Home    l     Download    l     Challenge    l     About Tarksheel Society    l     Contact Us    l    Feedback    
 
Photo gallery
Leave a message
How To Become A Member
Buy Books

ਕਿਸਮਤ ਦਾ ਰਚਨਹਾਰਾ ਜੋਤਿਸ਼ ਜਾਂ ਸਿਆਸਤ?

Email Article  Print Article 

Published on 2011-08-06 01:32:36

 

ਸੈਕਸ਼ਪੀਅਰ ਇੰਗਲੈਂਡ ਦਾ ਇੱਕ ਪ੍ਰਸਿੱਧ ਨਾਟਕਕਾਰ ਹੋਇਆ ਹੈ। ਆਪਣੇ ਇਕ ਨਾਟਕ ਵਿਚ ਉਹ ਕਹਿੰਦਾ ਹੈ। ਕਿ ‘‘ਮਨੁੱਖ ਆਪਣੀ ਕਿਸਮਤ ਦੇ ਆਪ ਰਚਨਹਾਰੇ ਹੰੁਦੇ ਨੇ ਪਰ ਕਸੂਰਵਾਰ ਬੇਜ਼ਾਨ ਸਿਤਾਰਿਆਂ ਨੂੰ ਠਹਿਰਾਇਆ ਜਾਂਦਾ ਹੈ।’’
            ਇੱਕ ਹੋਰ ਰਚਨਾ ਵਿਚ ਉਹ ਕਹਿੰਦਾ ਹੈ ‘‘ਜਦੋਂ ਭਿਖਾਰੀ ਮਰਦੇ ਨੇ ਤਾਂ ਅਸਮਾਨ ਵਿਚ ਇੱਕ ਵੀ ਪੂਛਲ ਤਾਰਾ ਨਜ਼ਰ ਨਹੀਂ ਆਉਂਦਾ ਪਰ ਜਦੋਂ ਕੋਈ ਰਾਜਾ ਮਰ ਜਾਂਦਾ ਹੈ ਤਾਂ ਅਸਮਾਨ ਪੂਛਲ ਤਾਰਿਆਂ ਨਾਲ ਹੀ ਭਰ ਜਾਂਦਾ ਹੈ।’’
            ਨਿਊਟਨ ਅਨੁਸਾਰ ਤਾਂ ਜੋਤਿਸ਼ ਕੂੜੇ ਕਰਕਟ ਦੀ ਰਾਣੀ ਤੋਂ ਵੱਧ ਕੁਝ ਨਹੀਂ।
            ਫਰਾਂਸੈਸਕੋ ਸੁਆਮੀਆ ਦੀਨੀ ਕਹਿੰਦਾ ਹੈ ਕਿ ‘‘ਜੋਤਸ਼ੀ ਕਿੰਨੇ ਖੁਸ਼ ਕਿਸਮਤ ਹੰੁਦੇ ਹਨ ਜਿਨ੍ਹਾਂ ਦੇ ਸੈਂਕੜੇ ਝੂਠਾਂ ਪਿੱਛੋਂ ਇੱਕ ਸੱਚਾਈ ਦੱਸਣ ਨਾਲ ਹੀ ਸਾਰੀ ਦੁਨੀਆਂ ਵਿਚ ਉਨ੍ਹਾਂ ਦੀ ਬੱਲੇ ਬੱਲੇ ਹੋ ਜਾਂਦੀ ਹੈ ਜਦੋਂ ਕਿ ਦੂਜੇ ਲੋਕ ਇੱਕ ਝੂਠ ਬੋਲਣ ਨਾਲ ਹੀ ਆਪਣੀ ਇੱਜ਼ਤ ਗੁਆ ਬੈਠਦੇ ਹਨ।’’
 
ਜੋਤਸ਼ੀ ਲੋਕਾਂ ਦੀ ਲੁੱਟ ਕਿਵੇਂ ਕਰਦੇ ਹਨ?
            ਹੱਥ ਵੇਖਣ ਦੇ, ਕੁੰਡਲੀਆਂ ਬਣਾਉਣ ਜਾਂ ਮੇਲਣ ਦੀ ਜੋ ਦਕਿਸ਼ਣਾ ਲਈ ਜਾਂਦੀ ਹੈ ਇਸ ਤੋਂ ਬਗੈਰ ਜੋਤਸ਼ੀ ਲੋਕਾਂ ਨੂੰ ਲੁੱਟਣ ਲਈ ਬਹੁਤ ਸਾਰੇ ਹੱਥ ਕੰਡੇ ਅਪਣਾਉਂਦੇ ਹਨ। ਅੱਜ ਕਲ ਤਾਂ ਬਹੁਤ ਸਾਰੇ ਕਾਲਜਾਂ ਦੇ ਪ੍ਰੋਫੈਸਰ ਵੀ ਜੋਤਸ਼ੀਆਂ ਦੇ ਦਲਾਲ ਬਣੇ ਹੋਏ ਹਨ। ਉਹ ਵਿਦਿਆਰਥੀਆਂ ਨੂੰ ਸਫਲ ਹੋਣ ਲਈ ਨਗ ਜਾਂ ਮੂੰਗੇ ਉਂਗਲੀਆਂ ਵਿਚ ਪਵਾਉਣ ਲਈ ਜੋਤਸ਼ੀਆਂ ਕੋਲ ਭੇਜਦੇ ਹਨ। ਇਸ ਤਰ੍ਹਾਂ ਪ੍ਰਾਪਤ ਫੀਸ ਨੂੰ ਜੋਤਸ਼ੀ ਜੀ ਤੇ ਪ੍ਰੋਫੈਸਰ ਸਾਹਿਬ ਆਪਸ ਵਿਚ ਵੰਡ ਲੈਂਦੇ ਹਨ। ਅਸਫਲ ਹੋਣ ਦੀ ਸੂਰਤ ਵਿਚ ਵੀ ਨਗ ਜਾਂ ਮੂੰਗੇ ਨੂੰ ਜ਼ੁੰਮੇਂਵਾਰ ਠਹਿਰਾ ਦਿੱਤਾ ਜਾਂਦਾ ਹੈ ਤੇ ਪ੍ਰੋਫੈਸਰ ਸਾਹਿਬ ਜ਼ਿੰਮੇਂਵਾਰੀ ਤੋਂ ਵੀ ਬਚ ਜਾਂਦੇ ਹਨ। ਆਮ ਲੋਕਾਂ ਨੂੰ ਆਪਣੇ ਚੰੁਗਲ ਵਿਚ ਫਸਾਉਣ ਲਈ ਜੋਤਸ਼ੀਆਂ ਨੇ ਕੁਝ ਟਰਿੱਕ ਵੀ ਸਿੱਖੇ ਹੋਏ ਹੰੁਦੇ ਹਨ। ਇਨ੍ਹਾਂ ਟਰਿੱਕਾਂ ਰਾਹੀ ਜੋਤਸ਼ੀ ਜੀ ਆਪਣੇ ਵਿਚ ਗੈਬੀ ਸ਼ਕਤੀਆਂ ਦੇ ਮਾਲਕ ਹੋਣ ਦਾ ਭਰਮ ਗਾਹਕਾਂ ਵਿਚ ਖੜਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਬਾਰੇ ਅਜਿਹਾ ਪ੍ਰਭਾਵ ਆਪਣੇ ਮਨ ਵਿਚ ਵਸਾ ਲੈਂਦਾ ਹੈ ਤਾਂ ਪ੍ਰਭਾਵਤ ਕਰਨ ਵਾਲੇ ਵਿਅਕਤੀ ਅਨੁਸਾਰ ਚੱਲਣਾ ਉਸ ਦੀ ਮਜ਼ਬੂਰੀ ਬਣ ਜਾਂਦੀ ਹੈ। ਪ੍ਰਭਾਵ ਵਧਾਉਣ ਲਈ ਵਿਖਾਏ ਜਾਂਦੇ ਟਰਿੱਕ ਜੋ ਤਰਕਸ਼ੀਲਾਂ ਦੀ ਨਜ਼ਰੇ ਪਏ ਹਨ ਉਨ੍ਹਾਂ ਦਾ ਸੰਖੇਪ ਵਰਨਣ ਕਰ ਰਿਹਾ ਹਾਂ।
 
