਧ ਫੁੱਲ ਰਿਹਾ ਹੈ।
ਹੱਥ ਦੀਆਂ ਲਕੀਰਾਂ ਦਾ ਕਿਸਮਤ ਨਾਲ ਸਬੰਧ
ਕਹਿੰਦੇ ਨੇ ਬੰਦੇ ਦੀ ਕਿਸਮਤ ਅਤੇ ਹੱਥ ਦੀਆਂ ਲਕੀਰਾਂ ਦਾ ਰਿਸ਼ਤਾ ਬਹੁਤ ਨੇੜੇ ਦਾ ਹੰੁਦਾ ਹੈ। ਸੋ ਆਉ ਅੱਜ ਇਸ ਗੱਲ ਨੂੰ ਵੀ ਨਿਰਖ ਪਰਖ ਲਈਏ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਨੁੱਖ ਦੀ ਕਿਸਮਤ, ਸਿਹਤ, ਉਮਰ, ਵਿਆਹ, ਧੰਨ, ਦੌਲਤ, ਪੁੱਤਰ ਅਤੇ ਧੀਆਂ ਸਭ ਕੁਝ ਹੱਥ ਦੀਆਂ ਲਕੀਰਾਂ ਦਰਸ਼ਾ ਦਿੰਦੀਆਂ ਹਨ।
ਪਹਿਲਾ ਆਪਾ ਕਿਸਮਤ ਨੂੰ ਹੀ ਲੈ ਲਈਏ। ਅੰਮਿ੍ਰਤਸਰ ਦੇ ਪਾਗਲ ਖਾਨੇ ਵਿਚ ਜਾ ਕੇ ਇਸਦੀ ਪਰਖ ਆਰਾਮ ਨਾਲ ਕੀਤੀ ਜਾ ਸਕਦੀ ਹੈ। ਉਥੋਂ ਸਾਨੂੰ ਸੈਂਕੜੇ ਅਜਿਹੇ ਵਿਅਕਤੀਆਂ ਦੇ ਹੱਥ ਦੀਆਂ ਲਕੀਰਾਂ ਦੇ ਫੋਟੋਗ੍ਰਾਫ ਆਰਾਮ ਨਾਲ ਮਿਲ ਸਕਦੇ ਹਨ ਜਿਨ੍ਹਾਂ ਨੂੰ ਡਾਕਟਰਾਂ ਨੇ ਟੈਸਟ ਕਰਕੇ ਕਿਹਾ ਹੈ ਕਿ ਉਹ ਜਮਾਂਦਰ ਪਾਗਲ ਹਨ ਆਪਣੀ ਮੌਤ ਤੱਕ ਇਨ੍ਹਾਂ ਨੇ ਪਾਗਲ ਹੀ ਰਹਿਣਾ ਹੈ। ਇਹ ਹੱਥ ਚਿੱਤਰ ਵੇਖ ਕੇ ਜੋਤਸ਼ੀ ਉਨ੍ਹਾਂ ਦੀ ਕਿਸਮਤ ਜ਼ਰੂਰ ਪੜ੍ਹਨਗੇ ਤੇ ਬਹੁਤਿਆਂ ਬਾਰੇ ਕਹਿਣਗੇ ਕਿ ਇਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੈ।
ਉਮਰ : ਜੇ ਗੱਲ ਉਮਰ ਦੀ ਕਰਨੀ ਹੋਵੇ ਤਾਂ ਅੱਜ ਪੰਜਾਬ ਵਿਚ ਘੱਟੋ ਘੱਟ ਅੱਠ ਵਿਅਕਤੀ ਹਰ ਰੋਜ ਐਕਸੀਡੈਂਟਾਂ ਵਿਚ ਮਰ ਰਹੇ ਹਨ। ਉਨ੍ਹਾਂ ਦੇ ਹੱਥ ਦੀਆਂ ਲਕੀਰਾਂ ਦਰਸ਼ਾ ਰਹੀਆਂ ਹੰੁਦੀਆਂ ਨੇ ਕਿ ਉਨ੍ਹਾਂ ਨੇ ਲੰਬੀ ਉਮਰ ਭੋਗਣੀ ਹੈ। ਇਸ ਤਰ੍ਹਾਂ ਭੁਪਾਲ ਵਿਚ ਗੈਸ ਰਿਸ਼ੀ ਇਕੋ ਦਿਨ ਹੀ ਦੋ ਹਜ਼ਾਰ ਵਿਅਕਤੀ ਰਾਤੀ ਚੰਗੇ ਭਲੇ ਸੁੱਤੇ ਪਰ ਸਵੇਰ ਨੂੰ ਉੱਠ ਹੀ ਨਹੀਂ ਸਕੇ। ਜੋਤਸ਼ੀਆਂ ਦਾ ਇੱਕ ਪੂਰਾ ਮੁਹੱਲਾ ਖੁਦ ਹੀ ਇਸਦੀ ਜਕੜ ਵਿਚ ਆ ਗਿਆ ਸੀ। ਕੀ ਇਨ੍ਹ੍ਹਾਂ ਸਭ ਵਿਅਕਤੀਆਂ ਦੀਆਂ ਹਥੇਲੀਆਂ ਤੇ ਉਮਰਾਂ ਦੀਆਂ ਰੇਖਾਵਾਂ ਕੱਟ ਵੱਢ ਹੋ ਗਈਆਂ ਸਨ?
ਇਸ ਤਰ੍ਹਾਂ ਦੂਸਰੇ ਸੰਸਾਰ ਯੁੱਧ ਸਮੇਂ 1945 ਵਿਚ ਅਮਰੀਕੀ ਸਰਕਾਰ ਨੇ ਉਥੇ ਦੇ ਪਾਦਰੀਆਂ ਤੋਂ ਅਸ਼ੀਰਵਾਦ ਦੁਆਕੇ ਦੋ ਜਹਾਜ਼ਾਂ ਨੂੰ ਜਾਪਾਨ ਦੇ ਸ਼ਹਿਰਾਂ ਹੀਰੋਸੀਮਾ ਅਤੇ ਨਾਗਾਸਾਕੀ ਉੱਪਰ ਐਟਮ ਬੰਬ ਸੁੱਟਣ ਲਈ ਭੇਜ ਦਿੱਤਾ। ਇਸ ਤਰ੍ਹਾਂ ਲੱਖਾਂ ਲੋਕ ਮਾਰੇ ਗਏ ਕੀ ਉਨ੍ਹਾਂ ਦੀਆਂ ਹੱਥ ਦੀਆਂ ਲਕੀਰਾਂ ਮਿਟ ਚੁੱਕੀਆਂ ਸਨ?
ਵਿਆਹ : ਹੁਣ ਜੇ ਗੱਲ ਵਿਆਹਾਂ ਦੀ ਕਰ ਲਈਏ ਜੋਤਿਸ਼ੀ ਦਾਅਵਾ ਕਰਦੇ ਹਨ ਕਿ ਵਿਆਹ ਦੀ ਰੇਖਾ ਹੱਥ ਉੱਤੇ ਅੰਕਿਤ ਹੰੁਦੀ ਹੈ। ਅਮਰੀਕਾ ਕੈਨੇਡਾ ਤੇ ਹੋਰ ਯੂਰਪੀ ਮੁਲਕਾਂ ਵਿਚ ਹਰ ਰੋਜ ਨਿੱਤ ਨਵੇਂ ਵਿਆਹ ਹੰੁਦੇ ਹਨ। ਕੀ ਉਨ੍ਹਾਂ ਦੀਆਂ ਹੱਥ ਰੇਖਾਵਾਂ ਨਿੱਤ ਹੀ ਬਦਲ ਜਾਂਦੀਆਂ ਨੇ। ਸਾਡੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਾਦਾ ਜੀ ਨੇ ਸੈਂਕੜੇ ਇਸਤਰੀਆਂ ਆਪਣੇ ਮਹਿਲ ਵਿਚ ਪਤਨੀਆਂ ਤੇ ਦਾਸੀਆਂ ਦੇ ਰੂਪ ਵਿਚ ਰੱਖੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਹੱਥਾਂ ਉੱਤੇ ਵਿਆਹ ਦੀ ਇਕੋ ਹੀ ਰੇਖਾ ਸੀ, ਇਸ ਤਰ੍ਹਾਂ ਹੀ ਸੰਸਾਰ ਪ੍ਰਸਿੱਧ ਐਕਟਰੈਸ ਜਾ ਜਾ ਗੈਬਰੋ ਨੇ ਆਪਣੀ ਜ਼ਿੰਦਗੀ ਵਿਚ ਅੱਠ ਵਿਆਹ ਕਰਵਾਏ ਅਤੇ ਇਕੋ ਵਿਅਕਤੀ ਨਾਲ ਦੋ ਵਾਰ ਵਿਆਹ ਕਰਵਾਇਆ ਪਰ ਉਸਦੇ ਹੱਥ ਤੇ ਵਿਆਹ ਦੀ ਇੱਕ ਹੀ ਲਕੀਰ ਸੀ। ਹੁਣ ਜੇ ਗੱਲ ਪੁੱਤਾਂ ਜਾਂ ਧੀਆਂ ਦੀ ਕਰਨੀ ਹੋਵੇ। ਕੀ ਇਹ ਲਕੀਰਾਂ ਵੀ ਆਦਮੀ ਦੇ ਹੱਥ ਤੇ ਦਰਜ਼ ਹੰੁਦੀਆਂ ਹਨ? ਇੱਕ ਤੰਦਰੁਸਤ ਮਨੁੱਖ ਵਿਚ ਕਰੋਮੋਸੋਮਾ ਦੀ ਗਿਣਤੀ ਐਨੀ ਹੰੁਦੀ ਹੈ ਕਿ ਉਸ ਨਾਲ ਪੂਰੇ ਸੰਸਾਰ ਦੀਆਂ ਇਸਤਰੀਆਂ ਗਰਭਵਤੀ ਹੋ ਸਕਦੀਆਂ ਹਨ ਕੀ ਫਿਰ ਹੱਥ ਉੱਤੇ ਪੁੱਤਾਂ ਧੀਆਂ ਵਾਲੀ ਲਕੀਰ ਵਿਚ ਐਨੇ ਨਿਸ਼ਾਨ ਹੁੰਦੇ ਹਨ?
ਪੁੱਤਰ ਤੇ ਧੀਆਂ : ਜੇ ਇਥੇ ਇਸਤਰੀਆਂ ਦੀਆਂ ਪੁੱਤਰ ਤੇ ਧੀਆਂ ਵਾਲੀ ਲਕੀਰ ਦੀ ਵੀ ਗੱਲ ਕਰ ਲਈਏ ਤਾਂ ਅੱਜ ਇਸਤਰੀ ਦਾ ਇੱਕ ਨਿਸ਼ੇਚਤ ਆਂਡਾ ਤੋੜ ਕੇ ਉਸ ਤੋਂ ਲੱਖਾਂ ਬੱਚੇ ਪੈਦਾ ਕੀਤੇ ਜਾ ਸਕਦੇ ਹਨ। ਕੀ ਇਸਤਰੀ ਦੇ ਹੱਥਾਂ ਤੇ ਵੀ ਪੁੱਤਾਂ ਧੀਆਂ ਦੀ ਗਿਣਤੀ ਲਿਖੀ ਹੰੁਦੀ ਹੈ?
ਜੇ ਧਿਆਨ ਨਾਲ ਬਾਂਦਰ ਦੇ ਹੱਥ ਨੂੰ ਵੇਖਿਆ ਜਾਵੇ ਤਾਂ ਇਹ ਲਕੀਰਾਂ ਉਸਦੇ ਹੱਥ ਉੱਤੇ ਵੀ ਹੰੁਦੀਆਂ ਹਨ। ਪਰ ਤੁਸੀਂ ਕਦੇ ਵੀ ਕਿਸੇ ਜੋਤਸ਼ੀ ਨੂੰ ਬਾਂਦਰ ਦੇ ਹੱਥ ਵੇਖਦੇ ਨਹੀਂ ਵੇਖੋਗੇ। ਕਿਉਂਕਿ ਬਾਂਦਰ ਦੀ ਜੇਬ ਨਹੀਂ ਹੰੁਦੀ ਪਰ ਮਨੁੱਖ ਕੋਲ ਤਾਂ ਬਟੂਆ ਹੰੁਦਾ ਹੈ ਜਿਸ ਵਿਚੋਂ ਪੈਸੇ ਨਿਕਲ ਕੇ ਜੋਤਸ਼ੀ ਦੀ ਜੇਬ ਵਿਚ ਚਲੇ ਜਾਂਦੇ ਹਨ। ਇੱਕ ਗੱਲ ਸਪੱਸ਼ਟ ਹੈ ਜੇ ਕਿਤੇ ਬਾਂਦਰਾਂ ਦੇ ਜੇਬਾਂ ਹੰੁਦੀਆਂ ਤਾਂ ਜੋਤਸ਼ੀਆਂ ਨੇ ਉਨ੍ਹਾਂ ਦੀਆਂ ਵੀ ਬਰਾਤਾਂ ਚੜ੍ਹਾਉਣੀਆਂ ਸਨ।
ਇੱਥੇ ਮੈਨੂੰ ਕਿਸੇ ਕਵੀ ਦੀ ਲਿਖੀ ਹੋਈ ਇੱਕ ਪੰਗਤੀ ਵੀ ਯਾਦ ਆਉਂਦੀ ਹੈ।
‘ਕਿਸਮਤ ਉਨਕੀ ਵੀ ਹੋਤੀ ਹੈ ਜਿਨਕੇ ਹਾਥ ਨਹੀਂ ਹੋਤੇ।’
ਹੱਥਾਂ ਤੇ ਲਕੀਰਾਂ ਕਿਉ : ਕਈ ਵਿਅਕਤੀਆਂ ਨੇ ਮੈਨੂੰ ਇਹ ਵੀ ਸੁਆਲ ਕੀਤਾ ਹੈ ਕਿ ਜੇ ਕਿਸਮਤ ਹੱਥ ਉੱਤੇ ਨਹੀਂ ਲਿਖੀ ਹੰੁਦੀ ਤਾਂ ਹੱਥਾਂ ਤੇ ਲਕੀਰਾਂ ਕਿਉਂ ਪੈਂਦੀਆਂ ਹਨ?
ਅਸਲ ਵਿਚ ਸਾਡੀ ਹਥੇਲੀ ਦੀ ਬਣਤਰ ਅਜਿਹੀ ਹੈ ਕਿ ਇਸ ਨੇ ਅੰਦਰ ਨੂੰ ਮੁੜਨਾ ਹੈ। ਅਮੀਬੇ ਤੋਂ ਲੈ ਕੇ ਮਨੁੱਖ ਤੱਕ ਦੇ ਜੀਵ ਵਿਕਾਸ ਦੇ ਤਿੰਨ ਸੌ ਕਰੋੜ ਵਰ੍ਹਿਆਂ ਦੌਰਾਨ ਮਨੁੱਖ ਜਾਤੀ ਨੂੰ ਵੱਡੇ ਸੰਘਰਸ਼ ਅਤੇ ਜਦੋ ਜਹਿਦ ਕਰਨੀ ਪਈ ਹੈ। ਇਸ ਜਦੋ ਜਹਿਦ ਵਿਚ ਮਨੁੱਖੀ ਹੱਥ ਹੀ ਸਨ ਜਿਨ੍ਹਾਂ ਨੇ ਸੰਦਾਂ ਨੂੰ ਫੜਨ ਅਤੇ ਵਰਤਣ ਦੀ ਜਾਂਚ ਸਿੱਖੀ। ਇਸ ਲਈ ਮਨੁੱਖੀ ਹਥੇਲੀ ਨੇ ਅੰਦਰ ਨੂੰ ਮੁੜਨ ਦਾ ਵੱਲ ਗ੍ਰਹਿਣ ਕੀਤਾ। ਇਸ ਲਈ ਹਥੇਲੀ ਤੇ ਚਮੜੀ ਦੀ ਸੈਲ ਬਣਤਰ ਕੁਝ ਵੱਖ ਕਿਸਮ ਦੀ ਵਿਕਸਿਤ ਹੋ ਗਈ ਇਸ ਲਈ ਹਥੇਲੀ ਤੇ ਲਕੀਰਾਂ ਪੈ ਗਈਆਂ। ਸਾਡੇ ਹੱਥ ਬਾਹਰਲੇ ਪਾਸੇ ਨੂੰ ਮੁੜਦੇ ਹੀ ਨਹੀਂ ਇਸ ਲਈ ਬਾਹਰਲੇ ਪਾਸੇ ਲਕੀਰਾਂ ਹੀ ਨਹੀਂ। ਜਿੱਥੋਂ ਵੀ ਹੱਥ ਜਾਂ ਉਂਗਲੀਆਂ ਮੁੜਦੀਆਂ ਹਨ ਉਥੇ ਹੀ ਲਕੀਰਾਂ ਹਨ। ਸੋ ਲਕੀਰਾਂ ਕੁਝ ਨਹੀਂ ਇਹ ਤਾਂ ਹੱਥਾਂ ਦੇ ਮੋੜ ਹਨ।
ਬੱਚੇ ਦਾ ਵਿਕਾਸ ਮਾਂ ਦੇ ਪੇਟ ਵਿਚ 280 ਦਿਨ ਵਿਚ ਹੰੁਦਾ ਹੈ। ਤੀਜੇ ਚੋਥੇ ਅਤੇ ਪੰਜਵੇ ਮਹੀਨੇ ਵਿਚ ਅੰਗਾਂ ਦੀ ਪੈਦਾਇਸ਼ ਤੇ ਵਿਕਾਸ ਹੰੁਦਾ ਹੈ। ਇਸ ਵਿਕਾਸ ਸਮੇਂ ਦੌਰਾਨ ਬੱਚੇ ਦੀਆਂ ਮੁੱਠੀਆਂ ਬੰਦ ਹੰੁਦੀਆਂ ਹਨ। ਇਹ ਵੀ ਕਾਰਨ ਹੈ ਕਿ ਹੱਥ ਤੇ ਲਕੀਰਾਂ ਪੈ ਜਾਂਦੀਆਂ ਹਨ।
ਸਾਡੇ ਮਾਂ-ਪਿਉ ਅਤੇ ਵੱਡ ਵਡੇਰਿਆਂ ਦੇ ਹੱਥਾਂ ਤੇ ਲਕੀਰਾਂ ਸਨ। ਮਾਪਿਆਂ ਦੇ ਗੁਣ ਬੱਚਿਆਂ ਵਿਚ ਪ੍ਰਵੇਸ਼ ਕਰਦੇ ਹੀ ਹਨ। ਇਸ ਤਰ੍ਹਾਂ ਹੱਥ ਦੀਆਂ ਲਕੀਰਾਂ ਦਾ ਗੁਣ ਵੀ ਪ੍ਰਵੇਸ਼ ਕਰ ਜਾਂਦਾ ਹੈ।
ਹੱਥ ਦੀਆਂ ਲਕੀਰਾਂ ਦਾ ਮਨੁੱਖੀ ਕਿੱਤੇ ਨਾਲ ਵੀ ਗੂੜਾ ਸਬੰਧ ਹੰੁਦਾ ਹੈ। ਹਲ਼ ਵਾਹੁਣ ਵਾਲੇ ਕਿਸਾਨਾਂ ਦੇ ਹੱਥਾਂ ਤੇ ਲਕੀਰਾਂ ਅੱਧੀਆਂ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਸਾਰਾ ਦਿਨ ਹਥੋੜੀ ਚਲਾਉਣ ਵਾਲੇ ਲੁਹਾਰ ਦੀਆਂ ਲਕੀਰਾਂ ਦਾ ਹਸ਼ਰ ਵੀ ਅਜਿਹਾ ਹੀ ਹੰੁਦਾ ਹੈ।
ਹੱਥ ਦੀਆਂ ਲਕੀਰਾਂ ਦਾ ਸਬੰਧ ਕਿਸੇ ਵਿਅਕਤੀ ਦੀ ਕਿਸਮਤ ਨਾਲ ਨਹੀਂ ਹੰੁਦਾ। ਪਰ ਜੋਤਸ਼ੀਆਂ ਨੇ ਆਪਣੀਆਂ ਕਿਸਮਤਾਂ ਦੇ ਨਿਰਮਾਣ ਲਈ ਇਨ੍ਹਾਂ ਲਕੀਰਾਂ ਦਾ ਸਬੰਧ ਕਿਸਮਤ ਨਾਲ ਜੋੜਨ ਲਈ ਹਜ਼ਾਰਾਂ ਸਾਲਾਂ ਤੋਂ ਇੱਕ ਯੋਜਨਾਬੰਦ ਢੰਗ ਨਾਲ ਪੂਰਾ ਪ੍ਰਚਾਰ ਜ਼ਰੂਰ ਕੀਤਾ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਇਸ ਪ੍ਰਥਾ ਦੀ ਰੀੜ ਦੀ ਹੱਡੀ ਤੋੜਨੀ ਅਤੀ ਜ਼ਰੂਰੀ ਹੈ।
ਅੰਤ ਵਿੱਚ ਮੈਂ ਤਰਕਸ਼ੀਲ ਸੁਸਾਇਟੀ ਰਜਿ. ਵੱਲੋਂ ਸਮੂਹ ਹੱਥ ਰੇਖਾਵਾਂ ਦੇ ਮਾਹਰਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਤਰਕਸ਼ੀਲ ਸੁਸਾਇਟੀ ਉਨ੍ਹਾਂ ਦੇ ਸਾਹਮਣੇ ਬੁਰਕੇ ਪੁਆਕੇ ਦਸ ਵਿਅਕਤੀਆਂ ਨੂੰ ਖੜ੍ਹੇ ਕਰਨ ਲਈ ਤਿਆਰ ਹੈ। ਉਨ੍ਹਾਂ ਦਾ ਇੱਕ-ਇੱਕ ਹੱਥ ਨੰਗਾ ਹੋਵੇਗਾ। ਜੇ ਹੱਥ ਰੇਖਾਵਾਂ ਦੇ ਮਾਹਰ ਉਨ੍ਹਾਂ ਦੇ ਹੱਥ ਦੇਖ ਕੇ ਇਹ ਦੱਸ ਦੇਣਗੇ ਕਿ ਇਨ੍ਹਾਂ ਵਿੱਚ ਕਿੰਨੀਆਂ ਇਸਤਰੀਆਂ ਕਿੰਨੇ ਮਰਦ ਅਤੇ ਕਿੰਨੇ ਖੁਸਰੇ ਹਨ। ਉਨ੍ਹਾਂ ਦੇ ਪੁੱਤਾਂ-ਧੀਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਯੋਗਤਾ ਅਤੇ ਕਿੱਤਾ ਕੀ ਕੀ ਹੈ। ਜੇ ਉਨ੍ਹਾਂ ਦੇ ਜੁਆਬ 95% ਸਹੀ ਹੋਣਗੇ ਤਾਂ ਤਰਕਸ਼ੀਲ ਸੁਸਾਇਟੀ ਉਨ੍ਹਾਂ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇ ਦੇਵੇਗੀ। ਚੁਣੌਤੀ ਕਬੂਲ ਕਰਨ ਲਈ ਜੋਤਸ਼ੀਆਂ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਜ਼ਮਾਨਤ ਦੇ ਤੌਰ ’ਤੇ ਜਮ੍ਹਾਂ ਕਰਵਾਉਣੀ ਹੋਵੇਗੀ। ਹਾਰ ਜਾਣ ਦੀ ਸੂਰਤ ਵਿਚ ਉਨ੍ਹਾਂ ਦੀ ਇਹ ਰਾਸ਼ੀ ਜ਼ਬਤ ਹੋ ਜਾਵੇਗੀ। ਜਿੱਤ ਜਾਣ ਦੀ ਸੂਰਤ ਵਿਚ ਇਹ ਇੱਕ ਕਰੋੜ ਰੁਪਏ ਦੇ ਇਨਾਮ ਨਾਲ ਵਾਪਸ ਦੇ ਦਿੱਤੀ ਜਾਵੇਗੀ। ਜ਼ਮਾਨਤ ਦੀ ਰਾਸ਼ੀ ਸਿਰਫ਼ ਸਸਤੀ ਸ਼ੋਹਰਤ ਲੱਭਣ ਵਾਲੇ ਵਿਅਕਤੀਆਂ ਨੂੰ ਭਜਾਉਣ ਲਈ ਹੀ ਰੱਖੀ ਗਈ ਹੈ। ਹਰ ਕਿਸਮ ਦੇ ਜੋਤਸ਼ੀਆਂ, ਪਾਂਡਿਆਂ ਨੂੰ ਇਸ ਇਨਾਮ ਨੂੰ ਜਿੱਤਣ ਲਈ ਸੱਦਾ ਦਿੱਤਾ ਜਾਂਦਾ ਹੈ।

