Home    l     Download    l     Challenge    l     About Tarksheel Society    l     Contact Us    l    Feedback    
 
Photo gallery
Leave a message
How To Become A Member
Buy Books

 ਕੀ ਕਰਾਮਾਤਾਂ ਸੰਭਵ ਹਨ?

Email Article  Print Article 

Published on 2011-08-06 01:31:07

 

ਮਹੀਨਾ ਕੁ ਪਹਿਲਾ ਦੀ ਗੱਲ ਹੈ ਕਿ ਮੈਂ ਸਵੇਰੇ ਸਵੇਰੇ ਹੀ ਚੰਡੀਗੜ੍ਹ ਤੋਂ ਪਟਿਆਲਾ ਵੱਲ ਜਾ ਰਿਹਾ ਸਾਂ। ਡਰਾਈਵਰ ਵਾਲੀ ਸਾਈਡ ਤੇ ਖਿੜਕੀ ਵਾਲੀ ਸੀਟ `ਤੇ ਬੈਠ ਕੇ ਬਾਹਰ ਵੱਲ ਤੱਕਣਾ ਮੇਰਾ ਸ਼ੌਕ ਰਿਹਾ ਹੈ। ਅਚਾਨਕ ਮੈਨੂੰ ਪਾਣੀ ਵਿਚ ਤੈਰਦਾ ਇਕ ਪੁਤਲਾ ਜਿਹਾ ਨਜ਼ਰ ਆਇਆ। ਬੱਸ ਇਕ ਦੋ ਸੈਕਿੰਡਾਂ ਵਿਚ ਹੀ ਦੂਰ ਨਿਕਲ ਆਈ ਸੀ ਕਿ ਮਨ ਨੂੰ ਖਿਆਲ ਆਇਆ ਕਿ ਇਹ ਤਾਂ ਕਿਸੇ ਵਿਅਕਤੀ ਦੀ ਲਾਸ਼ ਹੀ ਹੋ ਸਕਦੀ ਹੈ। ਉਸੇ ਸਮੇਂ 100 ਨੰਬਰ ਤੇ ਪੁਲਸ ਨੂੰ ਫੋਨ ਕੀਤਾ ਤੇ ਦੱਸਿਆ ਕਿ ‘‘ਸਤਲੁਜ ਜਮੁਨਾ ਲਿੰਕ ਦੇ ਖੜੇ ਪਾਣੀ ਵਿਚ ਕਿਸੇ ਵਿਅਕਤੀ ਦੀ ਲਾਸ਼ ਤੈਰ ਰਹੀ ਹੈ।’’ ਉਹ ਕਹਿਣ ਲੱਗੇ ਕਿ ਉਨ੍ਹਾਂ ਨੂੰ ਪਹਿਲਾ ਹੀ ਕਿਸੇ ਹੋਰ ਵਿਅਕਤੀ ਨੇ ਐਸ. ਐਮ. ਐਸ. ਕਰ ਦਿੱਤਾ ਹੈ। ਹੁਣ ਮੈਨੂੰ ਇਹ ਲਾਸ਼ ਕਿਉਂ ਨਜ਼ਰ ਆਈ?
            ਅਸਲ ਵਿਚ ਸੰਸਾਰ ਅੰਦਰ ਵਾਪਰ ਰਹੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਵਿਗਿਆਨਕ ਨਿਯਮ ਜ਼ਰੂਰ ਹੁੰਦਾ ਹੈ। ਸਾਨੂੰ ਇਹ ਸਮਝ ਆਏ ਜਾਂ ਨਾ ਆਏ ਵਿਗਿਆਨੀਆਂ ਨੂੰ ਵੀ ਹੋ ਸਕਦਾ ਹੈ ਇਸਦੀ ਸਮਝ ਨਾ ਹੋਵੇ ਕਿਉਂਕਿ ਦੁਨੀਆ ਵਿਚ ਅਰਬਾਂ ਰਹੱਸ ਹਨ ਇਨ੍ਹਾਂ ਵਿਚੋਂ ਬਹੁਤਿਆਂ ਦੇ ਪਰਦੇ ਵਿਗਿਆਨਕਾਂ ਨੇ ਉਤਾਰ ਦਿੱਤੇ ਹਨ। ਰਹਿੰਦਿਆਂ ਦੇ ਆਉਣ ਵਾਲੀਆਂ ਕੁਝ ਸਦੀਆਂ ਵਿਚ ਲਹਿ ਜਾਣੇ ਹਨ। ਪਰ ਕੋਈ ਵੀ ਘਟਨਾ ਅਜਿਹੀ ਹੋ ਹੀ ਨਹੀਂ ਸਕਦੀ ਜਿਸਦੇ ਪਿੱਛੇ ਕੋਈ ਪ੍ਰਾਕਿਰਤਕ ਨਿਯਮ ਨਾ ਹੋਵੇ। ਲਾਸ਼ ਦੀ ਉਦਾਹਰਣ ਲੈ ਲਈਏ। ਜਦੋਂ ਕੋਈ ਵਿਅਕਤੀ ਡੁੱਬਦਾ ਹੈ ਜਾਂ ਡੁਬੋਇਆ ਜਾਂਦਾ ਹੈ ਤਾਂ ਉਸਦਾ ਭਾਰ ਉਸ ਦੇ ਆਕਾਰ ਦੁਆਰਾ ਹਟਾਏ ਗਏ ਪਾਣੀ ਦੇ ਭਾਰ ਤੋਂ ਵੱਧ ਹੁੰਦਾ ਹੈ। ਸਿੱਟੇ ਵਜੋਂ ਸਰੀਰ ਡੁੱਬ ਜਾਂਦਾ ਹੈ। ਮੁਰਦਾ ਸਰੀਰ ਵਿਚ ਰਸਾਇਣਕ ਕਿਰਿਆਵਾਂ ਸ਼ੁਰੂ ਹੋ ਜਾਂਦੀਆਂ ਹਨ ਜਿਸਦੇ ਸਿੱਟੇ ਵਜੋਂ ਸਰੀਰ ਵਿਚ ਗੈਸਾਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਉਹ ਗੈਸਾਂ ਸਰੀਰ ਨੂੰ ਫੁਲਾ ਦਿੰਦੀਆਂ ਹਨ। ਉਸਦੇ ਸਰੀਰ ਦਾ ਆਕਾਰ ਵੱਧ ਜਾਂਦਾ ਹੈ ਅਤੇ ਜੋ ਪਾਣੀ ਉਹ ਉਸ ਆਕਾਰ ਨਾਲ ਹਟਾਉਂਦਾ ਹੈ ਉਸਦਾ ਭਾਰ ਘੱਟ ਹੁੰਦਾ ਹੈ ਇਸ ਲਈ ਉਸਦਾ ਸਰੀਰ ਤੈਰਨ ਲੱਗ ਜਾਂਦਾ ਹੈ।
            27 ਕੁ ਵਰ੍ਹੇ ਪਹਿਲਾ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਹੀ ਬਹੁਤ ਸਾਰੇ ਸਾਧਾਂ, ਸੰਤਾਂ, ਜੋਤਸੀਆਂ ਤੇ ਸਵਾਮੀਆਂ ਦੇ ਸ਼ਰਧਾਲੂ ਸਾਨੂੰ ਆਪਣੇ ਰਸਤੇ ਤੋਂ ਭਟਕਾਉਣ ਦਾ ਯਤਨ ਕਰਨ ਲੱਗ ਪਏ। ਕੋਈ ਕਹਿੰਦਾ ਕਿ ਸਾਡੇ ਮਹਾਂਪੁਰਸ਼ ਖੂਹ ਦਾ ਪਾਣੀ ਕਿਨਾਰਿਆਂ ਤੋਂ ਉਛਲਣ ਲਾ ਸਕਦੇ ਹਨ। ਕੋਈ ਹੋਰ ਕਹਿੰਦਾ ਸਾਡੇ ਸਵਾਮੀ ਜੀ ਤਾਂ ਬਾਣ ਦਾ ਰੱਸਾ ਤੀਹ ਫੁੱਟ ਤੱਕ ਅਸਮਾਨ ਵਿਚ ਬਿਨ੍ਹਾਂ ਕਿਸੇ ਸਹਾਰੇ ਤੋਂ ਖੜ੍ਹਾ ਕਰ ਸਕਦੇ ਹਨ। ਕੋਈ ਹੋਰ ਕਹਿੰਦਾ ਸਾਡੇ ਸਾਂਈ ਦੀ ਫੋਟੋ ਵਿਚ ਰਾਖ ਪ੍ਰਗਟ ਹੁੰਦੀ ਹੈ। ਕਿਸੇ ਹੋਰ ਦਾ ਫਰਮਾਨ ਹੁੰਦਾ ਸਾਡੇ ਭਗਵਾਨ ਜੀ ਦੀ ਫੋਟੋ ਅੱਗੇ ਰੱਖਿਆ ਸੇਬ ਆਪਣੇ ਆਪ ਟੁਕੜਿਆਂ ਵਿਚ ਕੱਟਿਆ ਜਾਂਦਾ ਹੈ। ਜਦੋਂ ਅਸੀਂ ਉਨ੍ਹਾਂ ਨੂੰ ਸੁਸਾਇਟੀ ਵਲੋਂ ਰੱਖੇ ਦਸ ਹਜ਼ਾਰ ਰੁਪਏ ਦੇ ਇਨਾਮ ਦੀ ਪੇਸ਼ਕਸ਼ ਰੱਖ ਦਿੰਦੇ ਤਾਂ ਕਈ ਆਪਣੇ ਮਹਾਂਪੁਰਸ਼ਾਂ ਨੂੰ ਲਿਆਉਣ ਲਈ ਤੁਰ ਵੀ ਪੈਂਦੇ ਪਰ ਖਾਲੀ ਹੱਥ ਹੀ ਮੁੜਦੇ। ਮੈਂ ਤੇ ਮੇਰੇ ਕੁਝ ਸਾਥੀ ਸਾਇੰਸ ਦੇ ਅਧਿਆਪਕ ਸਾਂ। ਸਾਨੂੰ ਪਤਾ ਸੀ ਕਿ ਅਜਿਹਾ ਨਹੀਂ ਹੋਵੇਗਾ। ਪਰ ਸਾਡੇ ਬੁੱਲਾਂ `ਤੇ ਮੁਸਕਰਾਹਟ ਤੇ ਮਨ ਵਿਚ ਲੋਕਾਂ ਦੀ ਸੋਚ ਤੇ ਅਫਸੋਸ ਜ਼ਰੂਰ ਹੁੰਦਾ।
            ਦਿਨ ਬੀਤਦੇ ਗਏ ਇਕ ਦਿਨ ਬਰਨਾਲੇ ਦੇ ਨਜ਼ਦੀਕੀ ਪਿੰਡ ਢਿੱਲਵਾਂ ਤੋਂ ਇਕ ਸੰਤ ਦੇ ਸ਼ਰਧਾਲੂ ਆ ਗਏ। ਕਹਿਣ ਲੱਗੇ ਸਾਡੇ ਮਹਾਤਮਾ ਜੀ ਮਹਾਰਾਜ ਤਾਂ ਪਗੜੀ ਦੀਆਂ ਗੱਠਾਂ ਹੀ ਮੰਤਰ ਰਾਹੀਂ ਖੋਲ੍ਹ ਦਿੰਦੇ ਨੇ। ਅਸੀਂ ਨਾਲ ਹੋ ਤੁਰੇ। ਪਿੰਡ ਦੀ ਸੱਥ ਵਿਚ ਪੰਚ ਤੇ ਕਈ ਹੋਰ ਮੈਂਬਰ ਸਾਹਿਬਾਨ ਹਾਜ਼ਰ ਹੋ ਗਏ। ਸੰਤ ਅੱਗੇ ਪਗੜੀ ਦੀਆਂ ਗੱਠਾਂ ਦੇ ਕੇ ਰੱਖ ਦਿੱਤੀਆਂ ਗਈਆਂ। ਸੰਤ ਜੀ ਆਪਣੇ ਮੂੰਹ ਵਿਚ ਸਮਝ ਨਾ ਆਉਣ ਵਾਲੀ ਭਾਸ਼ਾ ਵਿਚ ਕੁਝ ਸ਼ਬਦਾਂ ਦਾ ਉਚਾਰਨ ਕਰਦੇ ਗਏ। ਪਗੜੀ ਦੀਆਂ ਗੱਠਾਂ ਕੀ ਖੁੱਲਣੀਆਂ ਸਨ? ਅਸਫ਼ਲ ਹੋ ਗਏ ਜਮਾਨਤ ਦੀ ਰਾਸ਼ੀ ਜੋ ਉਨ੍ਹਾਂ ਦਿਨਾਂ ਵਿਚ ਸਿਰਫ਼ ਇਕ ਹਜ਼ਾਰ ਰੁਪਏ ਹੁੰਦੀ ਸੀ ਜ਼ਬਤ ਕਰਵਾ ਬੈਠੇ। ਅਸੀਂ ਤਾਂ ਇਹ ਪੈਸੇ ਲੈ ਕੇ ਤੁਰ ਆਏ। ਪਰ ਪਿੰਡ ਦੇ ਲੋਕ ਕਹਿਣ ਲੱਗੇ, ‘‘ਇਸ ਸੰਤ ਨੇ ਝੂਠ ਬੋਲ ਕੇ ਪਿੰਡ ਦੀ ਬੇਇਜ਼ਤੀ ਕਰਵਾਈ ਹੈ ਉਨ੍ਹਾਂ ਨੇ ਉਸ ਸੰਤ ਦੀ ਖੜਕੇਂਤੀ ਕਰ ਦਿੱਤੀ ਤੇ ਉਸਨੂੰ ਪਿੰਡੋਂ ਦਫ਼ਾ ਕਰ ਦਿੱਤਾ।