ਸਿੱਕਾ ਗਰਮ ਕਰ ਦਿੰਦੇ ਹਨ।
            ਮਰਕਿਊਰਿਕ ਕਲੋਰਾਈਡ ਇੱਕ ਬਹੁਤ ਹੀ ਜ਼ਹਿਰੀਲਾ ਰਸਾਇਣਕ ਪਦਾਰਥ ਹੰੁਦਾ ਹੈ। ਤਰਕਸ਼ੀਲ ਅਤੇ ਜੋਤਸ਼ੀ ਦੋਹੇ ਹੀ ਇਸ ਪਦਾਰਥ ਦਾ ਇਸਤੇਮਾਲ ਕਰਦੇ ਹਨ ਪਰ ਦੋਹਾਂ ਦਾ ਮੰਤਵ ਅਲੱਗ ਅਲੱਗ ਹੰਦਾ ਹੈ। ਤਰਕਸ਼ੀਲ ਤਾਂ ਇਸ ਨਾਲ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਦੇ ਹਨ ਪਰ ਜੋਤਸ਼ੀ ਇਸ ਰਾਹੀ ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਪਾਉਂਦੇ ਹਨ। ਤਰਕਸ਼ੀਲਾਂ ਦੇ ਕਈ ਪਰਿਵਾਰਾਂ ਦੇ ਮੈਂਬਰ ਇਸ ਪਦਾਰਥ ਦੀ ਵਰਤੋਂ ਨਾਲ ਮਰੇ ਜਾਂ ਬੀਮਾਰ ਵੀ ਹੋਏ ਹਨ। ਪੰਦਰਾਂ ਵਰ੍ਹੇ ਪੁਰਾਣੀ ਘਟਨਾ ਹੈ ਜਗਰਾਵਾਂ ਤੋਂ ‘‘ਸਾਧੂ ਸਿੰਘ ਦਰਦ’’ ਦੀ ਲੜਕੀ ਘਰ ਵਿਚ ਪਏ ਇਸ ਰਸਾਇਣ ਨੂੰ ਖਾ ਕੇ ਮਰ ਗਈ ਸੀ। ਇਸ ਤਰ੍ਹਾਂ ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਆਗੂ ਮਾਸਟਰ ਬਲਵੰਤ ਦਾ ਤਿੰੰਨ ਸਾਲਾਂ ਪੋਤਾ ਵੀ ਮਰਕਿਊਰਿਕ ਕਲੋਰਾਈਡ ਮੂੰਹ ਵਿਚ ਪਾ ਗਿਆ ਸੀ। ਪੀ. ਜੀ. ਆਈ. ਦੇ ਡਾਕਟਰਾਂ ਦੇ ਸਿਰਤੋੜ ਯਤਨਾਂ ਨਾਲ ਹੀ ਉਸਦੀ ਜ਼ਿੰਦਗੀ ਬਚਾਈ ਜਾ ਸਕੀ।
            ਜੋਤਸ਼ੀ ਜੀ ਇਸ ਪਦਾਰਥੀ ਦੀ ਸਰੋਂ ਦੇ ਦਾਣੇ ਜਿੰਨੀ ਮਾਤਰਾ ਆਪਣੀ ਉਂਗਲ ਦੇ ਨਹੰੁ ਵਿਚ ਛੁਪਾ ਲੈਂਦੇ ਹਨ। ਗਾਹਕ ਤੋਂ ਦਸ ਪੈਸੇ ਦਾ ਸਿੱਕਾ ਮੰਗਵਾ ਲਿਆ ਜਾਂਦਾ ਹੈ ਤੇ ਪਾਣੀ ਨਾਲ ਧੁਆ ਲਿਆ ਜਾਂਦਾ ਹੈ। ਜੋਤਸ਼ੀ ਜੀ ਮੰਤਰ ਮਾਰਨ ਦੇ ਬਹਾਨੇ ਉਸ ਸਿੱਕੇ ਨਾਲ ਮਰਕਿਊਰਿਕ ਕਲੋਰਾਈਡ ਲਾ ਜਾਂਦੇ ਹਨ। ਰਸਾਇਣਕ ਕਿਰਿਆ ਸਿੱਕੇ ਨੂੰ ਗਰਮ ਕਰ ਦਿੰਦੀ ਹੈ ਤੇ ਉਸ ਵਿਚੋਂ ਰਾਖ ਵੀ ਨਿਕਲ ਆਉਂਦੀ ਹੈ। ਬੱਸ ਫਿਰ ਕੀ ਹੈ ਗਾਹਕ ਪ੍ਰਭਾਵਤ ਹੋ ਜਾਂਦਾ ਹੈ। ਜਿਵੇਂ ਮਰਜੀ ਲੁੱਟ ਲਵੋ।
            ਮਰਕਿਊਰਿਕ ਕਲੋਰਾਈਡ ਐਲੀਮੀਨੀਅਮ ਦੇ ਸਿੱਕੇ ਨਾਲ ਕਿਰਿਆ ਕਰਦਾ ਹੈ। ਇਹ ਕ੍ਰਿਆ ਤਾਪ ਨਿਕਾਸੀ ਹੰੁਦੀ ਹੈ। ਐਲੀਮੀਨੀਅਮ ਕਲੋਰਾਈਡ ਸੁਆਹ ਦੇ ਰੂਪ ਵਿਚ ਪ੍ਰਾਪਤ ਹੰੁਦਾ ਹੈ।
 
