|
ਸੁਸਾਇਟੀ ਦੇ ਸ਼ੁਰੂਆਤੀ ਦੌਰ ਵਿਚ ਹੀ ਸਾਡੇ ਸਾਹਮਣੇ ਇਹ ਸੁਆਲ ਖੜਾ ਹੋਣਾ ਸ਼ੁਰੂ ਹੋ ਗਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਕੁਝ ਜੋਤਸ਼ੀਆਂ ਕੋਲ ਭ੍ਰਿਗੂ ਗਰੰਥ ਨਾਂ ਦੇ ਰਿਕਾਰਡ ਮੌਜੂਦ ਹਨ। ਦੁਨੀਆਂ ਦੀ ਕੁਲ ਆਬਾਦੀ ਜੋ ਅੱਜ ਮੌਜੂਦ ਹੈ ਅਤੇ ਜੋ ਕਿਸੇ ਸਮੇਂ ਧਰਤੀ ਦੇ ਉੱਪਰ ਮੌਜੂਦ ਰਹੀ ਹੈ ਸਭ ਦੇ ਵੇਰਵੇ ਇਨ੍ਹਾਂ ਗਰੰਥਾਂ ਵਿਚ ਦਰਜ਼ ਹਨ। ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰਕੇ ਹਿਸਾਬ ਲਾਇਆ ਕਿ ਦੁਨੀਆਂ ਦੀ ਕੁਲ ਆਬਾਦੀ ਛੇ ਅਰਬ ਦੇ ਕਰੀਬ ਹੈ। ਜੇ ਇਕ ਵਿਅਕਤੀ ਨਾਲ ਸਬੰਧਤ ਭੋਜ ਪੱਤਰ ਦਾ ਭਾਰ ਦਸ ਗ੍ਰਾਮ ਵੀ ਹੋਵੇ ਤਾਂ ਇਨ੍ਹਾਂ ਭੋਜ ਪੱਤਰਾਂ ਦਾ ਭਾਰ ਸੱਠ ਹਜ਼ਾਰ ਟਨ ਹੋਵੇਗਾ ਜਿਸ ਨੂੰ ਢੋਣ ਲਈ ਛੇ ਹਜ਼ਾਰ ਟਰੱਕ ਚਾਹੀਦੇ ਹੋਣਗੇ। ਅਜੇ ਉਹ ਆਬਾਦੀ ਜੋ ਹੋਕੇ ਖ਼ਤਮ ਹੋ ਗਈ ਹੈ ਉਨ੍ਹਾਂ ਲਈ ਵੀ ਦਸ ਵੀਹ ਹਜ਼ਾਰ ਟਰੱਕਾਂ ਦੀ ਲੋੜ ਹੋਵੇਗੀ। ਭਾਵੇਂ ਸਾਨੂੰ ਇਹ ਗੱਲ ਅਸੰਭਵ ਹੀ ਲੱਗਦੀ ਸੀ। ਪਰ ਫਿਰ ਵੀ ਅਸੀਂ ਇਸ ਗੱਲ ਦੀ ਪੜਤਾਲ ਲਈ ਹੁਸ਼ਿਆਰ ਪਰ ਨਾਲ ਸਬੰਧਤ ਕੁਝ ਮੈਂਬਰਾਂ ਦੀ ਡਿਊਟੀ ਲਾ ਦਿੱਤੀ। ਕੁਝ ਦਿਨਾਂ ਬਾਅਦ ਹੀ ਸਾਨੂੰ ਉਹਨਾਂ ਮੈਂਬਰਾਂ ਨੇ ਦੱਸਿਆ ਕਿ ਇਹ ਬਹੁਤ ਵੱਡੀ ਠੱਗੀ ਹੈ।
ਠੱਗੀ ਮਾਰੀ ਕਿਵੇਂ ਜਾਂਦੀ ਹੈ?
ਇਸ ਠੱਗੀ ਨੂੰ ਮਾਰਨ ਲਈ ਜੋਤਸ਼ੀ ਆਪਣੇ ਕਿਸੇ ਏਜੰਟ ਨੂੰ ਨਾਲ ਦੇ ਕਮਰੇ ਵਿਚ ਬਿਠਾ ਲੈਂਦਾ ਸੀ। ਗਾਹਕ ਤੋਂ ਜੋਤਸ਼ੀ ਜੀ ਉਸਦੇ ਵੇਰਵੇ ਪੁੱਛ ਲੈਂਦੇ। ਨਾਲ ਦੇ ਕਮਰੇ ਵਿਚ ਬੈਠਾ ਉਨ੍ਹਾਂ ਦਾ ਏਜੰਟ ਇਨ੍ਹਾਂ ਵੇਰਵਿਆਂ ਨੂੰ ਕਿਸੇ ਪੁਰਾਣੇ ਜਿਹੇ ਭੋਜ ਪੱਤਰ ਤੇ ਦਰਜ ਕਰ ਦਿੰਦਾ। ਫਿਰ ਇਸ ਭੋਜ ਪੱਤਰ ਨੂੰ ਕਿਸੇ ਪੁਰਾਣੇ ਭੋਜ ਪੱਤਰਾਂ ਵਾਲੇ ਬਸਤੇ ਵਿਚ ਰੱਖ ਦਿੰਦਾ। ਜੋਤਸ਼ੀ ਭੋਜ ਪੱਤਰਾਂ ਵਾਲੇ ਬਸਤੇ ਮੰਗਵਾ ਕੇ ਉਸ ਵਿਅਕਤੀ ਦੇ ਸਾਹਮਣੇ ਹੀ ਪੰਜ ਸੱਤ ਬਸਤੇ ਫਰੋਲ ਦਿੰਦੇ। ਆਖਰ ਕਿਸੇ ਬਸਤੇ ਵਿਚੋਂ ਉਸ ਵਿਅਕਤੀ ਦੇ ਵੇਰਵੇ ਲੱਭ ਦਿੰਦੇ ਤੇ ਕਾਰਡ ਵਿਚ ਲਿਖੀਆਂ ਆਮ ਜਿਹੀਆਂ ਗੱਲਾਂ ਉਸ ਵਿਅਕਤੀ ਨੂੰ ਦੱਸ ਦਿੰਦੇ। ਇਸ ਤਰ੍ਹਾਂ ਇਸਨੂੰ ਇੱਕ ਧੰਦੇ ਦਾ ਰੂਪ ਦੇ ਦਿੱਤਾ ਗਿਆ। ਹੁਸ਼ਿਆਰਪੁਰ ਨਾਲ ਸਬੰਧਤ ਬਹੁਤ ਸਾਰੇ ਜੋਤਸ਼ੀਆਂ ਦੇ ਪਰਿਵਾਰ ਇਸ ਠੱਗੀ ਨਾਲ ਹੀ ਅਰਬਾਂਪਤੀ ਬਣ ਗਏ ਹਨ। ਅੱਜ ਵੀ ਕਈ ਥਾਈਂ ਇਸ ਭ੍ਰਿਗੂ ਗਰੰਥ ਵਾਲੇ ਜੋਤਸ਼ੀ ਆਪਣਾ ਇਹ ਧੰਦਾ ਨਿਰਵਿਘਨ ਜਾਰੀ ਰੱਖ ਰਹੇ ਹਨ। ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਕਿਸੇ ਸੌ ਦੋ ਸੌ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਗ੍ਰਿਫ਼ਤਾਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਰੱਖਦੀ ਹੈ ਪਰ ਹਜ਼ਾਰਾਂ ਦੀ ਠੱਗੀ ਮਾਰਨ ਵਾਲੇ ਇਨ੍ਹਾਂ ਧੋਖੇਬਾਜਾਂ ਵਿਰੁੱਧ ਕਦੇ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਇਨ੍ਹਾਂ ਨੂੰ ਛਤਰ ਛਾਇਆ ਹੀ ਇਨ੍ਹਾਂ ਸਰਕਾਰਾਂ ਦੀ ਹੈ ਇਸ ਲਈ ਉਹ ਤਰਕਸ਼ੀਲਾਂ ਦੀ ਜਾਂਚ ਪੜਤਾਲ ਦੀ ਮੰਗ ਲਗਾਤਾਰ ਪਿਛਲੇ ਪੱਚੀ ਸਾਲਾਂ ਤੋਂ ਠੁਕਰਾਈ ਜਾ ਰਹੇ ਹਨ।
ਰਾਸ਼ੀਫਲਾਂ ਦੀ ਅਸਲੀਅਤ
