Home    l     Download    l     Challenge    l     About Tarksheel Society    l     Contact Us    l    Feedback    
 
Photo gallery
Leave a message
How To Become A Member
Buy Books
ਬਾਸਕਟਬਾਲ ਦਾ ਕਪਤਾਨ Email Article  Print Article 

Published on 2011-08-18 07:07:32

 

ਇਹ ਗੱਲ 25 ਕੁ ਵਰ੍ਹੇ ਪੁਰਾਣੀ ਹੈ। ਉਸ ਸਮੇਂ ਮੈਂ ਸਰਕਾਰੀ ਹਾਈ ਸਕੂਲ ਸੰਘੇੜਾ ਨਜ਼ਦੀਕ ਬਰਨਾਲਾ ਵਿੱਚ ਸਾਇੰਸ ਮਾਸਟਰ ਸਾਂ। ਅਧਿਆਪਕ ਦੇ ਕਿੱਤੇ ਵਿੱਚ ਬੱਚਿਆਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਤੁਹਾਡੇ ਕੋਲ ਹਜ਼ਾਰਾਂ ਪਰਿਵਾਰਾਂ ਦੇ ਬੱਚੇ ਸੈਂਕੜੇ ਕਿਸਮਾਂ ਦੀ ਮਾਨਸਿਕਤਾ ਲੈ ਕੇ ਹਾਜ਼ਰ ਹੁੰਦੇ ਹਨ। ਸਾਡੇ ਕੋਲ ਵੀ ਇੱਕ ਬਹੁਤ ਹੀ ਅਜੀਬ ਕਿਸਮ ਦੀ ਮਾਨਸਿਕਤਾ ਵਾਲਾ ਬੱਚਾ ਛੇਵੀਂ ਜਮਾਤ ਵਿੱਚ ਆ ਦਾਖ਼ਲ ਹੋਇਆ। ਗਰਮੀ ਦੀਆਂ ਛੁੱਟੀਆਂ ਕਾਰਨ ਸਕੂਲ ਖੁਲ੍ਹਣ ਦਾ ਪਹਿਲਾ ਦਿਨ ਹੀ ਸੀ, ਹਿੰਦੀ ਦੀ ਅਧਿਆਪਕਾ ਕਮਲੇਸ ਨੇ ਬੱਚਿਆਂ ਦਾ ਹੋਮਵਰਕ ਚੈੱਕ ਕਰਨਾ ਸ਼ੁਰੂ ਕਰ ਦਿੱਤਾ। ਦੋ ਤਿੰਨ ਵਿਦਿਆਰਥੀਆਂ ਨੂੰ ਛੱਡ ਕੇ ਬਾਕੀ ਵਿਦਿਆਰਥੀਆਂ ਦਾ ਕੰਮ ਪੂਰਾ ਸੀ, ਉਨ੍ਹਾਂ ਸਮਿਆਂ ਵਿੱਚ ਵਿਦਿਆਰਥੀਆਂ ਨੂੰ ਕੰਮ ਨਾ ਕਰਨ ਤੇ ਫਿਜੀਕਲ ਪੁਨਿਸਮੈਂਟ ਦੇਣ ਦਾ ਰਿਵਾਜ ਸੀ। ਮੈਡਮ ਕਮਲੇਸ ਨੇ ਬਿੱਲੂ ਦੇ ਹੱਥ ਤੇ ਮਾਰਨ ਲਈ ਡੰਡਾ ਚਲਾਇਆ ਹੀ ਸੀ ਕਿ ਵਿਦਿਆਰਥੀ ਬਿੱਲੂ ਨੇ ਮੈਡਮ ਦੀ ਡੰਡੇ ਵਾਲੀ ਬਾਂਹ ਹੀ ਫੜ ਲਈ। ਮੈਡਮ ਨੇ ਇਸ ਵਿਚ ਆਪਣੀ ਬੇਇੱਜ਼ਤੀ ਸਮਝੀ ਤੇ ਉਹ ਕਲਾਸ ਨੂੰ ਛੱਡ ਕੇ ਸਟਾਫ ਰੂਮ ਵਿੱਚ ਆ ਗਈ ਤੇ ਆਪਣੇ ਨਾਲ ਬੀਤੀ ਸਾਨੂੰ ਦੱਸੀ।