ਕੁਝ ਥਾਵਾਂ ’ਤੇ ਲਾਟਾਂ ਕਿਵੇਂ ਬਲਦੀਆਂ ਹਨ?

eternal flame_topਮੇਘ ਰਾਜ ਮਿੱਤਰ (+91 98887 87440)

ਲਗਭਗ ਛੇ ਕਰੋੜ ਵਰ੍ਹੇ ਪਹਿਲਾਂ ਧਰਤੀ ਉੱਤੇ ਵੱਡੀਆਂ ਉਥਲਾਂ-ਪੁਥਲਾਂ ਹੋਈਆਂ। ਇਨ੍ਹਾਂ ਦਾ ਕਾਰਨ ਧਰਤੀ ਨਾਲ ਟਕਰਾਇਆ ਕੋਈ ਵੱਡਾ ਉਲਕਾ ਪਿੰਡ ਸੀ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਇਹ ਉਲਕਾ ਪਿੰਡ ਦੱਖਣੀ ਅਮਰੀਕਾ ਦੇ ਇਕ ਦੇਸ਼ ਅਰਜਨਟਾਇਨਾ ਵਿਖੇ ਟਕਰਾਇਆ ਸੀ। ਉਸ ਸਮੇਂ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਦੀਆਂ ਨੜ੍ਹਿਨਵੇਂ ਫੀਸਦੀ ਨਸਲਾਂ ਸਦਾ ਲਈ ਧਰਤੀ ਦੀਆਂ ਤੈਹਾਂ ਵਿਚ ਦਬ ਗਈਆਂ। ਆਕਸੀਜਨ ਦੀ ਅਣਹੋਂਦ ਕਾਰਨ ਇਹਨਾਂ ਜੀਵਾਂ ਦੀ ਇਹ ਚਰਬੀ ਤੇਲ ਅਤੇ ਗੈਸ ਵਿਚ ਬਦਲ ਗਈ। ਅੱਜ ਧਰਤੀ ਉੱਪਰ ਬਹੁਤ ਸਾਰੇ ਥਾਵਾਂ ਉੱਤੋਂ ਤੇਲ ਅਤੇ ਗੈਸ ਦੇ ਭੰਡਾਰ ਮਿਲ ਰਹੇ ਹਨ। ਕੁੱਝ ਥਾਵਾਂ ਉੱਪਰ ਇਹ ਧਰਤੀ ਦੀਆਂ ਘੱਟ ਡੂੰਘਾਈਆਂ ਉੱਪਰ ਵੀ ਮਿਲ ਜਾਂਦੇ ਹਨ, ਕੁੱਝ ਥਾਵਾਂ ਉੱਪਰ ਇਹ ਵੱਧ ਪੁਟਾਈ ਕਰਨ ਤੇ ਪ੍ਰਾਪਤ ਹੁੰਦੀਆਂ ਹਨ। ਹੁਸ਼ਿਆਰਪੁਰ ਤੋਂ ਕਾਂਗੜੇ ਦੀ ਯਾਤਰਾ ਕਰਦਿਆਂ ਰਾਸਤੇ ਵਿਚ ਬਹੁਤ ਸਾਰੀਆਂ ਗੋਲ-ਗੋਲ ਪੱਥਰਾਂ ਵਾਲੀਆਂ ਮਿੱਟੀ ਦੀਆਂ ਪਹਾੜੀਆਂ ਨਜ਼ਰ ਆਉਂਦੀਆਂ ਹਨ। ਇਹ ਇਸ ਗੱਲ ਦਾ ਪ੍ਰਤੀਕ ਹਨ ਕਿ ਇਸ ਸਥਾਨ ਉੱਪਰ ਕਿਸੇ ਸਮੇਂ ਸਮੁੰਦਰ ਹੁੰਦਾ ਸੀ। ਕਿਉਂਕਿ ਦਰਿਆਵਾਂ ਵਿਚੋਂ ਰੁੜ੍ਹਦੇ ਜਾਂਦੇ ਪੱਥਰ ਹਜ਼ਾਰਾਂ ਮੀਲਾਂ ਦੀ ਯਾਤਰਾ ਸੈਂਕੜੇ ਸਾਲਾਂ ਵਿਚ ਕਰਦੇ ਕਰਦੇ ਗੋਲ ਹੋ ਕੇ ਸਮੁੰਦਰਾਂ ਵਿਚ ਜਾ ਡਿੱਗਦੇ ਹਨ ਅਤੇ ਨਾਲ ਹੀ ਦਰਿਆਵਾਂ ਦੁਆਰਾ ਲਿਜਾਈ ਗਈ ਰੇਤ ਇਨ੍ਹਾਂ ਉੱਪਰ ਜਮ੍ਹਾਂ ਹੋ ਜਾਂਦੀ ਹੈ। ਕਿਸੇ ਸਮੇਂ ਕੋਈ ਭੁਚਾਲ ਆਉਂਦਾ ਹੈ ਅਤੇ ਇਹ ਸਮੁੰਦਰੀ ਡੂੰਘਾਈਆਂ ਵਿਚੋਂ ਪਹਾੜੀਆਂ ਦੇ ਰੂਪ ਵਿਚ ਉੱਭਰ ਆਉਂਦੀਆਂ ਹਨ। ਵਿਗਿਆਨਕਾਂ ਦਾ ਖ਼ਿਆਲ ਹੈ ਕਿ ਕਿਸੇ ਸਮੇਂ ਇਸ ਸਥਾਨ ਉੱਤੇ ਟੈਬੀਜ਼ ਨਾਂ ਦੇ ਸਮੁੰਦਰ ਦੀ ਹੋਂਦ ਸੀ। ਸੋ ਇਸ ਲਈ ਇਸ ਸਥਾਨ ’ਤੇ ਮਰੀਆਂ ਹੋਈਆਂ ਅਰਬਾਂ ਮੱਛੀਆਂ ਦੀ ਚਰਬੀ, ਤੇਲ ਅਤੇ ਗੈਸ ਦੇ ਰੂਪ ਵਿਚ ਜਮ੍ਹਾਂ ਹੋ ਗਈ।
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿਚ ਜਵਾਲਾ ਜੀ ਵਿਖੇ ਕੁਝ ਥਾਵਾਂ ’ਤੇ ਅਜਿਹੀਆਂ ਲਾਟਾਂ ਬਲ ਰਹੀਆਂ ਹਨ। ਇਸ ਦੀ ਖੁਦਾਈ ਕਰਨ ਲਈ ਇਸ ਸ਼ਹਿਰ ਵਿਚ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ ਦੇ ਦਫ਼ਤਰ ਦੀ ਮੌਜੂਦਗੀ ਦਰਸਾਉਂਦੀ ਹੈ ਕਿ ਉਹਨਾਂ ਨੇ ਇਥੇ ਖੁਦਾਈ ਰਾਹੀਂ ਗੈਸਾਂ ਕੱਢਣ ਦਾ ਯਤਨ ਕੀਤਾ ਵੀ ਹੈ। ਪਰ ਉਹਨਾਂ ਦੇ ਬੋਰ ਕਰਨ ਦੇ ਬਰਮਿਆਂ ਦੀ ਡੂੰਘਾਈ ਘੱਟ ਹੋਣ ਕਾਰਨ ਉਹਨਾਂ ਨੂੰ ਇਸ ਸਥਾਨ ਤੋਂ ਗੈਸ ਪ੍ਰਾਪਤ ਹੋਈ ਹੈ ਪਰ ਇਸਦੀ ਮਾਤਰਾ ਬਹੁਤੀ ਨਹੀਂ ਸੀ, ਸੋ ਇਹ ਕੱਢਣੀ ਲਾਹੇਵੰਦ ਵੀ ਨਹੀਂ ਸੀ। ਉਹਨਾਂ ਨੂੰ ਯਕੀਨ ਹੈ ਕਿ ਜਦੋਂ ਵੀ ਉਹਨਾਂ ਕੋਲ ਵੱਧ ਡੂੰਘਾਈ ਕਰਨ ਵਾਲੀਆਂ ਮਸ਼ੀਨਾਂ ਆ ਜਾਣਗੀਆਂ ਤਾਂ ਇਸ ਸਥਾਨ ਤੋਂ ਉਹਨਾਂ ਨੂੰ ਗੈਸ ਵੀ ਵੱਡੀ ਮਾਤਰਾ ਵਿਚ ਮਿਲ ਜਾਣੀ ਹੈ। ਆਪਣੀ ਯਾਤਰਾ ਸਮੇਂ ਮੈਂ ਵੇਖਿਆ ਹੈ ਕਿ ਇਸ ਸਥਾਨ ’ਤੇ ਅਜਿਹੇ ਪੱਥਰ ਮੌਜੂਦ ਹਨ ਜਿਨ੍ਹਾਂ ਵਿਚ ਬਰੀਕ-ਬਰੀਕ ਮੁਸਾਮ ਹਨ। ਮੁਸਾਮਦਾਰ ਪੱਥਰ ਸਿਰਫ ਉਨ੍ਹਾਂ ਸਥਾਨਾਂ ’ਤੇ ਹੀ ਮਿਲਦੇ ਹਨ ਜਿੱਥੇ ਗੈਸਾਂ ਰਿਸ ਰਿਸ ਕੇ ਬਾਹਰ ਆ ਸਕਦੀਆਂ ਹੋਣ। ਜਵਾਲਾ ਜੀ ਦੇ ਮੰਦਰ ਦੀ ਦੂਸਰੀ ਮੰਜ਼ਿਲ ’ਤੇ ਇਕ ਸਥਾਨ ਹੈ ਜਿਸ ਨੂੰ ਗੋਰਖ ਟਿੱਬੀ ਕਿਹਾ ਜਾਂਦਾ ਹੈ, ਇਥੇ ਇਕ ਛੋਟੇ ਜਿਹੇ ਕੁੰਡ ਵਿਚ ਠੰਢਾ ਪਾਣੀ ਉੱਬਲਦਾ ਨਜ਼ਰ ਆਉਂਦਾ ਹੈ। ਇਹੀ ਪਾਣੀ ਵਿਚੋਂ ਨਿਕਲੀ ਗੈਸ ਕਰਕੇ ਹੀ ਹੁੰਦਾ ਹੈ। ਇਕ ਜਾਂ ਦੋ ਮਿੰਟ ਵਿਚ ਇਸ ਕੁੰਡ ਵਿਚ ਗੈਸ ਇਕੱਠੀ ਹੋ ਜਾਂਦੀ ਹੈ। ਪੁਜਾਰੀ ਧੂਪ ਜਾਂ ਬੱਤੀ ਨਾਲ ਵੱਡੀ ਲਾਟ ਪ੍ਰਗਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। ਜੇ ਤੁਸੀਂ ਪੁਜਾਰੀ ਨੂੰ ਉਸੇ ਸਮੇਂ ਹੀ ਦੁਬਾਰਾ ਅੱਗ ਲਾਉਣ ਲਈ ਕਹੋਗੇ ਤਾਂ ਉਹ ਅਜਿਹਾ ਨਹੀਂ ਕਰ ਸਕੇਗਾ ਕਿਉਂਕਿ ਗੈਸ ਇਕੱਠੀ ਹੋਣ ਨੂੰ ਇਕ-ਦੋ ਮਿੰਟ ਲਗਦੇ ਹਨ। ਠੰਢੇ ਪਾਣੀ ਵਿਚੋਂ ਬੁਲਬੁਲੇ ਵੀ ਨਿਕਲਦੇ ਨਜ਼ਰ ਆਉਂਦੇ ਹਨ ਜੋ ਇਸ ਗੱਲ ਦਾ ਸਬੂਤ ਹੈ ਕਿ ਗੈਸ ਰਿਸ ਰਿਸ ਕੇ ਬਾਹਰ ਆ ਰਹੀ ਹੈ।
ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਵੇਂ ਆਪਣਾ ਵਿਸ਼ਵਾਸ ਇਨ੍ਹਾਂ ਗੱਲਾਂ ਵਿਚ ਬਰਕਰਾਰ ਰੱਖਣ ਪਰ ਤਰਕਸ਼ੀਲਾਂ ਤੇ ਵਿਗਿਆਨਕਾਂ ਦੁਆਰਾ ਦਰਸਾਈਆਂ ਉਪਰੋਕਤ ਸੱਚਾਈਆਂ ਨੂੰ ਵੀ ਆਪਣੇ ਤਰਕ ਦੀ ਕਸੌਟੀ ’ਤੇ ਜ਼ਰੂਰ ਪਰਖਣ। ਤਰਕਸ਼ੀਲ ਕਦੇ ਵੀ ਕਿਸੇ ਧਾਰਮਿਕ ਸਮਾਗਮ ਵਿਚ ਜਾ ਕੇ ਕੋਈ ਭੜਕਾਹਟ ਪੈਦਾ ਕਰਨ ਵਿਚ ਯਕੀਨ ਨਹੀਂ ਰੱਖਦੇ ਅਤੇ ਨਾ ਹੀ ਉਹ ਕਦੇ ਅਜਿਹਾ ਕਰਨਗੇ। ਜੇ ਕੋਈ ਅਜਿਹਾ ਕਰੇਗਾ ਤਾਂ ਉਹ ਤਰਕਸ਼ੀਲ ਹੋਵੇਗਾ ਵੀ ਨਹੀਂ। ਤਰਕਸ਼ੀਲਾਂ ਦਾ ਮੁੱਖ ਮੰਤਵ ਧਰਮ ਦੇ ਨਾਂ ’ਤੇ ਗੁਮਰਾਹ ਕਰਕੇ ਲੋਕਾਂ ਵਿਚ ਦੰਗੇ ਭੜਕਾਉਣ ਵਾਲੀਆਂ ਸਿਆਸਤਾਂ ਨੂੰ ਨਾਕਾਮ ਕਰਨਾ ਹੈ। ਸਾਨੂੰ ਇਸ ਕੰਮ ਵਿੱਚ ਲੋਕਾਂ ਦੇ ਸਹਿਯੋਗ ਦੀ ਅਤਿ ਲੋੜ ਹੈ।

ਸਾਧ ਸੰਤ ਬਨਾਮ ਤਰਕਸ਼ੀਲ

NagaSadhuਮੇਘ ਰਾਜ ਮਿੱਤਰ (+91 98887 87440)

 ਜਿਉਂ ਜਿਉਂ ਪੰਜਾਬ ਵਿਚ ਤਰਕਸ਼ੀਲ ਲਹਿਰ ਵਿਕਾਸ ਕਰ ਰਹੀ ਹੈ ਉਸੇ ਹੀ ਰਫਤਾਰ ਨਾਲ ਲੋਕਾਂ ਅਤੇ ਤਰਕਸ਼ੀਲਾਂ ਦੇ ਸਾਧਾਂ ਸੰਤਾਂ ਨਾਲ ਝਗੜੇ ਵਧ ਰਹੇ ਹਨ। ਕਿਸੇ ਸਥਾਨ ਤੇ ਮਕਸੂਦੜਾਂ ਵਾਲੇ ਨੇ ਪਿੰਡ ਦੇ ਲੋਕਾਂ ਦੀ ਜ਼ਮੀਨ ਦੱਬੀ ਹੋਈ ਹੈ ਅਤੇ ਕੋਈ ਬੜੂੰਦੀ ਦਾ ਪਾਖੰਡੀ ਹੀ ਉਸੇ ਪਿੰਡ ਦੇ ਵਸਨੀਕ ਦੀ ਕਮਾਈ ਛੇ ਹਜ਼ਾਰ ਡਾਲਰ ਹੜੱਪ ਕਰ ਗਿਆ ਹੈ। ਕਿਸੇ ਹੋਰ ਸਥਾਨ ਤੇ ਸੰਤ ਨੇ ਖਾਂਦੇ ਪੀਂਦੇ ਘਰਾਂ ਵਿੱਚ ਵੀ ਕਲੇਸ਼ ਪਵਾ ਦਿੱਤਾ ਹੈ। ਕਿਸੇ ਹੋਰ ਇਲਾਕੇ ਦਾ ਸੰਤ ਹੀ ਬਲਾਤਕਾਰ ਕਰਦਾ ਰੰਗੇ ਹੱਥੀਂ ਫੜਿਆ ਗਿਆ ਹੈ। ਜਦੋਂ ਅਜਿਹੀਆਂ ਘਟਨਾਵਾਂ ਕਿਸੇ ਵੀ ਇਲਾਕੇ ਵਿੱਚ ਵਾਪਰਦੀਆਂ ਹਨ ਤਾਂ ਲੋਕ ਤਰਕਸ਼ੀਲਾਂ ਤੋਂ ਸਹਾਇਤਾ ਦੀ ਮੰਗ ਕਰਦੇ ਹਨ ਭਾਵੇਂ ਉਨ੍ਹਾਂ ਨੂੰ ਇਹ ਮੰਗ ਪ੍ਰਸ਼ਾਸਨ ਤੋਂ ਕਰਨੀ ਚਾਹੀਦੀ ਹੈ, ਕਿਉਂਕਿ ਪ੍ਰਸ਼ਾਸ਼ਨ ਕਿਸੇ ਨਾ ਕਿਸੇ ਰੂਪ ਵਿਚ ਦੋਸ਼ੀਆਂ ਨਾਲ ਮਿਲਿਆ ਹੁੰਦਾ ਹੈ ਇਹ ਮਿਲੀ ਭੁਗਤ ਸਰਕਾਰ ਚਲਾ ਰਹੀ ਪਾਰਟੀ ਦੀ ਵੋਟਾਂ ਵੇਲੇ ਕੀਤੀ ਮੱਦਦ ਜਾਂ ਵਿੱਤੀ ਸਹਾਇਤਾ ਜਾਂ ਮੌਕੇ ਦੇ ਅਫ਼ਸਰਾਂ ਨੂੰ ਚੜਾਇਆ ਚੜ੍ਹਾਵਾ ਆਦਿ ਹੋ ਸਕਦੇ ਹਨ। ਕਹਿਣ ਦਾ ਭਾਵ ਹੈ ਕਿ ਲੋਕਾਂ ਦਾ ਵਿਸ਼ਵਾਸ ਪ੍ਰਸ਼ਾਸ਼ਨ ਵਿੱਚ ਨਹੀਂ ਹੁੰਦਾ ਹੈ ਸੋ ਉਹ ਲੋਕ ਤਰਕਸ਼ੀਲਾਂ ਨੂੰ ਮੱਦਦ ਲਈ ਅਪੀਲ ਕਰਦੇ ਹਨ। ਹੁਣ ਤਰਕਸ਼ੀਲਾਂ ਕੋਲ ਕੋਈ ਕਾਨੂੰਨੀ ਅਧਿਕਾਰ ਨਹੀਂ ਹੁੰਦਾ ਸੋ ਉਹ ਵੀ ਕਾਰਵਾਈ ਕਰਨ ਤੋਂ ਅਸਮਰਥ ਹੁੰਦੇ ਹਨ। ਅੱਜ ਦੇ ਸਾਧ ਸੰਤ ਵੀ ਬਹੁਤ ਹੀ ਚਾਲਾਕ ਹਨ। ਉਹ ਯਤਨ ਕਰਦੇ ਹਨ ਕਿ ਉਹ ਕਿਸੇ ਨਾ ਕਿਸੇ ਧਰਮ ਦੀ ਓਟ ਵਿੱਚ ਹੀ ਆਪਣੀਆਂ ਕਰਤੂਤਾਂ ਜਾਰੀ ਰੱਖ ਸਕਣ ਅੱਜ ਪੰਜਾਬ ਦੇ ਹਜ਼ਾਰਾਂ ਹੀ ਅਜਿਹੇ ਪਾਖੰਡੀ ਧਰਮ ਵਿੱਚ ਆਪਣਾ ਪਾਖੰਡ ਜਾਰੀ ਰੱਖ ਰਹੇ ਹਨ। ਸੋ ਅਜਿਹੀਆਂ ਹਾਲਾਤਾਂ ਵਿੱਚ ਤਰਕਸ਼ੀਲਾਂ ਅਤੇ ਹੋਰ ਅਗਾਂਹਵਧੂ ਲੋਕਾਂ ਨੂੰ ਆਪਣੀ ਭੂਮਿਕਾ ਕਿਵੇਂ ਨਿਭਾਉਣੀ ਚਾਹੀਦੀ ਹੈ ? ਤਾਂ ਜੋ ਅਸੀਂ ਆਪਣੇ ਸਮਾਜ ਨੂੰ ਹੋਰ ਅੱਗੇ ਵਧਾ ਸਕੀਏ। ਸਾਨੂੰ ਇਹ ਗੱਲ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਕੋਲ ਬਿਨ੍ਹਾਂ ਮਿਹਨਤ ਦੇ ਪੈਸਾ ਆ ਜਾਂਦਾ ਹੈ ਤਾਂ ਉਹ ਇਸ ਪੈਸੇ ਦਾ ਦੁਰਉਪਯੋਗ ਕਰਦਾ ਹੀ ਹੈ। ਹੁਣ ਹਰੇਕ ਸਾਧ ਸੰਤ ਕੋਲ ਆਇਆ ਪੈਸਾ ਕਿਹੜਾ ਉਨ੍ਹਾਂ ਦੀ ਹੱਡ ਪਸੀਨੇ ਦੀ ਕਮਾਈ ਹੁੰਦੀ ਹੈ ਇਹ ਤਾਂ ਸ਼ਰਧਾਲੂਆਂ ਵਲੋਂ ਚੜਾਇਆ ਚੜ੍ਹਾਵਾ ਹੀ ਹੁੰਦਾ ਹੈ ਸੋ ਇਸ ਪੈਸੇ ਦਾ ਦੁਰਉਪਯੋਗ ਕਰਨਾ ਉਨ੍ਹਾਂ ਦੀ ਲੋੜ ਹੀ ਹੁੰਦੀ ਹੈ। ਭੁੱਖਾ ਮਰਦਾ, ਜਾਂ ਮਿਹਨਤ ਤੋਂ ਡਰਦਾ ਜਾਂ ਕਿਸੇ ਹੋਰ ਕਾਰਨ ਘਰੋਂ ਭੱਜਿਆ ਅਸਾਧਾਰਨ ਮਾਨਸਿਕ ਵਿ੍ਰਤੀ ਵਾਲਾ ਵਿਅਕਤੀ ਹੀ ਸਾਧ ਬਣਦਾ ਹੈ। ਹੁਣ ਜਦੋਂ ਇਹ ਕਿਸੇ ਹੋਰ ਸਥਾਨ ਤੇ ਜਾ ਡੇਰਾ ਲਾਉਂਦਾ ਹੈ ਤਾਂ ਉਸ ਦੇ ਡੇਰੇ ਵਿੱਚ ਆਉਣ ਵਾਲੇ ਕਿਸੇ ਵੀ ਸ਼ਰਧਾਲੂ ਨੂੰ ਉਸ ਵਿੱਚ ਗੈਬੀ ਸ਼ਕਤੀ ਹੋਣ ਦਾ ਭਰਮ ਖੜ੍ਹਾ ਹੋ ਜਾਂਦਾ ਹੈ ਸਿੱਟੇ ਵਜੋਂ ਅਜਿਹੇ ਵਿਅਕਤੀ ਸੰਮੋਹਤ ਹੋ ਕੇ ਉਸ ਦੇ ਸ਼ਰਧਾਲੂ ਬਣ ਜਾਂਦੇ ਹਨ। ਸੋ ਆਪਣੀ ਮਿਹਨਤ ਦੀ ਕਮਾਈ ਡੇਰੇ ਉੱਪਰ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਜਿਉਂ ਜਿਉਂ ਸਾਧ ਦੀ ਉਪਮਾ ਵਧਦੀ ਜਾਂਦੀ ਹੈ ਉਸਦਾ ਡੇਰਾ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਸਾਧਾਂ ਸੰਤਾਂ ਦੀ ਨਿੰਦਿਆਂ ਨਹੀਂ ਕਰਨੀ ਚਾਹੀਦੀ। ਇਸ ਲਈ ਬਹੁਤੇ ਸ਼ਰਧਾਲੂ ਜਿਹੜੇ ਸਾਧਾਂ ਦੇ ਘਟੀਆ ਪੱਖਾਂ ਤੋਂ ਜਾਣੂੰ ਹੁੰਦੇ ਹਨ ਉਹ ਚੁੱਪ ਵੱਟ ਜਾਂਦੇ ਹਨ ਅਤੇ ਦੂਸਰੇ ਆਪਣੀਆਂ ਛੱਤਾਂ ਤੇ ਚੜ੍ਹ ਕੇ ਉਨ੍ਹਾਂ ਦਾ ਪ੍ਰਚਾਰ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਸਾਧਗਿਰੀ ਦਾ ਧੰਦਾ ਵਿਕਾਸ ਕਰਦਾ ਰਹਿੰਦਾ ਹੈ। ਅਸੀਂ ਜਾਣਦੇ ਹਾਂ ਕਿ ਕੁੱਲੀ, ਗੁੱਲੀ, ਜੁੱਲੀ ਅਤੇ ਕਾਮ ਤਿ੍ਰਪਤੀ ਮਨੁੱਖ ਦੀਆਂ ਜ਼ਰੂਰਤਾਂ ਹਨ। ਸੋ ਸਾਧ ਵੀ ਇਨਸਾਨ ਹੀ ਹੁੰਦੇ ਹਨ ਇਸ ਲਈ ਪਹਿਲਾਂ ਇਹ ਆਪਣੀ ਕੁੱਲੀ ਭਾਵ ਡੇਰੇ ਨੂੰ ਵਧੀਆ ਬਣਾਉਂਦੇ ਹਨ ਅਤੇ ਫਿਰ ਵਧੀਆ ਤੋਂ ਵਧੀਆ ਖਾਣਾ ਖਾਂਦੇ ਹਨ ਹੁਣ ਜਦੋਂ ਖੁਰਾਕ ਵਧੀਆ ਹੋਈ ਤਾਂ ਸਰੀਰ ਵਿੱਚ ਰਸ ਵੀ ਪੈਦਾ ਹੋਣਗੇ ਹੀ ਹੁਣ ਇਨ੍ਹਾਂ ਰਸਾਂ ਖਾਰਜ ਕਰਨਾ ਵੀ ਜ਼ਰੂਰੀ ਹੀ ਹੋਊ। ਹੁਣ ਤੁਸੀਂ ਕਿਸੇ ਵੀ ਇਨਸਾਨ ਕੋਲ ਇਹ ਸਹੂਲਤਾਂ ਉਪਲਬਧ ਹੁੰਦੇ ਹੋਏ ਵੀ ਇਹ ਆਸ ਰੱਖੋ ਕਿ ਉਹ ਇਨ੍ਹਾਂ ਦਾ ਉਪਯੋਗ ਨਹੀਂ ਕਰਦਾ ਹੋਵੇਗਾ। ਮੇਰਾ ਖ਼ਿਆਲ ਹੈ ਕਿ ਤੁਸੀਂ ਜ਼ਰੂਰ ਹੀ ਮੰਦਬੁੱਧੀ ਦੇ ਮਾਲਕ ਹੋਵੋਗੇ। ਸੋ ਪੰਜਾਬ ਦਾ ਹਰ ਸਾਧ ਸੰਤ ਜਿਸਦੇ ਡੇਰੇ ਵਿੱਚ ਗਹਿਮਾ-ਗਹਿਮੀ ਹੈ ਉਹ ਇਨ੍ਹਾਂ ਸਹੂਲਤਾਂ ਨੂੰ ਮਾਣਦਾ ਹੀ ਹੈ। ਰਿਹਾ ਸਵਾਲ ਕਾਰਾਂ ਜਾਂ ਹੈਲੀਕਾਪਟਰਾਂ ਵਿੱਚ ਸਫ਼ਰ ਕਰਨ ਦਾ। ਜੇ ਮੈਨੂੰ ਜਾਂ ਤੁਹਾਨੂੰ ਇਹ ਸਹੂਲਤਾਂ ਉਪਲਬਧ ਹੋਣ ਤੇ ਜੇ ਅਸੀਂ ਇਨ੍ਹਾਂ ਦਾ ਉਪਯੋਗ ਨਹੀਂ ਕਰਾਂਗੇ ਤਾਂ ਅਸੀਂ ਮੂਰਖ ਹੀ ਕਹਾਂਵਾਂਗੇ। ਸੋ ਅਜਿਹੀਆਂ ਹਾਲਤਾਂ ਵਿੱਚ ਤਰਕਸ਼ੀਲਾਂ ਅਤੇ ਅਗਾਂਹਵਧੂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਧਾਂ ਸੰਤਾਂ ਅਤੇ ਉਨ੍ਹਾਂ ਦੀਆਂ ਕਰਤੂਤਾਂ ਪ੍ਰਤੀ ਲੋਕਾਂ ਨੂੰ ਚੇਤਨ ਕਰਨ ਦਾ ਕੰਮ ਜ਼ਾਰੀ ਰੱਖਣ ਪਰ ਉਨ੍ਹਾਂ ਦੀ ਪ੍ਰਚਾਰ ਦੀ ਸੁਰ ਨਿੱਜ ਵੱਲ ਨਾ ਹੋ ਕੇ ਸਮੂਹਿਕ ਵੱਲ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਆਪ ਨੂੰ, ਆਪਣੀ ਜਥੇਬੰਦੀ ਨੂੰ ਨਿੱਜੀ ਝਗੜਿਆਂ ਤੋਂ ਬਚਾਉਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਸਾਧਾਂ ਸੰਤਾਂ ਦੀਆਂ ਕਰਤੂਤਾਂ ਦਾ ਵਿਰੋਧ ਕਰਦੇ ਹੋਏ ਵੀ ਵੱਧ ਜੋਰ ਆਮ ਲੋਕਾਂ ਦੀ ਚੇਤਨਤਾ ਨੂੰ ਵਧਾਉਣ ਵੱਲ ਲਾਉਣਾ ਚਾਹੀਦਾ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਹਰ ਕਿਸਮ ਦੇ ਲੀਡਰ ਆਪਣੀਆਂ ਵੋਟਾਂ ਵਧਾਉਣ ਲਈ ਇਨ੍ਹਾਂ ਸਾਧਾਂ/ਸੰਤਾਂ ਨੂੰ ਛਤਰੀ ਨਾਲ ਛਾਂ ਕਰਦੇ ਹਨ। ਸੋ ਤਰਕਸ਼ੀਲਾਂ ਨੂੰ ਇਨ੍ਹਾਂ ਸਿਆਸੀ ਆਗੂਆਂ ਅਤੇ ਸਾਧਾਂ ਸੰਤਾਂ ਦੇ ਨਾਪਾਕ ਗਠਜੋੜ ਨੂੰ ਵੀ ਲੋਕਾਂ ਵਿੱਚ ਨੰਗਾ ਕਰਨਾ ਚਾਹੀਦਾ ਹੈ। ਅੰਤ ਵਿੱਚ ਮੈਂ ਸਮੂਹ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਚਮਤਕਾਰ ਨਹੀਂ ਹੁੰਦੇ, ਸੋ ਕਿਸੇ ਵੀ ਵਿਅਕਤੀ ਵਿੱਚ ਚਮਤਕਾਰੀ ਗ਼ੈਬੀ ਸ਼ਕਤੀਆਂ ਦਾ ਹੋਣਾ ਅਸੰਭਵ ਗੱਲ ਹੈ, ਸੰਸਾਰ ਭਰ ਵਿਚ ਕਦੇ ਵੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਵਾਪਰੇਗੀ ਜਿਸ ਪਿੱਛੇ ਕੋਈ ਵਿਗਿਆਨਕ ਨਿਯਮ ਨਾ ਕੰਮ ਕਰਦਾ ਹੋਵੇ। ਸੋ ਸਾਧਾਂ ਸੰਤ ਇਨਸਾਨ ਹਨ ਅਤੇ ਹਰ ਇਨਸਾਨੀ ਜ਼ਰੂਰਤ ਉਨ੍ਹਾਂ ਦੀ ਲੋੜ ਹੈ। ਸੋ ਪੰਜਾਬ ਦੇ ਕਿਸੇ ਵੀ ਸੰਤ ਨੂੰ ਬ੍ਰਹਮਚਾਰੀ ਸਮਝਣਾ ਅਤੇ ਉਨ੍ਹਾਂ ਦੇ ਡੇਰੇ ਨੂੰ ਪਾਕ ਸਮਝਣਾ ਨਿਰੀ ਮੂਰਖ਼ਤਾ ਹੀ ਹੈ।

