Home    l     Download    l     Challenge    l     About Tarksheel Society    l     Contact Us    l    Feedback    
 
Photo gallery
Leave a message
How To Become A Member
Buy Books

ਗਾਥਾ ਇਕ ਪੁਸਤਕ ਦੀ

Email Article  Print Article 

Published on 2011-08-06 02:35:52

 

1967 ਵਿਚ ਪੱਛਮੀ ਬੰਗਾਲ ਦੇ ਇੱਕ ਪਿੰਡ ਵਿਚੋਂ ਇੱਕ ਚੰਗਿਆੜੀ ਭਾਂਬੜ ਬਣ ਗਈ, ਤਾਂ ਭਾਰਤ ਦੇ ਲੱਖਾਂ ਨੌਜਵਾਨਾਂ ਨੂੰ ਤਰੰਗਾ ਲਾਲ ਹੁੰਦਾ ਨਜ਼ਰ ਆਉਣ ਲੱਗ ਪਿਆ। ਹਰ ਕੋਈ ਸੋਚਦਾ ਸੀ ਕਿ ‘ਰਾਜਸੀ ਤਾਕਤ ਤਾਂ ਬੰਦੂਕ ਦੀ ਨਾਲੀ ਵਿੱਚੋਂ ਪੈਦਾ ਹੁੰਦੀ ਹੈ।’ ਮੈਨੂੰ ਵੀ ਅਜਿਹੇ ਹੀ ਸੁਪਨੇ ਆਉਣ ਲੱਗ ਪਏ। ਆਪਣੇ ਖਿਆਲਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਹੜਤਾਲਾਂ, ਰੈਲੀਆਂ, ਮੁਜਾਹਰਿਆਂ ਅਤੇ ਜੇਲ੍ਹਾਂ ਦਾ ਸਿਲਸਿਲਾ ਨਿਰਵਿਘਨ ਸ਼ੁਰੂ ਹੋ ਗਿਆ। ਐਮਰਜੰਸੀ ਸਮੇਂ ਰਾਤਾਂ ਨੂੰ ਇਸ਼ਤਿਹਾਰ ਲਾਉਂਦੇ ਤਾਂ ਆਲੇ-ਦੁਆਲੇ ਦੇ ਪਿੰਡਾਂ ਦੇ ਕੁੱਤੇ ਵੀ ਭੋਂਕ ਭੋਂਕ ਕੇ ਥੱਕ ਜਾਂਦੇ ਸੋਚਦੇ ਸਨ ਕਿ ਇਨ੍ਹਾਂ ਨੇ ਨਾ ਆਪ ਸੌਣਾ ਹੈ ਨਾ ਸੌਣ ਦੇਣਾ ਹੈ। ਇੰਝ ਧਰਤੀ ਦੀ ਗਤੀ ਜਾਰੀ ਰਹੀ। ਦਿਨ ਰਾਤਾਂ ਦੀ ਤਰ੍ਹਾਂ ਧਰਤੀ ਤੇ ਚੰਗੇ ਮਾੜੇ ਸਮੇਂ ਵੀ ਆਉਂਦੇ ਜਾਂਦੇ ਰਹਿੰਦੇ ਹਨ। ਇਹ ਗਾਥਾ ਵੀ ਕਾਲੇ ਦਿਨਾਂ ਦੀ ਹੈ। ਜਾਪਾਨ ਵਿਚ ਸੁਨਾਮੀ ਤਾਂ ਹੁਣੇ ਆਈ ਹੈ ਪਰ ਉਨ੍ਹਾਂ ਸਮਿਆਂ ਵਿਚ ਪੰਜਾਬ ਦੇ ਕਿਸੇ ਨਾ ਕਿਸੇ ਘਰ ਵਿਚ ਇਹ ਰੋਜ਼ ਆਉਂਦੀ ਹੀ ਰਹਿੰਦੀ। ਅਸੀਂ ਸੋਚਦੇ ਸਾਂ ਕਿ ਕਿਵੇਂ ਧਰਤੀ ਦੀ ਇਸ ਗਤੀ ਨੂੰ ਕਾਬੂ ਕਰਨ ਲਈ ਅਸੀਂ ਵੀ ਕੋਈ ਛੋਟਾ ਜਿਹਾ ਪੁਰਜਾ ਬਣੀਏ।