ਪੰਜਾਬੀ ਦੇ ਕੁਝ ਸੰਪਾਦਕ ਆਪਣੇ ਅਖ਼ਬਾਰ ਵਿਚ ਹਰ ਰੋਜ ਰਾਸ਼ੀਫਲ ਛਾਪ ਰਹੇ ਹਨ। ਉਨ੍ਹਾਂ ਤੋਂ ਰਾਸ਼ੀਫਲ ਦੀ ਅਸਲੀਅਤ ਭੁੱਲੀ ਨਹੀਂ। ਉਹ ਸਭ ਕੁਝ ਜਾਣਦੇ ਹਨ ਉਨ੍ਹਾਂ ਨੇ ਇਸ ਕੰਮ ਦੇ ਨਿਪੁੰਨ ਆਪਣੇ ਅਖ਼ਬਾਰ ਵਿਚ ਨਹੀਂ ਬਿਠਾਏ ਹੰੁਦੇ। ਉਹ ਤਾਂ ਸਿਰਫ਼ ਸੱਤਰ ਜਾਂ ਪਜੰਤਰ ਆਮ ਜਿਹੀਆਂ ਗੱਲਾਂ ਦੀ ਇੱਕ ਲਿਸਟ ਤਿਆਰ ਕਰ ਲੈਂਦੇ ਹਨ। ਇਨ੍ਹਾਂ ਪਰਚੀਆਂ ਨੂੰ ਇੱਕ ਡੱਬੇ ਵਿਚ ਇਕੱਠਾ ਕਰ ਲਿਆ ਜਾਂਦਾ ਹੈ। ਸਵੇਰੇ ਆਉਣ ਸਾਰ ਇੱਕ ਵਿਅਕਤੀ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਡੱਬੇ ਵਿਚੋਂ 6-7 ਪਰਚੀਆਂ ਚੁੱਕ ਕੇ ਬਾਰਾਂ ਖਾਨਿਆਂ ਵਿਚੋਂ ਇੱਕ ਵਿਚ ਪਾ ਦੇ। ਤੇ ਫਿਰ ਇਸ ਤਰ੍ਹਾਂ ਸਾਰੇ ਖਾਨੇ ਭਰ ਦੇ। ਡੱਬਿਆਂ ਉੱਪਰ ਪਹਿਲਾ ਹੀ ਅਲੱਗ ਅਲੱਗ ਬਾਰਾਂ ਰਾਸ਼ੀਆਂ ਦੇ ਨਾਂ ਲਿਖੇ ਹੰੁਦੇ ਹਨ। ਇਸ ਤਰ੍ਹਾਂ ਮੇਖ, ਸਿੰਘ, ਤੁਲਾ ਆਦਿ ਰਾਸ਼ੀਆਂ ਦਾ ਰਾਸ਼ੀਫਲ ਤਿਆਰ ਹੋ ਜਾਂਦਾ ਹੈ। ਅੱਜ ਕੱਲ੍ਹ ਕੰਪਿਊਟਰ ਦਾ ਯੁੱਗ ਹੈ ਹੋ ਸਕਦਾ ਹੈ ਹੁਣ ਇਹ ਢੰਗ ਕੁਝ ਬਦਲ ਗਿਆ ਹੋਵੇ। ਪਰ ਪਹਿਲਾਂ ਤਾਂ ਇਸ ਤਰ੍ਹਾਂ ਹੀ ਹੰੁਦਾ ਰਿਹਾ ਹੈ। ਅਖ਼ਬਾਰਾਂ ਵਾਲੇ ਜਾਣਦੇ ਹਨ ਕਿ ਉਨ੍ਹਾਂ ਦੇ ਕੁਝ ਪਾਠਕ ਅਜਿਹੇ ਹੰੁਦੇ ਹਨ ਜਿਹੜੇ ਅਖ਼ਬਾਰਾਂ ਵਿਚੋਂ ਪੜ੍ਹਦੇ ਹੀ ਰਾਸ਼ੀਫਲ ਹਨ। ਭਾਵੇਂ ਇਸ ਵਿਚ ਜਨਰਲ ਗੱਲਾਂ ਹੀ ਲਿਖੀਆਂ ਹੰੁਦੀਆਂ ਹਨ। 1930 ਵਿਚ ਪਹਿਲੀ ਵਾਰ ਲੰਡਨ ਦੇ ਇੱਕ ਅਖ਼ਬਾਰ ਸੰਡੇ ਐਕਸਪ੍ਰੈਸ ਨੇ ਰਾਸ਼ੀਫਲ ਛਾਪਿਆ ਸੀ। ਉਦੋਂ ਤੋਂ ਅੱਜ ਤੱਕ ਵਿਗਿਆਨ ਦੇ ਯੁੱਗ ਵਿਚ ਇਹ ਸਿਲਸਿਲਾ ਜਾਰੀ ਹੈ। ਅਖ਼ਬਾਰਾਂ ਵਾਲੇ ਲੋਕਾਂ ਦੀ ਇਸ ਮਾਨਸਿਕਤਾ ਤੋਂ ਵੀ ਜਾਣੂ ਹਨ ਕਿ ਜੇ ਉਨ੍ਹਾਂ ਦੀਆਂ ਲਿਖੀਆਂ ਸੌ ਵਿਚੋਂ ਨੜਿਨਵੇਂ ਗੱਲਾਂ ਝੂਠ ਵੀ ਨਿਕਲ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਕਿਸੇ ਨੇ ਕੋਈ ਸਜਾ ਨਹੀਂ ਦੇਣੀ। ਪਰ ਜੇ ਉਨ੍ਹਾਂ ਦੁਆਰਾ ਲਿਖੀ ਇੱਕ ਗੱਲ ਵੀ ਸੱਚੀ ਨਿਕਲ ਗਈ ਤਾਂ ਰਾਜ ਦਾ ਮੁੱਖ ਮੰਤਰੀ ਉਨ੍ਹਾਂ ਨੂੰ ਵਧਾਈ ਦੇਣ ਲਈ ਇਨਾਮ ਲੈ ਕੇ ਉਨ੍ਹਾਂ ਦੇ ਦਫ਼ਤਰ ਵਿਚ ਪੁੱਜ ਜਾਵੇਗਾ।
ਮੰਗਲੀਕ ਹੋਣਾ ਕੀ ਹੈ?
ਮੰਗਲ ਧਰਤੀ ਦਾ ਗੁਆਂਢੀ ਗ੍ਰਹਿ ਹੈ। ਜੇ ਕਿਸੇ ਵਿਅਕਤੀ ਦੀ ਲੱਤ ਜਾਂ ਬਾਂਹ ਨਾ ਹੋਵੇ ਤਾਂ ਦੁਨੀਆਂ ਉਸਨੂੰ ਅਪਾਹਜ ਕਹਿਣਾ ਸ਼ੁਰੂ ਕਰ ਦਿੰਦੀ ਹੈ। ਹਿੰਦੂ ਧਰਮ ਵਿਚ ਮੰਗਲੀਕ ਹੋਣਾ ਸ਼ਾਇਦ ਕਰੂਪ ਜਾਂ ਅਪਾਹਜ ਹੋਣ ਨਾਲੋਂ ਵੱਡਾ ਔਗੁਣ ਸਮਝਿਆ ਜਾਂਦਾ ਹੈ। ਮੈਂ ਕੁਝ ਅਜਿਹੇ ਸੁੰਦਰ ਲੜਕਿਆਂ ਜਾਂ ਲੜਕੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਵਿਆਹ ਦੀ ਉਮਰ ਮੰਗਲੀਕ ਹੋਣ ਦੇ ਵਹਿਮ ਕਾਰਨ ਲੰਘ ਰਹੀ ਹੈ।
ਕਹਿੰਦੇ ਨੇ ਜਨਮ ਸਮੇਂ ਵਰ ਦੇ ਲਗਨ ਵਿਚ ਦੂਜੇ, ਚੌਥੇ, ਛੇਵੇ ਜਾਂ ਬਾਰਵੇ ਘਰ ਵਿਚ ਜੇ ਮੰਗਲ ਗ੍ਰਹਿ ਬਿਰਾਜਮਾਨ ਹੋਵੇ ਤਾਂ ਉਸ ਨਾਲ ਵਿਆਹ ਕਰਵਾਉਣ ਵਾਲੀ ਲਾੜੀ ਦੀ ਮੌਤ ਹੋ ਜਾਵੇਗੀ। ਜੇ ਲਗਨ ਲੜਕੀ ਦਾ ਵੇਖਿਆ ਜਾ ਰਿਹਾ ਹੈ ਤਾਂ ਇਹ ਵਰ ਲਈ ਮਾੜੀ ਹੋਵੇਗੀ। ਇਨ੍ਹਾਂ ਲਗਨਾਂ ਨੂੰ ਬਦਲਣ ਲਈ, ਸੁੱਧ ਕਰਨ ਲਈ ਜਾਂ ਪਾਠ ਕਰਨ ਲਈ ਜੋਤਸ਼ੀ ਹਜ਼ਾਰਾਂ ਰੁਪੈ ਲੜਕੇ ਜਾਂ ਲੜਕੀ ਵਾਲਿਆਂ ਤੋਂ ਲੁੱਟ ਲੈਂਦੇ ਹਨ।
ਇਸ ਵਹਿਮ ਤੋਂ ਬਚਣ ਦਾ ਢੰਗ ਇਹ ਹੀ ਹੈ ਕਿ ਲੜਕੇ ਜਾਂ ਲੜਕੀ ਦੀ ਜਨਮ ਮਿਤੀ ਤਾਂ ਦੱਸ ਦਿੱਤੀ ਜਾਵੇ ਪਰ ਜਨਮ ਸਮਾਂ ਤੇ ਸਥਾਨ ਨਾ ਦੱਸਿਆ ਜਾਵੇ।
ਮੈਂ ਆਪਣੇ ਤਿੰਨੇ ਪੁੱਤਰਾਂ ਦੀ ਸ਼ਾਦੀ ਸਮੇਂ ਕਿਸੇ ਨੂੰ ਜਨਮ ਸਮਾਂ ਜਾਂ ਸਥਾਨ ਨਹੀਂ ਸੀ ਦੱਸਿਆ ਨਹੀਂ ਤਾਂ ਸ਼ਾਇਦ ਉਨ੍ਹਾਂ ਨੂੰ ਹੀ ਕੋਈ ਮੰਗਲੀਕ ਕਹਿ ਦਿੰਦਾ। ਅੱਜ ਕਲ ਬਹੁਤ ਸਾਰੇ ਪ੍ਰੇਮ ਵਿਆਹ ਹੋ ਰਹੇ ਹਨ। ਇਸ ਸਮੇਂ ਤਾਂ ਜਾਤਾਂ ਪਾਤਾਂ ਵੀ ਨਹੀਂ ਪੁੱਛੀਆਂ ਜਾਂਦੀਆਂ ਫਿਰ ਵੀ ਮੰਗਲੀਕ ਹੋਣ ਤੇ ਪ੍ਰੇਮੀਆਂ ਨੂੰ ਵੀ ਮੈਂ ਇੱਕ ਦੂਜੇ ਤੋਂ ਦੂਰ ਹੁੰਦੇ ਵੇਖਿਆ ਹੈ।