ਤਰਕਸ਼ੀਲਾਂ ਦਾ ਧਰਮ ਬਾਰੇ ਨਜ਼ਰੀਆ

ਮੇਘ ਰਾਜ ਮਿੱਤਰ (+91 98887 87440)

ਤਰਕਸ਼ੀਲ ਨਾ ਤਾਂ ਕੌਮ-ਪ੍ਰਸਤੀ ਦੀ ਹਾਮੀ ਹਨ ਅਤੇ ਨਾ ਹੀ ਅੰਨ੍ਹੀ ਦੇਸ਼-ਭਗਤੀ ਦੇ। ਉਨ੍ਹਾਂ ਨੇ ਕਦੇ ਵੀ ਇਹ ਨਹੀਂ ਚਾਹਿਆ ਕਿ ਸੰਸਾਰ ਵਿਚ ਪਰਮਾਣੂ ਧਮਾਕੇ ਕੀਤੇ ਜਾਣ ਜਾਂ ਪਰਮਾਣੂ ਬੰਬਾਂ ਦੀ ਵਰਤੋਂ ਨਾਲ ਇਨਸਾਨੀਅਤ ਦਾ ਘਾਣ ਕੀਤਾ ਜਾਵੇ। ਸਗੋਂ ਉਹ ਸਮੇਂ-ਸਮੇਂ ਸਿਰ ਆਪਣੀਆਂ ਪੁਸਤਕਾਂ ਅਤੇ ਰਸਾਲਿਆਂ ਰਾਹੀਂ ਇਨ੍ਹਾਂ ਦੀ ਵਰਤੋਂ ਵਿਰੁੱਧ ਲੋਕਾਂ ਨੂੰ ਸੁਚੇਤ ਵੀ ਕਰਦੇ ਰਹੇ ਹਨ। ਇਸ ਸਾਲ ਦੀ ਮਰਦਮਸ਼ੁਮਾਰੀ ਸਮੇਂ ਤਰਕਸ਼ੀਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਧਰਮ ਵਾਲੇ ਖਾਨੇ ਵਿਚ ਇਨਸਾਨੀਅਤ ਲਿਖਵਾਉਣ ਕਿਉਂਕਿ ਉਨ੍ਹਾਂ ਦੀ ਨਜ਼ਰ ਵਿਚ ਧਰਮ ਅੱਜ ਦੀਆਂ ਹਾਲਤਾਂ ਵਿਚ ਕੋਈ ਹਾਂ-ਪੱਖੀ ਰੋਲ ਅਦਾ ਨਹੀਂ ਕਰ ਰਿਹਾ ਹੈ।
ਅੱਜ ਤੋਂ ਦਸ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਪਸ਼ੂਆਂ ਵਰਗੀ ਜ਼ਿੰਦਗੀ ਜਿਉਂ ਰਿਹਾ ਸੀ। ਨਾ ਤਾਂ ਉਸਨੂੰ ਭੈਣਾਂ-ਭਰਾਵਾਂ, ਮਾਤਾ-ਪਿਤਾ ਦੇ ਰਿਸ਼ਤਿਆਂ ਦੀ ਸਮਝ ਸੀ ਅਤੇ ਨਾ ਹੀ ਉਹ ਸੱਚ ਝੂਠ ਜਾਇਜ਼ ਨਜਾਇਜ਼ ਗੱਲਾਂ ਨੂੰ ਸਮਝਦਾ ਸੀ ਅਤੇ ਇਸਦੇ ਨਾਲ ਹੀ ਉਹ ਵੱਖ-ਵੱਖ ਘਟਨਾਵਾਂ ਪਿੱਛੇ ਕੰਮ ਕਰਨ ਵਾਲੇ ਵਿਗਿਆਨਕ ਕਾਰਨਾਂ ਨੂੰ ਸਮਝਣ ਤੋਂ ਅਸਮਰਥ ਸੀ। ਇਸ ਲਈ ਜਿਸ ਦੀ ਲਾਠੀ ਉਸਦੀ ਮੱਝ ਵਾਲੀ ਕਹਾਵਤ ਪੂਰੀ ਤਰ੍ਹਾਂ ਪ੍ਰਚੱਲਤ ਸੀ। ਜੇ ਅਸੀਂ ਇਹ ਕਹਿ ਲਈਏ ਕਿ ਮਨੁੱਖ ਜੰਗਲੀ ਜਾਨਵਰਾਂ ਵਾਲੀ ਜ਼ਿੰਦਗੀ ਜਿਉਂ ਰਿਹਾ ਸੀ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁਝ ਸੂਝਵਾਨ ਵਿਚਾਰਕਾਂ ਨੇ ਇਸ ਜੰਗਲੀ ਸਮਾਜ ਵਿੱਚ ਕੁਝ ਕਾਨੂੰਨ ਬਣਾਉਣ ਦੀ ਗੱਲ ਤੋਰੀ ਅਤੇ ਇਸ ਤਰ੍ਹਾਂ ਮੁੱਢਲੇ ਸਮੇਂ ਵਿੱਚ ਧਰਮ ਦਾ ਰੋਲ ਹਾਂ ਪੱਖੀ ਰਿਹਾ ਹੈ। ਜੇ ਅੱਜ ਸਾਡੇ ਸਮਾਜ ਵਿੱਚ ਇੱਕ ਇਸਤਰੀ ਇੱਕ ਪੁਰਸ਼ ਦਾ ਨਿਯਮ ਜਾਂ ਕੁਝ ਸਪਸ਼ਟ ਜਾਇਜ਼ ਨਾਜਾਇਜ਼ ਦੇ ਨਿਯਮ ਪ੍ਰਚਲਤ ਹਨ ਤਾਂ ਇਹ ਧਰਮਾਂ ਦਾ ਹੀ ਯੋਗਦਾਨ ਹੈ ਕਿ ਮਨੁੱਖ ਕੁਝ ਸੱਭਿਅਕ ਹੋਇਆ ਹੈ। ਵੱਖ-ਵੱਖ ਵਿਚਾਰਕਾਂ ਨੇ ਧਰਮ ਨੂੰ ਇੰਜ ਪਰਿਭਾਸ਼ਿਤ ਕੀਤਾ ਹੈ।
ਸੰਸ�ਿਤ ਦੇ ਪ੍ਰਸਿੱਧ ਵਿਆਕਰਣਕਾਰ ਪਾਣਿਨੀ ਅਨੁਸਾਰ ਧਰਮ ਸ਼ਬਦ ਦੀ ਉਤਪਤੀ ਧਿਰ ਅਰਥਾਤ ਧਾਤੂ ਤੋਂ ਹੋਈ ਹੈ ਜਿਸ ਦਾ ਅਰਥ ਹੈ ‘ਧਾਰਨ ਕਰਨਾ’।
GODਇੱਕ ਨਿਸ਼ਚਿਤ ਵਿਧੀ ਨੂੰ ਧਾਰਨ ਕਰਨਾ। ਸੋ ਧਰਮ ਦਾ ਅਰਥ ਹੈ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਣ ਲਈ ਕੁਝ ਖਾਸ ਨਿਯਮਾਂ, ਅਸੂਲਾਂ ਜਾਂ ਸਿਧਾਂਤਾਂ ਨੂੰ ਧਾਰਨ ਕਰਨਾ। ਕੁਝ ਹੋਰ ਵਿਦਵਾਨਾਂ ਨੇ ਵੀ ਧਰਮ ਨੂੰ ਪਰਿਭਾਸ਼ਿਤ ਕੀਤਾ ਹੈ ਜਿਵੇਂ ਉਪਨਿਸ਼ਦਾਂ ਵਿੱਚ ਕਿਹਾ ਗਿਆ ਹੈ ਕਿ ‘ਜੋ ਸੱਚ ਹੈ ਉਹ ਧਰਮ ਹੈ, ਜੋ ਧਰਮ ਹੈ ਉਹ ਸੱਚ ਹੈ।’ ਜੈਮਿਨੀ ਕਰਮਕਾਂਡਾਂ ਨੂੰ ਕਰਨਾ ਹੀ ਧਰਮ ਮੰਨਦਾ ਹੈ। ਮੰਨੂੰ ਮਨ ਤੇ ਕਾਬੂ, ਪਵਿੱਤਰਤਾ, ਖਿਮਾ, ਚੋਰੀ ਨਾ ਕਰਨਾ, ਇੰਦਰੀਆਂ ਨੂੰ ਵੱਸ ਵਿੱਚ ਰੱਖਣਾ, ਗਿਆਨ ਤੇ ਵਿੱਦਿਆ ਪ੍ਰਾਪਤ ਕਰਨਾ, ਸੱਚ ਦਾ ਪਾਲਣ ਕਰਨਾ, ਕੋ੍ਰਧ ਦਾ ਤਿਆਗ ਕਰਨਾ ਆਦਿ ਨੂੰ ਧਰਮ ਦੱਸਦਾ ਹੈ। ਬੁੱਧ ਧਰਮ ਦਾ ਸੰਸਥਾਪਕ ਗੌਤਮ ਬੁੱਧ ਹਿੰਸਾ, ਚੋਰੀ ਨਾ ਕਰਨੀ, ਸਦਾ ਸੱਚ ਬੋਲਣਾ, ਚੰਗਾ ਚਾਲ ਚਲਣ ਰੱਖਣਾ, ਚੰਗੇ ਵਿਚਾਰ ਰੱਖਣਾ, ਸੰਜਮ ਨਾਲ ਰਹਿਣਾ, ਨਸ਼ਿਆਂ ਤੋਂ ਬਚਣਾ, ਕਿਸੇ ਦਾ ਬੁਰਾ ਨਾ ਕਰਨਾ ਆਦਿ ਨਿਯਮਾਂ ਨੂੰ ਹੀ ਧਰਮ ਮੰਨਦਾ ਹੈ। ਆਧੁਨਿਕ ਵਿਦਵਾਨਾਂ ਵਿੱਚੋਂ ਬਹੁਤਿਆਂ ਨੇ ਮਨੁੱਖੀ ਫਰਜ਼ਾਂ ਨੂੰ ਨਿਭਾਉਣਾ ਹੀ ਧਰਮ ਮੰਨਿਆ ਹੈ। ਸੋ ਜੇ ਅਸੀਂ ਧਰਮਾਂ ਦੀ ਵੱਖ-ਵੱਖ ਪਰਿਭਾਸ਼ਾ ਵੱਲ ਝਾਤ ਮਾਰੀਏ ਤਾਂ ਸਾਨੂੰ ਸਪਸ਼ਟ ਨਜ਼ਰ ਆਉਂਦਾ ਹੈ ਕਿ ਵਧੀਆ ਮਨੁੱਖੀ ਗੁਣਾਂ ਨੂੰ ਹੀ ਧਰਮ ਕਿਹਾ ਜਾਂਦਾ ਹੈ।
ਪਰ ਜਦੋਂ ਅਸੀਂ ਮਨੁੱਖੀ ਇਤਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ ਧਰਮ ਦਾ ਘਿਨਾਉਣਾ ਤੇ ਵਿਕਰਾਲ ਰੂਪ ਸਪਸ਼ਟ ਨਜ਼ਰ ਆਉਂਦਾ ਹੈ।
ਹੁਣ ਤੱਕ ਧਰਤੀ ਤੇ ਲੜਾਈਆਂ ਵਿੱਚ ਜਿੰਨੇ ਲੋਕ ਮਾਰੇ ਗਏ ਹਨ ਉਨ੍ਹਾਂ ਵਿੱਚੋਂ ਦੋ ਤਿਹਾਈ ਧਰਮ ਦੇ ਨਾਂ ਤੇ ਹੀ ਲੜੀਆਂ ਗਈਆਂ। ਕਿਸੇ ਮਹਾਂਮਾਰੀ ਵਿੱਚ ਵੀ ਇੰਨੇ ਲੋਕਾਂ ਦਾ ਘਾਣ ਨਹੀਂ ਹੋਇਆ। ਭਾਰਤ ਨੇ ਪਾਕਿਸਤਾਨ ਅਤੇ ਚੀਨ ਨਾਲ ਕਈ ਜੰਗਾਂ ਲੜੀਆਂ ਹਨ ਪਰ ਇਸ ਤੋਂ ਸੈਂਕੜੇ ਗੁਣਾ ਵੱਧ ਲੋਕ ਧਰਮ ਦੇ ਨਾਂ ਤੇ ਹੀ ਕਤਲ ਕਰ ਦਿੱਤੇ ਗਏ ਹਨ। 1947 ਵਿੱਚ ਦੋਹੇਂ ਪੰਜਾਬਾਂ ਦੇ ਪੰਜ ਲੱਖ ਤੋਂ ਵੱਧ ਲੋਕ ਧਰਮ ਨੇ ਮੌਤ ਦੀ ਬਲੀ ਚੜ੍ਹਾ ਦਿੱਤੇ। 43 ਲੱਖ ਦੇ ਕਰੀਬ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ। ਪਿਛਲੇ ਦਹਾਕੇ ਵਿੱਚ ਹੀ ਦਿੱਲੀ ਵਿੱਚ 3000 ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। 30,000 ਤੋਂ ਵੱਧ ਬੰਦੇ ਪੰਜਾਬ ਦੀ ਧਰਤੀ ਦੇ ਉੱਪਰ ਪੁਲਸ ਅਤੇ ਧਰਮਾਂ ਦੇ ਪ੍ਰਚਾਰਕਾਂ ਵੱਲੋਂ ਗੱਡੀ ਚਾੜ ਦਿੱਤੇ ਗਏ। ਲਗਭਗ ਦਸ ਸਾਲ ਸਹਿਮ ਦਾ ਵਾਤਾਵਰਣ ਪੰਜਾਬ ਦੀ ਧਰਤੀ ਦੇ ਉੱਪਰ ਧਰਮਾਂ ਵਾਲਿਆਂ ਨੇ ਹੀ ਪੈਦਾ ਕੀਤਾ ਹੋਇਆ ਸੀ।
ਧਰਮ ਦਾ ਇਹੀ ਪਹਿਲੂ ਨੁਕਸਾਨਦਾਇਕ ਨਹੀਂ ਹੈ। ਜਦੋਂ ਤੋਂ ਮਨੁੱਖ ਨੇ ਵਿਗਿਆਨਕ ਖੋਜਾਂ ਕਰਨੀਆਂ ਸ਼ੁਰੂ ਕੀਤੀਆਂ ਸਨ। ਉਸੇ ਸਮੇਂ ਤੋਂ ਧਰਮ ਵਾਲਿਆਂ ਨੇ ਵਿਗਿਆਨੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਦਾਹਰਣ ਦੇ ਤੌਰ ਤੇ ਭਾਰਤ ਵਿੱਚ ਬੁੱਧ ਮੱਤ ਦਾ ਜ਼ੋਰ ਸੀ। ਕਿਉਂਕਿ ਬੁੱਧ ਮੱਤ ਅਹਿੰਸਾ ਵਿੱਚ ਵਿਸ਼ਵਾਸ ਰੱਖਦਾ ਸੀ। ਕਿਸੇ ਵੀ ਮਨੁੱਖ ਜਾਂ ਜਾਨਵਰ ਦੀ ਚੀਰ-ਫਾੜ ਕਰਨਾ ਬੁੱਧ ਧਰਮ ਦੇ ਨਿਯਮਾਂ ਦੇ ਉਲਟ ਸੀ। ਇਸ ਲਈ ਇੱਥੇ ਸਰਜਰੀ ਵਿਗਿਆਨ ਨੂੰ ਵਿਕਸਿਤ ਨਹੀਂ ਹੋਣ ਦਿੱਤਾ ਗਿਆ। ਜਦੋਂ ਕਾਪਰਨਿਕਸ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਉਸੇ ਸਮੇਂ ਹੀ ਇਸਾਈਆਂ ਨੇ ਕਾਪਰਨਿਕਸ ਵਿਰੁੱਧ ਜ਼ਿਹਾਦ ਖੜਾ ਕਰ ਦਿੱਤਾ। ਬਰੂਨੋ ਨਾਂ ਦੇ ਵਿਗਿਆਨਕ ਨੂੰ ਜਿਉਂਦਿਆਂ ਹੀ ਅੱਗ ਵਿੱਚ ਸਾੜ ਦਿੱਤਾ ਗਿਆ। ਗਲੈਲੀਓ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਅੱਜ ਦੀ ਐਨੋਟਮੀ ਦੇ ਸੰਸਥਾਪਕ ਵਾਸਲੀਅਸ ਦਾ ਵੀ ਬੁਰਾ ਹਾਲ ਕੀਤਾ ਗਿਆ ਕਿਉਂਕਿ ਉਹ ਮਨੁੱਖੀ ਸਰੀਰ ਦੀ ਅੰਦਰੂਨੀ ਬਣਤਰ ਨੂੰ ਸਮਝਣ ਲਈ ਲਾਸ਼ਾਂ ਕਬਰਾਂ ਵਿੱਚੋਂ ਕੱਢ ਕੇ ਘਰ ਲਿਆਉਂਦਾ ਸੀ ਅਤੇ ਉਹਨਾਂ ਦੀ ਚੀਰ ਫਾੜ ਕਰਿਆ ਕਰਦਾ ਸੀ। ਇੱਕ ਰਾਤ ਉਹ ਆਪਣੀ ਮਾਂ ਦੀ ਲਾਸ਼ ਕਬਰ ਵਿੱਚੋਂ ਕੱਢ ਲਿਆਇਆ। ਉਥੋਂ ਦੀ ਧਾਰਮਿਕ ਅਦਾਲਤ ਨੇ ਉਸ ਨੂੰ ਜਬਰਦਸਤੀ ਹੱਜ ਕਰਨ ਲਈ ਭੇਜ ਦਿੱਤਾ ਅਤੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਮਨੁੱਖੀ ਸਰੀਰ ਵਿੱਚ ਖੂਨ ਦੇ ਦੌਰੇ ਦੀ ਖੋਜ ਕਰਨ ਵਾਲੇ ਵਿਲੀਅਮ ਹਾਰਵੇ ਦਾ ਹਸ਼ਰ ਵੀ ਅਜਿਹਾ ਹੀ ਕੀਤਾ ਗਿਆ। ਜਾਨ ਵਾਇਰ ਨੇ ਇਹ ਘੋਸ਼ਣਾ ਕਰ ਦਿੱਤੀ ਕਿ ਬੁਰੀਆਂ ਜਾਂ ਚੰਗੀਆਂ ਆਤਮਾਵਾਂ ਨਹੀਂ ਹੁੰਦੀਆਂ ਸਗੋਂ ਮਾਨਸਿਕ ਰੋਗ ਹੁੰਦੇ ਹਨ। ਤਾਂ ਉਸਨੂੰ ਵੀ ਨੌਕਰੀ ਵਿੱਚੋਂ ਕੱਢ ਦਿੱਤਾ ਗਿਆ ਅਤੇ ਉਸਦੀਆਂ ਕਿਤਾਬਾਂ ਜਨਤਕ ਤੌਰ ਤੇ ਫੂਕ ਦਿੱਤੀਆਂ ਗਈਆਂ। ਇਹੋ ਹਸ਼ਰ ਉਸ ਦੇ ਚੇਲੇ ਰੈਕਨਾਡ ਸਕਾਟ ਦਾ ਕੀਤਾ ਗਿਆ ਕਿਉਂਕਿ ਉਹ ਭੂਤਾਂ ਦੀ ਹੋਂਦ ਨੂੰ ਨਹੀਂ ਮੰਨਦਾ ਸੀ।
ਧਰਮ ਦੇ ਨਾਂ ਦੇ ਉੱਪਰ ਲੱਖਾਂ ਹੀ ਨਾਗੇ ਸਾਧੂ ਹਰ ਸਾਲ ਨੰਗੇ ਹੋ ਕੇ ਜਲੂਸ ਕੱਢਦੇ ਹਨ। ਉਹਨਾਂ ਉੱਪਰ ਕੋਈ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ। ਉੜੀਸਾ ਵਿੱਚ ਲੱਖਾਂ ਹੀ ਲੋਕ ਆਪਣੇ ਕੱਪੜੇ ਲਾਹ ਕੇ ਕਈ ਕਿਲੋਮੀਟਰਾਂ ਦੀ ਯਾਤਰਾ ਕਰਕੇ ਨਦੀਆਂ ਵਿੱਚ ਨੰਗੇ ਹੀ ਨਹਾਉਣ ਜਾਂਦੇ ਹਨ। ਇਹ ਸਭ ਕੁਝ ਧਰਮ ਦੇ ਨਾਂ ਤੇ ਹੁੰਦਾ ਹੈ। ਹਰ ਕੋਈ ਸਮਝਦਾ ਹੈ ਨਸ਼ੇ ਬੁਰੀ ਚੀਜ਼ ਹਨ, ਪਰ ਪੰਜਾਬ ਦੇ ਨਹਿੰਗਾਂ ਨੂੰ ਕੌਣ ਰੋਕਦਾ ਹੈ। ਜਾਂ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਨਸ਼ੇ ਮਿਲਣਾ ਆਮ ਹੈ। ਹਰੇਕ ਸਾਧ ਸੰਤ ਦੇ ਡੇਰੇ ਵਿੱਚ ਹੋਰ ਕੁਝ ਮਿਲੇ ਜਾਂ ਨਾ ਮਿਲੇ ਪਰ ਨਸ਼ੇ ਜ਼ਰੂਰ ਆਮ ਹੁੰਦੇ ਹਨ।
ਧਰਮ ਦੇ ਨਾਂ ਦੇ ਉੱਪਰ ਪ੍ਰਦੂਸ਼ਣ ਜ਼ੋਰਾਂ ਤੇ ਹੈ। ਸਵੇਰ ਦਾ ਸਮਾਂ ਸਾਡੇ ਲਈ ਬੇਹਤਰੀਨ ਸਮਾਂ ਹੁੰਦਾ ਹੈ। ਧਾਰਮਿਕ ਸਥਾਨਾਂ ਤੇ ਉੱਚੀ ਆਵਾਜ਼ ਵਿੱਚ ਵੱਜਦੇ ਲਾਊਡ ਸਪੀਕਰ ਇਸ ਸਮੇਂ ਨੂੰ ਹੀ ਬਰਬਾਦ ਕਰ ਦਿੰਦੇ ਹਨ। ਵਿਦਿਆਰਥੀਆਂ ਤੇ ਮਰੀਜ਼ਾਂ ਦੀ ਹਾਲਤ ਹੋਰ ਵੀ ਭੈੜੀ ਹੋ ਜਾਂਦੀ ਹੈ। ਨਦੀਆਂ ਨਾਲਿਆਂ ਦਾ ਪਾਣੀ ਸੈਂਕੜੇ ਲੋਕ ਨਹਾ ਕੇ ਗੰਦਾ ਕਰ ਦਿੰਦੇ ਹਨ ਅਤੇ ਫੇਰ ਉਸੇ ਪਾਣੀ ਨੂੰ ਪਵਿੱਤਰ ਪਾਣੀ ਸਮਝ ਕੇ ਪੀਣ ਲਈ ਢੋਲੀਆਂ ਭਰ ਕੇ ਘਰਾਂ ਨੂੰ ਲੈ ਜਾਂਦੇ ਹਨ। ਬਹੁਤ ਸਾਰੇ ਮੰਦਰ ਜਾਂ ਗੁਰਦੁਆਰੇ ਸੜਕਾਂ ਜਾਂ ਸਾਂਝੀਆਂ ਥਾਵਾਂ ਨੂੰ ਰੋਕ ਕੇ ਹੀ ਉਸਾਰੇ ਜਾਂਦੇ ਹਨ। ਕਿਉਂਕਿ ਸਿਆਸੀ ਲੀਡਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ। ਇਸ ਲਈ ਉਹ ਇਨ੍ਹਾਂ ਨਾਜਾਇਜ਼ ਕੰਮਾਂ ਵਿੱਚ ਧਾਰਮਿਕ ਅਦਾਰਿਆਂ ਦੀ ਮੱਦਦ ਕਰਦੇ ਹਨ।
ਭੂਤਾਂ-ਪੇ੍ਰਤਾਂ ਅਤੇ ਨਿੱਤ ਨੇਮਾਂ ਦੀ ਉਲੰਘਣਾ ਕਾਰਨ ਹੋਏ ਵਹਿਮ ਕਰਕੇ ਹਜ਼ਾਰਾਂ ਵਿਅਕਤੀ ਮਾਨਸਿਕ ਰੋਗੀ ਬਣਕੇ ਸਾਡੇ ਕੋਲ ਆਏ ਹਨ। ਕਰਮਾਂ ਅਤੇ ਕਿਸਮਤਾਂ ਦਾ ਚੱਕਰ ਉਨ੍ਹਾਂ ਨੂੰ ਬੁਜ਼ਦਿਲ ਬਣਾ ਦਿੰਦਾ ਹੈ ਅਤੇ ਉਹ ਆਤਮ-ਵਿਸ਼ਵਾਸ ਖੋ ਬੈਠਦੇ ਹਨ ਅਤੇ ਫੇਰ ਸਾਧਾਂ-ਸੰਤਾਂ, ਆਤਮਾ-ਪ੍ਰਮਾਤਮਾ ਦੇ ਨਾਂ ਦੀਆਂ ਝੂਠੀਆਂ ਫੌੜੀਆਂ ਲੈ ਕੇ ਤੁਰਨ ਦਾ ਯਤਨ ਕਰਦੇ ਹਨ। ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਿੱਚ ਦਿਖਾਈਆਂ ਗਈਆਂ ਚਾਰ-ਚਾਰ, ਛੇ-ਛੇ, ਅੱਠ-ਅੱਠ ਬਾਹਵਾਂ ਅਤੇ ਸ਼ਿਵਜੀ ਦੇ ਜੂੜੇ ਵਿੱਚੋਂ ਨਿਕਲਦੀ ਪਾਣੀ ਦੀ ਧਾਰਾ ਅਤੇ ਸੱਤ ਮੂੰਹੇ ਸੱਪ ਦੀ ਸਿਰੀ ਤੇ ਖੜੇ �ਿਸ਼ਨ ਜੀ ‘ਮਹਾਰਾਜ’ ਦੇ ਦਰਸ਼ਨ ਕਰਕੇ ਬੱਚਿਆਂ ਦੀ ਸੋਚ ਗੈਰ ਵਿਗਿਆਨਕ ਬਣ ਜਾਂਦੀ ਹੈ। ਸਿੱਟੇ ਵਜੋਂ ਉਹ ਲਾਈ ਲੱਗ ਕਿਸਮ ਦੇ ਇਨਸਾਨ ਬਣ ਜਾਂਦੇ ਹਨ। ਜਿੰਨਾਂ ਦੇ ਦਿਮਾਗ ਸਦਾ ਬੰਦ ਰਹਿੰਦੇ ਹਨ।
ਬਾਬੇ ਨਾਨਕ ਨੇ ਭਾਵੇਂ ਇਸਤਰੀ ਜਾਤੀ ਦੀ ਪ੍ਰਸ਼ੰਸਾ ਕੀਤੀ ਹੈ ਪਰ ਬਹੁਤ ਸਾਰੇ ਧਰਮ ਗਰੰਥਾਂ ਵਿਚ ਇਸਤਰੀ ਜਾਤੀ ਨੂੰ ਭੰਡਿਆ ਗਿਆ ਹੈ। ਕੋਈ ਕਹਿੰਦਾ ਹੈ ਕਿ ਇਸਤਰੀਆਂ ਮੂਰਖ ਅਤੇ ਅਸ਼ੁਭ ਹੁੰਦੀਆਂ ਹਨ। ਕੋਈ ਕਹਿੰਦਾ ਹੈ ਕਿ ਇਸਤਰੀਆਂ ਨੂੰ ਵੇਦ ਪੜ੍ਹਨ ਦਾ ਹੱਕ ਨਹੀਂ ਹੈ। ਕੋਈ ਹੋਰ ਲਿਖਦਾ ਹੈ ਕਿ ਇਸਤਰੀਆਂ ਨੂੰ ਬਚਪਨ ਵਿਚ ਆਪਣੇ ਪਿਤਾ, ਜਵਾਨੀ ਵਿਚ ਆਪਣੇ ਪਤੀ ਅਤੇ ਬੁਢਾਪੇ ਵਿਚ ਆਪਣੇ ਪੁੱਤਰਾਂ ਅਨੁਸਾਰ ਚੱਲਣਾ ਚਾਹੀਦਾ ਹੈ। ਕਈ ਧਰਮ ਤਿੰਨ-ਤਿੰਨ ਚਾਰ-ਚਾਰ ਇਸਤਰੀਆਂ ਨਾਲ ਵਿਆਹ ਕਰਵਾਉਣ ਨੂੰ ਜਾਇਜ਼ ਠਹਿਰਾਉਂਦੇ ਹਨ। ਕਿਸੇ ਹੋਰ ਧਰਮ ਗਰੰਥ ਵਿਚ ਲਿਖਿਆ ਹੁੰਦਾ ਹੈ ਕਿ ਇਸਤਰੀਆਂ ਸੜਕ ਦੇ ਕਿਨਾਰੇ ਤੇ ਜਲਣ ਵਾਲੇ ਉਹ ਦੀਵੇ ਹਨ ਜਿਹੜੇ ਨਰਕ ਦਾ ਮਾਰਗ ਵਿਖਾਉਂਦੇ ਹਨ। ਸੋ ਭਾਰਤੀ ਇਸਤਰੀ ਦੀ ਹਾਲਤ ਅੱਜ ਜੇ ਏਨੀ ਬੁਰੀ ਹੈ ਤਾਂ ਇਹ ਸਿਰਫ਼ ਧਾਰਮਿਕ ਅੰਧ-ਵਿਸ਼ਵਾਸਾਂ ਕਰਕੇ ਹੀ ਹੈ।
ਸ਼ਾਇਦ ਅਸੀਂ ਭੁੱਲ ਗਏ ਹਾਂ ਕਿ ਇਹ ਧਰਮ ਹੀ ਸੀ ਜਿਸਨੇ ਮਨੁੱਖ ਜਾਤੀ ਦੇ ਇੱਕ ਹਿੱਸੇ ਜਿਸ ਨੂੰ ਅੱਜ ਵੀ ਸ਼ੂਦਰ ਕਿਹਾ ਜਾਂਦਾ ਹੈ ਨੂੰ ਆਪਣੇ ਗਲਾਂ ਵਿੱਚ ਕੁੱਜੇ ਲਟਕਾ ਕੇ ਤੇ ਮਗਰ ਝਾੜੀਆਂ ਬੰਨ ਕੇ ਤੁਰਨ ਲਈ ਮਜ਼ਬੂਰ ਕੀਤਾ ਸੀ ਤਾਂ ਜੋ ਉਹਨਾਂ ਦੇ ਥੁੱਕ ਉੱਪਰ ਕਿਸੇ ਬ੍ਰਾਹਮਣ ਦਾ ਪੈਰ ਨਾ ਟਿਕ ਜਾਵੇ ਅਤੇ ਉਹਨਾਂ ਦੀਆਂ ਪੈੜਾਂ ਵਿੱਚ ਕਿਸੇ ਬ੍ਰਾਹਮਣ ਦਾ ਪੈਰ ਨਾ ਧਰਿਆ ਜਾਵੇ। ਜ਼ਰਾ ਸੋਚੋ ਐਕਲਵਿਆ ਦਾ ਕਸੂਰ ਕੀ ਸੀ ਅਤੇ ਕਿਉਂ ਦੋ੍ਰਣਾਚਾਰੀਆ ਨੇ ਉਸਦਾ ਅੰਗੂਠਾ ਹੀ ਵੱਢਵਾ ਲਿਆ ਸੀ ?
ਭਾਰਤ ਵਿੱਚ ਸਮੱਸਿਆਵਾਂ ਦਿਨੋ ਦਿਨ ਵਧ ਰਹੀਆਂ ਹਨ। ਇਸ ਦਾ ਇੱਕ ਕਾਰਨ ਵੱਧ ਆਬਾਦੀ ਵੀ ਹੈ। ਕਰਮਾਂ ਅਤੇ ਕਿਸਮਤਾਂ ਧਰਮ ਦੀਆਂ ਪੈਦਾਵਾਰ ਹਨ ਅਤੇ ਇਹ ਆਬਾਦੀ ਨੂੰ ਵਧਾਉਂਦੀਆਂ ਹਨ। ਇੱਕ ਪਾਸੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਦਿਨ ਰਾਤ ਮਿਹਨਤ ਕਰਕੇ ਆਪਣਾ ਪੇਟ ਭਰਨਾ ਪੈਂਦਾ ਹੈ। ਦੂਜੇ ਪਾਸੇ ਧਰਮਾਂ ਦੇ ਨਾਂ ਤੇ ਕਰੋੜਾਂ ਲੋਕ ਵਿਹਲੇ ਫਿਰਦੇ ਹਨ। ਸਾਧਾਂ ਸੰਤਾਂ ਦੇ ਵੱਗ ਪਰਜੀਵੀ ਬਣਕੇ ਲੋਕਾਂ ਦੀ ਮਿਹਨਤ ਨੂੰ ਖਾਈ ਜਾਂਦੇ ਹਨ। ਗੁਰਦੁਆਰੇ ਦੇ ਭਾਈ ਜੀ, ਮੰਦਰ ਦੇ ਪੁਜਾਰੀ ਉਹ ਵਿਹਲੜ ਲਾਣੇ ਹਨ ਜਿਹੜੇ ਡੱਕਾ ਦੂਹਰਾ ਨਾ ਕਰ ਕੇ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਛਕਦੇ ਹਨ। ਇਨ੍ਹਾਂ ਦੀਆਂ ਕਮਾਈਆਂ ਉੱਪਰ ਤਾਂ ਸਰਕਾਰਾਂ ਟੈਕਸ ਵੀ ਨਹੀਂ ਲਾਉਂਦੀਆਂ।
ਜੇ ਵੇਖਿਆ ਜਾਵੇ ਭਾਰਤ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਸਾਡੀ ਧਾਰਮਿਕ ਸੋਚ ਨੇ 1947 ਵਿੱਚ ਹੀ ਕਰ ਦਿੱਤਾ ਸੀ ਜਦੋਂ ਪਾਕਿਸਤਾਨ ਬਣਾ ਕੇ ਅਸੀਂ ਨਾਲੇ ਤਾਂ ਆਪਣੀ ਵੱਡੀ ਆਬਾਦੀ ਨੂੰ ਅਤੇ ਵੱਡੇ ਇਲਾਕੇ ਨੂੰ ਆਪਣਾ ਦੁਸ਼ਮਣ ਬਣਾ ਲਿਆ ਸੀ ਅਤੇ ਜਿਸਦਾ ਸਵਾਦ ਅਸੀਂ ਹਰ ਪੰਜ-ਸੱਤ ਸਾਲ ਪਹਿਲਾਂ ਹੋਣ ਵਾਲੀਆਂ ਲੜਾਈਆਂ ਵਿੱਚ ਆਪਣੇ ਹਜ਼ਾਰਾਂ ਫੌਜੀ ਮਰਵਾ ਕੇ ਲੈ ਚੁੱਕੇ ਹਾਂ।
ਕੁਝ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਮਨੁੱਖ ਵਿੱਚ ਚੰਗੀਆਂ ਕਦਰਾਂ ਕੀਮਤਾਂ ਧਰਮ ਕਰਕੇ ਹੀ ਪੈਦਾ ਹੁੰਦੀਆਂ ਹਨ ਤਾਂ ਤੇਤੀ ਕਰੋੜ ਦੇਵੀ, ਦੇਵਤਿਆਂ ਦੇ ਦੇਸ਼ ਭਾਰਤ ਵਿੱਚ ਝੂਠ, ਕਪਟ, ਭਿ੍ਰਸਟਾਚਾਰ ਦੁਨੀਆਂ ਵਿੱਚੋਂ ਸਭ ਤੋਂ ਵੱਧ ਕਿਉਂ ਹੈ?
ਅੱਜ ਜਦੋਂ ਵਿਗਿਆਨਕ ਖੋਜਾਂ ਇੰਟਰਨੈਟ, ਟੈਲੀਵੀਜ਼ਨ, ਟੈਲੀ ਕਮਿਊਨੀਕੇਸ਼ਨ ਨੇ ਸਾਰੀ ਦੁਨੀਆਂ ਨੂੰ ਇੱਕ ਪਿੰਡ ਦੇ ਰੂਪ ਵਿੱਚ ਬਦਲ ਦਿੱਤਾ ਹੈ ਤਾਂ ਵੱਖ-ਵੱਖ ਧਰਮਾਂ ਨੂੰ ਕਾਇਮ ਰੱਖਣ ਦੀ ਕੀ ਅਹਿਮੀਅਤ ਹੈ ? ਸੋ ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸਾਰੀ ਦੁਨੀਆਂ ਉੱਪਰ ਇੱਕ ਹੀ ਸਰਕਾਰ ਹੋਵੇ, ਇਥੇ ਸਰਹੱਦਾਂ ਨਾ ਹੋਣ ਕਿਤੇ ਵੀ ਜਾਣ ਲਈ ਵੀਜ਼ੇ, ਪਾਸਪੋਰਟਾਂ ਦੀ ਲੋੜ ਨਾ ਹੋਵੇ ਤਾਂ ਸਾਨੂੰ ਧਰਮਾਂ ਨੂੰ ਸਦਾ ਲਈ ਤਿਲਾਂਜਲੀ ਦੇਣੀ ਪਵੇਗੀ। ਤਾਂ ਜੋ 21ਵੀਂ ਸਦੀ ਦਾ ਮਨੁੱਖ ਹੋਰ ਵੱਡੀਆਂ ਪੁਲਾਂਘਾਂ ਪੁੱਟਣ ਲਈ ਅੱਗੇ ਵਧ ਸਕੇ। ਸਾਡੇ ਭਾਰਤ ਵਿੱਚ ਸਾਡੇ ਸਿਆਸੀ ਆਗੂਆਂ ਨੂੰ ਧਾਰਮਿਕ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਇਹਨਾਂ ਦੀ ਜਾਇਜ਼ ਨਾਜਾਇਜ਼ ਮੰਗਾਂ ਨੂੰ ਮੰਨਣਾ ਪੈਂਦਾ ਹੈ। ਹਰ ਸਿਆਸੀ ਲੀਡਰ ਆਪਣੀ ਚੋਣ ਦਾ ਮਹੂਰਤ ਆਪਣੇ ਇਲਾਕੇ ਦੇ ਬਹੁ ਗਿਣਤੀ ਵੋਟਰਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਸਮਝਦਾ ਹੋਇਆ ਉਹਨਾਂ ਦੇ ਧਾਰਮਿਕ ਅਦਾਰਿਆਂ ਵਿੱਚੋਂ ਸ਼ੁਰੂ ਕਰਦਾ ਹੈ। ਹਰ ਵਿਅਕਤੀ ਨੂੰ ਜਨਮ ਸਮੇਂ, ਸਕੂਲ ਵਿੱਚ ਦਾਖਲ ਹੋਣ ਸਮੇਂ, ਵਿਆਹ ਸਮੇਂ ਅਤੇ ਨੌਕਰੀ ਪ੍ਰਾਪਤ ਕਰਨ ਸਮੇਂ ਅਤੇ ਮਰਨ ਸਮੇਂ ਆਪਣਾ ਜਾਤ-ਪਾਤ ਅਤੇ ਧਰਮ ਲਿਖਵਾਉਣਾ ਪੈਂਦਾ ਹੈ। ਇਸ ਲਈ ਅਸੀਂ ਪਿਛਲੇ ਪੰਜਾਹ ਵਰ੍ਹਿਆਂ ਤੋਂ ਹੀ ਧਰਮ ਆਧਾਰਤ ਰਾਜਨੀਤੀ ਅਧੀਨ ਲੰਘਾ ਰਹੇ ਹਾਂ। ਜਿਸ ਦੇ ਸਿੱਟੇ ਸਾਡੇ ਸਾਹਮਣੇ ਹਨ। ਅੱਜ ਹਿੰਦੁਸਤਾਨ ਵਿੱਚ ਕਰੋੜਾਂ ਲੋਕ ਬੇਰੁਜ਼ਗਾਰੀ ਦਾ ਸ਼ਿਕਾਰ ਹਨ ਅਤੇ ਇੰਨੇ ਹੀ ਹਰ ਰੋਜ਼ ਭੁੱਖੇ ਸੜਕਾਂ ਤੇ ਸੌਂਦੇ ਹਨ। ਥਾਂ ਥਾਂ ਭਿ੍ਰਸ਼ਟਾਚਾਰ ਫੈਲਿਆ ਹੋਇਆ ਹੈ। ਕੋਈ ਵੀ ਦੇਵੀ ਦੇਵਤਾ ਜਾਂ ਧਾਰਮਿਕ ਆਗੂ ਆਪਣੇ ਭਗਤਾਂ ਨੂੰ ਭਿ੍ਰਸ਼ਟਾਚਾਰ ਤੋਂ ਕਿਨਾਰਾ ਕਰਨ ਲਈ ਵਰਜਦਾ ਨਹੀਂ। ਭਾਵੇਂ ਅਸੀਂ ਸਮਝਦੇ ਹਾਂ ਕਿ ਰਾਜਨੀਤੀ ਅਜਿਹੀ ਚੰਗੀ ਚੀਜ਼ ਹੈ ਜਿਸ ਨਾਲ ਸਮੁੱਚੇ ਲੋਕਾਂ ਦੀ ਕਿਸਮਤ ਪੂਰੀ ਤਰ੍ਹਾਂ ਬਦਲੀ ਜਾ ਸਕਦੀ ਹੈ। ਸਾਡੇ ਗੁਆਂਢੀ ਦੇਸ਼ ਚੀਨ ਨੇ ਭਾਰਤ ਨਾਲੋਂ ਵੱਧ ਆਬਾਦੀ ਹੁੰਦੇ ਹੋਏ ਵੀ ਉਥੋਂ ਦੇ ਲੋਕਾਂ ਨੂੰ ਇੱਜ਼ਤ ਭਰੀ ਜ਼ਿੰਦਗੀ ਜਿਉਣਾ ਸਿਖਾ ਦਿੱਤਾ ਹੈ। ਫਿਰ ਕਿਉਂ ਅਸੀਂ ਭਾਰਤੀ ਕੰਗਾਲ ਅਤੇ ਭੀਖਮੰਗੇ ਬਣੇ ਹਾਂ। ਇਹ ਸੋਚਣ ਦੀ ਗੱਲ ਹੈ, ਜਦੋਂ ਅਸੀਂ ਸੋਚਾਂਗੇ ਤਾਂ ਧਰਮ ਅਧਾਰਤ ਰਾਜਨੀਤੀ ਹੀ ਇਸ ਗੱਲ ਦੀ ਜ਼ੁੰਮੇਵਾਰ ਹੋਵੇਗੀ।
ਸੋ ਜੇ ਧਰਮਾਂ ਦਾ ਨਜ਼ਰੀਆ ਇਨਸਾਨਾਂ ਵਿਚ ਵਧੀਆ ਕਦਰਾਂ-ਕੀਮਤਾਂ ਪੈਦਾ ਕਰਨਾ ਹੀ ਹੁੰਦਾ ਤਾਂ ਤਰਕਸ਼ੀਲਾਂ ਨੂੰ ਇਸ ਗੱਲ ਵਿਚ ਕੋਈ ਇਤਰਾਜ਼ ਨਹੀਂ ਸੀ ਪਰ ਅੱਜ ਧਰਮ ਤਾਂ ਸਿਰਫ਼ ਪਾਠ ਕਰਨੇ, ਜਗਰਾਤੇ ਕਰਨੇ ਕਰਵਾਉਣੇ, ਹਵਨ ਕਰਨੇ, ਵਰਤ ਰੱਖਣੇ, ਦਾਨ-ਪੁੰਨ ਕਰਨਾ ਕਰਵਾਉਣਾ, ਵਿਸ਼ੇਸ਼ ਪਹਿਰਾਵੇ ਪਹਿਨਣੇ ਪਹਿਨਾਉਣੇ, ਯੱਗ ਕਰਨੇ, ਟੱਲੀਆਂ ਖੜਕਾਉਣਾ ਆਦਿ ਨੂੰ ਹੀ ਸਮਝਿਆ ਜਾ ਰਿਹਾ ਹੈ ਅਤੇ ਹਰ ਧਰਮ ਜਿਵੇਂ ਘੁਮਿਆਰੀ ਆਪਣੇ ਹੀ ਬਣਾਏ ਭਾਂਡੇ ਨੂੰ ਵਧੀਆ ਦੱਸਦੀ ਹੈ ਇਸ ਤਰ੍ਹਾਂ ਹਰ ਧਾਰਮਿਕ ਵਿਅਕਤੀ ਆਪਣੇ ਹੀ ਧਰਮ ਨੂੰ ਸੰਸਾਰ ਦਾ ਸਭ ਤੋਂ ਵਧੀਆ ਧਰਮ ਦਰਸਾਉਂਦਾ ਹੈ। ਅਸੀਂ ਤਰਕਸ਼ੀਲ ਗਰੰਥਾਂ, ਮੂਰਤੀਆਂ ਅਤੇ ਅਸਥਾਨਾਂ ਨਾਲੋਂ ਮਨੁੱਖ ਨੂੰ ਵਧੀਆ ਸਮਝਦੇ ਹਾਂ। ਅਸੀਂ ਇਹ ਵੀ ਸਮਝਦੇ ਹਾਂ ਕਿ ਉਪਰੋਕਤ ਤਿੰਨੇ ਚੀਜ਼ਾਂ ਦੀ ਰਚਨਾ ਕਰਨ ਵਾਲਾ ਵੀ ਮਨੁੱਖ ਹੀ ਹੈ ਅਤੇ ਇਨ੍ਹਾਂ ਚੀਜ਼ਾਂ ਦੀ ਖਾਤਰ ਇਨਸਾਨੀਅਤ ਦਾ ਘਾਣ ਕਰਨਾ ਬਹੁਤ ਘਟੀਆ ਹੈ। ਇਸ ਲਈ ਅਸੀਂ ਤਰਕਸ਼ੀਲ, ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਨਾਲੋਂ ਇਨਸਾਨ ਹੋਣ ਨੂੰ ਤਰਜੀਹ ਦਿੰਦੇ ਹਾਂ। ਇਸ ਲਈ ਅਸੀਂ ਵਾਰ-ਵਾਰ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਲੋਕੋ ਧਰਮਾਂ ਦੀਆਂ ਵਲਗਣਾਂ ਵਿਚੋਂ ਬਾਹਰ ਨਿਕਲ ਕੇ ਸੱਚੇ-ਸੁੱਚੇ ਇਨਸਾਨ ਬਣੀਏ।