ਪਰਚੀ ਬਦਲ ਦਿੰਦੇ ਹਨ
            ਜੋਤਸ਼ੀ ਜੀ ਗਾਹਕ ਨੂੰ ਆਪਣੇ ਸੁਆਲ ਕਿਸੇ ਪਰਚੀ ਤੇ ਛੁਪ ਕੇ ਲਿਖਣ ਲਈ ਕਹਿੰਦੇ ਹਨ। ਇਹ ਪਰਚੀ ਜਾਂ ਤਾਂ ਜੋਤਸ਼ੀ ਜੀ ਆਪ ਦਿੰਦੇ ਹਨ ਜਾਂ ਉਨ੍ਹਾਂ ਦੁਆਰਾ ਦਿੱਤੀ ਕਾਪੀ ਵਿਚੋਂ ਲਈ ਜਾਂਦੀ ਹੈ। ਲਿਖੇ ਸੁਆਲਾਂ ਨੂੰ ਜੋਤਸ਼ੀ ਜੀ ਆਪਣੇ ਕਿਸੇ ਗਰੰਥ ਜਾਂ ਜੰਤਰੀ ਵਿਚ ਰਖਵਾ ਲੈਂਦੇ ਹਨ। ਕੁਝ ਮੰਤਰਾਂ ਦਾ ਉਚਾਰਨ ਕਰਨ ਤੋਂ ਬਾਅਦ ਜੋਤਸ਼ੀ ਜੀ ਉਸ ਪਰਚੀ ਨੂੰ ਉਸੇ ਕਿਤਾਬ ਵਿਚੋਂ ਚੁਕਵਾ ਕੇ ਫੁਕਵਾ ਦਿੰਦੇ ਹਨ। ਕੁਝ ਸਮੇਂ ਬਾਅਦ ਜੋਤਸ਼ੀ ਜੀ ਗਾਹਕ ਦੁਆਰਾ ਪੁੱਛੇ ਗਏ ਸੁਆਲ ਹੀ ਗਾਹਕ ਨੂੰ ਦੱਸ ਕੇ ਆਪਣਾ ਪ੍ਰਭਾਵ ਪਾ ਦਿੰਦੇ ਹਨ। ਗਾਹਕ ਦੇ ਚਲਾਕੀ ਸਮਝ ਨਹੀਂ ਆਉਂਦੀ ਉਹ ਸੋਚਦਾ ਹੈ ਜੋਤਸ਼ੀ ਜੀ ਨੂੰ ਫੁਕਵਾ ਦਿੱਤੀ ਗਈ ਪਰਚੀ ਤੇ ਲਿਖੇ ਸੁਆਲਾਂ ਦਾ ਪਤਾ ਕਿਵੇਂ ਲੱਗਿਆ?
            ਅਸਲ ਵਿਚ ਇਹ ਚਲਾਕੀ ਪਰਚੀ ਬਦਲ ਕੇ ਕੀਤੀ ਜਾਂਦੀ ਹੈ। ਇਕੋ ਜਿਹੀਆਂ ਦੋ ਪਰਚੀਆਂ ਲਈਆਂ ਜਾਂਦੀਆਂ ਹਨ। ਇਕ ਪਰਚੀ ਪਹਿਲਾ ਹੀ ਯੰਤਰੀ ਜਾਂ ਗ੍ਰੰਥ ਵਿਚ ਰੱਖ ਦਿੱਤੀ ਜਾਂਦੀ ਹੈ। ਗਾਹਕ ਨੂੰ ਪਰਚੀ ਚੁਕਵਾਉਣ ਸਮੇਂ ਪਹਿਲਾ ਹੀ ਰੱਖੀ ਪਰਚੀ ਚੁਕਵਾ ਕੇ ਫੁਕਵਾ ਦਿੱਤੀ ਜਾਂਦੀ ਹੈ। ਗਾਹਕ ਦੇ ਮਨ ਵਿਚ ਇਹ ਬੈਠ ਜਾਂਦਾ ਹੈ ਕਿ ਉਸਨੇ ਆਪਣੇ ਦੁਆਰਾ ਰੱਖੀ ਹੋਈ ਪਰਚੀ ਹੀ ਚੁੱਕ ਕੇ ਫੂਕੀ ਹੈ। ਜਦਕਿ ਜੋਤਸ਼ੀ ਜੀ ਨੇ ਉਸਨੂੰ ਆਪਣੇ ਦੁਆਰਾ ਰੱਖੀ ਪਰਚੀ ਹੀ ਚੁਕਵਾ ਕੇ ਫੁਕਵਾਈ ਹੈ। ਇਸ ਦੌਰਾਨ ਗਾਹਕ ਵਾਲੀ ਪਰਚੀ ਪੜ ਲਈ ਜਾਂਦੀ ਹੈ।
 