            ਅਸੀਂ ਉਸੇ ਸਮੇਂ ਦੋ ਵਿਦਿਆਰਥੀਆਂ ਨੂੰ ਬਿੱਲੂ ਦੇ ਬਾਪ ਨੂੰ ਸਕੂਲ ਬੁਲਾਉਣ ਲਈ ਭੇਜ ਦਿੱਤਾ। ਰੱਜੇ-ਪੁੱਜੇ ਪ੍ਰੀਵਾਰ ਦਾ ਉਹ ਬਜ਼ੁਰਗ ਸਾਨੂੰ ਕਹਿਣ ਲੱਗਿਆ ਕਿ ‘‘ਮੇਰੇ ਪੁੱਤ ਦਾ ਸੁਭਾਅ ਹਰਖੀ ਹੈ ਉਸ ਨੇ ਤਾਂ ਇੱਕ ਦਿਨ ਆਪਣੀ ਮਾਂ ਦਾ ਸਿਰ ਹੀ ਪਾੜ ਦਿੱਤਾ ਸੀ।’’ ਉਸਦੇ ਐਨਾ ਕਹਿਣ ਦੀ ਦੇਰ ਸੀ ਕਿ ਸਮੂਹ ਸਟਾਫ ਮੈਂਬਰ ਚੁਕੰਨੇ ਹੋ ਗਏ। ਬਿੱਲੂ ਨੂੰ ਸਜਾ ਦੇਣ ਦੀ ਗੱਲ ਤਾਂ ਰਫੂ ਚੱਕਰ ਹੋ ਗਈ ਸਗੋਂ ਸਾਨੂੰ ਉਸ ਤੋਂ ਬਚਣ ਦੇ ਮਨਸੂਬੇ ਬਣਾਉਣੇ ਸ਼ੁਰੂ ਕਰਨੇ ਪਏ।
            ਉਸ ਵੇਲੇ ਸਾਡੇ ਸਕੂਲ ਵਿੱਚ ਇੱਕ ਅਧਿਆਪਕ ਸੁਖਦੇਵ ਸਿੰਘ ਬਹੁਤ ਹੀ ਮੇਹਨਤੀ ਸੀ। ਉਹ ਜਿਸ ਵੀ ਕੰਮ ਨੂੰ ਹੱਥ ਪਾ ਲੈਂਦਾ ਸਫ਼ਲਤਾ ਯਕੀਨੀ ਹੁੰਦੀ। ਸਾਡੀ ਸਮੂਹ ਸਟਾਫ ਦੀ ਬੇਨਤੀ ਤੇ ਸੁਖਦੇਵ ਸਿੰਘ ਜੀ ਨੇ ਬਿੱਲੂ ਨੂੰ ਬਾਸਕਟਬਾਲ ਦਾ ਖਿਡਾਰੀ ਤੇ ਕੈਪਟਨ ਬਣਾਉਣ ਦੀ ਜ਼ਿੰਮੇਵਾਰੀ ਲੈ ਲਈ। ਹਰ ਅਧਿਆਪਕ ਦੀ ਇਹ ਜੁੰਮੇਵਾਰੀ ਸੀ ਉਹ ਜਦੋਂ ਵੀ ਮੌਕਾ ਮਿਲੇ ਬਿੱਲੂ ਨੂੰ ਹੱਲਾਸੇਰੀ ਦਿੰਦਾ ਰਿਹਾ ਕਰੇ। ਇਨ੍ਹਾਂ ਗੱਲਾਂ ਦਾ ਬਿੱਲੂ ਤੇ ਵੀ ਅਸਰ ਹੋਣ ਲੱਗ ਪਿਆ। ਉਸਨੂੰ ਹਰ ਵੇਲੇ ਬਾਸਕਟਬਾਲ ਦਾ ਬੁਖਾਰ ਚੜ੍ਹਿਆ ਰਿਹਾ ਕਰੇ। ਹੱਡਾਂ ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਤੇ ਘਰ ਵਿਚ ਦੁੱਧ ਘਿਉ ਦੀ ਖੁੱਲ੍ਹ ਹੋਣ ਸਦਕਾ ਤੇ ਰੋਜ਼ ਦੀ ਹੌਂਸਲਾ ਅਫ਼ਜਾਈ ਨੇ ਬਿੱਲੂ ਦੀ ਖੇਡ ਵਿੱਚ ਵੀ ਨਿਖਾਰ ਲਿਆਉਣਾ ਸ਼ੁਰੂ ਕਰ ਦਿੱਤਾ।