            ਇਸ ਤਰ੍ਹਾਂ ਹੀ ਮਹਿਲਾ ਚੌਂਕ ਜ਼ਿਲ੍ਹਾ ਸੰਗਰੂਰ ਦਾ ਇਕ ਸੰਤ ਕਹਿਣ ਲੱਗਿਆ ਮੈਂ ਕਿਸੇ ਕੁਰਸੀ ਤੇ ਬੈਠੇ ਤਰਕਸ਼ੀਲ ਦੀ ਟੰਗ ਆਪਣੇ ਮੰਤਰਾਂ ਦੀ ਸ਼ਕਤੀ ਰਾਹੀਂ ਤੋੜ ਸਕਦਾ ਹਾਂ। ਲੋਕਾਂ ਦੇ ਇਕੱਠ ਵਿਚ ਉਸਨੂੰ ਵੀ ਬੁਲਾ ਲਿਆ ਗਿਆ। ਹਸ਼ਰ ਉਸਦਾ ਵੀ ਅਜਿਹਾ ਹੀ ਹੋਇਆ।
            ਇਸੇ ਤਰ੍ਹਾਂ ਬੱਸੀ ਪਠਾਣਾਂ ਤੋਂ ਅਖਬਾਰਾਂ ਵਿਚ ਖ਼ਬਰਾਂ ਛਪਣੀਆਂ ਸ਼ੁਰੂ ਹੋ ਗਈਆਂ ਕਿ ਇਕ ਵਿਦੇਸ਼ੀ ਮਹਾਂ ਪੁਰਸ਼ ਹਵਾ ਵਿਚ ਉੱਡ ਕੇ ਵਿਖਾਏਗਾ। ਅਸੀਂ ਪੁੱਜ ਗਏ ਪਰ ਸੰਤ ਜੀ ਮਹਾਰਾਜ ਕਿਤੇ ਵੀ ਹਵਾ ਵਿਚੋਂ ਪ੍ਰਗਟ ਨਾ ਹੋਇਆ ਭਾਵੇਂ ਉਨ੍ਹੀਂ ਦਿਨੀ ਅਸੀਂ ਇਨਾਮ ਦੀ ਰਾਸ਼ੀ ਵੀ ਵਧਾ ਕੇ ਇਕ ਲੱਖ ਰੁਪਏ ਕਰ ਚੁੱਕੇ ਸਾਂ।
            93-94 ਵਿਚ ਹਿਮਾਚਲ ਦੇ ਕਸਬੇ ਹਮੀਰਪੁਰ ਦਾ ਇਕ ਸੰਤ ਆ ਗਿਆ। ਕਹਿਣ ਲੱਗਿਆ ਮੈਂ ਇਕ ਲੱਖ ਰੁਪਏ ਦੇ ਇਨਾਮ ਦੀ ਰਾਸ਼ੀ ਜਿੱਤਣ ਆਇਆ ਹਾਂ। ਅਸੀਂ ਉਸਤੋਂ ਪੁੱਛਿਆ ਕਿ ਤੂੰ ਕਿਸ ਕਿਸਮ ਦੀ ਕਰਾਮਾਤ ਕਰਕੇ ਵਿਖਾਏਗਾ। ਕਹਿਣ ਲੱਗਿਆ ਮੈਂ ‘‘ਕਈ ਸਾਲਾਂ ਤੋਂ ਪਹਾੜਾਂ ਵਿਚ ਭਗਤੀ ਕਰ ਰਿਹਾ ਹਾਂ। ਹੁਣ ਮੇਰੇ ਵਿਚ ਅਦੁੱਤੀ ਸ਼ਕਤੀ ਪ੍ਰਗਟ ਹੋ ਗਈ ਹੈ। ਮੈਂ ਆਪਣੀ ਮਰਜ਼ੀ ਨਾਲ ਕਿਸੇ ਵੀ ਥਾਂ ਤੇ ਬਰਸਾਤ ਕਰਵਾ ਸਕਦਾ ਹਾਂ ਤੇ ਜਦੋਂ ਚਾਹਾਂ ਬੰਦ ਵੀ ਕਰਵਾ ਸਕਦਾ ਹਾਂ।’’ ਅਸੀਂ ਹਵਨ ਲਈ ਲੋੜੀਂਦੀ ਸਮੱਗਰੀ ਵੀ ਉਸਨੂੰ ਮੰਗਵਾ ਦਿੱਤੀ। ਹਵਨ ਪੂਰਾ ਹੋਣ ਤੋਂ ਬਾਅਦ ਉਹ ਅਸਮਾਨ ਵੱਲ ਤੱਕਣ ਲੱਗ ਪਿਆ। ਮੀਂਹ ਤਾਂ ਕੀ ਪੈਣਾ ਸੀ ਇਕ ਬੱਦਲ ਵੀ ਪ੍ਰਗਟ ਨਾ ਹੋਇਆ। ਅਪ੍ਰੈਲ ਦੇ ਅੰਤਲੇ ਦਿਨ ਸਨ। ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਸੰਤ ਜੀ ਹਵਨ ਨਾਲ ਮੀਂਹ ਪੁਆ ਰਹੇ ਹਨ ਤਾਂ ਉਹ ਉਸਨੂੰ ਕੁੱਟਣ ਲਈ ਤਿਆਰ ਹੋ ਗਏ। ਕਹਿਣ ਲੱਗੇ ‘‘ਸਾਡੀਆਂ ਫਸਲਾਂ ਪੱਕੀਆਂ ਹੋਈਆਂ ਹਨ ਇਹ ਭੜੂਆ ਮੀਂਹ ਪੁਆ ਰਿਹਾ ਹੈ।’’
            ਇਸੇ ਤਰ੍ਹਾਂ ਦਾ ਹਾਲ ਡਬਰੇ (ਮੱਧ ਪ੍ਰਦੇਸ਼) ਦੇ ਉਸ ਸੰਤ ਦਾ ਹੋਇਆ ਜੋ ਹਵਾ ਵਿਚ ਚੀਜ਼ਾਂ ਫੜਕੇ ਪ੍ਰਗਟ ਕਰ ਦੇਣ ਨਾਲ ਪੰਜ ਲੱਖ ਰੁਪਏ ਦੇ ਇਨਾਮ ਦੀ ਰਾਸ਼ੀ ਜਿੱਤਣਾ ਚਾਹੁੰਦਾ ਸੀ। ਰੇਲ ਗੱਡੀ ਦਾ ਇੰਜਣ ਪ੍ਰਗਟ ਕਰਨਾ ਕਹਿਣ ਤੇ ਹੀ ਉਹ ਕਹਿਣ ਲੱਗ ਪਿਆ ਰੇਲਵੇ ਲਾਈਨ ਤਾਂ ਇਥੋਂ 16 ਕਿਲੋਮੀਟਰ ਦੀ ਬਿੱਥ ਤੇ ਹੈ।
            ਇਥੇ ਸੁਆਲ ਇਨ੍ਹਾਂ ਧੋਖੇਬਾਜ਼ਾਂ ਦੇ ਦਾਅਵਿਆਂ ਦਾ ਨਹੀਂ ਹੈ। ਸਗੋਂ ਸੁਆਲ ਤਾਂ ਇਹ ਹੈ ਕਿ ਕੀ ਕਰਾਮਾਤਾਂ ਸੰਭਵ ਹਨ। ਆਮ ਲੋਕਾਂ ਵਿਚ ਇਕ ਨੁਕਸ਼ ਹੁੰਦਾ ਹੈ ਉਹ ਸੁਣੀਆਂ ਸੁਣਾਈਆਂ ਗੱਲਾਂ ਹੀ ਵਧਾ ਚੜ੍ਹਾ ਕੇ ਪੇਸ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਜੇ ਕਿਸੇ ਸੰਤ ਦੁਆਰਾ ਦੱਸੀਆਂ ਗਈਆਂ ਸੋ ਗੱਲਾਂ ਵਿਚੋਂ ਨਿਆਨਵੇਂ ਗਲਤ ਨਿਕਲ ਜਾਂਦੀਆਂ ਹਨ ਤਾਂ ਉਹ ਇਨ੍ਹਾਂ ਵਿਚੋਂ ਕਿਸੇ ਇਕ ਦਾ ਵੀ ਜ਼ਿਕਰ ਨਹੀਂ ਕਰਨਗੇ ਪਰ ਸੱਚੀ ਨਿਕਲੀ ਇਕੋ ਗੱਲ ਨੂੰ ਹਜ਼ਾਰਾਂ ਵਾਰ ਹਜ਼ਾਰਾਂ ਲੋਕਾਂ ਨੂੰ ਦੱਸਣਗੇ। ਇਸ ਤਰ੍ਹਾਂ ਉਹ ਇਸ ਠੱਗੀ ਜਾਲ ਨੂੰ ਕਾਇਮ ਰੱਖਣ ਤੇ ਵਧਾਉਣ ਵਿਚ ਸਹਾਈ ਹੋ ਨਿਬੜਦੇ ਹਨ।
            ਹੁਣ ਪਗੜੀ ਦੀਆਂ ਗੱਠਾਂ ਦਾ ਮੰਤਰਾਂ ਦੇ ਉਚਾਰਨ ਨਾਲ ਖੁੱਲ੍ਹਣ ਦਾ ਸੁਆਲ ਹੈ। ਪਗੜੀ ਦੀਆਂ ਗੱਠਾਂ ਖੋਲ੍ਹਣ ਲਈ ਬਲ ਦੀ ਲੋੜ ਹੈ। ਕੀ ਮੰਤਰਾਂ ਦੇ ਉਚਾਰਨ ਨਾਲ ਬਲ ਪੈਦਾ ਹੋ ਸਕਦਾ ਹੈ। ਜੇ ਬਲ ਇਸ ਤਰ੍ਹਾਂ ਹੀ ਪੈਦਾ ਹੋ ਜਾਂਦਾ ਹੈ ਤਾਂ ਅਸੀਂ ਬਲ ਨੂੰ ਪ੍ਰਭਾਸ਼ਿਤ ਕਿਵੇਂ ਕਰਾਂਗੇ? ਵਿਗਿਆਨ ਦੇ ਸਾਰੇ ਨਿਯਮ ਇਕ ਦੂਜੇ ਨਾਲ ਜੁੜੇ ਹੁੰਦੇ ਹਨ। ਕਿਸੇ ਵੀ ਇਕ ਨਿਯਮ ਦੇ ਫੇਲ ਹੋਣ ਜਾਣ ਨਾਲ ਪੂਰੀ ਸਾਇੰਸ ਨੇ ਫੇਲ ਹੋ ਜਾਣਾ ਹੈ।
            ਸਾਇੰਸ ਦਾ ਇਕ ਨਿਯਮ ਹੈ ਕਿ ਮਾਦਾ ਨਾ ਤਾਂ ਪੈਦਾ ਹੋ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ। ਸਗੋਂ ਇਸ ਨੂੰ ਇਕ ਰੂਪ ਤੋਂ ਦੂਜੇ ਰੂਪ ਵਿਚ ਬਦਲਿਆ ਜਾ ਸਕਦਾ ਹੈ। ਹੁਣ ਜੇ ਕੋਈ ਸੰਤ ਕਿਸੇ ਰੇਲ ਗੱਡੀ ਦੇ ਇੰਜਣ ਨੂੰ ਹਵਾ ਵਿਚੋਂ ਫੜ ਕੇ ਪੇਸ਼ ਕਰ ਦਿੰਦਾ ਹੈ ਤਾਂ ਵਿਗਿਆਨਕਾਂ ਲਈ ਤਾਂ ਇਹ ਸੁਆਲ ਖੜ੍ਹਾ ਹੋ ਜਾਂਦਾ ਹੈ ਕਿ ਉਸ ਨੇ ਮਾਦੇ ਦੀ ਸੁਰੱਖਿਅਤਾਂ ਦੇ ਨਿਯਮ ਦੀਆਂ ਧੱਜੀਆਂ ਕਿਵੇਂ ਉਡਾਈਆਂ? ਕੀ ਉਸਨੂੰ ਰੇਲ ਗੱਡੀ ਦਾ ਇੱਜਣ ਬਣਾਉਣ ਲਈ ਕਿਸੇ ਹੋਰ ਪਦਾਰਥ ਦੀ ਲੋੜ ਹੀ ਨਹੀਂ ਪਈ। ਕਈ ਸੰਤ ਮਹਾਤਮਾ ਹਵਾ ਵਿਚੋਂ ਸੋਨੇ ਦੀਆਂ ਜੰਜੀਰੀਆਂ ਤੇ ਲਾਕੇਟ ਫੜ ਕੇ ਜਾਂ ਮੁੰਦਰੀਆਂ ਪ੍ਰਗਟ ਕਰਕੇ ਲੋਕਾਂ ਨੂੰ ਭੰਬਲ ਭੂਸਿਆ ਵਿਚ ਪਾ ਦਿੰਦੇ ਹਨ। ਭਾਰਤੀ ਕਾਨੂੰਨ ਅਨੁਸਾਰ ਤਾਂ ਉਨ੍ਹਾਂ ਨੂੰ ਸੋਨੇ ਦੀ ਇਸ ਤਰ੍ਹਾਂ ਦੀ ਪੈਦਾਇਸ਼ ਤੇ ਟੈਕਸ ਵੀ ਦੇਣਾ ਹੁੰਦਾ ਹੈ। ਪਰ ਸਰਕਾਰਾਂ ਅਜਿਹੇ ਸੰਤਾਂ ਨਾਲ ਮਿਲੀਆਂ ਹੁੰਦੀਆਂ ਹਨ ਕਿਉਂਕਿ ਉਨ੍ਹਾਂ ਦੇ ਭਗਤਜਨਾਂ ਦੀਆਂ ਵੋਟਾਂ ਦਾ ਸੁਆਲ ਹੁੰਦਾ ਹੈ।
            ਇਸੇ ਤਰ੍ਹਾਂ ਹੀ ਕਿਸੇ ਵੀ ਵਸਤੂ ਦੇ ਹਵਾ ਵਿਚ ਉੱਡਣ ਲਈ ਵੀ ਵਿਗਿਆਨਕ ਨਿਯਮ ਹੁੰਦੇ ਹਨ। ਜੇ ਉੱਡਣ ਲਈ ਜ਼ਰੂਰੀ ਨਿਯਮਾਂ ਦੀ ਪੂਰਤੀ ਹੁੰਦੀ ਹੋਵੇਗੀ ਫਿਰ ਹੀ ਉਡਿਆ ਜਾ ਸਕਦਾ ਹੈ ਇਸਤੋਂ ਬਗੈਰ ਇਹ ਸੰਭਵ ਨਹੀਂ।
            ਬਰਸਾਤ ਹੋਣ ਲਈ ਲੋੜੀਂਦਾ ਦਬਾਅ, ਤਾਪਮਾਨ ਅਤੇ ਹਵਾ ਦੀ ਗਤੀ ਆਦਿ ਕਈ ਸ਼ਰਤਾਂ ਦੀ ਹੋਂਦ ਜ਼ਰੂਰੀ ਹੁੰਦੀ ਹੈ। ਕੀ ਕੋਈ ਸੰਤ ਆਪਣੇ ਹਵਨਾਂ ਦੁਆਰਾ ਲੋੜੀਂਦੀਆਂ ਇਹ ਸ਼ਰਤਾਂ ਪੂਰੀਆਂ ਕਰ ਸਕਦਾ ਹੈ?