ਫੁੱਲ ਜਾਂ ਫ਼ਲ ਦਾ ਨਾਂ ਦੱਸ ਦਿੱਤਾ ਜਾਂਦਾ ਹੈ
            ਜੋਤਸ਼ੀ ਜੀ ਗਾਹਕ ਨੂੰ ਕਿਸੇ ਫੁੱੱਲ ਜਾਂ ਫ਼ਲ ਦਾ ਨਾਂ ਸੋਚਣ ਲਈ ਕਹਿੰਦੇ ਹਨ। ਜੋ ਫੁੱਲ ਦਾ ਨਾਂ ਗਾਹਕ ਨੇ ਸੋਚਿਆ ਹੰੁਦਾ ਹੈ ਜੋਤਸ਼ੀ ਗਾਹਕ ਤੋਂ ਪੁੱਛ ਲੈਂਦੇ ਹਨ ਫਿਰ ਉਹ ਨਾਂ ਦੀ ਪਰਚੀ ਆਪਣੀ ਜੇਬ ਵਿਚੋਂ ਜਾਂ ਸ਼ੀਸ਼ੇ ਦੇ ਹੇਠਾ ਤੋਂ ਤੁਰੰਤ ਕੱਢ ਕੇ ਗਾਹਕ ਨੂੰ ਪ੍ਰਭਾਵਤ ਕਰ ਦਿੰਦੇ ਹਨ। ਇਸ ਟਰਿੱਕ ਨੂੰ ਕਰਨ ਲਈ ਜੋਤਸ਼ੀ ਜੀ ਨੇ ਕੁਝ ਫਲਾਂ ਜਾਂ ਫੁੱਲਾਂ ਦੇ ਨਾਂ ਅੱਡ ਅੱਡ ਥਾਵਾਂ ਤੇ ਪਹਿਲਾ ਹੀ ਲਿਖ ਕੇ ਰੱਖੇ ਹੰੁਦੇ ਹਨ ਜਾਂ ਉਸਨੇ ਆਪਣੀ ਪੈਂਟ ਦੀ ਜੇਬ ਵਿਚ ਇਕ ਕਾਗਜ਼ ਅਤੇ ਉਂਗਲੀ ਤੇ ਚੜ੍ਹਨ ਵਾਲੀ ਛੋਟੀ ਜਿਹੀ ਪੈਨਸਲ ਪਾਈ ਹੰੁਦੀ ਹੈ। ਗਾਹਕ ਦੇ ਫੁੱਲ ਜਾਂ ਫਲ ਦਾ ਨਾਂ ਦੱਸਣ ਤੇ ਪੈਂਟ ਦੀ ਜੇਬ ਵਿਚ ਹੀ ਜੋਤਸ਼ੀ ਜੀ ਦੋ ਅੱਖਰ ਲਿਖ ਦਿੰਦੇ ਹਨ। ਇਹ ਪੈਂਟ ਦੀ ਜੇਬ ਵਿਚੋਂ ਲਿਖਿਆ ਕੱਢ ਕੇ ਵਿਖਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਗਾਹਕ ਪ੍ਰਭਾਵਤ ਕਰ ਲਿਆ ਜਾਂਦਾ ਹੈ।
 
ਕਰੰਟ ਮਾਰਦੇ ਹਨ
            ਕਈ ਜੋਤਸ਼ੀਆਂ ਨੇ ਆਪਣੇ ਆਸਨ ਹੇਠਾਂ ਜਾਂ ਪੇਟ ਨਾਲ ਕੁਝ ਬੈਟਰੀ ਸੈਲ ਬੰਨੇ ਹੰੁਦੇ ਹਨ। ਸਿਰ ਪਲੋਸਣ ਦੇ ਬਹਾਨੇ ਹਲਕਾ ਜਿਹਾ ਕਰੰਟ ਗਾਹਕ ਦੇ ਸਰੀਰ ਵਿਚ ਪ੍ਰਵੇਸ਼ ਕਰਵਾ ਦਿੱਤਾ ਜਾਂਦਾ ਹੈ।
            ਇਸ ਤੋਂ ਬਗੈਰ ਵੀ ਅੰਗੂਠੇ ਤੇ ਪਹਿਲੀ ਉਂਗਲੀ ਵਿਚਕਾਰਲੀ ਵਿੱਥ ਵਿਚ ਕੁਝ ਚੌਲਾਂ ਦੇ ਦਾਣੇ ਜਾਂ ਧਾਗਾ ਛੁਪਾ ਕੇ ਰੱਖਦੇ ਹਨ ਤੇ ਗਾਹਕ ਨੂੰ ਖਾਲੀ ਹੱਥ ਵਿਖਾ ਕੇ ਉਸਦੀ ਮੱੁਠੀ ਵਿਚ ਇਹ ਚੀਜ਼ਾਂ ਫੜਾ ਕੇ ਵੀ ਗਾਹਕਾਂ ਨੂੰ ਪ੍ਰਭਾਵਤ ਕੀਤਾ ਜਾਂਦਾ ਹੈ।
            ਇਸ ਤਰ੍ਹਾਂ ਡਰਾਏ ਜਾਂ ਪ੍ਰਭਾਵਤ ਕੀਤੇ ਵਿਅਕਤੀ ਸੁਖਾਲੇ ਹੀ ਲੁੱਟ ਦਾ ਸ਼ਿਕਾਰ ਹੋ ਜਾਂਦੇ ਹਨ।
 