            ਇਸ ਤਰ੍ਹਾਂ ਕਰਦੇ-ਕਰਦੇ ਅਸੀਂ ਬਿੱਲੂ ਨੂੰ ਦਸਵੀਂ ਸ਼ੇ੍ਰਣੀ ਤੱਕ ਲੈ ਆਏ। ਸਾਲਾਨਾ ਪ੍ਰੀਖਿਆ ਸਿਰ ਤੇ ਸੀ। ਜੇ ਬਿੱਲੂ ਇਮਤਿਹਾਨ ਵਿਚੋਂ ਫੇਲ੍ਹ ਹੋ ਜਾਂਦਾ ਤਾਂ ਉਸ ਨੇ ਇੱਕ ਸਾਲ ਲਈ ਸਾਡੀ ਜਾਨ ਨੂੰ ਬਖ਼ਤ ਪਾਈ ਰੱਖਣਾ ਸੀ। ਨਕਲ ਵਿਰੋਧੀ ਹੋਣ ਦੇ ਬਾਵਜੂਦ ਸਾਨੂੰ ਮਾਸਟਰ ਮੋਹਣ ਲਾਲ ਦੇ ਬਿੱਲੂ ਨੂੰ ਦਸਵੀਂ ਦੀ ਪ੍ਰੀਖਿਆ ਵਿੱਚੋਂ ਪਾਸ ਕਰਵਾਉਣ ਲਈ ਕੀਤੇ ਹੀਲੇ-ਵਸੀਲੇ ਵੀ ਚੰਗੇ ਲੱਗਣ ਲੱਗ ਪਏ।
            ਦਸਵੀਂ ਦਾ ਨਤੀਜਾ ਆਇਆ। ਬਿੱਲੂ ਪਾਸ ਹੋ ਗਿਆ। ਘਰ ਵਾਲਿਆਂ ਨੇ ਸੋਚਿਆ ਕਿ ਜਿਵੇਂ ਬਿੱਲੂ ਦਸਵੀਂ ਕਰ ਗਿਆ ਹੈ ਇਸੇ ਤਰ੍ਹਾਂ ਬੀ. ਏ. ਵੀ ਕਰ ਜਾਏਗਾ। ਉਹਨਾਂ ਨੇ ਉਸ ਨੂੰ ਕਾਲਜ ਦਾਖਲ ਕਰਵਾ ਦਿੱਤਾ। ਕਾਲਜ ਦੀ ਹਵਾ ਨੇ ਬਿੱਲੂ ਦਾ ਦਿਮਾਗ਼ ਹੋਰ ਖ਼ਰਾਬ ਕਰ ਦਿੱਤਾ। ਇੱਕ ਦਿਨ ਉਹ ਬੱਸ ਰਾਹੀਂ ਕਾਲਜ ਜਾ ਰਿਹਾ ਸੀ। ਕਡੰਕਟਰ ਨੇ ਉਸਨੂੰ ਬੱਸ ਪਾਸ ਵਿਖਾਉਣ ਲਈ ਕਿਹਾ। ਇਸ ਵਿਚ ਉਸਨੇ ਆਪਣੀ ਹੇਠੀ ਸਮਝੀ। ਕੁੜੀਆਂ ਦੇ ਸਾਹਮਣੇ ਉਹ ਇਸਨੂੰ ਕਿਵੇਂ ਬਰਦਾਸਤ ਕਰ ਸਕਦਾ ਸੀ? ਉਸਨੇ ਕਡੰਕਟਰ ਦੇ ਚਪੇੜ ਜੜ ਦਿੱਤੀ, ਡਰਾਈਵਰ ਤੇ ਕਡੰਕਟਰ ਨੇ ਉਹਨੂੰ ਬੱਸ ਵਿਚੋਂ ਹੇਠਾਂ ਉਤਾਰ ਲਿਆ ਤੇ ਚਾਰ ਪੰਜ ਚਪੇੜਾਂ ਜੜ੍ਹ ਦਿੱਤੀਆਂ ਅਤੇ ਬੱਸ ਲੈ ਕੇ ਭੱਜ ਗਏ। ਅਗਲੇ ਦਿਨ ਬੱਸ ਨੇ ਆਪਣੇ ਨਿਸਚਿਤ ਸਮੇਂ ਤੇ ਸਥਾਨ ਤੋਂ ਹੀ ਗੁਜਰਨਾ ਸੀ। ਬਿੱਲੂ ਵੀ ਬੱਸ ਅੱਡੇ ਤੇ ਬੰਦੂਕ ਚੁੱਕੀ ਬੱਸ ਦਾ ਇੰਤਜਾਰ ਕਰਨ ਲੱਗ ਪਿਆ। ਡਰਾਈਵਰ ਤੇ ਕਡੰਕਟਰ ਨੇ ਜਦੋਂ ਬਿੱਲੂ ਦੇ ਹੱਥ ਵਿਚ ਬੰਦੂਕ ਵੇਖੀ ਤਾਂ ਉਹ ਸਵਾਰੀਆਂ ਸਮੇਤ ਹੀ ਬੱਸ ਨੂੰ ਉੱਥੇ ਹੀ ਛੱਡ ਕੇ ਰਫੂਚੱਕਰ ਹੋ ਗਏ। ਬਿੱਲੂ ਨੇ ਸਵਾਰੀਆਂ ਨੂੰ ਤਾਂ ਕੁੱਝ ਨਾ ਕਿਹਾ। ਪਰ ਬੱਸ ਦੇ ਸਾਰੇ ਟਾਇਰਾਂ ਵਿਚੋਂ ਗੋਲੀਆਂ  ਲੰਘਾ ਦਿੱਤੀਆਂ।