ਮੈਂ ਹੁਣ ਅਜਿਹੇ ਸਮਝਦਾਰ ਮਾਪਿਆਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਨੇ ਮੰਗਲੀਕ ਨਾ ਹੁੰਦੇ ਹੋਏ ਵੀ ਆਪਣੇ ਪੁੱਤਰਾਂ ਦੇ ਵਿਆਹ ਸੰੁਦਰ ਮੰਗਲੀਕ ਕੁੜੀਆਂ ਨਾਲ ਕੀਤੇ ਹਨ। ਸੋ ਮਨੁੱਖ ਜਾਤੀ ਵਿਚ ਇਕ ਸਾਜ਼ਿਸ਼ ਰਾਹੀ ਪੈਦਾ ਕੀਤੀ ਗਈ ਇਹ ਪ੍ਰਥਾ ਬੰਦ ਕਰਵਾਈ ਹੀ ਜਾਣੀ ਚਾਹੀਦੀ ਹੈ ਅਤੇ ਮੌਜੂਦਾ ਸਰਕਾਰਾਂ ਨੂੰ ਵੀ ਇਸ ਪ੍ਰਥਾ ਨੂੰ ਸਤੀ ਪ੍ਰਥਾ ਜਾਂ ਭਰੂਣ ਹੱਤਿਆ ਦੀ ਪ੍ਰਥਾ ਦੀ ਤਰ੍ਹਾਂ ਹੀ ਇਸ ਤੇ ਪਾਬੰਦੀ ਲਾਉਣੀ ਚਾਹੀਦੀ ਹੈ।
ਕੰਪਿਊਟਰ ਰਾਹੀ ਜਨਮ ਪੱਤਰੀਆਂ
ਅੱਜ ਕੱਲ ਵਿਗਿਆਨ ਦਾ ਯੁੱਗ ਹੈ ਤੇ ਬਹੁਤ ਸਾਰੇ ਪਰਿਵਾਰ ਕੰਪਿਊਟਰ ਦੀ ਵਰਤੋਂ ਕਰਨੀ ਵੀ ਸਿੱਖ ਗਏ ਹਨ। ਕੰਪਿਊਟਰ ਵਿਚ ਕੁਝ ਅਜਿਹੇ ਪ੍ਰੋਗਰਾਮ ਪਾਏ ਹੰੁਦੇ ਹਨ ਜਿਹੜੇ ਦੁਨੀਆਂ ਦੇ ਵੱਖ ਵੱਖ ਸ਼ਹਿਰਾਂ, ਮਹੱਲਿਆਂ, ਘਰਾਂ, ਅਲਮਾਰੀਆਂ ਇਥੋਂ ਤੱਕ ਕਿ ਖਾਨਿਆਂ ਨੂੰ ਵੀ ਫਰੋਲ ਸਕਦੇ ਹਨ। ਗੂਗਲ ਇੱਥੋ ਬੈਠਿਆ ਹੀ ਅਮਰੀਕਾ ਦੀ ਕਿਸੇ ਵੀ ਲਾਇਬਰੇਰੀ ਦੀ ਕਿਤਾਬ ਨੂੰ ਵੀ ਫਰੋਲ ਸਕਦੀ ਹੈ। ਜੇ ਕੰਪਿਊਟਰ ਵਿਚ ਕੋਈ ਵਿਅਕਤੀ ਦੋ ਜਮਾਂ ਦੋ ਬਰਾਬਰ ਪੰਜ ਲਿਖ ਕੇ ਵੀ ਪਾ ਦਿੰਦਾ ਹੈ ਤਾਂ ਕੰਪਿਊਟਰ ਦਾ ਜੁਆਬ ਪੰਜ ਹੀ ਹੋਵੇਗਾ। ਜੇ ਕੋਈ ਜੋਤਸ਼ੀ ਆਪਣੇ ਦਿਮਾਗ ਦੀ ਵਰਤੋਂ ਕਰਦਿਆਂ ਕੰਪਿਊਟਰ ਵਿਚ ਕੁਝ ਜਨਮ ਸਮੇਂ, ਸਥਾਨ ਅਤੇ ਮਿਤੀਆਂ ਰਾਹੀ ਜਨਮ ਪੱਤਰੀਆਂ ਤਿਆਰ ਕਰਨ ਦੀ ਵਿਧੀ ਲਿਖ ਕੇ ਪਾ ਦਿੰਦਾ ਹੈ। ਤਾਂ ਕੰਪਿਊਟਰ ਵੀ ਅਜਿਹੀਆਂ ਜਨਮ ਪੱਤਰੀਆਂ ਕੱਢਣੀਆਂ ਸ਼ੁਰੂ ਕਰ ਦੇਵੇਗਾ। ਸੋ ਮਹੱਤਵਪੂਰਨ ਗੱਲ ਇਹ ਨਹੀਂ ਕਿ ਕੰਪਿਊਟਰ ਜਨਮ ਪੱਤਰੀ ਦੱਸਦਾ ਹੈ ਸਗੋਂ ਮਹੱਤਵਪੂਰਨ ਤਾਂ ਇਹ ਗੱਲ ਹੈ ਕਿ ਕੰਪਿਊਟਰ ਦੁਆਰਾ ਦਰਸਾਈ ਗਈ ਜਨਮ ਪੱਤਰੀ ਕਿੰਨੀ ਕੁ ਦਰੁਸਤ ਹੈ ਤੇ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਕਿੰਨਾ ਕੁ ਠੀਕ ਦਰਸਾਉਂਦੀ ਹੈ।
ਸਾਡੇ ਲਈ ਅਗਲਾ ਸੁਆਲ ਖੜਾ ਹੰੁਦਾ ਹੈ ਕਿ ਜੇ ਜੋਤਿਸ਼ ਝੂਠ ਹੈ ਤਾਂ ਲੋਕ ਜੋਤਿਸ਼ੀਆਂ ਕੋਲ ਕਿਉਂ ਜਾਂਦੇ ਹਨ? ਅਸੀਂ ਤਰਕਸ਼ੀਲਾਂ ਨੇ ਇਸ ਗੱਲ ਨੂੰ ਵੀ ਸਮਝਣ ਦੇ ਯਤਨ ਕੀਤੇ ਹਨ ਤੇ ਅਸੀਂ ਇਸ ਨਤੀਜੇ ਤੇ ਪਹੰੁਚੇ ਹਾਂ ਕਿ ਅੱਜ ਤੋਂ ਪੰਜਾਹ ਸੱਠ ਕੁ ਵਰ੍ਹੇ ਪਹਿਲਾਂ ਤਾਂ ਲੋਕਾਂ ਕੋਲ ਪੈਸੇ ਹੀ ਬਹੁਤ ਘੱਟ ਹੰੁਦੇ ਸਨ ਇਸ ਲਈ ਲੋਕ ਜੋਤਿਸ਼ੀਆਂ ਕੋਲ ਵੀ ਘੱਟ ਵੱਧ ਹੀ ਜਾਂਦੇ ਸਨ। ਅੱਜ ਦੇ ਯੁੱਗ ਵਿਚ ਬਹੁਤ ਸਾਰੇ ਭਾਰਤੀ ਅਜਿਹੇ ਪੈਦਾ ਹੋ ਗਏ ਹਨ ਜਿਹੜੇ ਸਰਕਾਰੀ ਜਾਂ ਗੈਰ ਸਰਕਾਰੀ ਅਦਾਰਿਆਂ ਵਿਚ ਵੱਡੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ। ਇਸ ਤਰ੍ਹਾਂ ਇਥੇ ਪੱਚੀ ਪ੍ਰਤੀਸ਼ਤ ਲੋਕ ਮੱਧ ਸ੍ਰੇਣੀ ਵਿਚ ਆ ਗਏ ਹਨ। ਜਿਨ੍ਹਾਂ ਕੋਲ ਆਪਣੇ ਢਿੱਡ ਭਰਨ ਨਾਲੋਂ ਵਾਧੂ ਪੈਸਾ ਹੈ। ਅਜਿਹੇ ਹੀ ਬਹੁਤੇ ਵਿਅਕਤੀ ਜੋਤਿਸ਼ੀਆਂ ਕੋਲ ਸ਼ੋਹਰਤ ਲਈ ਜਾਂਦੇ ਹਨ। ਉਂਝ ਵੀ ਇਥੋਂ ਦੀ ਮੱਧ ਵਰਗੀ ਬਹੁਤ ਸਾਰੀਆਂ ਮੁਸ਼ਕਲਾਂ ਵਿਚ ਫਸੀ ਹੋਈ ਹੈ। ਬਹੁਤ ਸਾਰਿਆਂ ਦੇ ਪੜ੍ਹੇ ਲਿਖੇ ਪੁੱਤਰਾਂ ਧੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਾਂ ਮਾਦਾ ਭਰੂਨ ਹੱਤਿਆ ਕਰਕੇ ਲੜਕੀਆਂ ਦੀ ਕਮੀ ਕਾਰਨ ਉਨ੍ਹਾਂ ਦੇ ਪੁੱਤਰ ਵਿਆਹੇ ਨਹੀਂ ਜਾ ਰਹੇ ਹਨ ਜਾਂ ਉਨ੍ਹਾਂ ਦੇ ਕੰਮ ਧੰਦੇ ਮੰਡੀਕਰਨ ਦੇ ਦੌਰ ਵਿਚ ਪਛੜ ਰਹੇ ਹਨ। ਇਸ ਤਰ੍ਹਾਂ ਬਹੁਤ ਸਾਰੀਆਂ ਸਮੱਸਿਆਵਾਂ ਹਰ ਦਿਨ ਪੈਦਾ ਹੋ ਰਹੀਆਂ ਹਨ। ਮੱਧ ਵਰਗੀ ਨੂੰ ਉਪਲਬੱਧ ਖੁਰਾਕਾਂ ਵਿਚ ਵੀ ਰਸਾਇਣਕ ਪਦਾਰਥਾਂ ਦੀ ਬਹੁਤਾਤ ਕਾਰਨ ਬਹੁਤ ਸਾਰੀਆਂ ਸਿਹਤ ਸੰਬੰੰੰੰੰਧੀ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਸੋ ਜਦੋਂ ਇਨ੍ਹਾਂ ਸਮੱਸਿਆਵਾਂ ਗ੍ਰਸਤ ਵਿਅਕਤੀਆਂ ਨੂੰ ਆਪਣੀਆਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆਉਂਦਾ। ਤਾਂ ਉਹ ਜੋਤਸ਼ੀਆਂ ਕੋਲ ਪੁੱਜ ਜਾਂਦੇ ਹਨ। ਆਪਣੇ ਧੰਦੇ ਨੂੰ ਵਧਾਉਣ ਲਈ ਜੋਤਸ਼ੀ ਇਨ੍ਹਾਂ ਵਿਅਕਤੀਆਂ ਦੀ ਝੂਠੀ ਪ੍ਰਸੰਸਾ ਵੀ ਕਰਦੇ ਹਨ ਤੇ ਉਨ੍ਹਾਂ ਨੂੰ ਝੂਠੀ ਮਾਨਸਿਕ ਤਸੱਲੀ ਵੀ ਦੇ ਦਿੰਦੇ ਹਨ।
ਉਂਝ ਵੀ ਇਹ ਮਨੁੱਖੀ ਕਮਜ਼ੋਰੀ ਹੈ ਕਿ ਹਰੇਕ ਵਿਅਕਤੀ ਇਹ ਜਾਨਣਾ ਚਾਹੰੁਦਾ ਹੈ ਕਿ ਉਸਦੇ ਭਵਿੱਖ ਵਿਚ ਉਸ ਲਈ ਕੀ ਰੱਖਿਆ ਹੈ। ਭਾਵੇਂ ਇਸ ਦਾ ਤਸੱਲੀ ਬਖਸ਼ ਜੁਆਬ ਉਨ੍ਹਾਂ ਨੂੰ ਮਿਲਦਾ ਹੀ ਨਹੀਂ।
ਜੇ ਜੋਤਿਸ਼ ਗੈਰ ਵਿਗਿਆਨਕ ਹੈ ਤਾਂ ਭਾਰਤੀ ਯੂਨੀਵਰਸਿਟੀਆਂ ਵਿਚ ਇਹ ਕਿਉਂ ਪੜ੍ਹਾਇਆ ਜਾਂਦਾ ਹੈ? ਇੱਥੋਂ ਤੱਕ ਕਿ ਕਈ ਯੂਨੀਵਰਸਿਟੀਆਂ ਤਾਂ ਜੋਤਿਸ਼ ਤੇ ਡਾਕਟਰੇਟ ਵੀ ਕਰਵਾ ਰਹੀਆਂ ਹਨ।
ਜਿਵੇਂ ਭਾਰਤ ਦੇ ਸਿਆਸੀ ਆਗੂ ਇਸ ਦੇਸ਼ ਦੇ ਲੋਕਾਂ ਨੂੰ ਕੇਵਲ ਪੈਸੇ ਵਾਸਤੇ ਹੀ ਲੁੱਟ ਨਹੀਂ ਰਹੇ ਹਨ ਸਗੋਂ ਉਨ੍ਹਾਂ ਦੀ ਦਿਮਾਗੀ ਲੁੱਟ ਤਾਂ ਇਸ ਤੋਂ ਵੀ ਭੈੜੀ ਤਰ੍ਹਾਂ ਹੋ ਰਹੀ ਹੈ। ਪੈਸੇ ਦੀ ਲੁੱਟ ਤਾਂ ਨਜ਼ਰ ਵੀ ਆ ਜਾਂਦੀ ਹੈ ਪਰ ਮਾਨਸਿਕ ਲੁੱਟ ਤਾਂ ਨਜ਼ਰ ਵੀ ਨਹੀਂ ਆਉਂਦੀ। ਕਿਸੇ ਵਿਸ਼ੇ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਤੋਂ ਪਹਿਲਾਂ ਉਸਦੀ ਸਾਰਥਿਕਤਾ ਦੀ ਜਾਂਚ ਪੜਤਾਲ ਕਰਨੀ ਅਤੀ ਜ਼ਰੂਰੀ ਹੰੁਦੀ ਹੈ। ਜੋਤਿਸ਼ ਨੂੰ ਯੂਨੀਵਰਸਿਟੀਆਂ ਵਿਚ ਲਾਗੂ ਕਰਨ ਤੋਂ ਪਹਿਲਾਂ ਕਿਸੇ ਵੀ ਸਿਆਸੀ ਆਗੂ ਨੇ ਇਸ ਦੀ ਅਸਲੀਅਤ ਪਰਖ ਕਰਵਾਉਣਾ ਮੁਨਾਸਬ ਨਾ ਸਮਝਿਆ। ਕਿਉਂਕਿ ਜੇ ਉਹ ਪਰਖ ਕਰਵਾਉਣ ਦੇ ਝੰਜਟ ਵਿਚ ਪੈ ਜਾਂਦੇ ਤਾਂ ਉਨ੍ਹਾਂ ਨੂੰ ਜਾਂ ਤਾਂ ਅੰਕੜਿਆਂ ਨਾਲ ਹੇਰਾ ਫੇਰੀ ਕਰਨੀ ਪੈਂਦੀ ਜਾਂ ਉਹ ਇਸ ਨੂੰ ਲਾਗੂ ਹੀ ਨਾ ਕਰ ਸਕਦੇ। ਸੋ ਉਨ੍ਹਾਂ ਨੇ ਪਰਖ ਨਾ ਕਰਵਾਉਣ ਦਾ ਫੈਸਲਾ ਕਰਕੇ ਜੋਤਿਸ਼ ਨੂੰ ਯੂਨੀਵਰਸਿਟੀਆਂ ਵਿਚ ਲਾਗੂ ਕਰ ਦਿੱਤਾ। ਜੋਤਿਸ਼ ਦੇ ਗ੍ਰੰਥ ਹਿੰਦੂ ਧਰਮ ਦਾ ਇੱਕ ਵਿਸ਼ੇਸ਼ ਅੰਗ ਹਨ ਤੇ ਭਾਰਤੀ ਜਨਤਾ ਪਾਰਟੀ, ਰਾਸ਼ਟਰੀ ਸਵੇਂਮ ਸੰਗ ਦਾ ਇੱਕ ਸਿਆਸੀ ਵਿੰਗ ਹੈ। ਇਸ ਲਈ ਹਿੰਦੂ ਵੋਟਰਾਂ ਨੂੰ ਭਰਮਾਉਣ ਲਈ ਹੀ ਜੋਤਿਸ਼ ਦੀ ਪੜ੍ਹਾਈ ਯੂਨੀਵਰਸਿਟੀ ਪੱਧਰ ਤੇ ਲਾਗੂ ਕੀਤੀ ਗਈ। ਇਸ ਕੰਮ ਲਈ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਮੁਰਲੀ ਮਨੋਹਰ ਜੋਸ਼ੀ ਦੇ ਐਜੂਕੇਸ਼ਨ ਮਨਿਸਟਰ ਹੋਣ ਸਮੇਂ ਵੱਡੀਆਂ ਗਰਾਂਟਾਂ ਜਾਰੀ ਕੀਤੀਆਂ। ਅੱਜ ਕਈ ਵਿਅਕਤੀ ਜੋਤਿਸ਼ ਵਿਚ ਡਾਕਟਰੇਟ ਦੀ ਡਿਗਰੀ ਵੀ ਪ੍ਰਾਪਤ ਕਰ ਚੁੱਕੇ ਹਨ। ਨਿਰਸੰਦੇਹ ਉਨ੍ਹਾਂ ਵਿਚੋਂ ਬਹੁਤਿਆਂ ਨੇ ਅੰਕੜਿਆਂ ਨੂੰ ਹੇਰਾਫੇਰੀ ਨਾਲ ਜੋਤਿਸ਼ ਦੇ ਹੱਕ ਵਿਚ ਭੁਗਤਾਇਆ ਹੋਵੇਗਾ।
-ਮੇਘ ਰਾਜ ਮਿੱਤਰ
ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਤਰਕਸ਼ੀਲ ਨਿਵਾਸ, ਗਲੀ ਨੰ : 8, ਕੱਚਾ ਕਾਲਜ ਰੋਡ,
ਬਰਨਾਲਾ, ਪੰਜਾਬ
ਫੋਨ ਨੰ : 98887-87440
|