            ਇਕ ਅਧਿਆਪਕਾ ਦੀ ਬਦਲੀ ਦੇ ਸਿਲਸਿਲੇ ਵਿਚ ਧੂਰੀ ਜਾਣਾ ਪਿਆ ਤਾਂ ਇਕ ਪੁਰਾਣਾ ਜਾਣੂ ਮਿਲ ਗਿਆ ਉਸਦੇ ਹੱਥ ਵਿਚ ਸ੍ਰੀਲੰਕਾ ਦੇ ਡਾਕਟਰ ਅਬਰਾਹਮ ਟੀ. ਕੋਵੂਰ ਦੀ ਇਕ ਅੰਗਰੇਜ਼ੀ ਦੀ ਕਿਤਾਬ ਸੀ। ਵੇਖ ਕੇ ਉਸ ਕਿਤਾਬ ਨੂੰ ਪੜ੍ਹਨ ਦੀ ਇੱਛਾ ਜਾਗ ਪਈ। ਵਧੀਆ ਲੱਗੀ। ਵਧੀਆ ਕਿਤਾਬਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਪੜ੍ਹਾਉਣ ਦਾ ਸੌਂਕ ਹੁੰਦਾ ਹੈ। ਮੈਂ ਵੀ ਉਹ ਕਿਤਾਬ ਆਪਣੇ ਇਕ ਅਜਿਹੇ ਦੋਸਤ ਨੂੰ ਪੜ੍ਹਨ ਲਈ ਦੇ ਦਿੱਤੀ ਜਿਸ ਵਾਰੇ ਲੋਕ ਅਜੀਬ ਜਿਹੀਆਂ ਗੱਲਾਂ ਕਰਿਆ ਕਰਦੇ ਸਨ। ਕੋਈ ਕਿਹਾ ਕਰੇ ਕਿ ਇਹ ਬੰਦਾ ਤਾਂ ‘ਵਾਲ ਦੀ ਖੱਲ’ ਲਾਹੁਣ ਦਾ ਆਦੀ ਹੈ। ਦੂਜੇ ਦਾ ਕਥਨ ਸੀ ਇਹ ਤਾਂ ਲੀਰਾਂ ਦੀ ਖੁਦੋ ਵਿਚੋਂ ਲੀਰਾਂ ਹੀ ਕੱਢਦਾ ਰਹਿੰਦਾ ਹੈ। ਤੀਜਾ ਕਹੇ ਇਹ ਤਾਂ ‘ਮੂਤ ਵਿਚੋਂ ਮੱਛੀਆਂ ਭਾਲਦਾ’ ਜਿੰਨੇ ਮੂੰਹ ਉਨੀਆਂ ਹੀ ਗੱਲਾਂ।
            ਮੈਂ ਉਸਨੂੰ ਨੇੜਿਓਂ ਹੋ ਕੇ ਪੜ੍ਹਿਆ ਤਾਂ ਪਾਇਆ ਕਿ ਉਸ ਬਾਰੇ ਗੱਲਾਂ ਬਣਾਉਣ ਵਾਲੇ ਉਸਦੇ ਪਾਸ਼ਕ ਵੀ ਨਹੀਂ ਸਨ। ਉਹ ਸੁੱਧ ਸੋਨਾ, ਤਾਂਬੇ ਨਾਲ ਕੀ ਮੁਕਾਬਲਾ। ਸਾਡੀ ਦੋਸਤੀ ਪ੍ਰਵਾਨ ਚੜ੍ਹਨ ਲੱਗੀ। ਉਨ੍ਹੀਂ ਦਿਨੀਂ ਮੇਰੇ ਕੋਲ ਸਾਈਕਲ ਹੀ ਹੁੰਦਾ ਉਸ ਕੋਲ ਚੇਤਕ ਸਕੂਟਰ ਸੀ। ਇੱਕ ਦਿਨ ਮੈਨੂੰ ਇੱਕ ਘੰਟੇ ਲਈ ਕਿਸੇ ਭੋਗ `ਤੇ ਜਾਣ ਵਾਸਤੇ ਸਕੂਟਰ ਦੀ ਲੋੜ ਪੈ ਗਈ ਮੈਂ ਮੰਗ ਬੈਠਾ। ਜਿਸ ਸਮੇਂ ਮੈਨੂੰ ਸਕੂਟਰ ਦੀ ਲੋੜ ਸੀ ਉਸੇ ਸਮੇਂ ਉਸਨੇ ਕਿੱਕ ਤੇ ਪੈਰ ਰੱਖਿਆ ਹੋਇਆ ਸੀ। ਕਹਿਣ ਲੱਗਿਆ, ‘‘ਬੈਠ ਮੈਨੂੰ ਦੱਸੀ ਚੱਲ ਕਿੱਧਰ ਨੂੰ ਜਾਣਾ ਹੈ?’’ ਭੋਗ ਤੋਂ ਵਾਪਸੀ `ਤੇ ਉਹ ਕਹਿਣ ਲੱਗਿਆ, ‘‘ਜਦੋਂ ਤੂੰ ਸਕੂਟਰ ਖਰੀਦ ਲਵੇਗਾ ਮੈਂ ਤੈਥੋਂ ਮੰਗਾਗਾ ਨਹੀਂ’’ ਮੈਂ ਵੀ ਸਮਝ ਗਿਆ ਕਿ ਉਹ ਕਹਿਣਾ ਚਾਹੰੁਦਾ ਸੀ, ‘‘ਆਪਣੀ ਬਣਾ ਲੈ ਮਿੱਤਰਾਂ ਰੋਜ਼ ਮੰਗਿਆ ਨਹੀਂ ਮਿਲਣੀ।’’
            ਉਸਦੀਆਂ ਗੱਲਾਂ ਹੀ ਐਨੀਆਂ ਗਿਣੀਆਂ ਮਿਣੀਆਂ ਹੁੰਦੀਆਂ ਸਨ ਕਿ ਸਾਨੂੰ ਉਹ ਵਧੀਆ ਵਿਅਕਤੀ ਨਜ਼ਰ ਆਉਣ ਲੱਗ ਪਿਆ। ਉਸਨੇ ਬਰਸਾਤ ਦੇ ਦਿਨਾਂ ਵਿਚ ਛੱਤਰੀ ਖਰੀਦ ਕੇ ਲਿਆਉਣੀ ਤਾਂ ਅਸੀਂ ਪੁੱਛਣਾ ‘‘ਕਿੰਨੇ ਦੀ ਤੇ ਕਿਸ ਦੁਕਾਨ ਤੋਂ ਲਿਆਏ ਹੋ?’’ ਸਾਨੂੰ ਪਤਾ ਹੁੰਦਾ ਸੀ ਕਿ ਉਸਨੇ ਛੱਤਰੀ ਖਰੀਦਣ ਲਈ ਪੂਰਾ ਦਿਮਾਗ ਤੇ ਸਮਾਂ ਲਾਇਆ ਹੋਵੇਗਾ ਅਤੇ ਸਾਨੂੰ ਮਗਜ਼ ਖਪਾਈ ਕਰਨ ਦੀ ਕੀ ਲੋੜ ਹੈ।
            ਦਿਨ ਬੀਤਦੇ ਗਏ। ਇੱਕ ਦਿਨ ਤਾਂ ਉਹ ਬਰਨਾਲੇ ਦੇ ਆਲੇ ਦੁਆਲੇ ਦੇ ਅਠਾਰਾਂ ਭੱਠਿਆਂ ਦੀ ਇੱਕ ਇੱਕ ਇੱਟ ਬੋਰੀ ਵਿਚ ਪਾ ਕੇ ਲੈ ਆਇਆ ਤੇ ਕਹਿਣ ਲੱਗਿਆ ਕਿ ‘‘ਮੇਘ ਰਾਜ ਇਨ੍ਹਾਂ ਇੱਟਾਂ ਦਾ ਭਾਰ ਤੋਲ ਤੇ ਆਕਾਰ ਮਾਪ ਤੇ ਮੈਨੂੰ ਦੱਸ ਕਿਹੜੇ ਭੱਠੇ ਦੀ ਇੱਟ ਸਭ ਤੋਂ ਵਧੀਆ ਹੈ?’’ ਮੈਂ ਉਸਨੂੰ ਪੁੱਛ ਲਿਆ ‘‘ਤੁਸੀਂ ਕੀ ਕਰਨੀ ਹੈ?’’ ਉਹ ਕਹਿਣ ਲੱਗਿਆ ‘‘ਮੈਂ ਮਕਾਨ ਬਣਾਉਣਾ ਹੈ ਅਤੇ ਸੱਠ ਸਾਲ ਉਸ ਵਿਚ ਰਹਿਣਾ ਹੈ ਜੇ ਮੈਂ ਹੀ ਆਪਣੇ ਘਰ ਨੂੰ ਵਧੀਆ ਇੱਟ ਨਹੀਂ ਲਾਊ ਤਾਂ ਹੋਰ ਕੌਣ ਲਾਵੇਗਾ? ਪਹਿਲਾ ਮੈਂ ਪਲਾਟ ਲਈ ਥਾਂ ਵੀ ਇਸ ਢੰਗ ਨਾਲ ਚੁਣਿਆ ਹੈ ਕਿ ਮੇਰੀ ਬੇਟੀ ਨੇ ਕਾਲੇਜ ਜਾਣਾ ਹੋਊ। ਮੇਰੀ ਪਤਨੀ ਨੇ ਸਕੂਲ ਪਹੁੰਚਣਾ ਹੋਊ। ਰਿਕਸ਼ੇ ਦਾ ਕਰਾਇਆ ਕਿੰਨਾ ਪਵੇਗਾ?