ਨਗ, ਮੂੰਗੇ ਜਾਂ ਰੁਦਰਾਕਸ ਵੱਡੀ ਕੀਮਤ ਤੇ ਵੇਚਣੇ
            ਬਹੁਤ ਸਾਰੇ ਹੀਰੇ, ਨਗ ਜਾਂ ਮੂੰਗੇ ਕੈਲਸ਼ੀਅਮ ਕਾਰਬੋਨੇਟ ਜਾਂ ਕਾਰਬਨ ਦੇ ਹੀ ਰੂਪ ਹੰੁਦੇ ਹਨ। ਕਾਲੇ ਰੰਗ ਨੂੰ ਛੱਡ ਕੇ ਬਾਕੀ ਹਰੇਕ ਰੰਗ ਵਾਲੀ ਚੀਜ਼ ਸੂਰਜ ਦੇ ਪ੍ਰਕਾਸ਼ ਵਿਚੋਂ ਮੌਜੂਦ ਸੱਤ ਰੰਗਾਂ ਵਿਚੋਂ ਕੋਈ ਇੱਕ ਪ੍ਰੀਵਰਤਿਤ ਕਰ ਦਿੰਦੀ ਹੈ ਬਾਕੀ ਆਪਣੇ ਵਿਚ ਸਮੋਅ ਲੈਂਦੀ ਹੈ। ਜੋਤਸ਼ੀ ਜੀ ਕਹਿੰਦੇ ਹਨ ਕਿ ਉਂਗਲ ਦੀ ਛਾਪ ਵਿਚ ਪਾਇਆ ਨਗ ਜਾਂ ਮੂੰਗਾ ਬੰਦੇ ਦੀ ਕਿਸਮਤ ਨੂੰ ਪ੍ਰਭਾਵਤ ਕਰਦਾ ਹੈ ਪਰ ਉਹ ਕਦੇ ਵੀ ਇਹ ਦੱਸਣ ਦਾ ਯਤਨ ਨਹੀਂ ਕਰਦੇ ਕਿ ਇਹ ਚੀਜ਼ਾਂ ਕਿਸੇ ਵਿਅਕਤੀ ਦੀ ਕਿਸਮਤ ਨੂੰ ਕਿਵੇਂ ਪ੍ਰਭਾਵਤ ਕਰਦੀਆਂ ਹਨ? ਇਨ੍ਹਾਂ ਦੀ ਮਾਤਰਾ ਘਟਣ ਜਾਂ ਵਧਣ ਕਰਕੇ ਪ੍ਰਭਾਵ ਕਿਉਂ ਘੱਟਦਾ ਵੱਧਦਾ ਨਹੀਂ? ਕਿਸੇ ਦੋ ਵਿਅਕਤੀਆਂ ਉਤੇ ਇਨ੍ਹਾਂ ਨਗਾਂ ਜਾਂ ਮੂੰਗਿਆਂ ਦਾ ਪ੍ਰਭਾਵ ਕਿਉਂ ਵੱਖਰਾ ਵੱਖਰਾ ਹੰੁਦਾ ਹੈ? ਜੇ ਮੂੰਗੇ ਦਾ ਪ੍ਰਭਾਵ ਪੈਂਦਾ ਹੈ ਤਾਂ ਮੂੰਗੇ ਦੇ ਪੱਥਰ ਦੇ ਬਣੇ ਕਮਰੇ ਵਿਚ ਰਹਿਣ ਨਾਲ ਤਾਂ ਇਹ ਪ੍ਰਭਾਵ ਹਜ਼ਾਰਾਂ ਗੁਣਾ ਵਧਾਇਆ ਜਾ ਸਕਦਾ ਹੈ। ਅਸਲ ਵਿਚ ਰੁਦਰਾਕਸ, ਮੂੰਗੇ ਜਾਂ ਨੀਲਮ ਜੋਤਸ਼ੀਆਂ ਕੋਲ ਲੋਕਾਂ ਨੂੰ ਲੁੱਟਣ ਦੇ ਹੀ ਸੰਦ ਹਨ।
 