 

ਪੁਨਰ ਜਨਮ ਕੁਝ ਨਹੀਂ ਸਿਰਫ਼ ਨਿੱਜੀ ਸੁਆਰਥ

ਮੇਘ ਰਾਜ ਮਿੱਤਰ (+91 98887 87440)

rebirth2ਅੱਜ-ਕੱਲ੍ਹ ਟੈਲੀਵਿਜ਼ਨ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿਚ ਪੁਨਰ ਜਨਮ ਦੀਆਂ ਘਟਨਾਵਾਂ ਬਾਰੇ ਖ਼ਬਰਾਂ ਚਰਚਾ ਵਿਚ ਰਹਿੰਦੀਆਂ ਹਨ, ਜਿਹੜੀਆਂ ਸਧਾਰਨ ਲੋਕਾਂ ਨੂੰ ਭੰਬਲ-ਭੂਸਿਆਂ ਵਿਚ ਪਾ ਦਿੰਦੀਆਂ ਹਨ। ਪੁਨਰ ਜਨਮ ਬਾਰੇ ਸਮਝਣ ਤੋਂ ਪਹਿਲਾਂ ਸਾਨੂੰ ਸਾਡੇ ਦਿਮਾਗਾਂ ਵਿਚ ਉਪਜਦੇ ਖ਼ਿਆਲਾਂ ਬਾਰੇ ਸਮਝਣਾ ਚਾਹੀਦਾ ਹੈ। ਸਾਡਾ ਦਿਮਾਗ ਸਰੀਰ ਦੀ ਅਜਿਹੀ ਪ੍ਰਣਾਲੀ ਹੈ ਜਿਹੜੀ ਹਮੇਸ਼ਾ ਕੰਮ ਕਰਦੀ ਰਹਿੰਦੀ ਹੈ। ਜਿਵੇਂ ਸਾਹ-ਕਿਰਿਆ ਅਤੇ ਲਹੂ-ਗੇੜ ਪ੍ਰਣਾਲੀ ਹਮੇਸ਼ਾ ਕਾਰਜਸ਼ੀਲ ਰਹਿੰਦੀਆਂ ਹਨ। ਇਸ ਤਰ੍ਹਾਂ ਹੀ ਸਾਡੇ ਦਿਮਾਗ ਵਿਚ ਖ਼ਿਆਲ ਆਉਂਦੇ ਰਹਿੰਦੇ ਹਨ। ਦਿਮਾਗ ਵਿਚ ਆਏ ਖ਼ਿਆਲ ਨਿੜਾਨਵੇਂ ਫੀਸਦੀ ਝੂਠੇ ਨਿਕਲ ਜਾਂਦੇ ਹਨ ਉਨ੍ਹਾਂ ਦਾ ਜ਼ਿਕਰ ਅਸੀਂ ਕਿਸੇ ਕੋਲ ਨਹੀਂ ਕਰਦੇ, ਜੋ ਇਕ-ਅੱਧਾ ਸੱਚ ਨਿਕਲ ਜਾਂਦਾ ਹੈ ਉਸ ਦਾ ਢੰਡੋਰਾ ਪਿੱਟ ਦਿੰਦੇ ਹਾਂ। ਇਹ ਵੀ ਇਕ ਕਾਰਨ ਹੈ ਜਿਸ ਕਰਕੇ ਬਹੁਤ ਸਾਰੀਆਂ ਅਜਿਹੀਆਂ ਗੈਰ-ਵਿਗਿਆਨਕ ਪੁਨਰ ਜਨਮ ਦੀਆਂ ਗੱਲਾਂ ਲੋਕਾਂ ਵਿਚ ਪ੍ਰਚਲਿਤ ਹੁੰਦੀਆਂ ਰਹਿੰਦੀਆਂ ਹਨ। ਬਹੁਤ ਸਾਰੇ ਨਸ਼ਈ ਵਿਅਕਤੀ ਜਦੋਂ ਭੰਗ ਜਾਂ ਸੁੱਖਾ ਖਾ ਲੈਂਦੇ ਹਨ ਤਾਂ ਉਹਨਾਂ ਨੂੰ ਕਈ ਵਾਰ ਆਪਣਾ ਸਰੀਰ ਹਵਾ ਵਿਚ ਉਡਦਾ ਨਜ਼ਰ ਆਉਂਦਾ ਹੈ। ਪਰ ਇਹ ਹਕੀਕਤ ਤਾਂ ਨਹੀਂ ਹੰੁਦੀ। ਇਸੇ ਤਰ੍ਹਾਂ ਦਿਮਾਗ ਵਿਚ ਕਿਸੇ ਵਿਅਕਤੀ ਨੂੰ ਆਇਆ ਪੁਨਰ ਜਨਮ ਦਾ ਖ਼ਿਆਲ ਵੀ ਹਕੀਕਤ ਨਹੀਂ ਹੋ ਸਕਦਾ। 1984 ਵਿਚ ਬਰਨਾਲਾ ਵਿਚ ਅਸੀਂ ਤਰਕਸ਼ੀਲ ਸੁਸਾਇਟੀ ਵਿਚ ਕੰਮ ਕਰਨਾ ਸ਼ੁਰੂ ਕੀਤਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ 41 ਕੇਸ ਪੁਨਰ ਜਨਮ ਦੇ ਹੱਲ ਕਰ ਚੁੱਕੇ ਹਾਂ। ਹਰ ਕੇਸ ਵਿਚ ਪੁਨਰ ਜਨਮ ਦਾ ਦਾਅਵਾ ਕਰਨ ਵਾਲਿਆਂ ਦੀ ਘੋਖਵੀਂ ਨਜ਼ਰ ਨਾਲ ਪੜਤਾਲ ਕੀਤੀ ਗਈ ਹੈ। ਹਰ ਕੇਸ ਵਿਚ 50 ਤੋਂ ਲੈ ਕੇ 100 ਤੱਕ ਸਵਾਲ ਪੁੱਛੇ ਗਏ ਹਨ। ਇਨ੍ਹਾਂ ਵਿਚੋਂ ਦੋ ਜਾਂ ਤਿੰਨ ਫੀਸਦੀ ਸਵਾਲ ਹੀ ਠੀਕ ਹੁੰਦੇ ਹਨ। ਬਾਕੀ ਗਲਤ ਨਿਕਲ ਜਾਂਦੇ ਹਨ। ਲਗਭਗ ਹਰ ਕੇਸ ਦੇ ਪਿੱਛੇ ਅਸੀਂ ਕਾਰਨਾਂ ਨੂੰ ਵੀ ਫਰੋਲਿਆ ਹੈ। ਇਨ੍ਹਾਂ ਵਿਚੋਂ ਬਹੁਤਿਆਂ ਪਿੱਛੇ ਕਿਸੇ ਨਾ ਕਿਸੇ ਦਾ ਨਿੱਜੀ ਸਵਾਰਥ ਛੁਪਿਆ ਹੋਇਆ ਸੀ। ਇਥੇ ਮੈਂ ਇਕ ਜਾਂ ਦੋ ਘਟਨਾਵਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦਾ ਹਾਂ। ਅੰਮਿ੍ਰਤਸਰ ਜ਼ਿਲ੍ਹੇ ਦੇ ਕਿਸੇ ਸੰਤ ਦੇ ਦਿਮਾਗ ਵਿਚ ਖ਼ਿਆਲ ਆ ਗਿਆ ਕਿ ਇਕ ਅੱਠ-ਨੌਂ ਸਾਲ ਦਾ ਲੜਕਾ ਉਸਦਾ ਪਿਛਲੇ ਜਨਮ ਦਾ ਗੁਰੂ ਸੀ ਅਤੇ ਉਸ ਸੰਤ ਨੇ ਉਸ ਬੱਚੇ ਦੇ ਜਾ ਪੈਰੀਂ ਹੱਥ ਲਾਏ ਅਤੇ 1100 ਰੁਪਏ ਦਾ ਮੱਥਾ ਟੇਕ ਦਿੱਤਾ। ਬੱਸ ਫਿਰ ਕੀ ਸੀ, ਉਸਦੇ ਸ਼ਰਧਾਲੂਆਂ ਨੇ ਹੋਰ ਹਜ਼ਾਰਾਂ ਰੁਪਏ ਦੇ ਮੱਥੇ ਉਸ ਲੜਕੇ ਨੂੰ ਟੇਕ ਦਿੱਤੇ। ਸੰਤ ਨੂੰ ਚੇਲਾ ਵੀ ਮਿਲ ਗਿਆ ਅਤੇ ਨੋਟ ਵੀ ਇਕੱਠੇ ਹੋ ਗਏ। ਜ਼ਿਲ੍ਹਾ ਸੰਗਰੂਰ ਦੇ ਹੀ ਇਕ ਪਿੰਡ ਦੀ ਇਸਤਰੀ ਦਾ ਨੌਜਵਾਨ ਪਤੀ ਮੋਟਰਸਾਇਕਲ ਐਕਸੀਡੈਂਟ ਵਿਚ ਮਾਰਿਆ ਗਿਆ। ਉਸਦੀ ਪਤਨੀ ਨੇ ਆਪਣੀ ਰੋਜੀ-ਰੋਟੀ ਤੋਰਨ ਲਈ ਕੁਝ ਮੱਝਾਂ ਰੱਖ ਲਈਆਂ ਅਤੇ ਦੁੱਧ ਪਾਉਣ ਲੱਗ ਪਈ। ਦੁੱਧ ਲਿਜਾਣ ਵਾਲੇ ਦੋਧੀ ਨੇ ਸਕੀਮ ਬਣਾਈ ਕਿ ਜੇ ਇਹ ਇਸਤਰੀ ਕਿਸੇ ਢੰਗ ਨਾਲ ਮੇਰੇ ਕਾਬੂ ਵਿਚ ਆ ਜਾਵੇ ਤਾਂ ਮੈਂ ਇਸਦੇ ਹਿੱਸੇ ਵਿਚ ਆਉਂਦੀ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਜਾਵਾਂਗਾ ਅਤੇ ਨਾਲ ਹੀ ਇਕ ਹੋਰ ਸੁੰਦਰ ਪਤਨੀ ਦਾ ਪਤੀ। ਉਸਨੇ ਆਪਣੇ ਅੱਠ-ਨੌਂ ਸਾਲਾ ਲੜਕੇ ਨੂੰ ਉਸ ਇਸਤਰੀ ਦੇ ਘਰ ਬਾਰੇ ਅਤੇ ਉਸਦੇ ਮਰੇ ਹੋਏ ਪਤੀ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਬੱਸ ਫਿਰ ਕੀ ਸੀ, ਉਸਦਾ ਅੱਠ-ਨੌਂ ਸਾਲਾ ਲੜਕਾ ਉਸਦੇ ਘਰ ਜਾ ਕੇ ਕਹਿਣ ਲੱਗਾ ਕਿ ਮੈਂ ਪਿਛਲੇ ਜਨਮ ਵਿਚ ਤੇਰਾ ਪਤੀ ਕਰਨੈਲ ਸਿੰਘ ਸੀ ਅਤੇ ਮੋਟਰਸਾਇਕਲ ਐਕਸੀਡੈਂਟ ਵਿਚ ਮੇਰੀ ਮੌਤ ਹੋ ਗਈ ਸੀ। ਉਸਨੇ ਘਰ ਵਿਚ ਪਈਆਂ ਚੀਜਾਂ ਦੀ ਜਾਣਕਾਰੀ ਵੀ ਦੇ ਦਿੱਤੀ। ਕੁਝ ਹੀ ਮਹੀਨਿਆਂ ਵਿਚ ਉਸ ਮੁੰਡੇ ਦਾ ਦੋਧੀ ਬਾਪ ਨਾਲੇ ਤਾਂ ਬਾਰਾਂ ਏਕੜ ਜ਼ਮੀਨ ਦਾ ਮਾਲਕ ਬਣ ਗਿਆ ਅਤੇ ਨਾਲੇ ਇਕ ਹੋਰ ਸੰੁਦਰ ਪਤਨੀ ਦਾ ਪਤੀ। ਅਸਲ ਵਿਚ ਪੁਨਰ ਜਨਮ ਦਾ ਸਵਾਲ ਆਤਮਾ ਨਾਲ ਜੁੜਿਆ ਹੋਇਆ ਹੈ। ਸਰੀਰ ਵਿਚ ਆਤਮਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਹਿੰਦੋਸਤਾਨ ਦੇ ਸੈਂਕੜੇ ਹਸਪਤਾਲਾਂ ਵਿਚ ਰੋਜ਼ਾਨਾ ਹਜ਼ਾਰਾਂ ਹੀ ਅਪਰੇਸ਼ਨ ਦਿਲ, ਦਿਮਾਗ ਅਤੇ ਸਰੀਰ ਦੇ ਹੋਰ ਵੱਖ-ਵੱਖ ਅੰਗਾਂ ਦੇ ਹੁੰਦੇ ਹਨ। ਅੱਜ ਤੱਕ ਕਿਸੇ ਵੀ ਇੱਕ ਡਾਕਟਰ ਨੂੰ ਆਤਮਾ ਦੇ ਦਰਸ਼ਨ ਨਹੀਂ ਹੋਏ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਸਰੀਰ ਕਿਵੇਂ ਕਾਰਜ ਕਰਦਾ ਹੈ? ਜੇ ਅਸੀਂ ਇਕ ਬਾਲਟੀ ਵਿਚ ਕੁਝ ਚੂਨਾ ਪਾ ਕੇ ਕੁਝ ਪਾਣੀ ਪਾ ਦੇਈਏ ਤਾਂ ਅਸੀਂ ਦੇਖਾਂਗੇ ਕਿ ਇਸ ਵਿਚੋਂ ਹਰਕਤ, ਗਰਮੀ ਅਤੇ ਆਵਾਜ਼ ਪੈਦਾ ਹੋਣੀ ਸ਼ੁਰੂ ਹੋ ਜਾਵੇਗੀ। ਸਰੀਰ ਵਿਚ ਵੀ ਇਹ ਹੀ �ਿਆਵਾਂ ਹੁੰਦੀਆਂ ਹਨ। ਇਹ ਤਾਂ ਸਿਰਫ ਇਕ ਉਦਾਹਰਣ ਹੈ। ਮਨੁੱਖੀ ਸਰੀਰ ਦਾ ਅਮੀਬੇ ਤੋਂ ਲੈ ਕੇ ਮਨੁੱਖ ਬਣਨ ਤੱਕ ਤਿੰਨ ਸੌ ਕਰੋੜ ਵਰ੍ਹਿਆਂ ਦਾ ਸਫਰ ਮਨੁੱਖ ਜਾਤੀ ਦੁਆਰਾ ਕੀਤੇ ਗਏ ਲੰਬੇ ਸੰਘਰਸ਼ਾਂ ਦਾ ਸਿੱਟਾ ਹੈ। ਜਿਵੇਂ ਰੇਡੀਓ ਜਾਂ ਟੈਲੀਵਿਜ਼ਨ ਵਿਚ ਬਹੁਤ ਸਾਰੀਆਂ ਪ੍ਰਣਾਲੀਆਂ ਕਾਰਜਸ਼ੀਲ ਹੁੰਦੀਆਂ ਹਨ। ਕੋਈ ਬਿਜਲੀ ਦੀ ਸਪਲਾਈ ਕਰਦੀ ਹੈ, ਕੋਈ ਆਵਾਜ਼ ਦੀਆਂ ਤਰੰਗਾਂ ਫੜਨ ਦਾ ਅਤੇ ਕੋਈ ਇਨ੍ਹਾਂ ਤਰੰਗਾਂ ਨੂੰ ਧੁਨੀ ਤਰੰਗਾਂ ਵਿਚ ਬਦਲਣ ਦਾ ਕੰਮ ਕਰਦੀ ਹੈ। ਇਸੇ ਤਰ੍ਹਾਂ ਹੀ ਮਨੁੱਖੀ ਸਰੀਰ ਵੀ ਵੱਖ-ਵੱਖ ਅੰਗ ਪ੍ਰਣਾਲੀਆਂ ਦਾ ਸਮੂਹ ਹੈ। ਕੋਈ ਪ੍ਰਣਾਲੀ ਸੋਚਣ ਦਾ, ਕੋਈ ਸਾਹ ਲੈਣ ਦਾ, ਕੋਈ ਲਹੂ ਗੇੜ ਦਾ ਕੰਮ ਕਰਦੀ ਹੈ। ਜਿਵੇਂ ਰੇਡੀਓ ਦੀ ਕੋਈ ਮਹੱਤਵਪੂਰਨ ਪ੍ਰਣਾਲੀ ਜੇਕਰ ਕੰਮ ਕਰਨਾ ਬੰਦ ਕਰ ਦੇਵੇ ਤਾਂ ਇਸ ਵਿਚੋਂ ਕੋਈ ਆਤਮਾ ਤਾਂ ਨਹੀਂ ਨਿਕਲ ਜਾਂਦੀ? ਇਸੇ ਤਰ੍ਹਾਂ ਸਰੀਰ ਦੀ ਕਿਸੇ ਅੰਗ ਪ੍ਰਣਾਲੀ ਦਾ ਕੰਮ ਬੰਦ ਹੋਣ ਨਾਲ ਹੋਈ ਮੌਤ ਇਸ ਵਿਚ ਆਤਮਾ ਦਾ ਨਿਕਲ ਜਾਣਾ ਨਹੀਂ ਹੁੰਦਾ। ਕਿਹਾ ਜਾਂਦਾ ਹੈ ਕਿ ਵਿਗਿਆਨਕਾਂ ਨੇ ਇਕ ਮਰ ਰਹੇ ਵਿਅਕਤੀ ਨੂੰ ਸ਼ੀਸ਼ੇ ਦੇ ਬਰਤਨ ਵਿਚ ਬੰਦ ਕਰ ਦਿੱਤਾ। ਜਦੋਂ ਵਿਅਕਤੀ ਦੀ ਮੌਤ ਹੋ ਗਈ ਤਾਂ ਇਸ ਬਰਤਨ ਵਿਚੋਂ ਆਤਮਾ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਈ। ਇਹ ਸਭ ਅਫ਼ਵਾਹਾਂ ਹਨ। ਅਜਿਹਾ ਕਦੇ ਨਹੀਂ ਵਾਪਰਿਆ। ਲੋਕਾਂ ਨੂੰ ਭਰਮਾਂ-ਵਹਿਮਾਂ ਵਿਚ ਧੱਕਣਾ ਇਥੋਂ ਦੀ ਰਾਜ ਕਰ ਰਹੀ ਜਮਾਤ ਦੀ ਲੋੜ ਹੈ। ਇਸ ਲਈ ਬਹੁਤੇ ਟੈਲੀਵਿਜ਼ਨ ਚੈਨਲਾਂ ਦੇ ਮਾਲਕ ਸਭ ਕੁਝ ਜਾਣਦੇ ਹੋਏ ਇਨ੍ਹਾਂ ਗੱਲਾਂ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਤਰਕਸ਼ੀਲ ਸੁਸਾਇਟੀ ਦੇ ਸ਼ੁਰੂਆਤ ਦੇ ਦਿਨਾਂ ਦੀ ਇਕ ਘਟਨਾ ਦਾ ਜ਼ਿਕਰ ਕਰਨਾ ਮੈਂ ਜ਼ਰੂਰੀ ਸਮਝਦਾ ਹਾਂ। ਰਾਜਪੁਰੇ ਤੋਂ ਭੂਤਾਂ ਪ੍ਰੇਤਾਂ ਦੀਆਂ ਖ਼ਬਰਾਂ ਆਮ ਤੌਰ ’ਤੇ ਅਖ਼ਬਾਰਾਂ ਵਿਚ ਸੁਰਖ਼ੀਆਂ ਵਿਚ ਛਪਦੀਆਂ ਰਹਿੰਦੀਆਂ ਸਨ। ਅਜਿਹੀ ਹੀ ਇਕ ਖ਼ਬਰ ਦੀ ਪੜਤਾਲ ਕਰਨ ਤੋਂ ਬਾਅਦ ਉਥੋਂ ਦੇ ਇਕ ਪੱਤਰਕਾਰ ਨੂੰ ਅਸੀਂ ਪੁੱਛਿਆ ਕਿ ਸਾਨੂੰ ਤਾਂ ਪੜਤਾਲ ਵਿਚ ਕੁਝ ਮਿਲਿਆ ਨਹੀਂ ਤੂੰ ਇਹ ਖ਼ਬਰ ਕਿਸ ਸੂਚਨਾ ਦੇ ਆਧਾਰ ਤੇ ਲਗਾਈ ਹੈ? ਤਾਂ ਉਹ ਕਹਿਣ ਲੱਗਿਆ, ‘‘ਮੈਂ ਤਾਂ ਇਹ ਗੱਲ ਸੁਣੀ ਹੀ ਸੀ। ਮੈਂ ਸੋਚਿਆ ਖ਼ਬਰ ਦਿਲਚਸਪ ਬਣਦੀ ਹੈ। ਇਸ ਲਈ ਅਖ਼ਬਾਰ ਨੂੰ ਭੇਜ ਦਿੱਤੀ।’’ ਮੈਂ ਉਸ ਨੂੰ ਕਿਹਾ ਕਿ, ‘‘ਪੱਤਰਕਾਰੀ ਦਾ ਕੰਮ ਇਹ ਤਾਂ ਨਹੀਂ ਹੁੰਦਾ ਕਿ ਉਹ ਝੂਠੀ ਖ਼ਬਰ ਦੇਕੇ ਲੱਖਾਂ ਸਧਾਰਨ ਲੋਕਾਂ ਨੂੰ ਅੰਧਵਿਸ਼ਵਾਸੀ ਦੀ ਡੂੰਘੀ ਦਲਦਲ ਵਿਚ ਧੱਕ ਦੇਵੇਂ। ਤੈਨੂੰ ਸਜ਼ਾ ਦੇਣ ਵਾਲਾ ਤਾਂ ਕੋਈ ਨਹੀਂ ਪਰ ਤੇਰਾ ਜੁਰਮ ਮੁਆਫੀਯੋਗ ਨਹੀਂ।’’ ਸੋ ਪੁਨਰ ਜਨਮ ਦੀਆਂ ਛਪ ਰਹੀਆਂ ਅਤੇ ਵਿਖਾਈਆਂ ਜਾ ਰਹੀਆਂ ਸਭ ਘਟਨਾਵਾਂ ਫਰਜੀ ਹਨ ਅਤੇ ਇਨ੍ਹਾਂ ਪਿੱਛੇ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਸਵਾਰਥ ਜ਼ਰੂਰ ਛੁਪਿਆ ਹੈ। ਅੱਜ ਦੇ ਵਿਗਿਆਨਕ ਯੁੱਗ ਵਿਚ ਜੇ ਭਾਰਤ ਵਿਚ ਗਰੀਬੀ, ਬੇਰੁਜ਼ਗਾਰੀ, ਬੇਈਮਾਨੀ ਅਤੇ ਰਿਸ਼ਵਤਖੋਰੀ ਭਾਰੂ ਹਨ ਤਾਂ ਇਸਦਾ ਸਿਰਫ ਇਕੋ-ਇਕ ਕਾਰਨ ਇਥੋਂ ਦੇ ਬਹੁਸੰਮਤੀ ਲੋਕਾਂ ਦਾ ਲਾਈਲੱਗ ਹੋਣਾ ਹੈ।