            ਉਸਦੀਆਂ ਦੱਸੀਆਂ ਜਾਂ ਕਹੀਆਂ ਸਾਰੀਆਂ ਗੱਲਾਂ ਮੇਰੀ ਉਸ ਵਿਚ ਸ਼ਰਧਾ ਨੂੰ ਮਜ਼ਬੂਤ ਕਰਦੀਆਂ ਗਈਆਂ। ਮੈਂ ਆਪਣੇ ਬਹੁਤ ਸਾਰੇ ਨਿੱਜੀ ਕੰਮਾਂ ਵਿਚ ਵੀ ਉਸਦੀ ਸਲਾਹ ਲੈਣ ਲੱਗ ਪਿਆ। ਜਦੋਂ ਮੇਰੇ ਇਸ ਅਧਿਆਪਕ ਸਾਥੀ ਨੇ ‘‘ਬੀਗੋਨ ਗਾਡਮੈਨ’’ ਪੜ੍ਹੀ ਤਾਂ ਉਹ ਕਹਿਣ ਲੱਗਿਆ ਕਿ ‘‘ਮੈਨੂੰ ਇਹ ਕਿਤਾਬ ਪੰਜਾਬੀ ਵਿਚ ਚਾਹੀਦੀ ਹੈ। ਮੈਂ ਇਸ ਤੇ ਪੰਜ ਸੌ ਰੁਪਏ ਖਰਚ ਕਰਨ ਲਈ ਤਿਆਰ ਹਾਂ।’’ ਮੈਂ ਇਸ ਅਧਿਆਪਕ ਨੂੰ ਪੁੱਛਿਆ ਕਿ ਤੁਸੀਂ ਇਹ ਕਿਤਾਬ ਅੰਗਰੇਜ਼ੀ ਵਿਚ ਪੜ੍ਹ ਲਈ ਹੈ ਤੁਸੀਂ ਤਾਂ ਚੁਆਨੀ ਕਿਸੇ ਚੀਜ਼ `ਤੇ ਫਜੂਲ ਖਰਚ ਨਹੀਂ ਕਰਦੇ ਤੁਸੀਂ ਇਸ ਤੇ ਪੰਜ ਸੌ ਰੁਪਏ ਖਰਚਣ ਨੂੰ ਕਿਉਂ ਤਿਆਰ ਹੋ?’’ ਉਹ ਕਹਿਣ ਲੱਗਿਆ ਮੈਂ ਇਸ ਕਿਤਾਬ ਤੋਂ ਪੰਦਰਾਂ ਸੌ ਰੁਪਏ ਦੀ ਕਮਾਈ ਕਰਨੀ ਹੈ।’’ ‘‘ਤੁਸੀਂ ਪੰਦਰਾਂ ਸੌ ਰੁਪਏ ਕਿਵੇਂ ਕਮਾਉਂਗੇ?’’ ਮੈਂ ਫਿਰ ਪੁੱਛਿਆ, ਉਸਦਾ ਜੁਆਬ ਸੀ ‘‘ਮੇਰੀ ਪ੍ਰਾਇਮਰੀ ਅਧਿਆਪਕ ਪਤਨੀ ਇਕ ਜੋਤਸ਼ੀ ਦੇ ਚੱਕਰ ਵਿਚ ਫਸੀ ਹੋਈ ਹੈ। ਪਿਛਲੇ ਤਿੰਨ ਸਾਲ ਵਿਚ ਉਹ ਤਿੰਨ ਹਜ਼ਾਰ ਰੁਪਏ ਮੇਰੇ ਘਰੋਂ ਲਿਜਾ ਚੁੱਕਿਆ ਹੈ। ਆਉਣ ਵਾਲੇ ਦੋ ਸਾਲ ਦੇ ਉਸਨੇ ਉਪਾਅ ਦੱਸੇ ਹਨ ਜਿਸਦਾ ਸਿੱਧਾ ਜਿਹਾ ਮਤਲਬ ਹੈ ਉਹ ਦੋ ਹਜ਼ਾਰ ਰੁਪਏ ਹੋਰ ਮੇਰੇ ਘਰੋਂ ਲੈ ਕੇ ਜਾਵੇਗਾ। ਹੁਣ ਤੂੰ ਹੀ ਦੱਸ ਕੀ ਮੈਂ ਪੰਜ ਸੌ ਰੁਪਏ ਖਰਚ ਕੇ ਪੰਦਰਾ ਸੌ ਰੁਪਏ ਨਹੀਂ ਬਚਾ ਸਕਾਂਗਾ? ਕੀ ਇਹ ਮੇਰੀ ਕਮਾਈ ਨਹੀਂ ਹੋਵੇਗੀ?’’
            ਇਸ ਤਰ੍ਹਾਂ ਕਿਤਾਬ ਦੇ ਅਨੁਵਾਦ ਦਾ ਕੰਮ ਸ਼ੁਰੂ ਹੋ ਗਿਆ। ਮੈਂ ਇਸ ਖੇਤਰ ਵਿਚ ਨਵਾਂ ਸਾਂ। ਕਦੇ ਵੀ ਪਹਿਲਾ ਕਿਸੇ ਕਿਤਾਬ ਨੂੰ ਅਨੁਵਾਦ ਕਰਨ ਦਾ ਕੰਮ ਨਹੀਂ ਸੀ ਕੀਤਾ। ਮੈਨੂੰ ਤਾਂ ਕਾਪੀਰਾਈਟ ਐਕਟ ਬਾਰੇ ਵੀ ਭੌਰਾ ਜਾਣਕਾਰੀ ਨਹੀਂ ਸੀ ਤੇ ਨਾ ਹੀ ਮੈਂ ਇਹ ਜਾਣਦਾ ਸਾਂ ਕਿ ਕਿਤਾਬਾਂ ਨਾਲ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ? ਆਪਣੇ ਜਮਾਤੀ ਅਤੇ ਬਚਪਨ ਦੇ ਮਿੱਤਰ ਸਰਜੀਤ ਤਲਵਾਰ ਦੀ ਸਹਾਇਤਾ ਨਾਲ ਕਿਤਾਬ ਦੇ ਅਨੁਵਾਦ ਦਾ ਕੰਮ ਤਿੰਨ ਕੁ ਮਹੀਨੇ ਵਿਚ ਪੂਰਾ ਕਰ ਲਿਆ। ਭੱਜ ਨੱਠ ਕਰਕੇ ਕੁਝ ਦੋਸਤਾਂ ਤੋਂ ਅਨੁਵਾਦ ਨੂੰ ਦਰੁੱਸਤ ਵੀ ਕਰਵਾ ਲਿਆ ਅਤੇ ਹੁਣ ਸੁਆਲ ਉੱਠ ਖੜ੍ਹਿਆ ਕਿ ਕਿਤਾਬ ਦਾ ਨਾਂ ਕੀ ਰੱਖਿਆ ਜਾਵੇ। ਕੋਈ ਕਹੇ ਇਸ ਦਾ ਨਾਂ ‘‘ਰੱਬ ਦੇ ਬੰਦਿਓਂ ਭੱਜ ਜਾਓ’’ ਕੋਈ ਕਹੇ ‘‘ਸਾਧ ਸੰਤੋਂ ਦੌੜ ਜਾਓ’’ ਪਰ ਇਹ ਨਾਂ ਸਾਹਿਤਕ ਨਹੀਂ ਬਣਦੇ ਸਨ। ਕਾਫੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਸਦਾ ਨਾਂ ‘‘…ਤੇ ਦੇਵ ਪੁਰਸ਼ ਹਾਰ ਗਏ’’ ਰੱਖ ਲਿਆ। ਇਸੇ ਤਰ੍ਹਾਂ ਟਾਈਟਲ ਦੀ ਚੋਣ ਕਰਨ ਵਿਚ ਕਈ ਦੋਸਤ ਸਲਾਹ ਦੇਣ ਲੱਗੇ ਕਿ ਇਸ ਉਤੇ ਭੱਜੇ ਜਾਂਦੇ ਸਾਧ ਸੰਤ ਹੀ ਵਿਖਾਏ ਜਾਣੇ ਚਾਹੀਦੇ ਹਨ। ਪਰ ਮੇਰੀ ਨਿੱਜੀ ਲਾਇਬ੍ਰੇਰੀ ਵਿਚ ਇਕ ਚੀਨੀ ਕਿਤਾਬ ਸੀ ਜਿਸ ਵਿਚ ਜਾਗੀਰਦਾਰਾਂ ਵਲੋਂ ਉਸ ਸਮੇਂ ਦੇ ਕਿਸਾਨਾਂ ਉਤੇ ਹੋ ਰਹੇ ਜਬਰ ਨੂੰ ਮਿੱਟੀ ਦੇ ਬੁੱਤਾਂ ਰਾਹੀਂ ਰੂਪਮਾਨ ਕੀਤਾ ਗਿਆ ਸੀ। ਇਨ੍ਹਾਂ ਜਾਬਰਾਂ ਹੱਥੋਂ ਦੁੱਖੀ ਇਕ ਕਿਸਾਨ ਕੁਹਾੜੀ ਚੁੱਕ ਕੇ ਖੜ੍ਹਾ ਸੀ। ਮੈਂ ਉਸ ਕਾਲੇ ਰੰਗ ਦੀ ਤਸਵੀਰ ਨੂੰ ਟਾਈਟਲ ਤੇ ਲਾਉਣ ਦਾ ਫੈਸਲਾ ਕਰ ਲਿਆ।
            ਛਪਾਈ ਲਈ ਲਗਭੱਗ ਦਸ ਹਜ਼ਾਰ ਰੁਪਏ ਦੀ ਜ਼ਰੂਰਤ ਸੀ। ਉਨ੍ਹੀਂ ਦਿਨੀ ਇਹ ਵੱਡੀ ਰਕਮ ਸੀ ਕੁਝ ਸਾਥੀਆਂ ਤੋਂ ਇਕ ਇੱਕ ਹਜ਼ਾਰ ਰੁਪਏ ਉਧਾਰ ਫੜ੍ਹੇ ਗਏ। ਛਪਾਈ ਦਾ ਕੰਮ ਸ਼ੁਰੂ ਹੋ ਗਿਆ। ਉਨ੍ਹਾਂ ਦਿਨਾਂ ਵਿਚ ਭਾਰਤੀਆਂ ਕੋਲ ਕੰਪਿਊਟਰ ਤਾਂ ਉਪਲੱਬਧ ਨਹੀਂ ਸਨ ਸੋ ਹੱਥੀਂ ਹੀ ਅੱਖਰ ਕੰਪੋਜ ਕਰਨੇ ਪੈਂਦੇ। ਜਦੋਂ ਅਸੀਂ ਪਰੂਫ਼ ਪੜ੍ਹਨ ਲਈ ਲੁਧਿਆਣੇ ਛਾਪੇਖਾਨੇ ਤੇ ਪੁੱਜਦੇ ਤਾਂ ਕੰਪੋਜੀਟਰ ਹੀ ਡਰਾਉਣੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ। ਕੋਈ ਕਹਿੰਦਾ ਰਾਤ ਤਾਂ ਮੈਨੂੰ ਭੂਤਾਂ ਹੀ ਵਿਖਾਈ ਦਿੰਦੀਆਂ ਰਹੀਆਂ। ਉਨ੍ਹੀਂ ਦਿਨੀਂ ਅਵਤਾਰ ਪਾਸ਼ ਤੇ ਹੰਸ ਰਾਜ ਵੀ ਪ੍ਰੈਸ ਤੇ ਛਪ ਰਹੀ ਕਿਤਾਬ ਬਾਰੇ ਸੁਣ ਕੇ ਆਏ ਕਹਿਣ ਲੱਗੇ ‘‘ਤੁਹਾਡੇ ਉਪਰਾਲੇ ਬਾਰੇ ਸੁਣਿਆ ਹੈ। ਚੰਗਾ ਲੱਗਿਆ।’’ ਕਮਿਉਨਿਸਟ ਵਰਕਰ ਵਾਲੇ ਸਾਥੀ ਵੀ ਉਨ੍ਹੀਂ ਦਿਨੀਂ ਪ੍ਰੈਸ ਦੇ ਉਪਰ ਰਹਿੰਦੇ ਸਨ ਉਹ ਵੀ ਸਾਡੀ ਇਸ ਕਿਤਾਬ ਬਾਰੇ ਚਰਚਾ ਕਰਦੇ ਰਹਿੰਦੇ।