ਤੋਤੇ ਜਾ ਬਲਦ ਰਾਹੀਂ ਦੱਸਣਾ
            ਕੁਝ ਚਲਾਕ ਵਿਅਕਤੀਆਂ ਨੇ ਬੇਕਸੂਰ ਪੰਛੀਆਂ ਜਾਂ ਜਾਨਵਰਾਂ ਰਾਹੀ ਹੀ ਲੋਕਾਂ ਦੀ ਲੁੱਟ ਖਸੁੱਟ ਕਰਨ ਦੇ ਢੰਗ ਤਰੀਕੇ ਵਿਕਸਤ ਕਰ ਲਏ ਹਨ। ਇਸ ਗੱਲ ਦੀ ਪੜਤਾਲ ਕਰਨ ਲਈ ਇਕ ਦਿਨ ਮੈਂ ਇੱਕ ਤੋਤੇ ਵਾਲੇ ਨੂੰ ਹੀ ਆਪਣੇ ਸਕੂਟਰ ਤੇ ਬਿਠਾ ਕੇ ਘਰ ਲੈ ਆਇਆ। ਮੈਂ ਉਸ ਨਾਲ ਇਹ ਵਾਅਦਾ ਕੀਤਾ ਕਿ ਜੇ ਉਹ ਆਪਣੀ ਕਲਾ ਦੇ ਜੋਹਰ ਮੈਨੂੰ ਇਕੱਲੇ ਨੂੰ ਵਿਖਾਏਗਾ ਤਾਂ ਮੈਂ ਉਸਨੂੰ ਪੰਜਾਹ ਰੁਪਏ ਇਨਾਮ ਵਜੋਂ ਦਵਾਗਾਂ। ਉਹ ਸਹਿਮਤ ਹੋ ਗਿਆ। ਉਸ ਨੇ ਤੋਤੇ ਨੂੰ ਪਿੰਜਰੇ ਸਮੇਤ ਮੇਰੇ ਟੇਬਲ ਤੇ ਟਿਕਾ ਦਿੱਤਾ। ਜੇਬ ਵਿਚੋਂ ਪੈਨ ਕੱਢ ਕੇ ਪਿੰਜਰੇ ਦੀਆਂ ਸਲਾਖਾਂ ਤੇ ਘਸਾ ਕੇ ਟਨ ਟਨ ਦੀ ਆਵਾਜ਼ ਪੈਦਾ ਕੀਤੀ ਪਿੰਜਰਾ ਖੋਲ ਦਿੱਤਾ ਗਿਆ ਤੋਤਾ ਬਾਹਰ ਆਇਆ ਤੇ ਵਿਛਾਏ ਹੋਏ ਕਾਰਡਾਂ ਵਿਚੋਂ ਇੱਕ ਨੂੰ ਆਪਣੀ ਚੁੰਝ ਨਾਲ ਚੁੱਕ ਦਿੱਤਾ। ਜੋਤਸ਼ੀ ਜੀ ਨੇ ਇੱਕ ਦਾਣਾ ਸੁੱਟ ਦਿੱਤਾ। ਤੋਤੇ ਨੇ ਦਾਣਾ ਚੁੱਕਿਆ ਤੇ ਵਾਪਸ ਪਿੰਜਰੇ ਵਿਚ ਚਲਿਆ ਗਿਆ। ਜੋਤਸ਼ੀ ਜੀ ਕਾਰਡ ਪੜ ਕੇ ਮੈਨੂੰ ਮੇਰੀ ਕਿਸਮਤ ਦੱਸਣ ਲੱਗ ਪਏ। ਮੈਂ ਜੋਤਸ਼ੀ ਜੀ ਨੂੰ ਕਿਹਾ ਕਿ ਤੋਤਾ ਬੋਲ ਸਕਦਾ ਸੀ ਇਸਨੂੰ ਹੀ ਮੇਰੀ ਕਿਸਮਤ ਦੱਸਣੀ ਚਾਹੀਦੀ ਸੀ। ਪਰ ਜੋਤਸ਼ੀ ਜੀ ਕਹਿਣ ਲੱਗੇ ਕਿਸਮਤ ਤੋਤਾ ਥੋੜੋ ਦੱਸੇਗਾ। ਉਸਨੇ ਕਾਰਡ ਚੁੱਕ ਦਿੱਤਾ ਹੈ ਮੈਂ ਹੀ ਕਾਰਡ ਪੜ੍ਹ ਕੇ ਤੁਹਾਨੂੰ ਇਸ ਬਾਰੇ ਦੱਸੇਗਾ।
            ਮੈਂ ਇਸ ਜੋਤਸ਼ੀਆਂ ਦੀਆਂ ਸਾਰੀਆਂ ਹਰਕਤਾਂ ਨੂੰ ਧਿਆਨ ਨਾਲ ਵੇਖਿਆ ਸੀ। ਮੈਨੂੰ ਪਤਾ ਸੀ ਕਿ ਪੰਛੀਆਂ ਨੂੰ ਇਸ ਕੰਮ ਲਈ ਟੇ੍ਰਨਿੰਗ ਦੇਣ ਵਾਸਤੇ ‘‘ਸਜਾ ਤੇ ਇਨਾਮ’’ ਦੀ ਨੀਤੀ ਅਪਣਾਈ ਜਾਂਦੀ ਹੈ। ਜਦੋਂ ਜਾਨਵਰ ਤੁਹਾਡੀ ਆਗਿਆ ਦਾ ਪਾਲਣ ਕਰਦਾ ਹੈ ਤਾਂ ਉਸਨੂੰ ਇਨਾਮ ਦੇਵੋ। ਜੇ ਉਹ ਤੁਹਾਡੀ ਆਗਿਆ ਨਹੀਂ ਮੰਨਦਾ ਤਾਂ ਉਸਨੂੰ ਭੁੱਖੇ ਰੱਖੋ ਜਾਂ ਸਜ਼ਾ ਦੇਵੋ। ਇਸ ਤੋਂ ਬਾਅਦ ਜੋਤਸ਼ੀ ਨੂੰ ਪੁੱਛਿਆ ਕਿ ਕੀ ਮੈਂ ਤੋਤੇ ਤੋਂ ਕਾਰਡ ਚੁਕਵਾ ਸਕਦਾ ਹਾਂ? ਤਾਂ ਜੋਤਸ਼ੀ ਜੀ ਕਹਿਣ ਲੱਗੇ ਕਿ ਤੁਸੀਂ ਅਜਿਹਾ ਕਰ ਹੀ ਨਹੀਂ ਸਕਦੇ ਇਹ ਤੋਤਾ ਤੁਹਾਡੀ ਆਗਿਆ ਦਾ ਪਾਲਣ ਨਹੀਂ ਕਰੇਗਾ। ਮੈਂ ਉਸਦਾ ਪੈਨ ਹੀ ਫੜ ਲਿਆ ਅਤੇ ਉਸਦੀ ਤਰ੍ਹਾਂ ਹੀ ਸਲਾਖਾਂ ਤੇ ਘਸਾ ਦਿੱਤਾ, ਟਨ ਟਨ ਦੀ ਆਵਾਜ਼ ਪੈਦਾ ਹੋਈ, ਪਿੰਜਰੇ ਦਾ ਬੂਹਾ ਖੋਲ ਦਿੱਤਾ ਗਿਆ। ਤੋਤੇ ਨੇ ਕਾਰਡ ਚੁੱਕ ਦਿੱਤਾ ਤੇ ਮੈਂ ਇਨਾਮ ਦਾ ਦਾਣਾ ਸੁੱਟ ਦਿੱਤਾ। ਜੋਤਸ਼ੀ ਜੀ ਨੇ ਪੰਜਾਹ ਰੁਪਏ ਜੇਬ ਵਿਚ ਪਾਏ ਅਤੇ ਤੁਰਦੇ ਬਣੇ।