ਬੀਜ ਮੰਤਰ

ਮੇਘ ਰਾਜ ਮਿੱਤਰ (+91 98887 87440)

12698662295Bl03Kਲੱਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮਿ੍ਰਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ ਹਾਜ਼ਰ ਵਿਅਕਤੀਆਂ ਵਿਚੋਂ ਬਹੁਤਿਆਂ ਦਾ ਦਾਅਵਾ ਸੀ ਕਿ ਮੰਤਰਾਂ ਦੇ ਪ੍ਰਭਾਵ ਨਾਲ ਮਿੱਟੀ ਵਿੱਚ ਦੱਬਿਆ ਨੌਜਵਾਨ ਪ੍ਰਮਾਤਮਾ ਦਾ ਨਾਮ ਜਪਦਾ ਹੋਇਆ ਉੱਠ ਖੜ੍ਹਾ ਹੋਵੇਗਾ। ਉਹ ਅਧਿਆਪਕਾ ਕਿਸੇ ਸਮੇਂ ਮੇਰੇ ਨਾਲ ਹੀ ਸਕੂਲ ਵਿਚ ਪੜ੍ਹਾਉਂਦੀ ਰਹੀ ਸੀ ਤੇ ਮੈਂ ਵੀ ਅਜਿਹਾ ਚਾਹੁੰਦਾ ਸਾਂ ਕਿ ਅਜਿਹਾ ਵਾਪਰ ਜਾਵੇ। ਉਸਦਾ ਨੌਜਵਾਨ ਪੁੱਤਰ ਮੁੜ ਆਵੇ ਪਰ ਸਭ ਕੁਝ ਤਾਂ ਚਾਹੁਣ ਨਾਲ ਨਹੀਂ ਹੁੰਦਾ ਕਈ ਵਾਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੁੰਦੀਆਂ ਨੇ।
ਬੜੇ ਦਾਅਵੇ ਕੀਤੇ ਜਾਂਦੇ ਨੇ ਕਿ ਗੁਰਬਾਣੀ ਦੇ ਕੁਝ ਸ਼ਬਦ ਸੁਣਨ ਜਾਂ ਸੁਣਾਉਣ ਨਾਲ ਕੈਂਸਰ ਦੇ ਮਰੀਜ ਠੀਕ ਹੋ ਜਾਂਦੇ ਨੇ। ਗੀਤਾ ਵਿਚੋਂ ਕੁਝ ਸ਼ਲੋਕ ਪੜ੍ਹਨ ਨਾਲ ਟੀ. ਬੀ. ਸਦਾ ਲਈ ਅਲੋਪ ਹੋ ਜਾਂਦੀ ਹੈ। ਕੁਰਾਨ ਦੀ ਆਇਤਾਂ ਵੀ ਕਈਆਂ ਦੀ ਰੀੜ੍ਹ ਦੀ ਹੱਡੀ ਦਾ ਮਣਕਾ ਠੀਕ ਕਰ ਦਿੰਦੀਆਂ ਹਨ। ਬਾਈਬਲ ਵਿਚੋਂ ਕੁਝ ਕਹਾਣੀਆਂ ਗੂੰਗਿਆਂ ਤੇ ਲੰਗੜਿਆਂ ਨੂੰ ਤੁਰਨ ਲਾ ਦਿੰਦੀਆਂ ਹਨ। ਅਸੀਂ ਤਰਕਸ਼ੀਲ ਚਾਹੁੰਦੇ ਹਾਂ ਅਜਿਹਾ ਕੁਝ ਵਾਪਰ ਜਾਵੇ। ਹਸਪਤਾਲਾਂ ਦੀ ਲੋੜ ਨਾ ਰਹੇ, ਡਾਕਟਰ ਦਫ਼ਾ ਹੋ ਜਾਣ, ਗਰੀਬ ਲੋਕਾਂ ਦੇ ਘਰ ਇਲਾਜ ਕਾਰਨ ਵਿਕਣੋਂ ਬੰਦ ਹੋ ਜਾਣ। ਮਰੀਜਾਂ ਦੇ ਦੁੱਖ ਦਰਦ ਮਿਟ ਜਾਣ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਦਾ।
ਬਿਮਾਰੀਆਂ ਕਿਸੇ ਕਾਰਨ ਕਰਕੇ ਹੀ ਸਰੀਰ ਨੂੰ ਗ੍ਰਸਤ ਕਰਦੀਆਂ ਹਨ। ਕਈ ਵਾਰ ਇਹ ਕਾਰਨ ਸਰੀਰ ਵਿਚ ਕਿਸੇ ਪਦਾਰਥ ਦੀ ਕਮੀ ਹੁੰਦਾ ਹੈ ਕਈ ਵਾਰ ਕਿਸੇ ਪਦਾਰਥ ਦੀ ਬਹੁਤਾਤ, ਕਈ ਵਾਰ ਕਿਸੇ ਬਾਹਰੀ ਜਰਾਸੀਮ ਦਾ ਹਮਲਾ। ਕੁਝ ਸ਼ਬਦਾਂ ਦਾ ਉਚਾਰਨ ਨਾ ਤਾਂ ਸਰੀਰਕ ਘਾਟ ਨੂੰ ਪੂਰਾ ਕਰ ਸਕਦਾ ਹੈ ਤੇ ਨਾ ਹੀ ਕਿਸੇ ਸਰੀਰਕ ਵਾਧੇ ਨੂੰ ਖਾਰਜ ਕਰ ਸਕਦਾ ਹੈ। ਵਿਚਾਰੇ ਜਰਾਸੀਮਾਂ ਦੇ ਦਿਮਾਗ ਵੀ ਐਨੇ ਵਿਕਸਤ ਹੀ ਨਹੀਂ ਹੁੰਦੇ ਕਿ ਉਹ ਸ਼ਬਦਾਂ ਦੇ ਅਰਥ ਹੀ ਸਮਝ ਸਕਣ। ਸੋ ਬਿਮਾਰੀਆਂ ਨੂੰ ਸ਼ਬਦਾਂ ਰਾਹੀਂ ਸਰੀਰ ਵਿਚੋਂ ਬਾਹਰ ਕੱਢਣ ਦੀ ਕਲਾ ਮੇਰੇ ਤਾਂ ਸਮਝ ਤੋਂ ਬਾਹਰ ਹੈ।
ਪਰ ਧਾਰਮਿਕ ਸ਼ਬਦਾਂ ਵਿਚ ਇਕ ਕਲਾ ਜ਼ਰੂਰ ਹੈ ਕਿ ਇਸਦਾ ਅਸਰ ਲੋਕਾਂ ਦੀਆਂ ਜੇਬਾਂ ਉੱਤੇ ਜ਼ਰੂਰ ਹੋ ਜਾਂਦਾ ਹੈ। ਮੈਂ ਹਜ਼ਾਰਾਂ ਸ਼ਬਦ ਉਚਾਰਨ ਵਾਲਿਆਂ ਨੂੰ ਜਾਣਦਾ ਹਾਂ ਜੋ ਲੋਕਾਂ ਦੀਆਂ ਜੇਬਾਂ ਵਿਚੋਂ ਸ਼ਬਦ ਉਚਾਰਨ ਰਾਹੀਂ ਹੀ ਪੈਸੇ ਕਢਵਾਈ ਜਾਂਦੇ ਹਨ। ਉਹ ਲੋਕਾਂ ਨੂੰ ਸ਼ਬਦਾਂ ਰਾਹੀ ਠੀਕ ਹੋਣ ਵਾਲੇ ਵਿਅਕਤੀਆਂ ਦੀਆਂ ਹਜ਼ਾਰਾਂ ਉਦਾਹਰਣਾਂ ਪੇਸ਼ ਕਰ ਦਿੰਦੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਨੇ ਤਾਂ ਇਨ੍ਹਾਂ ਗੱਲਾਂ ਦੀਆਂ ਜਾਂਚਾਂ, ਪੜਤਾਲਾਂ ਕਰਨੀਆਂ ਹੀ ਹਨ ਅਤੇ ਨਾ ਹੀ ਉਨ੍ਹਾਂ ਨੇ ਇਹ ਜਾਣਨਾ ਹੈ ਕਿ ਮਰੀਜ ਜਿਸ ਬਿਮਾਰੀ ਦਾ ਦਾਅਵਾ ਕਰਦਾ ਹੈ ਕੀ ਉਸਨੂੰ ਸੱਚੀਉ ਹੀ ਉਹ ਬਿਮਾਰੀ ਸੀ? ਜਾਂ ਜਦੋਂ ਉਸਦੇ ਸ਼ਬਦਾਂ ਰਾਹੀ ਠੀਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬਿਮਾਰੀ ਦੇ ਖਤਮ ਹੋਣ ਦੀ ਪੁਸ਼ਟੀ ਡਾਕਟਰਾਂ ਨੇ ਕੀਤੀ ਸੀ ਜਾਂ ਨਹੀਂ। ਜਾਂ ਉਹ ਬਿਮਾਰੀ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋਣ ਵਾਲੀ ਤਾਂ ਨਹੀਂ ਸੀ।
ਹੁਣ ਵਾਸੂ ਭਾਰਦਵਾਜ ਦੇ ਕੇਸ ਨੂੰ ਹੀ ਲੈ ਲਈਏ। ਸੂਰਤ ਗੁਜਰਾਤ ਦਾ ਇੱਕ ਸ਼ਹਿਰ ਹੈ ਇਸ ਸ਼ਹਿਰ ਦੇ ਇਸ ਪੱਤਰਕਾਰ ਨੂੰ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਸੀ। ਲਗਭਗ ਸਾਢੇ ਤਿੰਨ ਸਾਲ ਬੇਹਤਰੀਨ ਹਸਪਤਾਲਾਂ ਵਿੱਚ ਉਹ ਆਪਣਾ ਇਲਾਜ ਕਰਵਾਉਂਦਾ ਰਿਹਾ। ਆਪਣੇ ਕੁਝ ਰਿਸ਼ਤੇਦਾਰਾਂ ਦੇ ਕਹਿਣ ਤੇ ਆਖਰ ਉਸਨੇ ਆਪਣੇ ਇਲਾਜ ਨੂੰ ਅਲਵਿਦਾ ਕਹਿ ਦਿੱਤੀ ਤੇ 2002 ਵਿਚ ਅੰਮਿ੍ਰਤਸਰ ਆ ਕੇ ਗੁਰਬਾਣੀ ਦਾ ਪਾਠ ਇੱਕ ਦੋ ਦਿਨ ਸੁਣਿਆ। ਕਿਹਾ ਜਾਂਦਾ ਹੈ ਉਹ ਇਸ ਨਾਲ ਠੀਕ ਹੋ ਗਿਆ। ਉਸਦੇ ਸਾਰੇ ਟੈਸਟ ਨਾਰਮਲ ਹੋ ਗਏ। ਇਸ ਘਟਨਾ ਦੇ ਵੇਰਵੇ ਤਾਂ ਸਾਰੇ ਅਖ਼ਬਾਰਾਂ ਵਾਲਿਆਂ ਨੇ ਵੱਡੀਆਂ ਵੱਡੀਆਂ ਸੁਰਖੀਆਂ ਲਾ ਕੇ ਛਾਪ ਦਿੱਤੇ। ਪਰ 2006 ਵਿਚ ਉਸਦੀ ਮੌਤ ਜੋ ਉਸੇ ਕੈਂਸਰ ਨਾਲ ਹੋਈ ਦੀ ਖ਼ਬਰ ਕਿਸੇ ਵੀ ਅਖ਼ਬਾਰ ਨੇ ਨਹੀਂ ਲਾਈ। ਅੱਜ ਸੈਂਕੜੇ ਵੈਬਸਾਈਟਾਂ ਤੇ ਵਾਸੂ ਭਰਦਵਾਜ ਦੇ ਗੁਰਬਾਣੀ ਦੇ ਪਾਠ ਰਾਹੀ ਠੀਕ ਹੋਣ ਦਾ ਕਰਿਸਮਾ ਤਾਂ ਦਰਜ ਹੈ ਪਰ ਕਿਸੇ ਇੱਕ ਤੇ ਵੀ ਉਸਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਗਈ।
ਅਸਲ ਵਿਚ ਅੰਧ ਵਿਸ਼ਵਾਸ ਫੈਲਾਉਣ ਵਾਲੀਆਂ ਖ਼ਬਰਾਂ ਤਾਂ ਵੱਡੀਆਂ ਵੱਡੀਆਂ ਸੁਰਖੀਆਂ ਲਾ ਕੇ ਛਾਪੀਆਂ ਜਾਂਦੀਆਂ ਹਨ ਪਰ ਮਿਟਾਉਣ ਵਾਲੀਆਂ ਖ਼ਬਰਾਂ ਸਮੇਂ ਅਖ਼ਬਾਰਾਂ ਵਿੱਚ ਥਾਂ ਦੇਣ ਦੀ ਕੰਜੂਸੀ ਵਰਤ ਲਈ ਜਾਂਦੀ ਹੈ। ਇਹ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਜਾਂ ਅਣਜਾਣ ਪੁਣੇ ਵਿੱਚ? ਇਹ ਗੱਲ ਕਦੇ ਵੀ ਮੇਰੀ ਸਮਝ ਵਿਚ ਨਹੀਂ ਆਈ। ਚਲੋ ਛੱਡੋ ਵੱਡੇ ਆਦਮੀਆਂ ਦੀਆਂ ਵੱਡੀਆਂ ਗੱਲਾਂ।
ਕਿਹਾ ਜਾਂਦਾ ਹੈ ਕਿ ਬੀਜ ਮੰਤਰਾਂ ਰਾਹੀ ਬਿਮਾਰੀਆਂ ਠੀਕ ਕਰਨ ਦੀ ਸਲਾਹ ਦੇਣ ਨਾਲ ਰੋਗੀਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਕਈ ਵਾਰ ਤਾਂ ਇਹ ਸਲਾਹ ਵੀ ਦੇ ਦਿੱਤੀ ਜਾਂਦੀ ਹੈ ਕਿ ਨਾਲੇ ਤਾਂ ਡਾਕਟਰੀ ਇਲਾਜ ਕਰੀ ਚਲੋ ਨਾਲੇ ਬੀਜ ਮੰਤਰਾਂ ਦਾ ਇਸਤੇਮਾਲ ਕਰੀ ਚਲੋ? ਜੇ ਮਰੀਜ ਠੀਕ ਹੋ ਗਿਆ ਤਾਂ ਠੀਕ ਹੋਣ ਦਾ ਸਿਹਰਾ ਆਪਣੇ ਸਿਰ ਬੰਨ ਲੈਣਾ ਹੈ, ਜੇ ਮਰ ਗਿਆ ਤਾਂ ਘੜਾ ਡਾਕਟਰਾਂ ਦੇ ਸਿਰ ਤੇ ਭੰਨ ਦੇਣਾ ਹੈ। ਸਾਡੇ ਤਾਂ ਦੋਹੇ ਹੱਥੀ ਲੱਡੂ ਹੁੰਦੇ ਹਨ। ਮਰੀਜ ਨੇ ਇਹ ਪਰਖ ਤਾਂ ਕਰਨੀ ਹੀ ਨਹੀਂ ਕਿ ਮੈਨੂੰ ਠੀਕ ਬੀਜ ਮੰਤਰਾਂ ਨੇ ਕੀਤਾ ਹੈ ਜਾਂ ਡਾਕਟਰੀ ਇਲਾਜ ਨੇ?
ਬੀਜ ਮੰਤਰਾਂ ਦੇ ਅਸਰ ਦੇ ਦਾਅਵੇ ਹਜ਼ਾਰਾਂ ਮਰੀਜਾਂ ਦਾ ਇਲਾਜ ਅੱਧ ਵਿਚਾਲੇ ਛੁਡਵਾ ਕੇ ਉਨ੍ਹਾਂ ਨੂੰ ਕਬਰਾਂ ਦੇ ਨੇੜੇ ਲੈ ਜਾਂਦੇ ਹਨ ਇਸ ਗੱਲ ਦੀ ਪ੍ਰਵਾਹ ਮੇਰੇ ਪਿਆਰੇ ਭਾਰਤ ਵਿੱਚ ਤਾਂ ਕਿਸੇ ਨੂੰ ਵੀ ਨਹੀਂ। ਲੀਡਰਾਂ ਨਾਲ ਗੱਲਾਂ ਕਰੋ ਤਾਂ ਕਹਿਣਗੇ ‘‘ਬਥੇਰੀ ਸਤੌਲ ਫਿਰਦੀ ਐ ਇਥੇ ਜੇ 20-30 ਹਜ਼ਾਰ ਮਰ ਵੀ ਜਾਣਗੇ ਤਾਂ ਵੀ ਭਾਰਤ ਨੂੰ ਕੋਈ ਫਰਕ ਨਹੀਂ ਪੈਣਾ।’’
ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਸ਼ਬਦਾਂ ਦਾ ਬੰਦਿਆਂ ਤੇ ਅਸਰ ਮਾਨਸਿਕ ਵੀ ਨਹੀਂ ਹੁੰਦਾ। ਮੈਂ ਅਜਿਹੇ ਅਸਰ ਖੁਦ ਸੁਣੇ ਵੀ ਹਨ ਤੇ ਵੇਖੇ ਵੀ ਹਨ। ਮੇਰੇ ਪਿੰਡ ਦੇ ਇੱਕ ਬਜ਼ੁਰਗ ਨੇ ਇੱਕ ਵਾਰ ਮੈਨੂੰ ਦੱਸਿਆ ਇੱਕ ਦੁਕਾਨਦਾਰ ਦੇ ਘਰ ਵਿੱਚ ਕੁਝ ਕਮਰਿਆਂ ਵਿੱਚ ਰੂੰ ਭਰੀ ਹੋਈ ਸੀ। ਉਸਦੇ ਤਾਜੇ ਵਿਆਹੇ ਪੁੱਤ ਦੀ ਘਰਵਾਲੀ ਆਪਣੇ ਪਤੀ ਤੋਂ ਪੁੱਛਣ ਲੱਗੀ ਕਿ ਇਹ ਰੂੰ ਕਿਉਂ ਰੱਖੀ ਹੈ ਤਾਂ ਉਸਨੇ ਮਜ਼ਾਕ ਵਿਚ ਕਹਿ ਦਿੱਤਾ। ‘‘ਇਹ ਤੂੰ ਕੱਤਣੀ ਹੈ।’’ ਬੱਸ ਇਹ ਗੱਲ ਉਸ ਦੇ ਦਿਮਾਗ ਤੇ ਅਸਰ ਕਰ ਗਈ। ਉਹ ਹਰ ਵੇਲੇ ਇਹ ਹੀ ਕਿਹਾ ਕਰੇ ‘‘ਮੈਂ ਐਨੀ ਰੰੂ ਕਿਵੇਂ ਕੱਤੂ?’’ ਮਾਪਿਆਂ ਤੋਂ ਕੁੜੀ ਦੀ ਹਾਲਤ ਜਰ ਨਾ ਹੋਈ ਉਹ ਉਸਨੂੰ ਆਪਣੇ ਪਿੰਡ ਲੈ ਆਏ। ਇੱਕ ਗੁਆਂਢੀ ਨੇ ਜਦੋਂ ਇਸ ਕੁੜੀ ਦੀ ਹਾਲਤ ਬਾਰੇ ਸੁਣਿਆ ਤਾਂ ਉਹ ਘਰਦਿਆਂ ਨੂੰ ਕਹਿਣ ਲੱਗਿਆ ਮੈਂ ਤੁਹਾਡੀ ਕੁੜੀ ਨੂੰ ਠੀਕ ਕਰ ਸਕਦਾ ਹਾਂ ਤੇ ਘਰ ਵਾਲੇ ਉਸਨੂੰ ਕੁੜੀ ਕੋਲ ਲੈ ਗਏ। ਉਹ ਕੁੜੀ ਨੂੰ ਕਹਿਣ ਲੱਗਿਆ, ‘‘ਕੱਲ ਮੈਂ ਤੇਰੇ ਸਹੁਰੇ ਪਿੰਡ ਗਿਆ ਸੀ ਉਥੇ ਤਾਂ ਤੁਹਾਡੇ ਘਰ ਨੂੰ ਅੱਗ ਲੱਗ ਗਈ।’’ ਕੁੜੀ ਪੁੱਛਣ ਲੱਗੀ ‘‘ਰੂੰ ਵੀ ਮੱਚ ਗਈ ਹੈ? ਉਸਨੇ ਕਿਹਾ ‘‘ਉਹ ਵੀ ਰਾਖ ਹੋ ਗਈ ਹੈ।’’ ਬੱਸ ਇਹ ਕਹਿਣ ਦੀ ਦੇਰ ਸੀ ਕਿ ਕੁੜੀ ਠੀਕ ਹੋ ਗਈ।
ਇਸੇ ਤਰ੍ਹਾਂ ਦੀ ਇੱਕ ਘਟਨਾ ਸਾਡੀ ਤਰਕਸ਼ੀਲ ਲਹਿਰ ਦੇ ਇਤਿਹਾਸ ਵਿੱਚ ਵਾਪਰ ਚੁੱਕੀ ਹੈ। ਬਠਿੰਡੇ ਹਾਜੀ ਰਤਨ ਗੁਰਦੁਆਰੇ ਦੇ ਨਾਲ ਵਾਲੇ ਘਰ ਦੀ ਗੱਲ ਹੈ ਕਿ ਘਰ ਵਾਲਾ ਜਦੋਂ ਬੰਦੂਕ ਖਰੀਦ ਕੇ ਆਪਣੇ ਘਰ ਲੈ ਕੇ ਆਇਆ ਤਾਂ ਉਸਦੀ ਪਤਨੀ ਪੁੱਛਣ ਲੱਗੀ ਕਿ ‘‘ਤੁਸੀਂ ਬੰਦੂਕ ਕਿਉਂ ਖਰੀਦ ਲਿਆਏ ਹੋ?’’ ਤਾਂ ਉਹ ਕਹਿਣ ਲੱਗਿਆ ‘‘ਬੰਦੂਕਾਂ ਘਰ ਵਿੱਚ ਆਈਆਂ ਮਾੜੀਆਂ ਹੀ ਹੁੰਦੀਆਂ ਹਨ ਜਾਂ ਤਾਂ ਇਸ ਨਾਲ ਕੋਈ ਮੈਨੂੰ ਮਾਰਦੂ ਜਾਂ ਮੈਂ ਕਿਸੇ ਨੂੰ ਮਾਰ ਕੇ ਅੰਦਰ ਹੋ ਜੂ।’’ ਬੱਸ ਇਹ ਕਹਿਣ ਦੀ ਦੇਰ ਸੀ ਕਿ ਘਰ ਵਿੱਚ ਘਟਨਾਵਾਂ ਵਾਪਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜਦੋਂ ਵੀ ਉਸਦੇ ਪਤੀ ਦੁਆਰਾ ਬੰਦੂਕ ਬਾਰੇ ਆਖੀ ਹੋਈ ਗੱਲ ਉਸ ਇਸਤਰੀ ਦੇ ਦਿਮਾਗ ਵਿੱਚ ਆਉਂਦੀ ਤਾਂ ਘਰ ਵਿੱਚ ਕਿਤੇ ਨਾ ਕਿਤੇ ਅੱਗ ਲੱਗ ਜਾਂਦੀ।
ਸੋ ਮਿਠਾਸ ਨਾਲ ਕਹੇ ਸ਼ਬਦ ਦਾਰੂ ਵੀ ਹੋ ਜਾਂਦੇ ਨੇ ਤੇ ਕੌੜੇ ਸ਼ਬਦ ਡੰਗ ਵੀ ਮਾਰ ਜਾਂਦੇ ਨੇ। ਸ਼ਬਦਾਂ ਰਾਹੀ ਰੋਗਾਂ ਦਾ ਇਲਾਜ ਇੱਕ ਧੰਦਾ ਹੀ ਹੈ ਇਸ ਤੋਂ ਵੱਧ ਕੁਝ ਵੀ ਨਹੀਂ।
ਮਿਨੀਸੋਟਾ ਦਾ ਇੱਕ ਡਾਕਟਰ ਨਿਲੋਨ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ 1970 ਵਿੱਚ ਉਸਨੇ ਪਾਦਰੀ ਕੁਲਮੈਨ ਤੋਂ ਠੀਕ ਹੋਣ ਦੇ ਦਾਅਵੇ ਕੀਤੇ ਹੋਏ 25 ਵਿਅਕਤੀਆਂ ਦੀ ਲਿਸਟ ਲਈ। ਇੱਕ ਇਸਤਰੀ ਜਿਸਨੂੰ ਫੇਫੜੇ ਦੇ ਕੈਂਸਰ ਹੋਣ ਦੀ ਬਿਮਾਰੀ ਦਰਸਾਈ ਗਈ ਸੀ ਉਸ ਨੂੰ ਤਾਂ ਇਹ ਬਿਮਾਰੀ ਹੀ ਨਹੀਂ ਸੀ। ਇੱਕ ਰੀੜ ਦੀ ਹੱਡੀ ਦੀ ਮਰੀਜ ਨੂੰ ਠੀਕ ਹੋਣ ਕਰਕੇ ਬੈਲਟ ਉਤਾਰਨ ਦਾ ਸੁਝਾਅ ਦੇ ਦਿੱਤਾ ਗਿਆ। ਦੂਸਰੇ ਦਿਨ ਉਸਦੀ ਰੀੜ ਦੀ ਹੱਡੀ ਟੁੱਟ ਗਈ। ਚਾਰ ਮਹੀਨੇ ਬਾਅਦ ਉਸਦੀ ਮੌਤ ਹੋ ਗਈ।
ਸੋ ਬੀਜ ਮੰਤਰਾਂ ਰਾਹੀ ਇਲਾਜ ਕਰਨ ਵਾਲਿਆਂ ਦੇ ਦਾਅਵਿਆਂ ਦੀ ਪੜਤਾਲ ਕਰਨ ਦੀ ਲੋੜ ਹੈ। ਜੇ ਉਨ੍ਹਾਂ ਦੇ ਦਾਅਵੇ ਸੱਚੇ ਨੇ ਤਾਂ ਹਸਪਤਾਲਾਂ ਨੂੰ ਉਨ੍ਹਾਂ ਦੇ ਸਪੁਰਦ ਕਰ ਦੇਣਾ ਚਾਹੀਦਾ ਹੈ। ਜੇ ਉਹ ਆਪਣੇ ਕੀਤੇ ਦਾਅਵਿਆਂ ਤੇ ਪੂਰੇ ਨਹੀਂ ਉਤਰਦੇ ਤਾਂ ਉਨ੍ਹਾਂ ਦੀ ਥਾਂ ਜੇਲਾਂ ਵਿੱਚ ਹੋਣੀ ਚਾਹੀਦੀ ਹੈ।
ਅੰਤ ਵਿੱਚ ਮੈਂ ਆਪਣੇ ਲੋਕਾਂ ਨੂੰ ਇਹ ਸਲਾਹ ਹੀ ਦੇਵਾਗਾਂ ਕਿ 1935 ਵਿੱਚ ਭਾਰਤ ਵਿਚ ਔਸਤ ਉਮਰ 35 ਸਾਲ ਸੀ। ਬੀਜ ਮੰਤਰ ਉਦੋਂ ਵੀ ਸਨ ਪਰ ਜੇ ਅੱਜ ਇਹ ਭਾਰਤ ਵਿੱਚ ਹੀ 68 ਸਾਲ ਹੋ ਚੁੱਕੀ ਹੈ ਇਹ ਕਿਸੇ ਵੀ ਬੀਜ ਮੰਤਰਾਂ ਨੇ ਨਹੀਂ ਕੀਤੀ ਸਗੋਂ ਅਧੁਨਿਕ ਡਾਕਟਰੀ ਉਪਚਾਰਾਂ ਨੇ ਕੀਤੀ ਹੈ। ਚੇਚਕ, ਟੀ. ਵੀ., ਪੋਲੀਓ ਵਰਗੀਆਂ ਬਿਮਾਰੀਆਂ ਜੇ ਅੱਜ ਕਾਬੂ ਵਿੱਚ ਆਈਆਂ ਹਨ ਤਾਂ ਇਹ ਕਿਸੇ ਬੀਜ ਮੰਤਰ ਕਰਕੇ ਨਹੀਂ ਸਗੋਂ ਨਵੀਨਤਮ ਡਾਕਟਰੀ ਖੋਜਾਂ ਕਰਕੇ ਹੋਈਆਂ ਹਨ।
ਧਰਤੀ ਤੇ ਮੌਜੂਦ ਕੁਝ ਵਿਅਕਤੀ ਇਤਿਹਾਸ ਦਾ ਪਹੀਆ ਪਿੱਛੇ ਨੂੰ ਮੋੜਨ ਲਈ ਯਤਨਸ਼ੀਲ ਹਨ। ਹਾਲਾਂਕਿ ਉਹ ਇਹ ਜਾਣਦੇ ਹਨ ਕਿ ਜੇ ਉਨ੍ਹਾਂ ਨੂੰ ਪੁਰਾਤਨ ਯੁੱਗਾਂ ਵਾਲੀਆਂ ਹਾਲਤਾਂ ਵਿਚ ਜੀਵਨ ਬਸਰ ਕਰਨ ਲਈ ਕਿਹਾ ਜਾਵੇ ਤਾਂ ਉਹ ਹੁਣੇ ਹੀ ਹੱਥ ਖੜੇ ਕਰ ਜਾਣਗੇ। ਪਰ ਫਿਰ ਵੀ ਬੀਤਿਆ ਯੁੱਗ ਉਨ੍ਹਾਂ ਨੂੰ ਚੰਗਾ ਲੱਗਦਾ ਹੈ? ਕਿਉਂਕਿ ਬੀਤੇ ਯੁਗ ਦੇ ਪ੍ਰਸ਼ੰਸਕਾਂ ਦੀਆਂ ਜੇਬਾਂ ਹਮੇਸ਼ਾ ਖੁੱਲੀਆਂ ਰਹਿੰਦੀਆਂ ਹਨ।