            ਕਾਫੀ ਸਾਥੀਆਂ ਦੇ ਸਹਿਯੋਗ ਨਾਲ ਅਸੀਂ ਇਸ ਕਿਤਾਬ ਦੀ ਦੋ ਹਜ਼ਾਰ ਕਾਪੀ ਛਪਵਾ ਲਈ। ਪਹਿਲੀ ਮਈ 1984 ਨੂੰ ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਲੁਧਿਆਣਾ ਵਲੋਂ ਮਈ ਦਿਵਸ ਮਨਾਇਆ ਗਿਆ ਮੈਂ ਇਸ ਫੰਕਸ਼ਨ ਤੇ ਸੌ ਕਾਪੀਆਂ ਲੈ ਕੇ ਪੁੱਜ ਗਿਆ। ਕਿਤਾਬ ਰਿਲੀਜ ਕੀਤੀ ਗਈ ਪਰ ਫੰਕਸ਼ਨ ਤੇ ਸਿਰਫ਼ ਇਕ ਕਿਤਾਬ ਹੀ ਵਿੱਕ ਸਕੀ। ਇਸੇ ਤਰ੍ਹਾਂ ਹੀ ਵਰਕਰ ਵਾਲੇ ਸਾਥੀਆਂ ਨੂੰ ਸੌ ਕਾਪੀਆਂ ਦਿੱਲੀ ਲਿਜਾਣ ਲਈ ਦਿੱਤੀਆਂ ਗਈਆਂ ਪਰ ਦੋ ਤੋਂ ਵੱਧ ਨਾ ਵੇਚ ਸਕੇ ਭਾਵੇਂ ਕਿ ਉਨ੍ਹੀਂ ਦਿਨੀਂ ਅਸੀਂ ਇਸਦੀ ਕੀਮਤ ਸਿਰਫ਼ ਸੱਤ ਰੁਪਏ ਹੀ ਰੱਖੀ ਸੀ। ਅਧਿਆਪਕ ਆਗੂ ਯਸਪਾਲ ਅਤੇ ਪ੍ਰੋ. ਮੇਘ ਰਾਜ ਰਾਮਪੁਰਾ ਵਰਗੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਅਸੀਂ ਮਈ 84 ਵਿਚ ਹੀ ਇਸਦੀਆਂ ਲਗਭੱਗ ਦੋ ਕੁ ਸੌ ਕਾਪੀਆਂ ਵੇਚਣ ਵਿਚ ਸਫਲਤਾ ਹਾਸਲ ਕਰ ਲਈ।
            ਤਿੰਨ ਜੂਨ ਉਨੀਂ ਸੌ ਚੁਰਾਸੀ ਨੂੰ ਸਾਡੀ ਸੁਸਾਇਟੀ ਦੀ ਪਹਿਲੀ ਮੀਟਿੰਗ ਮੇਰੇ ਘਰ ਹੀ ਹੋ ਰਹੀ ਸੀ ਕਿ ਭਾਰਤ ਸਰਕਾਰ ਵਲੋਂ ਪੰਜਾਬ ਵਿਚ ਕਰਫਿਊ ਲਾ ਦਿੱਤਾ ਗਿਆ ਸਿੱਟੇ ਵਜੋਂ ਸਾਨੂੰ ਉਹ ਮੀਟਿੰਗ ਵਿਚਾਲੇ ਹੀ ਛੱਡਣੀ ਪਈ। ਪਰ ਫਿਰ ਪਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ ਕਿ ਜੂਨ ਜੁਲਾਈ ਵਿਚ ਹੀ ਕਿਤਾਬ ਦੀਆਂ ਸਾਰੀਆਂ ਕਾਪੀਆਂ ਹੀ ਵਿੱਕ ਗਈਆਂ। ਉਹਨੀ ਦਿਨੀਂ ‘ਸੁਰਖ ਰੇਖਾ’ ਅਤੇ ‘ਪ੍ਰੀਤ ਲੜੀ’ ਦੇ ਆਪਣੇ-ਆਪਣੇ ਖਿੱਤਿਆਂ ਵਿਚ ਬਹੁਤ ਸਾਰੇ ਪਾਠਕ ਸਨ ਇਨ੍ਹਾਂ ਵਿਚ ਇਸ ਕਿਤਾਬ ਬਾਰੇ ਜਾਣਕਾਰੀ ਛਪ ਗਈ ਇਸ ਲਈ ਪੜ੍ਹਨ ਦੇ ਇਛੁੱਕ ਹੱਥੋਂ ਹੱਥੀ ਇਸ ਕਿਤਾਬ ਨੂੰ ਮੰਗਵਾਉਣ ਲੱਗ ਪਏ।