            ਭਦੌੜ ਬਰਨਾਲੇ ਦੇ ਨਜਦੀਕ ਇੱਕ ਕਸਬਾ ਹੈ। ਪਿੰਡ ਦੇ ਲੋਕਾਂ ਦਾ ਫੋਨ ਆ ਗਿਆ ਕਿ ਇੱਥੇ ਦੇ ਪ੍ਰਾਇਮਰੀ ਸਕੂਲ ਵਿਚ ਬਲਦ ਵਾਲਾ ਵਿਅਕਤੀ ਆਇਆ ਹੋਇਆ ਹੈ ਉਸਨੇ ਤਰਕਸ਼ੀਲਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਕਿਸੇ ਵੀ ਵਿਅਕਤੀ ਦੀ ਜੇਬ ਵਿਚ ਪਾਈ ਪਰਚੀ ਦਾ ਨੰਬਰ ਦੱਸ ਸਕਦਾ ਹੈ। ਉਸਦੀ ਚਣੌਤੀ ਨੂੰ ਕਬੂਲ ਕਰਨਾ ਸਾਡੀ ਮਜ਼ਬੂਰੀ ਬਣ ਗਈ। ਸੁਸਾਇਟੀ ਦਾ ਕੋਈ ਵੀ ਹੋਰ ਮੈਂਬਰ ਉਪਲਬੱਧ ਨਾ ਹੋਣ ਕਾਰਨ ਮੈਂ ਆਪਣੇ ਬੇਟੇ ਅਮਿੱਤ ਨੂੰ ਨਾਲ ਲਿਆ ਅਤੇ ਅਸੀਂ ਭਦੌੜ ਪੁੱਜ ਗਏ। ਬਹੁਤ ਸਾਰੇ ਮੁੰਡਿਆਂ ਨੇ ਇੱਕ ਬਲਦ ਵਾਲੇ ਨੂੰ ਘੇਰਿਆ ਹੋਇਆ ਸੀ। ਮੈਂ ਬਲਦ ਵਾਲੇ ਭਾਈ ਨਾਲ ਗੱਲਬਾਤ ਕੀਤੀ। ਉਹ ਕਹਿਣ ਲੱਗਿਆ ਕਿ ‘‘ਦਸ ਵਿਅਕਤੀਆਂ ਦੀ ਜੇਬ ਵਿਚ ਇੱਕ ਤੋਂ ਦਸ ਤੱਕ ਦੇ ਅੰਕ ਲਿਖ ਕੇ ਪਾ ਦਿਉ। ਮੈਂ ਇਹ ਦੱਸ ਦੇਵਾਗਾਂ ਕਿ ਕਿਸ ਵਿਅਕਤੀ ਦੀ ਜੇਬ ਵਿਚ ਕਿਸ ਨੰਬਰ ਦੀ ਪਰਚੀ ਹੈ।’’ ਅਸੀਂ ਉਸਦੀ ਇਸ ਚਣੌਤੀ ਨੂੰ ਵੀ ਕਬੂਲ ਕਰ ਲਿਆ। ਅਸੀਂ ਉਥੇ ਹਾਜ਼ਰ ਵਿਅਕਤੀਆਂ ਵਿਚੋਂ ਦਸ ਵਿਅਕਤੀ ਅਜਿਹੇ ਚੁਣੇ ਜਿਨ੍ਹਾਂ ਦੀ ਪੈਂਟ ਨੂੰ ਪਿਛਲੀ ਜੇਬ ਲੱਗੀ ਹੋਈ ਸੀ। ਅਸੀਂ ਦਸ ਪਰਚੀਆਂ ਤੇ ਇੱਕ ਤੋਂ ਦਸ ਤੱਕ ਨੰਬਰ ਲਿਖ ਲਏ। ਉਨ੍ਹਾਂ ਦੀਆਂ ਤਹਿਆਂ ਮਾਰ ਕੇ ਉਨ੍ਹਾਂ ਨੂੰ ਇਸ ਢੰਗ ਨਾਲ ਮਿਕਸ ਕਰ ਲਿਆ ਕਿ ਸਾਨੂੰ ਖੁਦ ਵੀ ਇਹ ਪਤਾ ਨਾ ਹੋਵੇ ਕਿ ਕਿਸਦੀ ਜੇਬ ਵਿਚ ਕਿਸ ਨੰਬਰ ਦੀ ਪਰਚੀ ਪਾਈ ਜਾ ਰਹੀ ਹੈ। ਹੁਣ ਦਸੇ ਲੜਕਿਆਂ ਦੇ ਮੂੰਹ ਕੰਧ ਵੱਲ ਕਰਵਾ ਲਏ ਤੇ ਉਨ੍ਹਾਂ ਦੀ ਪਿਛਲੀ ਜੇਬ ਵਿਚ ਇੱਕ ਇੱਕ ਪਰਚੀ ਪਾ ਦਿੱਤੀ। ਉਨ੍ਹਾਂ ਵਿਅਕਤੀਆਂ ਨੂੰ ਹਦਾਇਤ ਕਰ ਦਿੱਤੀ ਕਿ ਉਹ ਸਾਡੀ ਨਿਗਰਾਨੀ ਵਿਚ ਰਹਿਣਗੇ ਤੇ ਉਨ੍ਹਾਂ ਵਿਚੋਂ ਕਿਸੇ ਦਾ ਵੀ ਹੱਥ ਪਿਛਲੀ ਜੇਬ ਵਿਚ ਨਹੀਂ ਜਾਏਗਾ। ਇਹ ਦਸੇ ਵਿਅਕਤੀ ਬਲਦ ਦੇ ਅੱਗੇ ਖੜਾ ਦਿੱਤੇ ਗਏ। ਪਹਿਲੇ ਵਿਅਕਤੀ ਨੂੰ ਬਲਦ ਵਾਲਾ ਪੁੱਛਣ ਲੱਗਿਆ ਕਿ ‘‘ਪੰਜ ਵਾਲੀ ਪਰਚੀ ਤੇਰੀ ਜੇਬ ਵਿਚ ਹੈ?’’ ਤੇ ਉਸਦੀ ਨਿਗਾਹ ਬਾਕੀ ਨੌਵਾਂ ਵੱਲ ਵੀ ਸੀ। ਸਾਰੇ ਹੀ ਕਹਿਣ ਲੱਗੇ ਕਿ ‘‘ਸਾਨੂੰ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਕਿਸ ਦੀ ਜੇਬ ਵਿਚ ਕਿਹੜੇ ਨੰਬਰ ਦੀ ਪਰਚੀ ਹੈ।’’ ਸਾਰੇ ਦੇ ਸਾਰੇ ਦਸ ਵਿਅਕਤੀਆਂ ਵੱਲ ਧਿਆਨ ਨਾਲ ਵੇਖ ਕੇ ਉਹ ਬਲਦ ਵਾਲਾ ਹੱਥ ਖੜੇ ਕਰ ਗਿਆ। ਇਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਨ ਦਾ ਉਸਦਾ ਢੌਂਗ ਵੀ ਅਸਫਲ ਹੋ ਗਿਆ।
 