ਗੳੂ ਦਾ ਪਿਸ਼ਾਬ ਤੇ ਵਿਗਿਆਨਕ ਸੋਚ

Cow-Peeਮੇਘ ਰਾਜ ਮਿੱਤਰ (+91 98887 87440)
ਰਾਮ ਲਾਲ ਮੇਰਾ ਦੋਸਤ ਸੀ। ਅਸੀਂ ਇੱਕੋ ਸਕੂਲ ਵਿਚ ਪੜ੍ਹਾਉਂਦੇ ਰਹੇ ਹਾਂ। ਸਵੇਰੇ ਹੀ ਸਕੂਲ ਆਉਣ ਸਾਰ ਉਸਦਾ ਪਹਿਲਾ ਕੰਮ ਹੁੰਦਾ ਸੀ ਸਕੂਲ ਦੇ ਬਗੀਚੇ ਵਿਚੋਂ ਫੁੱਲ ਤੋੜਨਾ ਤੇ ਸੂਰਜ ਦੇਵਤਾ ਨੂੰ ਭੇਂਟ ਕਰ ਦੇਣਾ। ਸਾਨੂੰ ਇਸ ਗੱਲ ਨਾਲ ਦੁੱਖ ਪਹੁੰਚਦਾ ਸੀ। ਬਗੀਚੇ ਵਿਚ ਮਿਹਨਤ ਨਾਲ ਲਗਾਏ, ਖਿੜੇ ਫੁੱਲ ਹਜ਼ਾਰਾਂ ਵਿਦਿਆਰਥੀਆਂ ਨੂੰ ਖੁਸ਼ੀ ਦਿੰਦੇ ਸਨ। ਅਸੀਂ ਗੱਲਾਂ ਗੱਲਾਂ ਵਿਚ ਉਸ ਤੱਕ ਆਪਣਾ ਰੋਸ ਵੀ ਪੁਚਾ ਦਿੰਦੇ ਸਾਂ। ਪਰ ਉਸਨੇ ਕਦੇ ਗੁੱਸਾ ਨਹੀਂ ਸੀ ਕੀਤਾ।
ਉਹ ਸਕੂਲ ਆਉਣ ਤੋਂ ਪਹਿਲਾਂ ਰੋਜ਼ਾਨਾ ਗੳੂਸ਼ਾਲਾ ਵਿਚ ਪਹੁੰਚਦਾ ਅਤੇ ਗੳੂ ਦੇ ਇੱਕ ਕਿਲੋ ਚੋਂਦੇ ਦੁੱਧ ਦਾ ਨਾਸ਼ਤਾ ਕਰਦਾ। ਅਸੀਂ ਉਸਨੂੰ ਕਹਿਣਾ ‘‘ਰਾਮ ਲਾਲ ਤੂੰ ਪੰਜਾਹ ਸਾਲ ਦੀ ਉਮਰ ਵਿਚ ਐਨਾ ਦੁੱਧ ਕਿਵੇਂ ਹਜ਼ਮ ਕਰ ਲੈਂਦਾ ਹੈ?’’ ਤਾਂ ਉਸਨੇ ਕਹਿਣਾ ਮੈਂ ਹਰ ਰੋਜ਼ ਵੀਹ ਕਿਲੋਮੀਟਰ ਸਾਈਕਲ ਵੀ ਚਲਾਉਂਦਾ ਹਾਂ। ਖੈਰ ਸਾਨੂੰ ਉਸਦੀ ਇਹ ਗੱਲ ਤਾਂ ਜਚ ਜਾਂਦੀ ਕਿ ਕਸਰਤ ਉਸਦੇ ਦੁੱਧ ਨੂੰ ਹਜ਼ਮ ਤਾਂ ਕਰ ਦਿੰਦੀ ਹੋੳੂ ਪਰ ਉਸ ਵਲੋਂ ਬਗੈਰ ਉਬਾਲੇ ਤੋਂ ਹੀ ਦੁੱਧ ਪੀ ਜਾਣਾ ਕਦੇ ਵੀ ਸਾਡੀ ਸਤੁੰਸ਼ਟੀ ਨਾ ਕਰਵਾਉਂਦਾ।
ਸਮਾਂ ਬੀਤਦਾ ਗਿਆ। ਇੱਕ ਦਿਨ ਉਹ ਕਹਿਣ ਲੱਗਿਆ ਕਿ ‘‘ਬਾਦਾਮ ਬਹੁਤ ਗਰਮ ਹੁੰਦੇ ਹਨ।’’ ਮੈਂ ਖੁਰਾਕੀ ਵਸਤਾਂ ਵਿਚ ਵੱਧ ਘੱਟ ਕੈਲੋਰੀਆਂ ਦੀ ਹੋਂਦ ਵਿਚ ਤਾਂ ਯਕੀਨ ਰੱਖਦਾ ਸਾਂ। ਪਰ ਬਾਦਾਮਾਂ ਦੇ ਗਰਮ ਹੋਣ ਦੀ ਗੱਲ ਮੈਨੂੰ ਜਚੀ ਨਹੀਂ। ਮੈਂ ਉਸਨੂੰ ਕਿਹਾ ਕਿ ਮੈਂ ਕਿੰਨੇ ਬਾਦਾਮ ਤੈਨੂੰ ਖਾ ਕੇ ਵਿਖਾਵਾ। ਉਹ ਕਹਿਣ ਲੱਗਿਆ ਕਿ ਤੂੰ ਵੀਹ ਬਾਦਾਮ ਨਹੀਂ ਖਾ ਸਕਦਾ। ਖੈਰ ਸਾਡੀ ਸੌ ਰੁਪਏ ਦੀ ਸ਼ਰਤ ਲੱਗ ਗਈ। ਉਸਨੇ ਬਾਦਾਮ ਮੰਗਵਾ ਲਏ। ਇੱਕ ਇੱਕ ਕਰਕੇ ਉਹ ਮੇਰੇ ਹੱਥ ਤੇ ਰੱਖਦਾ ਰਿਹਾ ਤੇ ਮੈਂ ਬਾਦਾਮ ਖਾਂਦਾ ਗਿਆ। ਇਸ ਤਰ੍ਹਾਂ ਕਰਦੇ ਹੋਏ ਉਸੇ ਦਿਨ ਮੈਂ ਦੋ ਵਾਰ ਵੀਹ ਵੀਹ ਬਾਦਾਮ ਖਾ ਕੇ ਦੋ ਸੌ ਰੁਪਏ ਉਸ ਤੋਂ ਜਿੱਤ ਲਏ।
ਉਸਨੂੰ ਆਪਣੇ ਹਾਰੇ ਹੋਏ ਦੋ ਸੌ ਰੁਪਏ ਚੁਭਦੇ ਰਹੇ ਤੇ ਅਗਲੇ ਦਿਨ ਉਹ ਕਹਿਣ ਲੱਗਿਆ ਕਿ ‘‘ਗੳੂ ਦਾ ਪੇਸ਼ਾਬ ਸਰੀਰ ਨੂੰ ਬਹੁਤ ਠੰਡ ਪਹੁੰਚਾਉਂਦਾ ਹੈ।’’ ਮੈਂ ਆਖਿਆ ਕਿਵੇਂ ਪੁਚਾਉਂਦਾ ਹੈ ਠੰਡ? ਉਹ ਕਹਿਣ ਲੱਗਿਆ ਕਿ ‘‘ਜੇ ਤੂੰ ਮੇਰੇ ਨਾਲ ਸੌ ਰੁਪਏ ਦੀ ਸ਼ਰਤ ਲਾ ਲਵੇ ਤਾਂ ਮੈਂ ਤੈਨੂੰ ਗੳੂ ਦਾ ਪਿਸ਼ਾਬ ਪੀ ਕੇ ਵਿਖਾ ਸਕਦਾ ਹੈ।’’ ਦੋ ਸੌ ਰੁਪਏ ਮੈਂ ਉਸ ਤੋਂ ਤਾਜੇ ਤਾਜੇ ਹੀ ਜਿੱਤੇ ਸਨ। ਇਸ ਲਈ ਮੈਂ ਇਹ ਨਜ਼ਾਰਾ ਵੇਖਣ ਲਈ ਵੀ ਤਿਆਰ ਹੋ ਗਿਆ। ਪਿੰਡ ਸੰਘੇੜੇ ਦੀ ਗੳੂਸ਼ਾਲਾ ਵਿਚੋਂ ਗੳੂ ਮੂਤਰ ਦਾ ਇੱਕ ਜੱਗ ਲਿਆਂਦਾ ਗਿਆ। ਰਾਮ ਲਾਲ ਨੇ ਉਸੇ ਵੇਲੇ ਗਲਾਸ ਭਰ ਲਿਆ ਤੇ ਪੀ ਗਿਆ ਅਤੇ ਮੈਥੋ ਆਪਣੇ ਸੌ ਰੁਪਏ ਮੁੜਵਾ ਲਏ। ਇਸਦੇ ਨਾਲ ਹੀ ਇੱਕ ਹੋਰ ਐਮ. ਏ. ਬੀ. ਐਡ. ਅਤੇ ਗੁਰਸਿੱਖ ਅਧਿਆਪਕ ਕਹਿਣ ਲੱਗਿਆ ‘‘ਸਾਡੇ ਇੱਕ ਸੌ ਰੁਪਏ ਤੇਰੀ ਜੇਬ ਵਿਚ ਰਹਿ ਗਏ ਨੇ ਉਹ ਵੀ ਅਸੀਂ ਮੁੜਵਾਉਣੇ ਹਨ।’’ ਮੈਂ ਕਿਹਾ ‘‘ਕਿ ਇੱਕ ਗਲਾਸ ਤੂੰ ਪੀ ਲੈ।’’ ਉਸੇ ਸਮੇਂ ਉਸਨੇ ਗੳੂ ਦੇ ਪਿਸ਼ਾਬ ਦਾ ਗਿਲਾਸ ਡੀਕ ਲਾ ਕੇ ਪੀ ਲਿਆ।
ਇਸ ਗੱਲ ਨੂੰ ਬੀਤਿਆ ਦੋ ਦਹਾਕੇ ਹੋ ਗਏ। ਕੁਝ ਦਿਨ ਪਹਿਲਾਂ ਹੀ ਮੈਨੂੰ ਮਾਨਸਾ ਤੋਂ ਫੋਨ ਆਇਆ ਡਾਕਟਰ ਸੁਰਿੰਦਰ ਕਹਿਣ ਲੱਗਿਆ ਮਾਨਸਾ ਵਿਚ ਇੱਕ ਜਥੇਬੰਦੀ ਨੇ ਸ਼ਬੀਲ ਲਾਈ ਹੋਈ ਹੈ ਤੇ ਉਹ ਲੋਕਾਂ ਨੂੰ ਗੳੂ ਦਾ ਪਿਸ਼ਾਬ ਮੁਫ਼ਤ ਪਿਲਾ ਰਹੇ ਹਨ। ਉਹ ਕਹਿੰਦੇ ਹਨ ਕਿ ‘‘ਗੳੂ ਦਾ ਪਿਸ਼ਾਬ ਜੇ ਰੋਜ਼ਾਨਾ ਪੀਤਾ ਜਾਵੇ ਤਾਂ ਕੈਂਸਰ, ਸੂਗਰ, ਗੁਰਦੇ ਫੇਲ ਹੋ ਜਾਣਾ, ਟੀ. ਬੀ. ਅਤੇ ਦਿਲ ਦੀਆਂ ਬਿਮਾਰੀਆਂ ਵਰਗੇ ਭਿਆਨਕ ਰੋਗ ਕਦੇ ਹੋ ਹੀ ਨਹੀਂ ਸਕਦੇ। ਜੇ ਕਿਸੇ ਨੂੰ ਪਹਿਲਾਂ ਹੋਏ ਹਨ ਉਹ ਸਦਾ ਲਈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ।’’ ਇਸ ਗੱਲ ਨੇ 7-8 ਸਾਲ ਪਹਿਲਾ ਅੰਧਰੰਗ ਕਾਰਨ ਵਿਛੜੇ ਮੇਰੇ ਦੋਸਤ ਰਾਮ ਲਾਲ ਦਾ ਮੁਹਾਂਦਰਾ ਮੇਰੇ ਸਾਹਮਣੇ ਲਿਆ ਖੜਾਇਆ।
ਰਾਮ ਲਾਲ ਦੇ ਗੳੂ ਦਾ ਪਿਸ਼ਾਬ ਪੀ ਜਾਣ ਤੋਂ ਸਾਡੇ ਵਿਚ ਇਸ ਵਿਸ਼ੇ ਬਾਰੇ ਵਿਚਾਰ ਵਟਾਂਦਰਾ ਕਈ ਮਹੀਨੇ ਲਗਾਤਾਰ ਜਾਰੀ ਰਿਹਾ ਸੀ। ਮੈਨੂੰ ਪਤਾ ਸੀ ਹਰ ਕਿਸੇ ਜੀਵ ਦਾ ਪਿਸ਼ਾਬ ਇੱਕ ਕਿਸਮ ਦਾ ਉਸਦਾ ਖੂਨ ਹੀ ਹੰੁਦਾ ਹੈ। ਗੁਰਦੇ ਸੌ ਲਿਟਰ ਖੂਨ ਵਿਚੋਂ ਵਾਰ ਵਾਰ ਛਾਣ ਕੇ ਸਿਰਫ਼ ਇੱਕ ਲਿਟਰ ਪਿਸ਼ਾਬ ਅਲੱਗ ਕਰਦੇ ਹਨ। ਪਿਸ਼ਾਬ ਵਿਚ ਉਨ੍ਹਾਂ ਸਭ ਪਦਾਰਥਾਂ ਦੀ ਕੁਝ ਨਾ ਕੁਝ ਮਾਤਰਾ ਰਹਿ ਜਾਂਦੀ ਹੈ ਜੋ ਖੂਨ ਵਿਚ ਹੁੰਦੀ ਹੈ। ਮੇਰੇ ਦੇਸ਼ ਦੇ ਵਸਨੀਕ ਪਿਸ਼ਾਬ ਨੂੰ ਤਾਂ ਪਵਿੱਤਰ ਕਹਿੰਦੇ ਹਨ ਪਰ ਗੳੂ ਮਾਸ ਖਾਣਾ ਉਹ ਗੁਨਾਹ ਸਮਝਦੇ ਹਨ ਪਰ ਕਿਉਂ? ਸਾਡੇ ਦੇਸ਼ ਵਿਚ ਗੳੂ ਦੇ ਪਿਸ਼ਾਬ ਦੀ ਮਹੱਤਤਾ ਇਸ ਕਰਕੇ ਹੈ ਕਿਉਂਕਿ ਸਾਡੇ ਦੇਸ਼ ਦੇ ਲੋਕ ਗੳੂ ਨੂੰ ਮਾਤਾ ਕਹਿ ਕੇ ਪੂਜਦੇ ਰਹੇ ਹਨ। ਭਾਵੇ ਅੱਜ ਦੇ ਮਸ਼ੀਨਰੀ ਯੁੱਗ ਨੇ ਗੳੂ ਦੀ ਮਹੱਤਤਾ ਨੂੰ ਘੱਟ ਕਰ ਦਿੱਤਾ ਹੈ।
ਅੱਜ ਸਾਡੇ ਦੇਸ਼ ਵਿਚ ਗੳੂ ਦੇ ਪਿਸ਼ਾਬ ਦੀ ਵਰਤੋਂ ਹਜ਼ਾਰਾਂ ਪਦਾਰਥਾਂ ਵਿਚ ਕੀਤੀ ਜਾ ਰਹੀ ਹੈ। ਸੁਰਖੀ, ਬਿੰਦੀ, ਵਾਲਾਂ ਦਾ ਤੇਲ, ਸੰਦਲ ਦੀ ਲੱਕੜ, ਆਯੁਰਵੈਦ ਦੀਆਂ ਦਵਾਈਆਂ, ਕੋਕੇ ਕੋਲੇ ਤੇ ਪੈਪਸੀ ਦੀ ਥਾਂ ਪਿਸ਼ਾਬ ਦਾ ਡਰਿੰਕ। ਇੱਕ ਦਿਨ ਮੇਰੇ ਬੇਟੇ ਨੂੰ ਨੀਂਦ ਨਹੀਂ ਸੀ ਆ ਰਹੀ ਉਸਨੇ ਸੌਣ ਦਾ ਬੜਾ ਯਤਨ ਕੀਤਾ ਪਰ ਪਤਾ ਨਹੀਂ ਕਿਉਂ ਉਹ ਫਿਰ ਉਠ ਬੈਠਦਾ। ਉਸਨੇ ਕਮਰੇ ਵਿਚ

ਪਹਿਲਾ ਮੁਰਗੀ ਜਾਂ ਆਂਡਾ?