            ਜਿਉਂ ਜਿਉਂ ਕਿਤਾਬ ਜਨਤਾ ਵਿਚ ਪੜ੍ਹੀ ਜਾਣ ਲੱਗ ਪਈ ਤਾਂ ਬਹੁਤ ਸਾਰੇ ਲੋਕ ਸਾਡੇ ਨਾਲ ਸੰਪਰਕ ਕਰਨ ਲੱਗ ਪਏ। ਇਸ ਤਰ੍ਹਾਂ ਸੁਸਾਇਟੀ ਕੋਲ ਲੋਕ ਤਜ਼ਰਬੇ ਇਕੱਠੇ ਹੋਣੇ ਸ਼ੁਰੂ ਹੋ ਗਏ। ਕੋਈ ਸਾਧਾਂ ਸੰਤਾਂ ਨਾਲ ਬਤੀਤ ਕੀਤੀਆਂ ਆਪਣੀਆਂ ਹੱਡ ਬੀਤੀਆਂ ਹੀ ਸਾਨੂੰ ਦੱਸਦਾ ਜਾਂ ਲਿਖਕੇ ਭੇਜ ਦਿੰਦਾ। ਕੁਝ ਉਨ੍ਹਾਂ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੀਆਂ ਠੱਗੀ ਚਾਲਾਂ ਬਾਰੇ ਦੱਸਣ ਲੱਗਦੇ ਇਸ ਤਰ੍ਹਾਂ ਸੁਸਾਇਟੀ ਦਾ ਇਨ੍ਹਾਂ ਬਾਰੇ ਤਜ਼ਰਬਾ ਅਮੀਰ ਹੁੰਦਾ ਗਿਆ। ਕਦੇ-ਕਦੇ ਸਾਡੇ ਕੋਲ ਲੋਕ ਆਪਣੀਆਂ ਸਮੱਸਿਆਵਾਂ ਵੀ ਲੈ ਕੇ ਆ ਜਾਂਦੇ। ਅਸੀਂ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਵੱਲ ਕੂਚ ਕਰ ਦਿੰਦੇ। ਪਰ ਆਉਂਦਾ ਜਾਂਦਾ ਤਾਂ ਸਾਨੂੰ ਵੀ ਕੁਝ ਨਹੀਂ ਸੀ। ਇਸ ਲਈ ਅਸੀਂ ਅਸਫਲ ਹੋ ਜਾਂਦੇ ਕਈ ਵਾਰੀ ਤਾਂ ਇਨ੍ਹਾਂ ਅਸਫਲਤਾਵਾਂ ਦਾ ਕਾਰਨ ਕੇਸ ਨੂੰ ਹੱਲ ਕਰਨ ਨੂੰ ਜਾਣ ਵਾਲੀ ਟੀਮ ਦੇ ਆਪਸੀ ਮੱਤਭੇਦਾਂ ਕਾਰਨ ਵੀ ਹੁੰਦਾ ਸੀ। ਪਰ ਇਕ ਗੱਲ ਜ਼ਰੂਰ ਸੀ ਕਿ ਅਸੀਂ ਹਰ ਸਫਲਤਾ ਅਤੇ ਅਸਫਲਤਾ ਦੀ ਪੜਚੋਲ ਜ਼ਰੂਰ ਕਰਦੇ ਅਤੇ ਸਿੱਟੇ ਕੱਢਦੇ। ਇਸ ਤਰ੍ਹਾਂ ਹੌਲੀ-ਹੌਲੀ ਅਜਿਹੇ ਕੇਸਾਂ ਨੂੰ ਹੱਲ ਕਰਨ ਦੀਆਂ ਵਿਗਿਆਨਕ ਵਿਧੀਆਂ ਅਸੀਂ ਅਪਣਾ ਲਈਆਂ। ਇਸ ਤਰ੍ਹਾਂ ਸਾਡੀਆਂ ਸਫਲਤਾਵਾਂ ਦੀ ਦਰ ਵੱਧਣ ਲੱਗ ਪਈ। ਅਸੀਂ ਸਾਰੇ ਤਜ਼ਰਬੇ ਆਪਣੇ ਤੱਕ ਸੀਮਤ ਨਹੀਂ ਰੱਖਦੇ ਸਾਂ। ਅਸੀਂ ਸੁਸਾਇਟੀਆਂ ਦੇ ਸਮੂਹ ਮੈਂਬਰਾਂ ਨੂੰ ਇਨ੍ਹਾ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਸਾਡਾ ਘੇਰਾ ਦਿਨੋਂ ਦਿਨ ਵਿਸ਼ਾਲ ਹੋਣ ਲੱਗ ਪਿਆ।