ਕਿਸਮਤ ਕਿਵੇਂ ਬਣਾਈ ਜਾ ਸਕਦੀ ਹੈ
            ਅੱਜ ਸਾਡੇ ਦੇਸ਼ ਵਿਚ ਬੇਈਮਾਨ ਲੋਕਾਂ ਦੀ ਹਕੂਮਤ ਹੈ। ਅਜਿਹੇ ਨਿਜਾਮ ਵਿਚ ਪੈਸਾ, ਸਿਫ਼ਾਰਸਾਂ, ਤੁਹਾਡੀ ਸ਼ਖਸੀਅਤ ਅਤੇ ਯੋਗਤਾ ਆਦਿ ਸਾਰੇ ਹੀ ਰਲ ਮਿਲ ਕੇ ਤੁਹਾਡੀ ਕਿਸਮਤ ਨੂੰ ਬਣਾ ਸਕਦੇ ਹਨ। ਪਰ ਸਮੁੱਚੇ ਲੋਕਾਂ ਦੀ ਕਿਸਮਤ ਤਾਂ ਇੱਥੋਂ ਦੇ ਸਿਆਸਤਦਾਨਾਂ ਨੇ ਬਣਾਉਣੀ ਹੰੁਦੀ ਹੈ। ਅੱਜ ਭਾਰਤ ਨੂੰ ਆਜ਼ਾਦ ਹੋਇਆ ਬਾਹਟ ਸਾਲ ਬਤੀਤ ਹੋ ਚੁੱਕੇ ਹਨ ਫਿਰ ਵੀ ਇੱਥੋਂ ਦੀ ਪਜੰਤਰ ਪ੍ਰਤੀਸ਼ਤ ਆਬਾਦੀ ਗ਼ਰੀਬੀ ਤੋਂ ਹੇਠਾਂ ਜੀਵਨ ਬਸਰ ਕਰ ਰਹੀ ਹੈ। ਪੰਜਾਬ ਦੀਆਂ ਹਾਲਤਾਂ ਹੀ ਲੈ ਲਈਏ ਲਗਭੱਗ ਚਾਲੀ ਲੱਖ ਪੜ੍ਹੇ ਲਿਖੇ ਨੌਜੁਆਨ ਬੇਰੁਜ਼ਗਾਰੀ ਦੇ ਸਤਾਏ ਹੋਏ ਨਰਕੀ ਜ਼ਿੰਦਗੀ ਭੋਗ ਰਹੇ ਹਨ। ਪੰਜਾਬ ਦੇ ਸਾਢੇ ਤੇਰਾਂ ਹਜ਼ਾਰ ਪਿੰਡਾਂ ਵਿਚ ਹਰ ਪਿੰਡ ਅੰਦਰ ਸਾਲ ਵਿਚ ਦੋ ਚਾਰ ਖੁਦਕੁਸ਼ੀਆਂ ਹੋ ਜਾਣਾ ਆਮ ਗੱਲ ਹੈ। ਅੱਜ ਸਾਡੇ ਆਪਣੇ ਰਾਜ ਵਿਚ ਅੱਠ ਵਿਅਕਤੀ ਹਰ ਰੋਜ ਸੜਕੀ ਦੁਰਘਟਨਾ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ। ਕੀ ਇਨ੍ਹਾਂ ਹਾਲਤਾਂ ਦੀ ਜ਼ਿੰਮੇਵਾਰੀ ਮੌਜੂਦਾ ਸਿਆਸੀ ਢਾਂਚੇ ਦੀ ਨਹੀਂ ਹੈ।
            ਇਸੇ ਕਰਕੇ ਭਾਰਤ ਦੇ ਬਹੁਤੇ ਲੋਕਾਂ ਦਾ ਵਿਸ਼ਵਾਸ ਇਸ ਢਾਂਚੇ ਵਿਚੋਂ ਉਠ ਚੁੱਕਿਆ ਹੈ ਤੇ ਉਹ ਬਦਲਵੇਂ ਪ੍ਰਬੰਧ ਨੂੰ ਖੋਜਣ ਲਈ ਤੁਰੇ ਹੋਏ ਹਨ।
            ਕਿਸਮਤ ਸਰਕਾਰਾਂ ਦੇ ਹੱਥ ਵਿਚ ਹੀ ਹੰੁਦੀ ਹੈ ਇਸ ਗੱਲ ਨੂੰ ਸਾਬਤ ਕਰਨ ਲਈ ਮੈਂ ਇੱਕ ਉਦਾਹਰਣ ਦੇਣੀ ਚਾਹਾਗਾਂ। ਅੱਜ ਜੇ ਭਾਰਤ ਦੇ ਪ੍ਰਧਾਨ ਮੰਤਰੀ ਸ: ਮਨਮੋਹਣ ਸਿੰਘ ਅਤੇ ਪਾਕਿਸਤਾਨ ਦੇ ਪ੍ਰਧਾਨ ਜਰਦਾਰੀ ਜੀ ਪ੍ਰਮਾਣੂ ਯੁੱਧ ਲੜਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਇੱਥੇ ਆਪਣੇ ਸਭ ਦੀਆਂ ਲਾਸ਼ਾਂ ਰੁਲੀਆਂ ਫਿਰਨਗੀਆਂ ਇਨ੍ਹਾਂ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਹੋਵੇਗਾ। ਜੋਤਸ਼ੀਆਂ ਦੇ ਟੇਵੇ ਵੀ ਇਸਤੋਂ ਬਚਾ ਨਹੀਂ ਸਕਣਗੇ।
-ਮੇਘ ਰਾਜ ਮਿੱਤਰ
ਸਰਪ੍ਰਸਤ ਤਰਕਸ਼ੀਲ ਸੁਸਾਇਟੀ ਭਾਰਤ
ਤਰਕਸ਼ੀਲ ਨਿਵਾਸ, ਗਲੀ ਨੰ : 8, ਕੱਚਾ ਕਾਲਜ ਰੋਡ,
ਬਰਨਾਲਾ, ਪੰਜਾਬ
ਫੋਨ ਨੰ : 98887-87440

 

 
Home  l  

Tarksheel Society (Regd.)
Head Office : Tarksheel Niwas, St.8, K. C. Road, Barnala-148101 (Punjab) India
Phone : + 91 - 1679 - 241744, 233244 Fax : 91 - 1679 - 241744. E-mail : tarksheel@yahoo.com. 2009 © - Copyrights Reserved