            ਹੁਣ ਜੇ ਕਿਸੇ ਡੇਰੇ ਵਿਚ ਸ਼ਰਾਬ ਦੀ ਬੋਤਲ ਲਿਜਾਈ ਜਾਂਦੀ ਹੈ ਤੇ ਇਹ ਪਾਣੀ ਵਿਚ ਬਦਲ ਜਾਂਦੀ ਹੈ। ਕੋਈ ਵੀ ਲਾਈਲੱਗ ਵਿਅਕਤੀ ਇਸ ਵਿਚ ਯਕੀਨ ਕਰ ਸਕਦਾ ਹੈ ਪਰ ਇਕ ਤਰਕਸ਼ੀਲ ਜਾਂ ਵਿਗਿਆਨਕ ਸੋਚ ਦਾ ਵਿਅਕਤੀ ਤਾਂ ਇਹ ਸੋਚੇਗਾ ਹੀ ਕਿ ਸ਼ਰਾਬ ਵਿਚ ਤਿੰਨ ਤੱਤ ਆਕਸੀਜਨ, ਹਾਈਡ੍ਰੋਜਨ ਤੇ ਕਾਰਬਨ ਹੁੰਦੇ ਹਨ। ਪਰ ਪਾਣੀ ਵਿਚ ਸਿਰਫ਼ ਹਾਈਡ੍ਰੋਜਨ ਤੇ ਆਕਸੀਜਨ ਹੀ ਹੁੰਦੇ ਹਨ। ਹੁਣ ਡੇਰੇ ਵਿਚ ਲੈ ਜਾਣ ਮਗਰੋਂ ਤਿੰਨ ਤੱਤਾਂ ਵਿਚੋਂ ਕਾਰਬਨ ਕਿੱਧਰ ਚਲੀ ਗਈ?
            ਜੇ ਕੋਈ ਵਿਦਿਆਰਥੀ ਰਸਾਇਣਕ ਕ੍ਰਿਆਵਾਂ ਵਿਖਾਉਣ ਲਈ ਸ਼ਰਾਬ ਤੋਂ ਸਿਫਰ ਪਾਣੀ ਬਣਿਆ ਵਿਖਾਏਗਾ ਤਾਂ ਅਧਿਆਪਕ ਉਸਦੀ ਸਮੀਕਰਣ `ਤੇ ਕਾਟੀ ਮਾਰ ਦੇਵੇਗਾ ਤੇ ਉਸਨੂੰ ਉਸ ਸੁਆਲ ਦਾ ਸਿਰਫ਼ ਅੰਕ ਹੀ ਮਿਲੇਗਾ। ਅਸਲ ਵਿਚ ਸਮੁੱਚਾ ਬ੍ਰਹਿਮੰਡ ਹੀ ਆਪਣੀ ਹੋਂਦ ਦੇ ਆਉਣ ਦੇ ਸਮੇਂ ਤੋਂ ਲੈਕੇ ਚਾਰ ਮੁੱਢਲੇ ਪ੍ਰਾਕਿਰਤਕ ਨਿਯਮਾਂ ਅਨੁਸਾਰ ਹੀ ਚੱਲ ਰਿਹਾ ਹੈ ਅਤੇ ਅਰਬਾਂ ਵਰ੍ਹੇ ਤੱਕ ਚੱਲਦਾ ਹੀ ਰਹੇਗਾ।
            ਅਸਲ ਵਿਚ ਸਾਡੇ ਬਹੁਤ ਸਾਰੇ ਕਥਾ ਵਾਚਕ ਅਨਪੜ੍ਹ ਤੇ ਅੰਧ ਵਿਸ਼ਵਾਸੀ ਕਿਸਮ ਦੇ ਵਿਅਕਤੀ ਹੁੰਦੇ ਹਨ। ਉਨ੍ਹਾਂ ਦਾ ਸਾਰਾ ਜ਼ੋਰ ਇਸ ਗੱਲ `ਤੇ ਲੱਗਿਆ ਹੁੰਦਾ ਹੈ ਕਿ ਸਾਹਮਣੇ ਬੈਠੀ ਜਨਤਾ ਵਿਚੋਂ ਵਾਹ ਵਾਹ ਕਿਵੇਂ ਕਰਵਾਈ ਜਾਵੇ ਤਾਂ ਜੋ ਉਹ ਆਪਣੀਆਂ ਜੇਬਾਂ ਹਲਕੀਆਂ ਕਰਨ। ਇਸ ਲਈ ਉਹ ਝੂਠੀਆਂ ਤੇ ਕਲਪਿਤ ਕਰਾਮਾਤੀ ਕਹਾਣੀਆਂ ਲੋਕਾਂ ਦੇ ਮਨਾਂ ਵਿਚ ਭਰਨ ਲਈ ਪੂਰੀ ਟਿੱਲ ਲਾ ਦਿੰਦੇ ਹਨ। ਇਸ ਤਰ੍ਹਾਂ ਕਰਕੇ ਉਹ ਵਕਤੀ ਤੌਰ `ਤੇ ਲੋਕ ਮਨਾਂ ਵਿਚ ਹਮਦਰਦੀ ਜਾਂ ਰੋਹ ਭਰ ਦਿੰਦੇ ਹਨ ਪਰ ਅਸਲ ਵਿਚ ਉਹ ਲੋਕਾਈ ਦੀ ਸੋਚ ਨੂੰ ਖੁੰਢੀ ਕਰਕੇ ਉਨ੍ਹਾਂ ਨੂੰ ਅੰਧਵਿਸ਼ਵਾਸੀ ਦਲ ਦਲ ਵਿਚ ਹੋਰ ਡੂੰਘਾ ਧੱਕ ਦਿੰਦੇ ਹਨ।