            ਕਿਤਾਬ …ਤੇ ਦੇਵ ਪੁਰਸ਼ ਹਾਰ ਗਏ ਦੀਆਂ ਲੱਖਾਂ ਕਾਪੀਆਂ ਪਿਛਲੇ ਸਤਾਈ ਵਰ੍ਹਿਆਂ ਵਿਚ ਛਪ ਚੁੱਕੀਆਂ ਹਨ ਤੇ ਅੱਜ ਵੀ ਛਪ ਰਹੀਆਂ ਹਨ। ਪੰਜ ਪਬਲਿਸਰ ਇਸਨੂੰ ਵੱਖ-ਵੱਖ ਸਮਿਆਂ ਤੇ ਛਾਪਦੇ ਰਹੇ ਹਨ। ਇਹ ਕਿਤਾਬ ਹੀ ਤਰਕਸ਼ੀਲ ਲਹਿਰ ਦੀ ਜਨਮਦਾਤੀ ਬਣੀ ਹੈ ਪਰ ਇਹ ਤਰਕਸ਼ੀਲ ਸੁਸਾਇਟੀ ਹੈ ਜਿਸਨੇ ਇਸਨੂੰ ਘਰ ਘਰ ਪੁਹੰਚਾਇਆ ਹੈ। ਇਸਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਸਾਹਿਤ ਤੇ ਲਹਿਰ ਦਾ ਰਿਸ਼ਤਾ ਮਾਂ ਪੁੱਤ ਵਾਲਾ ਹੀ ਹੁੰਦਾ ਹੈ। ਪਰ ਕਦੇ ਸਾਹਿਤ ਮਾਂ ਹੁੰਦਾ ਹੈ ਅਤੇ ਕਦੇ ਲਹਿਰ। ਇਸ ਤਰ੍ਹਾਂ ਇਹ ਆਪਣਾ ਰੋਲ ਬਦਲਦੇ ਰਹਿੰਦੇ ਹਨ।
            ਪੰਜਾਬ ਦੀ ਧਰਤੀ ਉਤੇ ਕਿਤਾਬ …ਤੇ ਦੇਵ ਪੁਰਸ਼ ਹਾਰ ਗਏ ਦੀ ਭੂਮਿਕਾ ਬਹੁਤ ਵੱਡੀ ਰਹੀ ਹੈ। ਲੱਖਾਂ ਲੋਕਾਂ ਨੂੰ ਇਸ ਨੇ ਆਤਮ ਵਿਸ਼ਵਾਸ ਰਾਹੀਂ ਜ਼ਿੰਦਗੀ ਜਿਉਣਾ ਸਿਖਾਇਆ ਹੈ। ਮੌਜੂਦਾ ਸਿਆਸਤਦਾਨ ਅਤੇ ਪੁਜਾਰੀ ਵਰਗ ਦੇ ਨਾਪਾਕ ਗੱਠਜੋੜ ਨੂੰ ਇਸਨੇ ਲੀਰੋ-ਲੀਰ ਵੀ ਕੀਤਾ ਹੈ। ਵੱਡੇ-ਵੱਡੇ ਸਾਧਾਂ ਸੰਤਾਂ ਦੇ ਪਹਿਣੇ ਬੁਰਕੇ ਇਸਨੇ ਜਨਤਾ ਵਿਚ ਸ਼ਰੇ੍ਹਆਮ ਉਤਾਰੇ ਹਨ। ਇਸ ਲਈ ਤਾਂ ਇਹ ਪੁਸਤਕ ਕਈਆਂ ਨੂੰ ਸੁਪਨਿਆਂ ਵਿਚ ਡਰਾ ਰਹੀ ਹੈ ਇਸ ਲਈ ਉਹ ਇਸਨੂੰ ਘੂਰੀਆਂ ਵੱਟ ਰਹੇ ਹਨ ਅਤੇ ਕਈਆਂ ਦੇ ਘਰਾਂ ਵਿਚੋਂ ਪੁਰਾਤਨ ਪੰਥੀ ਵਿਚਾਰਾਂ ਦੇ ਜਾਲੇ ਅੱਜ ਵੀ ਇਹ ਸਾਫ਼ ਕਰ ਰਹੀ ਹੈ। ਮੈਂ ਤਾਂ ਇਸ ਕਿਤਾਬ ਦਾ ਸ਼ੁਕਰਗੁਜਾਰ ਹਾਂ ਤੇ ਰਹਾਂਗਾ ਕਿਉਂਕਿ ਜਿਸਨੇ ਕਦੇ ਵੀ ਪੰਜਾਬੀ ਦਾ ਇੱਕ ਪਹਿਰਾ ਵੀ ਸਾਫ਼ ਨਹੀਂ ਸੀ ਲਿਖਿਆ ਉਸਨੂੰ ਇਸ ਨੇ ਲੇਖਕ ਬਣਾ ਦਿੱਤਾ।
- ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਗਲੀ ਨੰ: 8
ਕੱਚਾ ਕਾਲਜ ਰੋਡ, ਬਰਨਾਲਾ।
ਫੋਨ ਨੰ: 98887-87440

 

 
Home  l  

Tarksheel Society (Regd.)
Head Office : Tarksheel Niwas, St.8, K. C. Road, Barnala-148101 (Punjab) India
Phone : + 91 - 1679 - 241744, 233244 Fax : 91 - 1679 - 241744. E-mail : tarksheel@yahoo.com. 2009 © - Copyrights Reserved