ਮੇਘ ਰਾਜ ਮਿੱਤਰ (+91 98887 87440)
1984 ਵਿਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਲੈ ਕੇ ਸਾਡੇ ਸਾਹਮਣੇ ਇਹ ਸੁਆਲ ਵਾਰ-ਵਾਰ ਆਉਂਦਾ ਰਿਹਾ ਹੈ। ਹੁਣ ਬਾਬਾ ਰਾਮ ਦੇਵ ਨੇ ਵੀ ਇਹੀ ਸੁਆਲ ਖੜ੍ਹਾ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ? ਇਹ ਸੁਆਲ ਸਿਰਫ਼ ਸਾਡੇ ਸਾਹਮਣੇ ਹੀ ਨਹੀਂ ਆਇਆ ਸਗੋਂ ਪ੍ਰਸਿੱਧ ਵਿਦਵਾਨ ਅਰਸਤੂ (384 2. 3 322 2.3) ਨੂੰ ਵੀ ਉਸ ਸਮੇਂ ਦੇ ਲੋਕਾਂ ਨੇ ਪੁੱਛਿਆ ਸੀ। ਉਸਦਾ ਜੁਆਬ ਸੀ ਕਿ ਇਹ ਸਦਾ ਸਨ। ਇਸ ਸੁਆਲ ਬਾਰੇ ਧਾਰਮਿਕ ਵਿਦਵਾਨਾਂ ਦਾ ਵਿਚਾਰ ਹੈ ਕਿ ਪਹਿਲਾਂ ਮੁਰਗੀ ਆਈ ਸੀ ਉਸ ਤੋਂ ਬਾਅਦ ਆਂਡਾ ਆਇਆ। Hen and eggਪਰ ਅੱਜ ਦੇ ਵਿਗਿਆਨਕ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।
ਨੁਕਤੇ ਤੇ ਆਉਣ ਤੋਂ ਪਹਿਲਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਹ ਜਾਣ ਲਿਆ ਜਾਵੇ ਕਿ ਕੁਦਰਤ ਵਿਚ ਜੀਵਾਂ ਦੀਆਂ ਨਸਲਾਂ ਦੀ ਉਤਪਤੀ ਕਿਵੇਂ ਹੁੰਦੀ ਹੈ? ਧਰਤੀ ਅੱਜ ਤੋਂ 457 ਕਰੋੜ ਵਰ੍ਹੇ ਪਹਿਲਾਂ ਸੂਰਜ ਤੋਂ ਅਲੱਗ ਹੋਈਆਂ ਗੈਸਾਂ ਦੇ ਇਕੱਠੇ ਹੋਣ ਕਾਰਨ ਹੋਂਦ ਵਿਚ ਆ ਗਈ ਸੀ। ਉਸ ਸਮੇਂ ਧਰਤੀ ਐਨੀ ਗਰਮ ਸੀ ਕਿ ਕਿਸੇ ਕਿਸਮ ਦੇ ਜੀਵਾਂ ਦੀ ਕਲਪਨਾ ਕਰਨੀ ਅਸੰਭਵ ਸੀ। ਲਗਭਗ 350 ਕਰੋੜ ਵਰ੍ਹੇ ਪਹਿਲਾਂ ਇੱਕ ਸੈੱਲਾ ਜੀਵ ਹੋਂਦ ਵਿਚ ਆਇਆ। ਲਗਭਗ ਦੋ ਸੋ ਨੱਬੇ ਕਰੋੜ ਵਰ੍ਹੇ ਇਹ ਇੱਕ ਸੈੱਲਾ ਜੀਵ ਹੀ ਧਰਤੀ ਦੇ ਸਮੁੰਦਰਾਂ ਤੇ ਰਾਜ ਕਰਦਾ ਰਿਹਾ। ਅੱਜ ਤੋਂ 60 ਕਰੋੜ ਵਰ੍ਹੇ ਪਹਿਲਾ ਇਹਨਾਂ ਇੱਕ ਸੈਲੇਂ ਜੀਵਾਂ ਨੇ ਵਧ ਕੇ ਵਿਚਾਲਿਓ ਟੁੱਟਣ ਦਾ ਵੱਲ ਸਿੱਖ ਲਿਆ ਇਸ ਤਰ੍ਹਾਂ ਬਹੁ ਸੈਲੇਂ ਜੀਵ ਹੋਂਦ ਵਿਚ ਆਉਣ ਲੱਗ ਪਏ। ਆਪਣੀ ਖੁਰਾਕ ਦੀ ਭਾਲ ਵਿਚ ਕੀਤੇ ਗਏ ਲਗਾਤਾਰ ਸੰਘਰਸ਼ ਨੇ ਇਹਨਾਂ ਜੀਵਾਂ ਨੂੰ ਆਪਣੇ ਆਲੇ-ਦੁਆਲੇ ਦੇ ਮੌਸਮਾਂ ਦਾ ਟਾਕਰਾ ਕਰਨ ਸਿਖਾ ਦਿੱਤਾ। ਸਿਟੇ ਵਜੋਂ ਹੋਰ ਗੁੰਝਲਦਾਰ ਜੀਵ ਹੋਂਦ ਵਿਚ ਆਉਣ ਲੱਗ ਪਏ। ਮੱਛੀ ਜਾਂ ਸਮੁੰਦਰੀ ਜੀਵਾਂ ਨੇ ਵੀ ਆਪਣੇ ਜਣਨ ਢੰਗਾਂ ਵਿਚ ਵੀ ਵਿਕਾਸ ਕੀਤਾ। ਪਹਿਲਾਂ ਪਹਿਲ ਤਾਂ ਜੀਵਾਂ ਦਾ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨ ਦਾ ਢੰਗ ਸਿਰਫ ਵਧ ਕੇ ਦੋ ਵਿਚ ਟੁੱਟ ਜਾਣਾ ਹੀ ਹੁੰਦਾ ਸੀ। ਹੌਲੀ-ਹੌਲੀ ਇਹਨਾਂ ਜੀਵਾਂ ਵਿਚੋਂ ਕੁਝ ਨੇ ਬੱਚਿਆਂ ਨੂੰ ਜਨਮ ਦੇਣ ਦਾ ਢੰਗ ਸਿੱਖ ਲਿਆ। ਕੁਝ ਸਮੁੰਦਰੀ ਜੀਵਾਂ ਦੇ ਜਨਮ ਸਮੇਂ ਉਪਰਲੀ ਤੈਅ ਨਰਮ ਹੁੰਦੀ ਸੀ ਪਰ ਕੁਝ ਨੇ ਚੂਨੇ ਪੱਥਰ ਨੂੰ ਖਾਣਾ ਸ਼ੁਰੂ ਕਰ ਦਿੱਤਾ, ਅਜਿਹੇ ਜੀਵਾਂ ਦੇ ਬੱਚਿਆਂ ਦੇ ਜਨਮ ਸਮੇਂ ਉਹਨਾਂ ਦੀ ਉਪਰਲੀ ਤੈਅ ਸਖਤ ਹੋਣ ਲੱਗ ਪਈ। ਇਸ ਤਰ੍ਹਾਂ ਅੱਜ ਤੋਂ 25 ਕਰੋੜ ਵਰ੍ਹੇ ਪਹਿਲਾਂ ਜਦੋਂ ਜੀਵਨ ਸਮੁੰਦਰ ਤੋਂ ਜ਼ਮੀਨ ਵੱਲ ਆਉਣਾ ਸ਼ੁਰੂ ਹੋਇਆ ਤਾਂ ਕੁਝ ਮੱਛੀਆਂ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ। ਇਸ ਸਮੇਂ ਤੱਕ ਉੱਡਣ ਵਾਲੇ ਪੰਛੀਆਂ ਦੀ ਕੋਈ ਹੋਂਦ ਨਹੀਂ ਸੀ ਹੋਈ। ਪੰਛੀਆਂ ਦਾ ਯੁੱਗ ਤਾਂ ਡਾਇਨਾਸੋਰਾਂ ਦੇ ਖਾਤਮੇ ਸਮੇਂ ਦਾ ਕਾਲ ਹੈ।
ਬਹੁਤ ਸਾਰੇ ਬੁਧੀਜੀਵੀ ਵਿਅਕਤੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਧਰਤੀ ਦੀ ਤੈਹਿਆਂ ਵਿਚ ਮਿਲਣ ਵਾਲੇ ਜੀਵਾਂ ਦੇ ਪਿੰਜਰ ਹੀ ਜੀਵਾਂ ਵਿਚ ਹੋਏ ਵਿਕਾਸ ਦਾ ਸਭ ਤੋਂ ਵੱਡਾ ਸਬੂਤ ਹਨ। ਕਰੋੜਾਂ ਵਰ੍ਹੇ ਪਹਿਲਾਂ ਮਰੇ ਹੋਏ ਜੀਵਾਂ ਵਾਲੀਆਂ ਚਟਾਨਾਂ ਵਿਚ ਯੂਰੇਨੀਅਮ ਦੇ ਦੋ ਆਈਸੋਟੋਪ ਉਪਲਬਧ ਹੁੰਦੇ ਹਨ। ਇਹਨਾਂ ਆਈਸੋਟੋਪਾਂ ਵਿਚ ਅਨੁਪਾਤ ਵਿਗਿਆਨਕਾਂ ਨੂੰ ਉਹਨਾਂ ਚਟਾਨਾਂ ਦੀ ਉਮਰ ਤੇ ਉਹਨਾਂ ਦੀ ਹੋਂਦ ਸਮੇਂ ਮਰੇ ਜੀਵਾਂ ਦੀ ਉਮਰ ਦਰਸਾਉਂਦਾ ਹੈ। ਸਾਰੀਆਂ ਦੁਨੀਆਂ ਦੇ ਵਿਗਿਆਨਕ ਇਸ ਗੱਲ ਨਾਲ ਸਹਿਮਤ ਹਨ ਕਿ ਆਂਡੇ ਮੁਰਗੀਆਂ ਨਾਲੋਂ ਪੱਚੀ ਕਰੋੜ ਵਰ੍ਹੇ ਪਹਿਲਾਂ ਮੌਜੂਦ ਸਨ। ਅੱਜ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਧਰਤੀ ਦੀਆਂ ਤਹਿਾਂ ਵਿੱਚੋਂ ਡਾਇਨਾਂਸੋਰਾਂ ਦੇ ਆਂਡੇ ਮਿਲ ਜਾਂਦੇ ਹਨ। ਕਈ ਵਾਰੀ ਇਹ ਗਰਭਵਤੀ ਡਾਇਨਾਂਸੋਰ ਦੇ ਪਿੰਜਰਾਂ ਵਿੱਚੋਂ ਵੀ ਮਿਲ ਜਾਂਦੇ ਹਨ। ਸੋ ਉਪਰਕਤ ਸਬੂਤ ਇਹ ਸਿੱਧ ਕਰਨ ਲਈ ਕਾਫੀ ਹਨ ਕਿ ਆਂਡੇ ਦੀ ਹੋਂਦ ਮੁਰਗ਼ੀ ਤੋਂ ਪਹਿਲਾ ਦੀ ਹੈ।
ਡਾਇਨਾਸੋਰਾਂ ਦੇ ਖਾਤਮੇ ਵਾਲੇ ਯੁੱਗ ਸਮੇਂ ਦੇ ਫਾਸਿਲਾਂ ਵਿਚ ਕਈ ਵਾਰ ਅਜਿਹੇ ਜੀਵ ਦੇ ਪਥਰਾਟ ਵੀ ਮਿਲ ਜਾਂਦੇ ਹਨ ਜਿਸ ਦੇ ਫਰ ਵੀ ਹੁੰਦੇ ਹਨ। ਇਸ ਜੀਵ ਨੂੰ ਵਿਗਿਆਨਕ ਸ਼ਬਦਾਂ ਵਲੀ ਵਿਚ ਆਰਕੀਓਪੈਟਰਿਕਸ ਦਾ ਨਾਂ ਦਿੱਤਾ ਗਿਆ ਹੈ। ਸਬੂਤਾਂ ਦੇ ਆਧਾਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਾਨਵਰ ਇਸ ਗੱਲ ਦਾ ਸਬੂਤ ਹੈ ਕਿ ਉਡਣ ਵਾਲੇ ਪੰਛੀਆਂ ਦਾ ਵਿਕਾਸ ਡਾਇਨਾਸੋਰਾਂ ਤੋਂ ਹੋਇਆ ਸੀ। ਪਰ ਮੇਰਾ ਖਿਆਲ ਹੈ ਪਾਠਕਾਂ ਦਾ ਸੁਆਲ ਇਹ ਨਹੀਂ ਕਿ ਪਹਿਲਾਂ ਆਂਡਾ ਹੋਂਦ ਵਿਚ ਆਇਆ ਜਾ ਮੁਰਗੀ। ਬਲਕਿ ਉਹਨਾਂ ਦਾ ਸੁਆਲ ਤਾਂ ਇਹ ਹੈ ਕਿ ਪਹਿਲਾਂ ਉਹ ਆਂਡਾ ਹੋਂਦ ਵਿਚ ਆਇਆ ਜਿਸ ਵਿਚ ਚੂਚਾ ਸੀ ਜਾਂ ਪਹਿਲਾ ਅਜਿਹੀ ਮੁਰਗੀ ਹੋਂਦ ਵਿਚ ਆਈ ਜਿਸ ਦੇ ਗਰਭ ਵਿਚ ਆਂਡਾ ਸੀ?
ਇਸ ਸੁਆਲ ਦਾ ਜੁਆਬ ਜਾਣਨ ਵਾਸਤੇ ਸਾਡੇ ਲਈ ਇਹ ਜਾਣਨਾ ਅਤੀ ਜ਼ਰੂਰੀ ਹੈ ਕਿ ਅੱਜ ਦੀ ਮੁਰਗੀ ਕਿਵੇਂ ਹੋਂਦ ਵਿਚ ਆਈ। ਅੱਜ ਭਾਵੇਂ ਧਰਤੀ ਉੱਤੇ ਜੀਵਾਂ ਦੀਆਂ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ ਪਰ ਕਿਸੇ ਸਮੇਂ ਇਹਨਾਂ ਦੀ ਗਿਣਤੀ ਧਰਤੀ ਤੇ 500 ਤੋਂ ਵੱਧ ਨਹੀਂ ਸੀ। ਧਰਤੀ ਦੀਆਂ ਪ੍ਰਾਚੀਨ ਸਭਿਆਤਾਵਾਂ ਦੀ ਖੁਦਾਈਂ ਕਰਦਿਆਂ ਵਿਗਿਆਨੀਆਂ ਨੂੰ 8000 ਕੁ ਹਜ਼ਾਰ ਪਹਿਲਾ ਘਰੇਲੂ ਮੁਰਗਿਆਂ ਦੀ ਹੋਂਦ ਦੇ ਸਬੂਤ ਸਿੰਧ ਘਾਟੀ ਦੀਆਂ ਸਭਿਆਤਾਵਾਂ ਵਿੱਚੋਂ ਮਿਲੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਲੋਕਾਂ ਨੇ ਮੁਰਗਿਆਂ ਦੀ ਲੜਾਈ ਵੇਖਣ ਲਈ ਮੁਰਗੇ ਨੂੰ ਪਾਲਤੂ ਬਣਾਉਣਾ ਸਿੱਖ ਲਿਆ ਸੀ।
ਡਾਇਨਾਸੋਰਾਂ ਦਾ ਯੁੱਗ ਧਰਤੀ ਤੋਂ ਸਾਢੇ ਛੇ ਕਰੋੜ ਵਰ੍ਹੇ ਪਹਿਲਾ ਖਤਮ ਹੋ ਗਿਆ ਸੀ। ਪਰ ਇਸ ਸਮੇਂ ਕੁਝ ਪਹਾੜਾਂ ਦੀਆਂ ਟੀਸੀਆਂ ਤੇ ਰਹਿਣ ਵਾਲੇ ਡਾਇਨਾਸੋਰਾਂ ਨੇ ਛਾਲਾਂ ਮਾਰਨੀਆਂ ਸਿੱਖ ਲਈਆਂ ਸਨ। ਤੇ ਹੌਲੀ-ਹੌਲੀ ਉਹਨਾਂ ਨੇ ਇਹਨਾਂ ਛਾਲਾਂ ਸਮੇਂ ਆਪਣੀ ਰਫਤਾਰ ਨੂੰ ਘਟਾਉਣ ਦੇ ਢੰਗ ਵੀ ਵਿਕਸਤ ਕਰ ਲਏ ਇਸ ਤਰ੍ਹਾਂ ਪਹਿਲੇ ਉੱਡਣ ਵਾਲੇ ਪੰਛੀਆਂ ਦੀਆਂ ਵੱਖ-ਵੱਖ ਜਾਤੀਆਂ ਪੈਦਾ ਹੋਣ ਲੱਗ ਪਈਆਂ। ਹੌਲੀ-ਹੌਲੀ ਇਹਨਾਂ ਉੱਡਣ ਵਾਲੇ ਪੰਛੀਆਂ ਵਿੱਚੋਂ ਜੰਗਲੀ ਮੁਰਗਾਬੀਆਂ ਦੀ ਇੱਕ ਅਜਿਹੀ ਕਿਸਮ ਵਿਕਾਸ ਕਰ ਗਈ ਜਿਸਨੇ ਕੁਝ ਯਤਨਾਂ ਨਾਲ ਪਾਲਤੂ ਹੋਣ ਦਾ ਵੱਲ ਸਿਖ ਲਿਆ। ਜੰਗਲੀ ਮੁਰਾਗਾਬੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਘਰੇਲੂ ਮੁਰਗੇ ਮੁਰਗੀਆਂ ਨਾਲ ਮਿਲਦੀਆਂ ਜੁਲਦੀਆਂ ਹਨ। ਜੰਗਲੀ ਮੁਰਗਾਬੀਆਂ ਦੇ ਦੋ ਟੰਗਾਂ ਅਤੇ ਚਾਰ-ਚਾਰ ਉਂਗਲੀਆਂ ਵਾਲੇ ਪੰਜੇ ਹੁੰਦੇ। ਆਕਾਰ ਪੱਖੋਂ ਵੀ ਇਹਨਾਂ ਦਾ ਆਕਾਰ ਮਾਦਾ ਵਿੱਚ ਅੱਧਾ ਕਿਲੋ ਤੋਂ ਲੈ ਕੇ ਇੱਕ ਕਿਲੋ ਤੱਕ ਹੁੰਦਾ ਹੈ ਤੇ ਨਰ ਵਿਚ ਇਹ ਛੇ ਸੌ ਗ੍ਰਾਮ ਤੋਂ ਲੈ ਕੇ ਡੇਢ ਕਿਲੋ ਤੱਕ ਹੁੰਦਾ ਹੈ। ਨਰ ਦੀ ਲੰਬਾਈ ਢਾਈ ਫੁੱਟ ਤੇ ਮਾਦਾ ਦੀ ਡੇਢ ਫੁੱਟ ਹੁੰਦੀ ਹੈ। ਆਪਣੀ ਚੌਧਰ ਵਿਖਾਉਣ ਲਈ ਇਹ ਵੀ ਸਵੇਰੇ ਸਵੇਰੇ ਵਾਂਗ ਦੇਣ ਦੇ ਆਦੀ ਹੁੰਦੇ ਹਨ। ਕੁਝ ਹਾਲਤਾਂ ਵਿਚ ਇਹ ਥੋੜੀ ਬਹੁਤ ਉਡਾਣ ਵੀ ਭਰ ਸਕਦੇ ਹਨ।
ਸਮੁੱਚੀ ਦੁਨੀਆਂ ਦੇ ਜੀਵ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਜੀਵ ਦਾ ਵਿਕਾਸ ਇੱਕ ਮੁੱਢਲੇ ਸੈੱਲ ਤੋਂ ਹੁੰਦਾ ਹੈ। ਇਹ ਸੈੱਲ ਵੰਡ ਰਾਹੀਂ ਹੀ ਵੱਡਾ ਹੁੰਦਾ ਰਹਿਦਾ ਹੈ। ਇੱਕ ਸੈੱਲ ਦੋ ਵਿਚ ਅਤੇ ਦੋ ਸੈੱਲ ਚਾਰ ਵਿਚ ਟੁੱਟਦੇ ਰਹਿੰਦੇ ਹਨ। ਇਹ ਸਾਰੇ ਸੈੱਲ ਉਸ ਮੁੱਢਲੇ ਸੈੱਲ ਦੀ ਹੀ ਹੂ-ਬ-ਹੂ ਨਕਲ ਹੁੰਦੇ ਹਨ ਜਿਸਤੋਂ ਇਹਨਾਂ ਦਾ ਮੁੱਢ ਬੱਝਿਆ ਸੀ। ਸੋ ਜੋ ਵੀ ਤਬਦੀਲੀਆਂ ਹੋਣੀਆਂ ਹੁੰਦੀਆਂ ਹਨ ਉਸ ਮੁੱਢਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਮੁੱਢਲਾ ਸੱੈਲ ਹੋਂਦ ਵਿਚ ਕਿਵੇਂ ਆਉਂਦਾ ਹੈ?
ਨਰ ਸੈੱਲ ਦਾ ਡੀ. ਐਨ. ਏ. ਅਤੇ ਮਾਦਾ ਸੈੱਲ ਦੇ ਡੀ. ਐਨ. ਏ. ਦੇ ਮਿਲਾਣ ਨਾਲੀ ਮੁੱਢਲਾ ਸੈੱਲ ਬਣਦਾ ਹੈ ਜਿਸਨੂੰ ਵਿਗਿਆਨਕ ਭਾਸ਼ਾ ਵਿਚ ਜਾਈਗੋਟ ਕਿਹਾ ਜਾਂਦਾ ਹੈ। ਸੋ ਜੋ ਵੀ ਤਬਦੀਲੀਆਂ ਹੋ ਸਕਦੀਆਂ ਹਨ ਉਹ ਇਸ ਮੁੱਢਲੇ ਸੈੱਲ ਦੇ ਹੋਂਦ ਵਿਚ ਆਉਣ ਸਮੇਂ ਹੀ ਹੋ ਸਕਦੀਆਂ ਹਨ। ਇਹ ਸੈੱਲ ਆਂਡੇ ਦੇ ਵਿਚ ਹੀ ਹੁੰਦਾ ਹੈ। ਇਸ ਲਈ ਇਹਨਾਂ ਤੱਥਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਆਂਡਾ ਚੂਚੇ ਨਾਲੋਂ ਪਹਿਲਾਂ ਹੋਂਦ ਵਿਚ ਆਇਆ। ਇਹਨਾਂ ਗੱਲਾਂ ਨੂੰ ਵਿਗਿਆਨਕਾਂ ਨੇ ਪ੍ਰਯੋਗਸ਼ਾਲਾਂ ਵਿੱਚ ਵੀ ਅਮਲ ਵਿੱਚ ਲਿਆਉਣਾ ਸ਼ੁਰੂ ਕੀਤਾ ਹੋਇਆ ਹੈ। ਅੱਜ ਦੁਨੀਆਂ ਦੇ ਵੱਖ-ਵੱਖ ਭਾਗਾਂ ਵਿੱਚ ਉਪਲੱਬਧ ਮੁਰਗੀਆਂ ਦੀਆਂ ਵੱਖ-ਵੱਖ 175 ਨਸਲਾਂ ਸਭ ਮੁੱਢਲੇ ਸੈੱਲ ਵਿਚ ਕੀਤੀਆਂ ਤਬਦੀਲੀਆਂ ਕਰਕੇ ਸੰਭਵ ਹੋਈਆਂ ਹਨ।