            ਬੱਸ ਕੰਪਨੀ ਦੇ ਮਾਲਕ ਇਕੱਠੇ ਹੋਕੇ ਥਾਣੇ ਪੁੱਜ ਗਏ ਤੇ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਵਾਲਿਆਂ ਨੇ ਬਿੱਲੂ ਦੀ ਗ੍ਰਿਫ਼ਤਾਰੀ ਲਈ ਥਾਂ-ਥਾਂ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ। ਬਾਪ ਨੇ ਪੁਲਿਸ ਦੀਆਂ ਬਥੇਰੀਆਂ ਮਿੰਨਤਾਂ ਕੀਤੀਆਂ ਤੇ ਚਾਂਦੀ ਦੀਆਂ ਜੁੱਤੀਆਂ ਮਾਰਨ ਵਿਚ ਵੀ ਕੋਈ ਕਸਰ ਨਾ ਛੱਡੀ। ਪਰ ਕੰਪਨੀ ਵਾਲਿਆਂ ਦੇ ਦਬਾਉੁ ਸਦਕਾ ਪੁਲਿਸ ਨੇ ਬਿੱਲੂ ਦੇ ਬਾਪ ਤੇ ਬਿੱਲੂ ਨੂੰ ਪੇਸ਼ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਘਰ ਵਾਲਿਆਂ ਨੇ ਆਖ਼ਰਕਾਰ ਬਿੱਲੂ ਨੂੰ ਪੇਸ਼ ਕਰਨ ਦਾ ਵਾਅਦਾ ਪੁਲਿਸ ਨਾਲ ਕਰ ਲਿਆ। ਪਰ ਬਿੱਲੂ ਇਸ ਗੱਲ ਤੇ ਅੜਿਆ ਰਿਹਾ ਕਿ ਮੈਂ ਪੇਸ਼ ਹੋਣ ਨਾਲੋਂ ਤਾਂ ਮਰਨ ਨੂੰ ਤਰਜੀਹ ਦੇਵਾਂਗਾ। ਇਸ ਤਰ੍ਹਾਂ ਪੁਲਿਸ, ਬਿੱਲੂ ਅਤੇ ਉਸ ਦੇ ਘਰ ਵਾਲਿਆਂ ਵਿਚਕਾਰ ਲੁਕਣ ਮੀਚੀ ਚਲਦੀ ਰਹੀ। ਜਦੋਂ ਬਿੱਲੂ ਨੇ ਵੇਖਿਆ ਕਿ ਹੁਣ ਪੇਸ਼ ਹੋਣ ਤੋਂ ਬਗ਼ੈਰ ਹੋਰ ਕੋਈ ਚਾਰਾ ਨਹੀਂ ਤਾਂ ਉਸ ਨੇ ਬੰਦੂਕ ਚੁੱਕੀ ਤੇ ਉਸਦੀ ਨਾਲੀ ਨੂੰ ਆਪਣੀ ਗਰਦਨ ਤੇ ਲਾ ਕੇ ਹੱਥ ਨਾਲ ਘੋੜਾ ਦੱਬ ਦਿੱਤਾ। ਇਸ ਤਰ੍ਹਾਂ ਪੁਲਿਸ ਮੂਹਰੇ ਪੇਸ਼ ਹੋਣ ਤੋਂ ਸਦਾ ਲਈ ਖਹਿੜਾ ਛੁਡਾ ਗਿਆ।
 
- ਮੇਘ ਰਾਜ ਮਿੱਤਰ
98887-87440

 

 
Home  l  

Tarksheel Society (Regd.)
Head Office : Tarksheel Niwas, St.8, K. C. Road, Barnala-148101 (Punjab) India
Phone : + 91 - 1679 - 241744, 233244 Fax : 91 - 1679 - 241744. E-mail : tarksheel@yahoo.com. 2009 © - Copyrights Reserved