            ਤਰਕਸ਼ੀਲ ਸੁਸਾਇਟੀ ਭਾਰਤ ਨੇ ਇਕ ਵੀ ਕਰਾਮਾਤੀ ਸ਼ਕਤੀ ਦੇ ਦਾਅਵੇਦਾਰ ਨੂੰ ਜਾਂ ਉਸਨੂੰ ਲੱਭਣ ਵਾਲੇ ਵਿਅਕਤੀ ਲਈ ਇਕ ਕਰੋੜ ਰੁਪਏ ਦੇ ਇਨਾਮ ਦੀ ਪੇਸ਼ਕਸ਼ ਕੀਤੀ ਹੋਈ ਹੈ। ਜ਼ਮਾਨਤ ਦੀ ਰਾਸ਼ੀ ਅੱਜ ਕੱਲ੍ਹ ਸਿਰਫ਼ ਪੰਜ ਹਜ਼ਾਰ ਰੁਪਏ ਹੀ ਹੈ। ਸੋ ਜੇ ਕਿਸੇ ਨੂੰ ਵੀ ਕਰਾਮਾਤਾਂ ਵਿਚ ਵਿਸ਼ਵਾਸ ਹੈ ਤਾਂ ਉਨ੍ਹਾਂ ਨੂੰ ਕਰਾਮਾਤੀ ਸ਼ਕਤੀ ਦਾ ਦਾਅਵੇਦਾਰ ਲੱਭਣ ਲਈ ਜੁੱਟ ਜਾਣਾ ਚਾਹੀਦਾ ਹੈ। ਸਿੱਖ ਗੁਰੂਆਂ ਨੇ ਵੀ ਕਰਾਮਾਤਾਂ ਦਾ ਖੰਡਣ ਕੀਤਾ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਨ੍ਹਾਂ ਦੇ ਪੈਰੋਕਾਰ ਹੀ ਉਨ੍ਹਾਂ ਦੀ ਸੋਚ ਦੇ ਪਰ ਕੁਤਰਣ ਤੇ ਲੱਗੇ ਹੋਏ ਹਨ।
            ਅੰਤ ਵਿਚ ਮੈਂ ਇਹ ਕਹਿਣਾ ਚਾਹੂੰਗਾ ਕਿ ਧਰਤੀ ਉਤੇ ਕਦੇ ਵੀ ਕੋਈ ਕਰਾਮਾਤ ਨਹੀਂ ਵਾਪਰੀ ਅਤੇ ਨਾ ਹੀ ਵਾਪਰੇਗੀ। ਪਰ ਮਿਹਨਤ ਲਈ ਜੁੜੇ ਲੱਖਾਂ ਹੱਥ ਕਰਾਮਾਤਾਂ ਕਰ ਵੀ ਵਿਖਾਉਂਦੇ ਹਨ। ਉੱਚੇ ਪਹਾੜਾਂ ਦੀਆਂ ਟੀਸੀਆਂ ਨੂੰ ਮੈਦਾਨਾਂ ਵਿਚ ਬਦਲ ਸਕਦੇ ਹਨ ਉਹ ਮਾਰੂਥਲਾਂ ਨੂੰ ਲਹਿ ਲਹਾਉਂਦੇ ਖੇਤਾਂ ਵਿਚ ਬਦਲ ਵਿਖਾਉਂਦੇ ਹਨ। ਜਦੋਂ ਭਾਰਤ ਦੇ ਇਕ ਅਰਬ ਪੰਦਰਾ ਕਰੋੜ ਦਿਮਾਗ ਦੋ ਅਰਬ ਤੀਹ ਕਰੋੜ ਹੱਥਾਂ ਨਾਲ ਉਠ ਖੜੋਏ ਤਾਂ ਕੁਝ ਹੀ ਸਾਲਾਂ ਵਿਚ ਇਥੇ ਵੀ ਕਰਾਮਾਤਾਂ ਵਾਪਰ ਸਕਦੀਆਂ ਹਨ। ਅੱਜ ਤਾਂ ਭਾਰਤ ਅੰਦਰ ਹੀ ਦੋ ਭਾਰਤ ਵਸ ਰਹੇ ਹਨ ਇਕ ਗਰੀਬਾਂ ਦਾ ਭਾਰਤ ਤੇ ਇਕ ਅਮੀਰਾਂ ਦਾ ਭਾਰਤ। ਜਦੋਂ ਸਧਾਰਣ ਜਨਤਾ ਅੰਧਵਿਸ਼ਵਾਸਾਂ ਵਿਚੋਂ ਬਾਹਰ ਨਿਕਲ ਤੁਰੀ ਤਾਂ ਇਥੇ ਵੀ ਕਰਾਮਾਤਾਂ ਵਾਪਰਨ ਨੂੰ ਸਮਾਂ ਨਹੀਂ ਲੱਗਣਾ।
- ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਗਲੀ ਨੰ: 8, ਕੇ. ਸੀ. ਰੋਡ, ਬਰਨਾਲਾ।
ਮੋਬਾ: 98887-87440

 

 
Home  l  

Tarksheel Society (Regd.)
Head Office : Tarksheel Niwas, St.8, K. C. Road, Barnala-148101 (Punjab) India
Phone : + 91 - 1679 - 241744, 233244 Fax : 91 - 1679 - 241744. E-mail : tarksheel@yahoo.com. 2009 © - Copyrights Reserved